Skip to content

Skip to table of contents

ਟਾਇਰਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਸਕਦੇ ਹਨ!

ਟਾਇਰਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਸਕਦੇ ਹਨ!

ਟਾਇਰ​ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਸਕਦੇ ਹਨ!

ਅੱਜ-ਕੱਲ੍ਹ ਸੜਕਾਂ ਤੇ ਗੱਡੀਆਂ ਹੀ ਗੱਡੀਆਂ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਗੱਡੀਆਂ ਨੂੰ ਲੋਹੇ ਅਤੇ ਕੱਚ ਦੇ ਪਿੰਜਰੇ ਕਿਹਾ ਜਾ ਸਕਦਾ ਹੈ। ਇਸ ਦੇ ਟੈਂਕ ਵਿਚ ਤੇਲ ਹੁੰਦਾ ਹੈ ਅਤੇ ਬੈਟਰੀ ਵਿਚ ਤੇਜ਼ਾਬ। ਜਦੋਂ ਤੁਸੀਂ ਇਨ੍ਹਾਂ ਖ਼ਤਰਨਾਕ ਪਦਾਰਥਾਂ ਨਾਲ ਭਰੀ ਗੱਡੀ ਵਿਚ ਬਹੁਤ ਹੀ ਤੇਜ਼ ਰਫ਼ਤਾਰ ਨਾਲ ਸਫ਼ਰ ਕਰਦੇ ਹੋ, ਤਾਂ ਤੁਹਾਡੇ ਚਾਰੇ-ਪਾਸੇ ਹੋਰ ਕਈ ਗੱਡੀਆਂ ਸੜਕਾਂ ਤੇ ਤੇਜ਼ੀ ਨਾਲ ਦੌੜ ਰਹੀਆਂ ਹੁੰਦੀਆਂ ਹਨ।

ਗੱਡੀ ਨੂੰ ਕੰਟ੍ਰੋਲ ਵਿਚ ਕਿੱਦਾਂ ਰੱਖਿਆ ਜਾਂਦਾ ਹੈ ਤਾਂਕਿ ਮੁਸਾਫ਼ਰ ਸਹੀ-ਸਲਾਮਤ ਆਪਣੀ ਮੰਜ਼ਲ ਤਕ ਪਹੁੰਚ ਜਾਵੇ? ਕਾਫ਼ੀ ਹੱਦ ਤਕ ਇਹ ਗੱਡੀ ਦੇ ਟਾਇਰਾਂ ਉੱਤੇ ਨਿਰਭਰ ਕਰਦਾ ਹੈ।

ਟਾਇਰਾਂ ਦਾ ਮਕਸਦ

ਟਾਇਰਾਂ ਦੇ ਕਈ ਮਕਸਦ ਹੁੰਦੇ ਹਨ। ਟਾਇਰਾਂ ਉੱਤੇ ਗੱਡੀ ਦਾ ਪੂਰਾ ਭਾਰ ਹੁੰਦਾ ਹੈ। ਟਾਇਰਾਂ ਕਰਕੇ ਹੀ ਮੁਸਾਫ਼ਰ ਉੱਚੀਆਂ-ਨੀਵੀਆਂ ਅਤੇ ਟੁੱਟੀਆਂ ਸੜਕਾਂ ਦੇ ਝਟਕੇ ਸਹਿ ਸਕਦੇ ਹਨ। ਪਰ ਟਾਇਰ ਦਾ ਸਭ ਤੋਂ ਜ਼ਰੂਰੀ ਮਕਸਦ ਇਹ ਹੈ ਕਿ ਟਾਇਰ ਦੀ ਜ਼ਮੀਨ ਤੇ ਜਕੜ ਹੋਣ ਕਰਕੇ ਗੱਡੀ ਨੂੰ ਤੇਜ਼ ਚਲਾਇਆ ਜਾ ਸਕਦਾ ਹੈ, ਇਸ ਨੂੰ ਘੁਮਾਇਆ ਜਾ ਸਕਦਾ ਹੈ, ਇਸ ਨੂੰ ਰੋਕਿਆ ਜਾ ਸਕਦਾ ਹੈ ਅਤੇ ਸੜਕ ਦੀ ਹਾਲਤ ਦੇ ਬਾਵਜੂਦ ਇਸ ਉੱਤੇ ਪੂਰਾ ਕੰਟ੍ਰੋਲ ਰੱਖਿਆ ਜਾ ਸਕਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਟਾਇਰ ਦਾ ਸਿਰਫ਼ ਛੋਟਾ ਜਿਹਾ ਹਿੱਸਾ ਹੀ ਸੜਕ ਨੂੰ ਛੋਂਹਦਾ ਹੈ।

ਤਾਂ ਫਿਰ, ਟਾਇਰ ਦੇ ਇਨ੍ਹਾਂ ਜ਼ਰੂਰੀ ਕੰਮਾਂ ਨੂੰ ਦੇਖਦੇ ਹੋਏ ਤੁਸੀਂ ਇਨ੍ਹਾਂ ਦੀ ਦੇਖ-ਭਾਲ ਕਿੱਦਾਂ ਕਰ ਸਕਦੇ ਹੋ ਤਾਂਕਿ ਇਹ ਸਹੀ ਤਰ੍ਹਾਂ ਕੰਮ ਕਰਦੇ ਰਹਿਣ? ਨਵੇਂ ਟਾਇਰ ਪੁਆਉਣ ਸਮੇਂ ਤੁਸੀਂ ਸਹੀ ਟਾਇਰ ਕਿੱਦਾਂ ਚੁਣ ਸਕਦੇ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ, ਆਓ ਆਪਾਂ ਟਾਇਰਾਂ ਦੇ ਇਤਿਹਾਸ ਵੱਲ ਜ਼ਰਾ ਧਿਆਨ ਦੇਈਏ।

ਰਬੜ ਦੇ ਟਾਇਰ ਦੀ ਕਾਢ

ਹਾਲਾਂਕਿ ਹਜ਼ਾਰਾਂ ਸਾਲ ਪਹਿਲਾਂ ਪਹੀਆਂ ਦੀ ਕਾਢ ਕੱਢੀ ਗਈ ਸੀ, ਪਰ ਪਹੀਏ ਦੁਆਲੇ ਰਬੜ ਚੜ੍ਹਾਉਣ ਦੀ ਗੱਲ ਨਵੀਂ ਹੈ। ਤਕਰੀਬਨ 200 ਸਾਲ ਪਹਿਲਾਂ ਲੱਕੜ ਜਾਂ ਲੋਹੇ ਦੇ ਪਹੀਏ ਉੱਤੇ ਸ਼ੁੱਧ ਰਬੜ ਚੜ੍ਹਾਈ ਜਾਂਦੀ ਸੀ। ਪਰ ਇਹ ਰਬੜ ਬਹੁਤ ਜਲਦ ਘਸ ਜਾਂਦੀ ਸੀ, ਇਸ ਲਈ ਲੋਕ ਇਸ ਕਾਢ ਨੂੰ ਬੇਕਾਰ ਸਮਝਦੇ ਸਨ। ਪਰ ਫਿਰ ਅਮਰੀਕਾ ਦੇ ਚਾਰਲਜ਼ ਗੁੱਡਯੀਅਰ ਨੇ ਇਕ ਅਜਿਹੇ ਤਰੀਕੇ ਦੀ ਖੋਜ ਕੀਤੀ ਜਿਸ ਅਨੁਸਾਰ ਤਾਪ ਅਤੇ ਦਬਾਅ ਹੇਠ ਰਬੜ ਵਿਚ ਗੰਧਕ ਰਲਾਇਆ ਗਿਆ। ਇਸ ਤਰੀਕੇ ਨਾਲ ਰਬੜ ਨੂੰ ਲਚਕੀਲਾ ਬਣਾ ਕੇ ਉਸ ਨੂੰ ਸੌਖਿਆਂ ਹੀ ਢਾਲ਼ਿਆ ਜਾ ਸਕਦਾ ਸੀ। ਇਸ ਦੇ ਨਾਲ-ਨਾਲ ਇਹ ਪਹਿਲਾਂ ਵਾਂਗ ਜਲਦੀ ਘਸਦੀ ਨਹੀਂ ਸੀ। ਨਤੀਜੇ ਵਜੋਂ, ਸਖ਼ਤ ਰਬੜ ਦੇ ਟਾਇਰ ਵਰਤੋਂ ਵਿਚ ਆਉਣ ਲੱਗੇ, ਪਰ ਇਹ ਟਾਇਰ ਮੁਸਾਫ਼ਰਾਂ ਨੂੰ ਝਟਕਿਆਂ ਤੋਂ ਬਚਾਉਣ ਵਿਚ ਸਹਾਈ ਸਾਬਤ ਨਹੀਂ ਹੋਏ।

ਸਾਲ 1845 ਵਿਚ ਸਕਾਟਲੈਂਡ ਦੇ ਰਹਿਣ ਵਾਲੇ ਰੌਬਰਟ ਟੋਮਸਨ ਨਾਂ ਦੇ ਇੰਜੀਨੀਅਰ ਨੇ ਹਵਾ ਨਾਲ ਭਰੇ ਟਾਇਰ ਦੀ ਕਾਢ ਕੱਢੀ। ਪਰ ਇਹ ਜ਼ਿਆਦਾ ਪ੍ਰਚਲਿਤ ਨਹੀਂ ਹੋਇਆ। ਇਸ ਤੋਂ ਬਾਅਦ ਸਕਾਟਲੈਂਡ ਦੇ ਜੌਨ ਬੋਈਡ ਡਨਲੌਪ ਨੇ ਆਪਣੇ ਪੁੱਤਰ ਲਈ ਸਾਈਕਲ ਚਲਾਉਣਾ ਆਰਾਮਦਾਇਕ ਬਣਾਉਣ ਦੀ ਸੋਚੀ। ਸਾਲ 1888 ਵਿਚ ਉਸ ਨੇ ਇਕ ਨਵਾਂ ਟਾਇਰ ਤਿਆਰ ਕੀਤਾ ਅਤੇ ਆਪਣੀ ਕੰਪਨੀ ਸ਼ੁਰੂ ਕਰ ਦਿੱਤੀ। ਪਰ ਹਵਾ ਵਾਲੇ ਟਾਇਰਾਂ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਜ਼ਰੂਰਤ ਸੀ।

ਇਕ ਦਿਨ ਸਾਲ 1891 ਵਿਚ ਫਰਾਂਸ ਦੇ ਇਕ ਆਦਮੀ ਦੇ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ। ਉਸ ਨੇ ਇਸ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਰ ਨਾ ਸਕਿਆ ਕਿਉਂਕਿ ਟਾਇਰ ਪਹੀਏ ਨਾਲ ਹੀ ਪੱਕੀ ਤਰ੍ਹਾਂ ਜੁੜਿਆ ਹੋਇਆ ਸੀ। ਉਸ ਨੇ ਗੰਧਕ ਮਿਲੀ ਰਬੜ ਦੀਆਂ ਚੀਜ਼ਾਂ ਬਣਾਉਣ ਵਾਲੇ ਫ਼ਰਾਂਸੀਸੀ ਮਾਹਰ ਏਡਵਾਰ ਮੀਸ਼ਲਾਨ ਦੀ ਮਦਦ ਮੰਗੀ। ਮੀਸ਼ਲਾਨ ਨੇ ਟਾਇਰ ਨੂੰ ਠੀਕ ਕਰਦਿਆਂ ਨੌਂ ਘੰਟੇ ਲਗਾ ਦਿੱਤੇ। ਇਸ ਤਜਰਬੇ ਨੇ ਉਸ ਨੂੰ ਅਜਿਹਾ ਟਾਇਰ ਤਿਆਰ ਕਰਨ ਲਈ ਪ੍ਰੇਰਿਆ ਜੋ ਮੁਰੰਮਤ ਕਰਨ ਲਈ ਪਹੀਏ ਤੋਂ ਆਸਾਨੀ ਨਾਲ ਲਾਹਿਆ ਜਾ ਸਕਦਾ ਸੀ।

ਮੀਸ਼ਲਾਨ ਦੇ ਟਾਇਰ ਵਧੀਆ ਸਾਬਤ ਹੋਏ ਅਤੇ ਅਗਲੇ ਸਾਲ ਦੌਰਾਨ 10,000 ਲੋਕਾਂ ਨੇ ਆਪਣੇ ਸਾਈਕਲਾਂ ਤੇ ਉਸ ਦੇ ਟਾਇਰ ਪੁਆਏ। ਇਸ ਤੋਂ ਜਲਦੀ ਬਾਅਦ ਪੈਰਿਸ ਵਿਚ ਟਾਂਗਿਆਂ ਤੇ ਵੀ ਹਵਾ ਵਾਲੇ ਟਾਇਰ ਲਗਾਏ ਗਏ ਸਨ ਜਿਸ ਕਰਕੇ ਮੁਸਾਫ਼ਰਾਂ ਦਾ ਸਫ਼ਰ ਬਹੁਤ ਹੀ ਸੁਖਾਵਾਂ ਹੋ ਗਿਆ। ਏਡਵਾਰ ਅਤੇ ਉਸ ਦਾ ਭਰਾ ਆਂਡ੍ਰੇ ਇਹ ਵੀ ਮੰਨਦੇ ਸਨ ਕਿ ਅਜਿਹੇ ਟਾਇਰ ਕਾਰਾਂ ਤੇ ਵੀ ਲਗਾਏ ਜਾ ਸਕਦੇ ਸਨ। ਇਸ ਲਈ ਉਨ੍ਹਾਂ ਨੇ 1895 ਵਿਚ ਇਹ ਟਾਇਰ ਇਕ ਰੇਸਿੰਗ ਕਾਰ ਤੇ ਲਗਾਏ। ਭਾਵੇਂ ਕਿ ਕਾਰ ਦੌੜ ਵਿਚ ਆਖ਼ਰੀ ਨੰਬਰ ਤੇ ਆਈ, ਪਰ ਲੋਕ ਟਾਇਰਾਂ ਨੂੰ ਦੇਖ ਕੇ ਇੰਨੇ ਹੈਰਾਨ ਹੋਏ ਕਿ ਉਨ੍ਹਾਂ ਨੇ ਟਾਇਰਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਦੇਖ ਸਕਣ ਕਿ ਇਨ੍ਹਾਂ ਦੋ ਭਰਾਵਾਂ ਨੇ ਇਨ੍ਹਾਂ ਵਿਚ ਕੀ ਪਾਇਆ ਹੋਇਆ ਸੀ!

ਉਸ ਸਮੇਂ ਟਾਇਰ ਰਬੜ ਅਤੇ ਸੂਤ ਦੇ ਧਾਗਿਆਂ ਨਾਲ ਬਣਾਏ ਜਾਂਦੇ ਸਨ, ਪਰ 1930 ਅਤੇ 1940 ਦੇ ਦਹਾਕਿਆਂ ਦੌਰਾਨ ਰੇਯੋਨ, ਨਾਇਲੋਨ ਅਤੇ ਪੌਲੀਐਸਟਰ ਦੇ ਬਣੇ ਧਾਗਿਆਂ ਦੀ ਵਰਤੋਂ ਸ਼ੁਰੂ ਹੋਈ ਜੋ ਜ਼ਿਆਦਾ ਹੰਢਣਸਾਰ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਜਿਹਾ ਟਾਇਰ ਬਣਾਉਣ ਦੀ ਸ਼ੁਰੂਆਤ ਹੋਈ ਜੋ ਸਿੱਧਾ ਪਹੀਏ ਉੱਤੇ ਇੰਨੀ ਮਜ਼ਬੂਤੀ ਨਾਲ ਫਿੱਟ ਹੁੰਦਾ ਸੀ ਕਿ ਉਸ ਵਿੱਚੋਂ ਹਵਾ ਨਹੀਂ ਨਿਕਲਦੀ ਸੀ। ਇਸ ਤਰ੍ਹਾਂ, ਹਵਾ ਭਰਨ ਲਈ ਰਬੜ ਦੀ ਵੱਖਰੀ ਟਿਊਬ ਪਾਉਣ ਦੀ ਲੋੜ ਨਹੀਂ ਸੀ। ਬਾਅਦ ਵਿਚ ਇਸ ਟਾਇਰ ਨੂੰ ਹੋਰ ਜ਼ਿਆਦਾ ਸੁਧਾਰਿਆ ਗਿਆ।

ਅੱਜ, ਟਾਇਰ ਬਣਾਉਣ ਵਿਚ 200 ਤੋਂ ਜ਼ਿਆਦਾ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨਵੀਂ ਤਕਨਾਲੋਜੀ ਸਦਕਾ ਕੁਝ ਟਾਇਰ 1,30,000 ਤੋਂ ਜ਼ਿਆਦਾ ਕਿਲੋਮੀਟਰ ਚੱਲ ਸਕਦੇ ਹਨ। ਕਈ ਟਾਇਰਾਂ ਨਾਲ ਰੇਸਿੰਗ ਕਾਰਾਂ ਸੈਂਕੜੇ ਕਿਲੋਮੀਟਰ ਪ੍ਰਤਿ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ, ਅੱਜ-ਕੱਲ੍ਹ ਟਾਇਰਾਂ ਦਾ ਭਾਅ ਇੰਨਾ ਘੱਟ ਗਿਆ ਹੈ ਕਿ ਆਮ ਲੋਕ ਵੀ ਇਸ ਨੂੰ ਖ਼ਰੀਦ ਸਕਦੇ ਹਨ।

ਸਹੀ ਟਾਇਰ ਦੀ ਚੋਣ

ਜੇ ਤੁਹਾਡੇ ਕੋਲ ਕਾਰ ਹੈ, ਤਾਂ ਸ਼ਾਇਦ ਤੁਹਾਨੂੰ ਸਹੀ ਟਾਇਰਾਂ ਦੀ ਚੋਣ ਕਰਨ ਵਿਚ ਮੁਸ਼ਕਲ ਆਵੇ। ਤੁਸੀਂ ਕਿੱਦਾਂ ਪਤਾ ਕਰ ਸਕਦੇ ਹੋ ਕਿ ਤੁਹਾਨੂੰ ਨਵੇਂ ਟਾਇਰਾਂ ਦੀ ਜ਼ਰੂਰਤ ਹੈ? ਤੁਹਾਨੂੰ ਆਪਣੇ ਟਾਇਰਾਂ ਦੀ ਬਾਕਾਇਦਾ ਜਾਂਚ ਕਰ ਕੇ ਦੇਖਣਾ ਚਾਹੀਦਾ ਹੈ ਕਿ ਇਹ ਕਿੰਨੇ ਕੁ ਘਸ ਗਏ ਹਨ ਜਾਂ ਇਹ ਖ਼ਰਾਬ ਤਾਂ ਨਹੀਂ ਹੋ ਗਏ। * ਟਾਇਰ ਕੰਪਨੀਆਂ ਟਾਇਰ ਨੂੰ ਬਣਾਉਣ ਵੇਲੇ ਟ੍ਰੈੱਡ (ਟਾਇਰ ਦਾ ਉਪਰਲਾ ਭਾਗ) ਦੇ ਹੇਠ ਰਬੜ ਦੀਆਂ ਪੱਟੀਆਂ ਲਾਉਂਦੀਆਂ ਹਨ ਜੋ ਟਾਇਰ ਘਸਣ ਕਰਕੇ ਦਿੱਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਪੱਟੀਆਂ ਦਿਸਣ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਟਾਇਰ ਬਦਲਣ ਦੀ ਲੋੜ ਹੈ। ਤੁਹਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਟ੍ਰੈੱਡ ਟਾਇਰ ਤੋਂ ਜੁਦਾ ਨਾ ਹੋਇਆ ਹੋਵੇ, ਛੱਲਿਆਂ (beads) ਵਿੱਚੋਂ ਲੋਹੇ ਦੀਆਂ ਤਾਰਾਂ ਬਾਹਰ ਨਾ ਨਿਕਲੀਆਂ ਹੋਣ, ਟਾਇਰ ਦੇ ਪਾਸੇ (sidewalls) ਫੁੱਲੇ ਨਾ ਹੋਣ ਜਾਂ ਟਾਇਰ ਨੂੰ ਹੋਰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ। ਜੇ ਟਾਇਰਾਂ ਵਿਚ ਇਨ੍ਹਾਂ ਵਿੱਚੋਂ ਕੋਈ ਖ਼ਰਾਬੀ ਨਜ਼ਰ ਆਉਂਦੀ ਹੈ, ਤਾਂ ਤੁਹਾਨੂੰ ਕਾਰ ਚਲਾਉਣੀ ਨਹੀਂ ਚਾਹੀਦੀ। ਤੁਹਾਨੂੰ ਇਕਦਮ ਟਾਇਰ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ ਜਾਂ ਇਸ ਨੂੰ ਬਦਲਣਾ ਚਾਹੀਦਾ ਹੈ। ਜੇ ਤੁਸੀਂ ਹਾਲ ਹੀ ਵਿਚ ਟਾਇਰ ਖ਼ਰੀਦੇ ਹਨ ਅਤੇ ਇਨ੍ਹਾਂ ਦੀ ਗਾਰੰਟੀ ਹੈ, ਤਾਂ ਸ਼ਾਇਦ ਦੁਕਾਨਦਾਰ ਤੁਹਾਨੂੰ ਘੱਟ ਖ਼ਰਚੇ ਤੇ ਨਵਾਂ ਟਾਇਰ ਦੇ ਦੇਵੇ।

ਜਦੋਂ ਤੁਸੀਂ ਟਾਇਰ ਬਦਲਣੇ ਹਨ, ਤਾਂ ਬਿਹਤਰ ਹੋਵੇਗਾ ਜੇ ਤੁਸੀਂ ਦੋ ਮੋਹਰਲੇ ਜਾਂ ਦੋ ਪਿਛਲੇ ਟਾਇਰਾਂ ਨੂੰ ਇਕੱਠੇ ਬਦਲੋ। ਪਰ ਜੇ ਤੁਸੀਂ ਸਿਰਫ਼ ਇੱਕੋ ਹੀ ਟਾਇਰ ਬਦਲਣਾ ਚਾਹੁੰਦੇ ਹੋ, ਤਾਂ ਉਸ ਨੂੰ ਉਸ ਟਾਇਰ ਨਾਲ ਮਿਲਾਓ ਜੋ ਘੱਟ ਘਸਿਆ ਹੋਵੇ। ਇਸ ਤਰ੍ਹਾਂ ਕਰਨ ਨਾਲ ਬ੍ਰੇਕ ਮਾਰਨ ਵੇਲੇ ਕਾਰ ਸਹੀ ਤਰੀਕੇ ਨਾਲ ਰੁਕੇਗੀ ਨਾ ਕਿ ਇਕ ਪਾਸੇ ਨੂੰ ਘੁੰਮੇਗੀ।

ਸ਼ਾਇਦ ਵੱਖੋ-ਵੱਖਰੀ ਕਿਸਮ, ਆਕਾਰ ਤੇ ਮਾਡਲਾਂ ਦੇ ਟਾਇਰ ਦੇਖ ਕੇ ਤੁਹਾਨੂੰ ਚੋਣ ਕਰਨੀ ਮੁਸ਼ਕਲ ਲੱਗੇ। ਪਰ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਦੇ ਕੇ ਤੁਸੀਂ ਸਹੀ ਟਾਇਰ ਚੁਣ ਸਕੋਗੇ। ਸਭ ਤੋਂ ਪਹਿਲਾਂ ਦੇਖੋ ਕਿ ਕਾਰ ਕੰਪਨੀ ਕੀ ਸਲਾਹ ਦਿੰਦੀ ਹੈ। ਆਪਣੀ ਕਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਵੀ ਧਿਆਨ ਵਿਚ ਰੱਖੋ। ਕਾਰ ਦੇ ਮੁਤਾਬਕ ਟਾਇਰਾਂ ਤੇ ਪਹੀਆਂ ਦਾ ਕੀ ਸਾਈਜ਼ ਹੋਣਾ ਚਾਹੀਦਾ ਹੈ, ਜ਼ਮੀਨ ਅਤੇ ਕਾਰ ਵਿਚਕਾਰ ਕਿੰਨਾ ਫ਼ਾਸਲਾ ਹੋਣਾ ਚਾਹੀਦਾ ਹੈ ਅਤੇ ਕਾਰ ਦੀ ਕਿੰਨਾ ਭਾਰ ਸਹਿਣ ਦੀ ਯੋਗਤਾ ਹੈ। ਕਾਰ ਦੇ ਡੀਜ਼ਾਈਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅੱਜ-ਕੱਲ੍ਹ ਦੀਆਂ ਕਾਰਾਂ ਵਿਚ ਕਈ ਸਹੂਲਤਾਂ ਹੁੰਦੀਆਂ ਹਨ ਜਿਵੇਂ ਕਿ ਐਂਟੀ-ਲੌਕ ਬ੍ਰੇਕ, ਟ੍ਰੈਕਸ਼ਨ ਕੰਟ੍ਰੋਲ ਅਤੇ ਫੋਰ-ਵੀਲ੍ਹ ਡ੍ਰਾਈਵ ਜਿਨ੍ਹਾਂ ਕਰਕੇ ਖ਼ਾਸ ਟਾਇਰਾਂ ਦੀ ਲੋੜ ਪੈਂਦੀ ਹੈ। ਕਾਰ ਨਾਲ ਮਿਲਦੇ ਮੈਨੂਅਲ ਵਿਚ ਆਮ ਤੌਰ ਤੇ ਟਾਇਰਾਂ ਬਾਰੇ ਦੱਸਿਆ ਹੁੰਦਾ ਹੈ।

ਸੜਕ ਦੇ ਹਾਲਾਤਾਂ ਬਾਰੇ ਵੀ ਸੋਚਣਾ ਜ਼ਰੂਰੀ ਹੈ। ਕੀ ਤੁਸੀਂ ਕੱਚੀਆਂ ਸੜਕਾਂ ਤੇ ਜਾਂ ਪੱਕੀਆਂ ਸੜਕਾਂ ਤੇ ਕਾਰ ਚਲਾਓਗੇ? ਕੀ ਤੁਹਾਡੇ ਇਲਾਕੇ ਵਿਚ ਜ਼ਿਆਦਾ ਮੀਂਹ ਪੈਂਦਾ ਹੈ? ਹੋ ਸਕਦਾ ਹੈ ਕਿ ਤੁਸੀਂ ਵੱਖੋ-ਵੱਖਰੇ ਹਾਲਾਤਾਂ ਵਿਚ ਆਪਣੀ ਕਾਰ ਚਲਾਉਂਦੇ ਹੋ। ਇਸ ਲਈ ਸ਼ਾਇਦ ਤੁਹਾਨੂੰ ਅਜਿਹੇ ਟਾਇਰਾਂ ਦੀ ਲੋੜ ਹੈ ਜੋ ਹਰ ਤਰ੍ਹਾਂ ਦੀ ਸੜਕ ਜਾਂ ਹਰ ਮੌਸਮ ਵਿਚ ਠੀਕ ਚੱਲਣਗੇ।

ਤੁਹਾਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਟਾਇਰ ਅਤੇ ਇਸ ਦਾ ਟ੍ਰੈੱਡ ਕਿੰਨੇ ਚਿਰ ਲਈ ਠੀਕ ਰਹਿਣਗੇ। ਆਮ ਕਰਕੇ ਇਹ ਦੇਖਿਆ ਗਿਆ ਹੈ ਕਿ ਜੇ ਟ੍ਰੈੱਡ ਨਰਮ ਹੈ, ਤਾਂ ਟਾਇਰ ਦੀ ਜਕੜ ਜ਼ਿਆਦਾ ਹੋਵੇਗੀ, ਪਰ ਟਾਇਰ ਜਲਦੀ ਘਸੇਗਾ। ਇਸ ਦੇ ਉਲਟ, ਜੇ ਰਬੜ ਸਖ਼ਤ ਹੈ, ਤਾਂ ਟ੍ਰੈਕਸ਼ਨ ਘੱਟ ਹੋਵੇਗਾ ਪਰ ਟਾਇਰ ਹੌਲੀ ਘਸੇਗਾ। ਤੁਸੀਂ ਟਾਇਰ ਖ਼ਰੀਦਦੇ ਸਮੇਂ ਦੁਕਾਨਦਾਰ ਕੋਲੋਂ ਟਾਇਰ ਦੀ ਹੰਢਣਸਾਰਤਾ ਸੰਬੰਧੀ ਪੁਸਤਿਕਾ ਮੰਗ ਕੇ ਟਾਇਰ ਦੀ ਰੇਟਿੰਗ ਦੇਖ ਸਕਦੇ ਹੋ। ਪਰ ਯਾਦ ਰੱਖੋ ਕਿ ਵੱਖੋ-ਵੱਖਰੀਆਂ ਟਾਇਰ ਕੰਪਨੀਆਂ ਆਪਣੇ ਟਾਇਰਾਂ ਬਾਰੇ ਵੱਖੋ-ਵੱਖਰੀ ਰੇਟਿੰਗ ਦਿੰਦੀਆਂ ਹਨ।

ਇਹ ਫ਼ੈਸਲਾ ਕਰਨ ਮਗਰੋਂ ਕਿ ਤੁਹਾਨੂੰ ਕਿਹੋ ਜਿਹਾ ਟਾਇਰ ਚਾਹੀਦਾ ਹੈ, ਤੁਹਾਨੂੰ ਆਪਣਾ ਬਜਟ ਦੇਖਣਾ ਪਵੇਗਾ। ਆਮ ਕਰਕੇ ਵੱਡੀਆਂ ਕੰਪਨੀਆਂ ਦੇ ਟਾਇਰ ਵਧੀਆ ਹੁੰਦੇ ਹਨ ਅਤੇ ਉਹ ਗਾਰੰਟੀ ਵੀ ਦਿੰਦੀਆਂ ਹਨ।

ਟਾਇਰਾਂ ਦੀ ਦੇਖ-ਭਾਲ

ਟਾਇਰਾਂ ਦੀ ਦੇਖ-ਭਾਲ ਕਰਨ ਵਿਚ ਤਿੰਨ ਗੱਲਾਂ ਜ਼ਰੂਰੀ ਹਨ: ਸਹੀ ਮਾਤਰਾ ਵਿਚ ਹਵਾ ਭਰਨੀ, ਸਮੇਂ-ਸਮੇਂ ਤੇ ਟਾਇਰਾਂ ਨੂੰ ਇਕ-ਦੂਜੇ ਨਾਲ ਬਦਲਦੇ ਰਹਿਣਾ ਅਤੇ ਪਹੀਆਂ ਨੂੰ ਇਕ-ਦੂਸਰੇ ਨਾਲ ਸਹੀ ਸੰਤੁਲਨ ਅਤੇ ਸੇਧ (alignment) ਵਿਚ ਰੱਖਣਾ। ਟਾਇਰਾਂ ਵਿਚ ਸਹੀ ਮਾਤਰਾ ਵਿਚ ਹਵਾ ਭਰਨੀ ਬਹੁਤ ਜ਼ਰੂਰੀ ਹੈ। ਜੇ ਟਾਇਰ ਵਿਚ ਹਵਾ ਜ਼ਿਆਦਾ ਹੋਵੇ, ਤਾਂ ਟਾਇਰ ਗੱਭਿਓਂ ਜਲਦੀ ਘਸ ਜਾਵੇਗਾ। ਪਰ ਦੂਜੇ ਪਾਸੇ ਜੇ ਟਾਇਰ ਵਿਚ ਹਵਾ ਘੱਟ ਹੋਵੇ, ਤਾਂ ਟਾਇਰ ਪਾਸਿਆਂ ਤੋਂ ਘਸ ਜਾਵੇਗਾ ਅਤੇ ਤੇਲ ਦੀ ਖਪਤ ਵੀ ਜ਼ਿਆਦਾ ਹੋਵੇਗੀ।

ਆਮ ਕਰਕੇ ਟਾਇਰ ਵਿੱਚੋਂ ਹਵਾ ਹੌਲੀ-ਹੌਲੀ ਨਿਕਲਦੀ ਰਹਿੰਦੀ ਹੈ। ਇਸ ਲਈ ਇਹ ਨਾ ਸੋਚੋ ਕਿ ਤੁਸੀਂ ਟਾਇਰ ਨੂੰ ਦੇਖ ਕੇ ਪਤਾ ਲਗਾ ਸਕਦੇ ਹੋ ਕਿ ਇਸ ਵਿਚ ਸਹੀ ਮਾਤਰਾ ਵਿਚ ਹਵਾ ਹੈ ਜਾਂ ਨਹੀਂ। ਰਬੜ ਬਣਾਉਣ ਵਾਲਿਆਂ ਦੀ ਇਕ ਸੰਸਥਾ ਦੇ ਅਨੁਸਾਰ “ਟਾਇਰ ਵਿੱਚੋਂ ਅੱਧੀ ਹਵਾ ਨਿਕਲਣ ਤੋਂ ਬਾਅਦ ਵੀ ਇੱਦਾਂ ਲੱਗ ਸਕਦਾ ਹੈ ਕਿ ਇਹ ਹਵਾ ਨਾਲ ਭਰਿਆ ਹੋਇਆ ਹੈ!” ਇਸ ਲਈ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਹਵਾ ਦਾ ਪ੍ਰੈਸ਼ਰ ਚੈੱਕ ਕਰੋ। ਕਈ ਲੋਕ ਇਸ ਵਾਸਤੇ ਆਪਣੀ ਕਾਰ ਵਿਚ ਪ੍ਰੈਸ਼ਰ ਗੇਜ ਰੱਖਦੇ ਹਨ। ਟਾਇਰਾਂ ਨੂੰ ਉਦੋਂ ਵੀ ਚੈੱਕ ਕਰੋ ਜਦੋਂ ਤੁਸੀਂ ਇੰਜਣ ਦਾ ਤੇਲ ਬਦਲਦੇ ਹੋ। ਇਸ ਤੋਂ ਇਲਾਵਾ, ਟਾਇਰਾਂ ਨੂੰ ਉਦੋਂ ਚੈੱਕ ਕਰੋ ਜਦੋਂ ਕਾਰ 3-4 ਘੰਟਿਆਂ ਤੋਂ ਚਲਾਈ ਨਾ ਗਈ ਹੋਵੇ ਜਾਂ ਡੇਢ ਕਿਲੋਮੀਟਰ ਨਾਲੋਂ ਘੱਟ ਚਲਾਈ ਗਈ ਹੋਵੇ। ਹਵਾ ਦੇ ਪ੍ਰੈਸ਼ਰ ਬਾਰੇ ਜਾਣਕਾਰੀ ਆਮ ਤੌਰ ਤੇ ਕਾਰ ਦੇ ਮੈਨੂਅਲ ਵਿਚ, ਡ੍ਰਾਈਵਰ ਦੀ ਸੀਟ ਨੇੜੇ ਜਾਂ ਗਲੱਵ ਕੰਪਾਰਟਮੈਂਟ ਵਿਚ ਲੱਗੇ ਲੇਬਲ ਉੱਤੇ ਦਿੱਤੀ ਹੁੰਦੀ ਹੈ। ਜ਼ਿਆਦਾ ਆਰਾਮਦਾਇਕ ਸਫ਼ਰ ਲਈ ਟਾਇਰਾਂ ਵਿਚ ਬਾਹਲੀ ਹਵਾ ਨਾ ਭਰੋ। ਟਾਇਰ ਵਿਚ ਵੱਧ ਤੋਂ ਵੱਧ ਕਿੰਨੀ ਹਵਾ ਭਰੀ ਜਾ ਸਕਦੀ ਹੈ, ਇਸ ਬਾਰੇ ਟਾਇਰ ਦੀ ਬਾਹਰਲੀ ਦੀਵਾਰ ਤੇ ਜਾਣਕਾਰੀ ਦਿੱਤੀ ਹੁੰਦੀ ਹੈ।

ਜੇ ਤੁਸੀਂ ਸਮੇਂ-ਸਮੇਂ ਤੇ ਟਾਇਰਾਂ ਨੂੰ ਇਕ-ਦੂਸਰੇ ਨਾਲ ਬਦਲੋਗੇ, ਤਾਂ ਉਹ ਜ਼ਿਆਦਾ ਦੇਰ ਤਕ ਚੱਲਣਗੇ ਅਤੇ ਇਕ ਟਾਇਰ ਦੂਸਰੇ ਨਾਲੋਂ ਜ਼ਿਆਦਾ ਨਹੀਂ ਘਸੇਗਾ। ਟਾਇਰਾਂ ਨੂੰ 10-13 ਹਜ਼ਾਰ ਕਿਲੋਮੀਟਰ ਬਾਅਦ ਜਾਂ ਕਾਰ ਬਣਾਉਣ ਵਾਲੀ ਕੰਪਨੀ ਵੱਲੋਂ ਦੱਸੀ ਦੂਰੀ ਤੈ ਕਰਨ ਤੋਂ ਬਾਅਦ ਇਕ-ਦੂਸਰੇ ਨਾਲ ਬਦਲਣਾ ਚੰਗੀ ਗੱਲ ਹੈ। ਕਾਰ ਦਾ ਮੈਨੂਅਲ ਦੇਖਣਾ ਨਾ ਭੁੱਲੋ ਕਿਉਂਕਿ ਉਸ ਵਿਚ ਦੱਸਿਆ ਜਾਂਦਾ ਹੈ ਕਿ ਟਾਇਰਾਂ ਨੂੰ ਕਿਸ ਤਰ੍ਹਾਂ ਬਦਲਣਾ ਚਾਹੀਦਾ ਹੈ।

ਅਖ਼ੀਰ ਵਿਚ ਟਾਇਰਾਂ ਦੀ ਸੇਧ (alignment) ਨੂੰ ਘੱਟੋ-ਘੱਟ ਸਾਲ ਵਿਚ ਇਕ ਵਾਰ ਚੈੱਕ ਕਰਾਓ ਜਾਂ ਜਦੋਂ ਕਦੇ ਵੀ ਤੁਹਾਨੂੰ ਲੱਗੇ ਕਿ ਸਟੇਅਰਿੰਗ ਵੀਲ੍ਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ। ਭਾਵੇਂ ਕਾਰ ਵਿਚ ਜ਼ਿਆਦਾ ਭਾਰ ਵੀ ਹੋਵੇ, ਪਰ ਆਮ ਤੌਰ ਤੇ ਕਾਰ ਦੇ ਸਸਪੈਂਸ਼ਨ ਸਦਕਾ ਟਾਇਰ ਇਕੱਠੇ ਇੱਕੋ ਦਿਸ਼ਾ ਵਿਚ ਘੁੰਮਦੇ ਹਨ। ਪਰ ਟਾਇਰ ਘਸਣ ਕਰਕੇ ਉਨ੍ਹਾਂ ਦੀ ਸੇਧ ਵਿਚ ਫ਼ਰਕ ਆ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਟਾਇਰਾਂ ਨੂੰ ਸਮੇਂ-ਸਮੇਂ ਤੇ ਚੈੱਕ ਕਰਾਓ। ਕਿਸੇ ਵਧੀਆ ਮਕੈਨਿਕ ਕੋਲੋਂ ਹੀ ਆਪਣੀ ਕਾਰ ਦਾ ਸਸਪੈਂਸ਼ਨ ਅਤੇ ਪਹੀਆਂ ਦੀ ਸੇਧ ਚੈੱਕ ਕਰਾਓ। ਇਸ ਨਾਲ ਟਾਇਰ ਜ਼ਿਆਦਾ ਚੱਲਣਗੇ ਅਤੇ ਤੁਸੀਂ ਆਰਾਮ ਨਾਲ ਕਾਰ ਚਲਾ ਸਕੋਗੇ।

“ਅਕਲਮੰਦ” ਟਾਇਰ

ਕਈ ਕਾਰਾਂ ਵਿਚ ਕੰਪਿਊਟਰ ਹੁੰਦੇ ਹਨ ਜੋ ਟਾਇਰਾਂ ਵਿਚ ਪ੍ਰੈਸ਼ਰ ਘੱਟ ਹੋਣ ਤੇ ਇਸ ਦੀ ਚੇਤਾਵਨੀ ਦਿੰਦੇ ਹਨ। ਕੁਝ ਟਾਇਰ ਹਵਾ ਬਿਨਾਂ ਵੀ ਕੁਝ ਚਿਰ ਲਈ ਚੱਲ ਸਕਦੇ ਹਨ ਅਤੇ ਦੂਸਰੇ ਟਾਇਰ ਪੈਂਚਰ ਹੋਣ ਤੇ ਆਪੇ ਹੀ ਛੇਕ ਨੂੰ ਬੰਦ ਕਰ ਦਿੰਦੇ ਹਨ। ਹਾਂ, ਇੰਜੀਨੀਅਰ ਵੱਖੋ-ਵੱਖਰੇ ਹਾਲਾਤਾਂ ਵਿਚ ਕੰਮ ਕਰਨ ਵਾਲੇ ਟਾਇਰ ਬਣਾ ਰਹੇ ਹਨ।

ਟਾਇਰਾਂ ਦੀ ਸਾਮੱਗਰੀ, ਟ੍ਰੈੱਡ ਦੇ ਡੀਜ਼ਾਈਨ, ਸਸਪੈਂਸ਼ਨ, ਸਟੇਅਰਿੰਗ ਅਤੇ ਬ੍ਰੇਕਾਂ ਵਗੈਰਾ ਵਿਚ ਸੁਧਾਰ ਹੋਣ ਨਾਲ ਕਾਰ ਚਲਾਉਣੀ ਹੋਰ ਸੌਖੀ ਹੋ ਗਈ ਹੈ ਅਤੇ ਘੱਟ ਖ਼ਤਰਨਾਕ ਵੀ। (g04 6/08)

[ਫੁਟਨੋਟ]

^ ਪੈਰਾ 15 ਟਾਇਰਾਂ ਦੀ ਜਾਂਚ ਕਰਨ ਦੇ ਸੰਬੰਧ ਵਿਚ ਸਫ਼ਾ 29 ਉੱਤੇ ਚਾਰਟ ਦੇਖੋ।

[ਸਫ਼ਾ 28 ਉੱਤੇ ਚਾਰਟ/ਤਸਵੀਰ]

ਟਾਇਰ ਚੈੱਕ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਦੇਖੋ ਕਿ:

◻ ਟਾਇਰ ਦੇ ਪਾਸੇ ਫੁੱਲੇ ਹੋਏ ਤਾਂ ਨਹੀਂ ਹਨ?

◻ ਕੀ ਟ੍ਰੈੱਡ ਵਿੱਚੋਂ ਤਾਰਾਂ ਦਿਖਾਈ ਦੇ ਰਹੀਆਂ ਹਨ?

◻ ਕੀ ਟ੍ਰੈੱਡ ਜ਼ਿਆਦਾ ਘਸਿਆ ਹੋਇਆ ਤਾਂ ਨਹੀਂ ਹੈ ਜਾਂ ਕੀ ਟਾਇਰ ਦੇ ਜ਼ਿਆਦਾ ਘਸਣ ਦਾ ਸੰਕੇਤ ਦੇਣ ਵਾਲੀਆਂ ਪੱਟੀਆਂ ਦਿਖਾਈ ਦੇ ਰਹੀਆਂ ਹਨ?

ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ:

◻ ਕੀ ਟਾਇਰ ਵਿਚ ਹਵਾ ਦਾ ਪ੍ਰੈਸ਼ਰ ਕਾਰ ਕੰਪਨੀ ਦੇ ਨਿਰਦੇਸ਼ਨ ਅਨੁਸਾਰ ਹੈ?

◻ ਕੀ ਟਾਇਰਾਂ ਦੀ ਆਪਸ ਵਿਚ ਅਦਲਾ-ਬਦਲੀ ਕਰਨ ਦਾ ਸਮਾਂ ਆ ਗਿਆ ਹੈ? (ਕੰਪਨੀ ਵੱਲੋਂ ਇਸ ਸੰਬੰਧੀ ਦਿੱਤੇ ਸੁਝਾਵਾਂ ਤੇ ਚੱਲੋ।)

◻ ਕੀ ਮੌਸਮ ਬਦਲਣ ਕਰਕੇ ਵੱਖਰੀ ਕਿਸਮ ਦੇ ਟਾਇਰ ਚੜ੍ਹਾਉਣ ਦੀ ਲੋੜ ਹੈ?

[ਤਸਵੀਰ]

ਟਾਇਰ ਦੇ ਜ਼ਿਆਦਾ ਘਸਣ ਦੀ ਨਿਸ਼ਾਨੀ

[ਸਫ਼ਾ 28 ਉੱਤੇ ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਟਾਇਰ ਦੇ ਵੱਖੋ-ਵੱਖਰੇ ਹਿੱਸੇ

ਟ੍ਰੈੱਡ: ਇਸ ਨਾਲ ਟਾਇਰ ਸੜਕ ਨੂੰ ਜਕੜ ਕੇ ਰੱਖਦਾ ਹੈ ਖ਼ਾਸਕਰ ਮੁੜਨ ਵੇਲੇ

ਬੈੱਲਟ: ਇਸ ਨਾਲ ਟ੍ਰੈੱਡ ਮਜ਼ਬੂਤ ਰਹਿੰਦੀ ਹੈ

ਸਾਈਡਵੌਲ: ਇਹ ਟਾਇਰ ਦੇ ਪਾਸਿਆਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ

ਬੌਡੀ ਪਲਾਈ: ਇਸ ਤਹਿ ਨਾਲ ਟਾਇਰ ਮਜ਼ਬੂਤ ਅਤੇ ਲਚਕੀਲਾ ਰਹਿੰਦਾ ਹੈ

ਅੰਦਰਲੀ ਤਹਿ: ਇਸ ਨਾਲ ਹਵਾ ਅੰਦਰ ਰਹਿੰਦੀ ਹੈ

ਬੀਡ: ਤਾਰਾਂ ਦੇ ਇਨ੍ਹਾਂ ਛੱਲਿਆਂ ਕਰਕੇ ਟਾਇਰ ਵਿੱਚੋਂ ਹਵਾ ਨਹੀਂ ਨਿਕਲਦੀ

[ਸਫ਼ਾ 27 ਉੱਤੇ ਤਸਵੀਰਾਂ]

ਇਕ ਪੁਰਾਣਾ ਸਾਈਕਲ ਅਤੇ ਕਾਰ ਜਿਨ੍ਹਾਂ ਨੂੰ ਹਵਾ ਵਾਲੇ ਟਾਇਰ ਲਾਏ ਗਏ ਸਨ; ਟਾਇਰ ਬਣਾਉਣ ਵਾਲੀ ਫੈਕਟਰੀ ਵਿਚ ਕਾਮੇ

[ਕ੍ਰੈਡਿਟ ਲਾਈਨ]

The Goodyear Tire & Rubber Company