Skip to content

Skip to table of contents

ਸ਼ੱਕਰ ਰੋਗ ਬਾਰੇ ਕੀ ਕੀਤਾ ਜਾ ਸਕਦਾ ਹੈ?

ਸ਼ੱਕਰ ਰੋਗ ਬਾਰੇ ਕੀ ਕੀਤਾ ਜਾ ਸਕਦਾ ਹੈ?

ਸ਼ੱਕਰ ਰੋਗ ਬਾਰੇ ਕੀ ਕੀਤਾ ਜਾ ਸਕਦਾ ਹੈ?

“ਸ਼ੱਕਰ ਰੋਗ ਦੀ ਕੋਈ ਵੀ ਕਿਸਮ ਖ਼ਤਰੇ ਤੋਂ ਖਾਲੀ ਨਹੀਂ ਹੁੰਦੀ। ਇਹ ਇਕ ਬਹੁਤ ਹੀ ਗੰਭੀਰ ਬੀਮਾਰੀ ਹੈ।”​—ਐਨ ਡੈਲੀ, ਅਮੈਰੀਕਨ ਡਾਈਬੀਟੀਜ਼ ਐਸੋਸੀਏਸ਼ਨ।

“ਤੁਹਾਡੇ ਖ਼ੂਨ ਦੇ ਟੈੱਸਟ ਦਿਖਾਉਂਦੇ ਹਨ ਕਿ ਤੁਹਾਨੂੰ ਫ਼ੌਰਨ ਇਲਾਜ ਸ਼ੁਰੂ ਕਰਨ ਦੀ ਲੋੜ ਹੈ।” ਡਾਕਟਰ ਦੇ ਇਹ ਸ਼ਬਦ ਸੁਣ ਕੇ ਡੈਬਰਾ ਨੂੰ ਬੜਾ ਝਟਕਾ ਲੱਗਾ। ਉਹ ਦੱਸਦੀ ਹੈ: “ਉਸ ਰਾਤ ਮੈਨੂੰ ਨੀਂਦ ਨਹੀਂ ਆਈ। ਮੈਂ ਸੋਚਦੀ ਰਹੀ ਕਿ ਜ਼ਰੂਰ ਕੋਈ ਗ਼ਲਤੀ ਹੋਣੀ ਹੈ। ਮੈਂ ਬੀਮਾਰ ਨਹੀਂ ਹੋ ਸਕਦੀ।”

ਕਈਆਂ ਲੋਕਾਂ ਵਾਂਗ ਡੈਬਰਾ ਨੇ ਵੀ ਸੋਚਿਆ ਸੀ ਕਿ ਉਸ ਦੀ ਸਿਹਤ ਠੀਕ ਹੀ ਸੀ, ਇਸ ਲਈ ਉਸ ਨੇ ਬੀਮਾਰੀ ਦੇ ਲੱਛਣਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਉਸ ਨੇ ਸੋਚਿਆ ਕਿ ਅਲਰਜੀ ਲਈ ਦਵਾਈ ਲੈਣ ਕਰਕੇ ਉਸ ਨੂੰ ਇੰਨੀ ਪਿਆਸ ਲੱਗ ਰਹੀ ਸੀ। ਫਿਰ ਉਸ ਨੇ ਸੋਚਿਆ ਕਿ ਜ਼ਿਆਦਾ ਪਾਣੀ ਪੀਣ ਕਰਕੇ ਹੀ ਉਸ ਨੂੰ ਜ਼ਿਆਦਾ ਪਿਸ਼ਾਬ ਆਉਣ ਲੱਗ ਪਿਆ ਸੀ। ਤੇ ਉਹ ਇੰਨੀ ਥੱਕੀ-ਥੱਕੀ ਕਿਉਂ ਰਹਿੰਦੀ ਸੀ? ਉਸ ਨੇ ਸੋਚਿਆ ਕਿ ਕਿਹੜੀ ਮਾਂ ਹੈ ਜੋ ਘਰ ਦਾ ਕੰਮ ਕਰਨ ਦੇ ਨਾਲ-ਨਾਲ ਬਾਹਰ ਨੌਕਰੀ ਵੀ ਕਰੇ ਤੇ ਥੱਕੇ ਨਾ?

ਪਰ ਖ਼ੂਨ ਦੇ ਟੈੱਸਟ ਤੋਂ ਪਤਾ ਲੱਗਾ ਕਿ ਇਨ੍ਹਾਂ ਸਾਰੀਆਂ ਗੱਲਾਂ ਦੀ ਜੜ੍ਹ ਸ਼ੱਕਰ ਰੋਗ ਸੀ। ਡੈਬਰਾ ਲਈ ਇਹ ਗੱਲ ਮੰਨਣੀ ਬਹੁਤ ਮੁਸ਼ਕਲ ਸੀ। ਉਸ ਨੇ ਕਿਹਾ: “ਮੈਂ ਆਪਣੀ ਬੀਮਾਰੀ ਬਾਰੇ ਕਿਸੇ ਨੂੰ ਨਹੀਂ ਦੱਸਿਆ। ਰਾਤ ਨੂੰ ਜਦ ਸਾਰੇ ਸੌਂ ਜਾਂਦੇ ਸਨ, ਤਾਂ ਮੈਂ ਸੋਚ-ਸੋਚ ਕੇ ਰੋਂਦੀ ਰਹਿੰਦੀ ਸੀ।” ਡੈਬਰਾ ਵਾਂਗ ਕਈਆਂ ਲੋਕਾਂ ਨੂੰ ਜਦੋਂ ਸ਼ੂਗਰ ਦੀ ਬੀਮਾਰੀ ਬਾਰੇ ਪਤਾ ਲੱਗਦਾ ਹੈ, ਤਾਂ ਪਹਿਲਾਂ-ਪਹਿਲ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੁੰਦਾ। ਉਹ ਸ਼ਾਇਦ ਬਹੁਤ ਉਦਾਸ ਹੋ ਜਾਣ ਜਾਂ ਉਨ੍ਹਾਂ ਨੂੰ ਬਹੁਤ ਗੁੱਸਾ ਚੜ੍ਹੇ। ਕੈਰਨ ਦੱਸਦੀ ਹੈ: “ਮੈਂ ਰੋ-ਰੋ ਕੇ ਇਸ ਗੱਲ ਦਾ ਇਨਕਾਰ ਕਰਦੀ ਰਹੀ ਕਿ ਮੈਂ ਬੀਮਾਰ ਹਾਂ।”

ਅਜਿਹੀ ਬੁਰੀ ਖ਼ਬਰ ਸੁਣ ਕੇ ਇਸ ਤਰ੍ਹਾਂ ਮਹਿਸੂਸ ਕਰਨਾ ਆਮ ਹੈ। ਪਰ ਸ਼ੱਕਰ ਦੇ ਰੋਗੀ ਦੂਸਰਿਆਂ ਦੇ ਸਹਾਰੇ ਨਾਲ ਆਪਣੀ ਬੀਮਾਰੀ ਨਾਲ ਜੀਣਾ ਸਿੱਖ ਸਕਦੇ ਹਨ। ਕੈਰਨ ਕਹਿੰਦੀ ਹੈ: “ਇਸ ਬੀਮਾਰੀ ਨੂੰ ਕਬੂਲ ਕਰਨ ਵਿਚ ਇਕ ਨਰਸ ਨੇ ਮੇਰੀ ਬਹੁਤ ਮਦਦ ਕੀਤੀ। ਉਸ ਨੇ ਕਿਹਾ ਕਿ ਹੰਝੂ ਵਹਾਉਣ ਨਾਲ ਮਨ ਹੌਲਾ ਹੋ ਜਾਂਦਾ ਹੈ। ਇਸ ਤਰ੍ਹਾਂ ਕਰ ਕੇ ਮੈਂ ਆਪਣੇ ਆਪ ਨੂੰ ਸੰਭਾਲ ਸਕੀ।”

ਇਹ ਰੋਗ ਇੰਨਾ ਗੰਭੀਰ ਕਿਉਂ ਹੈ?

ਸ਼ੱਕਰ ਰੋਗ ਨੂੰ “ਜ਼ਿੰਦਗੀ ਦੀ ਤਾਕਤ ਨਿਚੋੜਨ ਵਾਲਾ ਰੋਗ” ਸੱਦਿਆ ਗਿਆ ਹੈ। ਜਦੋਂ ਸਰੀਰ ਗਲੂਕੋਜ਼ ਨਹੀਂ ਵਰਤ ਸਕਦਾ, ਤਾਂ ਉਸ ਤੇ ਬੁਰਾ ਅਸਰ ਪੈਂਦਾ ਹੈ ਅਤੇ ਕਈ ਵਾਰੀ ਜ਼ਿੰਦਗੀ ਖ਼ਤਰੇ ਵਿਚ ਵੀ ਪੈ ਸਕਦੀ ਹੈ। ਇਕ ਡਾਕਟਰ ਨੇ ਕਿਹਾ ਕਿ “ਲੋਕ ਸਿੱਧੇ ਤੌਰ ਤੇ ਸ਼ੱਕਰ ਰੋਗ ਤੋਂ ਤਾਂ ਨਹੀਂ ਮਰਦੇ, ਪਰ ਉਹ ਇਸ ਕਰਕੇ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਮਰਦੇ ਹਨ। ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਟਾਲ ਤਾਂ ਸਕਦੇ ਹਾਂ, ਪਰ ਜਦੋਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਉਦੋਂ ਇਨ੍ਹਾਂ ਦਾ ਇਲਾਜ ਕਰਨਾ ਬਹੁਤ ਔਖਾ ਹੁੰਦਾ ਹੈ।” *

ਕੀ ਸ਼ੂਗਰ ਦੇ ਮਰੀਜ਼ ਆਮ ਜ਼ਿੰਦਗੀ ਜੀ ਸਕਦੇ ਹਨ? ਜੀ ਹਾਂ, ਜੇ ਉਹ ਇਸ ਰੋਗ ਦੀ ਗੰਭੀਰਤਾ ਨੂੰ ਪਛਾਣਨ ਅਤੇ ਆਪਣਾ ਇਲਾਜ ਜਲਦੀ ਸ਼ੁਰੂ ਕਰਵਾਉਣ। *

ਚੰਗੀ ਖ਼ੁਰਾਕ ਅਤੇ ਕਸਰਤ

ਪਹਿਲੀ ਕਿਸਮ ਦੇ ਸ਼ੱਕਰ ਰੋਗ ਨੂੰ ਸ਼ੁਰੂ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਨੂੰ ਟਾਈਪ 1 ਡਾਈਬੀਟੀਜ਼ ਵੀ ਕਿਹਾ ਜਾਂਦਾ ਹੈ। ਪਰ ਸਾਇੰਸਦਾਨ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਕਈਆਂ ਨੂੰ ਜਮਾਂਦਰੂ ਤੌਰ ਤੇ ਇਹ ਰੋਗ ਲੱਗਣ ਦਾ ਜ਼ਿਆਦਾ ਖ਼ਤਰਾ ਕਿਉਂ ਰਹਿੰਦਾ ਹੈ ਅਤੇ ਇਸ ਖ਼ਤਰੇ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ। (8ਵੇਂ ਸਫ਼ੇ ਤੇ “ਸਰੀਰ ਵਿਚ ਗਲੂਕੋਜ਼ ਦਾ ਕੀ ਕੰਮ ਹੈ?” ਨਾਂ ਦੀ ਡੱਬੀ ਦੇਖੋ।) ਇਕ ਪੁਸਤਕ ਕਹਿੰਦੀ ਹੈ ਕਿ “ਸ਼ੱਕਰ ਰੋਗ ਦੀ ਦੂਜੀ ਕਿਸਮ [ਜਿਸ ਨੂੰ ਟਾਈਪ 2 ਡਾਈਬੀਟੀਜ਼ ਵੀ ਕਿਹਾ ਜਾਂਦਾ ਹੈ] ਨੂੰ ਸੌਖਿਆਂ ਕਾਬੂ ਕੀਤਾ ਜਾ ਸਕਦਾ ਹੈ। ਜਿਨ੍ਹਾਂ ਨੂੰ ਖ਼ਾਨਦਾਨੀ ਤੌਰ ਤੇ ਇਹ ਰੋਗ ਲੱਗਣ ਦਾ ਖ਼ਤਰਾ ਹੈ, ਜੇ ਉਹ ਸਹੀ ਖ਼ੁਰਾਕ ਲੈਣ ਅਤੇ ਬਾਕਾਇਦਾ ਕਸਰਤ ਕਰਨ, ਤਾਂ ਉਨ੍ਹਾਂ ਨੂੰ ਇਹ ਰੋਗ ਸ਼ਾਇਦ ਕਦੀ ਵੀ ਨਾ ਲੱਗੇ ਕਿਉਂਕਿ ਉਹ ਸਰੀਰਕ ਤੌਰ ਤੇ ਨੌ-ਬਰ-ਨੌ ਰਹਿੰਦੇ ਹਨ ਅਤੇ ਆਪਣੇ ਭਾਰ ਨੂੰ ਵਧਣ ਨਹੀਂ ਦਿੰਦੇ।” *

ਕਈ ਔਰਤਾਂ ਦਾ ਅਧਿਐਨ ਕੀਤਾ ਗਿਆ ਜਿਸ ਤੋਂ ਕਸਰਤ ਕਰਨ ਦੀ ਅਹਿਮੀਅਤ ਬਾਰੇ ਪਤਾ ਲੱਗਾ। ਇਸ ਅਧਿਐਨ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ “ਥੋੜ੍ਹੇ ਚਿਰ ਲਈ ਕਸਰਤ ਕਰਨ ਮਗਰੋਂ [ਸਰੀਰ ਦੇ ਸੈੱਲ] 24 ਘੰਟੇ ਤਕ ਇਨਸੁਲਿਨ ਦੀ ਮਦਦ ਨਾਲ ਜ਼ਿਆਦਾ ਗਲੂਕੋਜ਼ ਖਪਾਉਂਦੇ ਰਹੇ।” ਇਸ ਲਈ ਰਿਪੋਰਟ ਵਿਚ ਸਿੱਟਾ ਕੱਢਿਆ ਗਿਆ ਸੀ ਕਿ “ਤੁਰਨ-ਫਿਰਨ ਅਤੇ ਜ਼ੋਰਦਾਰ ਕਸਰਤ ਕਰਨ ਨਾਲ ਔਰਤਾਂ ਵਿਚ ਦੂਜੀ ਕਿਸਮ ਦਾ ਸ਼ੱਕਰ ਰੋਗ ਹੋਣ ਦਾ ਖ਼ਤਰਾ ਕਾਫ਼ੀ ਘੱਟ ਜਾਂਦਾ ਹੈ।” ਖੋਜਕਾਰਾਂ ਨੇ ਸਲਾਹ ਦਿੱਤੀ ਕਿ ਜੇ ਹਰ ਰੋਜ਼ ਨਹੀਂ, ਤਾਂ ਹਫ਼ਤੇ ਵਿਚ ਜਿੰਨੇ ਦਿਨ ਹੋ ਸਕੇ ਘੱਟੋ-ਘੱਟ 30 ਮਿੰਟਾਂ ਲਈ ਕਸਰਤ ਕਰਨੀ ਚਾਹੀਦੀ ਹੈ। ਕਸਰਤ ਵਿਚ ਤੁਰਨਾ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਅਮੈਰੀਕਨ ਡਾਈਬੀਟੀਜ਼ ਐਸੋਸੀਏਸ਼ਨ ਦੀ ਇਕ ਕਿਤਾਬ ਦਾ ਕਹਿਣਾ ਹੈ ਕਿ ਤੁਰਨਾ “ਸ਼ਾਇਦ ਸਭ ਤੋਂ ਵਧੀਆ, ਸਭ ਤੋਂ ਸਸਤੀ ਅਤੇ ਖ਼ਤਰੇ ਤੋਂ ਖਾਲੀ ਕਸਰਤ ਹੈ।”

ਪਰ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਸ਼ੱਕਰ ਦੇ ਰੋਗੀਆਂ ਨੂੰ ਕਸਰਤ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਸ਼ੱਕਰ ਰੋਗ ਨਾਲ ਸਰੀਰ ਵਿਚ ਖ਼ੂਨ ਦਾ ਸੰਚਾਰ ਸਹੀ ਤਰ੍ਹਾਂ ਨਹੀਂ ਹੁੰਦਾ ਅਤੇ ਖ਼ੂਨ ਦੀਆਂ ਨਾੜੀਆਂ ਤੇ ਨਸਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਕਰਕੇ ਸ਼ਾਇਦ ਰੋਗੀ ਨੂੰ ਆਪਣੇ ਪੈਰ ਉੱਤੇ ਛੋਟੀ ਜਿਹੀ ਝਰੀਟ ਦਾ ਪਤਾ ਹੀ ਨਾ ਲੱਗੇ, ਪਰ ਇਹ ਪੱਕ ਕੇ ਫੋੜੇ ਵਿਚ ਬਦਲ ਸਕਦੀ ਹੈ। ਇਹ ਹਾਲਤ ਇੰਨੀ ਗੰਭੀਰ ਹੋ ਸਕਦੀ ਹੈ ਕਿ ਜੇ ਇਲਾਜ ਇਕਦਮ ਨਾ ਕੀਤਾ ਜਾਵੇ, ਤਾਂ ਪੈਰ ਨੂੰ ਕੱਟਣਾ ਵੀ ਪੈ ਸਕਦਾ ਹੈ। *

ਫਿਰ ਵੀ, ਬਾਕਾਇਦਾ ਕਸਰਤ ਕਰਨ ਨਾਲ ਸ਼ੱਕਰ ਰੋਗ ਉੱਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ। ਅਮੈਰੀਕਨ ਡਾਈਬੀਟੀਜ਼ ਐਸੋਸੀਏਸ਼ਨ ਦੀ ਕਿਤਾਬ ਅੱਗੇ ਕਹਿੰਦੀ ਹੈ: “ਖੋਜਕਾਰ ਕਸਰਤ ਕਰਨ ਦੇ ਫ਼ਾਇਦਿਆਂ ਬਾਰੇ ਜਿੰਨਾ ਜ਼ਿਆਦਾ ਅਧਿਐਨ ਕਰਦੇ ਹਨ, ਉੱਨਾ ਹੀ ਉਨ੍ਹਾਂ ਨੂੰ ਕਸਰਤ ਕਰਨ ਦੀ ਅਹਿਮੀਅਤ ਬਾਰੇ ਪਤਾ ਲੱਗ ਰਿਹਾ ਹੈ।”

ਇਨਸੁਲਿਨ ਨਾਲ ਇਲਾਜ

ਸ਼ੂਗਰ ਦੇ ਕਈਆਂ ਰੋਗੀਆਂ ਨੂੰ ਸਹੀ ਖ਼ੁਰਾਕ ਖਾਣ ਅਤੇ ਕਸਰਤ ਕਰਨ ਦੇ ਨਾਲ-ਨਾਲ ਰੋਜ਼ ਖ਼ੂਨ ਵਿਚ ਗਲੂਕੋਜ਼ ਦੀ ਮਾਤਰਾ ਟੈੱਸਟ ਕਰਨੀ ਪੈਂਦੀ ਹੈ ਤੇ ਦਿਨ ਵਿਚ ਕਈ ਵਾਰ ਇਨਸੁਲਿਨ ਦੇ ਟੀਕੇ ਲਾਉਣੇ ਪੈਂਦੇ ਹਨ। ਸਹੀ ਖ਼ੁਰਾਕ ਖਾਣ ਅਤੇ ਕਸਰਤ ਕਰਨ ਨਾਲ ਟਾਈਪ 2 ਡਾਈਬੀਟੀਜ਼ ਦੇ ਕੁਝ ਮਰੀਜ਼ਾਂ ਦੀ ਹਾਲਤ ਇਸ ਹੱਦ ਤਕ ਸੁਧਰ ਜਾਂਦੀ ਹੈ ਕਿ ਉਨ੍ਹਾਂ ਨੂੰ ਥੋੜ੍ਹੇ ਚਿਰ ਲਈ ਇਨਸੁਲਿਨ ਲੈਣ ਦੀ ਲੋੜ ਨਹੀਂ ਪਈ। * ਕੈਰਨ ਨੂੰ ਟਾਈਪ 1 ਡਾਈਬੀਟੀਜ਼ ਹੈ ਅਤੇ ਉਸ ਨੇ ਦੇਖਿਆ ਕਿ ਜਦੋਂ ਉਹ ਕਸਰਤ ਕਰਦੀ ਹੈ, ਤਾਂ ਇਨਸੁਲਿਨ ਦੇ ਟੀਕਿਆਂ ਦਾ ਜ਼ਿਆਦਾ ਅਸਰ ਹੁੰਦਾ ਹੈ। ਨਤੀਜੇ ਵਜੋਂ ਉਸ ਨੂੰ ਹਰ ਰੋਜ਼ 20 ਫੀ ਸਦੀ ਘੱਟ ਇਨਸੁਲਿਨ ਵਰਤਣੀ ਪੈਂਦੀ ਹੈ।

ਜੇ ਇਨਸੁਲਿਨ ਦੀ ਜ਼ਰੂਰਤ ਪੈਂਦੀ ਵੀ ਹੈ, ਤਾਂ ਮਰੀਜ਼ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਸ਼ੱਕਰ ਰੋਗ ਦੇ ਮਰੀਜ਼ਾਂ ਦੀ ਦੇਖ-ਭਾਲ ਕਰਨ ਵਾਲੀ ਇਕ ਨਰਸ ਮੈਰੀ ਐਨ ਕਹਿੰਦੀ ਹੈ: “ਇਨਸੁਲਿਨ ਲੈਣ ਦਾ ਇਹ ਮਤਲਬ ਨਹੀਂ ਕਿ ਤੁਹਾਡੀ ਵੱਲੋਂ ਕੋਈ ਕਸਰ ਰਹਿ ਗਈ ਹੈ। ਤੁਹਾਨੂੰ ਭਾਵੇਂ ਪਹਿਲੀ ਜਾਂ ਦੂਜੀ ਕਿਸਮ ਦਾ ਸ਼ੱਕਰ ਰੋਗ ਹੋਵੇ, ਪਰ ਜੇ ਤੁਸੀਂ ਖ਼ੂਨ ਵਿਚਲੀ ਸ਼ੱਕਰ ਨੂੰ ਕਾਬੂ ਹੇਠ ਰੱਖੋ, ਤਾਂ ਬਾਅਦ ਵਿਚ ਤੁਹਾਨੂੰ ਸਿਹਤ ਦੀਆਂ ਹੋਰ ਸਮੱਸਿਆਵਾਂ ਘੱਟ ਹੋਣਗੀਆਂ।” ਦਰਅਸਲ ਹਾਲ ਹੀ ਦੇ ਇਕ ਅਧਿਐਨ ਨੇ ਦਿਖਾਇਆ ਕਿ ਪਹਿਲੀ ਕਿਸਮ ਦੇ ਸ਼ੱਕਰ ਰੋਗ ਦੇ ਜਿਹੜੇ ਮਰੀਜ਼ਾਂ ਨੇ ਖ਼ੂਨ ਵਿਚਲੀ ਸ਼ੱਕਰ ਨੂੰ ਚੰਗੀ ਤਰ੍ਹਾਂ ਕਾਬੂ ਹੇਠ ਰੱਖਿਆ ਸੀ, ਉਨ੍ਹਾਂ ਵਿੱਚੋਂ ਬਹੁਤ ਘੱਟ ਲੋਕਾਂ ਨੂੰ “ਸ਼ੱਕਰ ਰੋਗ ਕਰਕੇ ਅੱਖਾਂ, ਗੁਰਦਿਆਂ ਅਤੇ ਨਸਾਂ ਦੀਆਂ ਬੀਮਾਰੀਆਂ ਹੋਈਆਂ।” ਮਿਸਾਲ ਲਈ, ਉਨ੍ਹਾਂ ਨੂੰ ਅੱਖਾਂ ਦੀ ਬੀਮਾਰੀ ਹੋਣ ਦਾ ਖ਼ਤਰਾ 76 ਪ੍ਰਤਿਸ਼ਤ ਘੱਟ ਸੀ! ਦੂਜੀ ਕਿਸਮ ਦੇ ਸ਼ੱਕਰ ਰੋਗ ਦੇ ਜਿਹੜੇ ਮਰੀਜ਼ ਖ਼ੂਨ ਵਿਚਲੀ ਸ਼ੱਕਰ ਨੂੰ ਕਾਬੂ ਹੇਠ ਰੱਖਦੇ ਹਨ, ਉਨ੍ਹਾਂ ਨੂੰ ਵੀ ਅਜਿਹੇ ਫ਼ਾਇਦੇ ਹੁੰਦੇ ਹਨ।

ਇਨਸੁਲਿਨ ਦੇ ਟੀਕੇ ਲਾਉਣੇ ਸੌਖੇ ਬਣਾਉਣ ਲਈ ਸਿਰਿੰਜ ਅਤੇ ਇਨਸੁਲਿਨ ਪੈੱਨਾਂ ਦੀਆਂ ਸੂਈਆਂ ਬਹੁਤ ਬਾਰੀਕ ਹੁੰਦੀਆਂ ਹਨ ਤਾਂਕਿ ਜ਼ਿਆਦਾ ਦਰਦ ਨਾ ਹੋਵੇ। ਮੈਰੀ ਐਨ ਕਹਿੰਦੀ ਹੈ: “ਪਹਿਲੀ ਵਾਰੀ ਟੀਕਾ ਲਾਉਣਾ ਸਭ ਤੋਂ ਔਖਾ ਹੁੰਦਾ ਹੈ। ਉਸ ਤੋਂ ਬਾਅਦ ਜ਼ਿਆਦਾਤਰ ਮਰੀਜ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦਾ।” ਟੀਕੇ ਲਾਉਣ ਦੇ ਕਈ ਤਰੀਕੇ ਹਨ। ਮਿਸਾਲ ਲਈ: ਮਸ਼ੀਨ ਜੋ ਤੇਜ਼ੀ ਨਾਲ ਬਿਨਾਂ ਦਰਦ ਟੀਕਾ ਲਾਉਂਦੀ ਹੈ, ਹੋਰ ਮਸ਼ੀਨ ਜੋ ਇਨਸੁਲਿਨ ਦੀ ਤੇਜ਼ ਤਤੀਰੀ ਛੱਡਦੀ ਹੈ। ਇਸ ਤੋਂ ਇਲਾਵਾ ਮਰੀਜ਼ ਦੇ ਸਰੀਰ ਵਿਚ ਇਕ ਖ਼ਾਸ ਸੂਈ ਲਗਾਈ ਜਾ ਸਕਦੀ ਹੈ ਜੋ ਦੋ-ਤਿੰਨ ਦਿਨਾਂ ਤਕ ਲੱਗੀ ਰਹਿ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿਚ ਇਨਸੁਲਿਨ ਪੰਪ ਕਾਫ਼ੀ ਪ੍ਰਚਲਿਤ ਹੋਇਆ ਹੈ। ਇਹ ਪੰਪ ਇਕ ਬਾਰੀਕ ਪਾਈਪ ਰਾਹੀਂ ਮਰੀਜ਼ ਨੂੰ ਨਿਯਮਿਤ ਤੌਰ ਤੇ ਸਹੀ ਮਾਤਰਾ ਵਿਚ ਇਨਸੁਲਿਨ ਮੁਹੱਈਆ ਕਰਦਾ ਹੈ। ਇਸ ਨੂੰ ਮਰੀਜ਼ ਦੀ ਰੋਜ਼ਾਨਾ ਲੋੜ ਮੁਤਾਬਕ ਪ੍ਰੋਗ੍ਰਾਮ ਕੀਤਾ ਜਾ ਸਕਦਾ ਹੈ।

ਆਪਣੀ ਬੀਮਾਰੀ ਬਾਰੇ ਸਿੱਖਦੇ ਰਹੋ

ਸ਼ੱਕਰ ਰੋਗ ਦਾ ਕੋਈ ਇਕ ਪੱਕਾ ਇਲਾਜ ਨਹੀਂ ਹੈ। ਇਲਾਜ ਬਾਰੇ ਫ਼ੈਸਲਾ ਕਰਦੇ ਸਮੇਂ ਹਰੇਕ ਮਰੀਜ਼ ਨੂੰ ਕਈ ਗੱਲਾਂ ਮਨ ਵਿਚ ਰੱਖਣੀਆਂ ਚਾਹੀਦੀਆਂ ਹਨ। ਮੈਰੀ ਐਨ ਨੇ ਕਿਹਾ ਕਿ “ਬੇਸ਼ੱਕ ਡਾਕਟਰ ਤੇ ਨਰਸਾਂ ਤੁਹਾਡਾ ਇਲਾਜ ਕਰ ਰਹੇ ਹਨ, ਪਰ ਤੁਸੀਂ ਆਪ ਆਪਣੀ ਸਿਹਤ-ਸੰਭਾਲ ਲਈ ਜ਼ਿੰਮੇਵਾਰ ਹੋ।” ਸ਼ੂਗਰ ਦੀ ਬੀਮਾਰੀ ਬਾਰੇ ਇਕ ਰਸਾਲੇ ਨੇ ਕਿਹਾ: “ਜੇ ਡਾਕਟਰ ਤੁਹਾਡਾ ਇਲਾਜ ਕਰ ਰਹੇ ਹਨ, ਪਰ ਤੁਸੀਂ ਆਪ ਲਗਾਤਾਰ ਆਪਣੀ ਸਿਹਤ ਦੀ ਦੇਖ-ਭਾਲ ਕਰਨੀ ਨਹੀਂ ਸਿੱਖਦੇ, ਤਾਂ ਤੁਹਾਡਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੋ ਸਕੇਗਾ।”

ਸ਼ੂਗਰ ਦੇ ਰੋਗੀ ਆਪਣੀ ਬੀਮਾਰੀ ਬਾਰੇ ਜਿੰਨਾ ਜ਼ਿਆਦਾ ਸਿੱਖਣਗੇ, ਉੱਨਾ ਹੀ ਉਹ ਆਪਣੀ ਸਿਹਤ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਣਗੇ ਅਤੇ ਉਹ ਆਮ ਲੋਕਾਂ ਵਾਂਗ ਜ਼ਿੰਦਗੀ ਜੀ ਸਕਣਗੇ। ਪਰ ਸ਼ੱਕਰ ਰੋਗ ਬਾਰੇ ਚੰਗੀ ਤਰ੍ਹਾਂ ਸਿੱਖਣ ਲਈ ਧੀਰਜ ਦੀ ਲੋੜ ਪੈਂਦੀ ਹੈ। ਇਕ ਪੁਸਤਕ ਨੇ ਸਮਝਾਇਆ: ‘ਜੇ ਤੁਸੀਂ ਸਾਰਾ ਕੁਝ ਇੱਕੋ ਵਾਰੀ ਸਿੱਖਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਉਲਝਣ ਵਿਚ ਪੈ ਜਾਵੋਗੇ ਅਤੇ ਇਸ ਜਾਣਕਾਰੀ ਨੂੰ ਸਹੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕੋਗੇ। ਇਸ ਤੋਂ ਇਲਾਵਾ, ਤੁਹਾਨੂੰ ਸਭ ਤੋਂ ਅਹਿਮ ਜਾਣਕਾਰੀ ਪੁਸਤਕਾਂ ਜਾਂ ਰਸਾਲਿਆਂ ਵਿੱਚੋਂ ਨਹੀਂ ਮਿਲੇਗੀ, ਕਿਉਂਕਿ ਤੁਹਾਨੂੰ ਜਾਣਨ ਦੀ ਲੋੜ ਹੈ ਕਿ ਤੁਹਾਡੇ ਰੋਜ਼ ਦੇ ਕੰਮਾਂ-ਕਾਰਾਂ ਜਾਂ ਹਾਲਾਤਾਂ ਦਾ ਤੁਹਾਡੇ ਖ਼ੂਨ ਵਿਚਲੀ ਸ਼ੱਕਰ ਦੀ ਮਾਤਰਾ ਉੱਤੇ ਕੀ ਅਸਰ ਪੈਂਦਾ ਹੈ। ਇਹ ਤੁਸੀਂ ਸਿਰਫ਼ ਆਪਣੇ ਤਜਰਬੇ ਤੋਂ ਹੀ ਸਿੱਖ ਸਕਦੇ ਹੋ।’

ਮਿਸਾਲ ਲਈ, ਤੁਸੀਂ ਧਿਆਨ ਦੇ ਸਕਦੇ ਹੋ ਕਿ ਤਣਾਅ ਦਾ ਤੁਹਾਡੇ ਸਰੀਰ ਉੱਤੇ ਕੀ ਅਸਰ ਪੈਂਦਾ ਹੈ, ਕਿਉਂਕਿ ਤਣਾਅ ਕਰਕੇ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਵਧ ਸਕਦੀ ਹੈ। ਕੈੱਨ ਦਾ ਕਹਿਣਾ ਹੈ: “ਮੈਨੂੰ ਸ਼ੱਕਰ ਰੋਗ ਹੋਏ ਨੂੰ 50 ਸਾਲ ਹੋ ਗਏ ਹਨ ਤੇ ਮੈਨੂੰ ਆਪੇ ਹੀ ਸਰੀਰ ਵਿਚ ਸ਼ੱਕਰ ਦੇ ਘੱਟ-ਵੱਧ ਹੋਣ ਦਾ ਪਤਾ ਲੱਗ ਜਾਂਦਾ ਹੈ!” ਆਪਣੀ ਬੀਮਾਰੀ ਦੇ ਲੱਛਣਾਂ ਵੱਲ ਧਿਆਨ ਦੇ ਕੇ ਕੈੱਨ ਨੂੰ ਬਹੁਤ ਫ਼ਾਇਦਾ ਹੋਇਆ ਹੈ ਕਿਉਂਕਿ ਉਹ 70 ਕੁ ਸਾਲ ਦੀ ਉਮਰ ਵਿਚ ਅਜੇ ਵੀ ਨੌਕਰੀ ਕਰ ਰਿਹਾ ਹੈ!

ਪਰਿਵਾਰ ਦੇ ਸਹਾਰੇ ਦੀ ਮਹੱਤਤਾ

ਸ਼ੂਗਰ ਦੀ ਬੀਮਾਰੀ ਦੇ ਇਲਾਜ ਵਿਚ ਪਰਿਵਾਰ ਦਾ ਸਹਾਰਾ ਬਹੁਤ ਜ਼ਰੂਰੀ ਹੈ। ਦਰਅਸਲ ਇਕ ਪੁਸਤਕ ਕਹਿੰਦੀ ਹੈ ਕਿ ਬੱਚਿਆਂ ਤੇ ਨੌਜਵਾਨਾਂ ਵਿਚ ਸ਼ੱਕਰ ਰੋਗ ਉੱਤੇ ਕਾਬੂ ਪਾਉਣ ਵਿਚ “ਪਰਿਵਾਰ ਦਾ ਮਿਲ ਕੇ ਕੰਮ ਕਰਨਾ ਬਹੁਤ ਵੱਡੀ ਗੱਲ ਹੈ।”

ਮਰੀਜ਼ ਦੀ ਮਦਦ ਕਰਨ ਲਈ ਪਰਿਵਾਰ ਦੇ ਸਾਰੇ ਜੀਅ ਸ਼ੱਕਰ ਰੋਗ ਬਾਰੇ ਸਿੱਖ ਸਕਦੇ ਹਨ। ਉਹ ਵਾਰੀ-ਵਾਰੀ ਉਸ ਨਾਲ ਡਾਕਟਰ ਕੋਲ ਜਾਂ ਹਸਪਤਾਲ ਵੀ ਜਾ ਸਕਦੇ ਹਨ। ਜੇ ਉਨ੍ਹਾਂ ਨੂੰ ਸ਼ੱਕਰ ਰੋਗ ਬਾਰੇ ਗਿਆਨ ਹੋਵੇਗਾ, ਤਾਂ ਉਹ ਮਰੀਜ਼ ਦਾ ਹੌਸਲਾ ਵਧਾ ਸਕਣਗੇ, ਬੀਮਾਰੀ ਦੇ ਗੰਭੀਰ ਲੱਛਣ ਪਛਾਣ ਸਕਣਗੇ ਅਤੇ ਫਿਰ ਇਨ੍ਹਾਂ ਮੁਤਾਬਕ ਮਰੀਜ਼ ਦੀ ਮਦਦ ਕਰ ਸਕਣਗੇ। ਟੈੱਡ ਦੀ ਪਤਨੀ ਬਾਬਰਾ ਨੂੰ ਚਾਰ ਸਾਲ ਦੀ ਉਮਰ ਤੋਂ ਟਾਈਪ 1 ਡਾਈਬੀਟੀਜ਼ ਹੈ। ਟੈੱਡ ਕਹਿੰਦਾ ਹੈ: “ਮੈਨੂੰ ਪਤਾ ਲੱਗ ਜਾਂਦਾ ਹੈ ਜਦੋਂ ਬਾਬਰਾ ਦੇ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਘੱਟ ਜਾਂਦੀ ਹੈ। ਉਹ ਗੱਲ ਕਰਦੀ-ਕਰਦੀ ਚੁੱਪ ਹੋ ਜਾਂਦੀ ਹੈ। ਉਸ ਨੂੰ ਪਸੀਨਾ ਆਉਣ ਲੱਗਦਾ ਹੈ ਅਤੇ ਉਹ ਬਿਨਾਂ ਕਾਰਨ ਗੁੱਸੇ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਉਹ ਆਪਣਾ ਕੰਮ ਸੁਸਤੀ ਨਾਲ ਕਰਨ ਲੱਗ ਪੈਂਦੀ ਹੈ।”

ਇਸੇ ਤਰ੍ਹਾਂ ਜਦੋਂ ਕੈੱਨ ਦੀ ਪਤਨੀ ਕੈਥਰੀਨ ਦੇਖਦੀ ਹੈ ਕਿ ਕੈੱਨ ਦਾ ਰੰਗ ਫਿੱਕਾ ਪੈ ਰਿਹਾ ਹੈ, ਉਸ ਨੂੰ ਬਹੁਤ ਪਸੀਨਾ ਆ ਰਿਹਾ ਹੈ ਅਤੇ ਉਸ ਦਾ ਮੂਡ ਬਦਲ ਰਿਹਾ ਹੈ, ਤਾਂ ਉਹ ਉਸ ਨੂੰ ਹਿਸਾਬ ਦਾ ਇਕ ਸੌਖਾ ਸਵਾਲ ਪੁੱਛਦੀ ਹੈ। ਜਦੋਂ ਉਹ ਉਸ ਦਾ ਜਵਾਬ ਨਹੀਂ ਦੇ ਸਕਦਾ, ਤਾਂ ਕੈਥਰੀਨ ਨੂੰ ਪਤਾ ਲੱਗ ਜਾਂਦਾ ਹੈ ਕਿ ਕੈੱਨ ਦੀ ਹਾਲਤ ਵਿਗੜ ਰਹੀ ਹੈ ਅਤੇ ਉਸ ਨੂੰ ਮਦਦ ਦੀ ਲੋੜ ਹੈ। ਦੋਨੋਂ ਕੈੱਨ ਤੇ ਬਾਬਰਾ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦੇ ਪਿਆਰੇ ਜੀਵਨ ਸਾਥੀ ਉਨ੍ਹਾਂ ਦੀ ਬੀਮਾਰੀ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਉਨ੍ਹਾਂ ਦੀ ਸਹੀ ਸਮੇਂ ਤੇ ਮਦਦ ਕਰਦੇ ਹਨ। *

ਪਰਿਵਾਰ ਦੇ ਜੀਆਂ ਨੂੰ ਸ਼ੂਗਰ ਦੇ ਰੋਗੀ ਨਾਲ ਹਮੇਸ਼ਾ ਪਿਆਰ, ਕੋਮਲਤਾ ਅਤੇ ਧੀਰਜ ਨਾਲ ਪੇਸ਼ ਆਉਣਾ ਚਾਹੀਦਾ ਹੈ। ਅਜਿਹੇ ਗੁਣ ਇਕ ਬੀਮਾਰ ਵਿਅਕਤੀ ਨੂੰ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਦਿੰਦੇ ਹਨ ਅਤੇ ਰੋਗੀ ਦੀ ਹਾਲਤ ਉੱਤੇ ਚੰਗਾ ਅਸਰ ਵੀ ਪਾ ਸਕਦੇ ਹਨ। ਕੈਰਨ ਦੇ ਪਤੀ ਨੇ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ। ਕੈਰਨ ਦੱਸਦੀ ਹੈ: “ਨਾਈਜਲ ਨੇ ਮੈਨੂੰ ਕਿਹਾ, ‘ਜ਼ਿੰਦਾ ਰਹਿਣ ਲਈ ਸਾਰਿਆਂ ਨੂੰ ਰੋਟੀ-ਪਾਣੀ ਦੀ ਲੋੜ ਹੁੰਦੀ ਹੈ, ਤੈਨੂੰ ਵੀ ਰੋਟੀ-ਪਾਣੀ ਦੀ ਲੋੜ ਹੈ, ਪਰ ਇਸ ਦੇ ਨਾਲ-ਨਾਲ ਤੈਨੂੰ ਥੋੜ੍ਹੀ-ਬਹੁਤੀ ਇਨਸੁਲਿਨ ਦੀ ਵੀ ਜ਼ਰੂਰਤ ਹੈ।’ ਇਨ੍ਹਾਂ ਸ਼ਬਦਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ।”

ਪਰਿਵਾਰ ਦੇ ਜੀਆਂ ਅਤੇ ਦੋਸਤਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਖ਼ੂਨ ਵਿਚ ਸ਼ੱਕਰ ਦੇ ਘੱਟ-ਵੱਧ ਹੋਣ ਕਰਕੇ ਮਰੀਜ਼ ਦਾ ਮੂਡ ਵੀ ਬਦਲ ਸਕਦਾ ਹੈ। ਇਕ ਔਰਤ ਕਹਿੰਦੀ ਹੈ: “ਸ਼ੱਕਰ ਦੀ ਘਾਟ ਹੋਣ ਕਰਕੇ ਮੈਂ ਉਦਾਸ ਹੋ ਜਾਂਦੀ ਹਾਂ, ਚੁੱਪ-ਚੁੱਪ ਰਹਿਣ ਲੱਗਦੀ ਹਾਂ, ਛੇਤੀ ਖਿੱਝ ਜਾਂਦੀ ਹਾਂ ਅਤੇ ਨਿਰਾਸ਼ ਹੋ ਜਾਂਦੀ ਹਾਂ। ਫਿਰ ਮੈਨੂੰ ਬਹੁਤ ਬੁਰਾ ਲੱਗਦਾ ਹੈ ਕਿ ਮੈਂ ਬੱਚਿਆਂ ਵਰਗੀਆਂ ਹਰਕਤਾਂ ਕਰ ਰਹੀ ਹਾਂ। ਪਰ ਮੈਨੂੰ ਇਹ ਜਾਣ ਕੇ ਬਹੁਤ ਤਸੱਲੀ ਮਿਲਦੀ ਹੈ ਕਿ ਦੂਸਰਿਆਂ ਨੂੰ ਮੇਰੀ ਬੀਮਾਰੀ ਤੇ ਇਸ ਦੇ ਅਸਰਾਂ ਦਾ ਪੂਰਾ ਅੰਦਾਜ਼ਾ ਹੈ। ਫਿਰ ਵੀ ਮੈਂ ਆਪਣੇ ਮੂਡ ਉੱਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰਦੀ ਹਾਂ।”

ਸ਼ੱਕਰ ਰੋਗ ਉੱਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ, ਖ਼ਾਸ ਕਰਕੇ ਜੇ ਰੋਗੀ ਨੂੰ ਆਪਣੇ ਸਾਕ-ਸੰਬੰਧੀਆਂ ਦਾ ਸਹਾਰਾ ਮਿਲੇ। ਬਾਈਬਲ ਦੇ ਸਿਧਾਂਤ ਵੀ ਰੋਗੀ ਦੀ ਮਦਦ ਕਰ ਸਕਦੇ ਹਨ। ਆਓ ਆਪਾਂ ਦੇਖੀਏ ਕਿਵੇਂ। (g03 5/08)

[ਫੁਟਨੋਟ]

^ ਪੈਰਾ 8 ਸ਼ੂਗਰ ਕਰਕੇ ਦਿਲ ਦੇ ਰੋਗ, ਸਟ੍ਰੋਕ, ਗੁਰਦਿਆਂ ਦੀ ਬੀਮਾਰੀ, ਹੱਥਾਂ-ਪੈਰਾਂ ਵਿਚ ਖ਼ੂਨ ਦੀਆਂ ਨਾੜੀਆਂ ਦੇ ਸੁੰਗੜਨ ਅਤੇ ਨਸਾਂ ਦੇ ਸੁੰਨ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜੇ ਖ਼ੂਨ ਪੈਰਾਂ ਤਕ ਨਾ ਪਹੁੰਚੇ, ਤਾਂ ਪੈਰਾਂ ਤੇ ਫੋੜੇ ਨਿਕਲ ਸਕਦੇ ਹਨ ਅਤੇ ਜੇ ਜਲਦੀ ਇਲਾਜ ਨਾ ਕੀਤਾ ਜਾਵੇ, ਤਾਂ ਪੈਰ ਕੱਟਣੇ ਵੀ ਪੈ ਸਕਦੇ ਹਨ। ਬਾਲਗਾਂ ਵਿਚ ਅੰਨ੍ਹੇਪਣ ਦਾ ਸਭ ਤੋਂ ਵੱਡਾ ਕਾਰਨ ਸ਼ੱਕਰ ਰੋਗ ਹੈ।

^ ਪੈਰਾ 9 ਜਾਗਰੂਕ ਬਣੋ! ਕਿਸੇ ਵੀ ਤਰ੍ਹਾਂ ਦੇ ਇਲਾਜ ਦੀ ਪੁਸ਼ਟੀ ਨਹੀਂ ਕਰਦਾ। ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸ਼ੱਕਰ ਰੋਗ ਹੈ, ਤਾਂ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ। ਡਾਕਟਰ ਤੁਹਾਨੂੰ ਇਸ ਬੀਮਾਰੀ ਦੀ ਰੋਕਥਾਮ ਅਤੇ ਇਲਾਜ ਬਾਰੇ ਸਹੀ ਸਲਾਹ ਦੇ ਸਕੇਗਾ।

^ ਪੈਰਾ 11 ਲੱਕ ਉੱਤੇ ਚਰਬੀ ਚੜ੍ਹਨ ਨਾਲੋਂ ਪੇਟ ਤੇ ਚਰਬੀ ਚੜ੍ਹਨੀ ਜ਼ਿਆਦਾ ਖ਼ਤਰਨਾਕ ਹੁੰਦੀ ਹੈ।

^ ਪੈਰਾ 13 ਸਿਗਰਟ ਪੀਣ ਵਾਲਿਆਂ ਦੀ ਸਿਹਤ ਨੂੰ ਹੋਰ ਵੀ ਖ਼ਤਰਾ ਹੁੰਦਾ ਹੈ ਕਿਉਂਕਿ ਸਿਗਰਟ ਪੀਣ ਨਾਲ ਦਿਲ ਅਤੇ ਲਹੂ-ਸੰਚਾਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਖ਼ੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਹਨ। ਇਕ ਪੁਸਤਕ ਨੇ ਦੱਸਿਆ ਕਿ ਸ਼ੱਕਰ ਰੋਗ ਦੇ ਜਿਨ੍ਹਾਂ ਮਰੀਜ਼ਾਂ ਨੂੰ ਆਪਣੇ ਹੱਥ-ਪੈਰ ਕਟਵਾਉਣੇ ਪਏ, ਉਨ੍ਹਾਂ ਵਿੱਚੋਂ 95 ਫੀ ਸਦੀ ਮਰੀਜ਼ ਸਿਗਰਟਾਂ ਪੀਣ ਵਾਲੇ ਸਨ।

^ ਪੈਰਾ 16 ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਗੋਲੀਆਂ ਖਾਣ ਦੁਆਰਾ ਫ਼ਾਇਦਾ ਹੋਇਆ ਹੈ। ਕੁਝ ਗੋਲੀਆਂ ਪੈਨਕ੍ਰੀਅਸ ਨੂੰ ਹੋਰ ਇਨਸੁਲਿਨ ਪੈਦਾ ਕਰਨ ਵਿਚ ਮਦਦ ਦਿੰਦੀਆਂ ਹਨ, ਦੂਸਰੀਆਂ ਖ਼ੂਨ ਵਿਚ ਸ਼ੱਕਰ ਨੂੰ ਵਧਣ ਤੋਂ ਰੋਕਦੀਆਂ ਹਨ ਅਤੇ ਹੋਰ ਗੋਲੀਆਂ ਸਰੀਰ ਨੂੰ ਇਨਸੁਲਿਨ ਵਰਤਣ ਵਿਚ ਮਦਦ ਦਿੰਦੀਆਂ ਹਨ। (ਟਾਈਪ 1 ਡਾਈਬੀਟੀਜ਼ ਦੇ ਇਲਾਜ ਲਈ ਆਮ ਤੌਰ ਤੇ ਗੋਲੀਆਂ ਨਹੀਂ ਵਰਤੀਆਂ ਜਾਂਦੀਆਂ।) ਇਸ ਵੇਲੇ ਇਨਸੁਲਿਨ ਦੀਆਂ ਗੋਲੀਆਂ ਨਹੀਂ ਲਈਆਂ ਜਾ ਸਕਦੀਆਂ ਕਿਉਂਕਿ ਖ਼ੂਨ ਵਿਚ ਪਹੁੰਚਣ ਤੋਂ ਪਹਿਲਾਂ ਹੀ ਇਹ ਹਜ਼ਮ ਹੋ ਜਾਣਗੀਆਂ। ਭਾਵੇਂ ਤੁਹਾਡਾ ਇਲਾਜ ਇਨਸੁਲਿਨ ਨਾਲ ਹੋ ਰਿਹਾ ਹੈ ਜਾਂ ਗੋਲੀਆਂ ਨਾਲ, ਫਿਰ ਵੀ ਤੁਹਾਨੂੰ ਕਸਰਤ ਕਰਨ ਅਤੇ ਸਹੀ ਖ਼ੁਰਾਕ ਖਾਣ ਦੀ ਲੋੜ ਹੈ।

^ ਪੈਰਾ 26 ਡਾਕਟਰ ਲੋਕ ਸਲਾਹ ਦਿੰਦੇ ਹਨ ਕਿ ਸ਼ੂਗਰ ਦੇ ਰੋਗੀ ਦੂਸਰਿਆਂ ਨੂੰ ਆਪਣੀ ਬੀਮਾਰੀ ਬਾਰੇ ਦੱਸਣ ਲਈ ਹਮੇਸ਼ਾ ਆਪਣੇ ਨਾਲ ਇਕ ਕਾਰਡ ਰੱਖਣ ਅਤੇ ਗਲ਼ੇ ਜਾਂ ਬਾਂਹ ਤੇ ਕੋਈ ਚੇਨ ਜਾਂ ਵੰਗ ਪਾਉਣ ਜਿਸ ਤੇ ਦੱਸਿਆ ਹੋਵੇ ਕਿ ਉਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਹੈ। ਇਸ ਤਰ੍ਹਾਂ ਕਰਨ ਨਾਲ ਸੰਕਟ ਵੇਲੇ ਉਨ੍ਹਾਂ ਦੀ ਜਾਨ ਬਚ ਸਕਦੀ ਹੈ। ਮਿਸਾਲ ਲਈ, ਖ਼ੂਨ ਵਿਚ ਸ਼ੱਕਰ ਦੀ ਕਮੀ ਹੋਣ ਕਰਕੇ ਮਰੀਜ਼ ਦੀ ਹਾਲਤ ਨੂੰ ਦੇਖ ਕੇ ਲੋਕਾਂ ਨੂੰ ਭੁਲੇਖਾ ਲੱਗ ਸਕਦਾ ਹੈ ਕਿ ਉਸ ਨੂੰ ਕੋਈ ਹੋਰ ਬੀਮਾਰੀ ਹੈ ਜਾਂ ਉਹ ਸ਼ਰਾਬੀ ਹੈ।

[ਸਫ਼ੇ 6 ਉੱਤੇ ਡੱਬੀ/​ਤਸਵੀਰ]

ਕੀ ਨੌਜਵਾਨਾਂ ਨੂੰ ਵੀ ਸ਼ੱਕਰ ਰੋਗ ਲੱਗ ਸਕਦਾ ਹੈ?

ਨਿਊਯਾਰਕ ਦੇ ਇਕ ਮੈਡੀਕਲ ਸਕੂਲ ਦੇ ਡੀਨ ਡਾ. ਆਰਥਰ ਰੁਬੰਨਸਟਾਈਨ ਦਾ ਕਹਿਣਾ ਹੈ ਕਿ ਸ਼ੱਕਰ ਰੋਗ “ਨੌਜਵਾਨਾਂ ਨੂੰ ਵੀ ਲੱਗ ਰਿਹਾ ਹੈ।” ਇਹ ਰੋਗ ਹੁਣ ਘੱਟ ਉਮਰ ਵਿਚ ਵੀ ਹੋ ਰਿਹਾ ਹੈ। ਸ਼ੱਕਰ ਰੋਗ ਦੇ ਮਾਹਰ ਡਾ. ਰੌਬਿਨ ਗੋਲੈਂਡ ਨੇ ਟਾਈਪ 2 ਡਾਈਬੀਟੀਜ਼ ਬਾਰੇ ਕਿਹਾ: “ਦਸ ਸਾਲ ਪਹਿਲਾਂ ਅਸੀਂ ਮੈਡੀਕਲ ਸਟੂਡੈਂਟਸ ਨੂੰ ਸਿਖਾਉਂਦੇ ਸੀ ਕਿ ਇਹ ਰੋਗ 40 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਵਿਚ ਨਹੀਂ ਦੇਖਿਆ ਜਾਂਦਾ। ਪਰ ਹੁਣ ਇਹ ਰੋਗ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਲੱਗ ਰਿਹਾ ਹੈ।”

ਸ਼ੂਗਰ ਦੀ ਬੀਮਾਰੀ ਨੌਜਵਾਨਾਂ ਨੂੰ ਕਿਉਂ ਲੱਗ ਰਹੀ ਹੈ? ਇਹ ਖ਼ਾਨਦਾਨੀ ਹੋ ਸਕਦੀ ਹੈ। ਪਰ ਵਾਤਾਵਰਣ ਅਤੇ ਸਰੀਰ ਦਾ ਵਜ਼ਨ ਵੀ ਇਸ ਬੀਮਾਰੀ ਦੇ ਕਾਰਨ ਹੋ ਸਕਦੇ ਹਨ। ਪਿਛਲੇ 20 ਸਾਲਾਂ ਵਿਚ ਮੋਟੇ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਦਾ ਕਾਰਨ ਕੀ ਹੈ? ਇਕ ਅਮਰੀਕੀ ਡਾਕਟਰ ਨੇ ਕਿਹਾ: “ਪਿਛਲੇ 20 ਸਾਲਾਂ ਦੌਰਾਨ ਲੋਕਾਂ ਦੀਆਂ ਖਾਣ-ਪੀਣ ਅਤੇ ਕਸਰਤ ਕਰਨ ਦੀਆਂ ਆਦਤਾਂ ਵਿਚ ਕਾਫ਼ੀ ਤਬਦੀਲੀਆਂ ਆਈਆਂ ਹਨ। ਮਿਸਾਲ ਲਈ, ਪਹਿਲਾਂ ਨਾਲੋਂ ਅੱਜ-ਕੱਲ੍ਹ ਜ਼ਿਆਦਾ ਲੋਕ ਰੈਸਤੋਰਾਂ ਵਿਚ ਖਾਣ ਜਾਂਦੇ ਹਨ, ਉਹ ਸਵੇਰ ਨੂੰ ਨਾਸ਼ਤਾ ਨਹੀਂ ਕਰਦੇ, ਉਹ ਜ਼ਿਆਦਾ ਉਰਾ-ਪਰਾ ਖਾਂਦੇ-ਪੀਂਦੇ ਹਨ, ਸਕੂਲਾਂ ਵਿਚ ਬੱਚਿਆਂ ਤੋਂ ਘੱਟ ਕਸਰਤ ਕਰਾਈ ਜਾਂਦੀ ਹੈ ਅਤੇ ਪਹਿਲਾਂ ਵਾਂਗ ਹੁਣ ਕਈ ਸਕੂਲਾਂ ਵਿਚ ਅੱਧੀ ਛੁੱਟੀ ਵੀ ਨਹੀਂ ਦਿੱਤੀ ਜਾਂਦੀ।”

ਸ਼ੱਕਰ ਰੋਗ ਦਾ ਇਲਾਜ ਉਮਰ ਭਰ ਜਾਰੀ ਰਹਿੰਦਾ ਹੈ। ਇਸ ਲਈ ਉਸ ਨੌਜਵਾਨ ਦੀ ਸਲਾਹ ਮੰਨਣੀ ਬੁੱਧੀਮਤਾ ਦੀ ਗੱਲ ਹੋਵੇਗੀ ਜਿਸ ਨੇ ਕਿਹਾ: “ਐਵੇਂ ਉਰਾ-ਪਰਾ ਨਾ ਖਾਓ ਅਤੇ ਆਪਣੀ ਸਿਹਤ ਦਾ ਖ਼ਿਆਲ ਰੱਖੋ।”

[ਸਫ਼ੇ 8, 9 ਉੱਤੇ ਡੱਬੀ/​ਤਸਵੀਰ]

ਸਰੀਰ ਵਿਚ ਗਲੂਕੋਜ਼ ਦਾ ਕੀ ਕੰਮ ਹੈ?

ਗਲੂਕੋਜ਼ ਸਰੀਰ ਦੇ ਖਰਬਾਂ ਹੀ ਸੈੱਲਾਂ ਨੂੰ ਤਾਕਤ ਦਿੰਦਾ ਹੈ। ਪਰ ਸੈੱਲਾਂ ਦੇ ਅੰਦਰ ਵੜਨ ਲਈ ਇਸ ਨੂੰ ਇਨਸੁਲਿਨ ਨਾਂ ਦੇ ਰਸਾਇਣ ਦੀ ਲੋੜ ਹੁੰਦੀ ਹੈ ਜੋ ਪੈਨਕ੍ਰੀਅਸ ਨਾਂ ਦੀ ਪਾਚਕ-ਰਸ ਗਿਲ੍ਹਟੀ ਦੁਆਰਾ ਪੈਦਾ ਕੀਤਾ ਜਾਂਦਾ ਹੈ। ਸ਼ੱਕਰ ਰੋਗ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਟਾਈਪ 1 ਅਤੇ ਟਾਈਪ 2 ਕਿਹਾ ਜਾਂਦਾ ਹੈ। ਪਹਿਲੀ ਕਿਸਮ ਦੇ ਰੋਗ ਵਿਚ ਪੈਨਕ੍ਰੀਅਸ ਇਨਸੁਲਿਨ ਪੈਦਾ ਹੀ ਨਹੀਂ ਕਰਦਾ। ਦੂਜੀ ਕਿਸਮ ਦੇ ਰੋਗ ਵਿਚ ਸਰੀਰ ਬਹੁਤ ਥੋੜ੍ਹੀ ਇਨਸੁਲਿਨ ਪੈਦਾ ਕਰਦਾ ਹੈ ਅਤੇ ਸੈੱਲ ਇਨਸੁਲਿਨ ਨੂੰ ਅੰਦਰ ਨਹੀਂ ਵੜਨ ਦਿੰਦੇ। * ਦੋਨੋਂ ਕਿਸਮਾਂ ਦੇ ਸ਼ੱਕਰ ਰੋਗ ਦਾ ਨਤੀਜਾ ਇੱਕੋ ਹੈ: ਸੈੱਲਾਂ ਨੂੰ ਗਲੂਕੋਜ਼ ਨਹੀਂ ਮਿਲਦਾ ਅਤੇ ਖ਼ੂਨ ਵਿਚ ਸ਼ੱਕਰ ਵਧ ਜਾਂਦੀ ਹੈ।

ਜਿਸ ਵਿਅਕਤੀ ਨੂੰ ਪਹਿਲੀ ਕਿਸਮ ਦਾ ਸ਼ੱਕਰ ਰੋਗ ਹੁੰਦਾ ਹੈ, ਉਸ ਦੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਪੈਨਕ੍ਰੀਅਸ ਵਿਚ ਇਨਸੁਲਿਨ ਪੈਦਾ ਕਰਨ ਵਾਲੇ ਬੀਟਾ ਸੈੱਲਾਂ ਉੱਤੇ ਹਮਲਾ ਕਰਦੀ ਹੈ। ਇਸ ਤਰ੍ਹਾਂ, ਸਰੀਰ ਆਪਣੇ ਹੀ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦਾ ਕਾਰਨ ਸ਼ਾਇਦ ਕੋਈ ਵਾਇਰਸ, ਜ਼ਹਿਰੀਲੇ ਰਸਾਇਣ ਜਾਂ ਕੁਝ ਡ੍ਰੱਗਜ਼ ਹੋਣ। ਇਸ ਤਰ੍ਹਾਂ ਦਾ ਨੁਕਸ ਖ਼ਾਨਦਾਨੀ ਵੀ ਹੋ ਸਕਦਾ ਹੈ ਕਿਉਂਕਿ ਅਕਸਰ ਇਹ ਦੇਖਿਆ ਗਿਆ ਹੈ ਕਿ ਇੱਕੋ ਪਰਿਵਾਰ ਵਿਚ ਕਈ ਮੈਂਬਰਾਂ ਨੂੰ ਟਾਈਪ 1 ਡਾਈਬੀਟੀਜ਼ ਹੁੰਦਾ ਹੈ। ਇਹ ਜ਼ਿਆਦਾਤਰ ਗੋਰੀ ਨਸਲ ਦੇ ਲੋਕਾਂ ਵਿਚ ਦੇਖਿਆ ਜਾਂਦਾ ਹੈ।

ਦੂਜੀ ਕਿਸਮ ਦਾ ਸ਼ੱਕਰ ਰੋਗ ਆਮ ਤੌਰ ਤੇ ਖ਼ਾਨਦਾਨੀ ਹੀ ਹੁੰਦਾ ਹੈ ਅਤੇ ਇਹ ਬਾਕੀ ਦੀਆਂ ਨਸਲਾਂ ਦੇ ਲੋਕਾਂ ਵਿਚ ਜ਼ਿਆਦਾ ਦੇਖਿਆ ਜਾਂਦਾ ਹੈ। ਆਸਟ੍ਰੇਲੀਆ ਅਤੇ ਅਮਰੀਕਾ ਦੇ ਆਦਿਵਾਸੀਆਂ ਨੂੰ ਸਭ ਤੋਂ ਜ਼ਿਆਦਾ ਟਾਈਪ 2 ਡਾਈਬੀਟੀਜ਼ ਹੁੰਦਾ ਹੈ। ਖੋਜਕਾਰ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਖ਼ਾਨਦਾਨੀ ਬੀਮਾਰੀ ਅਤੇ ਮੋਟਾਪੇ ਵਿਚ ਕੀ ਸੰਬੰਧ ਹੈ। ਉਹ ਇਹ ਵੀ ਜਾਣਨ ਦਾ ਜਤਨ ਕਰ ਰਹੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਜਮਾਂਦਰੂ ਤੌਰ ਤੇ ਇਹ ਰੋਗ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਉਨ੍ਹਾਂ ਦੇ ਮੋਟਾਪੇ ਦਾ ਸੈੱਲਾਂ ਉੱਤੇ ਕੀ ਅਸਰ ਪੈਂਦਾ ਹੈ ਜਿਸ ਕਰਕੇ ਸੈੱਲ ਇਨਸੁਲਿਨ ਨੂੰ ਆਪਣੇ ਅੰਦਰ ਵੜਨ ਨਹੀਂ ਦਿੰਦੇ। * ਟਾਈਪ 1 ਡਾਈਬੀਟੀਜ਼ ਦੇ ਉਲਟ, ਟਾਈਪ 2 ਡਾਈਬੀਟੀਜ਼ ਆਮ ਤੌਰ ਤੇ 40 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦਾ ਹੈ।

[ਫੁਟਨੋਟ]

^ ਪੈਰਾ 44 ਸ਼ੱਕਰ ਰੋਗ ਦੇ ਲਗਭਗ 90 ਫੀ ਸਦੀ ਮਰੀਜ਼ਾਂ ਨੂੰ ਦੂਜੀ ਕਿਸਮ ਦਾ ਸ਼ੱਕਰ ਰੋਗ ਹੁੰਦਾ ਹੈ। ਪਹਿਲਾਂ ਇਸ ਨੂੰ ਇਨਸੁਲਿਨ ਤੇ ਨਿਰਭਰ ਨਾ ਹੋਣ ਵਾਲਾ ਰੋਗ ਜਾਂ ਸਿਰਫ਼ ਬਾਲਗਾਂ ਵਿਚ ਹੋਣ ਵਾਲਾ ਰੋਗ ਕਿਹਾ ਜਾਂਦਾ ਸੀ। ਪਰ ਇਹ ਗ਼ਲਤ ਹੈ ਕਿਉਂਕਿ ਦੂਜੀ ਕਿਸਮ ਦੇ ਸ਼ੱਕਰ ਰੋਗ ਨਾਲ ਪੀੜਿਤ ਤਕਰੀਬਨ 40 ਫੀ ਸਦੀ ਲੋਕਾਂ ਨੂੰ ਇਨਸੁਲਿਨ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਨੌਜਵਾਨਾਂ ਨੂੰ ਅਤੇ ਕਈ ਬੱਚਿਆਂ ਨੂੰ ਵੀ ਇਸ ਕਿਸਮ ਦਾ ਰੋਗ ਲੱਗ ਰਿਹਾ ਹੈ।

^ ਪੈਰਾ 46 ਇਕ ਵਿਅਕਤੀ ਨੂੰ ਉਦੋਂ ਮੋਟਾ ਸਮਝਿਆ ਜਾਂਦਾ ਹੈ ਜਦੋਂ ਉਸ ਦਾ ਵਜ਼ਨ ਸਾਧਾਰਣ ਵਜ਼ਨ ਤੋਂ 20 ਪ੍ਰਤਿਸ਼ਤ ਜ਼ਿਆਦਾ ਹੁੰਦਾ ਹੈ।

[ਤਸਵੀਰ]

ਗਲੂਕੋਜ਼ ਅਣੂ

[ਕ੍ਰੈਡਿਟ ਲਾਈਨ]

Courtesy: Pacific Northwest National Laboratory

[ਸਫ਼ੇ 9 ਉੱਤੇ ਡੱਬੀ]

ਸਰੀਰ ਵਿਚ ਪੈਨਕ੍ਰੀਅਸ ਦਾ ਕੀ ਕੰਮ ਹੈ?

ਪੈਨਕ੍ਰੀਅਸ ਢਿੱਡ ਦੇ ਪਿੱਛੇ ਜੀਭ ਦੀ ਸ਼ਕਲ ਵਾਲਾ ਅੰਗ ਹੈ। ਪੈਨਕ੍ਰੀਅਸ ਵਿਚ ਬੀਟਾ ਸੈੱਲ ਹੀ ਇਨਸੁਲਿਨ ਹਾਰਮੋਨ ਨੂੰ ਪੈਦਾ ਕਰਦੇ ਹਨ। ਸ਼ੱਕਰ ਰੋਗ ਬਾਰੇ ਇਕ ਪੁਸਤਕ ਕਹਿੰਦੀ ਹੈ: “ਨਿਰੋਗ ਪੈਨਕ੍ਰੀਅਸ ਉੱਤਮ ਤਰੀਕੇ ਨਾਲ ਲਹੂ ਵਿਚ ਸ਼ੱਕਰ ਦੀ ਮਾਤਰਾ ਸਹੀ ਰੱਖਣ ਦਾ ਬਹੁਤ ਜ਼ਰੂਰੀ ਕੰਮ ਕਰਦਾ ਹੈ। ਪੂਰੇ ਦਿਨ ਦੌਰਾਨ ਗਲੂਕੋਜ਼ ਦੀ ਮਾਤਰਾ ਘੱਟਦੀ-ਵਧਦੀ ਰਹਿੰਦੀ ਹੈ ਅਤੇ ਇਹ ਅੰਗ ਜ਼ਰੂਰਤ ਅਨੁਸਾਰ ਇਨਸੁਲਿਨ ਦੀ ਸਹੀ ਮਾਤਰਾ ਪੈਦਾ ਕਰਦਾ ਰਹਿੰਦਾ ਹੈ।”

ਜਦੋਂ ਬੀਟਾ ਸੈੱਲ ਇਨਸੁਲਿਨ ਦੀ ਸਹੀ ਮਾਤਰਾ ਪੈਦਾ ਨਹੀਂ ਕਰਦੇ, ਤਾਂ ਖ਼ੂਨ ਵਿਚ ਗਲੂਕੋਜ਼ ਜ਼ਿਆਦਾ ਹੋ ਜਾਂਦਾ ਹੈ। ਇਸ ਦੇ ਉਲਟ ਖ਼ੂਨ ਵਿਚ ਗਲੂਕੋਜ਼ ਦੀ ਮਾਤਰਾ ਬਹੁਤ ਘੱਟ ਵੀ ਸਕਦੀ ਹੈ। ਪੈਨਕ੍ਰੀਅਸ ਦੇ ਨਾਲ-ਨਾਲ ਜਿਗਰ ਵੀ ਖ਼ੂਨ ਵਿਚ ਸ਼ੱਕਰ ਦੀ ਸਹੀ ਮਾਤਰਾ ਰੱਖਣ ਵਿਚ ਮਦਦ ਕਰਦਾ ਹੈ। ਇਹ ਵਾਧੂ ਗਲੂਕੋਜ਼ ਨੂੰ ਗਲਾਈਕੋਜਨ ਵਿਚ ਬਦਲ ਕੇ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ। ਜਦੋਂ ਪੈਨਕ੍ਰੀਅਸ ਹੁਕਮ ਦਿੰਦਾ ਹੈ, ਤਾਂ ਜਿਗਰ ਗਲਾਈਕੋਜਨ ਨੂੰ ਸਰੀਰ ਦੇ ਉਪਯੋਗ ਲਈ ਦੁਬਾਰਾ ਸ਼ੱਕਰ ਵਿਚ ਬਦਲ ਦਿੰਦਾ ਹੈ।

[ਸਫ਼ੇ 9 ਉੱਤੇ ਡੱਬੀ/​ਤਸਵੀਰ]

ਸਰੀਰ ਵਿਚ ਸ਼ੱਕਰ ਦਾ ਕੀ ਕੰਮ ਹੈ?

ਇਹ ਇਕ ਆਮ ਗ਼ਲਤਫ਼ਹਿਮੀ ਹੈ ਕਿ ਬਹੁਤ ਮਿੱਠੀਆਂ ਚੀਜ਼ਾਂ ਖਾਣ ਕਰਕੇ ਸ਼ੱਕਰ ਰੋਗ ਲੱਗਦਾ ਹੈ। ਪਰ ਡਾਕਟਰੀ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਮਿੱਠਾ ਖਾਣ ਨਾਲੋਂ ਮੋਟੇ ਹੋਣ ਨਾਲ ਇਹ ਰੋਗ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਖ਼ਾਸ ਕਰਕੇ ਇਹ ਰੋਗ ਉਨ੍ਹਾਂ ਮੋਟੇ ਲੋਕਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਪਰਿਵਾਰ ਵਿਚ ਇਹ ਰੋਗ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਆਇਆ ਹੈ। ਫਿਰ ਵੀ, ਜ਼ਿਆਦਾ ਸ਼ੱਕਰ ਖਾਣੀ ਸਿਹਤ ਲਈ ਚੰਗੀ ਨਹੀਂ ਹੁੰਦੀ ਕਿਉਂਕਿ ਸਰੀਰ ਨੂੰ ਇਸ ਦਾ ਫ਼ਾਇਦਾ ਘੱਟ ਹੁੰਦਾ ਹੈ ਅਤੇ ਇਹ ਮੋਟਾਪਾ ਵਧਾਉਂਦੀ ਹੈ।

ਲੋਕਾਂ ਦੀ ਇਕ ਹੋਰ ਗ਼ਲਤਫ਼ਹਿਮੀ ਇਹ ਹੈ ਕਿ ਸ਼ੂਗਰ ਦੇ ਰੋਗੀਆਂ ਦਾ ਹਮੇਸ਼ਾ ਮਿੱਠੀਆਂ ਚੀਜ਼ਾਂ ਖਾਣ ਨੂੰ ਜੀਅ ਕਰਦਾ ਹੈ। ਸੱਚ ਤਾਂ ਇਹ ਹੈ ਕਿ ਉਹ ਦੂਸਰੇ ਆਮ ਲੋਕਾਂ ਵਾਂਗ ਹੀ ਮਿੱਠਾ ਖਾਣਾ ਪਸੰਦ ਕਰਦੇ ਹਨ। ਜਦੋਂ ਸ਼ੱਕਰ ਰੋਗ ਨੂੰ ਕਾਬੂ ਨਹੀਂ ਕੀਤਾ ਜਾਂਦਾ, ਤਾਂ ਇਸ ਨਾਲ ਭੁੱਖ ਬਹੁਤ ਵਧਦੀ ਹੈ ਪਰ ਸ਼ੱਕਰ ਖਾਣ ਦੀ ਭੁੱਖ ਨਹੀਂ। ਸ਼ੂਗਰ ਦੇ ਰੋਗੀ ਮਿੱਠਾ ਖਾ ਸਕਦੇ ਹਨ, ਪਰ ਉਨ੍ਹਾਂ ਨੂੰ ਆਪਣੀ ਖ਼ੁਰਾਕ ਨੂੰ ਧਿਆਨ ਵਿਚ ਰੱਖਦੇ ਹੋਏ ਹਿਸਾਬ ਨਾਲ ਸ਼ੱਕਰ ਖਾਣੀ ਚਾਹੀਦੀ ਹੈ।

ਹਾਲ ਹੀ ਦੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਫਲ-ਸਬਜ਼ੀਆਂ ਵਿਚ ਪਾਈ ਜਾਂਦੀ ਸ਼ੱਕਰ ਮੋਟੇ-ਪਤਲੇ ਦੋਨਾਂ ਜਾਨਵਰਾਂ ਦੇ ਸਰੀਰ ਵਿਚ ਇਨਸੁਲਿਨ ਦੇ ਅਸਰ ਨੂੰ ਰੋਕ ਸਕਦੀ ਹੈ ਅਤੇ ਉਨ੍ਹਾਂ ਵਿਚ ਸ਼ੱਕਰ ਰੋਗ ਵੀ ਪੈਦਾ ਕਰ ਸਕਦੀ ਹੈ।

[ਸਫ਼ੇ 8, 9 ਉੱਤੇ ਡਾਇਆਗ੍ਰਾਮ/ਤਸਵੀਰਾਂ]

ਸ਼ੂਗਰ ਦੀ ਬੀਮਾਰੀ ਕੀ ਹੈ?

ਪੈਨਕ੍ਰੀਅਸ

ਤੰਦਰੁਸਤ ਇਨਸਾਨ

ਰੋਟੀ ਖਾਣ ਤੋਂ ਬਾਅਦ ਖ਼ੂਨ ਵਿਚ ਗਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ, ਇਸ ਲਈ ਪੈਨਕ੍ਰੀਅਸ ਇਨਸੁਲਿਨ ਦੀ ਸਹੀ ਮਾਤਰਾ ਪੈਦਾ ਕਰਦਾ ਹੈ

ਇਨਸੁਲਿਨ ਦੇ ਅਣੂ ਮਾਸ-ਪੇਸ਼ੀਆਂ ਦੇ ਸੈੱਲਾਂ ਦੇ ਰੀਸੈਪਟਰਾਂ ਨਾਲ ਜੁੜ ਜਾਂਦੇ ਹਨ। ਇਸ ਨਾਲ ਸੈੱਲ ਦਾ ਪੋਰਟਲ ਜਾਂ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਅਤੇ ਗਲੂਕੋਜ਼ ਦੇ ਅਣੂ ਅੰਦਰ ਦਾਖ਼ਲ ਹੋ ਜਾਂਦੇ ਹਨ

ਮਾਸਪੇਸ਼ੀਆਂ ਗਲੂਕੋਜ਼ ਨੂੰ ਵਰਤ ਕੇ ਸਰੀਰ ਨੂੰ ਤਾਕਤ ਦਿੰਦੀਆਂ ਹਨ। ਇਸ ਤਰ੍ਹਾਂ ਖ਼ੂਨ ਵਿਚ ਗਲੂਕੋਜ਼ ਦੀ ਮਾਤਰਾ ਦੁਬਾਰਾ ਸਹੀ ਹੋ ਜਾਂਦੀ ਹੈ

ਟਾਈਪ 1 ਡਾਈਬੀਟੀਜ਼

ਸਰੀਰ ਦੀ ਸੁਰੱਖਿਆ ਪ੍ਰਣਾਲੀ ਪੈਨਕ੍ਰੀਅਸ ਵਿਚ ਇਨਸੁਲਿਨ ਪੈਦਾ ਕਰਨ ਵਾਲੇ ਬੀਟਾ ਸੈੱਲਾਂ ਉੱਤੇ ਹਮਲਾ ਕਰਦੀ ਹੈ। ਨਤੀਜੇ ਵਜੋਂ ਇਨਸੁਲਿਨ ਪੈਦਾ ਨਹੀਂ ਹੁੰਦੀ

ਇਨਸੁਲਿਨ ਬਗੈਰ ਗਲੂਕੋਜ਼ ਦੇ ਅਣੂ ਸੈੱਲਾਂ ਦੇ ਅੰਦਰ ਨਹੀਂ ਵੜ ਸਕਦੇ

ਟਾਈਪ 2 ਡਾਈਬੀਟੀਜ਼

ਆਮ ਤੌਰ ਤੇ ਪੈਨਕ੍ਰੀਅਸ ਘੱਟ ਇਨਸੁਲਿਨ ਪੈਦਾ ਕਰਦਾ ਹੈ

ਜੇ ਸੈੱਲ ਉਤਲੇ ਰੀਸੈਪਟਰ ਇਨਸੁਲਿਨ ਨੂੰ ਸੈੱਲ ਨਾਲ ਜੁੜਨ ਨਹੀਂ ਦਿੰਦੇ, ਤਾਂ ਸੈੱਲ ਦੇ ਪੋਰਟਲ ਨਹੀਂ ਖੁੱਲ੍ਹਦੇ ਜਿਸ ਕਰਕੇ ਸੈੱਲ ਖ਼ੂਨ ਵਿੱਚੋਂ ਗਲੂਕੋਜ਼ ਨੂੰ ਅੰਦਰ ਨਹੀਂ ਵਾੜ ਪਾਉਂਦੇ

ਖ਼ੂਨ ਵਿਚ ਗਲੂਕੋਜ਼ ਵਧ ਜਾਂਦਾ ਹੈ ਅਤੇ ਇਹ ਸਰੀਰ ਵਿਚ ਸਮੱਸਿਆਵਾਂ ਪੈਦਾ ਕਰਦਾ ਹੈ ਤੇ ਲਹੂ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ

[ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸੈੱਲ

ਰੀਸੈਪਟਰ

ਪੋਰਟਲ

ਇਨਸੁਲਿਨ

ਨਿਊਕਲੀਅਸ

ਗਲੂਕੋਜ਼

[ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਖ਼ੂਨ ਦੀ ਨਾੜੀ

ਖ਼ੂਨ ਦੇ ਲਾਲ ਸੈੱਲ

ਗਲੂਕੋਜ਼

[ਕ੍ਰੈਡਿਟ ਲਾਈਨ]

Man: The Complete Encyclopedia of Illustration/J. G. Heck

[ਸਫ਼ੇ 7 ਉੱਤੇ ਤਸਵੀਰ]

ਸ਼ੂਗਰ ਦੇ ਰੋਗੀਆਂ ਲਈ ਸਹੀ ਖ਼ੁਰਾਕ ਬਹੁਤ ਜ਼ਰੂਰੀ ਹੈ

[ਸਫ਼ੇ 10 ਉੱਤੇ ਤਸਵੀਰ]

ਸ਼ੂਗਰ ਦੇ ਰੋਗੀ ਜ਼ਿੰਦਗੀ ਦੇ ਆਮ ਕੰਮ-ਕਾਰ ਕਰ ਸਕਦੇ ਹਨ