Skip to content

Skip to table of contents

ਮੋਜ਼ੇਕ—ਪੱਥਰਾਂ ਨਾਲ ਬਣਾਏ ਜਾਂਦੇ ਚਿੱਤਰ

ਮੋਜ਼ੇਕ—ਪੱਥਰਾਂ ਨਾਲ ਬਣਾਏ ਜਾਂਦੇ ਚਿੱਤਰ

ਮੋਜ਼ੇਕ​—ਪੱਥਰਾਂ ਨਾਲ ਬਣਾਏ ਜਾਂਦੇ ਚਿੱਤਰ

ਇਟਲੀ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਮੋਜ਼ੇਕ ਯਾਨੀ ਪੱਚੀਕਾਰੀ ਨੂੰ ਇਕ “ਅਜੀਬ ਕਲਾ,” ਸਜਾਵਟ ਦੀ “ਪ੍ਰਭਾਵਸ਼ਾਲੀ” ਕਾਰੀਗਰੀ ਅਤੇ “ਪੁਰਾਣੇ ਜ਼ਮਾਨੇ ਦੀ ਅਜਿਹੀ ਸਜਾਵਟੀ ਕਲਾ” ਕਿਹਾ ਗਿਆ ਹੈ, “ਜੋ ਹਾਲੇ ਤਕ ਵੀ ਮੌਜੂਦ ਹੈ।” ਪੰਦਰਵੀਂ ਸਦੀ ਦੇ ਚਿੱਤਰਕਾਰ ਡੌਮਾਨੀਕੋ ਗਿਰਲਾਂਡਾਜੋ ਨੇ ਇਸ ਨੂੰ “ਅਨੰਤ ਕਾਲ ਤਕ ਰਹਿਣ ਵਾਲੀਆਂ ਤਸਵੀਰਾਂ ਬਣਾਉਣ ਦਾ ਬਿਹਤਰੀਨ ਤਰੀਕਾ” ਕਿਹਾ। ਅਸੀਂ ਭਾਵੇਂ ਇਸ ਕਲਾ ਬਾਰੇ ਜੋ ਮਰਜ਼ੀ ਸੋਚਦੇ ਹਾਂ, ਪਰ ਮੋਜ਼ੇਕਾਂ ਦਾ ਬੜਾ ਦਿਲਚਸਪ ਇਤਿਹਾਸ ਹੈ।

ਮੋਜ਼ੇਕ ਹੈ ਕੀ? ਇਹ ਪੱਥਰ, ਕੱਚ ਜਾਂ ਟਾਇਲਾਂ ਦੇ ਛੋਟੇ-ਛੋਟੇ ਟੁਕੜਿਆਂ ਨੂੰ ਬਾਰੀਕੀ ਨਾਲ ਜੋੜ ਕੇ ਚਿੱਤਰ ਬਣਾਉਣ ਦੀ ਕਲਾ ਹੈ। ਇਸ ਕਲਾ ਨਾਲ ਕਿਸੇ ਫ਼ਰਸ਼, ਕੰਧ, ਛੱਤ ਜਾਂ ਹੋਰ ਕਿਸੇ ਚੀਜ਼ ਨੂੰ ਵਧੀਆ ਤੋਂ ਵਧੀਆ ਡੀਜ਼ਾਈਨਾਂ ਨਾਲ ਸਜਾਇਆ ਜਾਂਦਾ ਹੈ। ਪੁਰਾਣੇ ਸਮਿਆਂ ਤੋਂ ਹੀ ਫ਼ਰਸ਼ਾਂ ਅਤੇ ਕੰਧਾਂ ਨੂੰ ਮੋਜ਼ੇਕਾਂ ਨਾਲ ਸਜਾਇਆ ਜਾਂਦਾ ਰਿਹਾ ਹੈ। ਇਸ਼ਨਾਨ ਘਰਾਂ, ਪੂਲਾਂ ਅਤੇ ਫੁਹਾਰਿਆਂ ਨੂੰ ਵੀ ਪੱਚੀਕਾਰੀ ਕਰ ਕੇ ਸਜਾਇਆ ਗਿਆ ਹੈ ਕਿਉਂਕਿ ਇਨ੍ਹਾਂ ਥਾਵਾਂ ਤੇ ਆਮ ਚਿੱਤਰਕਾਰੀ ਨਮੀ ਕਰਕੇ ਜਲਦੀ ਖ਼ਰਾਬ ਹੋ ਜਾਂਦੀ ਹੈ।

ਮੋਜ਼ੇਕ ਵੱਖੋ-ਵੱਖਰੇ ਤਰ੍ਹਾਂ ਦੇ ਹੋ ਸਕਦੇ ਹਨ। ਕਦੀ-ਕਦੀ ਇਹ ਸਿਰਫ਼ ਇਕ ਰੰਗ ਦੇ ਹੁੰਦੇ ਹਨ ਅਤੇ ਕਦੀ-ਕਦੀ ਇਹ ਕਾਲੇ-ਚਿੱਟੇ ਰੰਗ ਦੇ ਟੁਕੜਿਆਂ ਨਾਲ ਬਣਾਏ ਜਾਂਦੇ ਹਨ। ਕਦੀ-ਕਦੀ ਇਨ੍ਹਾਂ ਨੂੰ ਰੰਗ-ਬਰੰਗੇ ਫੁੱਲਾਂ ਦਾ ਰੂਪ ਦਿੱਤਾ ਜਾਂਦਾ ਹੈ ਅਤੇ ਕਦੀ-ਕਦੀ ਬਹੁਤ ਵਧੀਆ ਤਸਵੀਰਾਂ ਬਣਾਈਆਂ ਜਾਂਦੀਆਂ ਹਨ।

ਮੋਜ਼ੇਕ ਦਾ ਇਤਿਹਾਸ

ਇਹ ਨਹੀਂ ਪਤਾ ਕਿ ਪੱਚੀਕਾਰੀ ਦੀ ਕਲਾ ਨੂੰ ਕਿਸ ਨੇ ਸ਼ੁਰੂ ਕੀਤਾ ਸੀ। ਪੁਰਾਣੇ ਜ਼ਮਾਨੇ ਦੇ ਮਿਸਰੀ ਅਤੇ ਸੁਮੇਰੀ ਲੋਕ ਆਪਣੀਆਂ ਇਮਾਰਤਾਂ ਨੂੰ ਰੰਗੀਨ ਡੀਜ਼ਾਈਨਾਂ ਨਾਲ ਸ਼ਿੰਗਾਰਦੇ ਸਨ। ਪਰ ਇੱਦਾਂ ਲੱਗਦਾ ਹੈ ਕਿ ਇਸ ਕਲਾ ਦਾ ਰੰਗ ਫਿੱਕਾ ਪੈ ਗਿਆ ਅਤੇ ਇਸ ਵਿਚ ਕੋਈ ਤਰੱਕੀ ਨਹੀਂ ਹੋਈ। ਕਿਹਾ ਜਾਂਦਾ ਹੈ ਕਿ ਏਸ਼ੀਆ ਮਾਈਨਰ, ਕਾਰਥਿਜ, ਕ੍ਰੀਟ, ਯੂਨਾਨ, ਸਿਸਲੀ, ਸਪੇਨ ਅਤੇ ਸੀਰੀਆ ਵਿੱਚੋਂ ਕਿਸੇ ਇਕ ਦੇਸ਼ ਵਿਚ ਇਸ ਕਲਾ ਨੇ ਜਨਮ ਲਿਆ। ਇਨ੍ਹਾਂ ਦਾਅਵਿਆਂ ਕਰਕੇ ਇਕ ਲੇਖਕ ਨੇ ਅਨੁਮਾਨ ਲਗਾਇਆ ਕਿ ਇਹ ਕਲਾ “ਵੱਖੋ-ਵੱਖਰੇ ਸਮਿਆਂ ਤੇ ਅਤੇ ਭੂਮੱਧ-ਸਾਗਰ ਦੇ ਵੱਖੋ-ਵੱਖਰੇ ਇਲਾਕਿਆਂ ਵਿਚ ਕਈ ਵਾਰ ਸ਼ੁਰੂ ਹੋਈ ਅਤੇ ਕਈ ਵਾਰ ਭੁਲਾ ਦਿੱਤੀ ਗਈ।”

ਕਈ ਮੋਜ਼ੇਕ ਤਕਰੀਬਨ ਤਿੰਨ ਹਜ਼ਾਰ ਸਾਲ ਪੁਰਾਣੇ ਹਨ (ਨੌਵੀਂ ਸਦੀ ਸਾ.ਯੁ.ਪੂ.) ਅਤੇ ਇਨ੍ਹਾਂ ਵਿਚ ਸਾਫ਼ ਰੋੜਿਆਂ ਨਾਲ ਸਾਦੇ ਜਿਹੇ ਡੀਜ਼ਾਈਨ ਬਣਾਏ ਗਏ ਹਨ। ਕਲਾਕਾਰ ਇਨ੍ਹਾਂ ਪੁਰਾਣੇ ਮੋਜ਼ੇਕਾਂ ਵਿਚ ਆਪਣੇ ਇਲਾਕੇ ਵਿਚ ਮਿਲਣ ਵਾਲੇ ਰੰਗ-ਬਰੰਗੇ ਰੋੜੇ ਇਸਤੇਮਾਲ ਕਰਦੇ ਸਨ। ਇਹ ਰੋੜੇ ਆਮ ਕਰਕੇ ਅੱਧੇ ਤੋਂ ਪੌਣੇ ਇੰਚ ਦੇ ਹੁੰਦੇ ਸਨ, ਪਰ ਕਦੀ-ਕਦੀ ਬਾਰੀਕ ਡੀਜ਼ਾਈਨਾਂ ਵਿਚ ਸਵਾ ਇੰਚ ਦੇ ਰੋੜੇ ਵੀ ਇਸਤੇਮਾਲ ਕੀਤੇ ਜਾਂਦੇ ਸਨ। ਇਸ ਸਮੇਂ ਤੋਂ ਤਕਰੀਬਨ 500 ਸਾਲ ਬਾਅਦ (ਚੌਥੀ ਸਦੀ ਸਾ.ਯੁ.ਪੂ.) ਕਾਰੀਗਰ ਰੋੜਿਆਂ ਨੂੰ ਕੱਟ ਕੇ ਛੋਟੇ-ਛੋਟੇ ਟੁਕੜੇ ਬਣਾਉਣ ਲੱਗ ਪਏ ਤਾਂਕਿ ਉਹ ਹੋਰ ਬਾਰੀਕੀ ਨਾਲ ਤਸਵੀਰਾਂ ਬਣਾ ਸਕਣ। ਹੌਲੀ-ਹੌਲੀ ਰੋੜਿਆਂ ਦੀ ਬਜਾਇ ਪੱਥਰ ਦੇ ਚੌਰਸ ਟੁਕੜੇ ਇਸਤੇਮਾਲ ਕੀਤੇ ਜਾਣ ਲੱਗੇ। ਇਨ੍ਹਾਂ ਚੌਰਸ ਟੁਕੜਿਆਂ ਦੇ ਨਾਲ ਕਲਾਕਾਰਾਂ ਦੇ ਹੱਥ ਹੋਰ ਰੰਗ ਆ ਗਏ ਅਤੇ ਇਨ੍ਹਾਂ ਨੂੰ ਡੀਜ਼ਾਈਨ ਮੁਤਾਬਕ ਜੋੜਨਾ ਜ਼ਿਆਦਾ ਸੌਖਾ ਸੀ। ਅਜਿਹੇ ਟੁਕੜਿਆਂ ਦੇ ਨਾਲ ਚਿੱਤਰ ਉੱਪਰੋਂ ਉੱਭਰਵਾਂ ਹੋਣ ਦੀ ਬਜਾਇ ਸਾਫ਼ ਹੁੰਦਾ ਸੀ ਅਤੇ ਉਨ੍ਹਾਂ ਦੇ ਰੰਗ ਹੋਰ ਵੀ ਚਮਕੀਲੇ ਬਣਾਉਣ ਲਈ ਉਨ੍ਹਾਂ ਨੂੰ ਪਾਲਿਸ਼ ਕਰ ਕੇ ਉਨ੍ਹਾਂ ਤੇ ਮੋਮ ਲਗਾਇਆ ਜਾ ਸਕਦਾ ਸੀ। ਇਸ ਤੋਂ ਅੱਗੇ 200 ਸਾਲ ਬਾਅਦ (ਦੂਜੀ ਸਦੀ ਸਾ.ਯੁ.ਪੂ.) ਅਸੀਂ ਦੇਖਦੇ ਹਾਂ ਕਿ ਕੱਚ ਦੇ ਟੁਕੜੇ ਵੀ ਇਸਤੇਮਾਲ ਕੀਤੇ ਜਾਣ ਲੱਗ ਪਏ ਜਿਸ ਕਰਕੇ ਕਲਾਕਾਰ ਮੋਜ਼ੇਕਾਂ ਨੂੰ ਹੋਰ ਵੀ ਰੰਗਦਾਰ ਬਣਾ ਸਕਦੇ ਸਨ।

ਯੂਨਾਨੀ ਯੁਗ ਵਿਚ (ਤਕਰੀਬਨ 300 ਸਾ.ਯੁ.ਪੂ. ਤੋਂ 30 ਸਾ.ਯੁ.ਪੂ.) ਖ਼ਾਸ ਕਰਕੇ ਵਧੀਆ ਤਸਵੀਰਾਂ ਵਾਲੇ ਮੋਜ਼ੇਕ ਬਣਾਏ ਗਏ ਸਨ। ਮੋਜ਼ੇਕਾਂ ਬਾਰੇ ਇਕ ਕਿਤਾਬ ਵਿਚ ਦੱਸਿਆ ਗਿਆ ਹੈ ਕਿ “ਯੂਨਾਨ ਦੇ ਕਲਾਕਾਰਾਂ ਨੇ ਤਰ੍ਹਾਂ-ਤਰ੍ਹਾਂ ਦੇ ਰੰਗ ਅਤੇ ਪੱਥਰ ਦੇ ਇਕ ਮਿਲੀਮੀਟਰ ਛੋਟੇ ਟੁਕੜੇ ਇਸਤੇਮਾਲ ਕੀਤੇ। ਇਸ ਤਰ੍ਹਾਂ ਉਨ੍ਹਾਂ ਦੇ ਮੋਜ਼ੇਕ ਆਮ ਤਸਵੀਰਾਂ ਨਾਲ ਬਰਾਬਰੀ ਕਰਨ ਲੱਗੇ।” (Technical-Historical Glossary of Mosaic Art) ਵੱਖੋ-ਵੱਖਰੇ ਰੰਗਾਂ ਨੂੰ ਇਸਤੇਮਾਲ ਕਰਨ ਦੁਆਰਾ ਕਲਾਕਾਰ ਚਿੱਤਰ ਵਿਚ ਰੌਸ਼ਨੀ, ਪਰਛਾਵਾਂ, ਡੂੰਘਾਈ, ਆਕਾਰ ਵਗੈਰਾ ਦਰਸਾ ਕੇ ਦਰਸ਼ਕਾਂ ਨੂੰ ਮੋਹ ਲੈਂਦੇ ਸਨ।

ਯੂਨਾਨੀ ਆਪਣੇ ਕਈ ਮੋਜ਼ੇਕਾਂ ਵਿਚ ਕਿਸੇ ਮਸ਼ਹੂਰ ਤਸਵੀਰ ਦੀ ਵਧੀਆ ਨਕਲ ਕਰਦੇ ਸਨ। ਫੇਰ ਉਹ ਇਸ ਦੇ ਆਲੇ-ਦੁਆਲੇ ਸਜਾਵਟੀ ਕਿਨਾਰੀਆਂ ਬਣਾਉਂਦੇ ਸਨ। ਅਜਿਹੇ ਮੋਜ਼ੇਕ ਬਹੁਤ ਵਧੀਆ ਕੁਆਲਿਟੀ ਦੇ ਹੁੰਦੇ ਸਨ। ਵੈਸੇ ਇਨ੍ਹਾਂ ਵਿਚ ਪੱਥਰ ਇੰਨੇ ਛੋਟੇ ਸਨ ਅਤੇ ਇਨ੍ਹਾਂ ਨੂੰ ਇੰਨੀ ਬਾਰੀਕੀ ਨਾਲ ਜੜ੍ਹਿਆ ਗਿਆ ਸੀ ਕਿ ਇੱਦਾਂ ਲੱਗਦਾ ਸੀ ਕਿ ਤਸਵੀਰਾਂ ਪੱਥਰਾਂ ਨਾਲ ਨਹੀਂ ਸਗੋਂ ਬੁਰਸ਼ ਨਾਲ ਬਣਾਈਆਂ ਗਈਆਂ ਸਨ।

ਰੋਮੀਆਂ ਦੇ ਮੋਜ਼ੇਕ

ਮੋਜ਼ੇਕ ਨੂੰ ਰੋਮੀਆਂ ਦੀ ਕਲਾ ਮੰਨਿਆ ਗਿਆ ਹੈ ਕਿਉਂਕਿ ਇਟਲੀ ਅਤੇ ਰੋਮੀ ਸਾਮਰਾਜ ਦੇ ਸੂਬਿਆਂ ਵਿਚ ਬਹੁਤ ਸਾਰੇ ਮੋਜ਼ੇਕ ਪਾਏ ਜਾਂਦੇ ਹਨ। ਇਕ ਕਿਤਾਬ ਮੁਤਾਬਕ “ਉੱਤਰੀ ਬਰਤਾਨੀਆ ਤੋਂ ਲਿਬੀਆ ਤਕ ਅਤੇ ਅੰਧ ਮਹਾਂਸਾਗਾਰ ਦੇ ਕਿਨਾਰਿਆਂ ਤੋਂ ਸੀਰੀਆ ਦੇ ਉਜਾੜ ਤਕ ਰੋਮੀ ਜ਼ਮਾਨੇ ਦੀਆਂ ਇਮਾਰਤਾਂ ਵਿਚ ਲੱਖਾਂ ਹੀ ਮੋਜ਼ੇਕਾਂ ਨਾਲ ਸ਼ਿੰਗਾਰੇ ਫ਼ਰਸ਼ ਪਾਏ ਗਏ ਹਨ। ਇਨ੍ਹਾਂ ਨੂੰ ਇਕ ਤਰ੍ਹਾਂ ਦਾ ਸਬੂਤ ਮੰਨਿਆ ਜਾਂਦਾ ਹੈ ਕਿ ਰੋਮੀ ਉਨ੍ਹਾਂ ਇਲਾਕਿਆਂ ਤਕ ਪਹੁੰਚੇ ਸਨ ਕਿਉਂਕਿ ਮੋਜ਼ੇਕ ਕਲਾ ਦਾ ਰੋਮੀ ਸਭਿਆਚਾਰ ਨਾਲ ਗੂੜ੍ਹਾ ਸੰਬੰਧ ਹੈ।”

ਪਹਿਲੀ ਸਦੀ ਵਿਚ ਰੋਮੀ ਸਾਮਰਾਜ ਦੇ ਸ਼ਹਿਰਾਂ ਵਿਚ ਕਾਫ਼ੀ ਵਾਧਾ ਹੋਇਆ ਜਿਸ ਕਰਕੇ ਮੋਜ਼ੇਕ ਨੂੰ ਜਲਦੀ ਤਿਆਰ ਕਰਨ ਅਤੇ ਇਸ ਨੂੰ ਸਸਤੇ ਤਰੀਕੇ ਨਾਲ ਬਣਾਉਣ ਦੀ ਲੋੜ ਪਈ। ਇਸ ਲਈ ਪਹਿਲੇ ਮੋਜ਼ੇਕ ਦੀਆਂ ਰੰਗ-ਬਰੰਗੀਆਂ ਤਸਵੀਰਾਂ ਨਾਲ ਕੰਮ ਨਹੀਂ ਬਣਨਾ ਸੀ ਜਿਨ੍ਹਾਂ ਨੂੰ ਬਣਾਉਣ ਵਿਚ ਬਹੁਤ ਦੇਰ ਲੱਗਦੀ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਸਿਰਫ਼ ਕਾਲੇ-ਚਿੱਟੇ ਪੱਥਰਾਂ ਦੀ ਵਰਤੋਂ ਸ਼ੁਰੂ ਹੋਈ। ਇਸ ਤਰ੍ਹਾਂ ਮੋਜ਼ੇਕ ਦੀ ਕਲਾਕਾਰੀ ਹੋਰ ਵਧ ਗਈ ਅਤੇ ਇਕ ਕੋਸ਼ ਦੇ ਮੁਤਾਬਕ “ਸਾਮਰਾਜ ਦੇ ਸਾਰੇ ਸ਼ਹਿਰਾਂ ਵਿਚ ਅਮੀਰਾਂ ਦਾ ਅਜਿਹਾ ਕੋਈ ਵੀ ਘਰ ਨਹੀਂ ਸੀ ਜਿੱਥੇ ਮੋਜ਼ੇਕ ਨਾ ਦੇਖੇ ਗਏ ਹੋਣ।”

ਮੋਜ਼ੇਕਾਂ ਦੇ ਕੁਝ ਡੀਜ਼ਾਈਨਾਂ ਦੇ ਨਮੂਨੇ ਕਈ ਵੱਖੋ-ਵੱਖਰੇ ਇਲਾਕਿਆਂ ਵਿਚ ਪਾਏ ਗਏ ਹਨ। ਸੋ ਇੱਦਾਂ ਲੱਗਦਾ ਹੈ ਕਿ ਸ਼ਾਇਦ ਕਲਾਕਾਰਾਂ ਦੇ ਗਰੁੱਪ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਜਾਂਦੇ ਸਨ ਜਾਂ ਸ਼ਾਇਦ ਕਿਤਾਬਾਂ ਵਿਚ ਮੋਜ਼ੇਕਾਂ ਦੇ ਨਮੂਨੇ ਇਸਤੇਮਾਲ ਕੀਤੇ ਜਾਂਦੇ ਸਨ। ਇਸ ਤਰ੍ਹਾਂ ਸਟੂਡੀਓ ਵਿਚ ਤਿਆਰ ਕੀਤੀ ਕੋਈ ਖ਼ਾਸ ਤਸਵੀਰ ਆਰਡਰ ਕੀਤੀ ਜਾ ਸਕਦੀ ਸੀ ਅਤੇ ਇਸ ਨੂੰ ਮੋਜ਼ੇਕ ਦਾ ਰੂਪ ਦਿੱਤਾ ਜਾ ਸਕਦਾ ਸੀ। ਫੇਰ ਇਸ ਨੂੰ ਟ੍ਰੇ ਉੱਤੇ ਉਸਾਰੀ ਦੇ ਸਥਾਨ ਤੇ ਪਹੁੰਚਾ ਕੇ ਜਿੱਥੇ ਮਰਜ਼ੀ ਲਾਇਆ ਜਾ ਸਕਦਾ ਸੀ। ਮੋਜ਼ੇਕ ਲਾਉਣ ਤੋਂ ਬਾਅਦ ਕਲਾਕਾਰ ਤਸਵੀਰ ਦੇ ਆਲੇ-ਦੁਆਲੇ ਸਜਾਵਟੀ ਕਿਨਾਰੀਆਂ ਬਣਾ ਸਕਦੇ ਸਨ।

ਡੀਜ਼ਾਈਨਾਂ ਅਤੇ ਕਿਨਾਰੀਆਂ ਨੂੰ ਜੜਨ ਲਈ ਚੰਗੀ ਤਿਆਰੀ ਦੀ ਲੋੜ ਸੀ। ਕਲਾਕਾਰ ਇਸ ਵੱਲ ਧਿਆਨ ਦਿੰਦਾ ਸੀ ਕਿ ਜ਼ਮੀਨ ਸਾਫ਼, ਪੱਧਰੀ ਅਤੇ ਬਰਾਬਰ ਸੀ। ਇਸ ਤੋਂ ਬਾਅਦ ਉਹ ਸੀਮਿੰਟ ਦੀ ਪਤਲੀ ਜਿਹੀ ਤਹਿ ਬਣਾਉਂਦਾ ਸੀ। ਸ਼ਾਇਦ ਉਹ ਇਕ ਵਰਗ ਮੀਟਰ ਜ਼ਮੀਨ ਤੇ ਸੀਮਿੰਟ ਲਾਇਆ ਕਰਦਾ ਸੀ ਤਾਂਕਿ ਉਹ ਇਸ ਦੇ ਸੁੱਕਣ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰ ਸਕੇ। ਕਦੀ-ਕਦੀ ਜ਼ਮੀਨ ਤੇ ਖ਼ਾਕਾ ਖਿੱਚਿਆ ਜਾਂਦਾ ਸੀ ਤਾਂਕਿ ਕਲਾਕਾਰ ਇਸ ਦੇ ਮੁਤਾਬਕ ਪੱਥਰਾਂ ਨੂੰ ਕੱਟ ਕੇ ਜੜ੍ਹ ਸਕੇ।

ਪੱਥਰਾਂ ਨੂੰ ਇਕ-ਇਕ ਕਰ ਕੇ ਸੀਮਿੰਟ ਵਿਚ ਦੱਬਿਆ ਜਾਂਦਾ ਸੀ ਅਤੇ ਵਾਧੂ ਸੀਮਿੰਟ ਉਪਰ ਨੂੰ ਆ ਜਾਂਦਾ ਸੀ। ਇਕ ਹਿੱਸਾ ਪੂਰਾ ਕਰਨ ਤੋਂ ਬਾਅਦ ਹੋਰ ਸੀਮਿੰਟ ਲਾਇਆ ਜਾਂਦਾ ਸੀ ਜਦ ਤਕ ਸਾਰਾ ਮੋਜ਼ੇਕ ਪੂਰਾ ਨਾ ਹੋ ਜਾਵੇ। ਮਾਹਰ ਕਲਾਕਾਰ ਔਖੇ-ਔਖੇ ਹਿੱਸਿਆਂ ਤੇ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਮਦਦਗਾਰ ਸੌਖਿਆਂ ਹਿੱਸਿਆਂ ਨੂੰ ਨਾਲੋਂ-ਨਾਲ ਪੂਰਾ ਕਰਦੇ ਸਨ।

ਈਸਾਈ-ਜਗਤ ਦੇ ਮੋਜ਼ੇਕ

ਤਕਰੀਬਨ 1,700 ਸਾਲ ਪਹਿਲਾਂ ਈਸਾਈ-ਜਗਤ ਦੇ ਗਿਰਜਿਆਂ ਵਿਚ ਮੋਜ਼ੇਕਾਂ ਦੀ ਵਰਤੋਂ ਸ਼ੁਰੂ ਹੋ ਗਈ। ਇਨ੍ਹਾਂ ਵਿਚ ਬਾਈਬਲ ਵਿੱਚੋਂ ਸੀਨ ਦਰਸਾਏ ਜਾਂਦੇ ਸਨ ਜਿਨ੍ਹਾਂ ਦੇ ਜ਼ਰੀਏ ਲੋਕਾਂ ਨੂੰ ਸਿੱਖਿਆ ਦਿੱਤੀ ਜਾ ਸਕਦੀ ਸੀ। ਮੋਮਬੱਤੀਆਂ ਦੀ ਰੌਸ਼ਨੀ ਨਾਲ ਸੋਨੇ ਅਤੇ ਰੰਗ-ਬਰੰਗੇ ਕੱਚ ਦੇ ਟੁਕੜੇ ਲਿਸ਼ਕ-ਲਿਸ਼ਕ ਕੇ ਪਵਿੱਤਰ ਜਿਹਾ ਮਾਹੌਲ ਪੈਦਾ ਕਰਦੇ ਸਨ। ਇਟਲੀ ਦੀ ਕਲਾ ਸੰਬੰਧੀ ਇਕ ਕਿਤਾਬ ਨੇ ਕਿਹਾ: “ਮੋਜ਼ੇਕ ਦੀ ਕਲਾ ਉਸ ਸਮੇਂ ਦੇ ਨਵ-ਅਫਲਾਤੂਨਵਾਦੀ ਸਿਧਾਂਤਾਂ ਨਾਲ ਮਿਲਦੀ-ਜੁਲਦੀ ਸੀ। ਮੋਜ਼ੇਕ ਅਜਿਹੀ ਕਲਾ ਸੀ ਜਿਸ ਨਾਲ ਸਾਦੀਆਂ ਜਿਹੀਆਂ ਵਸਤੂਆਂ ਵਿਚ ਚਮਕ ਆ ਜਾਂਦੀ ਸੀ ਤੇ ਉਹ ਪੂਰੀ ਤਰ੍ਹਾਂ ਪਵਿੱਤਰ ਨਜ਼ਰ ਆਉਂਦੀਆਂ ਸਨ।” * ਇਹ ਮਸੀਹੀਅਤ ਦੇ ਆਗੂ ਯਿਸੂ ਮਸੀਹ ਦੇ ਸਿਧਾਂਤਾਂ ਤੋਂ ਕਿੰਨਾ ਵੱਖਰਾ ਹੈ ਜਿਸ ਨੇ ਭਗਤੀ ਦਾ ਸਾਧਾਰਣ ਜਿਹਾ ਤਰੀਕਾ ਸਿਖਾਇਆ ਸੀ।—ਯੂਹੰਨਾ 4:21-24.

ਬਿਜ਼ੰਤੀਨ ਸ਼ੈਲੀ ਦੇ ਗਿਰਜਿਆਂ ਵਿਚ ਵਧੀਆ ਮੋਜ਼ੇਕ ਪਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਗਿਰਜਿਆਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਮੋਜ਼ੇਕਾਂ ਨਾਲ ਪੂਰੀ ਤਰ੍ਹਾਂ ਸਜਾਇਆ ਗਿਆ ਹੈ। ਇਟਲੀ ਦੇ ਰਵੈਨਾ ਸ਼ਹਿਰ ਵਿਚ ਅਜਿਹੇ ਨਮੂਨੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਨੂੰ “ਈਸਾਈ ਮੋਜ਼ੇਕ ਦੇ ਮਾਸਟਰਪੀਸ” ਮੰਨਿਆ ਜਾਂਦਾ ਹੈ। ਉਨ੍ਹਾਂ ਵਿਚ ਜ਼ਿਆਦਾ ਸੋਨਾ ਇਸਤੇਮਾਲ ਕੀਤਾ ਗਿਆ ਹੈ ਅਤੇ ਉਹ ਚਾਨਣ ਅਤੇ ਰਹੱਸ ਭਰਿਆ ਮਾਹੌਲ ਪੈਦਾ ਕਰਦੇ ਹਨ।

ਮੱਧਕਾਲ ਵਿਚ ਪੱਛਮੀ ਯੂਰਪ ਦੇ ਗਿਰਜਿਆਂ ਵਿਚ ਮੋਜ਼ੇਕ ਇਸਤੇਮਾਲ ਕੀਤੇ ਜਾਂਦੇ ਸਨ ਅਤੇ ਇਸਲਾਮੀ ਸਮਾਜ ਵਿਚ ਵੀ ਇਹ ਕਲਾ ਕਾਫ਼ੀ ਪ੍ਰਸਿੱਧ ਸੀ। ਇਟਲੀ ਵਿਚ (ਚੌਦਵੀਂ ਸਦੀ ਸਾ.ਯੁ. ਤੋਂ) ਕੁਝ ਕੈਥੀਡ੍ਰਲਾਂ ਦੇ ਵਰਕਸ਼ਾਪ ਹੁੰਦੇ ਸਨ ਅਤੇ ਇਨ੍ਹਾਂ ਵਿਚ ਮੋਜ਼ੇਕ ਤਿਆਰ ਕਰਨ ਦਾ ਉਤਪਾਦਨ ਸ਼ੁਰੂ ਹੋ ਗਿਆ। ਮਿਸਾਲ ਲਈ ਵੈਨਿਸ ਵਿਚ ਸੰਤ ਮਰਕੁਸ ਦਾ ਕੈਥੀਡ੍ਰਲ ਅਤੇ ਰੋਮ ਵਿਚ ਸੰਤ ਪਤਰਸ ਦਾ ਕੈਥੀਡ੍ਰਲ। ਲਗਭਗ 1775 ਵਿਚ ਰੋਮੀ ਕਲਾਕਾਰਾਂ ਨੇ ਹਰ ਰੰਗ ਦੇ ਪਿਘਲੇ ਕੱਚ ਦੀਆਂ ਤਾਰਾਂ ਨੂੰ ਕੱਟਣਾ ਸਿੱਖਿਆ। ਉਹ ਤਾਰਾਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਇਨ੍ਹਾਂ ਨਾਲ ਬੜੀ ਬਾਰੀਕੀ ਨਾਲ ਤਸਵੀਰਾਂ ਦੀ ਨਕਲ ਕਰ ਸਕਦੇ ਸਨ।

ਅੱਜ-ਕੱਲ੍ਹ ਮੋਜ਼ੇਕ

ਅੱਜ-ਕੱਲ੍ਹ ਮੋਜ਼ੇਕ ਤਿਆਰ ਕਰਨ ਵਾਲੇ ਇਕ ਵੱਖਰਾ ਤਰੀਕਾ ਇਸਤੇਮਾਲ ਕਰਦੇ ਹਨ। ਉਹ ਆਪਣੀ ਵਰਕਸ਼ਾਪ ਵਿਚ ਕਾਗਜ਼ ਦੇ ਬਣੇ ਨਮੂਨੇ ਤੇ ਪੱਥਰਾਂ ਨੂੰ ਗੂੰਦ ਨਾਲ ਚਮੇੜ ਦਿੰਦੇ ਹਨ। ਇਸ ਤੋਂ ਬਾਅਦ ਮੋਜ਼ੇਕ ਨੂੰ ਇਮਾਰਤ ਦੀ ਥਾਂ ਤੇ ਲਿਜਾਇਆ ਜਾਂਦਾ ਹੈ ਜਿੱਥੇ ਪਿਛਲੇ ਪਾਸੇ ਨੂੰ ਸੀਮਿੰਟ ਵਿਚ ਜੜ੍ਹਿਆ ਜਾਂਦਾ ਹੈ। ਸੀਮਿੰਟ ਸੁੱਕਣ ਤੋਂ ਬਾਅਦ ਕਾਗਜ਼ ਅਤੇ ਗੂੰਦ ਨੂੰ ਉਪਰੋਂ ਧੋਤਾ ਜਾਂਦਾ ਹੈ। ਇਸ ਤਰੀਕੇ ਨਾਲ ਭਾਵੇਂ ਕਿ ਥੋੜ੍ਹਾ ਸਮਾਂ ਅਤੇ ਮਿਹਨਤ ਲੱਗਦੀ ਹੈ, ਪਰ ਮੋਜ਼ੇਕ ਦੀ ਇੰਨੀ ਚਮਕ ਨਹੀਂ ਹੁੰਦੀ ਜਿੰਨੀ ਪੁਰਾਣੇ ਜ਼ਮਾਨਿਆਂ ਵਿਚ ਹੁੰਦੀ ਸੀ।

ਫਿਰ ਵੀ 19ਵੀਂ ਸਦੀ ਦੇ ਕਈ ਹਾਲਾਂ, ਗੀਤ-ਘਰਾਂ, ਗਿਰਜਿਆਂ ਵਗੈਰਾ ਨੂੰ ਇਸੇ ਤਰੀਕੇ ਨਾਲ ਸਜਾਇਆ ਗਿਆ ਸੀ। ਇਸ ਤੋਂ ਇਲਾਵਾ, ਮੈਕਸੀਕੋ ਤੋਂ ਮਾਸਕੋ ਅਤੇ ਇਸਰਾਈਲ ਤੋਂ ਜਪਾਨ ਤਕ ਕਈ ਮਿਊਜ਼ੀਅਮਾਂ, ਸੁਰੰਗ ਰੇਲ-ਘਰਾਂ, ਸ਼ਾਪਿੰਗ ਸੈਂਟਰਾਂ, ਬਗ਼ੀਚਿਆਂ ਅਤੇ ਖੇਡ-ਮੈਦਾਨਾਂ ਨੂੰ ਮੋਜ਼ੇਕਾਂ ਨਾਲ ਸ਼ਿੰਗਾਰਿਆ ਗਿਆ ਹੈ। ਅਤੇ ਕਈ ਵੱਡੀਆਂ-ਵੱਡੀਆਂ ਨਵੀਆਂ ਇਮਾਰਤਾਂ ਨੂੰ ਵੀ ਮੋਜ਼ੇਕਾਂ ਨਾਲ ਸਜਾਇਆ ਗਿਆ ਹੈ।

ਸੋਲਵੀਂ ਸਦੀ ਦਾ ਇਤਾਲਵੀ ਕਲਾਕਾਰ ਅਤੇ ਇਤਿਹਾਸਕ ਜੋਰਜੋ ਵਸਾਰੀ ਨੇ ਲਿਖਿਆ: “ਮੋਜ਼ੇਕ ਤਸਵੀਰਾਂ ਦਾ ਸਭ ਤੋਂ ਪੱਕਾ ਨਮੂਨਾ ਹੈ। ਦੂਸਰਿਆਂ ਤਸਵੀਰਾਂ ਦੇ ਰੰਗ ਸਮੇਂ ਨਾਲ ਫਿੱਕੇ ਪੈ ਜਾਂਦੇ ਹਨ, ਪਰ ਮੋਜ਼ੇਕ ਸਮਾਂ ਬੀਤਣ ਨਾਲ ਹੋਰ ਵੀ ਲਿਸ਼ਕਦਾ ਹੈ।” ਹਾਂ, ਸਾਡਾ ਧਿਆਨ ਖਿੱਚਿਆ ਜਾਂਦਾ ਹੈ ਜਦੋਂ ਅਸੀਂ ਮੋਜ਼ੇਕ ਦੇ ਕਲਾਕਾਰਾਂ ਦੇ ਹੱਥਾਂ ਦਾ ਕਮਾਲ ਦੇਖਦੇ ਹਾਂ। ਮੋਜ਼ੇਕ ਸੱਚ-ਮੁੱਚ ਪੱਥਰ ਦੇ ਬਣੇ ਵਧੀਆ ਚਿੱਤਰ ਹਨ! (g03 10/08)

[ਫੁਟਨੋਟ]

^ ਪੈਰਾ 18 ਨਵ-ਅਫਲਾਤੂਨਵਾਦੀ ਸਿਧਾਂਤਾਂ ਵਿਚ ਕਈ ਸਿੱਖਿਆਵਾਂ ਪੇਸ਼ ਕੀਤੀਆਂ ਗਈਆਂ ਸਨ ਜੋ ਬਾਈਬਲ ਦੇ ਵਿਰੁੱਧ ਸਨ, ਜਿੱਦਾਂ ਕਿ ਅਮਰ ਆਤਮਾ ਦੀ ਸਿੱਖਿਆ।

[ਸਫ਼ੇ 22 ਉੱਤੇ ਤਸਵੀਰ]

ਯਰੂਸ਼ਲਮ ਦਾ ਨਕਸ਼ਾ (ਛੇਵੀਂ ਸਦੀ ਸਾ.ਯੁ.)

[ਕ੍ਰੈਡਿਟ ਲਾਈਨ]

Garo Nalbandian

[ਸਫ਼ੇ 22 ਉੱਤੇ ਤਸਵੀਰ]

ਸਿਕੰਦਰ ਮਹਾਨ (ਦੂਜੀ ਸਦੀ ਸਾ.ਯੁ.ਪੂ.)

[ਕ੍ਰੈਡਿਟ ਲਾਈਨ]

Erich Lessing/Art Resource, NY

[ਸਫ਼ੇ 22, 23 ਉੱਤੇ ਤਸਵੀਰ]

ਡੋਮ ਆਫ਼ ਦ ਰੌਕ, ਯਰੂਸ਼ਲਮ (685-691 ਸਾ.ਯੁ. ਵਿਚ ਉਸਾਰਿਆ)

[ਸਫ਼ੇ 23 ਉੱਤੇ ਤਸਵੀਰ]

“ਡਾਇਓਨਾਈਸਸ,” ਅੰਤਾਕਿਯਾ (ਲਗਭਗ 325 ਸਾ.ਯੁ.)

[ਕ੍ਰੈਡਿਟ ਲਾਈਨ]

Museum of Art, Rhode Island School of Design, by exchange with the Worcester Art Museum, photography by Del Bogart

[ਸਫ਼ੇ 24 ਉੱਤੇ ਤਸਵੀਰ]

ਪੱਥਰ, ਰੰਗਦਾਰ ਕੱਚ ਅਤੇ ਰੋੜਿਆਂ ਨੂੰ ਅੱਜ ਵੀ ਮੋਜ਼ੇਕਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ

[ਸਫ਼ੇ 24 ਉੱਤੇ ਤਸਵੀਰ]

ਮੈਸੇਚਿਉਸੇਟਸ ਦੇ ਲਿਨ ਹੈਰਿਟਿਜ ਸਟੇਟ ਪਾਰਕ ਵਿਚ ਮੋਜ਼ੇਕ

[ਕ੍ਰੈਡਿਟ ਲਾਈਨ]

Kindra Clineff/Index Stock Photography

[ਸਫ਼ੇ 24 ਉੱਤੇ ਤਸਵੀਰ]

ਬਾਰਸਿਲੋਨਾ ਵਿਚ ਆਂਟੋਨੀ ਗਾਉਡੀ ਦੁਆਰਾ ਡੀਜ਼ਾਈਨ ਕੀਤੇ ਗਏ ਮੋਜ਼ੇਕ (1852-1926)

[ਕ੍ਰੈਡਿਟ ਲਾਈਨ]

Foto: Por cortesía de la Fundació Caixa Catalunya