ਕੀ ਰੱਬ ਨੂੰ ਬੱਚਿਆਂ ਦਾ ਕੋਈ ਫ਼ਿਕਰ ਹੈ?
ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਰੱਬ ਨੂੰ ਬੱਚਿਆਂ ਦਾ ਕੋਈ ਫ਼ਿਕਰ ਹੈ?
ਹਰ ਸਾਲ ਕਰੋੜਾਂ ਹੀ ਬੱਚਿਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਹੈ। ਉਹ ਛੇੜਖਾਨੀ, ਬਦਸਲੂਕੀ ਅਤੇ ਹਿੰਸਾ ਦੇ ਸ਼ਿਕਾਰ ਬਣਦੇ ਹਨ। ਕਈ ਬੱਚਿਆਂ ਨੂੰ ਅਜਿਹੀਆਂ ਥਾਵਾਂ ਤੇ ਗ਼ੁਲਾਮੀ ਕਰਨੀ ਪੈਂਦੀ ਹੈ ਜਿੱਥੇ ਉਨ੍ਹਾਂ ਦੀਆਂ ਜਾਨਾਂ ਨੂੰ ਖ਼ਤਰਾ ਹੁੰਦਾ ਹੈ। ਕਈ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਸਿਪਾਹੀ ਜਾਂ ਵੇਸਵਾ ਬਣਨ ਲਈ ਮਜਬੂਰ ਕੀਤਾ ਜਾਂਦਾ ਹੈ। ਅਤੇ ਕਈ ਬੱਚਿਆਂ ਦਾ ਦੂਜਿਆਂ ਉੱਤੋਂ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਨਾਜਾਇਜ਼ ਜਿਨਸੀ ਸੰਬੰਧ ਰੱਖੇ ਹਨ ਜਾਂ ਉਨ੍ਹਾਂ ਦਾ ਕਿਸੇ ਹੋਰ ਭੈੜੇ ਤਰੀਕੇ ਨਾਲ ਫ਼ਾਇਦਾ ਉਠਾਇਆ ਹੈ।
ਨੇਕ ਲੋਕ ਅਜਿਹੇ ਬੱਚਿਆਂ ਦੀ ਹਾਲਤ ਦੇਖ ਕੇ ਬਹੁਤ ਦੁਖੀ ਹੁੰਦੇ ਹਨ। ਭਾਵੇਂ ਉਹ ਮੰਨਦੇ ਹਨ ਕਿ ਅਜਿਹੇ ਹਾਲਤ ਲਾਲਚੀ ਅਤੇ ਦੁਸ਼ਟ ਲੋਕਾਂ ਕਾਰਨ ਪੈਦਾ ਹੁੰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਪਰਮੇਸ਼ੁਰ ਅਜਿਹੀ ਬੇਇਨਸਾਫ਼ੀ ਕਿਉਂ ਹੋਣ ਦਿੰਦਾ ਹੈ। ਉਹ ਸ਼ਾਇਦ ਸੋਚਣ ਕਿ ਰੱਬ ਨੇ ਇਨ੍ਹਾਂ ਬੱਚਿਆਂ ਨੂੰ ਛੱਡ ਦਿੱਤਾ ਹੈ ਅਤੇ ਉਸ ਨੂੰ ਇਨ੍ਹਾਂ ਦੀ ਕੋਈ ਫ਼ਿਕਰ ਨਹੀਂ ਹੈ। ਕੀ ਇਹ ਸੱਚ ਹੈ? ਕੀ ਬੱਚਿਆਂ ਨਾਲ ਹੁੰਦੇ ਭੈੜੇ ਸਲੂਕ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਉਨ੍ਹਾਂ ਨਾਲ ਪਿਆਰ ਨਹੀਂ ਕਰਦਾ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਬੱਚਿਆਂ ਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ
ਯਹੋਵਾਹ ਪਰਮੇਸ਼ੁਰ ਨੇ ਕਦੀ ਵੀ ਨਹੀਂ ਚਾਹਿਆ ਕਿ ਬੇਰਹਿਮ ਵਿਅਕਤੀ ਬੱਚਿਆਂ ਨਾਲ ਭੈੜਾ ਸਲੂਕ ਕਰਨ। ਜਦੋਂ ਇਨਸਾਨਾਂ ਨੇ ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਦੀ ਹਕੂਮਤ ਨੂੰ ਰੱਦ ਕੀਤਾ ਸੀ, ਤਾਂ ਪਰਮੇਸ਼ੁਰ ਨੂੰ ਪਤਾ ਸੀ ਕਿ ਇਸ ਦੇ ਨਤੀਜੇ ਵਜੋਂ ਲੋਕ ਇਕ-ਦੂਸਰੇ ਉਤਪਤ 3:11-13, 16; ਉਪਦੇਸ਼ਕ ਦੀ ਪੋਥੀ 8:9.
ਦਾ ਨੁਕਸਾਨ ਕਰਨਗੇ। ਅਫ਼ਸੋਸ ਦੀ ਗੱਲ ਹੈ ਕਿ ਉਸ ਸਮੇਂ ਤੋਂ ਹੀ ਬੱਚਿਆਂ ਨਾਲ ਭੈੜਾ ਸਲੂਕ ਹੁੰਦਾ ਆਇਆ ਹੈ।—ਪਰਮੇਸ਼ੁਰ ਉਨ੍ਹਾਂ ਵਿਅਕਤੀਆਂ ਨਾਲ ਨਫ਼ਰਤ ਕਰਦਾ ਹੈ ਜੋ ਕਮਜ਼ੋਰ ਇਨਸਾਨਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ। ਪੁਰਾਣੇ ਸਮਿਆਂ ਵਿਚ ਕਈ ਕੌਮਾਂ, ਜੋ ਯਹੋਵਾਹ ਦੀ ਸੇਵਾ ਨਹੀਂ ਸੀ ਕਰਦੀਆਂ, ਆਪਣੇ ਬੱਚਿਆਂ ਦੀਆਂ ਬਲੀਆਂ ਚੜ੍ਹਾਉਂਦੀਆਂ ਸਨ। ਪਰ ਪਰਮੇਸ਼ੁਰ ਨੇ ਕਿਹਾ ਕਿ ਅਜਿਹੇ ਕੰਮ ਦਾ ‘ਨਾ ਉਸ ਨੇ ਹੁਕਮ ਦਿੱਤਾ ਸੀ, ਨਾ ਹੀ ਉਸ ਦੇ ਮਨ ਵਿੱਚ ਇਹ ਆਇਆ ਸੀ।’ (ਯਿਰਮਿਯਾਹ 7:31) ਪਰਮੇਸ਼ੁਰ ਨੇ ਉਸ ਸਮੇਂ ਆਪਣੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ: “ਜੇ ਤੁਸੀਂ [ਅਨਾਥਾਂ] ਨੂੰ ਤੰਗ ਹੀ ਕਰੋਗੇ ਤਾਂ ਜਦ ਓਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ। ਅਤੇ ਮੇਰਾ ਕਰੋਧ ਭੜਕ ਉੱਠੇਗਾ।”—ਕੂਚ 22:22-24.
ਯਹੋਵਾਹ ਬੱਚਿਆਂ ਨਾਲ ਪਿਆਰ ਕਰਦਾ ਹੈ
ਪਰਮੇਸ਼ੁਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਹਿਦਾਇਤਾਂ ਦਿੱਤੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦਾ ਹੈ। ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਪਿਆਰ ਨਾਲ ਕੀਤੀ ਜਾਂਦੀ ਹੈ, ਉਹ ਆਮ ਤੌਰ ਤੇ ਵੱਡੇ ਹੋ ਕੇ ਸਿਆਣੇ ਤੇ ਸਮਝਦਾਰ ਹੁੰਦੇ ਹਨ। ਇਸੇ ਲਈ ਜਦੋਂ ਸਾਡੇ ਕਰਤਾਰ ਨੇ ਵਿਆਹ ਦੀ ਸ਼ੁਰੂਆਤ ਕੀਤੀ ਸੀ, ਤਾਂ ਉਸ ਨੇ ਕਿਹਾ ਸੀ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਉਤਪਤ 2:24) ਪਤੀ-ਪਤਨੀ ਦਾ ਇਹ ਰਿਸ਼ਤਾ ਜ਼ਿੰਦਗੀ ਭਰ ਕਾਇਮ ਰਹਿਣਾ ਸੀ। ਬਾਈਬਲ ਵਿਚ ਸਾਨੂੰ ਸਮਝਾਇਆ ਗਿਆ ਹੈ ਕਿ ਜਿਨਸੀ ਸੰਬੰਧ ਸਿਰਫ਼ ਪਤੀ-ਪਤਨੀ ਵਿਚਕਾਰ ਹੋਣੇ ਚਾਹੀਦੇ ਹਨ ਤਾਂਕਿ ਉਹ ਦੋਨੋਂ ਹੀ ਆਪਣੇ ਹੋਣ ਵਾਲੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕਣ।—ਇਬਰਾਨੀਆਂ 13:4.
ਬਾਈਬਲ ਵਿਚ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ ਕਿ “ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ, ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ।” (ਜ਼ਬੂਰਾਂ ਦੀ ਪੋਥੀ 127:3, 4) ਬੱਚੇ ਪਰਮੇਸ਼ੁਰ ਵੱਲੋਂ ਇਕ ਦਾਤ ਹਨ ਅਤੇ ਉਹ ਚਾਹੁੰਦਾ ਹੈ ਕਿ ਬੱਚੇ ਫੁੱਲਾਂ ਦੀ ਤਰ੍ਹਾਂ ਖਿੜ ਉੱਠਣ ਤੇ ਵਧਣ-ਫੁੱਲਣ। ਪਰਮੇਸ਼ੁਰ ਮਾਪਿਆਂ ਨੂੰ ਕਹਿੰਦਾ ਹੈ ਕਿ ਉਹ ਬੱਚਿਆਂ ਨੂੰ ਅਜਿਹੀ ਸਲਾਹ ਦੇਣ ਜੋ ਜ਼ਿੰਦਗੀ ਭਰ ਉਨ੍ਹਾਂ ਦੇ ਕੰਮ ਆਵੇ। ਜਿਸ ਤਰ੍ਹਾਂ ਇਕ ਤੀਰਅੰਦਾਜ਼ ਤੀਰ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਣਾ ਨਿਸ਼ਾਨਾ ਕਿਸੇ ਚੀਜ਼ ਉੱਤੇ ਬੰਨ੍ਹਦਾ ਹੈ, ਉਸੇ ਤਰ੍ਹਾਂ ਮਾਪਿਆਂ ਨੂੰ ਆਪਣੀ ਸਲਾਹ ਬੱਚਿਆਂ ਦੇ ਦਿਲਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਦਾ ਬਚਨ ਸਲਾਹ ਦਿੰਦਾ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ [ਯਹੋਵਾਹ] ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”—ਅਫ਼ਸੀਆਂ 6:4.
ਯਹੋਵਾਹ ਨੇ ਆਪਣਾ ਪਿਆਰ ਇਕ ਹੋਰ ਤਰੀਕੇ ਨਾਲ ਵੀ ਜ਼ਾਹਰ ਕੀਤਾ ਹੈ। ਉਸ ਨੇ ਮਾਪਿਆਂ ਨੂੰ ਸਿੱਖਿਆ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਾਲਮ ਲੋਕਾਂ ਤੋਂ ਬਚਾਉਣ। ਇਸਰਾਏਲ ਵਿਚ “ਨਿਆਣਿਆਂ” ਨੂੰ ਵੀ ਹੁਕਮ ਦਿੱਤਾ ਗਿਆ ਸੀ ਕਿ ਉਹ ਪਰਮੇਸ਼ੁਰ ਦੀ ਬਿਵਸਥਾ ਨੂੰ ਸੁਣਨ ਜਿਸ ਵਿਚ ਸਹੀ ਅਤੇ ਗ਼ਲਤ ਜਿਨਸੀ ਸੰਬੰਧਾਂ ਬਾਰੇ ਦੱਸਿਆ ਗਿਆ ਸੀ। (ਬਿਵਸਥਾ ਸਾਰ 31:12; ਲੇਵੀਆਂ 18:6-24) ਪਰਮੇਸ਼ੁਰ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਲੋਕਾਂ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਜੋ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ।
ਬੱਚਿਆਂ ਲਈ ਦਿਲਾਸਾ ਤੇ ਉਮੀਦ
ਯਹੋਵਾਹ ਨੇ ਬੱਚਿਆਂ ਲਈ ਆਪਣਾ ਗਹਿਰਾ ਪਿਆਰ ਯਿਸੂ ਰਾਹੀਂ ਜ਼ਾਹਰ ਕੀਤਾ ਸੀ ਜੋ ਐਨ ਆਪਣੇ ਪਿਤਾ ਦੀ ਨਕਲ ਕਰਦਾ ਹੈ। (ਯੂਹੰਨਾ 5:19) ਯਿਸੂ ਨੇ ਆਪਣੇ ਚੇਲਿਆਂ ਨੂੰ ਝਿੜਕਿਆ ਸੀ ਕਿਉਂਕਿ ਉਹ ਲੋਕਾਂ ਨੂੰ ਆਪਣੇ ਬੱਚੇ ਉਸ ਕੋਲ ਲਿਆਉਣ ਤੋਂ ਰੋਕ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ।” ਅਤੇ ਫਿਰ “ਉਸ ਨੇ ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ।” (ਮਰਕੁਸ 10:13-16) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀਆਂ ਨਜ਼ਰਾਂ ਵਿਚ ਬੱਚੇ ਬਹੁਤ ਕੀਮਤੀ ਤੇ ਅਨਮੋਲ ਹਨ।
ਬਹੁਤ ਜਲਦੀ ਹੀ ਪਰਮੇਸ਼ੁਰ ਆਪਣੇ ਨਿਯੁਕਤ ਕੀਤੇ ਰਾਜੇ ਯਿਸੂ ਮਸੀਹ ਦੁਆਰਾ ਉਨ੍ਹਾਂ ਬੱਚਿਆਂ ਨੂੰ ਸਹਾਰਾ ਦੇਵੇਗਾ ਜਿਨ੍ਹਾਂ ਨਾਲ ਭੈੜਾ ਸਲੂਕ ਕੀਤਾ ਗਿਆ ਹੈ। ਅਜਿਹੇ ਬੱਚਿਆਂ ਦਾ ਨਾਜਾਇਜ਼ ਫ਼ਾਇਦਾ ਉਠਾਉਣ ਵਾਲੇ ਬੇਰਹਿਮ ਲੋਕਾਂ ਨੂੰ ਖ਼ਤਮ ਕੀਤਾ ਜਾਵੇਗਾ। (ਜ਼ਬੂਰਾਂ ਦੀ ਪੋਥੀ 37:10, 11) ਪਰ ਜਿਹੜੇ ਲੋਕ ਯਹੋਵਾਹ ਨੂੰ ਸੱਚੇ ਦਿਲੋਂ ਭਾਲਦੇ ਹਨ ਉਨ੍ਹਾਂ ਬਾਰੇ ਬਾਈਬਲ ਕਹਿੰਦੀ ਹੈ: “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.
ਉਹ ਸਮਾਂ ਆਉਣ ਤਕ ਪਰਮੇਸ਼ੁਰ ਭੈੜਾ ਸਲੂਕ ਸਹਿਣ ਵਾਲਿਆਂ ਬੱਚਿਆਂ ਅਤੇ ਹੋਰਨਾਂ ਲੋਕਾਂ ਨੂੰ ਹੁਣ ਵੀ ਪਿਆਰ ਨਾਲ ਰੂਹਾਨੀ ਅਤੇ ਜਜ਼ਬਾਤੀ ਤੌਰ ਤੇ ਮਦਦ ਦੇ ਰਿਹਾ ਹੈ। ਉਹ ਵਾਅਦਾ ਕਰਦਾ ਹੈ: ‘ਮੈਂ ਗੁਵਾਚਿਆਂ ਹੋਇਆਂ ਦੀ ਭਾਲ ਕਰਾਂਗਾ ਅਤੇ ਕੱਢਿਆਂ ਹੋਇਆਂ ਨੂੰ ਮੋੜ ਲਿਆਵਾਂਗਾ ਅਤੇ ਟੁੱਟਿਆਂ ਨੂੰ ਬੰਨ੍ਹਾਂਗਾ ਅਤੇ ਲਿੱਸਿਆਂ ਨੂੰ ਤਕੜਿਆਂ ਕਰਾਂਗਾ।’ (ਹਿਜ਼ਕੀਏਲ 34:16) ਯਹੋਵਾਹ ਆਪਣੇ ਬਚਨ, ਆਪਣੀ ਆਤਮਾ ਅਤੇ ਮਸੀਹੀ ਕਲੀਸਿਯਾ ਰਾਹੀਂ ਉਨ੍ਹਾਂ ਬੱਚਿਆਂ ਨੂੰ ਦਿਲਾਸਾ ਦਿੰਦਾ ਹੈ ਜਿਨ੍ਹਾਂ ਨੂੰ ਪਿਆਰ ਨਹੀਂ ਮਿਲਿਆ ਤੇ ਜਿਨ੍ਹਾਂ ਨੇ ਦੁੱਖ ਹੀ ਦੁੱਖ ਦੇਖੇ ਹਨ। ਇਹ ਹੁਣ ਅਤੇ ਆਉਣ ਵਾਲੇ ਸਮੇਂ ਲਈ ਕਿੰਨੀ ਸੋਹਣੀ ਉਮੀਦ ਹੈ ਕਿ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ . . . ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।”—2 ਕੁਰਿੰਥੀਆਂ 1:3, 4. (g04 8/08)
[ਸਫ਼ੇ 12 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Mikkel Ostergaard/Panos Pictures