Skip to content

Skip to table of contents

ਦੁਨਿਆਵੀ ਸ਼ੁਹਰਤ ਤੋਂ ਕਿਤੇ ਬਿਹਤਰ

ਦੁਨਿਆਵੀ ਸ਼ੁਹਰਤ ਤੋਂ ਕਿਤੇ ਬਿਹਤਰ

ਦੁਨਿਆਵੀ ਸ਼ੁਹਰਤ ਤੋਂ ਕਿਤੇ ਬਿਹਤਰ

ਚਾਰਲਜ਼ ਸਿਨਟਕੋ ਦੀ ਜ਼ਬਾਨੀ

ਸਾਲ 1957 ਵਿਚ ਅਮਰੀਕਾ ਦੇ ਲਾਸ ਵੇਗਸ ਸ਼ਹਿਰ ਵਿਚ ਮੈਨੂੰ ਗਾਇਕ ਵਜੋਂ 13 ਹਫ਼ਤਿਆਂ ਦਾ ਕਨਟ੍ਰੈਕਟ ਪੇਸ਼ ਕੀਤਾ ਗਿਆ। ਮੈਨੂੰ ਹਫ਼ਤੇ ਦੇ ਹਜ਼ਾਰ ਡਾਲਰ ਮਿਲਣੇ ਸਨ। ਜੇ ਕੰਮ ਚੰਗਾ ਚੱਲਾ, ਤਾਂ ਹੋਰ 50 ਹਫ਼ਤਿਆਂ ਲਈ ਮੈਨੂੰ ਕੰਮ ਮਿਲ ਸਕਦਾ ਸੀ ਯਾਨੀ ਹੋਰ 50,000 ਡਾਲਰ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਸਾਰਾ ਪੈਸਾ ਸੀ। ਆਓ ਮੈਂ ਤੁਹਾਨੂੰ ਦੱਸਾਂ ਕਿ ਇੰਨੇ ਪੈਸਿਆਂ ਵਾਲੀ ਨੌਕਰੀ ਮੈਨੂੰ ਕਿੱਦਾਂ ਪੇਸ਼ ਹੋਈ ਅਤੇ ਇਸ ਨੂੰ ਕਬੂਲ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਿਉਂ ਇੰਨਾ ਔਖਾ ਸੀ।

ਪਿਤਾ ਜੀ ਦਾ ਜਨਮ 1910 ਪੂਰਬੀ ਯੂਰਪ ਦੇ ਯੂਕਰੇਨ ਦੇਸ਼ ਵਿਚ ਹੋਇਆ ਸੀ। ਮੇਰੇ ਦਾਦਾ ਜੀ ਅਮਰੀਕਾ ਵਿਚ ਰਹਿੰਦੇ ਸਨ ਇਸ ਲਈ ਸਾਲ 1913 ਵਿਚ ਮੇਰੀ ਦਾਦੀ ਜੀ ਪਿਤਾ ਨੂੰ ਲੈ ਕੇ ਅਮਰੀਕਾ ਚਲੇ ਗਏ। ਪਿਤਾ ਜੀ ਨੇ 1935 ਵਿਚ ਸ਼ਾਦੀ ਕਰਵਾ ਲਈ ਅਤੇ ਮੇਰਾ ਜਨਮ ਇਕ ਸਾਲ ਬਾਅਦ ਐਮਬ੍ਰਿਜ, ਪੈਨਸਿਲਵੇਨੀਆ ਵਿਚ ਹੋਇਆ। ਉਸੇ ਕੁ ਸਮੇਂ ਮੇਰੇ ਦੋ ਤਾਏ ਯਹੋਵਾਹ ਦੇ ਗਵਾਹ ਬਣ ਗਏ ਸਨ।

ਜਦ ਮੈਂ ਅਤੇ ਮੇਰੇ ਤਿੰਨ ਭਰਾ ਛੋਟੇ ਸਨ ਅਸੀਂ ਪੈਨਸਿਲਵੇਨੀਆ ਦੇ ਨਿਊ ਕੈਸਲ ਇਲਾਕੇ ਵਿਚ ਰਹਿੰਦੇ ਸਨ। ਉੱਥੇ ਮੇਰੀ ਮਾਤਾ ਜੀ ਨੇ ਕੁਝ ਦੇਰ ਲਈ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕੀਤਾ ਸੀ। ਪਰ ਉਸ ਵੇਲੇ ਮੇਰੇ ਮਾਪਿਆਂ ਨੇ ਉਨ੍ਹਾਂ ਦਾ ਧਰਮ ਨਹੀਂ ਅਪਣਾਇਆ। ਪਿਤਾ ਜੀ ਸੋਚਦੇ ਸਨ ਕਿ ਸਾਡੇ ਤਾਇਆਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਧਰਮ ਨੂੰ ਮੰਨਣ ਦਾ ਹੱਕ ਸੀ। ਪਿਤਾ ਜੀ ਨੇ ਭਾਵੇਂ ਸਾਨੂੰ ਹਮੇਸ਼ਾ ਦੇਸ਼-ਭਗਤ ਬਣਨ ਦੀ ਸਿੱਖਿਆ ਦਿੱਤੀ ਸੀ, ਪਰ ਉਪਾਸਨਾ ਦੇ ਮਾਮਲੇ ਵਿਚ ਉਨ੍ਹਾਂ ਦਾ ਖ਼ਿਆਲ ਸੀ ਕਿ ਸਾਰਿਆਂ ਨੂੰ ਆਪਣੀ ਚੋਣ ਕਰਨ ਦਾ ਪੂਰਾ ਹੱਕ ਸੀ।

ਗਾਉਣ ਦਾ ਕੈਰੀਅਰ

ਮੇਰੇ ਮਾਤਾ-ਪਿਤਾ ਦੋਨੋਂ ਸੋਚਦੇ ਸਨ ਕਿ ਮੇਰੀ ਆਵਾਜ਼ ਸੁਰੀਲੀ ਸੀ ਇਸ ਲਈ ਉਨ੍ਹਾਂ ਨੇ ਮੇਰੇ ਗਾਉਣ ਦੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਜਦ ਮੈਂ ਛੇ-ਸੱਤ ਕੁ ਸਾਲਾਂ ਦਾ ਸੀ, ਤਾਂ ਮੇਰੇ ਪਿਤਾ ਜੀ ਮੈਨੂੰ ਗਾਉਣ ਅਤੇ ਆਪਣਾ ਗਿਟਾਰ ਵਜਾਉਣ ਲਈ ਪੱਬ ਲੈ ਜਾਂਦੇ ਸਨ। ਮੈਂ ਇਕ ਗੀਤ ਗਾਉਂਦਾ ਹੁੰਦਾ ਸੀ ਜਿਸ ਦਾ ਨਾਂ “ਮਾਂ” ਸੀ। ਇਹ ਗੀਤ ਇਕ ਪਿਆਰੀ ਮਾਂ ਦੇ ਵਧੀਆ ਗੁਣਾਂ ਬਾਰੇ ਸੀ ਅਤੇ ਇਹ ਦਿਲ ਨੂੰ ਛੋਹਣ ਵਾਲੇ ਸ਼ਬਦਾਂ ਨਾਲ ਖ਼ਤਮ ਹੁੰਦਾ ਸੀ। ਉੱਥੇ ਆਏ ਬੰਦੇ, ਜਿਨ੍ਹਾਂ ਨੇ ਅਕਸਰ ਜ਼ਿਆਦਾ ਪੀ ਲਈ ਹੁੰਦੀ ਸੀ, ਗਾਣਾ ਸੁਣ ਕੇ ਰੋਣ ਲੱਗ ਪੈਂਦੇ ਸਨ ਅਤੇ ਪਿਤਾ ਜੀ ਦੀ ਟੋਪੀ ਵਿਚ ਬਖ਼ਸ਼ੀਸ਼ ਵਜੋਂ ਪੈਸੇ ਪਾ ਦਿੰਦੇ ਸਨ।

ਸਾਲ 1945 ਵਿਚ ਪਹਿਲੀ ਵਾਰ ਮੈਂ ਨਿਊ ਕੈਸਲ ਦੇ ਰੇਡੀਓ ਸਟੇਸ਼ਨ (WKST) ਤੇ ਗਾਣੇ ਗਾਏ ਸਨ। ਬਾਅਦ ਵਿਚ ਮੈਂ ਹਰ ਹਫ਼ਤੇ ਰੇਡੀਓ ਤੇ ਮਸ਼ਹੂਰ ਗਾਣਿਆਂ ਦੇ ਪ੍ਰੋਗ੍ਰਾਮ ਵਿਚ ਗਾਉਣ ਲੱਗਾ। ਸਾਲ 1950 ਵਿਚ ਮੈਂ ਪੌਲ ਵਾਇਟਮਨ ਦੇ ਟੈਲੀਵਿਯਨ ਪ੍ਰੋਗ੍ਰਾਮ ਵਿਚ ਪਹਿਲੀ ਵਾਰ ਹਿੱਸਾ ਲਿਆ। ਪੌਲ ਵਾਇਟਮਨ ਅਤੇ ਜੋਰਜ ਗਰਸ਼ਵਿਨ ਦਾ ਗਾਣਾ ਹਾਲੇ ਵੀ ਕਾਫ਼ੀ ਮਸ਼ਹੂਰ ਹੈ। ਇਸ ਤੋਂ ਬਾਅਦ ਪਿਤਾ ਜੀ ਨੇ ਪੈਨਸਿਲਵੇਨੀਆ ਵਿਚ ਸਾਡਾ ਘਰ ਵੇਚ ਦਿੱਤਾ ਅਤੇ ਅਸੀਂ ਕੈਲੇਫ਼ੋਰਨੀਆ ਦੇ ਲਾਸ ਏਂਜਲੀਸ ਇਲਾਕੇ ਵਿਚ ਰਹਿਣ ਲੱਗ ਪਏ। ਉਨ੍ਹਾਂ ਦਾ ਖ਼ਿਆਲ ਸੀ ਕਿ ਉੱਥੇ ਮੈਨੂੰ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਦੇ ਜ਼ਿਆਦਾ ਮੌਕੇ ਮਿਲਣਗੇ।

ਪਿਤਾ ਜੀ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਮੈਨੂੰ ਜਲਦੀ ਹੀ ਪਾਸਾਡੀਨਾ ਸ਼ਹਿਰ ਵਿਚ ਆਪਣਾ ਰੇਡੀਓ ਪ੍ਰੋਗ੍ਰਾਮ ਮਿਲ ਗਿਆ, ਜੋ ਮੈਂ ਹਫ਼ਤੇ ਵਿਚ ਇਕ ਵਾਰ ਪੇਸ਼ ਕਰਦਾ ਸੀ। ਇਸ ਦੇ ਨਾਲ-ਨਾਲ ਟੈਲੀਵਿਯਨ ਤੇ ਮੈਂ ਹਫ਼ਤੇ ਵਿਚ ਅੱਧੇ ਘੰਟੇ ਦਾ ਪ੍ਰੋਗ੍ਰਾਮ ਪੇਸ਼ ਕਰਨ ਲੱਗ ਪਿਆ। ਮੈਂ ਟੇਡ ਡੇਲ ਦੀ ਆਰਕੈਸਟ੍ਰਾ ਨਾਲ ਮਿਲ ਕੇ ਇਕ ਰਿਕਾਰਡਿੰਗ ਕੰਪਨੀ ਲਈ ਗਾਣੇ ਰਿਕਾਰਡ ਕੀਤੇ। ਇਸ ਦੇ ਨਾਲ-ਨਾਲ ਮੈਂ ਰੇਡੀਓ ਪ੍ਰੋਗ੍ਰਾਮ (CBS) ਤੇ ਵੀ ਇਕ ਗਾਇਕ ਬਣਿਆ। ਸਾਲ 1955 ਵਿਚ ਮੈਂ ਉੱਤਰੀ ਕੈਲੇਫ਼ੋਰਨੀਆ ਦੀ ਟਾਹੋ ਝੀਲ ਤੇ ਸੰਗੀਤ ਨਾਟਕ ਵਿਚ ਹਿੱਸਾ ਲਿਆ। ਖ਼ੈਰ ਉਸ ਸਮੇਂ ਮੇਰੀ ਜ਼ਿੰਦਗੀ ਬਿਲਕੁਲ ਬਦਲ ਗਈ।

ਜ਼ਿੰਦਗੀ ਵਿਚ ਨਵੇਂ ਟੀਚੇ

ਮੇਰੇ ਤਾਏ ਜੀ ਜੌਨ ਵੀ ਪੈਨਸਿਲਵੇਨੀਆ ਤੋਂ ਕੈਲੇਫ਼ੋਰਨੀਆ ਰਹਿਣ ਆ ਗਏ ਸਨ। ਟਾਹੋ ਝੀਲ ਨੂੰ ਜਾਣ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਨੇ ਮੈਨੂੰ ਅੰਗ੍ਰੇਜ਼ੀ ਵਿਚ ਪਰਮੇਸ਼ੁਰ ਸੱਚਾ ਠਹਿਰੇ ਨਾਂ ਦੀ ਇਕ ਕਿਤਾਬ ਦਿੱਤੀ। * * ਮੈਂ ਇਹ ਕਿਤਾਬ ਆਪਣੇ ਨਾਲ ਟਾਹੋ ਝੀਲ ਨੂੰ ਲੈ ਗਿਆ। ਸਾਡਾ ਆਖ਼ਰੀ ਸ਼ੋਅ ਅੱਧੀ ਰਾਤ ਤੋਂ ਬਾਅਦ ਖ਼ਤਮ ਹੋਇਆ ਅਤੇ ਮੈਂ ਸੌਣ ਤੋਂ ਪਹਿਲਾਂ ਇਹ ਕਿਤਾਬ ਪੜ੍ਹਨ ਲੱਗ ਪਿਆ। ਮੈਂ ਉਨ੍ਹਾਂ ਸਵਾਲਾਂ ਦੇ ਜਵਾਬ ਪੜ੍ਹ ਕੇ ਬੜਾ ਖ਼ੁਸ਼ ਹੋਇਆ ਜਿਨ੍ਹਾਂ ਬਾਰੇ ਮੈਂ ਬਹੁਤ ਚਿਰ ਤੋਂ ਸੋਚ ਰਿਹਾ ਸੀ।

ਮੈਂ ਕੰਮ ਤੋਂ ਬਾਅਦ ਨਾਈਟ ਕਲੱਬ ਵਿਚ ਬੈਠ ਕੇ ਆਪਣੇ ਸਾਥੀਆਂ ਨਾਲ ਇਸ ਕਿਤਾਬ ਬਾਰੇ ਗੱਲਾਂ-ਬਾਤਾਂ ਕਰਦਾ ਰਹਿੰਦਾ ਸੀ। ਅਕਸਰ ਗੱਲਾਂ ਹੀ ਗੱਲਾਂ ਵਿਚ ਸਵੇਰਾ ਹੋ ਜਾਂਦਾ ਸੀ। ਅਸੀਂ ਅਜਿਹੇ ਵਿਸ਼ਿਆਂ ਬਾਰੇ ਗੱਲਾਂ ਕਰਦੇ ਸਨ ਜਿਵੇਂ ਕਿ ਕੀ ਮੌਤ ਤੋਂ ਬਾਅਦ ਜੀਵਨ ਹੈ, ਰੱਬ ਦੁਸ਼ਟਤਾ ਦੀ ਇਜਾਜ਼ਤ ਕਿਉਂ ਦਿੰਦਾ ਹੈ ਅਤੇ ਕੀ ਇਨਸਾਨ ਆਪਣੇ ਆਪ ਨੂੰ ਅਤੇ ਇਸ ਧਰਤੀ ਨੂੰ ਤਬਾਹ ਕਰ ਦੇਣਗੇ। ਕੁਝ ਮਹੀਨੇ ਬਾਅਦ, ਲਾਸ ਏਂਜਲੀਸ ਵਿਚ 9 ਜੁਲਾਈ 1955 ਨੂੰ ਹੋਏ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਵਿਚ ਮੈਂ ਬਪਤਿਸਮਾ ਲੈ ਲਿਆ।

ਸਾਲ 1955 ਦੀ ਕ੍ਰਿਸਮਸ ਤੇ ਹੈਨਰੀ ਰਸਲ ਨਾਂ ਦਾ ਇਕ ਭਰਾ ਮੈਨੂੰ ਜੈਕ ਮਕੋਈ ਨੂੰ ਮਿਲਣ ਲੈ ਗਿਆ, ਜੋ ਫ਼ਿਲਮਾਂ ਤੇ ਸੰਗੀਤ ਦੇ ਕਾਰੋਬਾਰ ਵਿਚ ਕੰਮ ਕਰਦਾ ਸੀ। ਹੈਨਰੀ ਆਪ ਵੀ ਇਕ ਸੰਗੀਤ ਕੰਪਨੀ (NBC) ਦਾ ਡਾਇਰੈਕਟਰ ਸੀ। ਜਦ ਅਸੀਂ ਜੈਕ ਦੇ ਘਰ ਪਹੁੰਚੇ, ਤਾਂ ਉਸ ਦਾ ਪਰਿਵਾਰ ਆਪਣੇ ਕ੍ਰਿਸਮਸ ਦੇ ਤੋਹਫ਼ੇ ਖੋਲ੍ਹ ਰਿਹਾ ਸੀ। ਪਰ ਜੈਕ ਨੇ ਆਪਣੇ ਤਿੰਨ ਬੱਚਿਆਂ ਨੂੰ ਅਤੇ ਆਪਣੀ ਪਤਨੀ ਨੂੰ ਬਿਠਾਇਆ ਅਤੇ ਸਾਰਿਆਂ ਨੇ ਸਾਡੀ ਗੱਲ ਧਿਆਨ ਨਾਲ ਸੁਣੀ। ਜੈਕ ਅਤੇ ਉਸ ਦਾ ਪਰਿਵਾਰ ਜਲਦੀ ਹੀ ਯਹੋਵਾਹ ਦੇ ਗਵਾਹ ਬਣ ਗਏ।

ਸਾਲ 1956 ਦੇ ਸ਼ੁਰੂ ਵਿਚ ਮੈਂ ਮਾਤਾ ਜੀ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਅਤੇ ਬਾਈਬਲ ਸੱਚਾਈ ਉਨ੍ਹਾਂ ਦੇ ਦਿਲ ਵਿਚ ਸਮਾ ਗਈ। ਉਹ ਯਹੋਵਾਹ ਦੀ ਗਵਾਹ ਬਣ ਗਈ ਅਤੇ ਉਨ੍ਹਾਂ ਨੇ ਪਾਇਨੀਅਰੀ ਸ਼ੁਰੂ ਕੀਤੀ। ਸਮੇਂ ਦੇ ਬੀਤਣ ਨਾਲ ਮੇਰੇ ਤਿੰਨ ਭਰਾਵਾਂ ਨੇ ਵੀ ਬਪਤਿਸਮਾ ਲੈ ਲਿਆ ਅਤੇ ਕੁਝ ਦੇਰ ਲਈ ਪਾਇਨੀਅਰ ਸੇਵਾ ਵਿਚ ਵੀ ਹਿੱਸਾ ਲਿਆ। ਸਤੰਬਰ 1956 ਵਿਚ ਜਦ ਮੈਂ ਵੀਹਾਂ ਸਾਲਾਂ ਦਾ ਸੀ ਤਾਂ ਮੈਂ ਵੀ ਪਾਇਨੀਅਰ ਬਣ ਗਿਆ।

ਨੌਕਰੀ ਸੰਬੰਧੀ ਫ਼ੈਸਲੇ

ਇਸੇ ਸਮੇਂ ਦੌਰਾਨ ਮੇਰੇ ਏਜੰਟ ਦੇ ਦੋਸਤ, ਜੋਰਜ ਮੱਰਫੀ ਨੇ ਮੇਰੇ ਕੰਮ ਵਿਚ ਦਿਲਚਸਪੀ ਦਿਖਾਈ। ਜੋਰਜ ਨੇ 1930 ਅਤੇ 1940 ਦੇ ਦਹਾਕਿਆਂ ਦੌਰਾਨ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ। ਦਸੰਬਰ 1956 ਵਿਚ ਜੋਰਜ ਦੀ ਜਾਣ-ਪਛਾਣ ਕਾਰਨ ਮੈਨੂੰ ਨਿਊਯਾਰਕ ਸਿਟੀ ਵਿਚ ਜੈਕੀ ਗਲੀਸਨ ਸ਼ੋਅ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਮੇਰੇ ਕੈਰੀਅਰ ਲਈ ਇਹ ਬਹੁਤ ਹੀ ਚੰਗੀ ਗੱਲ ਸੀ ਕਿਉਂਕਿ ਕੁਝ 2,00,00,000 ਲੋਕ ਇਸ ਪ੍ਰੋਗ੍ਰਾਮ ਨੂੰ ਦੇਖਦੇ ਸਨ। ਨਿਊਯਾਰਕ ਵਿਚ ਹੋਣ ਕਰਕੇ ਮੈਂ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਨੂੰ ਦੇਖਣ ਪਹਿਲੀ ਵਾਰ ਗਿਆ।

ਜੈਕੀ ਗਲੀਸਨ ਦੇ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਤੋਂ ਬਾਅਦ ਮੈਂ ਇਕ ਵੱਡੇ ਸਟੂਡੀਓ (MGM) ਨਾਲ ਫ਼ਿਲਮਾਂ ਬਣਾਉਣ ਦਾ ਸੱਤ ਸਾਲਾਂ ਦਾ ਕਨਟ੍ਰੈਕਟ ਸਾਈਨ ਕਰ ਲਿਆ। ਵੈਸਟਰਨ ਫ਼ਿਲਮਾਂ ਵਿਚ ਮੈਨੂੰ ਰੋਲ ਮਿਲ ਗਿਆ ਸੀ। ਪਰ ਕੁਝ ਦੇਰ ਬਾਅਦ ਮੇਰੀ ਜ਼ਮੀਰ ਮੈਨੂੰ ਪਰੇਸ਼ਾਨ ਕਰਨ ਲੱਗ ਪਈ ਕਿਉਂਕਿ ਮੈਨੂੰ ਅਜਿਹੇ ਰੋਲ ਕਰਨੇ ਪੈਣੇ ਸਨ ਜਿਨ੍ਹਾਂ ਵਿਚ ਮੈਂ ਜੁਆਰੀ ਸਾਂ ਅਤੇ ਮੈਨੂੰ ਬੰਦੂਕ ਚਲਾਉਣੀ ਪੈਣੀ ਸੀ। ਇਸ ਦੇ ਨਾਲ-ਨਾਲ ਕੁਝ ਅਜਿਹੇ ਰੋਲ ਵੀ ਸਨ ਜਿਨ੍ਹਾਂ ਵਿਚ ਮੈਨੂੰ ਬਦਚਲਣੀ ਅਤੇ ਹੋਰ ਬੁਰੇ ਕੰਮ ਕਰਨੇ ਪੈਣੇ ਸਨ ਜੋ ਯਹੋਵਾਹ ਦੇ ਮਿਆਰਾਂ ਦੇ ਖ਼ਿਲਾਫ਼ ਹਨ। ਇਸ ਲਈ ਮੈਂ ਇਹ ਕੰਮ ਛੱਡ ਦਿੱਤਾ। ਫ਼ਿਲਮੀ ਕਾਰੋਬਾਰ ਦੇ ਲੋਕ ਤਾਂ ਸੋਚਦੇ ਸੀ ਕਿ ਮੈਂ ਪਾਗਲ ਹੋ ਗਿਆ ਹਾਂ।

ਇਸ ਤੋਂ ਬਾਅਦ ਮੈਨੂੰ ਲਾਸ ਵੇਗਸ ਸ਼ਹਿਰ ਵਿਚ ਉਹ ਵੱਡੀ ਨੌਕਰੀ ਪੇਸ਼ ਕੀਤੀ ਗਈ ਸੀ ਜਿਸ ਦਾ ਮੈਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ। ਮੈਂ ਇਹ ਨੌਕਰੀ ਉਸ ਹਫ਼ਤੇ ਸ਼ੁਰੂ ਕਰਨੀ ਸੀ ਜਦ ਸਫ਼ਰੀ ਨਿਗਾਹਬਾਨ ਸਾਡੀ ਕਲੀਸਿਯਾ ਨੂੰ ਆ ਰਿਹਾ ਸੀ। ਜੇ ਮੈਂ ਨੌਕਰੀ ਉਸ ਵੇਲੇ ਨਾ ਸ਼ੁਰੂ ਕਰਦਾ, ਤਾਂ ਇਹ ਮੌਕਾ ਹੱਥੋਂ ਨਿਕਲ ਜਾਣਾ ਸੀ। ਮੈਂ ਕਸ਼ਮਕਸ਼ ਵਿਚ ਪੈ ਗਿਆ ਕਿਉਂਕਿ ਪਿਤਾ ਜੀ ਨੇ ਆਸ ਰੱਖੀ ਹੋਈ ਸੀ ਕਿ ਮੈਂ ਇਕ ਦਿਨ ਬਹੁਤ ਸਾਰੇ ਪੈਸੇ ਕਮਾਵਾਂਗਾ! ਮੇਰਾ ਵੀ ਖ਼ਿਆਲ ਸੀ ਕਿ ਪਿਤਾ ਜੀ ਨੇ ਜੋ ਕੁਝ ਮੇਰੇ ਕੰਮ ਨੂੰ ਸਫ਼ਲ ਕਰਨ ਲਈ ਕੀਤਾ ਹੈ ਉਸ ਲਈ ਉਨ੍ਹਾਂ ਨੂੰ ਵੀ ਕੁਝ ਨਾ ਕੁਝ ਫਲ ਮਿਲਣਾ ਚਾਹੀਦਾ ਹੈ।

ਮੈਂ ਆਪਣੀ ਕਲੀਸਿਯਾ ਵਿਚ ਕਾਰਲ ਪਾਰਕ ਨਾਂ ਦੇ ਬਜ਼ੁਰਗ ਨਾਲ ਗੱਲ ਕੀਤੀ। ਉਹ ਖ਼ੁਦ ਇਕ ਸੰਗੀਤਕਾਰ ਸਨ ਅਤੇ 1920 ਦੇ ਦਹਾਕੇ ਵਿਚ ਉਹ ਨਿਊਯਾਰਕ ਦੇ ਇਕ ਰੇਡੀਓ ਸਟੇਸ਼ਨ ਤੇ ਵਾਇਲਨ ਵਜਾਉਂਦੇ ਹੁੰਦੇ ਸਨ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਜੇ ਮੈਂ ਇਹ ਨੌਕਰੀ ਕਰ ਲਵਾਂ, ਤਾਂ ਮੈਨੂੰ ਜ਼ਿੰਦਗੀ ਭਰ ਪੈਸਿਆਂ ਦੀ ਚਿੰਤਾ ਨਹੀਂ ਕਰਨੀ ਪਵੇਗੀ ਅਤੇ ਮੈਂ ਆਸਾਨੀ ਨਾਲ ਪਾਇਨੀਅਰੀ ਕਰ ਸਕਾਂਗਾ। ਉਨ੍ਹਾਂ ਨੇ ਮੈਨੂੰ ਕਿਹਾ: “ਮੈਂ ਤੈਨੂੰ ਇਹ ਤਾਂ ਨਹੀਂ ਦੱਸ ਸਕਦਾ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ, ਪਰ ਮੈਂ ਸਹੀ ਕਦਮ ਚੁੱਕਣ ਵਿਚ ਤੇਰੀ ਮਦਦ ਕਰ ਸਕਦਾ ਹਾਂ। ਜੇ ਇਸ ਹਫ਼ਤੇ ਪੌਲੁਸ ਰਸੂਲ ਸਾਡੀ ਕਲੀਸਿਯਾ ਨੂੰ ਮਿਲਣ ਆ ਰਿਹਾ ਹੁੰਦਾ, ਤਾਂ ਕੀ ਤੂੰ ਚਲਾ ਜਾਂਦਾ?” ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ: “ਤੇਰੇ ਖ਼ਿਆਲ ਵਿਚ ਯਿਸੂ ਇਸ ਮਾਮਲੇ ਵਿਚ ਕੀ ਕਰਦਾ?”

ਉਨ੍ਹਾਂ ਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਸੀ। ਜਦ ਮੈਂ ਪਿਤਾ ਜੀ ਨੂੰ ਦੱਸਿਆ ਕਿ ਮੈਂ ਲਾਸ ਵੇਗਸ ਵਿਚ ਨੌਕਰੀ ਕਬੂਲ ਨਹੀਂ ਕਰ ਰਿਹਾ, ਤਾਂ ਉਨ੍ਹਾਂ ਨੇ ਕਿਹਾ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਸੀ। ਉਸ ਰਾਤ ਉਨ੍ਹਾਂ ਨੇ ਪਸਤੌਲ ਲੈ ਕੇ ਮੇਰੀ ਉਡੀਕ ਕੀਤੀ। ਉਨ੍ਹਾਂ ਦਾ ਮੈਨੂੰ ਜਾਨੋਂ ਮਾਰਨ ਦਾ ਇਰਾਦਾ ਸੀ, ਪਰ ਜ਼ਿਆਦਾ ਸ਼ਰਾਬ ਪੀਣ ਕਰਕੇ ਉਨ੍ਹਾਂ ਨੂੰ ਨੀਂਦ ਆ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਸਹੀ ਵਕਤ ਤੇ ਮੈਂ ਪਹੁੰਚ ਕੇ ਐਂਬੂਲੈਂਸ ਨੂੰ ਬੁਲਾ ਲਿਆ ਅਤੇ ਇਸ ਤਰ੍ਹਾਂ ਉਹ ਬਚ ਗਏ।

ਪਿਤਾ ਜੀ ਦੇ ਗੁੱਸੇ ਕਾਰਨ ਕਲੀਸਿਯਾ ਦੇ ਕਈ ਭੈਣ-ਭਰਾ ਉਨ੍ਹਾਂ ਤੋਂ ਡਰਦੇ ਸਨ। ਪਰ ਸਾਡੇ ਸਫ਼ਰੀ ਨਿਗਾਹਬਾਨ ਰੇ ਡਾਉਲ ਨੂੰ ਉਨ੍ਹਾਂ ਤੋਂ ਕੋਈ ਡਰ ਨਹੀਂ ਸੀ। ਜਦ ਰੇ ਪਿਤਾ ਜੀ ਨੂੰ ਮਿਲਣ ਗਿਆ, ਤਾਂ ਪਿਤਾ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਦ ਮੇਰਾ ਜਨਮ ਹੋਇਆ ਸੀ, ਤਾਂ ਮੇਰੇ ਬਚਣ ਦੀ ਬਹੁਤ ਥੋੜ੍ਹੀ ਉਮੀਦ ਸੀ। ਪਿਤਾ ਜੀ ਨੇ ਰੱਬ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਬਚ ਗਿਆ, ਤਾਂ ਉਹ ਮੈਨੂੰ ਉਸ ਦੀ ਸੇਵਾ ਲਈ ਅਰਪਣ ਕਰ ਦੇਣਗੇ। ਰੇ ਨੇ ਪਿਤਾ ਜੀ ਨੂੰ ਪੁੱਛਿਆ ਕਿ ਉਨ੍ਹਾਂ ਨੇ ਕਦੀ ਇਹ ਸੋਚਿਆ ਹੈ ਕਿ ਸ਼ਾਇਦ ਰੱਬ ਚਾਹੁੰਦਾ ਹੈ ਕਿ ਉਹ ਆਪਣਾ ਕੀਤਾ ਹੋਇਆ ਵਾਅਦਾ ਹੁਣ ਨਿਭਾਵੇ। ਇਹ ਸੁਣ ਕੇ ਪਿਤਾ ਜੀ ਹੈਰਾਨ ਹੋ ਗਏ। ਫਿਰ ਰੇ ਨੇ ਪੁੱਛਿਆ: “ਜੇ ਰੱਬ ਦਾ ਪੁੱਤਰ ਸੇਵਕਾਈ ਵਿਚ ਆਪਣਾ ਪੂਰਾ ਸਮਾਂ ਲਗਾ ਸਕਦਾ ਸੀ, ਤਾਂ ਤੁਹਾਡਾ ਪੁੱਤਰ ਕਿਉਂ ਨਹੀਂ ਲਗਾ ਸਕਦਾ?” ਇਸ ਤੋਂ ਬਾਅਦ ਪਿਤਾ ਜੀ ਨੇ ਮੇਰੇ ਫ਼ੈਸਲਿਆਂ ਵਿਚ ਕੋਈ ਦਖ਼ਲ ਨਹੀਂ ਦਿੱਤਾ।

ਇਸ ਸਮੇਂ ਦੌਰਾਨ, ਜਨਵਰੀ 1957 ਵਿਚ ਸ਼ਰਲੀ ਲਾਰਜ ਨਾਂ ਦੀ ਕੁੜੀ ਕੈਨੇਡਾ ਤੋਂ ਆਪਣੀ ਪਾਇਨੀਅਰ ਸਾਥਣ ਨਾਲ ਕੁਝ ਦੋਸਤਾਂ ਨੂੰ ਮਿਲਣ ਆਈ ਸੀ। ਉਨ੍ਹਾਂ ਦੇ ਨਾਲ ਪ੍ਰਚਾਰ ਵਿਚ ਜਾਣ ਦੁਆਰਾ ਮੇਰੀ ਅਤੇ ਸ਼ਰਲੀ ਦੀ ਕਾਫ਼ੀ ਜਾਣ-ਪਛਾਣ ਹੋ ਗਈ। ਇਸ ਤੋਂ ਕੁਝ ਦੇਰ ਬਾਅਦ ਸ਼ਰਲੀ ਮੇਰੇ ਨਾਲ ਹਾਲੀਵੁੱਡ ਬੋਲ ਨੂੰ ਗਈ ਜਿੱਥੇ ਮੈਂ ਪਰਲ ਬੇਲੀ ਨਾਂ ਦੀ ਇਕ ਮਸ਼ਹੂਰ ਗਾਇਕ ਨਾਲ ਗੀਤ ਗਾਇਆ।

ਆਪਣੇ ਫ਼ੈਸਲੇ ਅਨੁਸਾਰ ਚੱਲਣਾ

ਸਤੰਬਰ 1957 ਵਿਚ ਮੈਨੂੰ ਆਯੋਆ ਸਟੇਟ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਲਈ ਘੱਲਿਆ ਗਿਆ। ਜਦ ਮੈਂ ਪਿਤਾ ਜੀ ਨੂੰ ਦੱਸਿਆ ਕਿ ਮੈਂ ਪ੍ਰਚਾਰ ਸੇਵਾ ਕਰਨ ਲਈ ਆਯੋਆ ਜਾ ਰਿਹਾ ਹਾਂ, ਤਾਂ ਉਹ ਬਹੁਤ ਹੀ ਰੋਏ। ਉਨ੍ਹਾਂ ਨੂੰ ਬਿਲਕੁਲ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਸ ਕੰਮ ਨੂੰ ਇੰਨਾ ਮਹੱਤਵਪੂਰਣ ਕਿਉਂ ਸਮਝਦਾ ਸੀ। ਮੈਂ ਹਾਲੀਵੁੱਡ ਗਿਆ ਅਤੇ ਸਾਈਨ ਕੀਤੇ ਆਪਣੇ ਸਾਰੇ ਕਨਟ੍ਰੈਕਟ ਤੋੜ ਦਿੱਤੇ। ਮਸ਼ਹੂਰ ਬੈਂਡ ਅਤੇ ਗਾਇਕ-ਮੰਡਲੀ ਦਾ ਮੋਹਰੀ ਫਰੈਡ ਵਾਰਿੰਗ ਉਨ੍ਹਾਂ ਵਿੱਚੋਂ ਇਕ ਸੀ ਜਿਨ੍ਹਾਂ ਲਈ ਕੰਮ ਕਰਨ ਦਾ ਮੈਂ ਵਾਅਦਾ ਕੀਤਾ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜੇ ਮੈਂ ਆਪਣਾ ਕੰਮ ਪੂਰਾ ਨਾ ਕਰਾਂਗਾ, ਤਾਂ ਮੈਨੂੰ ਫਿਰ ਕਦੀ ਵੀ ਗਾਇਕ ਵਜੋਂ ਨੌਕਰੀ ਨਹੀਂ ਮਿਲੇਗੀ। ਇਸ ਲਈ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਗਾਇਕ ਦਾ ਕੰਮ ਇਸ ਲਈ ਛੱਡ ਰਿਹਾ ਹਾਂ ਤਾਂਕਿ ਮੈਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਗਾ ਸਕਾਂ।

ਫਰੈਡ ਵਾਰਿੰਗ ਨੇ ਬੜੇ ਆਦਰ ਨਾਲ ਮੇਰੀ ਗੱਲ ਸੁਣੀ ਜਿਉਂ-ਜਿਉਂ ਮੈਂ ਉਨ੍ਹਾਂ ਨੂੰ ਪੂਰੀ ਗੱਲ ਸਮਝਾਈ। ਫਿਰ ਉਨ੍ਹਾਂ ਨੇ ਇਸ ਜਵਾਬ ਨਾਲ ਮੈਨੂੰ ਹੈਰਾਨ ਕਰ ਦਿੱਤਾ: “ਪੁੱਤਰ, ਮੈਨੂੰ ਅਫ਼ਸੋਸ ਹੈ ਤੂੰ ਇੰਨਾ ਚੰਗਾ ਕੈਰੀਅਰ ਛੱਡ ਰਿਹਾ ਹੈ, ਪਰ ਸੱਚ ਦੱਸਾਂ ਤਾਂ ਮੈਂ ਆਪਣੀ ਪੂਰੀ ਜ਼ਿੰਦਗੀ ਸੰਗੀਤ ਦੇ ਕਾਰੋਬਾਰ ਵਿਚ ਲਗਾ ਦਿੱਤੀ ਹੈ ਅਤੇ ਮੈਂ ਇਹੀ ਸਿੱਖਿਆ ਹੈ ਕਿ ਜ਼ਿੰਦਗੀ ਵਿਚ ਸੰਗੀਤ ਨਾਲੋਂ ਹੋਰ ਵੀ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਹਨ। ਰੱਬ ਸਦਾ ਤੇਰਾ ਭਲਾ ਕਰੇ।” ਮੈਨੂੰ ਹੁਣ ਵੀ ਯਾਦ ਹੈ ਕਿ ਘਰ ਜਾਂਦੇ ਸਮੇਂ ਕਿੱਦਾਂ ਮੇਰੀਆਂ ਅੱਖਾਂ ਖ਼ੁਸ਼ੀ ਦੇ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਕਿਉਂਕਿ ਮੈਂ ਜਾਣਦਾ ਸੀ ਕਿ ਹੁਣ ਮੈਂ ਜ਼ਿੰਦਗੀ ਭਰ ਯਹੋਵਾਹ ਦੀ ਸੇਵਾ ਕਰਨ ਲਈ ਬਿਲਕੁਲ ਆਜ਼ਾਦ ਸੀ।

“ਰੱਬ ਤੇ ਭਰੋਸਾ ਰੱਖੋ”

ਮੈਂ ਆਪਣੇ ਪਾਇਨੀਅਰ ਸਾਥੀ, ਜੋ ਟ੍ਰੀਫ ਨਾਲ ਆਯੋਆ ਦੇ ਸਟ੍ਰਾਬੇਰੀ ਪੁਆਇੰਟ ਨਗਰ ਵਿਚ ਸੇਵਕਾਈ ਕਰ ਰਿਹਾ ਸੀ। ਉਸ ਨਗਰ ਵਿਚ ਕੁਝ 1,200 ਲੋਕ ਰਹਿੰਦੇ ਸਨ। ਉੱਥੇ ਸ਼ਰਲੀ ਮੈਨੂੰ ਮਿਲਣ ਆਈ ਅਤੇ ਅਸੀਂ ਵਿਆਹ ਕਰਵਾਉਣ ਬਾਰੇ ਗੱਲ ਕੀਤੀ। ਨਾ ਤਾਂ ਮੈਂ ਕੋਈ ਪੈਸੇ ਜੋੜੇ ਹੋਏ ਸਨ ਅਤੇ ਨਾ ਹੀ ਉਸ ਨੇ। ਜੋ ਵੀ ਪੈਸੇ ਮੈਂ ਕਮਾਏ ਸਨ ਉਹ ਸਭ ਪਿਤਾ ਜੀ ਦੇ ਕੋਲ ਸਨ। ਇਸ ਲਈ ਮੈਂ ਸ਼ਰਲੀ ਨੂੰ ਸਮਝਾਇਆ: “ਮੈਂ ਤੇਰੇ ਨਾਲ ਵਿਆਹ ਤਾਂ ਕਰਨਾ ਚਾਹੁੰਦਾ ਹਾਂ ਪਰ ਅਸੀਂ ਰਹਾਂਗੇ ਕਿੱਦਾਂ? ਸਪੈਸ਼ਲ ਪਾਇਨੀਅਰ ਵਜੋਂ ਖ਼ਰਚਾ ਚਲਾਉਣ ਲਈ ਮੈਨੂੰ ਮਹੀਨੇ ਦੇ ਸਿਰਫ਼ 40 ਡਾਲਰ ਮਿਲਦੇ ਹਨ। ਇਸ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਹੈ।” ਉਸ ਨੇ ਆਪਣੀ ਨਰਮ ਤੇ ਮਿੱਠੀ ਆਵਾਜ਼ ਵਿਚ ਬਹੁਤ ਹੀ ਸਿੱਧੇ ਤਰੀਕੇ ਨਾਲ ਕਿਹਾ: “ਚਾਰਲਜ਼, ਰੱਬ ਤੇ ਭਰੋਸਾ ਰੱਖੋ! ਯਿਸੂ ਨੇ ਕਿਹਾ ਸੀ ਕਿ ਜੇ ਅਸੀਂ ਉਸ ਦੇ ਰਾਜ ਅਤੇ ਉਸ ਦੇ ਧਰਮ ਨੂੰ ਜ਼ਿੰਦਗੀ ਵਿਚ ਪਹਿਲ ਦੇਵਾਂਗੇ, ਤਾਂ ਉਹ ਸਾਡੀ ਹਰ ਜ਼ਰੂਰਤ ਪੂਰੀ ਕਰੇਗਾ।” (ਮੱਤੀ 6:33) ਫ਼ੈਸਲਾ ਹੋ ਗਿਆ ਅਤੇ ਅਸੀਂ 16 ਨਵੰਬਰ 1957 ਵਿਚ ਵਿਆਹ ਕਰਵਾ ਲਿਆ।

ਸਟ੍ਰਾਬੇਰੀ ਪੁਆਇੰਟ ਤੋਂ ਬਾਹਰ ਮੈਂ ਇਕ ਕਿਸਾਨ ਨਾਲ ਬਾਈਬਲ ਅਧਿਐਨ ਕਰ ਰਿਹਾ ਸੀ ਜਿਸ ਕੋਲ ਆਪਣੀ ਜ਼ਮੀਨ ਤੇ ਲੱਕੜ ਤੋਂ ਬਣੀ ਇਕ ਕੋਠੜੀ ਸੀ। ਇਹ ਕੋਠੜੀ ਚਾਰ ਮੀਟਰ ਚੌੜੀ ਤੇ ਚਾਰ ਮੀਟਰ ਲੰਬੀ ਸੀ। ਨਾ ਇਸ ਵਿਚ ਬਿਜਲੀ ਸੀ, ਨਾ ਪਾਣੀ ਅਤੇ ਨਾ ਹੀ ਟਾਇਲਟ। ਪਰ ਕਿਸਾਨ ਨੇ ਕਿਹਾ ਕਿ ਜੇ ਅਸੀਂ ਚਾਹੁੰਦੇ ਸੀ, ਤਾਂ ਅਸੀਂ ਮੁਫ਼ਤ ਉੱਥੇ ਰਹਿ ਸਕਦੇ ਸੀ। ਕਾਫ਼ੀ ਸਾਧਾਰਣ ਜਗ੍ਹਾ ਸੀ ਪਰ ਅਸੀਂ ਸੋਚਿਆ ਕਿ ਸਾਰਾ ਦਿਨ ਤਾਂ ਅਸੀਂ ਬਾਹਰ ਪ੍ਰਚਾਰ ਤੇ ਹੋਣਾ ਹੈ ਇਸ ਲਈ ਸਾਨੂੰ ਸਿਰਫ਼ ਸੌਣ ਦੀ ਹੀ ਜਗ੍ਹਾ ਚਾਹੀਦੀ ਸੀ।

ਅਸੀਂ ਪਾਣੀ ਲਾਗੇ ਦੇ ਚਸ਼ਮੇ ਤੋਂ ਲਿਆਉਂਦੇ ਸੀ। ਅਸੀਂ ਲੱਕੜੀ ਦੇ ਚੁੱਲ੍ਹੇ ਨਾਲ ਕੋਠੜੀ ਨੂੰ ਗਰਮ ਕਰਦੇ ਸੀ ਅਤੇ ਮਿੱਟੀ ਦੇ ਤੇਲ ਦੀ ਬੱਤੀ ਦੀ ਲੋਅ ਨਾਲ ਪੜ੍ਹਦੇ ਸੀ; ਸ਼ਰਲੀ ਮਿੱਟੀ ਦੇ ਤੇਲ ਦੇ ਚੁੱਲ੍ਹੇ ਤੇ ਖਾਣਾ ਵੀ ਬਣਾਉਂਦੀ ਸੀ। ਅਸੀਂ ਕੱਪੜੇ ਧੋਣ ਵਾਲੇ ਪੁਰਾਣੇ ਟੱਬ ਨੂੰ ਨਹਾਉਣ ਲਈ ਵਰਤਦੇ ਸੀ। ਰਾਤ ਨੂੰ ਅਸੀਂ ਬਘਿਆੜਾਂ ਨੂੰ ਚੀਕਾਂ ਮਾਰਦੇ ਸੁਣਦੇ ਸੀ, ਪਰ ਅਸੀਂ ਖ਼ੁਸ਼ ਹੁੰਦੇ ਸੀ ਕਿ ਸਾਡੇ ਕੋਲ ਇਕ-ਦੂਸਰੇ ਦਾ ਸਾਥ ਸੀ ਅਤੇ ਅਸੀਂ ਇਕੱਠੇ ਉਸ ਜਗ੍ਹਾ ਵਿਚ ਯਹੋਵਾਹ ਦੀ ਸੇਵਾ ਕਰ ਰਹੇ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਬਿਲ ਮੇਲਨਫੌਂਟ ਅਤੇ ਉਨ੍ਹਾਂ ਦੀ ਪਤਨੀ ਸੈਂਡਰਾ, ਉਸ ਵੇਲੇ ਕੁਝ 60 ਮੀਲ ਦੂਰ ਡੇਕੋਰਾ ਵਿਚ ਸਪੈਸ਼ਲ ਪਾਇਨੀਅਰੀ ਕਰ ਰਹੇ ਸਨ। ਹੁਣ ਉਹ ਬਰੁਕਲਿਨ ਬੈਥਲ ਵਿਚ ਸੇਵਾ ਕਰ ਰਹੇ ਹਨ। ਕਦੀ-ਕਦੀ ਉਹ ਆ ਕੇ ਸਾਡੇ ਨਾਲ ਪ੍ਰਚਾਰ ਸੇਵਾ ਵਿਚ ਸਮਾਂ ਗੁਜ਼ਾਰਦੇ ਸਨ। ਸਮੇਂ ਦੇ ਬੀਤਣ ਨਾਲ, ਸਟ੍ਰਾਬੇਰੀ ਪੁਆਇੰਟ ਵਿਚ 25 ਭੈਣਾਂ-ਭਰਾਵਾਂ ਦੀ ਇਕ ਛੋਟੀ ਕਲੀਸਿਯਾ ਸਥਾਪਿਤ ਹੋ ਗਈ।

ਸਰਕਟ ਨਿਗਾਹਬਾਨ ਵਜੋਂ ਕੰਮ

ਮਈ 1960 ਵਿਚ ਮੈਨੂੰ ਸਰਕਟ ਨਿਗਾਹਬਾਨ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਸਾਡੀ ਪਹਿਲੀ ਸਰਕਟ ਉੱਤਰੀ ਕੈਰੋਲਾਇਨਾ ਸੀ। ਇਸ ਵਿਚ ਰਾਲੀ, ਗ੍ਰੀਨਜ਼ਬੋਰੋ ਅਤੇ ਡੱਰਹਮ ਸ਼ਹਿਰਾਂ ਦੇ ਨਾਲ-ਨਾਲ ਹੋਰ ਵੀ ਕਈ ਛੋਟੇ-ਛੋਟੇ ਨਗਰ ਸਨ। ਸਾਡੇ ਰਹਿਣ ਦੇ ਹਾਲਾਤ ਵੀ ਬਿਹਤਰ ਹੋ ਗਏ ਕਿਉਂਕਿ ਹੁਣ ਸਾਨੂੰ ਅਜਿਹੇ ਕਈ ਪਰਿਵਾਰਾਂ ਨਾਲ ਰਹਿਣ ਦਾ ਮੌਕਾ ਮਿਲ ਰਿਹਾ ਸੀ ਜਿਨ੍ਹਾਂ ਦੇ ਘਰ ਬਿਜਲੀ ਸੀ ਅਤੇ ਕਈਆਂ ਦੇ ਘਰਾਂ ਵਿਚ ਟਾਇਲਟ ਵੀ ਸੀ। ਪਰ ਕਦੀ-ਕਦੀ ਸਾਨੂੰ ਬਾਹਰਲੀ ਟਾਇਲਟ ਵਰਤਣ ਬਾਰੇ ਚੇਤਾਵਨੀ ਦਿੱਤੀ ਜਾਂਦੀ ਸੀ। ਸਾਨੂੰ ਦੱਸਿਆ ਜਾਂਦਾ ਸੀ ਕਿ ਸਾਨੂੰ ਰਾਹ ਵਿਚ ਆਉਣ ਵਾਲੇ ਜ਼ਹਿਰੀਲੇ ਸੱਪਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਸੀ!

ਸਾਲ 1963 ਦੇ ਮੁੱਢ ਵਿਚ ਸਾਡੀ ਬਦਲੀ ਫਲੋਰਿਡਾ ਦੀ ਸਰਕਟ ਨੂੰ ਹੋ ਗਈ। ਉੱਥੇ ਇਕ ਭੈੜੀ ਬੀਮਾਰੀ ਕਰਕੇ ਮੈਂ ਬਹੁਤ ਬੀਮਾਰ ਹੋ ਗਿਆ ਸੀ ਅਤੇ ਮਸਾਂ ਹੀ ਬਚਿਆ। ਅਗਰ ਟੇਂਪਾ ਸ਼ਹਿਰ ਤੋਂ ਬਾਬ ਅਤੇ ਜਿਨੀ ਮਕੈ ਨਾ ਹੁੰਦੇ, ਤਾਂ ਮੈਂ ਸੱਚ-ਮੁੱਚ ਮਰ ਹੀ ਜਾਣਨਾ ਸੀ। * ਉਹ ਮੈਨੂੰ ਡਾਕਟਰ ਕੋਲ ਲੈ ਕੇ ਗਏ ਅਤੇ ਉਨ੍ਹਾਂ ਨੇ ਮੇਰੇ ਇਲਾਜ ਦਾ ਸਾਰ ਖ਼ਰਚਾ ਵੀ ਉਠਾਇਆ।

ਮੁਢਲੀ ਸਿਖਲਾਈ ਮੇਰੇ ਕੰਮ ਆਈ

ਸਾਲ 1963 ਦੀਆਂ ਗਰਮੀਆਂ ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਹੋ ਰਹੇ ਇਕ ਵੱਡੇ ਸੰਮੇਲਨ ਦੇ ਸੰਬੰਧ ਵਿਚ ਨਿਊਯਾਰਕ ਬੁਲਾਇਆ ਗਿਆ ਸੀ। ਯਹੋਵਾਹ ਦੇ ਗਵਾਹਾਂ ਦੇ ਇਕ ਪ੍ਰਤਿਨਿਧ, ਮਿਲਟਨ ਹੈੱਨਸ਼ਲ ਨਾਲ ਮੈਂ ਲੈਰੀ ਕਿੰਗ ਦੇ ਰੇਡੀਓ ਪ੍ਰੋਗ੍ਰਾਮ ਤੇ ਗਿਆ। ਲੈਰੀ ਕਿੰਗ ਹੁਣ ਵੀ ਕਾਫ਼ੀ ਮਸ਼ਹੂਰ ਹਨ। ਉਨ੍ਹਾਂ ਨੇ ਸਾਡੀ ਬਹੁਤ ਇੱਜ਼ਤ ਕੀਤੀ ਅਤੇ ਪ੍ਰੋਗ੍ਰਾਮ ਤੋਂ ਬਾਅਦ ਉਨ੍ਹਾਂ ਨੇ ਘੰਟੇ ਕੁ ਲਈ ਸਾਨੂੰ ਸਾਡੇ ਕੰਮ ਬਾਰੇ ਸਵਾਲ ਪੁੱਛੇ।

ਇਸ ਤੋਂ ਕੁਝ ਹੀ ਦੇਰ ਬਾਅਦ ਭਰਾ ਹੈਰੋਲਡ ਕਿੰਗ ਮਹਿਮਾਨ ਵਜੋਂ ਬਰੁਕਲਿਨ ਬੈਥਲ ਆਏ। ਉਹ ਇਕ ਮਿਸ਼ਨਰੀ ਸਨ ਅਤੇ ਉਨ੍ਹਾਂ ਨੂੰ ਚੀਨ ਦੀ ਕੈਦ ਤੋਂ ਰਿਹਾ ਕੀਤਾ ਗਿਆ ਸੀ। ਇਕ ਸ਼ਾਮ ਉਨ੍ਹਾਂ ਨੇ ਹਾਜ਼ਰ 700 ਭੈਣਾਂ-ਭਰਾਵਾਂ ਨੂੰ ਆਪਣੇ ਅਨੁਭਵਾਂ ਬਾਰੇ ਦੱਸਿਆ। ਉਨ੍ਹਾਂ ਨੇ ਸਮਝਾਇਆ ਕਿ ਕੈਦ ਵਿਚ ਚਾਰ ਸਾਲ ਬਿਲਕੁਲ ਇਕੱਲੇ ਗੁਜ਼ਾਰਨ ਨਾਲ ਉਨ੍ਹਾਂ ਦੀ ਨਿਹਚਾ ਕਿਵੇਂ ਮਜ਼ਬੂਤ ਹੋਈ ਸੀ। ਕੈਦਖ਼ਾਨੇ ਵਿਚ ਉਨ੍ਹਾਂ ਨੇ ਬਾਈਬਲ ਬਾਰੇ ਅਤੇ ਪ੍ਰਚਾਰ ਦੇ ਕੰਮ ਬਾਰੇ ਕਈ ਗੀਤ ਲਿਖੇ ਸਨ।

ਉਹ ਬੜੀ ਹੀ ਯਾਦਗਾਰ ਰਾਤ ਸੀ। ਮੈਂ ਫਰੈਡ ਫ਼੍ਰਾਂਜ਼ ਨਾਲ, ਜਿਸ ਨੇ ਉੱਚੀ ਤੇ ਭਾਰੀ ਆਵਾਜ਼ ਵਿਚ ਗਾਉਣਾ ਸਿੱਖਿਆ ਸੀ ਅਤੇ ਔਡਰੀ ਨੌਰ ਤੇ ਕਾਰਲ ਕਲਾਈਨ ਨਾਲ ਗਾਣਾ ਗਾਇਆ ਸੀ। ਉਸ ਗਾਣੇ ਦਾ ਨਾਂ “ਘਰੋਂ ਘਰ” ਸੀ ਅਤੇ ਬਾਅਦ ਵਿਚ ਇਹ ਯਹੋਵਾਹ ਦੇ ਗਵਾਹਾਂ ਦੀ ਗੀਤ ਪੁਸਤਕ ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਨੇਥਨ ਨੌਰ ਉਸ ਵੇਲੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਹੇ ਸਨ ਅਤੇ ਉਸ ਨੇ ਮੈਨੂੰ ਅਗਲੇ ਹਫ਼ਤੇ ਯੈਂਕੀ ਸਟੇਡੀਅਮ ਤੇ ਹੋ ਰਹੇ “ਸਦੀਪਕਾਲ ਦੀ ਇੰਜੀਲ” ਨਾਮਕ ਸੰਮੇਲਨ ਤੇ ਗਾਉਣ ਲਈ ਕਿਹਾ।

ਸਰਕਟ ਕੰਮ ਵਿਚ ਅਨੁਭਵ

ਸ਼ਿਕਾਗੋ ਵਿਚ ਸੇਵਾ ਕਰਦੇ ਹੋਏ ਦੋ ਅਜਿਹੇ ਅਨੁਭਵ ਹੋਏ ਜਿਨ੍ਹਾਂ ਨੂੰ ਅਸੀਂ ਕਦੀ ਵੀ ਨਹੀਂ ਭੁੱਲਾਂਗੇ। ਪਹਿਲਾ ਅਨੁਭਵ ਇਹ ਸੀ ਕਿ ਇਕ ਸੰਮੇਲਨ ਤੇ ਸ਼ਰਲੀ ਨੂੰ ਵੀਰਾ ਸਟੂਅਰਟ ਨਾਂ ਦੀ ਭੈਣ ਮਿਲੀ। ਇਸ ਭੈਣ ਨੇ 1940 ਦੇ ਦਹਾਕੇ ਵਿਚ ਕੈਨੇਡਾ ਵਿਚ ਸ਼ਰਲੀ ਦੀ ਮਾਤਾ ਜੀ ਨਾਲ ਯਹੋਵਾਹ ਬਾਰੇ ਗੱਲਬਾਤ ਕੀਤੀ ਸੀ। ਸ਼ਰਲੀ ਉਦੋਂ 11 ਕੁ ਸਾਲਾਂ ਦੀ ਸੀ ਅਤੇ ਉਹ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਸੁਣ ਕੇ ਬਹੁਤ ਹੀ ਖ਼ੁਸ਼ ਹੋਈ। ਸ਼ਰਲੀ ਨੇ ਵੀਰਾ ਨੂੰ ਪੁੱਛਿਆ: “ਕੀ ਮੈਂ ਨਵੀਂ ਦੁਨੀਆਂ ਵਿਚ ਜੀ ਸਕਾਂਗੀ?” ਵੀਰਾ ਨੇ ਜਵਾਬ ਦਿੱਤਾ “ਹਾਂ, ਕਿਉਂ ਨਹੀਂ ਸ਼ਰਲੀ।” ਉਨ੍ਹਾਂ ਦੋਹਾਂ ਨੂੰ ਅੱਜ ਤਕ ਇਹ ਗੱਲ ਯਾਦ ਸੀ। ਵੀਰਾ ਨਾਲ ਉਸ ਪਹਿਲੀ ਮੁਲਾਕਾਤ ਤੋਂ ਹੀ ਸ਼ਰਲੀ ਜਾਣਦੀ ਸੀ ਕਿ ਉਹ ਸਿਰਫ਼ ਯਹੋਵਾਹ ਦੀ ਹੀ ਸੇਵਾ ਕਰਨੀ ਚਾਹੁੰਦੀ ਸੀ।

ਦੂਜਾ ਅਨੁਭਵ ਉਦੋਂ ਹੋਇਆ ਜਦ ਇਕ ਭਰਾ ਨੇ ਮੈਨੂੰ ਪੁੱਛਿਆ ‘ਤੁਹਾਨੂੰ ਯਾਦ ਹੈ ਕਿ 1958 ਦੀ ਸਿਆਲ ਵਿਚ ਤੁਹਾਨੂੰ ਆਪਣੀ ਕੋਠੜੀ ਦੇ ਬਾਹਰ 23 ਕਿਲੋਗ੍ਰਾਮ ਦਾ ਆਲੂਆਂ ਦਾ ਬੋਰਾ ਮਿਲਿਆ ਸੀ?’ ਮੈਂ ਜਵਾਬ ਦਿੱਤਾ ਕਿ ਹਾਂ, ਸਾਨੂੰ ਬਿਲਕੁਲ ਯਾਦ ਹੈ। ਇਕ ਰਾਤ ਜਦ ਅਸੀਂ ਬਰਫ਼ਾਨੀ ਤੂਫ਼ਾਨ ਵਿਚ ਦੀ ਲੰਘ ਕੇ ਮਸਾਂ ਘਰ ਪਹੁੰਚੇ ਸਾਂ, ਤਾਂ ਸਾਨੂੰ ਘਰ ਦੇ ਬਾਹਰ ਆਲੂਆਂ ਦਾ ਬੋਰਾ ਮਿਲਿਆ ਸੀ! ਭਾਵੇਂ ਕਿ ਸਾਨੂੰ ਪਤਾ ਨਹੀਂ ਸੀ ਕਿ ਇਹ ਕਿੱਥੋਂ ਆਇਆ ਸੀ ਅਸੀਂ ਇਸ ਇੰਤਜ਼ਾਮ ਲਈ ਯਹੋਵਾਹ ਦਾ ਧੰਨਵਾਦ ਕੀਤਾ। ਬਰਫ਼ ਪੈਣ ਕਾਰਨ ਪੰਜ ਦਿਨਾਂ ਲਈ ਅਸੀਂ ਘਰੋਂ ਨਿਕਲ ਨਾ ਸਕੇ ਅਤੇ ਸਾਡੇ ਕੋਲ ਖਾਣ ਲਈ ਆਲੂਆਂ ਦੇ ਸਿਵਾਇ ਹੋਰ ਕੁਝ ਨਹੀਂ ਸੀ। ਇਸ ਲਈ ਅਸੀਂ ਆਲੂਆਂ ਦੇ ਕੇਕ, ਭੁੰਨੇ ਆਲੂ, ਤਲੇ ਆਲੂ, ਆਲੂਆਂ ਦਾ ਭੜਥਾ ਅਤੇ ਆਲੂਆਂ ਦਾ ਸੂਪ ਬੜੇ ਮਜ਼ੇ ਨਾਲ ਖਾਧਾ! ਇਹ ਭਰਾ ਨਾ ਤਾਂ ਸਾਨੂੰ ਜਾਣਦਾ ਸੀ ਅਤੇ ਨਾ ਹੀ ਇਹ ਜਾਣਦਾ ਸੀ ਕਿ ਅਸੀਂ ਕਿੱਥੇ ਰਹਿੰਦੇ ਸਨ, ਪਰ ਉਸ ਨੇ ਸੁਣਿਆ ਸੀ ਕਿ ਲਾਗੇ ਕੁਝ ਪਾਇਨੀਅਰ ਰਹਿੰਦੇ ਹਨ ਜਿਨ੍ਹਾਂ ਨੂੰ ਕਾਫ਼ੀ ਤੰਗੀ ਹੈ। ਉਸ ਨੇ ਕਿਹਾ: ‘ਪਤਾ ਨਹੀਂ ਕਿਉਂ ਪਰ ਮੈਂ ਪੁੱਛ-ਗਿੱਛ ਕਰਨ ਲੱਗ ਪਿਆ ਕਿ ਇਹ ਪਾਇਨੀਅਰ ਕਿੱਥੇ ਰਹਿੰਦੇ ਹਨ।’ ਉਸ ਨੇ ਕੁਝ ਕਿਸਾਨਾਂ ਨੂੰ ਪੁੱਛਿਆ ਜੋ ਕਿ ਆਮ ਤੌਰ ਤੇ ਆਪਣੇ ਆਂਢ-ਗੁਆਂਢ ਬਾਰੇ ਸਭ ਕੁਝ ਜਾਣਦੇ ਸਨ, ਤਾਂ ਇਸ ਨਾਲ ਜਲਦੀ ਹੀ ਉਸ ਨੂੰ ਸਾਡੀ ਕੋਠੜੀ ਦਾ ਪਤਾ ਚੱਲ ਗਿਆ ਅਤੇ ਉਹ ਬਰਫ਼ ਵਿਚ ਆਲੂਆਂ ਦਾ ਬੋਰਾ ਚੁੱਕ ਕੇ ਸਾਡੀ ਕੋਠੜੀ ਬਾਹਰ ਰੱਖ ਗਿਆ।

ਆਪਣਿਆਂ ਫ਼ੈਸਲਿਆਂ ਤੋਂ ਖ਼ੁਸ਼

ਸਰਕਟ ਨਿਗਾਹਬਾਨ ਵਜੋਂ 33 ਸਾਲਾਂ ਲਈ ਕੰਮ ਕਰਨ ਤੋਂ ਬਾਅਦ ਮੇਰੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਅਤੇ 1993 ਵਿਚ ਮੈਨੂੰ ਇਹ ਕੰਮ ਛੱਡਣਾ ਪਿਆ। ਖ਼ੈਰ ਸ਼ਰਲੀ ਅਤੇ ਮੈਂ ਹੁਣ ਤਕ ਵੀ ਆਪਣੀ ਸਿਹਤ ਮੁਤਾਬਕ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਾਂ। ਭਾਵੇਂ ਕਿ ਮੈਨੂੰ ਅਫ਼ਸੋਸ ਹੈ ਕਿ ਮੈਂ ਹੁਣ ਸਰਕਟ ਨਿਗਾਹਬਾਨ ਵਜੋਂ ਕੰਮ ਨਹੀਂ ਕਰ ਸਕਦਾ ਫਿਰ ਵੀ ਮੈਂ ਬਹੁਤ ਖ਼ੁਸ਼ ਹਾਂ ਕਿ ਜਦ ਮੇਰੇ ਕੋਲ ਬਲ ਸੀ, ਤਾਂ ਮੈਂ ਯਹੋਵਾਹ ਦੀ ਸੇਵਾ ਵਿਚ ਮਿਹਨਤ ਕੀਤੀ।

ਮੇਰੇ ਤਿੰਨ ਭਰਾਵਾਂ ਨੇ ਵੱਖਰੇ ਫ਼ੈਸਲੇ ਕੀਤੇ ਸਨ। ਉਹ ਧਨ-ਦੌਲਤ ਪਿੱਛੇ ਲੱਗ ਗਏ ਅਤੇ ਹੁਣ ਉਨ੍ਹਾਂ ਵਿੱਚੋਂ ਕੋਈ ਵੀ ਯਹੋਵਾਹ ਦੀ ਸੇਵਾ ਨਹੀਂ ਕਰਦਾ। ਸਾਲ 1958 ਵਿਚ ਪਿਤਾ ਜੀ ਨੇ ਬਪਤਿਸਮਾ ਲੈ ਲਿਆ ਸੀ। ਮਾਤਾ ਜੀ ਅਤੇ ਪਿਤਾ ਜੀ ਨੇ ਕਈਆਂ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਇਆ ਅਤੇ ਬਪਤਿਸਮੇ ਤਕ ਪਹੁੰਚਣ ਵਿਚ ਉਨ੍ਹਾਂ ਦੀ ਮਦਦ ਕੀਤੀ। ਸਾਲ 1999 ਵਿਚ ਉਨ੍ਹਾਂ ਦੋਹਾਂ ਦੀ ਮੌਤ ਹੋ ਗਈ। ਦੁਨਿਆਵੀ ਧਨ-ਦੌਲਤ ਅਤੇ ਸ਼ੁਹਰਤ ਨੂੰ ਠੁਕਰਾਉਣ ਦੇ ਮੇਰੇ ਫ਼ੈਸਲੇ ਕਾਰਨ ਪਿਤਾ ਜੀ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜੀਵਨ ਦੀ ਆਸ ਮਿਲੀ ਜਿਨ੍ਹਾਂ ਨਾਲ ਮਾਤਾ ਜੀ ਅਤੇ ਪਿਤਾ ਜੀ ਨੇ ਅਧਿਐਨ ਕੀਤਾ ਸੀ। ਮੈਂ ਅਕਸਰ ਸੋਚਦਾ ਹਾਂ ਕਿ “ਜੇ ਮੈਂ ਉਹ ਫ਼ੈਸਲੇ ਨਾ ਕੀਤੇ ਹੁੰਦੇ ਜੋ ਮੈਂ ਕੀਤੇ ਸਨ, ਤਾਂ ਕੀ ਮੈਂ ਯਹੋਵਾਹ ਦੀ ਸੇਵਾ ਕਰਦਾ ਰਹਿੰਦਾ?”

ਸਰਕਟ ਕੰਮ ਨੂੰ ਛੱਡਣ ਤੋਂ ਕੁਝ ਪੰਜ ਸਾਲ ਬਾਅਦ ਮੇਰੀ ਸਿਹਤ ਕੁਝ ਹੱਦ ਤਕ ਠੀਕ ਹੋ ਗਈ ਸੀ ਅਤੇ ਮੈਂ ਆਪਣੀ ਸੇਵਕਾਈ ਵਧਾ ਸਕਿਆ। ਮੈਂ ਹੁਣ ਕੈਲੇਫ਼ੋਰਨੀਆ ਦੀ ਡੇਜ਼ਟ ਹਾਟ ਸਪ੍ਰਿੰਗਜ਼ ਕਲੀਸਿਯਾ ਵਿਚ ਪ੍ਰਧਾਨ ਨਿਗਾਹਬਾਨ ਦੇ ਤੌਰ ਤੇ ਸੇਵਾ ਕਰ ਰਿਹਾ ਹਾਂ। ਕਦੀ-ਕਦੀ ਮੈਨੂੰ ਸਰਕਟ ਨਿਗਾਹਬਾਨ ਦਾ ਕੰਮ ਕਰਨ ਦਾ, ਨਿਆਇਕ ਕਮੇਟੀ ਤੇ ਸੇਵਾ ਕਰਨ ਦਾ ਅਤੇ ਪਾਇਨੀਅਰ ਸੇਵਾ ਸਕੂਲ ਵਿਚ ਸਿੱਖਿਆ ਦੇਣ ਦਾ ਵੀ ਸਨਮਾਨ ਮਿਲਦਾ ਹੈ।

ਅੱਜ ਤਕ ਸ਼ਰਲੀ ਮੇਰੀ ਸਭ ਤੋਂ ਚੰਗੀ ਦੋਸਤ ਰਹੀ ਹੈ। ਉਸ ਦਾ ਸਾਥ ਮੈਨੂੰ ਸਭ ਤੋਂ ਚੰਗਾ ਲੱਗਦਾ ਹੈ। ਅਸੀਂ ਨਿਯਮਿਤ ਤੌਰ ਤੇ ਰੂਹਾਨੀ ਗੱਲਾਂ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਬਾਈਬਲ ਸੱਚਾਈਆਂ ਬਾਰੇ ਗੱਲਾਂ ਕਰਕੇ ਬਹੁਤ ਹੀ ਉਤੇਜਿਤ ਹੁੰਦੇ ਹਾਂ। ਮੈਂ ਬੜੇ ਪਿਆਰ ਨਾਲ ਉਸ ਪਲ ਨੂੰ ਯਾਦ ਕਰਦਾ ਹਾਂ ਜਦ 47 ਸਾਲ ਪਹਿਲਾਂ ਉਸ ਨੇ ਸ਼ਾਂਤ ਜਿਹੀ ਆਵਾਜ਼ ਵਿਚ ਕਿਹਾ: “ਚਾਰਲਜ਼, ਰੱਬ ਤੇ ਭਰੋਸਾ ਰੱਖੋ!” ਮੈਂ ਸੋਚਦਾ ਹਾਂ ਕਿ ਜੇ ਅੱਜ ਦੇ ਜਵਾਨ ਵਿਆਹੁਤਾ ਜੋੜੇ ਇਕ-ਦੂਸਰੇ ਨੂੰ ਇਸੇ ਤਰ੍ਹਾਂ ਹੌਸਲਾ ਦੇਣ, ਤਾਂ ਉਨ੍ਹਾਂ ਵਿੱਚੋਂ ਕਿੰਨੇ ਸਾਡੇ ਵਾਂਗ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀਆਂ ਅਤੇ ਬਰਕਤਾਂ ਪਾਉਣਗੇ! (g04 8/22)

[ਫੁਟਨੋਟ]

^ ਪੈਰਾ 11 ਜੌਨ ਸਿਨਟਕੋ ਦੀ ਮੌਤ 1996 ਵਿਚ ਹੋਈ ਸੀ। ਉਹ 92 ਸਾਲਾਂ ਦੀ ਉਮਰ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ।

^ ਪੈਰਾ 11 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ, ਪਰ ਹੁਣ ਨਹੀਂ ਛਾਪੀ ਜਾਂਦੀ।

^ ਪੈਰਾ 32 ਅੰਗ੍ਰੇਜ਼ੀ ਵਿਚ ਜਾਗਰੂਕ ਬਣੋ! ਦੇ 22 ਫਰਵਰੀ 1975 ਲੇਖ ਵਿਚ ਸਫ਼ੇ 12-16 ਦੇਖੋ ਜਿੱਥੇ ਬਾਬ ਮਕੈ ਖ਼ੁਦ ਦੱਸਦਾ ਹੈ ਕਿ ਉਸ ਨੇ ਅਧਰੰਗ ਨਾਲ ਜੀਉਣਾ ਕਿੱਦਾਂ ਸਿੱਖਿਆ।

[ਸਫ਼ੇ 20 ਉੱਤੇ ਤਸਵੀਰ]

ਸਾਲ 1935 ਵਿਚ ਮੇਰੇ ਤਾਏ ਜੀ ਜੌਨ; ਇਸੇ ਸਾਲ ਉਨ੍ਹਾਂ ਨੇ ਬਪਤਿਸਮਾ ਲਿਆ ਸੀ

[ਸਫ਼ੇ 22 ਉੱਤੇ ਤਸਵੀਰ]

ਲੱਕੜ ਦੀ ਬਣੀ ਸਾਡੀ ਕੋਠੜੀ

[ਸਫ਼ੇ 23 ਉੱਤੇ ਤਸਵੀਰ]

1975 ਵਿਚ ਮੇਰੇ ਮਾਤਾ-ਪਿਤਾ ਦੀ ਫੋਟੋ ਜੋ ਮੌਤ ਤਕ ਵਫ਼ਾਦਾਰ ਰਹੇ

[ਸਫ਼ੇ 23 ਉੱਤੇ ਤਸਵੀਰ]

ਅੱਜ ਮੈਂ ਅਤੇ ਸ਼ਰਲੀ