Skip to content

Skip to table of contents

ਪਿਗਮੀ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣਾ

ਪਿਗਮੀ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣਾ

ਪਿਗਮੀ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣਾ

ਕੈਮਰੂਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ 230 ਤੋਂ ਜ਼ਿਆਦਾ ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ‘ਸਾਰੇ ਮਨੁੱਖਾਂ’ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। (1 ਤਿਮੋਥਿਉਸ 2:4; ਮੱਤੀ 24:14) ਇਨ੍ਹਾਂ ‘ਮਨੁੱਖਾਂ’ ਵਿਚ ਅਫ਼ਰੀਕੀ ਪਿਗਮੀ ਲੋਕ ਵੀ ਹਨ। ਇਨ੍ਹਾਂ ਬੌਣੇ ਲੋਕਾਂ ਦਾ ਕੱਦ ਲਗਭਗ 1.2 ਤੋਂ 1.4 ਮੀਟਰ ਹੁੰਦਾ ਹੈ। ਇਹ ਲੋਕ ਆਮ ਤੌਰ ਤੇ ਕੇਂਦਰੀ ਅਫ਼ਰੀਕੀ ਗਣਰਾਜ, ਕਾਂਗੋ ਅਤੇ ਕੈਮਰੂਨ ਦੇ ਦੱਖਣੀ-ਪੂਰਬੀ ਜੰਗਲਾਂ ਵਿਚ ਰਹਿੰਦੇ ਹਨ।

ਪਿਗਮੀ ਲੋਕਾਂ ਦਾ ਬਾਹਰਲੇ ਲੋਕਾਂ ਨਾਲ ਪਹਿਲੀ ਵਾਰ ਉਦੋਂ ਟਾਕਰਾ ਹੋਇਆ ਜਦ ਮਿਸਰ ਦੇ ਇਕ ਫਿਰਊਨ ਨੇ ਆਪਣੇ ਖੋਜਕਾਰਾਂ ਨੂੰ ਨੀਲ ਵਾਦੀ ਦੇ ਸੋਮੇ ਨੂੰ ਲੱਭਣ ਲਈ ਭੇਜਿਆ ਸੀ। ਇਨ੍ਹਾਂ ਖੋਜੀਆਂ ਨੇ ਦੱਸਿਆ ਸੀ ਕਿ ਅਫ਼ਰੀਕਾ ਦੇ ਜੰਗਲਾਂ ਵਿਚ ਉਨ੍ਹਾਂ ਨੂੰ ਕੁਝ ਬੌਣੇ ਲੋਕ ਟੱਕਰੇ ਸਨ। ਯੂਨਾਨੀ ਲੇਖਕ ਹੋਮਰ ਅਤੇ ਫ਼ਿਲਾਸਫ਼ਰ ਅਰਸਤੂ ਦੋਹਾਂ ਨੇ ਪਿਗਮੀ ਲੋਕਾਂ ਦਾ ਜ਼ਿਕਰ ਕੀਤਾ ਸੀ। ਯੂਰਪੀ ਖੋਜਕਾਰਾਂ ਨੂੰ ਤਾਂ 16ਵੀਂ ਅਤੇ 17ਵੀਂ ਸਦੀ ਵਿਚ ਇਨ੍ਹਾਂ ਲੋਕਾਂ ਬਾਰੇ ਪਤਾ ਲੱਗਾ ਸੀ।

ਹੁਣ ਯਹੋਵਾਹ ਦੇ ਗਵਾਹ ਅਫ਼ਰੀਕਾ ਦੇ ਜੰਗਲਾਂ ਵਿਚ ਪ੍ਰਚਾਰ ਕਰਦੇ ਹਨ। ਭਾਵੇਂ ਕਿ ਪਿਗਮੀ ਲੋਕ ਰਾਜ ਦਾ ਸੰਦੇਸ਼ ਸੁਣ ਕੇ ਬਹੁਤ ਖ਼ੁਸ਼ ਹੁੰਦੇ ਹਨ, ਪਰ ਗੱਲਬਾਤ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਦੁਬਾਰਾ ਮਿਲਣਾ ਅਸਫ਼ਲ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪਿਗਮੀ ਲੋਕ ਇਕ ਥਾਂ ਟਿਕ ਕੇ ਨਹੀਂ ਰਹਿੰਦੇ। ਉਹ ਕੁਝ ਮਹੀਨੇ ਇਕ ਜਗ੍ਹਾ ਰਹਿੰਦੇ ਹਨ ਤਾਂ ਫਿਰ ਹੋਰ ਕਿਤੇ ਚਲੇ ਜਾਂਦੇ ਹਨ।

ਪਿਗਮੀ ਲੋਕ ਅਮਨ-ਪਸੰਦ ਅਤੇ ਸ਼ਰਮਾਕਲ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਅਫ਼ਰੀਕਾ ਵਿਚ ਇਨ੍ਹਾਂ ਦੀ ਆਬਾਦੀ 1,50,000 ਤੋਂ 3,00,000 ਤਕ ਹੈ। ਸਰਕਾਰਾਂ, ਸੰਸਥਾਵਾਂ ਅਤੇ ਚਰਚਾਂ ਨੇ ਇਨ੍ਹਾਂ ਲੋਕਾਂ ਲਈ ਸਕੂਲ ਬਣਵਾਏ ਹਨ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਲਈ ਛੋਟੇ-ਛੋਟੇ ਘਰ ਵੀ ਬਣਵਾਏ ਹਨ। ਪਰ ਇਨ੍ਹਾਂ ਨੂੰ ਇਕ ਜਗ੍ਹਾ ਵਿਚ ਵਸਾਉਣ ਦੇ ਜਤਨ ਆਮ ਤੌਰ ਤੇ ਅਸਫ਼ਲ ਰਹੇ ਹਨ।

ਕੈਮਰੂਨ ਵਿਚ ਪਿਗਮੀ ਲੋਕਾਂ ਵਿੱਚੋਂ ਇਕ ਆਦਮੀ ਯਹੋਵਾਹ ਦਾ ਗਵਾਹ ਬਣ ਗਿਆ ਹੈ। ਉਸ ਦਾ ਨਾਂ ਹੈ ਜ਼ਾਨਵੀਆ ਮਬੋਕੀ। ਉਸ ਨੇ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਅਤੇ ਹੋਰ ਪ੍ਰਕਾਸ਼ਨ ਪੜ੍ਹ ਕੇ ਬਾਈਬਲ ਦਾ ਸੰਦੇਸ਼ ਕਬੂਲ ਕਰ ਲਿਆ। * ਸਾਲ 2002 ਵਿਚ ਜ਼ਾਨਵੀਆ ਨੇ ਬਪਤਿਸਮਾ ਲਿਆ ਅਤੇ ਹੁਣ ਉਹ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਉਹ ਮਬੋਂਗ ਕਲੀਸਿਯਾ ਵਿਚ ਸਹਾਇਕ ਸੇਵਕ ਵੀ ਹੈ। ਸਿਰਫ਼ ਭਵਿੱਖ ਵਿਚ ਹੀ ਪੱਤਾ ਚੱਲੇਗਾ ਕਿ ਕੈਮਰੂਨ ਦੇ ਹੋਰ ਪਿਗਮੀ ਲੋਕ ‘ਸਾਰਿਆਂ ਮਨੁੱਖਾਂ’ ਨਾਲ ਪਿਆਰ ਕਰਨ ਵਾਲੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨਗੇ ਜਾਂ ਨਹੀਂ। (g04 8/22)

[ਫੁਟਨੋਟ]

^ ਪੈਰਾ 7 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ੇ 28 ਉੱਤੇ ਤਸਵੀਰ]

ਪ੍ਰਚਾਰ ਸੇਵਾ ਵਿਚ ਜ਼ਾਨਵੀਆ ਮਬੋਕੀ—ਕੈਮਰੂਨ ਵਿਚ ਪਹਿਲਾ ਪਿਗਮੀ ਜੋ ਯਹੋਵਾਹ ਦਾ ਗਵਾਹ ਬਣਿਆ