Skip to content

Skip to table of contents

ਸ਼ੱਕਰ ਰੋਗ—ਇਕ ਜਾਨਲੇਵਾ ਬੀਮਾਰੀ

ਸ਼ੱਕਰ ਰੋਗ—ਇਕ ਜਾਨਲੇਵਾ ਬੀਮਾਰੀ

ਸ਼ੱਕਰ ਰੋਗ—ਇਕ ਜਾਨਲੇਵਾ ਬੀਮਾਰੀ

ਜਦੋਂ ਕੈੱਨ 21 ਸਾਲਾਂ ਦਾ ਸੀ, ਤਾਂ ਉਸ ਨੂੰ ਅਚਾਨਕ ਬਹੁਤ ਪਿਆਸ ਲੱਗਣ ਲੱਗੀ। ਉਸ ਨੂੰ ਪਿਸ਼ਾਬ ਵੀ ਬਹੁਤ ਆਉਣ ਲੱਗ ਪਿਆ ਤੇ ਅਖ਼ੀਰ ਵਿਚ ਉਸ ਨੂੰ ਹਰ ਵੀਹ-ਵੀਹ ਮਿੰਟ ਬਾਅਦ ਪਿਸ਼ਾਬ ਕਰਨਾ ਪੈਂਦਾ ਸੀ। ਕੈੱਨ ਨੂੰ ਉਸ ਦੀਆਂ ਲੱਤਾਂ-ਬਾਹਾਂ ਭਾਰੀਆਂ ਲੱਗਣ ਲੱਗੀਆਂ। ਉਹ ਹਮੇਸ਼ਾ ਥੱਕਿਆ ਰਹਿੰਦਾ ਸੀ ਤੇ ਉਸ ਦੀ ਨਿਗਾਹ ਵੀ ਕਮਜ਼ੋਰ ਪੈਣ ਲੱਗ ਪਈ।

ਫਿਰ ਕੈੱਨ ਨੂੰ ਫਲੂ ਹੋ ਗਿਆ। ਜਦੋਂ ਉਹ ਡਾਕਟਰ ਕੋਲ ਗਿਆ, ਤਾਂ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਸਿਰਫ਼ ਫਲੂ ਹੀ ਨਹੀਂ ਸੀ, ਸਗੋਂ ਉਸ ਨੂੰ ਸ਼ੱਕਰ ਰੋਗ ਵੀ ਸੀ। ਇਸ ਬੀਮਾਰੀ ਵਿਚ ਸਰੀਰ ਖ਼ੂਨ ਵਿਚਲੀ ਸ਼ੱਕਰ ਨੂੰ ਵਰਤ ਨਹੀਂ ਸਕਦਾ। ਕੈੱਨ ਦੇ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਸਹੀ ਕਰਨ ਲਈ ਉਸ ਨੂੰ ਛੇ ਹਫ਼ਤੇ ਹਸਪਤਾਲ ਵਿਚ ਰਹਿਣਾ ਪਿਆ।

ਇਹ ਲਗਭਗ 50 ਸਾਲ ਪਹਿਲਾਂ ਦੀ ਗੱਲ ਹੈ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤਕ ਸ਼ੱਕਰ ਰੋਗ ਦੇ ਇਲਾਜ ਵਿਚ ਕਾਫ਼ੀ ਤਰੱਕੀ ਹੋਈ ਹੈ। ਫਿਰ ਵੀ, ਕੈੱਨ ਵਾਂਗ ਕਰੋੜਾਂ ਲੋਕ ਇਸ ਰੋਗ ਤੋਂ ਪੀੜਿਤ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਸੰਸਾਰ ਭਰ ਵਿਚ 14 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਇਹ ਬੀਮਾਰੀ ਲੱਗੀ ਹੋਈ ਹੈ ਅਤੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਾਲ 2025 ਤਕ ਇਹ ਗਿਣਤੀ ਦੁੱਗਣੀ ਹੋ ਸਕਦੀ ਹੈ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਡਾਕਟਰ ਸ਼ੂਗਰ ਦੀ ਬੀਮਾਰੀ ਬਾਰੇ ਇੰਨੇ ਫ਼ਿਕਰਮੰਦ ਕਿਉਂ ਹਨ। ਅਮਰੀਕਾ ਵਿਚ ਸ਼ੱਕਰ ਰੋਗ ਦੇ ਇਕ ਕੇਂਦਰ ਦੇ ਡਾ. ਰੌਬਿਨ ਗੋਲੈਂਡ ਨੇ ਕਿਹਾ ਕਿ “ਸ਼ੱਕਰ ਰੋਗ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਬੀਮਾਰੀ ਜਲਦੀ ਹੀ ਇਕ ਮਹਾਂਮਾਰੀ ਦਾ ਰੂਪ ਧਾਰ ਲਵੇਗੀ।”

ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਮਿਲੀਆਂ ਇਨ੍ਹਾਂ ਕੁਝ ਰਿਪੋਰਟਾਂ ਵੱਲ ਧਿਆਨ ਦਿਓ।

ਆਸਟ੍ਰੇਲੀਆ: ਆਸਟ੍ਰੇਲੀਆ ਵਿਚ ਸ਼ੱਕਰ ਰੋਗ ਦੀ ਅੰਤਰਰਾਸ਼ਟਰੀ ਸੰਸਥਾ ਅਨੁਸਾਰ “ਸ਼ੱਕਰ ਰੋਗ 21ਵੀਂ ਸਦੀ ਦੀ ਇਕ ਸਭ ਤੋਂ ਵੱਡੀ ਸਮੱਸਿਆ ਹੈ।”

ਭਾਰਤ: ਘੱਟੋ-ਘੱਟ 3 ਕਰੋੜ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਲੱਗੀ ਹੋਈ ਹੈ। ਇਕ ਡਾਕਟਰ ਨੇ ਕਿਹਾ: “ਤਕਰੀਬਨ 15 ਸਾਲ ਪਹਿਲਾਂ ਸ਼ੂਗਰ ਦੇ ਬਹੁਤ ਥੋੜ੍ਹੇ ਮਰੀਜ਼ਾਂ ਦੀ ਉਮਰ 40 ਸਾਲ ਤੋਂ ਘੱਟ ਹੁੰਦੀ ਸੀ, ਪਰ ਅੱਜ ਮਰੀਜ਼ਾਂ ਦੀ ਅੱਧੀ ਗਿਣਤੀ 40 ਸਾਲਾਂ ਤੋਂ ਘੱਟ ਉਮਰ ਦੀ ਹੈ।”

ਸਿੰਗਾਪੁਰ: ਦੇਸ਼ ਦੇ 30 ਤੋਂ 69 ਸਾਲ ਦੀ ਉਮਰ ਦੇ ਲੋਕਾਂ ਵਿੱਚੋਂ ਇਕ ਤਿਹਾਈ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੈ। ਕਈਆਂ ਬੱਚਿਆਂ ਨੂੰ ਵੀ ਇਹ ਬੀਮਾਰੀ ਹੈ ਅਤੇ ਕੁਝ ਤਾਂ ਸਿਰਫ਼ ਦਸਾਂ ਸਾਲਾਂ ਦੇ ਹਨ।

ਅਮਰੀਕਾ: ਲਗਭਗ 1 ਕਰੋੜ 60 ਲੱਖ ਲੋਕ ਇਸ ਰੋਗ ਨਾਲ ਪੀੜਿਤ ਹਨ ਅਤੇ ਹਰ ਸਾਲ ਕੁਝ 8 ਲੱਖ ਲੋਕਾਂ ਨੂੰ ਆਪਣੇ ਇਸ ਰੋਗ ਬਾਰੇ ਪਤਾ ਲੱਗਦਾ ਹੈ। ਹੋਰ ਲੱਖਾਂ ਲੋਕ ਅਜੇ ਬੇਖ਼ਬਰ ਹਨ ਕਿ ਉਨ੍ਹਾਂ ਨੂੰ ਇਹ ਰੋਗ ਹੈ।

ਸ਼ੱਕਰ ਰੋਗ ਦੇ ਲੱਛਣ ਤੁਰੰਤ ਨਜ਼ਰ ਨਹੀਂ ਆਉਂਦੇ ਜਿਸ ਕਰਕੇ ਇਸ ਦਾ ਇਲਾਜ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ। ਏਸ਼ੀਆਵੀਕ ਰਸਾਲੇ ਮੁਤਾਬਕ “ਸ਼ੁਰੂ-ਸ਼ੁਰੂ ਵਿਚ ਇਸ ਬੀਮਾਰੀ ਦੇ ਲੱਛਣ ਪਛਾਣਨੇ ਔਖੇ ਹੁੰਦੇ ਹਨ ਤੇ ਕਈ ਲੋਕ ਆਪਣੀ ਇਸ ਬੀਮਾਰੀ ਤੋਂ ਅਣਜਾਣ ਹੀ ਰਹਿੰਦੇ ਹਨ।” ਇਸ ਲਈ ਸ਼ੱਕਰ ਰੋਗ ਨੂੰ ਇਕ ਜਾਨਲੇਵਾ ਬੀਮਾਰੀ ਕਿਹਾ ਗਿਆ ਹੈ।

ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ ਕਿ ਇਹ ਬੀਮਾਰੀ ਕਿੰਨੀ ਵਧ ਰਹੀ ਹੈ ਅਤੇ ਕਿੰਨੀ ਗੰਭੀਰ ਹੈ, ਸਾਡੇ ਅਗਲੇ ਲੇਖਾਂ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ:

• ਸ਼ੱਕਰ ਰੋਗ ਕਿਉਂ ਹੁੰਦਾ ਹੈ?

• ਸ਼ੱਕਰ ਰੋਗ ਦੇ ਮਰੀਜ਼ ਇਸ ਬੀਮਾਰੀ ਉੱਤੇ ਕਾਬੂ ਕਿਵੇਂ ਪਾ ਸਕਦੇ ਹਨ? (g03 5/08)

[ਸਫ਼ੇ 4 ਉੱਤੇ ਡੱਬੀ/​ਤਸਵੀਰ]

ਇਸ ਨਾਂ ਦਾ ਮਤਲਬ

ਸ਼ੂਗਰ ਦੀ ਬੀਮਾਰੀ ਦਾ ਮੈਡਿਕਲ ਨਾਂ “ਡਾਈਬੀਟੀਜ਼ ਮਲਾਇਟਸ” ਹੈ। ਇਹ ਨਾਂ ਯੂਨਾਨੀ ਤੇ ਲਾਤੀਨੀ ਸ਼ਬਦਾਂ ਤੋਂ ਬਣਿਆ ਹੈ ਜਿਨ੍ਹਾਂ ਦਾ ਮਤਲਬ ਹੈ “ਨਾਲੀ ਰਾਹੀਂ ਕੱਢਣਾ” ਅਤੇ “ਸ਼ਹਿਦ ਵਰਗਾ ਮਿੱਠਾ।” ਇਹ ਸ਼ਬਦ ਢੁਕਵੇਂ ਹਨ ਕਿਉਂਕਿ ਜਦੋਂ ਸ਼ੱਕਰ ਰੋਗ ਨਾਲ ਪੀੜਿਤ ਵਿਅਕਤੀ ਪਾਣੀ ਪੀਂਦਾ ਹੈ, ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਸਿੱਧਾ ਮੂੰਹ ਤੋਂ ਪਿਸ਼ਾਬ ਦੀ ਨਾਲੀ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਇਸ ਤੋਂ ਇਲਾਵਾ, ਪਿਸ਼ਾਬ ਵਿਚ ਸ਼ੱਕਰ ਹੁੰਦੀ ਹੈ। ਪਹਿਲਾਂ-ਪਹਿਲ ਇਹ ਪਰਖਣ ਲਈ ਕਿ ਕਿਸੇ ਨੂੰ ਇਹ ਰੋਗ ਲੱਗਾ ਹੈ ਜਾਂ ਨਹੀਂ, ਉਸ ਦਾ ਪਿਸ਼ਾਬ ਭੌਣ ਨੇੜੇ ਡੋਲ੍ਹਿਆ ਜਾਂਦਾ ਸੀ। ਜੇ ਕੀੜੀਆਂ ਉਸ ਵੱਲ ਖਿੱਚੀਆਂ ਜਾਂਦੀਆਂ ਸਨ, ਤਾਂ ਇਸ ਦਾ ਮਤਲਬ ਸੀ ਕਿ ਪਿਸ਼ਾਬ ਵਿਚ ਸ਼ੱਕਰ ਸੀ।