Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਧਾਰਮਿਕ ਭਾਸ਼ਣਾਂ ਦੀ ਵਿੱਕਰੀ

ਲੰਡਨ ਦੀ ਅਖ਼ਬਾਰ ਦ ਡੇਲੀ ਟੈਲੀਗ੍ਰਾਫ਼ ਕਹਿੰਦੀ ਹੈ: “ਜਿਨ੍ਹਾਂ ਪਾਦਰੀਆਂ ਨੂੰ ਜ਼ਿਆਦਾ ਕੰਮ ਕਰਨ ਕਰਕੇ ਧਾਰਮਿਕ ਭਾਸ਼ਣ ਤਿਆਰ ਕਰਨ ਦਾ ਸਮਾਂ ਨਹੀਂ ਮਿਲਦਾ, ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ ਹਨ: ਚਰਚ ਆਫ਼ ਇੰਗਲੈਂਡ ਦੇ ਇਕ ਮੈਂਬਰ ਨੇ ਇਕ ਨਵਾਂ ਵੈੱਬ-ਸਾਈਟ ਤਿਆਰ ਕੀਤਾ ਹੈ ਜਿਸ ਤੇ ਹਰ ਮੌਕੇ ਲਈ ਧਾਰਮਿਕ ਭਾਸ਼ਣ ਮਿਲ ਸਕਦਾ ਹੈ।” ਇਸ ਵੈੱਬ-ਸਾਈਟ ਦਾ ਲੇਖਕ ਬੌਬ ਔਸਟਿਨ ਕਹਿੰਦਾ ਹੈ: “ਅੱਜ-ਕੱਲ੍ਹ ਪਾਦਰੀ ਹੋਰ ਕੰਮਾਂ ਵਿਚ ਇੰਨੇ ਬਿਜ਼ੀ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਕੋਲ ਧਾਰਮਿਕ ਭਾਸ਼ਣ ਤਿਆਰ ਕਰਨ ਦਾ ਵੇਲ ਹੀ ਨਹੀਂ ਰਹਿੰਦਾ।” ਇਹ ਲੇਖਕ ਦਾਅਵਾ ਕਰਦਾ ਹੈ ਕਿ ਉਸ ਦੇ ਤਿਆਰ ਕੀਤੇ ਗਏ ਭਾਸ਼ਣ “ਭਰੋਸੇਯੋਗ, ਪ੍ਰਭਾਵਸ਼ਾਲੀ ਅਤੇ ਸਿੱਖਿਆਦਾਇਕ” ਹਨ। ਅਖ਼ਬਾਰ ਦੱਸਦੀ ਹੈ ਕਿ ਇਸ ਸਾਈਟ ਤੇ “50 ਤੋਂ ਜ਼ਿਆਦਾ ਬਾਈਬਲ ਦੇ ਵੱਖੋ-ਵੱਖਰਿਆਂ ਹਵਾਲਿਆਂ ਅਤੇ ਵਿਸ਼ਿਆਂ ਬਾਰੇ ਭਾਸ਼ਣ ਹਨ ਜੋ ‘ਪਹਿਲਾਂ ਹੀ ਚਰਚ ਵਿਚ ਵਰਤੇ ਜਾ ਚੁੱਕੇ’ ਹਨ।” ਪਰ ਇਨ੍ਹਾਂ ਭਾਸ਼ਣਾਂ ਵਿਚ ਕਿਸੇ ਕੱਟੜ ਜਾਂ ਵਿਵਾਦੀ ਧਾਰਮਿਕ ਮਾਮਲੇ ਬਾਰੇ ਗੱਲ ਨਹੀਂ ਕੀਤੀ ਗਈ। ਇਨ੍ਹਾਂ ਨੂੰ “10-12 ਮਿੰਟਾਂ ਦੇ ਸਮਝਣਯੋਗ ਭਾਸ਼ਣ” ਸੱਦਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਕੀਮਤ 13 ਅਮਰੀਕੀ ਡਾਲਰ ਹੈ। (g04 6/08)

ਛੋਟੀ ਉਮਰ ਵਿਚ ਸਿਗਰਟਾਂ ਦੀ ਲਤ

ਕੈਨੇਡਾ ਦੀ ਨੈਸ਼ਨਲ ਪੋਸਟ ਅਖ਼ਬਾਰ ਅਨੁਸਾਰ “ਇਕ ਸੂਟਾ ਲਾਉਣ ਨਾਲ ਹੀ ਨੌਜਵਾਨਾਂ ਨੂੰ ਸਿਗਰਟਾਂ ਦੀ ਲਤ ਲੱਗ ਸਕਦੀ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਸਿਗਰਟ ਪੀਣ ਦੀ ਲਤ ਹੌਲੀ-ਹੌਲੀ ਸਿਰਫ਼ ਉਨ੍ਹਾਂ ਨੂੰ ਹੀ ਲੱਗਦੀ ਹੈ ਜੋ ਸਾਲਾਂ ਤੋਂ ਬਹੁਤ ਸਾਰੀਆਂ ਸਿਗਰਟਾਂ ਪੈਂਦੇ ਆਏ ਹਨ। ਪਰ ਸਰਵੇਖਣਾਂ ਨੇ ਇਸ ਵਿਸ਼ਵਾਸ ਨੂੰ ਗ਼ਲਤ ਸਾਬਤ ਕੀਤਾ ਹੈ।” ਅਖ਼ਬਾਰ ਨੇ ਅੱਗੇ ਇਹ ਕਿਹਾ ਕਿ ਛੇ ਸਾਲਾਂ ਦੌਰਾਨ 1,200 ਨੌਜਵਾਨਾਂ ਉੱਤੇ ਕੀਤੇ ਅਧਿਐਨ ਨੇ ਦਿਖਾਇਆ ਹੈ ਕਿ “ਘੱਟ ਸਿਗਰਟਾਂ ਪੀਣ ਵਾਲੇ ਜ਼ਿਆਦਾਤਰ ਹਾਣੀਆਂ ਦੇ ਦਬਾਅ ਕਰਕੇ ਨਹੀਂ ਸਗੋਂ ਤਮਾਖੂ ਦੀ ਲਤ ਲੱਗਣ ਕਰਕੇ ਸਿਗਰਟ ਪੀਂਦੇ ਹਨ।” ਇਸ ਅਧਿਐਨ ਅਨੁਸਾਰ, “ਪਹਿਲੀ ਸਿਗਰਟ ਤੋਂ ਲੈ ਕੇ ਰੋਜ਼ ਪੀਣ ਦੀ ਆਦਤ ਤਕ ਨੌਜਵਾਨਾਂ ਵਿਚ ਤਮਾਖੂ ਦੀ ਲਤ ਲੱਗਣ ਦੇ ਨਿਸ਼ਾਨ ਜ਼ਾਹਰ ਹੋਣ ਲੱਗ ਪੈਂਦੇ ਹਨ।” ਖੋਜਕਾਰਾਂ ਦਾ ਕਹਿਣਾ ਹੈ ਕਿ ਸਿਗਰਟ ਪੀਣ ਦੇ ਖ਼ਿਲਾਫ਼ ਕੈਮਪੇਨ ਕਰਨ ਦੇ ਨਾਲ-ਨਾਲ ਉਨ੍ਹਾਂ ਨੌਜਵਾਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਤਮਾਖੂ ਦੀ ਲਤ ਲੱਗੀ ਹੋਈ ਹੈ। (g04 5/22)

ਜ਼ਿਆਦਾ ਨੌਜਵਾਨ ਸੜਕਾਂ ਤੇ ਰਹਿੰਦੇ ਹਨ

ਇਕ ਸਪੇਨੀ ਅਖ਼ਬਾਰ ਦਾ ਕਹਿਣਾ ਹੈ ਕਿ “ਮੈਡਰਿਡ ਦੀਆਂ ਸੜਕਾਂ ਤੇ ਰਹਿਣ ਵਾਲੇ ਨੌਜਵਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ।” ਇਕ ਯੂਨੀਵਰਸਿਟੀ ਅਧਿਐਨ ਅਨੁਸਾਰ, “ਮੈਡਰਿਡ ਦੇ 5,000 ਬੇਘਰ ਲੋਕਾਂ ਵਿੱਚੋਂ ਤਕਰੀਬਨ 1,250 ਜਣੇ 20 ਸਾਲ ਤੋਂ ਘੱਟ ਉਮਰ ਦੇ ਸਨ ਜਦੋਂ ਉਹ ਬੇਘਰ ਹੋਏ।” ਇਸ ਅਧਿਐਨ ਤੋਂ ਪਤਾ ਲੱਗਾ ਕਿ “ਇਨ੍ਹਾਂ ਬੇਘਰ ਨੌਜਵਾਨਾਂ ਵਿੱਚੋਂ ਜ਼ਿਆਦਾਤਰ ਟੁੱਟੇ ਪਰਿਵਾਰਾਂ ਤੋਂ ਹਨ ਅਤੇ ਦੁੱਖਾਂ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਹੈ।” ਅਸਲ ਵਿਚ “ਤਿੰਨਾਂ ਵਿੱਚੋਂ ਦੋ ਨੌਜਵਾਨਾਂ ਦੇ ਮਾਪੇ ਸ਼ਰਾਬੀ ਹਨ ਜਾਂ ਨਸ਼ੇ ਕਰਦੇ ਹਨ, ਜਾਂ ਇਨ੍ਹਾਂ ਬੱਚਿਆਂ ਨਾਲ ਘਰ ਵਿਚ ਬਦਫੈਲੀ ਕੀਤੀ ਗਈ ਸੀ।” ਇਸ ਅਧਿਐਨ ਦੇ ਇਕ ਲੇਖਕ ਨੇ ਕਿਹਾ ਕਿ “ਭੂਮੱਧ ਸਾਗਰੀ ਦੇਸ਼ਾਂ ਦੇ ਪਰਿਵਾਰਾਂ ਵਿਚ ਜੋ ਪਿਆਰ ਹੁੰਦਾ ਸੀ ਉਹ ਹੁਣ ਠੰਢਾ ਪੈ ਰਿਹਾ ਹੈ।” (g04 5/08)

ਮੋਟੇ ਲੋਕਾਂ ਲਈ ਇਕ ਬੀਚ

ਸਪੇਨੀ ਭਾਸ਼ਾ ਦੀ ਇਕ ਅਖ਼ਬਾਰ ਰਿਪੋਰਟ ਕਰਦੀ ਹੈ ਕਿ ਮੈਕਸੀਕੋ ਵਿਚ ਇਕ ਹੋਟਲ ਨੇ ਉਨ੍ਹਾਂ ਭਾਰਿਆਂ ਲੋਕਾਂ ਲਈ ਕੁਝ ਜਗ੍ਹਾ ਅਲੱਗ ਰੱਖੀ ਹੈ ਜਿਨ੍ਹਾਂ ਨੂੰ ਪਤਲਿਆਂ ਲੋਕਾਂ ਨਾਲ ਬੀਚ ਤੇ ਜਾਣ ਵਿਚ ਸ਼ਰਮ ਆਉਂਦੀ ਹੈ। ਇਸ ਹੋਟਲ ਦਾ ਨਾਅਰਾ ਇਹ ਹੈ: “ਮੋਟੇ ਹੋਵੋ ਅਤੇ ਖ਼ੁਸ਼ ਹੋਵੋ।” ਹੋਟਲ ਵਾਲੇ “ਉਨ੍ਹਾਂ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ ਜੋ ਮੋਟੇ ਹੋਣ ਕਰਕੇ ਤਰਨ ਵਾਲੇ ਕੱਪੜੇ ਪਾ ਕੇ ਬੀਚ ਤੇ ਜਾਣ ਤੋਂ ਡਰਦੇ ਹਨ।” ਅਧਿਐਨ ਵਿਚ ਦੱਸਿਆ ਗਿਆ ਹੈ ਕਿ “ਆਮ ਤੌਰ ਤੇ ਅਜਿਹੇ ਲੋਕਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ।” ਇਸ ਲਈ ਹੋਟਲ ਦੀ ਸਟਾਫ਼ ਨੂੰ ਜੋ ਆਪ ਵੱਖ-ਵੱਖ ਵਜ਼ਨ ਦੇ ਹਨ, ਛੁੱਟੀਆਂ ਮਨਾਉਣ ਵਾਲੇ ਮੋਟੇ ਲੋਕਾਂ ਨਾਲ ਪੱਖਪਾਤ ਕੀਤੇ ਬਿਨਾਂ ਚੰਗੀ ਤਰ੍ਹਾਂ ਪੇਸ਼ ਆਉਣ ਵਿਚ ਖ਼ਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ। (g04 5/08)

ਬੱਚਿਆਂ ਵਿਚ ਆਤਮ-ਹੱਤਿਆ

ਮੈਕਸੀਕੋ ਸ਼ਹਿਰ ਦੀ ਅਖ਼ਬਾਰ ਮਿਲੈਨਿਓ ਕਹਿੰਦੀ ਹੈ: “ਉਨ੍ਹਾਂ ਬੱਚਿਆਂ ਵਿੱਚੋਂ ਜੋ ਆਤਮ-ਹੱਤਿਆ ਕਰਦੇ ਹਨ ਜਾਂ ਕਰਨ ਦੀ ਕੋਸ਼ਿਸ਼ ਕਰਦੇ ਹਨ 80 ਫੀ ਸਦੀ ਕੁਝ ਦਿਨ ਜਾਂ ਮਹੀਨੇ ਪਹਿਲਾਂ ਆਪਣੇ ਇਰਾਦੇ ਦਾ ਜ਼ਬਾਨੀ ਜਾਂ ਲਿਖ ਕੇ ਜ਼ਿਕਰ ਕਰ ਦਿੰਦੇ ਹਨ।” ਪਰ ਇਹ ਬੱਚੇ ਜ਼ਿੰਦਗੀ ਤੋਂ ਹੱਥ ਕਿਉਂ ਧੋਣਾ ਚਾਹੁੰਦੇ ਹਨ? ਇਸ ਦੇ ਸਭ ਤੋਂ ਵੱਡੇ ਕਾਰਨ ਹਨ ਬਦਸਲੂਕੀ (ਸਰੀਰਕ, ਭਾਵਾਤਮਕ ਜਾਂ ਜ਼ਬਾਨੀ), ਲਿੰਗੀ ਸ਼ੋਸ਼ਣ, ਟੁੱਟ ਰਿਹਾ ਪਰਿਵਾਰ ਅਤੇ ਸਕੂਲ ਵਿਚ ਮੁਸ਼ਕਲਾਂ। ਮੈਕਸੀਕੋ ਦੇ ਸਮਾਜਕ ਸੁਰੱਖਿਆ ਦੇ ਵਿਭਾਗ ਵਿਚ ਕੰਮ ਕਰਨ ਵਾਲੇ ਮਾਨਸਿਕ ਰੋਗਾਂ ਦੇ ਇਕ ਮਾਹਰ ਅਨੁਸਾਰ ਹਰ ਰੋਜ਼ ਟੈਲੀਵਿਯਨ ਤੇ, ਪੁਸਤਕਾਂ ਵਿਚ, ਫਿਲਮਾਂ ਅਤੇ ਵਿਡਿਓ ਗੇਮਾਂ ਵਿਚ ਮੌਤਾਂ ਹੁੰਦੀਆਂ ਹਨ, ਜਿਸ ਕਰਕੇ ਬੱਚੇ ਜ਼ਿੰਦਗੀ ਦੀ ਅਹਿਮੀਅਤ ਨੂੰ ਨਹੀਂ ਜਾਣ ਪਾਏ ਹਨ। ਇਹ ਮਾਹਰ ਅੱਗੇ ਕਹਿੰਦਾ ਹੈ ਕਿ 100 ਬੱਚਿਆਂ ਵਿੱਚੋਂ ਜੋ ਆਤਮ-ਹੱਤਿਆ ਬਾਰੇ ਵਿਚਾਰ ਕਰਦੇ ਹਨ, 15 ਬੱਚੇ 8-10 ਸਾਲ ਦੀ ਉਮਰ ਦੇ ਹੀ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ 5 ਫੀ ਸਦੀ ਆਪਣੀ ਜਾਣ ਲੈਣ ਵਿਚ ਕਾਮਯਾਬ ਵੀ ਹੋ ਜਾਂਦੇ ਹਨ। ਅਖ਼ਬਾਰ ਇਹ ਸਲਾਹ ਦਿੰਦੀ ਹੈ ਕਿ ਜਦੋਂ ਬੱਚੇ ਆਤਮ-ਹੱਤਿਆ ਕਰਨ ਬਾਰੇ ਗੱਲ ਕਰਦੇ ਹਨ, ਤਾਂ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਉਹ ਸਿਰਫ਼ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਫਿਰ ਆਪਣੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਅਖ਼ਬਾਰ ਅੱਗੇ ਕਹਿੰਦੀ ਹੈ: “ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਦੇ ਨਾਲ ਹੱਸਣਾ-ਖੇਡਣਾ, ਗੱਲਾਂ-ਬਾਤਾਂ ਕਰਨੀਆਂ ਅਤੇ ਹਮੇਸ਼ਾ ਪਿਆਰ ਕਰਨਾ ਚਾਹੀਦਾ ਹੈ।” (g04 5/22)

ਗ਼ਰੀਬ ਲੋਕਾਂ ਦੀ ਕੀਮਤ ਗਾਵਾਂ ਨਾਲੋਂ ਵੀ ਘੱਟ

ਦੁਨੀਆਂ ਦੇ ਅਮੀਰ ਅਤੇ ਗ਼ਰੀਬ ਲੋਕਾਂ ਵਿਚ ਪਾੜ ਵਧਦਾ ਜਾ ਰਿਹਾ ਹੈ। ਪਿਛਲੇ 20 ਸਾਲਾਂ ਦੌਰਾਨ ਸਭ ਤੋਂ ਗ਼ਰੀਬ ਦੇਸ਼ (70 ਕਰੋੜ ਨਿਵਾਸੀ) ਵਪਾਰ ਦੀ ਦੁਨੀਆਂ ਵਿਚ 1 ਫੀ ਸਦੀ ਤੋਂ ਮਸਾਂ ਹੀ 0.6 ਫੀ ਸਦੀ ਹਿੱਸਾ ਦੇ ਰਹੇ ਹਨ। ਇਕ ਫਰਾਂਸੀਸੀ ਅਰਥਵਿਗਿਆਨੀ ਨੇ ਚੈਲੰਜਿਜ਼ ਰਸਾਲੇ ਵਿਚ ਲਿਖਿਆ: “ਕਾਲੇ ਅਫ਼ਰੀਕੀ ਲੋਕ ਪਿੱਛਲੀ ਪੀੜ੍ਹੀ ਨਾਲੋਂ ਅੱਜ ਜ਼ਿਆਦਾ ਗ਼ਰੀਬ ਹਨ।” ਮਿਸਾਲ ਲਈ, ਈਥੀਓਪੀਆ ਵਿਚ 6.7 ਕਰੋੜ ਲੋਕ ਲਕਜ਼ਮਬਰਗ ਦੇ 4,00,000 ਲੋਕਾਂ ਦੀ ਸੰਪਤੀ ਦੇ ਤੀਜੇ ਹਿੱਸੇ ਨਾਲ ਆਪਣਾ ਗੁਜ਼ਾਰਾ ਤੋਰਦੇ ਹਨ। ਇਹ ਲੇਖਕ ਅੱਗੇ ਦੱਸਦਾ ਹੈ ਕਿ ਯੂਰਪ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਹਰ ਗਾਂ ਲਈ ਦਿਨ ਦੇ 150 ਰੁਪਏ ਮਿਲਦੇ ਹਨ ਜਦ ਕਿ 2.5 ਅਰਬ ਲੋਕ ਹਰ ਦਿਨ ਇਸ ਤੋਂ ਘੱਟ ਪੈਸਿਆਂ ਤੇ ਆਪਣਾ ਗੁਜ਼ਾਰਾ ਤੋਰਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਦੇ ਕਈ ਹਿੱਸਿਆਂ ਵਿਚ “ਗ਼ਰੀਬਾਂ ਦੀ ਕੀਮਤ ਗਾਂ ਨਾਲੋਂ ਵੀ ਘੱਟ ਹੈ।” (g04 6/08)

ਸ਼ਰਾਬੀ ਬੱਚੇ

ਲੰਡਨ ਦੀ ਅਖ਼ਬਾਰ ਦ ਡੇਲੀ ਟੈਲੀਗ੍ਰਾਫ਼ ਕਹਿੰਦੀ ਹੈ: ਬਰਤਾਨੀਆ ਵਿਚ 50 ਹਸਪਤਾਲਾਂ ਦੇ ਹਾਦਸੇ ਵਿਭਾਗਾਂ ਉੱਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਕਿ “ਛੇ ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਜ਼ਿਆਦਾ ਸ਼ਰਾਬ ਪੀਣ ਕਾਰਨ ਹਸਪਤਾਲ ਵਿਚ ਦਾਖ਼ਲ ਕੀਤਾ ਜਾ ਰਿਹਾ ਹੈ।” ਇਕ ਹਸਪਤਾਲ ਵਿਚ ਡਾਕਟਰਾਂ ਅਤੇ ਨਰਸਾਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹਰ ਹਫ਼ਤੇ ਤਕਰੀਬਨ 100 ਸ਼ਰਾਬੀ ਬੱਚਿਆਂ ਦਾ ਇਲਾਜ ਕੀਤਾ। ਅਖ਼ਬਾਰ ਕਹਿੰਦੀ ਹੈ: “ਹਸਪਤਾਲ ਦੀ ਸਟਾਫ਼ ਵਿੱਚੋਂ 70 ਫੀ ਸਦੀ ਤੋਂ ਜ਼ਿਆਦਾ ਮੈਂਬਰ ਮੰਨਦੇ ਹਨ ਕਿ ਸ਼ਰਾਬ ਕਾਰਨ ਹਸਪਤਾਲ ਵਿਚ ਦਾਖ਼ਲ ਕੀਤੇ ਗਏ ਬੱਚਿਆਂ ਦੀ ਉਮਰ ਘੱਟਦੀ ਜਾ ਰਹੀ ਹੈ।” ਨਾਲੇ ਹਾਲ ਦੀ ਇਕ ਸਰਕਾਰੀ ਰਿਪੋਰਟ ਅਨੁਸਾਰ ਬਰਤਾਨੀਆ ਵਿਚ 20 ਸਾਲ ਪਹਿਲਾਂ ਨਾਲੋਂ ਅੱਜ ਸ਼ਰਾਬ ਸੰਬੰਧੀ ਤਿੰਨ ਗੁਆ ਜ਼ਿਆਦਾ ਮੌਤਾਂ ਹੁੰਦੀਆਂ ਹਨ। (g04 6/08)

ਸੰਸਾਰ ਭਰ ਵਿਚ ਸਿਹਤ ਦੀ ਤਬਾਹੀ

ਬਰਤਾਨੀਆ ਦਾ ਪ੍ਰੋਫ਼ੈਸਰ ਸ਼੍ਰੀ ਜੋਰਜ ਅਲਬਰਟੀ ਜੋ ਕੌਮਾਂਤਰੀ ਸ਼ੱਕਰ ਰੋਗ ਦੀ ਫੈਡਰੈਸ਼ਨ ਦਾ ਪ੍ਰਧਾਨ ਹੈ, ਚੇਤਾਵਨੀ ਦਿੰਦਾ ਹੈ ਕਿ ਸ਼ੱਕਰ ਰੋਗ ਦੇ ਵਾਧੇ ਕਾਰਨ ਦੁਨੀਆਂ ਵਿਚ “ਸਿਹਤ ਦੀ ਤਬਾਹੀ” ਹੋ ਰਹੀ ਹੈ। ਗਾਰਡੀਅਨ ਅਖ਼ਬਾਰ ਅਨੁਸਾਰ ਇਸ ਫੈਡਰੈਸ਼ਨ ਦੇ ਹਿਸਾਬ ਤੋਂ ਸੰਸਾਰ ਭਰ ਵਿਚ 30 ਕਰੋੜ ਲੋਕਾਂ ਦੇ ਸਰੀਰ ਵਿਚ ਗਲੂਕੋਜ਼ ਚੰਗੀ ਤਰ੍ਹਾਂ ਰਚਦਾ ਨਹੀਂ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਸ਼ੱਕਰ ਰੋਗ ਲੱਗ ਜਾਂਦਾ ਹੈ। ਟਾਈਪ 2 ਡਾਈਬੀਟੀਜ਼ ਪਹਿਲਾਂ ਤਾਂ ਖ਼ਾਸ ਕਰ ਕੇ ਸਿਆਣਿਆਂ ਨੂੰ ਹੀ ਹੁੰਦੀ ਸੀ, ਪਰ ਹੁਣ ਬਰਤਾਨੀਆ ਦੇ ਨੌਜਵਾਨ ਵੀ ਇਸ ਬੀਮਾਰੀ ਦੇ ਸ਼ਿਕਾਰ ਬਣ ਗਏ ਹਨ। ਇਸ ਦਾ ਕਾਰਨ ਕੀ ਹੈ? ਅੱਜ-ਕੱਲ੍ਹ ਬੱਚੇ ਉਰਾ-ਪਰਾ ਜ਼ਿਆਦਾ ਖਾਂਦੇ-ਪੀਂਦੇ ਹਨ ਅਤੇ ਕਸਰਤ ਘੱਟ ਕਰਦੇ ਹਨ। ਨਤੀਜੇ ਵਜੋਂ ਮੋਟੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਅਲਬਰਟੀ ਅੱਗੇ ਕਹਿੰਦਾ ਹੈ: ‘ਦੁੱਖ ਦੀ ਗੱਲ ਇਹ ਹੈ ਕਿ ਆਪਣੇ ਜੀਵਨ-ਢੰਗ ਵਿਚ ਕੁਝ ਤਬਦੀਲੀਆਂ ਕਰਨ ਨਾਲ ਕੁਝ ਹੱਦ ਤਕ ਡਾਈਬੀਟੀਜ਼ ਅਤੇ ਉਸ ਦੇ ਅਸਰਾਂ ਨੂੰ ਰੋਕਿਆ ਜਾ ਸਕਦਾ ਹੈ।’ ਗਾਰਡੀਅਨ ਅਖ਼ਬਾਰ ਦਾ ਕਹਿਣਾ ਹੈ ਕਿ ਗ਼ਰੀਬ ਦੇਸ਼ਾਂ ਵਿਚ ਵੀ ਸ਼ੱਕਰ ਰੋਗ ਦਾ ਵਾਧਾ ਹੋ ਸਕਦਾ ਹੈ ਜਿਉਂ-ਜਿਉਂ ਉੱਥੇ ਦੇ ਲੋਕ “ਅਮਰ ਦੇਸ਼ਾਂ ਅਤੇ ਸ਼ਹਿਰੀ ਲੋਕਾਂ ਦੀਆਂ ਖਾਣ-ਪੀਣ ਦੀਆਂ ਬੁਰੀਆਂ ਆਦਤਾਂ” ਅਪਣਾਉਂਦੇ ਜਾ ਰਹੇ ਹਨ। (g04 6/22)