Skip to content

Skip to table of contents

ਮਾਈਲੀਨ ਲਈ ਨਵਾਂ ਚਿਹਰਾ

ਮਾਈਲੀਨ ਲਈ ਨਵਾਂ ਚਿਹਰਾ

ਮਾਈਲੀਨ ਲਈ ਨਵਾਂ ਚਿਹਰਾ

ਮਾਈਲੀਨ ਦੀ ਮਾਂ ਦੀ ਜ਼ਬਾਨੀ

ਮੇਰੀ ਗਿਆਰਾਂ ਸਾਲਾਂ ਦੀ ਪਿਆਰੀ ਧੀ ਮਾਈਲੀਨ ਨੂੰ ਨਵੇਂ ਚਿਹਰੇ ਦੀ ਲੋੜ ਕਿਉਂ ਪਈ? ਆਓ ਮੈਂ ਤੁਹਾਨੂੰ ਦੱਸਦੀ ਹਾਂ।

ਮਾਈਲੀਨ ਮੇਰੀ ਛੋਟੀ ਧੀ ਦਾ ਨਾਂ ਹੈ। ਉਸ ਦਾ ਜਨਮ 5 ਅਗਸਤ 1992 ਨੂੰ ਕਿਊਬਾ ਦੇ ਸ਼ਹਿਰ ਓਲਗੀਨ ਵਿਚ ਹੋਇਆ ਸੀ। ਉਸ ਦੇ ਪੈਦਾ ਹੋਣ ਤੇ ਉਸ ਦੇ ਪਿਤਾ, ਉਸ ਦੀ ਭੈਣ ਤੇ ਮੈਂ ਬਹੁਤ ਖ਼ੁਸ਼ ਸਾਂ। ਪਰ ਜਲਦੀ ਹੀ ਸਾਡੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ। ਉਸ ਦੇ ਪੈਦਾ ਹੋਣ ਤੋਂ ਕੁਝ ਹੀ ਦਿਨਾਂ ਬਾਅਦ ਮੈਨੂੰ ਖ਼ਸਰਾ ਹੋ ਗਿਆ ਤੇ ਇਕ ਮਹੀਨੇ ਮਗਰੋਂ ਮਾਈਲੀਨ ਨੂੰ ਵੀ ਇਹ ਬੀਮਾਰੀ ਲੱਗ ਗਈ।

ਪਹਿਲਾਂ-ਪਹਿਲ ਉਸ ਦੀ ਹਾਲਤ ਇੰਨੀ ਖ਼ਰਾਬ ਨਹੀਂ ਸੀ। ਪਰ ਬਾਅਦ ਵਿਚ ਉਸ ਦੀ ਹਾਲਤ ਵਿਗੜਦੀ ਗਈ ਜਿਸ ਕਰਕੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਉਣਾ ਪਿਆ। ਡਾਕਟਰਾਂ ਨੇ ਮਾਈਲੀਨ ਦਾ ਚੰਗੀ ਤਰ੍ਹਾਂ ਇਲਾਜ ਕੀਤਾ। ਪਰ ਉਸ ਦੇ ਸਰੀਰ ਦੀ ਰੱਖਿਆ ਪ੍ਰਣਾਲੀ ਬਹੁਤ ਕਮਜ਼ੋਰ ਹੋ ਚੁੱਕੀ ਸੀ ਜਿਸ ਕਰਕੇ ਉਸ ਨੂੰ ਇਕ ਇਨਫ਼ੈਕਸ਼ਨ ਨੇ ਆ ਜਕੜਿਆ। ਮੈਂ ਦੇਖਿਆ ਕਿ ਉਸ ਦੇ ਨੱਕ ਦਾ ਇਕ ਪਾਸਾ ਲਾਲ ਹੋ ਗਿਆ ਸੀ। ਡਾਕਟਰਾਂ ਨੇ ਕਿਹਾ ਕਿ ਉਸ ਨੂੰ ਇਕ ਖ਼ਤਰਨਾਕ ਰੋਗਾਣੂ ਨੇ ਆ ਘੇਰਿਆ ਸੀ।

ਮਾਈਲੀਨ ਨੂੰ ਫ਼ੌਰਨ ਰੋਗਾਣੂਨਾਸ਼ਕ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਬਾਵਜੂਦ, ਕੁਝ ਹੀ ਦਿਨਾਂ ਵਿਚ ਰੋਗਾਣੂ ਨੇ ਮਾਈਲੀਨ ਦਾ ਚਿਹਰਾ ਵਿਗਾੜ ਦਿੱਤਾ। ਜਦ ਤਕ ਡਾਕਟਰ ਇਸ ਇਨਫ਼ੈਕਸ਼ਨ ਤੇ ਕਾਬੂ ਪਾਉਣ ਵਿਚ ਕਾਮਯਾਬ ਹੋਏ, ਤਦ ਤਕ ਇਹ ਰੋਗਾਣੂ ਉਸ ਦਾ ਨੱਕ, ਬੁੱਲ੍ਹ, ਬੁੱਟ ਤੇ ਠੋਡੀ ਦੇ ਕੁਝ ਹਿੱਸੇ ਪੂਰੀ ਤਰ੍ਹਾਂ ਖਾ ਚੁੱਕਾ ਸੀ। ਉਸ ਦੀ ਅੱਖ ਦੇ ਇਕ ਪਾਸੇ ਸੁਰਾਖ ਵੀ ਹੋ ਗਏ ਸਨ।

ਉਸ ਦੀ ਹਾਲਤ ਦੇਖ ਕੇ ਮੈਂ ਤੇ ਮੇਰੇ ਪਤੀ ਫੁੱਟ-ਫੁੱਟ ਕੇ ਰੋਣ ਲੱਗ ਪਏ। ਸਾਡੀ ਨੰਨ੍ਹੀ ਜਿਹੀ ਧੀ ਨਾਲ ਇਹ ਸਭ ਕਿਵੇਂ ਹੋ ਗਿਆ? ਮਾਈਲੀਨ ਕਈ ਦਿਨਾਂ ਤਕ ਇਨਟੈਨਸਿਵ ਕੇਅਰ ਯੂਨਿਟ ਵਿਚ ਰਹੀ ਤੇ ਡਾਕਟਰਾਂ ਨੇ ਕਿਹਾ ਕਿ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਇਸ ਲਈ ਮੇਰੇ ਪਤੀ ਮੈਨੂੰ ਕਹਿੰਦੇ ਰਹਿੰਦੇ ਸਨ ਕਿ ਮੈਂ ਆਪਣੀ ਧੀ ਦੀ ਮੌਤ ਦਾ ਗਮ ਸਹਿਣ ਲਈ ਤਿਆਰ ਰਹਾਂ। ਪਰ ਜਦੋਂ ਮੈਂ ਮਾਈਲੀਨ ਦਾ ਹੱਥ ਫੜਨ ਲਈ ਇਨਕਿਊਬੇਟਰ ਮਸ਼ੀਨ ਵਿਚ ਹੱਥ ਪਾਉਂਦੀ ਸੀ, ਤਾਂ ਉਹ ਕੱਸ ਕੇ ਮੇਰਾ ਹੱਥ ਫੜ ਲੈਂਦੀ ਸੀ ਜਿਸ ਕਰਕੇ ਮੈਨੂੰ ਯਕੀਨ ਸੀ ਕਿ ਉਹ ਬਚ ਜਾਵੇਗੀ। ਮੈਂ ਆਪਣੇ ਪਤੀ ਨੂੰ ਕਿਹਾ: “ਸਾਡੀ ਧੀ ਨੂੰ ਕੁਝ ਨਹੀਂ ਹੋਵੇਗਾ। ਪਰ ਇਸ ਹਾਲਤ ਵਿਚ ਮਾਈਲੀਨ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨੀ ਪਵੇਗੀ?” ਹਰ ਸਵੇਰ ਨੂੰ ਉੱਠ ਕੇ ਅਸੀਂ ਇਹੀ ਸੋਚਦੇ ਸੀ ਕਿ ਇਹ ਸ਼ਾਇਦ ਕੋਈ ਭਿਆਨਕ ਸੁਪਨਾ ਹੀ ਸੀ।

ਸਾਡੀ ਵੱਡੀ ਕੁੜੀ ਮਾਈਡਲੀਸ ਉਦੋਂ ਛੇ ਸਾਲ ਦੀ ਸੀ। ਜਿੰਨਾ ਚਿਰ ਅਸੀਂ ਮਾਈਲੀਨ ਨਾਲ ਹਸਪਤਾਲ ਵਿਚ ਰਹੇ, ਮਾਈਡਲੀਸ ਮੇਰੇ ਮਾਪਿਆਂ ਨਾਲ ਜਾ ਕੇ ਰਹੀ। ਉਹ ਆਪਣੀ ਛੋਟੀ ਭੈਣ ਦੇ ਵਾਪਸ ਘਰ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ। ਜਦੋਂ ਮਾਈਲੀਨ ਘਰੋਂ ਗਈ ਸੀ, ਤਾਂ ਉਹ ਨੀਲੀਆਂ ਅੱਖਾਂ ਵਾਲੀ ਖੂਬਸੂਰਤ “ਗੁੱਡੀ” ਲੱਗਦੀ ਸੀ। ਪਰ ਜਦੋਂ ਮਾਈਡਲੀਸ ਨੇ ਆਪਣੀ ਛੋਟੀ ਭੈਣ ਨੂੰ ਦੁਬਾਰਾ ਦੇਖਿਆ, ਤਾਂ ਮਾਈਲੀਨ ਦੀ ਸ਼ਕਲ ਬੁਰੀ ਤਰ੍ਹਾਂ ਵਿਗੜ ਚੁੱਕੀ ਸੀ।

‘ਮੇਰੀ ਧੀ ਨੂੰ ਇੰਨਾ ਦੁੱਖ ਕਿਉਂ ਸਹਿਣਾ ਪੈਂਦਾ ਹੈ?’

ਡੇਢ ਮਹੀਨਾ ਹਸਪਤਾਲ ਰਹਿਣ ਮਗਰੋਂ ਮਾਈਲੀਨ ਨੂੰ ਛੁੱਟੀ ਮਿਲ ਗਈ। ਅਸੀਂ ਸ਼ਹਿਰ ਵਿਚ ਆਪਣੇ ਘਰ ਨਹੀਂ ਗਏ ਕਿਉਂਕਿ ਅਸੀਂ ਨਹੀਂ ਸੀ ਚਾਹੁੰਦੇ ਕਿ ਕੋਈ ਉਸ ਨੂੰ ਦੇਖੇ। ਅਸੀਂ ਇਕ ਪੇਂਡੂ ਇਲਾਕੇ ਵਿਚ ਸਾਰਿਆਂ ਤੋਂ ਦੂਰ ਇਕ ਛੋਟੇ ਜਿਹੇ ਘਰ ਵਿਚ ਰਹਿਣ ਲੱਗ ਪਏ ਜੋ ਮੇਰੇ ਮਾਪਿਆਂ ਦੇ ਫਾਰਮ ਦੇ ਨੇੜੇ ਹੀ ਸੀ।

ਮਾਈਲੀਨ ਦੇ ਬੁੱਲ੍ਹਾਂ ਦੀ ਥਾਂ ਤੇ ਸਿਰਫ਼ ਇਕ ਛੋਟਾ ਜਿਹਾ ਸੁਰਾਖ ਹੀ ਰਹਿ ਗਿਆ ਸੀ। ਮੈਂ ਆਪਣਾ ਦੁੱਧ ਥੋੜ੍ਹਾ-ਥੋੜ੍ਹਾ ਕਰਕੇ ਉਸ ਦੇ ਮੂੰਹ ਵਿਚ ਪਾਉਂਦੀ ਸੀ ਕਿਉਂਕਿ ਉਸ ਤੋਂ ਦੁੱਧ ਚੁੰਘਿਆ ਨਹੀਂ ਜਾਂਦਾ ਸੀ। ਪਰ ਜਦੋਂ ਉਸ ਦੇ ਚਿਹਰੇ ਦੇ ਜ਼ਖ਼ਮ ਠੀਕ ਹੋਣ ਲੱਗੇ, ਤਾਂ ਉਹ ਸੁਰਾਖ ਵੀ ਤਕਰੀਬਨ ਬੰਦ ਹੋਣ ਹੀ ਵਾਲਾ ਸੀ। ਮੈਂ ਉਸ ਨੂੰ ਸਿਰਫ਼ ਬੋਤਲ ਰਾਹੀਂ ਹੀ ਤਰਲ ਖਾਣਾ ਦੇ ਸਕਦੀ ਸੀ। ਜਦੋਂ ਉਹ ਇਕ ਸਾਲ ਦੀ ਹੋਈ, ਤਾਂ ਅਸੀਂ ਓਲਗੀਨ ਵਾਪਸ ਗਏ ਜਿੱਥੇ ਡਾਕਟਰਾਂ ਨੇ ਉਸ ਦੇ ਮੂੰਹ ਦਾ ਸੁਰਾਖ ਵੱਡਾ ਕਰਨ ਲਈ ਉਸ ਦੇ ਚਾਰ ਓਪਰੇਸ਼ਨ ਕੀਤੇ।

ਮੈਂ ਆਪਣੇ ਆਪ ਤੋਂ ਪੁੱਛਦੀ ਸੀ, ‘ਮੇਰੀ ਧੀ ਨੂੰ ਇੰਨਾ ਦੁੱਖ ਕਿਉਂ ਸਹਿਣਾ ਪੈਂਦਾ ਹੈ?’ ਮੈਂ ਟੂਣਾ-ਟੱਪਾ ਕਰਨ ਵਾਲਿਆਂ ਤੋਂ ਇਸ ਦਾ ਜਵਾਬ ਭਾਲਦੀ ਤੇ ਸੰਤਾਂ ਦੀਆਂ ਮੂਰਤਾਂ ਨੂੰ ਪ੍ਰਾਰਥਨਾ ਕਰਦੀ। ਪਰ ਕਿਸੇ ਵੀ ਚੀਜ਼ ਤੋਂ ਮੈਨੂੰ ਦਿਲਾਸਾ ਨਹੀਂ ਮਿਲਿਆ। ਕੁਝ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਦੀਆਂ ਦਿਲ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਸੁਣ-ਸੁਣ ਕੇ ਮੈਂ ਹੋਰ ਵੀ ਪਰੇਸ਼ਾਨ ਹੋ ਗਈ। ਕੁਝ ਨੇ ਕਿਹਾ, “ਰੱਬ ਹੀ ਜਾਣਦਾ ਹੈ ਕਿ ਉਹ ਇਹ ਸਭ ਕੁਝ ਕਿਉਂ ਹੋਣ ਦਿੰਦਾ ਹੈ।” ਹੋਰਨਾਂ ਨੇ ਮੈਨੂੰ ਕਿਹਾ, “ਰੱਬ ਤੈਨੂੰ ਸਜ਼ਾ ਦੇ ਰਿਹਾ ਹੈ।” ਮੈਨੂੰ ਇਹ ਵੀ ਚਿੰਤਾ ਸਤਾ ਰਹੀ ਸੀ ਕਿ ਮਾਈਲੀਨ ਦੇ ਵੱਡੀ ਹੋਣ ਤੇ ਮੈਂ ਉਸ ਨੂੰ ਕੀ ਜਵਾਬ ਦਿਆਂਗੀ। ਉਹ ਅਜੇ ਜਦੋਂ ਬਹੁਤ ਹੀ ਛੋਟੀ ਸੀ, ਤਾਂ ਉਸ ਨੇ ਇਕ ਵਾਰ ਆਪਣੇ ਪਿਤਾ ਜੀ ਨੂੰ ਪੁੱਛਿਆ, “ਦੂਜਿਆਂ ਵਾਂਗ ਮੇਰਾ ਨੱਕ ਕਿਉਂ ਨਹੀਂ ਹੈ?” ਉਸ ਦੇ ਪਿਤਾ ਜੀ ਕੋਈ ਜਵਾਬ ਨਾ ਦੇ ਸਕੇ ਤੇ ਬਾਹਰ ਜਾ ਕੇ ਰੋਣ ਲੱਗ ਪਏ। ਮੈਂ ਮਾਈਲੀਨ ਨੂੰ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਅਜੇ ਵੀ ਯਾਦ ਹੈ ਕਿ ਮੈਂ ਉਸ ਨੂੰ ਕਹਿੰਦੀ ਹੁੰਦੀ ਸੀ ਕਿ ਉਸ ਦਾ ਨੱਕ ਤੇ ਮੂੰਹ ਇਕ ਕੀੜਾ ਖਾ ਗਿਆ।

ਆਸ਼ਾ ਦੀ ਕਿਰਨ

ਮੇਰੇ ਗੁਆਂਢ ਵਿਚ ਯਹੋਵਾਹ ਦੀ ਇਕ ਗਵਾਹ ਰਹਿੰਦੀ ਸੀ। ਜਦੋਂ ਮੈਂ ਬਹੁਤ ਹੀ ਨਿਰਾਸ਼ ਹੋ ਗਈ, ਤਾਂ ਮੈਂ ਉਸ ਤੋਂ ਪੁੱਛਿਆ ਕਿ ਮੈਨੂੰ ਬਾਈਬਲ ਵਿੱਚੋਂ ਦਿਖਾ ਕਿ ਪਰਮੇਸ਼ੁਰ ਨੇ ਮੇਰੀ ਧੀ ਨੂੰ ਇੰਨਾ ਦੁੱਖ ਕਿਉਂ ਦਿੱਤਾ। ਮੈਂ ਇਹ ਵੀ ਪੁੱਛਿਆ, “ਜੇ ਇਹ ਬੀਮਾਰੀ ਪਰਮੇਸ਼ੁਰ ਵੱਲੋਂ ਮੇਰੇ ਕਿਸੇ ਪਾਪ ਦੀ ਸਜ਼ਾ ਹੈ, ਤਾਂ ਮਾਈਲੀਨ ਇਹ ਸਜ਼ਾ ਕਿਉਂ ਭੁਗਤ ਰਹੀ ਹੈ?”

ਮੇਰੀ ਗੁਆਂਢਣ ਨੇ ਮੈਨੂੰ ਕਿਤਾਬ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ * ਵਿੱਚੋਂ ਬਾਈਬਲ ਦੀ ਸਟੱਡੀ ਕਰਾਉਣੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਮੈਨੂੰ ਪਤਾ ਲੱਗ ਗਿਆ ਕਿ ਮਾਈਲੀਨ ਦੀ ਬੀਮਾਰੀ ਲਈ ਪਰਮੇਸ਼ੁਰ ਜ਼ਿੰਮੇਵਾਰੀ ਨਹੀਂ ਹੈ ਤੇ ਉਸ ਨੂੰ ਸੱਚ-ਮੁੱਚ ਸਾਡਾ ਫ਼ਿਕਰ ਹੈ। (ਯਾਕੂਬ 1:13; 1 ਪਤਰਸ 5:7) ਇਸ ਸ਼ਾਨਦਾਰ ਆਸ਼ਾ ਲਈ ਮੇਰੀ ਕਦਰ ਵਧਣ ਲੱਗੀ ਕਿ ਪਰਮੇਸ਼ੁਰ ਦੇ ਮਸੀਹਾਈ ਰਾਜ ਵਿਚ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। (ਮੱਤੀ 6:9, 10; ਪਰਕਾਸ਼ ਦੀ ਪੋਥੀ 21:3, 4) ਇਸ ਜਾਣਕਾਰੀ ਤੋਂ ਮੈਨੂੰ ਹੌਸਲਾ ਮਿਲਿਆ ਤੇ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਮਸੀਹੀ ਸਭਾਵਾਂ ਵਿਚ ਜਾਣ ਲਈ ਪ੍ਰੇਰਿਤ ਹੋਈ। ਸ਼ੁਰੂ-ਸ਼ੁਰੂ ਵਿਚ ਮੇਰੇ ਪਤੀ ਨੂੰ ਇਹ ਚੰਗਾ ਨਹੀਂ ਲੱਗਾ ਕਿ ਮੈਂ ਕਿਸੇ ਨਵੇਂ ਹੀ ਧਰਮ ਬਾਰੇ ਸਿੱਖ ਰਹੀ ਸੀ। ਪਰ ਇਹ ਸਿੱਖਿਆ ਦੁੱਖ ਸਹਿਣ ਵਿਚ ਮੇਰੀ ਮਦਦ ਕਰਦੀ ਸੀ ਜਿਸ ਕਰਕੇ ਮੇਰੇ ਪਤੀ ਨੇ ਮੈਨੂੰ ਬਾਈਬਲ ਦੀ ਸਟੱਡੀ ਕਰਨ ਤੋਂ ਨਹੀਂ ਰੋਕਿਆ।

ਵਿਦੇਸ਼ ਤੋਂ ਮਦਦ

ਜਦੋਂ ਮਾਈਲੀਨ ਦੋ ਸਾਲ ਦੀ ਸੀ, ਤਾਂ ਇਕ ਪ੍ਰਸਿੱਧ ਪਲਾਸਟਿਕ ਸਰਜਨ ਨੂੰ ਉਸ ਬਾਰੇ ਪਤਾ ਲੱਗਾ ਅਤੇ ਉਸ ਨੇ ਮੁਫ਼ਤ ਵਿਚ ਉਸ ਦਾ ਇਲਾਜ ਕਰਨ ਦੀ ਪੇਸ਼ਕਸ਼ ਕੀਤੀ। ਪਹਿਲੇ ਕੁਝ ਓਪਰੇਸ਼ਨ 1994 ਵਿਚ ਕੀਤੇ ਗਏ ਸਨ। ਮਾਈਲੀਨ ਤੇ ਮੈਂ ਮੈਕਸੀਕੋ ਵਿਚ ਤਕਰੀਬਨ ਇਕ ਸਾਲ ਰਹੀਆਂ। ਸ਼ੁਰੂ-ਸ਼ੁਰੂ ਵਿਚ ਯਹੋਵਾਹ ਦੇ ਗਵਾਹਾਂ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ ਜਿਸ ਕਰਕੇ ਅਸੀਂ ਮਸੀਹੀ ਸਭਾਵਾਂ ਵਿਚ ਨਹੀਂ ਜਾ ਸਕੀਆਂ। ਇਸ ਨਾਲ ਮੈਂ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਗਈ। ਫਿਰ ਇਕ ਗਵਾਹ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਫਿਰ ਤੋਂ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਲੱਗ ਪਈਆਂ। ਜਦੋਂ ਕਦੇ ਸਾਡੇ ਲਈ ਮੁਮਕਿਨ ਹੁੰਦਾ, ਅਸੀਂ ਸਭਾਵਾਂ ਵਿਚ ਜਾਂਦੀਆਂ। ਕਿਊਬਾ ਵਾਪਸ ਆ ਕੇ ਮੈਂ ਦੁਬਾਰਾ ਬਾਈਬਲ ਦੀ ਸਟੱਡੀ ਕਰਨ ਲੱਗ ਪਈ ਤੇ ਅਧਿਆਤਮਿਕ ਤੌਰ ਤੇ ਠੀਕ ਹੋ ਗਈ।

ਮੇਰੇ ਪਤੀ ਅਜੇ ਵੀ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ ਸਨ। ਉਨ੍ਹਾਂ ਦੀ ਦਿਲਚਸਪੀ ਜਗਾਉਣ ਲਈ ਮੈਂ ਉਨ੍ਹਾਂ ਨੂੰ ਕਹਿੰਦੀ ਹੁੰਦੀ ਸਾਂ ਕਿ ਉਹ ਮੈਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੇ ਕੁਝ ਹਿੱਸੇ ਪੜ੍ਹ ਕੇ ਸੁਣਾਉਣ ਤਾਂਕਿ ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਸਕਾਂ। ਅਖ਼ੀਰ ਉਹ ਬਾਈਬਲ ਦੀ ਸਟੱਡੀ ਕਰਨ ਲਈ ਮੰਨ ਗਏ ਕਿਉਂਕਿ ਉਨ੍ਹਾਂ ਨੂੰ ਚਿੰਤਾ ਸੀ ਕਿ ਵਾਰ-ਵਾਰ ਲੰਮੀ ਦੇਰ ਤਕ ਮੈਕਸੀਕੋ ਜਾ ਕੇ ਰਹਿਣ ਨਾਲ ਸਾਡੇ ਰਿਸ਼ਤੇ ਵਿਚ ਤਰੇੜ ਪੈ ਸਕਦੀ ਸੀ। ਉਨ੍ਹਾਂ ਨੇ ਸੋਚਿਆ ਕਿ ਇਕੱਠੇ ਪਰਮੇਸ਼ੁਰ ਬਾਰੇ ਸਿੱਖਣ ਨਾਲ ਸਾਨੂੰ ਸਾਰਿਆਂ ਨੂੰ ਜੁਦਾਈ ਦੇ ਪਲਾਂ ਨੂੰ ਸਹਿਣ ਵਿਚ ਮਦਦ ਮਿਲੇਗੀ। ਸੱਚ-ਮੁੱਚ ਇਸੇ ਤਰ੍ਹਾਂ ਹੋਇਆ। ਫਿਰ ਮੈਂ, ਮੇਰੇ ਪਤੀ ਤੇ ਮੇਰੀ ਵੱਡੀ ਧੀ ਨੇ 1997 ਵਿਚ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ।

ਪਹਿਲਾਂ-ਪਹਿਲ ਮੈਕਸੀਕੋ ਵਿਚ ਰਹਿੰਦੇ ਸਮੇਂ, ਮਾਈਲੀਨ ਕਿਹਾ ਕਰਦੀ ਸੀ ਕਿ ਜੇ ਕੀੜੇ ਨੇ ਉਸ ਦਾ ਚਿਹਰਾ ਨਾ ਖਾਧਾ ਹੁੰਦਾ, ਤਾਂ ਸਾਨੂੰ ਉਸ ਦੇ ਡੈਡੀ ਅਤੇ ਦੀਦੀ ਦੀ ਜੁਦਾਈ ਨਾ ਸਹਿਣੀ ਪੈਂਦੀ। ਪਰਿਵਾਰ ਦੀ ਜੁਦਾਈ ਦੇ ਲੰਬੇ ਪਲ ਬਹੁਤ ਦੁਖਦਾਈ ਹੁੰਦੇ ਸਨ। ਪਰ ਮੈਨੂੰ ਯਾਦ ਹੈ ਕਿ ਇਕ ਵਾਰ ਜਦੋਂ ਅਸੀਂ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਯਾਨੀ ਬੈਥਲ ਗਏ ਸਾਂ, ਤਾਂ ਉੱਥੇ ਸਾਨੂੰ ਬਹੁਤ ਹੀ ਹੌਸਲਾ ਮਿਲਿਆ ਸੀ। ਉਸ ਸਮੇਂ ਮਾਈਲੀਨ ਦਾ ਓਪਰੇਸ਼ਨ ਹੋਣ ਵਾਲਾ ਸੀ। ਮੈਕਸੀਕੋ ਦੀ ਉਸ ਫੇਰੀ ਦੌਰਾਨ ਇਹ ਉਸ ਦਾ ਪੰਜਵਾਂ ਓਪਰੇਸ਼ਨ ਸੀ। ਉਸ ਨੇ ਕਿਹਾ ਕਿ ਉਹ ਓਪਰੇਸ਼ਨ ਨਹੀਂ ਕਰਾਵੇਗੀ ਕਿਉਂਕਿ ਜ਼ਖ਼ਮ ਭਰਨ ਦੇ ਦਿਨਾਂ ਦੌਰਾਨ ਉਸ ਨੂੰ ਬਹੁਤ ਦਰਦ ਹੁੰਦਾ ਸੀ। ਪਰ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਕੁਝ ਗਵਾਹਾਂ ਨੇ ਉਸ ਨੂੰ ਕਿਹਾ ਕਿ ਜੇ ਉਹ ਬਹਾਦਰ ਬਣ ਕੇ ਓਪਰੇਸ਼ਨ ਕਰਾ ਲਵੇ, ਤਾਂ ਉਹ ਉਸ ਨੂੰ ਹਸਪਤਾਲ ਤੋਂ ਵਾਪਸ ਆਉਣ ਤੇ ਪਾਰਟੀ ਦੇਣਗੇ। ਇਸ ਤਰ੍ਹਾਂ ਉਹ ਓਪਰੇਸ਼ਨ ਕਰਾਉਣ ਲਈ ਤਿਆਰ ਹੋ ਗਈ।

ਹੁਣ ਮਾਈਲੀਨ ਤੋਂ ਉਸ ਦੇ ਜਜ਼ਬਾਤਾਂ ਬਾਰੇ ਸੁਣੋ: “ਮੈਂ ਇਹ ਸੁਣ ਕੇ ਬਹੁਤ ਖ਼ੁਸ਼ ਹੋਈ ਕਿ ਬੈਥਲ ਵਿਚ ਮੇਰੇ ਲਈ ਪਾਰਟੀ ਰੱਖੀ ਜਾਵੇਗੀ। ਇਸ ਲਈ ਮੈਂ ਬਹਾਦਰ ਬਣ ਕੇ ਓਪਰੇਸ਼ਨ ਕਰਾ ਲਿਆ। ਪਾਰਟੀ ਵਿਚ ਇੰਨੇ ਸਾਰੇ ਭੈਣਾਂ-ਭਰਾਵਾਂ ਨੂੰ ਮਿਲ ਕੇ ਮਜ਼ਾ ਆ ਗਿਆ। ਉਨ੍ਹਾਂ ਨੇ ਮੈਨੂੰ ਕਈ ਕਾਰਡ ਦਿੱਤੇ ਜੋ ਅਜੇ ਵੀ ਮੇਰੇ ਕੋਲ ਹਨ। ਉਨ੍ਹਾਂ ਭੈਣਾਂ-ਭਰਾਵਾਂ ਤੋਂ ਮਿਲੀ ਹੌਸਲਾ-ਅਫ਼ਜ਼ਾਈ ਨਾਲ ਮੈਨੂੰ ਹੋਰਨਾਂ ਓਪਰੇਸ਼ਨਾਂ ਨੂੰ ਸਹਿਣ ਦੀ ਤਾਕਤ ਮਿਲੀ।”

ਪਰਮੇਸ਼ੁਰੀ ਕੰਮਾਂ ਵਿਚ ਤਰੱਕੀ ਅਤੇ ਦੁੱਖ ਸਹਿਣ ਵਿਚ ਮਦਦ

ਮਾਈਲੀਨ ਹੁਣ ਗਿਆਰਾਂ ਸਾਲਾਂ ਦੀ ਹੈ ਤੇ ਉਸ ਦੇ ਚਿਹਰੇ ਨੂੰ ਠੀਕ ਕਰਨ ਲਈ ਹੁਣ ਤਕ ਉਸ ਦੇ 20 ਓਪਰੇਸ਼ਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਓਪਰੇਸ਼ਨਾਂ ਨਾਲ ਉਸ ਦੇ ਚਿਹਰੇ ਵਿਚ ਕਾਫ਼ੀ ਸੁਧਾਰ ਆਇਆ ਹੈ, ਪਰ ਉਹ ਅਜੇ ਵੀ ਆਪਣਾ ਮੂੰਹ ਪੂਰੀ ਤਰ੍ਹਾਂ ਨਹੀਂ ਖੋਲ੍ਹ ਪਾਉਂਦੀ। ਫਿਰ ਵੀ ਉਹ ਬੜੀ ਦਲੇਰ ਹੈ ਤੇ ਹਮੇਸ਼ਾ ਆਸ਼ਾਵਾਦੀ ਰਵੱਈਆ ਰੱਖਦੀ ਹੈ। ਉਹ ਰੂਹਾਨੀ ਗੱਲਾਂ ਦੀ ਵੀ ਬਹੁਤ ਕਦਰ ਕਰਦੀ ਹੈ। ਛੇ ਸਾਲ ਦੀ ਉਮਰ ਤੋਂ ਹੀ ਉਹ ਸਥਾਨਕ ਕਲੀਸਿਯਾ ਵਿਚ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਹਿੱਸਾ ਲੈ ਰਹੀ ਹੈ। ਉਸ ਨੇ 27 ਅਪ੍ਰੈਲ 2003 ਨੂੰ ਬਪਤਿਸਮਾ ਲਿਆ। ਉਹ ਕਦੇ-ਕਦੇ ਤਿੰਨ-ਤਿੰਨ ਬਾਈਬਲ ਸਟੱਡੀਆਂ ਕਰਾਉਂਦੀ ਹੈ। ਮੈਕਸੀਕੋ ਵਿਚ ਰਹਿੰਦਿਆਂ ਇਕ ਵਾਰ ਉਸ ਨੇ ਇਕ ਆਦਮੀ ਨਾਲ ਗੱਲ ਕੀਤੀ ਜੋ ਉਸ ਨਾਲ ਬਾਈਬਲ ਸਟੱਡੀ ਕਰਨ ਨੂੰ ਮੰਨ ਗਿਆ। ਮਾਈਲੀਨ ਨੇ ਉਸ ਨੂੰ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਅਤੇ ਹੋਰਨਾਂ ਸਭਾਵਾਂ ਵਿਚ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਸ ਨੇ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ।

ਮਾਈਲੀਨ ਜਦੋਂ ਘਰ-ਘਰ ਪ੍ਰਚਾਰ ਕਰਨ ਜਾਂਦੀ ਹੈ, ਤਾਂ ਕੁਝ ਲੋਕ ਉਸ ਦੇ ਚਿਹਰੇ ਨੂੰ ਦੇਖ ਕੇ ਉਸ ਤੋਂ ਪੁੱਛਦੇ ਹਨ ਕਿ ਉਸ ਦਾ ਚਿਹਰਾ ਕਿਵੇਂ ਸੜ ਗਿਆ। ਮਾਈਲੀਨ ਨੂੰ ਇਸ ਤਰ੍ਹਾਂ ਆਪਣੀ ਬਾਈਬਲ-ਆਧਾਰਿਤ ਆਸ਼ਾ ਦੱਸਣ ਦਾ ਮੌਕਾ ਮਿਲ ਜਾਂਦਾ ਹੈ ਕਿ ਯਹੋਵਾਹ ਉਸ ਨੂੰ ਨਵਾਂ ਚਿਹਰਾ ਦੇਵੇਗਾ ਜਦੋਂ ਉਹ ਇਸ ਧਰਤੀ ਨੂੰ ਫਿਰਦੌਸ ਬਣਾਵੇਗਾ।

ਓਪਰੇਸ਼ਨਾਂ ਅਤੇ ਦੂਜੇ ਬੱਚਿਆਂ ਦੁਆਰਾ ਮਜ਼ਾਕ ਉਡਾਉਣ ਨਾਲ ਮਾਈਲੀਨ ਨੂੰ ਜੋ ਦੁੱਖ ਪਹੁੰਚਿਆ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਇਹ ਦੁੱਖ ਸਹਿਣ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਮਾਈਲੀਨ ਇਸ ਭਰੋਸੇ ਨਾਲ ਜਵਾਬ ਦਿੰਦੀ ਹੈ: “ਯਹੋਵਾਹ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦਾ ਹੈ। ਉਹ ਮੈਨੂੰ ਸਹਿਣ ਦੀ ਤਾਕਤ ਅਤੇ ਹੌਸਲਾ ਦਿੰਦਾ ਹੈ। ਮੈਂ ਹੋਰ ਓਪਰੇਸ਼ਨ ਨਹੀਂ ਕਰਾਉਣੇ ਚਾਹੁੰਦੀ ਕਿਉਂਕਿ ਡਾਕਟਰ ਹੁਣ ਮੇਰੇ ਲਈ ਜ਼ਿਆਦਾ ਕੁਝ ਨਹੀਂ ਕਰ ਸਕਦੇ। ਉਹ ਮੈਨੂੰ ਪਹਿਲਾਂ ਵਰਗੀ ਨਹੀਂ ਬਣਾ ਸਕਦੇ। ਪਰ ਮੈਂ ਜਾਣਦੀ ਹਾਂ ਕਿ ਯਹੋਵਾਹ ਨਵੀਂ ਦੁਨੀਆਂ ਵਿਚ ਮੈਨੂੰ ਨਵਾਂ ਚਿਹਰਾ ਦੇਵੇਗਾ ਤੇ ਮੈਂ ਫਿਰ ਤੋਂ ਸੋਹਣੀ ਹੋ ਜਾਵਾਂਗੀ।” (g04 5/22)

[ਫੁਟਨੋਟ]

^ ਪੈਰਾ 15 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ੇ 18 ਉੱਤੇ ਸੁਰਖੀ]

“ਯਹੋਵਾਹ ਨਵੀਂ ਦੁਨੀਆਂ ਵਿਚ ਮੈਨੂੰ ਨਵਾਂ ਚਿਹਰਾ ਦੇਵੇਗਾ”

[ਸਫ਼ੇ 19 ਉੱਤੇ ਸੁਰਖੀ]

ਹੌਲੀ-ਹੌਲੀ ਮੈਨੂੰ ਪਤਾ ਲੱਗ ਗਿਆ ਕਿ ਮਾਈਲੀਨ ਦੀ ਬੀਮਾਰੀ ਦਾ ਜ਼ਿੰਮੇਵਾਰ ਪਰਮੇਸ਼ੁਰ ਨਹੀਂ ਹੈ