Skip to content

Skip to table of contents

ਵਿਆਹ ਨੂੰ ਇਕ ਪਵਿੱਤਰ ਬੰਧਨ ਕਿਉਂ ਸਮਝੀਏ?

ਵਿਆਹ ਨੂੰ ਇਕ ਪਵਿੱਤਰ ਬੰਧਨ ਕਿਉਂ ਸਮਝੀਏ?

ਬਾਈਬਲ ਦਾ ਦ੍ਰਿਸ਼ਟੀਕੋਣ

ਵਿਆਹ ਨੂੰ ਇਕ ਪਵਿੱਤਰ ਬੰਧਨ ਕਿਉਂ ਸਮਝੀਏ?

ਦੁਨੀਆਂ ਦੇ ਜ਼ਿਆਦਾਤਰ ਲੋਕ ਇਹੋ ਕਹਿਣਗੇ ਕਿ ਉਹ ਵਿਆਹ ਨੂੰ ਪਵਿੱਤਰ ਬੰਧਨ ਮੰਨਦੇ ਹਨ। ਪਰ ਫਿਰ ਇੰਨੇ ਸਾਰੇ ਵਿਆਹ ਕਿਉਂ ਤਲਾਕ ਦੀ ਬਲੀ ਚੜ੍ਹ ਜਾਂਦੇ ਹਨ? ਕਈ ਪ੍ਰੇਮੀ-ਪ੍ਰੇਮਿਕਾਵਾਂ ਇਕੱਠੇ ਜੀਣ-ਮਰਨ ਦੀਆਂ ਕਸਮਾਂ ਖਾਂਦੇ ਹਨ ਅਤੇ ਵਿਆਹ ਕਰ ਲੈਂਦੇ ਹਨ। ਹੋਰ ਲੋਕ ਵਿਆਹ ਨੂੰ ਸਿਰਫ਼ ਸਮਾਜਕ ਰੀਤ ਸਮਝਦੇ ਹਨ ਜਿਸ ਵਿਚ ਪਤੀ-ਪਤਨੀ ਇਕ ਦੂਸਰੇ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਇਹ ਕਸਮਾਂ-ਵਾਅਦੇ ਤੋੜੇ ਵੀ ਜਾ ਸਕਦੇ ਹਨ। ਜਿਹੜੇ ਲੋਕ ਵਿਆਹ ਨੂੰ ਬੱਚਿਆਂ ਦੀ ਖੇਡ ਸਮਝਦੇ ਹਨ, ਉਹ ਮੁਸ਼ਕਲਾਂ ਖੜ੍ਹੀਆਂ ਹੋਣ ਤੇ ਜਲਦੀ ਹੀ ਹਥਿਆਰ ਸੁੱਟ ਦਿੰਦੇ ਹਨ।

ਵਿਆਹ ਦੇ ਬੰਧਨ ਨੂੰ ਪਰਮੇਸ਼ੁਰ ਕਿਵੇਂ ਵਿਚਾਰਦਾ ਹੈ? ਉਸ ਨੇ ਆਪਣੇ ਬਚਨ ਬਾਈਬਲ ਵਿਚ ਆਪਣੇ ਵਿਚਾਰ ਸਪੱਸ਼ਟ ਕੀਤੇ ਹਨ। ਇਬਰਾਨੀਆਂ 13:4 ਵਿਚ ਲਿਖਿਆ ਹੈ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ।” “ਆਦਰ ਜੋਗ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਕਿਸੇ ਕੀਮਤੀ ਤੇ ਬਹੁਤ ਹੀ ਪਿਆਰੀ ਚੀਜ਼ ਨੂੰ ਸੂਚਿਤ ਕਰਦਾ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਕੀਮਤੀ ਸਮਝਦੇ ਹਾਂ, ਤਾਂ ਅਸੀਂ ਉਸ ਨੂੰ ਸਾਂਭ ਕੇ ਰੱਖਦੇ ਹਾਂ ਤਾਂਕਿ ਅਸੀਂ ਇਸ ਨੂੰ ਗ਼ਲਤੀ ਨਾਲ ਵੀ ਨਾ ਗੁਆ ਦੇਈਏ। ਇਸੇ ਤਰ੍ਹਾਂ, ਵਿਆਹ ਦੇ ਰਿਸ਼ਤੇ ਨੂੰ ਵੀ ਬਹੁਤ ਹੀ ਕੀਮਤੀ ਸਮਝਣਾ ਚਾਹੀਦਾ ਹੈ। ਮਸੀਹੀਆਂ ਦੀ ਨਜ਼ਰ ਵਿਚ ਵਿਆਹ ਆਦਰਯੋਗ ਹੋਣਾ ਚਾਹੀਦਾ ਹੈ ਯਾਨੀ ਅਜਿਹੀ ਅਨਮੋਲ ਚੀਜ਼ ਜਿਸ ਨੂੰ ਉਹ ਸਾਂਭ ਕੇ ਰੱਖਣਾ ਚਾਹੁਣਗੇ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਹੋਵਾਹ ਪਰਮੇਸ਼ੁਰ ਦੀ ਨਜ਼ਰ ਵਿਚ ਵਿਆਹ ਪਤੀ-ਪਤਨੀ ਵਿਚਕਾਰ ਇਕ ਪਵਿੱਤਰ ਬੰਧਨ ਹੈ। ਤਾਂ ਫਿਰ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਵੀ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਦੇ ਹਾਂ?

ਪਿਆਰ ਅਤੇ ਆਦਰ

ਵਿਆਹ ਦੇ ਰਿਸ਼ਤੇ ਨੂੰ ਆਦਰਯੋਗ ਸਮਝਣ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਦੋਨੋਂ ਇਕ ਦੂਸਰੇ ਦਾ ਆਦਰ-ਸਨਮਾਨ ਕਰਨ। (ਰੋਮੀਆਂ 12:10) ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਲਿਖਿਆ: ‘ਤੁਸਾਂ ਵਿੱਚੋਂ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ ਅਰ ਪਤਨੀ ਆਪਣੇ ਪਤੀ ਦਾ ਮਾਨ ਕਰੇ।’—ਅਫ਼ਸੀਆਂ 5:33.

ਇਹ ਸੱਚ ਹੈ ਕਿ ਕਦੇ-ਕਦਾਈਂ ਇਕ ਸਾਥੀ ਦੂਸਰੇ ਨਾਲ ਭੈੜੇ ਤਰੀਕੇ ਨਾਲ ਪੇਸ਼ ਆਉਂਦਾ ਹੈ ਜਿਸ ਕਰਕੇ ਉਸ ਨਾਲ ਪਿਆਰ ਕਰਨਾ ਜਾਂ ਉਸ ਦਾ ਆਦਰ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਰ ਫਿਰ ਵੀ ਮਸੀਹੀਆਂ ਲਈ ਜ਼ਰੂਰੀ ਹੈ ਕਿ ਉਹ ਇਹੋ ਜਿਹੇ ਸਾਥੀ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਉਣ। ਪੌਲੁਸ ਨੇ ਲਿਖਿਆ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।”—ਕੁਲੁੱਸੀਆਂ 3:13.

ਇਕ-ਦੂਜੇ ਲਈ ਸਮਾਂ ਕੱਢਣਾ ਜ਼ਰੂਰੀ ਹੈ

ਆਪਣੇ ਵਿਆਹ ਨੂੰ ਪਵਿੱਤਰ ਬੰਧਨ ਸਮਝਣ ਵਾਲੇ ਜੋੜੇ ਇਕ ਦੂਸਰੇ ਦੀਆਂ ਸਰੀਰਕ ਤੇ ਭਾਵਾਤਮਕ ਲੋੜਾਂ ਪੂਰੀਆਂ ਕਰਨ ਲਈ ਸਮਾਂ ਕੱਢਦੇ ਹਨ। ਇਸ ਵਿਚ ਸੈਕਸ ਸੰਬੰਧੀ ਇਕ-ਦੂਜੇ ਦੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਸ਼ਾਮਲ ਹਨ। ਬਾਈਬਲ ਕਹਿੰਦੀ ਹੈ: “ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰਾਂ ਪਤਨੀ ਪਤੀ ਦਾ।”—1 ਕੁਰਿੰਥੀਆਂ 7:3.

ਪਰ ਕਈ ਜੋੜਿਆਂ ਨੇ ਹੋਰ ਪੈਸਾ ਕਮਾਉਣ ਲਈ ਫ਼ੈਸਲਾ ਕੀਤਾ ਕਿ ਪਤੀ ਲਈ ਥੋੜ੍ਹੀ ਦੇਰ ਵਾਸਤੇ ਘਰੋਂ ਦੂਰ ਨੌਕਰੀ ਕਰਨੀ ਜ਼ਰੂਰੀ ਹੈ। ਕਦੇ-ਕਦੇ ਤਾਂ ਪਤੀ-ਪਤਨੀ ਲੰਬੇ ਸਮੇਂ ਤਕ ਵੱਖ ਰਹਿੰਦੇ ਹਨ। ਇਸ ਦਾ ਪਤੀ-ਪਤਨੀ ਦੇ ਰਿਸ਼ਤੇ ਉੱਤੇ ਅਕਸਰ ਭੈੜਾ ਅਸਰ ਪਿਆ ਹੈ, ਇੱਥੋਂ ਤਕ ਕਿ ਪਤੀ ਕਿਸੇ ਪਰਾਈ ਤੀਵੀਂ ਨਾਲ ਜਾਂ ਪਤਨੀ ਪਰਾਏ ਮਰਦ ਨਾਲ ਸੰਬੰਧ ਜੋੜ ਲੈਂਦੀ ਹੈ ਜਿਸ ਕਰਕੇ ਉਨ੍ਹਾਂ ਤੇ ਤਲਾਕ ਦੀ ਨੌਬਤ ਤਕ ਆ ਜਾਂਦੀ ਹੈ। (1 ਕੁਰਿੰਥੀਆਂ 7:2, 5) ਇਸ ਲਈ, ਕਈ ਮਸੀਹੀਆਂ ਨੇ ਆਪਣੇ ਵਿਆਹੁਤਾ ਬੰਧਨ ਨੂੰ ਪਵਿੱਤਰ ਸਮਝਦੇ ਹੋਏ ਆਰਥਿਕ ਫ਼ਾਇਦਿਆਂ ਪਿੱਛੇ ਨਾ ਭੱਜਣ ਦਾ ਫ਼ੈਸਲਾ ਕੀਤਾ ਹੈ।

ਮੁਸ਼ਕਲ ਸਮਿਆਂ ਵਿਚ

ਜਦੋਂ ਮਸੀਹੀ ਜੋੜੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਉਹ ਵਿਆਹ ਨੂੰ ਪਵਿੱਤਰ ਮੰਨਦੇ ਹੋਏ ਇਕ-ਦੂਜੇ ਤੋਂ ਵੱਖ ਹੋਣ ਜਾਂ ਤਲਾਕ ਲੈਣ ਵਿਚ ਕਾਹਲੀ ਨਹੀਂ ਕਰਦੇ। (ਮਲਾਕੀ 2:16; 1 ਕੁਰਿੰਥੀਆਂ 7:10, 11) ਯਿਸੂ ਨੇ ਕਿਹਾ ਸੀ: “ਜਿਹੜਾ ਆਪਣੀ ਤੀਵੀਂ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ ਉਹ ਉਸ ਕੋਲੋਂ ਜ਼ਨਾਹ ਕਰਾਉਂਦਾ ਹੈ ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜ਼ਨਾਹ ਕਰਦਾ ਹੈ।” (ਮੱਤੀ 5:32) ਜੇ ਤਲਾਕ ਲੈਣ ਜਾਂ ਵੱਖ ਹੋਣ ਦਾ ਕੋਈ ਬਾਈਬਲੀ ਕਾਰਨ ਨਾ ਹੋਣ ਦੇ ਬਾਵਜੂਦ ਪਤੀ-ਪਤਨੀ ਇਸ ਤਰ੍ਹਾਂ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਵਿਆਹ ਦੇ ਬੰਧਨ ਦਾ ਅਪਮਾਨ ਕਰਦੇ ਹਨ।

ਅਸੀਂ ਵਿਆਹ ਦੇ ਬੰਧਨ ਨੂੰ ਕਿਸ ਨਜ਼ਰ ਤੋਂ ਵਿਚਾਰਦੇ ਹਾਂ, ਇਹ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਅਸੀਂ ਦੂਸਰਿਆਂ ਨੂੰ ਕੀ ਸਲਾਹ ਦਿੰਦੇ ਹਾਂ ਜਿਹੜੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਦੁੱਖ ਭੋਗ ਰਹੇ ਹਨ। ਕੀ ਅਸੀਂ ਝੱਟ ਉਨ੍ਹਾਂ ਨੂੰ ਆਪਣੇ ਵਿਆਹੁਤਾ ਸਾਥੀ ਤੋਂ ਵੱਖ ਹੋਣ ਜਾਂ ਉਸ ਨੂੰ ਤਲਾਕ ਦੇਣ ਦੀ ਸਲਾਹ ਦਿੰਦੇ ਹਾਂ? ਇਹ ਸੱਚ ਹੈ ਕਿ ਕੁਝ ਹਾਲਾਤਾਂ ਵਿਚ ਪਤੀ-ਪਤਨੀ ਦਾ ਵੱਖ ਹੋਣਾ ਜਾਇਜ਼ ਹੈ, ਜਿਵੇਂ ਕਿ ਜਦੋਂ ਪਤੀ ਆਪਣੀ ਪਤਨੀ ਨੂੰ ਬਹੁਤ ਬੇਰਹਿਮੀ ਨਾਲ ਮਾਰਦਾ-ਕੁੱਟਦਾ ਹੋਵੇ ਜਾਂ ਫਿਰ ਉਹ ਘਰ ਚਲਾਉਣ ਲਈ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ। * ਇਸ ਤੋਂ ਇਲਾਵਾ, ਬਾਈਬਲ ਉਦੋਂ ਤਲਾਕ ਦੇਣ ਦੀ ਇਜਾਜ਼ਤ ਦਿੰਦੀ ਹੈ ਜਦੋਂ ਪਤੀ-ਪਤਨੀ ਵਿੱਚੋਂ ਕੋਈ ਜਣਾ ਜ਼ਨਾਹ ਕਰਨ ਦਾ ਦੋਸ਼ੀ ਠਹਿਰੇ। ਪਰ ਦੂਸਰੇ ਮਸੀਹੀਆਂ ਨੂੰ ਨਿਰਦੋਸ਼ ਵਿਆਹੁਤਾ ਸਾਥੀ ਉੱਤੇ ਤਲਾਕ ਲੈਣ ਜਾਂ ਨਾ ਲੈਣ ਦਾ ਫ਼ੈਸਲਾ ਕਰਨ ਦਾ ਦਬਾਅ ਨਹੀਂ ਪਾਉਣਾ ਚਾਹੀਦਾ। ਉਹ ਜੋ ਵੀ ਫ਼ੈਸਲਾ ਕਰਦਾ ਹੈ, ਉਸ ਦਾ ਨਤੀਜਾ ਉਸ ਨੇ ਹੀ ਭੁਗਤਣਾ ਹੈ, ਨਾ ਕਿ ਸਲਾਹ ਦੇਣ ਵਾਲਿਆਂ ਨੇ।—ਗਲਾਤੀਆਂ 6:5, 7.

ਇਸ ਰਿਸ਼ਤੇ ਨੂੰ ਮਾਮੂਲੀ ਨਾ ਸਮਝੋ

ਦੁਨੀਆਂ ਦੇ ਕਈ ਹਿੱਸਿਆਂ ਵਿਚ ਲੋਕ ਆਪਣਾ ਉੱਲੂ ਸਿੱਧਾ ਕਰਨ ਲਈ ਵਿਆਹ ਨੂੰ ਇਕ ਸਾਧਨ ਦੇ ਤੌਰ ਤੇ ਵਰਤਦੇ ਹਨ। ਉਹ ਵਿਦੇਸ਼ ਜਾ ਕੇ ਵੱਸਣ ਲਈ ਉੱਥੇ ਦੇ ਕਿਸੇ ਨਾਗਰਿਕ ਨੂੰ ਪੈਸੇ ਦੇ ਕੇ ਉਸ ਨਾਲ ਵਿਆਹ ਕਰਾ ਲੈਂਦੇ ਹਨ। ਆਮ ਤੌਰ ਤੇ ਇਹ ਜੋੜੇ ਵਿਆਹੇ ਹੋਣ ਦੇ ਬਾਵਜੂਦ ਵੀ ਵੱਖਰੇ ਰਹਿੰਦੇ ਹਨ। ਉਨ੍ਹਾਂ ਦਾ ਇਕ-ਦੂਜੇ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਵਿਦੇਸ਼ ਵਿਚ ਰਹਿਣ ਦੀ ਮਨਜ਼ੂਰੀ ਮਿਲਦੇ ਹੀ ਉਹ ਤਲਾਕ ਲੈ ਲੈਂਦੇ ਹਨ। ਉਨ੍ਹਾਂ ਦਾ ਵਿਆਹ ਕੇਵਲ ਇਕ ਸੌਦਾ ਹੀ ਹੁੰਦਾ ਹੈ।

ਬਾਈਬਲ ਵਿਆਹ ਬਾਰੇ ਅਜਿਹੇ ਨਜ਼ਰੀਏ ਦਾ ਖੰਡਨ ਕਰਦੀ ਹੈ। ਲੋਕ ਭਾਵੇਂ ਜਿਸ ਮਰਜ਼ੀ ਨੀਅਤ ਨਾਲ ਵਿਆਹ ਕਰਾਉਣ, ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਪਵਿੱਤਰ ਬੰਧਨ ਵਿਚ ਬੱਝ ਚੁੱਕੇ ਹੁੰਦੇ ਹਨ। ਉਹ ਹੁਣ ਪਤੀ-ਪਤਨੀ ਹਨ ਅਤੇ ਬਾਈਬਲ ਦਾ ਨਿਯਮ ਉਨ੍ਹਾਂ ਉੱਤੇ ਲਾਗੂ ਹੁੰਦਾ ਹੈ। ਉਹ ਬਾਈਬਲ ਵਿਚ ਦੱਸੇ ਗਏ ਜਾਇਜ਼ ਕਾਰਨ ਤੋਂ ਬਗੈਰ ਤਲਾਕ ਲੈ ਕੇ ਹੋਰ ਕਿਸੇ ਨਾਲ ਵਿਆਹ ਨਹੀਂ ਕਰਾ ਸਕਦੇ।—ਮੱਤੀ 19:5, 6, 9.

ਕਿਸੇ ਅਹਿਮ ਕੰਮ ਨੂੰ ਨੇਪਰੇ ਚਾੜ੍ਹਨ ਲਈ ਕੋਸ਼ਿਸ਼ ਅਤੇ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਵਿਆਹੁਤਾ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਵੀ ਮਿਹਨਤ ਕਰਨੀ ਜ਼ਰੂਰੀ ਹੈ। ਜਿਹੜੇ ਲੋਕ ਵਿਆਹ ਨੂੰ ਪਵਿੱਤਰ ਬੰਧਨ ਨਹੀਂ ਸਮਝਦੇ, ਉਹ ਮੁਸ਼ਕਲਾਂ ਆਉਣ ਤੇ ਛੇਤੀ ਹੀ ਹਾਰ ਮੰਨ ਲੈਂਦੇ ਹਨ। ਹੋਰ ਜੋੜੇ ਵਿਆਹੇ ਹੋਣ ਦੇ ਬਾਵਜੂਦ ਵੀ ਇੱਕੋ ਘਰ ਵਿਚ ਅਜਨਬੀਆਂ ਵਾਂਗ ਦਿਨ ਕੱਟੀ ਜਾਂਦੇ ਹਨ। ਪਰ ਦੂਸਰੇ ਪਾਸੇ ਜੋ ਲੋਕ ਵਿਆਹ ਦੇ ਬੰਧਨ ਨੂੰ ਪਵਿੱਤਰ ਮੰਨਦੇ ਹਨ, ਉਹ ਜਾਣਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਇਕੱਠੇ ਰਹਿਣ ਦੀ ਆਸ ਰੱਖਦਾ ਹੈ। (ਉਤਪਤ 2:24) ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸੁਖੀ ਬਣਾਉਣ ਦੁਆਰਾ ਪਰਮੇਸ਼ੁਰ ਦਾ ਆਦਰ ਕਰਦੇ ਹਨ ਕਿਉਂਕਿ ਉਸੇ ਨੇ ਵਿਆਹ ਦਾ ਇੰਤਜ਼ਾਮ ਕੀਤਾ ਹੈ। (1 ਕੁਰਿੰਥੀਆਂ 10:31) ਇਹ ਨਜ਼ਰੀਆ ਰੱਖਣ ਨਾਲ ਉਨ੍ਹਾਂ ਨੂੰ ਆਪਣੇ ਵਿਆਹ ਨੂੰ ਸਫ਼ਲ ਬਣਾਉਣ ਲਈ ਆਪਣੀ ਪੂਰੀ ਵਾਹ ਲਾਉਣ ਦੀ ਪ੍ਰੇਰਣਾ ਮਿਲਦੀ ਹੈ। (g04 5/08)

[ਫੁਟਨੋਟ]

^ ਪੈਰਾ 14 ਪਹਿਰਾਬੁਰਜ, 1 ਨਵੰਬਰ 1988 (ਅੰਗ੍ਰੇਜ਼ੀ), ਸਫ਼ੇ 22-3 ਦੇਖੋ।