Skip to content

Skip to table of contents

ਦੁੱਧ ਨਾ ਪਚਣ ਦੀ ਸਮੱਸਿਆ

ਦੁੱਧ ਨਾ ਪਚਣ ਦੀ ਸਮੱਸਿਆ

ਦੁੱਧ ਨਾ ਪਚਣ ਦੀ ਸਮੱਸਿਆ

ਕ ਲਪਨਾ ਕਰੋ ਕਿ ਤੁਸੀਂ ਮਜ਼ੇ ਨਾਲ ਆਪਣੀ ਮਨ-ਪਸੰਦ ਆਈਸ-ਕ੍ਰੀਮ ਜਾਂ ਮਟਰ-ਪਨੀਰ ਦੀ ਸਬਜ਼ੀ ਖਾ ਰਹੇ ਹੋ। ਪਰ ਤਕਰੀਬਨ ਇਕ ਘੰਟੇ ਬਾਅਦ ਤੁਹਾਡੇ ਪੇਟ ਵਿਚ ਤਕਲੀਫ਼ ਹੋਣ ਲੱਗ ਪੈਂਦੀ ਹੈ ਅਤੇ ਤੁਹਾਡਾ ਢਿੱਡ ਆਫਰ ਜਾਂਦਾ ਹੈ। ਤੁਹਾਨੂੰ ਅਕਸਰ ਇਹ ਤਕਲੀਫ਼ ਰਹਿੰਦੀ ਹੈ, ਇਸ ਲਈ ਤੁਸੀਂ ਡਾਕਟਰ ਤੋਂ ਮਿਲੀ ਦਵਾਈ ਲੈਂਦੇ ਹੋ ਜਿਸ ਨਾਲ ਤੁਹਾਨੂੰ ਥੋੜ੍ਹਾ-ਬਹੁਤਾ ਆਰਾਮ ਆਉਂਦਾ ਹੈ। ਪਰ ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛਦੇ ਹੋ, ‘ਮੇਰੇ ਪੇਟ ਵਿਚ ਕਿਉਂ ਇੰਨਾ ਦਰਦ ਹੋਣ ਲੱਗ ਪੈਂਦਾ ਹੈ?’

ਜੇ ਦੁੱਧ ਪੀਣ ਜਾਂ ਦੁੱਧ ਦੀਆਂ ਬਣੀਆਂ ਚੀਜ਼ਾਂ ਖਾਣ ਤੋਂ ਬਾਅਦ ਤੁਹਾਡਾ ਦਿਲ ਕੱਚਾ-ਕੱਚਾ ਹੁੰਦਾ ਹੈ, ਤੁਹਾਡੇ ਢਿੱਡ ਵਿਚ ਪੀੜ ਹੁੰਦੀ ਹੈ, ਢਿੱਡ ਸੁੱਜ ਜਾਂਦਾ ਹੈ ਜਾਂ ਤੁਹਾਨੂੰ ਗੈਸ ਦੀ ਸਮੱਸਿਆ ਹੈ ਜਾਂ ਤੁਹਾਨੂੰ ਮਰੋੜ ਲੱਗ ਜਾਂਦੇ ਹਨ, ਤਾਂ ਹੋ ਸਕਦਾ ਹੈ ਕਿ ਤੁਹਾਡਾ ਸਰੀਰ ਲੈਕਟੋਜ਼ ਹਜ਼ਮ ਨਹੀਂ ਕਰ ਪਾ ਰਿਹਾ। ਕਈਆਂ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ। ਸ਼ੱਕਰ ਰੋਗ, ਪਾਚਨ-ਪ੍ਰਣਾਲੀ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਦੀ ਖੋਜ ਕਰਨ ਵਾਲੀ ਇਕ ਸੰਸਥਾ ਨੇ ਕਿਹਾ: “ਤਕਰੀਬਨ ਤਿੰਨ ਤੋਂ ਪੰਜ ਕਰੋੜ ਅਮਰੀਕੀ ਲੋਕਾਂ ਨੂੰ ਇਹ ਸਮੱਸਿਆ ਹੈ।” ਹਾਵਰਡ ਮੈਡੀਕਲ ਸਕੂਲ ਦੁਆਰਾ ਪ੍ਰਕਾਸ਼ਿਤ ਇਕ ਕਿਤਾਬ ਮੁਤਾਬਕ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ “ਦੁਨੀਆਂ ਭਰ ਵਿਚ 70 ਫੀ ਸਦੀ ਲੋਕਾਂ ਨੂੰ ਲੈਕਟੋਜ਼ ਹਜ਼ਮ ਕਰਨ ਵਿਚ ਮੁਸ਼ਕਲ ਆਉਂਦੀ ਹੈ।” ਤਾਂ ਫਿਰ, ਇਹ ਸਮੱਸਿਆ ਕੀ ਹੈ?

ਪਹਿਲਾ ਸਵਾਲ ਹੈ: ਲੈਕਟੋਜ਼ ਕੀ ਹੈ? ਇਹ ਦੁੱਧ ਵਿਚਲੀ ਸ਼ੱਕਰ ਹੈ। ਸਾਡੇ ਢਿੱਡ ਦੀ ਛੋਟੀ ਅੰਤੜੀ ਲੈਕਟੇਜ਼ ਨਾਂ ਦਾ ਐਨਜ਼ਾਈਮ (ਰਸਾਇਣੀ ਖ਼ਮੀਰ) ਬਣਾਉਂਦੀ ਹੈ। ਇਸ ਦਾ ਮਕਸਦ ਹੈ ਲੈਕਟੋਜ਼ ਨੂੰ ਦੋ ਤਰ੍ਹਾਂ ਦੀ ਸ਼ੱਕਰ ਵਿਚ ਤਬਦੀਲ ਕਰਨਾ ਯਾਨੀ ਗਲੂਕੋਜ਼ ਅਤੇ ਗਲੈਕਟੋਜ਼। ਇਸ ਤਰ੍ਹਾਂ ਹੋਣ ਨਾਲ ਗਲੂਕੋਜ਼ ਲਹੂ ਵਿਚ ਘੁੱਲ ਸਕਦਾ ਹੈ। ਜੇਕਰ ਛੋਟੀ ਅੰਤੜੀ ਕਾਫ਼ੀ ਮਾਤਰਾ ਵਿਚ ਲੈਕਟੇਜ਼ ਨਹੀਂ ਬਣਾਉਂਦੀ, ਤਾਂ ਲੈਕਟੋਜ਼ ਵੱਡੀ ਅੰਤੜੀ ਵਿਚ ਚਲਾ ਜਾਂਦਾ ਹੈ। ਉੱਥੇ ਪਹੁੰਚ ਕੇ ਇਹ ਐਸਿਡ ਅਤੇ ਗੈਸ ਵਿਚ ਬਦਲ ਜਾਂਦਾ ਹੈ।

ਜਦੋਂ ਮਰੀਜ਼ ਆਪਣੇ ਸਰੀਰ ਵਿਚ ਉੱਪਰ ਦੱਸੀਆਂ ਅਲਾਮਤਾਂ ਦੇਖਦਾ ਹੈ, ਤਾਂ ਕਿਹਾ ਜਾਂਦਾ ਹੈ ਉਸ ਨੂੰ ਲੈਕਟੋਜ਼ ਹਜ਼ਮ ਨਾ ਕਰਨ ਦੀ ਸਮੱਸਿਆ ਹੈ। ਜ਼ਿੰਦਗੀ ਦੇ ਪਹਿਲੇ ਦੋ ਸਾਲਾਂ ਵਿਚ ਸਰੀਰ ਵਿਚ ਕਾਫ਼ੀ ਲੈਕਟੇਜ਼ ਪੈਦਾ ਹੁੰਦਾ ਹੈ, ਪਰ ਇਸ ਤੋਂ ਬਾਅਦ ਇਹ ਮਾਤਰਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਕਈਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਇਹ ਕਸਰ ਹੈ।

ਕੀ ਇਹ ਇਕ ਅਲਰਜੀ ਹੈ?

ਕਈ ਸੋਚਦੇ ਹਨ ਕਿ ਉਨ੍ਹਾਂ ਨੂੰ ਦੁੱਧ ਤੋਂ ਅਲਰਜੀ ਹੈ ਕਿਉਂਕਿ ਉਹ ਦੁੱਧ ਜਾਂ ਇਸ ਤੋਂ ਬਣੀ ਹੋਈ ਚੀਜ਼ ਖਾਣ ਤੋਂ ਬਾਅਦ ਉੱਪਰ ਦੱਸੀਆਂ ਅਲਾਮਤਾਂ ਮਹਿਸੂਸ ਕਰਦੇ ਹਨ। ਤਾਂ ਫਿਰ ਕੀ ਇਹ ਅਲਰਜੀ ਹੈ ਜਾਂ ਹਜ਼ਮ ਕਰਨ ਦੀ ਸਮੱਸਿਆ? ਕੁਝ ਮਾਹਰਾਂ ਮੁਤਾਬਕ ਬਹੁਤ ਘੱਟ ਲੋਕਾਂ ਨੂੰ ਭੋਜਨ ਨਾਲ ਸੰਬੰਧਿਤ ਅਲਰਜੀਆਂ ਹੁੰਦੀਆਂ ਹਨ। ਉਹ ਕਹਿੰਦੇ ਹਨ ਕਿ ਦੁਨੀਆਂ ਭਰ ਵਿਚ ਸਿਰਫ਼ 1 ਤੋਂ 2 ਫੀ ਸਦੀ ਲੋਕਾਂ ਨੂੰ ਅਜਿਹੀਆਂ ਅਲਰਜੀਆਂ ਹੁੰਦੀਆਂ ਹਨ। ਬੱਚਿਆਂ ਵਿਚ ਇਨ੍ਹਾਂ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਪਰ ਫਿਰ ਵੀ 8 ਫੀ ਸਦੀ ਤੋਂ ਘੱਟ ਬੱਚਿਆਂ ਨੂੰ ਇਸ ਤਰ੍ਹਾਂ ਹੁੰਦਾ ਹੈ। ਭਾਵੇਂ ਕਿ ਅਲਰਜੀ ਅਤੇ ਲੈਕਟੋਜ਼ ਨਾ ਹਜ਼ਮ ਕਰਨ ਦੀ ਸਮੱਸਿਆ ਦੀਆਂ ਅਲਾਮਤਾਂ ਸਮਾਨ ਲੱਗਦੀਆਂ ਹਨ, ਪਰ ਇਨ੍ਹਾਂ ਵਿਚ ਕਈ ਫ਼ਰਕ ਵੀ ਹਨ।

ਜਦੋਂ ਭੋਜਨ ਨਾਲ ਸੰਬੰਧਿਤ ਅਲਰਜੀ ਹੁੰਦੀ ਹੈ, ਤਾਂ ਉਸ ਚੀਜ਼ ਨੂੰ ਖਾਣ-ਪੀਣ ਤੇ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ (immune system) ਸਰੀਰ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਸਰੀਰ ਵਿਚ ਹਿਸਟਾਮੀਨ ਨਾਂ ਦਾ ਪਦਾਰਥ ਪੈਦਾ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਜੀਭ ਜਾਂ ਬੁੱਲ੍ਹ ਸੁੱਜ ਸਕਦੇ ਹਨ, ਛਪਾਕੀ ਨਿਕਲ ਸਕਦੀ ਹੈ ਜਾਂ ਦਮਾ ਹੋ ਸਕਦਾ ਹੈ। ਇਹ ਅਲਾਮਤਾਂ ਲੈਕਟੋਜ਼ ਹਜ਼ਮ ਨਾ ਕਰਨ ਕਰਕੇ ਨਹੀਂ ਹੁੰਦੀਆਂ। ਲੈਕਟੋਜ਼ ਦੀ ਸਮੱਸਿਆ ਦੀਆਂ ਅਲਾਮਤਾਂ ਪਾਚਨ-ਪ੍ਰਣਾਲੀ ਕਰਕੇ ਪੈਦਾ ਹੁੰਦੀਆਂ ਹਨ, ਨਾ ਕਿ ਸਰੀਰ ਦੀ ਰੱਖਿਆ ਪ੍ਰਣਾਲੀ ਕਰਕੇ।

ਤੁਸੀਂ ਅਲਰਜੀਆਂ ਅਤੇ ਲੈਕਟੋਜ਼ ਹਜ਼ਮ ਨਾ ਕਰਨ ਦੀ ਸਮੱਸਿਆ ਵਿਚ ਕਿੱਦਾਂ ਫ਼ਰਕ ਦੇਖ ਸਕਦੇ ਹੋ? ਹਾਵਰਡ ਮੈਡੀਕਲ ਸਕੂਲ ਦੀ ਉੱਪਰ ਦੱਸੀ ਕਿਤਾਬ ਨੇ ਕਿਹਾ: “ਜੇ ਕਿਸੇ ਨੂੰ ਸੱਚ-ਮੁੱਚ ਅਲਰਜੀ ਹੈ, ਤਾਂ ਖਾਣ ਪਿੱਛੋਂ ਕੁਝ ਮਿੰਟਾਂ ਹੀ ਬਾਅਦ ਉਸ ਨੂੰ ਤਕਲੀਫ਼ ਸ਼ੁਰੂ ਹੋ ਜਾਵੇਗੀ। ਜੇ ਇਕ ਘੰਟੇ ਤੋਂ ਜ਼ਿਆਦਾ ਸਮੇਂ ਬਾਅਦ ਅਲਾਮਤਾਂ ਸ਼ੁਰੂ ਹੁੰਦੀਆਂ ਹਨ, ਤਾਂ ਸੰਭਵ ਹੈ ਕਿ ਉਸ ਨੂੰ ਉਸ ਚੀਜ਼ ਨੂੰ ਹਜ਼ਮ ਨਾ ਕਰਨ ਦੀ ਸਮੱਸਿਆ ਹੈ।”

ਬੱਚਿਆਂ ਉੱਤੇ ਅਸਰ

ਜਦੋਂ ਬੱਚੇ ਨੂੰ ਦੁੱਧ ਪੀਣ ਨਾਲ ਤਕਲੀਫ਼ ਹੁੰਦੀ ਹੈ, ਤਾਂ ਬੱਚੇ ਅਤੇ ਮਾਪਿਆਂ ਦੋਹਾਂ ਨੂੰ ਪਰੇਸ਼ਾਨੀ ਹੁੰਦੀ ਹੈ। ਜੇ ਬੱਚੇ ਨੂੰ ਟੱਟੀਆਂ ਲੱਗ ਜਾਣ, ਤਾਂ ਉਸ ਦੇ ਸਰੀਰ ਵਿਚ ਪਾਣੀ ਖ਼ਤਮ ਹੋ ਸਕਦਾ ਹੈ। ਇਸ ਲਈ ਮਾਪਿਆਂ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜਦੋਂ ਇਹ ਪਤਾ ਲੱਗਦਾ ਹੈ ਕਿ ਬੱਚੇ ਨੂੰ ਦੁੱਧ ਨਹੀਂ ਪਚਦਾ, ਤਾਂ ਕੁਝ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਬੱਚੇ ਨੂੰ ਕੋਈ ਹੋਰ ਆਹਾਰ ਦਿੱਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਕਈ ਬੱਚਿਆਂ ਨੂੰ ਤਕਲੀਫ਼ ਤੋਂ ਆਰਾਮ ਮਿਲਿਆ ਹੈ।

ਜੇ ਬੱਚੇ ਨੂੰ ਅਲਰਜੀ ਹੋਵੇ, ਤਾਂ ਇਹ ਜ਼ਿਆਦਾ ਗੰਭੀਰ ਗੱਲ ਹੈ। ਕੁਝ ਡਾਕਟਰ ਉਨ੍ਹਾਂ ਨੂੰ ਐਂਟੀਹਿਸਟਾਮੀਨ ਦਵਾਈ ਦਿੰਦੇ ਹਨ। ਪਰ, ਜੇਕਰ ਬੱਚੇ ਨੂੰ ਸਹੀ ਤਰ੍ਹਾਂ ਸਾਹ ਨਹੀਂ ਆਉਂਦਾ, ਤਾਂ ਡਾਕਟਰ ਨੂੰ ਸ਼ਾਇਦ ਹੋਰ ਤਰੀਕੇ ਨਾਲ ਇਲਾਜ ਕਰਨਾ ਪਵੇ। ਕੁਝ ਗੰਭੀਰ, ਪਰ ਵਿਰਲੇ ਕੇਸਾਂ ਵਿਚ ਇਲਾਜ ਦਾ ਬੱਚੇ ਉੱਤੇ ਉਲਟਾ ਅਸਰ ਪੈਂਦਾ ਹੈ ਜਿਸ ਕਰਕੇ ਉਹ ਆਪਣੀ ਜਾਨ ਗੁਆ ਸਕਦਾ ਹੈ।

ਜੇ ਬੱਚਾ ਉਲਟੀਆਂ ਕਰਦਾ ਹੋਵੇ, ਤਾਂ ਇਕ ਹੋਰ ਸਮੱਸਿਆ ਪੈਦਾ ਹੋ ਸਕਦੀ ਹੈ ਜਿਸ ਨੂੰ ਗਲੈਕਟੋਸੀਮੀਆ ਕਿਹਾ ਜਾਂਦਾ ਹੈ। ਜਿੱਦਾਂ ਉੱਪਰ ਦੱਸਿਆ ਗਿਆ ਹੈ, ਲੈਕਟੋਜ਼ ਨੂੰ ਗਲੈਕਟੋਜ਼ ਵਿਚ ਬਦਲਿਆ ਜਾਂਦਾ ਹੈ ਅਤੇ ਫਿਰ ਗਲੈਕਟੋਜ਼ ਨੂੰ ਗਲੂਕੋਜ਼ ਵਿਚ। ਜੇ ਬੱਚਿਆਂ ਵਿਚ ਗਲੈਕਟੋਜ਼ ਵਧਦਾ ਜਾਵੇ, ਤਾਂ ਉਨ੍ਹਾਂ ਦਾ ਜਿਗਰ ਖ਼ਰਾਬ ਹੋ ਸਕਦਾ, ਉਨ੍ਹਾਂ ਦੇ ਗੁਰਦੇ ਵਿਗੜ ਸਕਦੇ, ਉਨ੍ਹਾਂ ਦੇ ਦਿਮਾਗ਼ ਵਿਚ ਨੁਕਸ ਪੈ ਸਕਦਾ, ਉਨ੍ਹਾਂ ਦੇ ਸਰੀਰ ਵਿਚ ਸ਼ੂਗਰ ਘੱਟ ਸਕਦੀ ਅਤੇ ਉਨ੍ਹਾਂ ਨੂੰ ਮੋਤੀਆ ਵੀ ਹੋ ਸਕਦਾ। ਇਸ ਲਈ ਬੱਚੇ ਦੀ ਖ਼ੁਰਾਕ ਵਿੱਚੋਂ ਦੁੱਧ ਤੋਂ ਬਣੀਆਂ ਚੀਜ਼ਾਂ ਜਲਦੀ-ਜਲਦੀ ਹਟਾਉਣੀਆਂ ਬਹੁਤ ਜ਼ਰੂਰੀ ਹੈ।

ਲੈਕਟੋਜ਼ ਨਾ ਪਚਣ ਦੀ ਸਮੱਸਿਆ ਕਿੰਨੀ ਗੰਭੀਰ ਹੈ?

ਇਕ ਜਵਾਨ ਔਰਤ ਨੂੰ ਅਕਸਰ ਗੈਸ ਦੀ ਤਕਲੀਫ਼ ਰਹਿੰਦੀ ਸੀ ਜਿਸ ਕਰਕੇ ਉਸ ਨੂੰ ਬਹੁਤ ਪੀੜ ਹੁੰਦੀ ਸੀ। ਆਪਣੀ ਇਸ ਤਕਲੀਫ਼ ਕਰਕੇ ਉਹ ਡਾਕਟਰ ਕੋਲ ਗਈ। ਜਾਂਚ ਕਰਨ ਤੋਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਇਨਫਲਾਮੇਟਰੀ ਬਾਵੇਲ ਸਿੰਡ੍ਰੋਮ (IBD) ਕਰਕੇ ਉਸ ਦੀਆਂ ਆਂਦਰਾਂ ਸੁੱਜ ਰਹੀਆਂ ਸਨ। * ਇਸ ਰੋਗ ਲਈ ਉਸ ਨੂੰ ਦਵਾਈਆਂ ਦਿੱਤੀਆਂ ਗਈਆਂ। ਪਰ, ਉਹ ਹਰ ਰੋਜ਼ ਦੁੱਧ ਦੀਆਂ ਬਣੀਆਂ ਚੀਜ਼ਾਂ ਖਾਂਦੀ ਰਹੀ ਅਤੇ ਉਹ ਠੀਕ ਨਹੀਂ ਹੋਈ। ਫੇਰ ਉਸ ਨੇ ਆਪ ਖੋਜ ਕਰ ਕੇ ਪਤਾ ਕੀਤਾ ਕਿ ਸ਼ਾਇਦ ਆਪਣੀ ਖ਼ੁਰਾਕ ਕਰਕੇ ਉਹ ਠੀਕ ਨਹੀਂ ਹੋ ਰਹੀ ਸੀ, ਇਸ ਲਈ ਉਸ ਨੇ ਕੁਝ ਚੀਜ਼ਾਂ ਖਾਣੀਆਂ ਬੰਦ ਕਰ ਦਿੱਤੀਆਂ। ਅਖ਼ੀਰ ਵਿਚ ਉਸ ਨੇ ਆਪਣੀ ਖ਼ੁਰਾਕ ਵਿੱਚੋਂ ਦੁੱਧ ਦੀ ਬਣੀ ਹਰ ਚੀਜ਼ ਕੱਢ ਦਿੱਤੀ ਅਤੇ ਉਹ ਹੌਲੀ-ਹੌਲੀ ਠੀਕ ਹੋਣ ਲੱਗੀ। ਇਸ ਤੋਂ ਬਾਅਦ ਉਸ ਨੇ ਕੁਝ ਟੈੱਸਟ ਕਰਵਾਏ ਅਤੇ ਇਕ ਸਾਲ ਦੇ ਅੰਦਰ-ਅੰਦਰ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ IBD ਦੀ ਬੀਮਾਰੀ ਨਹੀਂ ਸੀ। ਇਸ ਦੀ ਬਜਾਇ ਉਸ ਨੂੰ ਲੈਕਟੋਜ਼ ਨੂੰ ਹਜ਼ਮ ਨਾ ਕਰਨ ਦੀ ਸਮੱਸਿਆ ਸੀ। ਇਹ ਜਾਣ ਕੇ ਉਸ ਨੂੰ ਕਿੰਨੀ ਤਸੱਲੀ ਹੋਈ ਹੋਣੀ!

ਇਸ ਸਮੇਂ, ਅਜਿਹਾ ਕੋਈ ਇਲਾਜ ਨਹੀਂ ਹੈ ਜਿਸ ਨਾਲ ਸਰੀਰ ਹੋਰ ਲੈਕਟੋਜ਼ ਪੈਦਾ ਕਰਨ ਦੇ ਯੋਗ ਬਣ ਸਕਦਾ ਹੈ। ਪਰ, ਲੈਕਟੋਜ਼ ਨਾ ਹਜ਼ਮ ਕਰਨ ਕਰਕੇ ਕਿਸੇ ਦੀ ਜਾਨ ਨਹੀਂ ਜਾਂਦੀ। ਤਾਂ ਫਿਰ ਤੁਸੀਂ ਇਸ ਸਮੱਸਿਆ ਦੀਆਂ ਅਲਾਮਤਾਂ ਨਾਲ ਕਿੱਦਾਂ ਨਿਪਟ ਸਕਦੇ ਹੋ?

ਕੁਝ ਲੋਕਾਂ ਨੇ ਆਪ ਅਜ਼ਮਾ ਕੇ ਦੇਖਿਆ ਹੈ ਕਿ ਉਹ ਦੁੱਧ ਦੀਆਂ ਬਣੀਆਂ ਕਿੰਨੀਆਂ ਕੁ ਚੀਜ਼ਾਂ ਖਾ ਸਕਦੇ ਹਨ। ਇਹ ਦੇਖਣ ਨਾਲ ਕਿ ਤੁਸੀਂ ਦੁੱਧ ਦੀਆਂ ਬਣੀਆਂ ਕਿੰਨੀਆਂ ਚੀਜ਼ਾਂ ਖਾਂਦੇ ਹੋ ਅਤੇ ਤੁਹਾਡੇ ਸਰੀਰ ਉੱਤੇ ਇਨ੍ਹਾਂ ਦਾ ਕੀ ਅਸਰ ਪੈਂਦਾ ਹੈ, ਤੁਸੀਂ ਦੇਖ ਸਕੋਗੇ ਕਿ ਤੁਸੀਂ ਕਿੰਨਾ ਕੁ ਲੈਕਟੋਜ਼ ਹਜ਼ਮ ਕਰ ਸਕਦੇ ਹੋ।

ਕੁਝ ਲੋਕਾਂ ਨੇ ਦੁੱਧ ਦੀਆਂ ਬਣੀਆਂ ਚੀਜ਼ਾਂ ਨੂੰ ਬਿਲਕੁਲ ਛੱਡ ਦਿੱਤਾ ਹੈ। ਆਪੇ ਖੋਜ ਕਰ ਕੇ ਜਾਂ ਖ਼ੁਰਾਕ ਮਾਹਰਾਂ ਤੋਂ ਕੁਝ ਲੋਕਾਂ ਨੇ ਪਤਾ ਕੀਤਾ ਹੈ ਕਿ ਉਹ ਕੈਲਸੀਅਮ ਦੀ ਘਾਟ ਨੂੰ ਕਿੱਦਾਂ ਪੂਰਾ ਕਰ ਸਕਦੇ ਹਨ। ਕੁਝ ਹਰੀਆਂ ਸਬਜ਼ੀਆਂ ਅਤੇ ਮੱਛੀਆਂ ਅਤੇ ਗਿਰੀਆਂ ਵਿਚ ਕਾਫ਼ੀ ਕੈਲਸੀਅਮ ਹੁੰਦਾ ਹੈ।

ਜਿਹੜੇ ਲੋਕ ਦੁੱਧ ਤੋਂ ਬਣੀਆਂ ਚੀਜ਼ਾਂ ਨਹੀਂ ਛੱਡਣੀਆਂ ਚਾਹੁੰਦੇ, ਉਹ ਇਨ੍ਹਾਂ ਦੇ ਨਾਲ-ਨਾਲ ਦਵਾਈਆਂ ਲੈ ਸਕਦੇ ਹਨ। ਇਨ੍ਹਾਂ ਨਾਲ ਆਂਦਰਾਂ ਨੂੰ ਲੈਕਟੋਜ਼ ਨੂੰ ਤਬਦੀਲ ਕਰਨ ਦੀ ਮਦਦ ਮਿਲਦੀ ਹੈ। ਇਹ ਗੋਲੀਆਂ ਜਾਂ ਦਵਾਈਆਂ ਖਾ ਕੇ ਮਰੀਜ਼ ਇਸ ਸਮੱਸਿਆ ਦੀਆਂ ਅਲਾਮਤਾਂ ਤੋਂ ਬਚ ਸਕਦਾ ਹੈ।

ਅੱਜ-ਕੱਲ੍ਹ ਤੰਦਰੁਸਤ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ। ਪਰ ਡਾਕਟਰਾਂ ਦੀ ਮਿਹਨਤ ਅਤੇ ਆਪਣੇ ਸਰੀਰ ਦੀ ਬਣਤਰ ਸਦਕਾ ਅਸੀਂ ਉਸ ਸਮੇਂ ਤਕ ਬੀਮਾਰੀਆਂ ਨੂੰ ਸਹਿ ਸਕਦੇ ਹਾਂ ਜਿਸ ਸਮੇਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24; ਜ਼ਬੂਰਾਂ ਦੀ ਪੋਥੀ 139:14. (g04 3/22)

[ਫੁਟਨੋਟ]

^ ਪੈਰਾ 15 IBD ਰੋਗ ਦੀਆਂ ਦੋ ਕਿਸਮਾਂ ਹਨ—ਕਰੋਨਜ਼ ਬੀਮਾਰੀ ਅਤੇ ਵੱਡੀ ਅੰਤੜੀ ਵਿਚ ਅਲਸਰ। ਇਹ ਕਾਫ਼ੀ ਗੰਭੀਰ ਬੀਮਾਰੀਆਂ ਹਨ ਅਤੇ ਇਨ੍ਹਾਂ ਕਰਕੇ ਸ਼ਾਇਦ ਅੰਤੜੀਆਂ ਦਾ ਕੁਝ ਹਿੱਸਾ ਕੱਢਣਾ ਪੈ ਸਕਦਾ ਹੈ। IBD ਕਰਕੇ ਮਰੀਜ਼ ਦੀ ਹਾਲਤ ਵਿਗੜ ਸਕਦੀ ਹੈ ਅਤੇ ਕੁਝ ਕੇਸਾਂ ਵਿਚ ਉਹ ਸ਼ਾਇਦ ਮਰ ਵੀ ਸਕਦਾ ਹੈ।

[ਡੱਬੀ/ਸਫ਼ੇ 28 ਉੱਤੇ ਤਸਵੀਰ]

ਇਨ੍ਹਾਂ ਚੀਜ਼ਾਂ ਵਿਚ ਵੀ ਸ਼ਾਇਦ ਲੈਕਟੋਜ਼ ਹੋਵੇ:

ਬ੍ਰੈਡ ਅਤੇ ਬ੍ਰੈਡ ਤੋਂ ਬਣੀਆਂ ਚੀਜ਼ਾਂ

▪ ਕੇਕ ਅਤੇ ਬਿਸਕੁ

ਟੌਫ਼ੀਆਂ

▪ ਮਾਰਜਰੀਨ

▪ ਡਾਕਟਰ ਤੋਂ ਮਿਲੀਆਂ ਦਵਾਈਆਂ

ਦੁਕਾਨ ਤੋਂ ਮਿਲੀਆਂ ਦਵਾਈਆਂ

▪ ਪੈਕਿਟ ਵਿਚ ਰੱਸਗੁੱਲੇਗੈਰਾ ਦਾ ਆਟਾ

▪ ਸੀਰੀਅਲ ਵਗੈਰਾ

▪ ਸਲਾਦ ਨਾਲ ਖਾਣ ਵਾਲੀਆਂ ਚਟਣੀਆਂ

▪ ਹੈਮ, ਬੈਕਨ ਵਗੈਰਾ

▪ ਸੂਪ