ਨਰੋਈ ਸਿਹਤ ਲਈ ਸਦੀਆਂ ਪੁਰਾਣਾ ਸੰਘਰਸ਼
ਨਰੋਈ ਸਿਹਤ ਲਈ ਸਦੀਆਂ ਪੁਰਾਣਾ ਸੰਘਰਸ਼
ਨਿਊਯਾਰਕ ਵਿਚ ਰਹਿੰਦੀ ਜੋਐਨ ਨੂੰ ਟੀ. ਬੀ. ਸੀ। ਉਸ ਨੂੰ ਇਕ ਨਵੀਂ ਕਿਸਮ ਦੀ ਟੀ. ਬੀ. ਹੋਈ ਸੀ ਜਿਸ ਉੱਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋਇਆ। ਇਸ ਤਰ੍ਹਾਂ ਦੀ ਟੀ. ਬੀ. ਦੇ ਅੱਧੇ ਕੁ ਮਰੀਜ਼ ਮਰ ਜਾਂਦੇ ਹਨ। ਜੋਐਨ ਆਪਣੀ ਦਵਾਈ ਲਗਾਤਾਰ ਨਹੀਂ ਲੈਂਦੀ ਸੀ। ਉਸ ਦੀ ਲਾਪਰਵਾਹੀ ਕਾਰਨ ਇਹ ਬੀਮਾਰੀ ਹੋਰਨਾਂ ਲੋਕਾਂ ਵਿਚ ਵੀ ਫੈਲ ਗਈ। ਉਸ ਦਾ ਡਾਕਟਰ ਬੜਾ ਪਰੇਸ਼ਾਨ ਸੀ ਤੇ ਉਸ ਨੇ ਕਿਹਾ ਕਿ ‘ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਕਮਰੇ ਵਿਚ ਡੱਕ ਕੇ ਰੱਖਿਆ ਜਾਣਾ ਚਾਹੀਦਾ ਹੈ।’
ਟੀ. ਬੀ. ਇਕ ਪੁਰਾਣੀ ਮਹਾਂਮਾਰੀ ਹੈ। ਅਸਲ ਵਿਚ ਕਰੋੜਾਂ ਹੀ ਲੋਕ ਇਸ ਬੀਮਾਰੀ ਦੇ ਕਾਰਨ ਮਰ ਚੁੱਕੇ ਹਨ। ਪ੍ਰਾਚੀਨ ਮਿਸਰ ਅਤੇ ਪੀਰੂ ਦੇਸ਼ਾਂ ਦੀਆਂ ਮਮੀਆਂ (ਲੋਥਾਂ) ਦੀ ਜਾਂਚ ਕਰਨ ਤੋਂ ਪਤਾ ਲੱਗਾ ਹੈ ਕਿ ਉੱਥੇ ਵੀ ਲੋਕ ਟੀ. ਬੀ. ਕਾਰਨ ਮਰੇ ਸਨ। ਅੱਜ ਵੀ ਟੀ. ਬੀ. ਦੀਆਂ ਨਵੀਆਂ ਕਿਸਮਾਂ ਦੇ ਕਾਰਨ ਹਰ ਸਾਲ ਤਕਰੀਬਨ 20 ਲੱਖ ਲੋਕ ਮਰ ਜਾਂਦੇ ਹਨ।
ਅਫ਼ਰੀਕਾ ਦੇ ਰਹਿਣ ਵਾਲੇ ਕਾਰਲੀਟੌਸ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੂੰ ਮਲੇਰੀਆ ਹੋਇਆ ਸੀ ਤੇ ਉਹ ਆਪਣੀ ਮੰਜੀ ਤੇ ਪਿਆ ਪਸੀਨੋ-ਪਸੀਨੀ ਹੋ ਰਿਹਾ ਸੀ। ਉਹ ਇੰਨਾ ਕਮਜ਼ੋਰ ਸੀ ਕਿ ਉਹ ਰੋ ਵੀ ਨਹੀਂ ਸਕਦਾ ਸੀ। ਉਸ ਦੇ ਮਾਪੇ ਬੇਹੱਦ ਪਰੇਸ਼ਾਨ ਸਨ ਕਿਉਂਕਿ ਉਨ੍ਹਾਂ ਕੋਲ ਨਾ ਉਸ ਦੇ ਇਲਾਜ ਲਈ ਕੋਈ ਪੈਸਾ ਸੀ ਅਤੇ ਨਾ ਹੀ ਲਾਗੇ ਕੋਈ ਹਸਪਤਾਲ ਸੀ। ਉਨ੍ਹਾਂ ਦੇ ਇਸ ਛੋਟੇ ਜਿਹੇ ਬੱਚੇ ਨੂੰ ਇੰਨਾ ਤੇਜ਼ ਬੁਖ਼ਾਰ ਚੜ੍ਹਿਆ ਕਿ ਉਹ 48 ਘੰਟਿਆਂ ਦੇ ਅੰਦਰ-ਅੰਦਰ ਮਰ ਗਿਆ।
ਹਰ ਸਾਲ ਕਾਰਲੀਟੌਸ ਵਰਗੇ 10 ਲੱਖ ਨਿਆਣੇ ਮਲੇਰੀਆ ਦੇ ਕਾਰਨ ਦਮ ਤੋੜ ਜਾਂਦੇ ਹਨ। ਪੂਰਬੀ ਅਫ਼ਰੀਕਾ ਦੇ ਪਿੰਡਾਂ ਦੀ ਹੀ ਮਿਸਾਲ ਲੈ ਲਓ ਜਿੱਥੇ ਤਕਰੀਬਨ ਹਰ ਬੱਚੇ ਨੂੰ ਹਰ ਮਹੀਨੇ 50 ਤੋਂ 80 ਵਾਰ ਮੱਛਰ ਲੜਦਾ ਹੈ। ਮੱਛਰ ਹੋਰਨਾਂ ਇਲਾਕਿਆਂ ਵਿਚ ਫੈਲ ਰਹੇ ਹਨ ਅਤੇ ਮਲੇਰੀਆ-ਰੋਕੂ ਦਵਾਈਆਂ ਹੁਣ ਬੇਅਸਰ ਸਾਬਤ ਹੋ ਰਹੀਆਂ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਹਰ ਸਾਲ 30 ਕਰੋੜ ਲੋਕਾਂ ਨੂੰ ਮਲੇਰੀਆ ਦੀਆਂ ਗੰਭੀਰ ਅਲਾਮਤਾਂ ਲੱਗਦੀਆਂ ਹਨ।
ਤੀਹ-ਸਾਲਾ ਕੈਨੱਥ ਕੈਲੇਫ਼ੋਰਨੀਆ ਦੇ ਸਾਨ ਫ਼ਰਾਂਸਿਸਕੋ ਸ਼ਹਿਰ ਵਿਚ ਰਹਿੰਦਾ ਸੀ। ਥਕਾਵਟ ਤੇ ਦਸਤ ਦਾ ਮਾਰਿਆ ਉਹ ਪਹਿਲੀ ਵਾਰ 1980 ਵਿਚ ਆਪਣੇ ਡਾਕਟਰ ਕੋਲ ਗਿਆ। ਵਧੀਆ ਇਲਾਜ ਦੇ ਬਾਵਜੂਦ ਵੀ ਉਸ ਦਾ ਸਰੀਰ ਸੁੱਕੜਦਾ ਗਿਆ ਤੇ ਫਿਰ ਉਸ ਨੂੰ ਨਮੂਨੀਆ ਹੋ ਗਿਆ। ਇਕ ਸਾਲ ਦੇ ਅੰਦਰ-ਅੰਦਰ ਉਹ ਦਮ ਤੋੜ ਗਿਆ।
ਦੋ ਸਾਲ ਬਾਅਦ ਉੱਤਰੀ ਤਨਜ਼ਾਨੀਆ ਵਿਚ ਰਹਿਣ ਵਾਲੀ ਇਕ ਮੁਟਿਆਰ ਵਿਚ ਵੀ ਇਸੇ ਤਰ੍ਹਾਂ ਦੀ ਬੀਮਾਰੀ ਦੇ ਲੱਛਣ ਦਿਖਾਈ ਦੇਣ ਲੱਗੇ। ਕੁਝ ਹੀ ਹਫ਼ਤਿਆਂ ਦੇ ਅੰਦਰ-ਅੰਦਰ ਉਸ ਲਈ ਤੁਰਨਾ-ਫਿਰਨਾ ਮੁਸ਼ਕਲ ਹੋ ਗਿਆ ਅਤੇ ਥੋੜ੍ਹੇ ਚਿਰ ਬਾਅਦ ਉਹ ਗੁਜ਼ਰ ਗਈ। ਉਸ ਨੂੰ ਅਤੇ ਉੱਥੇ ਦੀਆਂ ਕੁਝ ਹੋਰਨਾਂ ਔਰਤਾਂ ਨੂੰ ਇਹ ਬੀਮਾਰੀ ਕੱਪੜੇ ਵੇਚਣ ਵਾਲੇ ਕਿਸੇ ਆਦਮੀ ਤੋਂ ਲੱਗੀ ਸੀ। ਪਿੰਡ ਵਾਲਿਆਂ ਨੇ ਇਸ ਅਜੀਬ ਬੀਮਾਰੀ ਨੂੰ ‘ਜੂਲੀਆਨਾ ਦੀ ਬੀਮਾਰੀ’ ਦਾ ਨਾਂ ਦਿੱਤਾ ਕਿਉਂਕਿ ਜੋ ਕੱਪੜਾ ਉਹ ਆਦਮੀ ਵੇਚ ਰਿਹਾ ਸੀ ਉਸ ਉੱਤੇ ਜੂਲੀਆਨਾ ਨਾਂ ਛਪਿਆ ਹੋਇਆ ਸੀ।
ਤੁਸੀਂ ਹੁਣ ਤਕ ਇਸ ਬੀਮਾਰੀ ਦਾ ਨਾਂ ਬੁੱਝ ਲਿਆ ਹੋਵੇਗਾ। ਜੀ ਹਾਂ, ਕੈਨੱਥ ਤੇ ਤਨਜ਼ਾਨੀਆ ਦੀ ਔਰਤ ਨੂੰ ਏਡਜ਼ ਦੀ ਬੀਮਾਰੀ ਸੀ। ਸੰਨ 1980 ਦੇ ਸ਼ੁਰੂ ਵਿਚ ਡਾਕਟਰਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੇ ਸਭ ਤੋਂ ਖ਼ਤਰਨਾਕ ਰੋਗਾਣੂਆਂ ਨੂੰ ਕਾਬੂ ਕਰ ਲਿਆ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਕ ਹੋਰ ਛੂਤ ਦੀ ਭਿਆਨਕ ਬੀਮਾਰੀ ਜਾਨਾਂ ਲੈਣ ਲਈ ਦਰ ਤੇ ਖੜ੍ਹੀ ਸੀ। ਵੀਹ ਸਾਲਾਂ ਦੇ ਅੰਦਰ-ਅੰਦਰ ਏਡਜ਼ ਦੀ ਬੀਮਾਰੀ ਨੇ ਉੱਨੀਆਂ ਹੀ ਜਾਨਾਂ ਲਈਆਂ ਜਿੰਨੀਆਂ 14 ਵੀਂ ਸਦੀ ਦੌਰਾਨ ਯੂਰੇਸ਼ੀਆ ਵਿਚ ਫੈਲੀ ਪਲੇਗ ਨੇ ਲਈਆਂ ਸਨ। ਯੂਰਪ ਦੇ ਲੋਕ ਹਾਲੇ ਵੀ ਉਸ ਚੰਦਰੀ ਬੀਮਾਰੀ ਨੂੰ ਨਹੀਂ ਭੁੱਲੇ।
ਕਾਲੀ ਮੌਤ ਨਾਂ ਦੀ ਪਲੇਗ
ਕਾਲੀ ਮੌਤ ਨਾਂ ਦੀ ਪਲੇਗ ਸੰਨ 1347 ਵਿਚ ਫੈਲਣੀ ਸ਼ੁਰੂ ਹੋਈ ਸੀ। ਕ੍ਰੀਮੀਆ ਦੇਸ਼ ਤੋਂ ਇਕ ਜਹਾਜ਼ ਸਿਸਲੀ ਟਾਪੂ ਦੀ ਮਸਿਨਾ ਬੰਦਰਗਾਹ ਤੇ ਆ ਖੜ੍ਹਾ ਹੋਇਆ। ਮਾਲ ਦੇ ਨਾਲ-ਨਾਲ ਇਹ ਜਹਾਜ਼ ਪਲੇਗ ਨੂੰ ਵੀ ਢੋ ਲਿਆਇਆ। * ਜਲਦੀ ਹੀ ਕਾਲੀ ਮੌਤ ਦੀ ਪਲੇਗ ਸਾਰੀ ਇਟਲੀ ਵਿਚ ਫੈਲ ਗਈ।
ਅਗਲੇ ਸਾਲ ਇਟਲੀ ਦੇ ਸੀਏਨਾ ਸ਼ਹਿਰ ਵਿਚ ਰਹਿਣ ਵਾਲੇ ਇਕ ਆਦਮੀ ਨੇ ਆਪਣੇ ਪਿੰਡ ਦੀ ਮਾਂਦਗੀ ਬਾਰੇ ਕਿਹਾ: ‘ਮਈ ਦੇ ਮਹੀਨੇ ਵਿਚ ਲੋਕ ਦਿਨ-ਰਾਤ ਮਰਨ ਲੱਗ ਪਏ। ਲੋਕ ਤੁਰੰਤ ਮਰ ਜਾਂਦੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਮੈਂ ਆਪਣੇ ਹੱਥਾਂ ਨਾਲ ਖ਼ੁਦ ਆਪਣੇ ਪੰਜ ਨਿਆਣੇ ਦਫ਼ਨਾਏ। ਦੂਜਿਆਂ ਲੋਕਾਂ ਉੱਤੇ ਵੀ ਇਹੀ ਗੁਜ਼ਰੀ। ਕੋਈ ਵੀ ਨਹੀਂ ਰੋਂਦਾ-ਕਲਾਉਂਦਾ ਸੀ, ਭਾਵੇਂ ਉਨ੍ਹਾਂ ਦੇ ਪਰਿਵਾਰ ਦੇ ਜਿੰਨੇ ਮਰਜ਼ੀ ਜੀ ਮਰਦੇ ਸਨ ਕਿਉਂਕਿ ਤਕਰੀਬਨ ਸਾਰਿਆਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਵਾਰੀ ਵੀ ਆਉਣ ਵਾਲੀ ਸੀ। ਇੰਨੇ ਲੋਕ ਮਰੇ ਕਿ ਸਾਨੂੰ ਸਾਰਿਆਂ ਨੂੰ ਲੱਗਦਾ ਸੀ ਕਿ ਦੁਨੀਆਂ ਦਾ ਅੰਤ ਆ ਰਿਹਾ ਸੀ।’
ਕਈ ਇਤਿਹਾਸਕਾਰਾਂ ਦੇ ਅਨੁਸਾਰ, ਚਾਰ ਸਾਲਾਂ ਦੇ ਅੰਦਰ-ਅੰਦਰ ਯੂਰਪ ਦੀ ਆਬਾਦੀ ਦਾ ਇਕ ਤਿਹਾਈ ਹਿੱਸਾ ਖ਼ਤਮ ਹੋ ਗਿਆ। ਅੰਦਾਜ਼ਾ ਲਾਇਆ ਗਿਆ ਹੈ ਕਿ ਉਸ ਸਮੇਂ ਦੌਰਾਨ ਕੁਝ ਦੋ ਜਾਂ ਤਿੰਨ ਕਰੋੜ ਮੌਤਾਂ ਹੋਈਆਂ ਸਨ। ਦੂਰ ਦੇ ਆਈਸਲੈਂਡ ਦੀਪ ਦੇ ਲੋਕ ਵੀ ਇਸ ਪਲੇਗ ਦੇ ਪੰਜੇ ਤੋਂ ਨਹੀਂ ਬਚ ਸਕੇ। ਉੱਥੇ ਦੀ ਵੀ ਕਾਫ਼ੀ ਆਬਾਦੀ ਤਬਾਹ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਮਹਾਂਮਾਰੀ ਅਤੇ ਬਾਅਦ ਵਿਚ ਪਏ ਕਾਲ ਦੀ ਵਜ੍ਹਾ ਨਾਲ 13ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ 14ਵੀਂ ਸਦੀ
ਦੌਰਾਨ ਚੀਨ ਦੀ ਆਬਾਦੀ 12.3 ਕਰੋੜ ਤੋਂ ਘੱਟ ਕੇ 6.5 ਕਰੋੜ ਰਹਿ ਗਈ ਸੀ।ਇਸ ਤੋਂ ਪਹਿਲਾਂ ਕਿਸੇ ਹੋਰ ਮਹਾਂਮਾਰੀ, ਲੜਾਈ ਜਾਂ ਕਾਲ ਨੇ ਕਦੇ ਇੰਨਾ ਕਹਿਰ ਨਹੀਂ ਢਾਹਿਆ ਸੀ। ਅੰਗ੍ਰੇਜ਼ੀ ਵਿਚ ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਅਨੁਸਾਰ “ਇਸ ਤਬਾਹੀ ਦੀ ਤੁਲਨਾ ਸੰਸਾਰ ਭਰ ਵਿਚ ਹੋਰ ਕਿਸੇ ਤਬਾਹੀ ਨਾਲ ਨਹੀਂ ਕੀਤੀ ਜਾ ਸਕਦੀ। ਇਸ ਤਬਾਹੀ ਕਾਰਨ ਯੂਰਪ, ਉੱਤਰੀ ਅਫ਼ਰੀਕਾ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਦੀ ਤਕਰੀਬਨ ਅੱਧੀ ਆਬਾਦੀ ਮਰ-ਮੁੱਕ ਗਈ।”
ਉੱਤਰੀ ਅਤੇ ਦੱਖਣੀ ਅਮਰੀਕਾ ਦੇ ਦੇਸ਼ ਕਾਲੀ ਮੌਤ ਤੋਂ ਬਚ ਗਏ ਕਿਉਂਕਿ ਉਹ ਦੂਸਰਿਆਂ ਦੇਸ਼ਾਂ ਤੋਂ ਕਾਫ਼ੀ ਦੂਰ ਸਨ। ਪਰ ਉਹ ਬਹੁਤੀ ਦੇਰ ਤਕ ਨਹੀਂ ਬਚ ਸਕੇ ਕਿਉਂਕਿ 16ਵੀਂ ਸਦੀ ਵਿਚ ਸਮੁੰਦਰੀ ਜਹਾਜ਼ਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਹੋਰ ਮਹਾਂਮਾਰੀਆਂ ਇਨ੍ਹਾਂ ਦੇਸ਼ਾਂ ਵਿਚ ਲਿਆਂਦੀਆਂ। ਇਹ ਮਹਾਂਮਾਰੀਆਂ ਪਲੇਗ ਤੋਂ ਵੀ ਵੱਧ ਘਾਤਕ ਸਾਬਤ ਹੋਈਆਂ।
ਚੇਚਕ ਦੇ ਕਬਜ਼ੇ ਵਿਚ ਉੱਤਰੀ ਤੇ ਦੱਖਣੀ ਅਮਰੀਕਾ
ਸੰਨ 1492 ਵਿਚ ਜਦੋਂ ਕਲੰਬਸ ਵੈੱਸਟ ਇੰਡੀਜ਼ ਵਿਚ ਪਹੁੰਚਿਆ, ਤਾਂ ਉਸ ਨੇ ਉੱਥੇ ਦੇ ਲੋਕਾਂ ਬਾਰੇ ਦੱਸਿਆ ਕਿ ‘ਉਹ ਦਰਮਿਆਨੇ ਕੱਦ ਦੇ ਸੋਹਣੇ-ਸੁਨੱਖੇ ਲੋਕ ਸਨ।’ ਭਾਵੇਂ ਉਹ ਦੇਖਣ ਵਿਚ ਕਾਫ਼ੀ ਸਿਹਤਮੰਦ ਲੱਗਦੇ ਸਨ, ਪਰ ਇਹ ਲੋਕ ਅਣਜਾਣ ਸਨ ਕਿ ਯੂਰਪ ਦੀਆਂ ਮਹਾਂਮਾਰੀਆਂ ਦਾ ਉਨ੍ਹਾਂ ਉੱਤੇ ਕਿੰਨਾ ਭੈੜਾ ਅਸਰ ਪੈਣ ਵਾਲਾ ਸੀ।
ਸੰਨ 1518 ਵਿਚ ਹਿਸਪੈਨੀਓਲਾ ਨਾਂ ਦੇ ਟਾਪੂ ਵਿਚ ਚੇਚਕ ਦੀ ਛੂਤ ਦੀ ਬੀਮਾਰੀ ਫੈਲ ਗਈ। ਉੱਥੇ ਦੇ ਮੂਲ ਨਿਵਾਸੀਆਂ ਨੂੰ ਇਹ ਛੂਤ ਪਹਿਲਾਂ ਕਦੇ ਵੀ ਨਹੀਂ ਲੱਗੀ ਸੀ ਜਿਸ ਕਰਕੇ ਉਨ੍ਹਾਂ ਦਾ ਬਹੁਤ ਬੁਰਾ ਹਾਲ ਹੋਇਆ। ਇਕ ਸਪੇਨੀ ਚਸ਼ਮਦੀਦ ਗਵਾਹ ਦੇ ਅਨੁਸਾਰ ਇਸ ਟਾਪੂ ਦੇ ਸਿਰਫ਼ ਹਜ਼ਾਰ ਕੁ ਲੋਕ ਬਚੇ। ਇਹ ਮਹਾਂਮਾਰੀ ਛੇਤੀ ਹੀ ਮੈਕਸੀਕੋ ਤੇ ਪੀਰੂ ਤਕ ਫੈਲ ਗਈ ਤੇ ਉੱਥੇ ਵੀ ਕਾਫ਼ੀ ਆਬਾਦੀ ਤਬਾਹ ਹੋ ਗਈ।
ਅਗਲੀ ਸਦੀ ਵਿਚ ਜਦੋਂ ਯੂਰਪ ਤੋਂ ਅੰਗ੍ਰੇਜ਼ ਉੱਤਰੀ ਅਮਰੀਕਾ ਵਿਚ ਰਹਿਣ ਆਏ, ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੇਚਕ ਦੀ ਛੂਤ ਕਾਰਨ ਮੈਸੇਚਿਉਸੇਟਸ ਦੀ ਤਕਰੀਬਨ ਸਾਰੀ ਆਬਾਦੀ ਤਬਾਹ ਹੋ ਚੁੱਕੀ ਸੀ। ਉਨ੍ਹਾਂ ਦੇ ਇਕ ਆਗੂ ਜੌਨ ਵਿੰਥੌਰਪ ਨੇ ਲਿਖਿਆ ਕਿ “ਇੱਥੇ ਦੀ ਤਕਰੀਬਨ ਸਾਰੀ ਆਬਾਦੀ ਚੇਚਕ ਦੀ ਛੂਤ ਕਾਰਨ ਮਰ ਚੁੱਕੀ ਹੈ।”
ਚੇਚਕ ਦੇ ਮਗਰੋਂ ਹੋਰ ਵੀ ਮਹਾਂਮਾਰੀਆਂ ਨੇ ਆ ਡੇਰਾ ਲਾਇਆ ਸੀ। ਇਕ ਕਿਤਾਬ ਦੇ ਮੁਤਾਬਕ ਕਲੰਬਸ ਦੇ ਆਉਣ ਤੋਂ ਬਾਅਦ 100 ਸਾਲਾਂ ਦੇ ਅੰਦਰ-ਅੰਦਰ ਵਿਦੇਸ਼ੀਆਂ ਦੁਆਰਾ ਲਿਆਂਦੀਆਂ ਬੀਮਾਰੀਆਂ ਨੇ ਦੱਖਣੀ ਅਤੇ ਉੱਤਰੀ ਅਮਰੀਕਾ ਦੀ 90 ਫੀ ਸਦੀ ਆਬਾਦੀ ਨੂੰ ਮਿਟਾ ਦਿੱਤਾ ਸੀ। ਮੈਕਸੀਕੋ ਦੀ ਆਬਾਦੀ 3 ਕਰੋੜ ਤੋਂ ਘੱਟ ਕੇ 30 ਲੱਖ ਰਹਿ ਗਈ ਸੀ ਤੇ ਪੀਰੂ ਦੀ ਆਬਾਦੀ 80 ਲੱਖ ਤੋਂ ਘੱਟ ਕੇ 10 ਲੱਖ ਰਹਿ ਗਈ ਸੀ। ਕੇਵਲ ਅਮਰੀਕਾ ਦੇ ਮੂਲ ਵਾਸੀ ਹੀ ਚੇਚਕ ਤੋਂ ਬਚੇ ਰਹੇ। ਇਕ ਕਿਤਾਬ ਦੇ ਅਨੁਸਾਰ ‘ਚੇਚਕ ਦੀ ਛੂਤ ਕਰਕੇ ਹੁਣ ਤਕ ਕਰੋੜਾਂ ਹੀ ਲੋਕ ਮਰ ਚੁੱਕੇ ਹਨ। ਵੀਹਵੀਂ ਸਦੀ ਦੇ ਯੁੱਧਾਂ ਵਿਚ ਅਤੇ ਯੂਰਪ ਦੀ ਪਲੇਗ ਕਾਰਨ ਇੰਨੇ ਲੋਕ ਨਹੀਂ ਮਰੇ ਜਿੰਨੇ ਚੇਚਕ ਕਾਰਨ ਮਰੇ ਹਨ।’ (ਮਹਾਂਮਾਰੀ—ਇਤਿਹਾਸ ਅਤੇ ਭਵਿੱਖ ਵਿਚ ਚੇਚਕ ਦਾ ਖ਼ਤਰਾ [ਅੰਗ੍ਰੇਜ਼ੀ]।)
ਬੀਮਾਰੀਆਂ ਵਿਰੁੱਧ ਲੜਾਈ ਜਾਰੀ ਹੈ
ਅਸੀਂ ਸ਼ਾਇਦ ਸੋਚੀਏ ਕਿ ਹੁਣ ਪਲੇਗ ਤੇ ਚੇਚਕ ਵਰਗੀਆਂ ਛੂਤ ਦੀਆਂ ਬੀਮਾਰੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਨ। ਵੀਹਵੀਂ ਸਦੀ ਦੌਰਾਨ ਇਨਸਾਨਾਂ ਨੇ ਕਈ ਬੀਮਾਰੀਆਂ ਉੱਤੇ ਕਾਬੂ ਪਾਇਆ ਹੈ, ਖ਼ਾਸ ਕਰਕੇ ਅਮੀਰ ਦੇਸ਼ਾਂ ਵਿਚ। ਡਾਕਟਰਾਂ ਨੂੰ ਹੁਣ ਕਈਆਂ
ਬੀਮਾਰੀਆਂ ਦਾ ਕਾਰਨ ਪਤਾ ਹੈ ਤੇ ਉਨ੍ਹਾਂ ਨੇ ਕਈਆਂ ਦੇ ਇਲਾਜ ਵੀ ਲੱਭ ਲਏ ਹਨ। (ਥੱਲੇ ਡੱਬੀ ਦੇਖੋ।) ਲੋਕ ਆਸ ਲਾਈ ਬੈਠੇ ਹਨ ਕਿ ਨਵੇਂ ਟੀਕੇ ਤੇ ਐਂਟੀਬਾਇਓਟਿਕਸ ਜਾਦੂ ਵਾਂਗ ਅਸਰ ਕਰਨਗੇ ਤੇ ਬੁਰੀਆਂ ਤੋਂ ਬੁਰੀਆਂ ਬੀਮਾਰੀਆਂ ਮਿਟ ਜਾਣਗੀਆਂ।ਅਮਰੀਕਾ ਵਿਚ ਅਲਰਜੀ ਤੇ ਛੂਤ ਦੀਆਂ ਬੀਮਾਰੀਆਂ ਉੱਤੇ ਖੋਜ ਕਰਨ ਵਾਲੀ ਇਕ ਸੰਸਥਾ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ “ਯਕੀਨਨ ਜਿਸ ਤਰ੍ਹਾਂ ਅਸੀਂ ਟੈਕਸ ਅਦਾ ਕਰਨ ਤੋਂ ਅਤੇ ਮੌਤ ਤੋਂ ਨਹੀਂ ਬਚ ਸਕਦੇ, ਉਸੇ ਤਰ੍ਹਾਂ ਅਸੀਂ ਮਹਾਂਮਾਰੀਆਂ ਤੋਂ ਨਹੀਂ ਬਚ ਸਕਦੇ।” ਹਾਲੇ ਵੀ ਲੋਕਾਂ ਨੂੰ ਟੀ. ਬੀ. ਅਤੇ ਮਲੇਰੀਏ ਦੀਆਂ ਬੀਮਾਰੀਆਂ ਲੱਗਦੀਆਂ ਹਨ। ਹੁਣ ਸੰਸਾਰ ਭਰ ਵਿਚ ਫੈਲੀ ਹੋਈ ਏਡਜ਼ ਦੀ ਮਹਾਂਮਾਰੀ ਸਾਫ਼-ਸਾਫ਼ ਸੰਕੇਤ ਕਰਦੀ ਹੈ ਕਿ ਮਹਾਂਮਾਰੀਆਂ ਹਾਲੇ ਵੀ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਹਨ। ਇਨਸਾਨ ਅਤੇ ਰੋਗਾਣੂ ਨਾਂ ਦੀ ਕਿਤਾਬ ਦੱਸਦੀ ਹੈ ਕਿ “ਛੂਤ ਦੀਆਂ ਬੀਮਾਰੀਆਂ ਮੌਤ ਦਾ ਸਭ ਤੋਂ ਮੁੱਖ ਕਾਰਨ ਹਨ ਅਤੇ ਹਾਲੇ ਇਨ੍ਹਾਂ ਦੇ ਮਿਟਣ ਦੀ ਕੋਈ ਆਸ ਨਹੀਂ ਹੈ।”
ਡਾਕਟਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਭਾਵੇਂ ਉਨ੍ਹਾਂ ਨੇ ਬੀਮਾਰੀਆਂ ਨੂੰ ਕਾਬੂ ਕਰਨ ਵਿਚ ਕਾਫ਼ੀ ਤਰੱਕੀ ਕੀਤੀ ਹੈ, ਪਰ ਉਨ੍ਹਾਂ ਨੂੰ ਹਾਲੇ ਹੋਰ ਵੀ ਤਰੱਕੀ ਕਰਨ ਦੀ ਲੋੜ ਹੈ। ਇਕ ਡਾਕਟਰ ਦਾ ਕਹਿਣਾ ਹੈ ਕਿ “ਛੂਤ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਨਹੀਂ ਰਿਹਾ, ਸਗੋਂ ਵਧਦਾ ਜਾ ਰਿਹਾ ਹੈ।” ਸਾਡਾ ਅਗਲਾ ਲੇਖ ਦੱਸੇਗਾ ਕਿ ਇਹ ਵਾਧਾ ਕਿਉਂ ਹੋ ਰਿਹਾ ਹੈ। (g04 5/22)
[ਫੁਟਨੋਟ]
^ ਪੈਰਾ 10 ਇਸ ਪਲੇਗ ਵਿਚ ਬਿਊਬੋਨਿਕ ਪਲੇਗ (ਗਿਲਟੀ-ਪਲੇਗ) ਅਤੇ ਨਮੂਨੀਏ ਦਾ ਰੋਗ ਵੀ ਸ਼ਾਮਲ ਸਨ। ਚੂਹਿਆਂ ਤੇ ਚਿੰਬੜੇ ਪਿੱਸੂ ਬਿਊਬੋਨਿਕ ਪਲੇਗ ਫੈਲਾਉਂਦੇ ਸਨ ਅਤੇ ਛੂਤ ਵਾਲੇ ਲੋਕਾਂ ਦੀਆਂ ਛਿੱਕਾਂ ਤੇ ਖੰਘ ਤੋਂ ਅਕਸਰ ਦੂਸਰਿਆਂ ਲੋਕਾਂ ਵਿਚ ਨਮੂਨੀਆ ਫੈਲਦਾ ਸੀ।
[ਸਫ਼ੇ 5 ਉੱਤੇ ਸੁਰਖੀ]
ਵੀਹ ਸਾਲਾਂ ਦੇ ਅੰਦਰ-ਅੰਦਰ ਏਡਜ਼ ਦੀ ਬੀਮਾਰੀ ਨੇ ਉੱਨੀਆਂ ਹੀ ਜਾਨਾਂ ਲਈਆਂ ਜਿੰਨੀਆਂ 14ਵੀਂ ਸਦੀ ਦੌਰਾਨ ਯੂਰੇਸ਼ੀਆ ਵਿਚ ਫੈਲੀ ਪਲੇਗ ਨੇ ਲਈਆਂ।
[ਸਫ਼ੇ 6 ਉੱਤੇ ਡੱਬੀ/ਤਸਵੀਰ]
ਗਿਆਨ ਦੇ ਮੁਕਾਬਲੇ ਵਿਚ ਵਹਿਮ
ਚੌਦਵੀਂ ਸਦੀ ਵਿਚ ਅਵਿਨਿਓ ਸ਼ਹਿਰ ਵਿਚ ਰਹਿੰਦੇ ਪੋਪ ਦੇ ਘਰਾਣੇ ਉੱਤੇ ਜਦੋਂ ਕਾਲੀ ਮੌਤ ਦੀ ਪਲੇਗ ਦਾ ਖ਼ਤਰਾ ਮੰਡਰਾ ਰਿਹਾ ਸੀ, ਤਾਂ ਹਕੀਮ ਨੇ ਆਪਣੀ ਸਮਝ ਅਨੁਸਾਰ ਪੋਪ ਨੂੰ ਦੱਸਿਆ ਕਿ ਕੁੰਭ ਰਾਸ਼ੀ ਦੇ ਚਿੰਨ੍ਹ ਵਿਚ ਸ਼ਨੀ, ਬ੍ਰਹਿਸਪਤੀ ਅਤੇ ਮੰਗਲ ਗ੍ਰਹਿਆਂ ਦੇ ਇੱਕੋ ਸੇਧ ਵਿਚ ਆ ਜਾਣ ਨਾਲ ਇਹ ਪਲੇਗ ਫੈਲੀ ਹੈ।
ਇਸ ਤੋਂ ਚਾਰ ਕੁ ਸਦੀਆਂ ਬਾਅਦ, ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੋਰਜ ਵਾਸ਼ਿੰਗਟਨ ਦੀ ਮਿਸਾਲ ਉੱਤੇ ਗੌਰ ਕਰੋ। ਇਕ ਵਾਰ ਜਦੋਂ ਉਸ ਦਾ ਗਲਾ ਦੁੱਖ ਰਿਹਾ ਸੀ, ਤਾਂ ਉਹ ਜਾ ਕੇ ਆਪਣੇ ਬਿਸਤਰ ਤੇ ਲੇਟ ਗਿਆ। ਇਸ ਛੂਤ ਦਾ ਇਲਾਜ ਕਰਨ ਲਈ ਤਿੰਨ ਵੱਡੇ-ਵੱਡੇ ਡਾਕਟਰਾਂ ਨੇ ਉਸ ਦੀਆਂ ਨਾੜੀਆਂ ਵਿੱਚੋਂ 2 ਲੀਟਰ ਖ਼ੂਨ ਕੱਢਿਆ। ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਉਹ ਮਰ ਗਿਆ। ਤਕਰੀਬਨ 2,500 ਸਾਲਾਂ ਤਕ ਮਰੀਜ਼ਾਂ ਦੇ ਇਲਾਜ ਲਈ ਖ਼ੂਨ ਕੱਢਣ ਦੀ ਇਹ ਕ੍ਰਿਆ ਚੱਲਦੀ ਆ ਰਹੀ ਸੀ ਯਾਨੀ ਹਿਪੋਕ੍ਰਾਟੀਸ ਨਾਂ ਦੇ ਯੂਨਾਨੀ ਡਾਕਟਰ ਦੇ ਸਮੇਂ ਤੋਂ ਲੈ ਕੇ 19ਵੀਂ ਸਦੀ ਦੇ ਮੱਧ ਤਕ।
ਭਾਵੇਂ ਕਿ ਵਹਿਮਾਂ ਤੇ ਰੀਤਾਂ-ਰਿਵਾਜਾਂ ਕਾਰਨ ਡਾਕਟਰੀ ਤਰੱਕੀ ਵਿਚ ਰੁਕਾਵਟਾਂ ਆਈਆਂ ਹਨ, ਫਿਰ ਵੀ ਡਾਕਟਰਾਂ ਨੇ ਛੂਤ ਦੀਆਂ ਬੀਮਾਰੀਆਂ ਦੇ ਕਾਰਨ ਅਤੇ ਉਨ੍ਹਾਂ ਦੇ ਇਲਾਜ ਲੱਭਣ ਵਿਚ ਬਹੁਤ ਹੀ ਮਿਹਨਤ ਕੀਤੀ ਹੈ। ਉਨ੍ਹਾਂ ਦੀਆਂ ਕੁਝ ਮੁੱਖ ਕਾਮਯਾਬੀਆਂ ਦਾ ਬਿਆਨ ਹੇਠਾਂ ਕੀਤਾ ਗਿਆ ਹੈ।
▪ ਚੇਚਕ। ਸੰਨ 1798 ਵਿਚ ਐਡਵਰਡ ਜੈਨਰ ਨੇ ਚੇਚਕ ਦੀ ਛੂਤ ਦੇ ਇਲਾਜ ਦਾ ਇਕ ਟੀਕਾ ਤਿਆਰ ਕੀਤਾ। ਵੀਹਵੀਂ ਸਦੀ ਦੌਰਾਨ ਪੋਲੀਓ, ਪੀਲਾ ਤਾਪ ਅਤੇ ਖਸਰਾ ਵਰਗੇ ਹੋਰ ਰੋਗਾਂ ਦੀ ਰੋਕਥਾਮ ਵਾਸਤੇ ਟੀਕੇ ਲੱਭ ਲਏ ਗਏ।
▪ ਟੀ. ਬੀ. ਸੰਨ 1882 ਵਿਚ ਖੋਜ ਕਰਦੇ-ਕਰਦੇ ਰੌਬਰਟ ਕੋਖ਼ ਨੂੰ ਟੀ. ਬੀ. ਦੇ ਜੀਵਾਣੂਆਂ ਬਾਰੇ ਪਤਾ ਚੱਲਿਆ ਤੇ ਉਸ ਨੇ ਮਰੀਜ਼ਾਂ ਵਿਚ ਇਸ ਬੀਮਾਰੀ ਦੀ ਪਛਾਣ ਕਰਨ ਵਾਸਤੇ ਇਕ ਟੈੱਸਟ ਤਿਆਰ ਕੀਤਾ। ਕੁਝ 60 ਸਾਲ ਬਾਅਦ, ਟੀ. ਬੀ. ਦੇ ਜੀਵਾਣੂ ਨਾਸ਼ ਕਰਨ ਵਾਲੀ ਸਟ੍ਰੈਪਟੋਮਾਈਸਿਨ ਨਾਂ ਦੀ ਐਂਟੀਬਾਇਓਟਿਕ ਦੀ ਖੋਜ ਕੀਤੀ ਗਈ। ਇਹੀ ਦਵਾਈ ਬਿਊਬੋਨਿਕ ਪਲੇਗ ਲਈ ਵੀ ਬਹੁਤ ਅਸਰਦਾਰ ਸਾਬਤ ਹੋਈ।
▪ ਮਲੇਰੀਆ। ਸਤਾਰ੍ਹਵੀਂ ਸਦੀ ਤੋਂ ਲੈ ਕੇ ਹੁਣ ਤਕ ਇਸ ਬੀਮਾਰੀ ਦੇ ਇਲਾਜ ਲਈ ਕੁਨੀਨ ਵਰਤੀ ਗਈ ਹੈ। ਇਹ ਦਵਾਈ ਸਿਨਕੋਨਾ ਦਰਖ਼ਤ ਦੇ ਸੱਕ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦਵਾਈ ਨੇ ਕਰੋੜਾਂ ਹੀ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਹਨ। ਸੰਨ 1897 ਵਿਚ ਰੋਨਲਡ ਰੌਸ ਨੂੰ ਪਤਾ ਚੱਲਿਆ ਕਿ ਮਲੇਰੀਆ ਐਨੋਫਲੀਜ਼ ਨਾਂ ਦੇ ਮੱਛਰਾਂ ਤੋਂ ਫੈਲਦਾ ਹੈ। ਮੱਛਰਾਂ ਨੂੰ ਘਟਾਉਣ ਤੋਂ ਬਾਅਦ ਨਤੀਜਾ ਇਹ ਹੋਇਆ ਕਿ ਹੁਣ ਗਰਮ ਦੇਸ਼ਾਂ ਵਿਚ ਮਲੇਰੀਏ ਕਾਰਨ ਘੱਟ ਲੋਕ ਮਰਦੇ ਹਨ।
[ਤਸਵੀਰ]
ਰਾਸ਼ੀ-ਮੰਡਲ ਦਾ ਚਾਰਟ (ਉੱਪਰ) ਅਤੇ ਖ਼ੂਨ ਕੱਢੇ ਜਾਣ ਦਾ ਦ੍ਰਿਸ਼
[ਕ੍ਰੈਡਿਟ ਲਾਈਨ]
Both: Biblioteca Histórica “Marqués de Valdecilla”
[ਸਫ਼ੇ 3 ਉੱਤੇ ਤਸਵੀਰਾਂ]
ਅੱਜ ਵੀ ਟੀ. ਬੀ. ਦੀਆਂ ਨਵੀਆਂ ਕਿਸਮਾਂ ਦੇ ਕਾਰਨ ਹਰ ਸਾਲ ਕੁਝ 20 ਲੱਖ ਲੋਕ ਮਰਦੇ ਹਨ
[ਕ੍ਰੈਡਿਟ ਲਾਈਨ]
X ray: New Jersey Medical School–National Tuberculosis Center; man: Photo: WHO/Thierry Falise
[ਸਫ਼ੇ 4 ਉੱਤੇ ਤਸਵੀਰ]
ਸੰਨ 1500 ਦੀ ਇਕ ਜਰਮਨ ਤਸਵੀਰ। ਕਾਲੀ ਮੌਤ ਤੋਂ ਬਚਣ ਲਈ ਡਾਕਟਰ ਦਾ ਚਿਹਰਾ ਢਕਿਆ ਹੋਇਆ। ਚੁੰਝ ਵਿਚ ਅਤਰ ਪਾਇਆ ਜਾਂਦਾ ਸੀ
[ਕ੍ਰੈਡਿਟ ਲਾਈਨ]
Godo-Foto
[ਸਫ਼ੇ 4 ਉੱਤੇ ਤਸਵੀਰ]
ਬੈਕਟੀਰੀਆ ਜਿਸ ਤੋਂ ਬਿਊਬੋਨਿਕ ਪਲੇਗ ਫੈਲੀ
[ਕ੍ਰੈਡਿਟ ਲਾਈਨ]
© Gary Gaugler/Visuals Unlimited