Skip to content

Skip to table of contents

ਬੀਅਰ—ਸੁਨਹਿਰੀ ਜਾਮ ਦੀ ਕਹਾਣੀ

ਬੀਅਰ—ਸੁਨਹਿਰੀ ਜਾਮ ਦੀ ਕਹਾਣੀ

ਬੀਅਰ​—ਸੁਨਹਿਰੀ ਜਾਮ ਦੀ ਕਹਾਣੀ

ਚੈੱਕ ਗਣਰਾਜ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਬਹੁਤ ਸਾਰੇ ਦੇਸ਼ਾਂ ਵਿਚ ਮਜ਼ਦੂਰ ਹੋਵੇ ਜਾਂ ਮਿੱਲ ਮਾਲਕ, ਗ਼ਰੀਬ ਹੋਵੇ ਜਾਂ ਧਨਵਾਨ, ਲੋਕਾਂ ਨੂੰ ਬੀਅਰ ਪੀ ਕੇ ਬਹੁਤ ਮਜ਼ਾ ਆਉਂਦਾ ਹੈ! ਬੀਅਰ ਦਾ ਗਲਾਸ ਅਕਸਰ ਪਿਆਸੇ ਆਦਮੀ ਦਾ ਸੁਪਨਾ ਹੁੰਦਾ ਹੈ। ਉਹ ਮਨ ਹੀ ਮਨ ਵਿਚ ਕਹਿਣ ਲੱਗਦਾ ਹੈ, ‘ਬਸ ਠੰਢੀ-ਠੰਢੀ ਬੀਅਰ ਹੀ ਮੇਰੀ ਪਿਆਸ ਬੁਝਾ ਸਕਦੀ ਹੈ!’

ਇਸ ਤਰ੍ਹਾਂ ਲੱਗਦਾ ਹੈ ਕਿ ਆਦਮੀ ਤੇ ਬੀਅਰ ਦਾ ਸਾਥ ਸਦੀਆਂ ਪੁਰਾਣਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਹਜ਼ਾਰਾਂ ਸਾਲਾਂ ਤੋਂ ਲੋਕ ਬੀਅਰ ਪੀਂਦੇ ਆਏ ਹਨ ਅਤੇ ਕੁਝ ਥਾਵਾਂ ਵਿਚ ਇਹ ਉੱਥੇ ਦੀ ਸਭਿਅਤਾ ਦਾ ਹਿੱਸਾ ਬਣ ਗਈ ਹੈ। ਦੁੱਖ ਦੀ ਗੱਲ ਹੈ ਕਿ ਕਈਆਂ ਦੇਸ਼ਾਂ ਵਿਚ, ਖ਼ਾਸ ਤੌਰ ਤੇ ਯੂਰਪ ਵਿਚ, ਲੋਕ ਹੱਦੋਂ ਵੱਧ ਬੀਅਰ ਪੀ ਕੇ ਕਈ ਮੁਸੀਬਤਾਂ ਸਹੇੜ ਲੈਂਦੇ ਹਨ। ਪਰ ਜੋ ਹਿਸਾਬ ਨਾਲ ਪੀਂਦੇ ਹਨ, ਉਹ ਇਸ ਸੁਆਦੀ ਅਤੇ ਤਾਜ਼ਗੀਦਾਇਕ ਡ੍ਰਿੰਕ ਦਾ ਪੂਰਾ-ਪੂਰਾ ਆਨੰਦ ਮਾਣਦੇ ਹਨ। ਆਓ ਆਪਾਂ ਬੀਅਰ ਦੇ ਇਤਿਹਾਸ ਦੀ ਜਾਂਚ ਕਰੀਏ।

ਬੀਅਰ ਦੀ ਸ਼ੁਰੂਆਤ

ਪੁਰਾਣੇ ਜ਼ਮਾਨੇ ਵਿਚ ਮੇਸੋਪੋਟੇਮੀਆ ਦੇਸ਼ ਦੇ ਰਹਿਣ ਵਾਲੇ ਸੁਮੇਰੀ ਲੋਕਾਂ ਦੇ ਇਲਾਕੇ ਵਿੱਚੋਂ ਕਈ ਸ਼ਿਲਾਲੇਖ ਮਿਲੇ ਸਨ। ਉਨ੍ਹਾਂ ਤੋਂ ਪਤਾ ਚੱਲਿਆ ਕਿ ਉੱਥੇ ਲੋਕ ਤਕਰੀਬਨ 5,000 ਸਾਲ ਪਹਿਲਾਂ ਬੀਅਰ ਪੀਂਦੇ ਸਨ। ਉਸੇ ਸਮੇਂ ਬਾਬਲੀ ਅਤੇ ਮਿਸਰੀ ਲੋਕ ਵੀ ਬੀਅਰ ਪੀਂਦੇ ਸਨ। ਬਾਬਲ ਵਿਚ ਬੀਅਰ ਦੀਆਂ 19 ਵੱਖੋ-ਵੱਖਰੀਆਂ ਕਿਸਮਾਂ ਬਣਦੀਆਂ ਸਨ ਅਤੇ ਹਾਮੁਰਾਬੀ ਕਾਇਦੇ-ਕਾਨੂੰਨਾਂ ਵਿਚ ਬੀਅਰ ਤਿਆਰ ਕਰਨ ਤੇ ਵੇਚਣ ਦੇ ਸੰਬੰਧ ਵਿਚ ਕਾਨੂੰਨ ਵੀ ਦਰਜ ਕੀਤੇ ਗਏ ਸਨ। ਮਿਸਾਲ ਲਈ, ਇਸ ਵਿਚ ਦੱਸਿਆ ਗਿਆ ਸੀ ਕਿ ਬੀਅਰ ਦੀ ਕੀਮਤ ਕਿੰਨੀ ਹੋਣੀ ਚਾਹੀਦੀ ਹੈ। ਜਿਹੜਾ ਇਨਸਾਨ ਇਹ ਕਾਨੂੰਨ ਤੋੜਦਾ ਸੀ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਮਿਸਰ ਵਿਚ ਲੋਕ ਬੀਅਰ ਬਹੁਤ ਪਸੰਦ ਕਰਦੇ ਸਨ, ਇਸ ਲਈ ਬੀਅਰ ਬਣਾਉਣ ਦਾ ਕਾਰੋਬਾਰ ਬਹੁਤ ਚੱਲਦਾ ਸੀ। ਸਦੀਆਂ ਬਾਅਦ ਉੱਥੇ ਪੁਰਾਤੱਤਵ-ਵਿਗਿਆਨੀਆਂ ਵੱਲੋਂ ਕੀਤੀ ਖੁਦਾਈ ਦੌਰਾਨ ਬੀਅਰ ਬਣਾਉਣ ਦੀ ਸਭ ਤੋਂ ਪੁਰਾਣੀ ਰੈਸਿਪੀ ਮਿਲੀ।

ਹੌਲੀ-ਹੌਲੀ ਯੂਰਪ ਵਿਚ ਵੀ ਲੋਕ ਬੀਅਰ ਬਣਾਉਣ ਲੱਗ ਪਏ। ਕੁਝ ਰੋਮੀ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪਹਿਲੀ ਸਦੀ ਦੇ ਸ਼ੁਰੂ ਵਿਚ ਯੂਰਪੀ ਕੈੱਲਟ ਅਤੇ ਜਰਮਨਾਂ ਤੋਂ ਇਲਾਵਾ ਹੋਰ ਕਬੀਲਿਆਂ ਦੇ ਲੋਕ ਵੀ ਬੀਅਰ ਦਾ ਆਨੰਦ ਮਾਣਦੇ ਸਨ। ਨਾਰਡਿਕ ਕਥਾਵਾਂ ਅਨੁਸਾਰ ਯੂਰਪ ਦੇ ਵਾਈਕਿੰਜ਼ ਨਾਂ ਦੇ ਸਮੁੰਦਰੀ ਡਾਕੂ ਮੰਨਦੇ ਸਨ ਕਿ ਮਰਨ ਤੋਂ ਬਾਅਦ ਸੂਰਬੀਰ ਸੈਨਿਕ ਵਾਲਹਾਲਾ ਨਾਂ ਦੇ ਹਾਲ ਵਿਚ ਜਾਂਦੇ ਸਨ ਜਿੱਥੇ ਉਹ ਰੱਜ-ਰੱਜ ਬੀਅਰ ਪੀਂਦੇ ਸਨ।

ਮੱਧਕਾਲ ਦੌਰਾਨ ਯੂਰਪ ਵਿਚ ਬੀਅਰ ਈਸਾਈ ਮੱਠਾਂ ਵਿਚ ਬਣਾਈ ਜਾਣ ਲੱਗੀ। ਯੂਰਪ ਦੇ ਸਾਧੂਆਂ ਨੇ ਹਾਪ ਦੇ ਫੁੱਲ ਮਿਲਾ ਕੇ ਬੀਅਰ ਬਣਾਉਣ ਦਾ ਤਰੀਕਾ ਲੱਭਿਆ ਜਿਸ ਨਾਲ ਬੀਅਰ ਜਲਦੀ ਖ਼ਰਾਬ ਨਹੀਂ ਸੀ ਹੁੰਦੀ। ਫਿਰ 19ਵੀਂ ਸਦੀ ਵਿਚ ਤਕਨਾਲੋਜੀ ਵਿਚ ਪ੍ਰਗਤੀ ਹੋਣ ਨਾਲ ਅਜਿਹੀਆਂ ਮਸ਼ੀਨਾਂ ਦੀ ਕਾਢ ਕੱਢੀ ਗਈ ਜਿਨ੍ਹਾਂ ਨਾਲ ਬੀਅਰ ਬਣਾਉਣ ਦਾ ਕੰਮ ਕਾਫ਼ੀ ਆਸਾਨ ਹੋ ਗਿਆ। ਇਹ ਪ੍ਰਗਤੀ ਉਨ੍ਹਾਂ ਲੋਕਾਂ ਲਈ ਵੱਡੀ ਖ਼ੁਸ਼ੀ ਦੀ ਗੱਲ ਸੀ ਜੋ ਬੀਅਰ ਬਹੁਤ ਪਸੰਦ ਕਰਦੇ ਸਨ। ਇਸ ਤੋਂ ਬਾਅਦ ਕੁਝ ਬਹੁਤ ਹੀ ਮਹੱਤਵਪੂਰਣ ਵਿਗਿਆਨਕ ਖੋਜਾਂ ਕੀਤੀਆਂ ਗਈਆਂ।

ਫਰਾਂਸੀਸੀ ਰਸਾਇਣ-ਵਿਗਿਆਨੀ ਲੂਈ ਪਾਸਟਰ ਦੀ ਖੋਜ ਨੇ ਦਿਖਾਇਆ ਕਿ ਜਿਸ ਖ਼ਮੀਰ ਕਰਕੇ ਬੀਅਰ ਫਰਮੈਂਟ ਹੁੰਦੀ ਸੀ ਯਾਨੀ ਬੀਅਰ ਵਿਚਲੀ ਸ਼ੱਕਰ ਅਲਕੋਹਲ ਵਿਚ ਤਬਦੀਲ ਹੁੰਦੀ ਸੀ, ਉਹ ਅਸਲ ਵਿਚ ਸੂਖਮ-ਜੀਵਾਂ ਦਾ ਬਣਿਆ ਹੋਇਆ ਸੀ। ਇਸ ਖੋਜ ਦੇ ਨਤੀਜੇ ਵਜੋਂ ਹੁਣ ਬੀਅਰ ਨੂੰ ਫਰਮੈਂਟ ਕਰਨ ਵੇਲੇ ਜ਼ਿਆਦਾ ਧਿਆਨ ਰੱਖਿਆ ਜਾ ਸਕਦਾ ਸੀ ਤਾਂਕਿ ਬੀਅਰ ਵਿਚ ਅਲਕੋਹਲ ਦੀ ਮਿਕਦਾਰ ਹੋਰ ਵੀ ਵਧਾਈ ਜਾ ਸਕੇ। ਡੈਨਮਾਰਕ ਦੇ ਬਨਸਪਤੀ-ਵਿਗਿਆਨੀ ਈਮੀਲ ਕ੍ਰੀਸਟਿਆਨ ਹੇਨਸਨ ਨੇ ਬੀਅਰ ਬਣਾਉਣ ਦੇ ਕਾਰੋਬਾਰ ਵਿਚ ਵੱਡਾ ਨਾਮ ਖੱਟਿਆ। ਉਸ ਨੇ ਆਪਣੀ ਪੂਰੀ ਜ਼ਿੰਦਗੀ ਖ਼ਮੀਰ ਦੀਆਂ ਵੱਖੋ-ਵੱਖਰੀਆਂ ਕਿਸਮਾਂ ਦੀ ਜਾਂਚ ਕਰਨ ਵਿਚ ਲਗਾਈ। ਹੋਰਨਾਂ ਗੱਲਾਂ ਦੇ ਨਾਲ-ਨਾਲ ਉਹ ਬੀਅਰ ਬਣਾਉਣ ਵਾਸਤੇ ਇਕ ਖ਼ਾਸ ਕਿਸਮ ਦਾ ਖ਼ਮੀਰ ਬਣਾਉਣਾ ਚਾਹੁੰਦਾ ਸੀ। ਇਸ ਤਰ੍ਹਾਂ ਕਰ ਕੇ ਉਸ ਨੇ ਬੀਅਰ ਬਣਾਉਣ ਦੇ ਤਰੀਕੇ ਨੂੰ ਬਿਲਕੁਲ ਬਦਲ ਦਿੱਤਾ।

ਤੁਸੀਂ ਸ਼ਾਇਦ ਪੁੱਛੋ ਕਿ ਬੀਅਰ ਬਣਾਉਣ ਦਾ ਕੰਮ ਸੱਚ-ਮੁੱਚ ਇੰਨਾ ਔਖਾ ਹੈ? ਯਕੀਨ ਕਰੋ, ਇਹ ਕੰਮ ਸੱਚ-ਮੱਚ ਬਹੁਤ ਹੀ ਔਖਾ ਹੈ। ਆਓ ਆਪਾਂ ਦੇਖੀਏ ਕਿ ਬੀਅਰ ਕਿੱਦਾਂ ਬਣਦੀ ਹੈ।

ਬੀਅਰ ਕਿਸ ਤਰ੍ਹਾਂ ਬਣਦੀ ਹੈ?

ਬੀਅਰ ਬਣਾਉਣ ਦੇ ਤਰੀਕੇ ਸਦੀਆਂ ਦੌਰਾਨ ਬਦਲਦੇ ਆਏ ਹਨ। ਅੱਜ ਵੀ ਹਰ ਜਗ੍ਹਾ ਬੀਅਰ ਵੱਖੋ-ਵੱਖਰੇ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਪਰ ਆਮ ਤੌਰ ਤੇ ਹਰ ਤਰ੍ਹਾਂ ਦੀ ਬੀਅਰ ਵਿਚ ਚਾਰ ਮੁੱਖ ਚੀਜ਼ਾਂ ਹੁੰਦੀਆਂ ਹਨ: ਜੌਂ, ਹਾਪ ਦੇ ਫੁੱਲ, ਪਾਣੀ ਅਤੇ ਖ਼ਮੀਰ। ਬੀਅਰ ਬਣਾਉਣ ਦੇ ਕੰਮ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ: (1) ਜੌਂ ਨੂੰ ਪੁੰਗਰਨ ਲਈ ਪਾਣੀ ਵਿਚ ਭਿਓਂਣਾ, ਸੁਕਾਉਣਾ ਅਤੇ ਪੀਸਣਾ, (2) ਪੀਸੇ ਦਾਣਿਆਂ ਵਿਚ ਪਾਣੀ ਮਿਲਾ ਕੇ ਘੋਲ ਤਿਆਰ ਕਰਨਾ, (3) ਉਸ ਵਿਚ ਖ਼ਮੀਰ ਮਿਲਾਉਣਾ ਅਤੇ (4) ਉਸ ਨੂੰ ਪੱਕਣ ਦੇਣਾ।

ਪੁੰਗਰੇ ਜੌਂ ਨੂੰ ਭਿਓਂਣਾ ਤੇ ਸੁਕਾਉਣਾ। ਪਹਿਲਾਂ ਜੌਂ ਨੂੰ ਚੁਗ ਕੇ ਸਾਫ਼ ਕੀਤਾ ਤੇ ਤੋਲਿਆ ਜਾਂਦਾ ਹੈ, ਫਿਰ ਉਸ ਨੂੰ ਪਾਣੀ ਵਿਚ ਭਿਓਂਇਆ ਜਾਂਦਾ ਹੈ ਜਿਸ ਨਾਲ ਜੌਂ ਦੇ ਦਾਣੇ ਪੁੰਗਰ ਜਾਂਦੇ ਹਨ। ਲਗਭਗ 14 ਡਿਗਰੀ ਸੈਲਸੀਅਸ ਤਾਪਮਾਨ ਵਿਚ ਦਾਣਿਆਂ ਨੂੰ ਪੁੰਗਰਦੇ-ਪੁੰਗਰਦੇ ਕੁਝ ਪੰਜ ਤੋਂ ਸੱਤ ਦਿਨ ਲੱਗ ਜਾਂਦੇ ਹਨ। ਪੁੰਗਰੇ ਦਾਣਿਆਂ ਦਾ ਰੰਗ ਹਰਾ ਹੁੰਦਾ ਹੈ। ਫਿਰ ਇਨ੍ਹਾਂ ਦਾਣਿਆਂ ਨੂੰ ਸੁਕਾਉਣ ਵਾਸਤੇ ਇਕ ਖ਼ਾਸ ਕਿਸਮ ਦੀ ਭੱਠੀ ਵਿਚ ਰੱਖਿਆ ਜਾਂਦਾ ਹੈ। ਇਸ ਨਾਲ ਦਾਣਿਆਂ ਵਿਚ ਤਕਰੀਬਨ ਸਾਰਾ ਪਾਣੀ ਸੁੱਕ ਜਾਂਦਾ ਹੈ ਜਿਸ ਕਾਰਨ ਦਾਣੇ ਹੋਰ ਨਹੀਂ ਪੁੰਗਰਦੇ। ਇਸ ਤੋਂ ਬਾਅਦ ਦਾਣੇ ਦਾ ਪੁੰਗਰਿਆ ਹਿੱਸਾ ਅਲੱਗ ਕੀਤਾ ਜਾਂਦਾ ਹੈ ਅਤੇ ਦਾਣਿਆਂ ਨੂੰ ਚੱਕੀ ਵਿਚ ਪੀਸਿਆ ਜਾਂਦਾ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ?

ਪੀਸੇ ਦਾਣਿਆਂ ਵਿਚ ਪਾਣੀ ਮਿਲਾ ਕੇ ਘੋਲ ਤਿਆਰ ਕਰਨਾ। ਪੀਸੇ ਦਾਣਿਆਂ ਦਾ ਮੈਸ਼ ਬਣਾਉਣ ਲਈ ਉਨ੍ਹਾਂ ਵਿਚ ਪਾਣੀ ਮਿਲਾ ਕੇ ਘੱਟ ਸੇਕ ਤੇ ਗਰਮ ਕੀਤਾ ਜਾਂਦਾ ਹੈ। ਖ਼ਾਸ ਤਾਪਮਾਨਾਂ ਤੇ ਪਹੁੰਚ ਕੇ ਇਸ ਮਿਸ਼੍ਰਣ ਵਿਚਲੀ ਸਟਾਰਚ ਸ਼ੱਕਰ ਵਿਚ ਤਬਦੀਲ ਹੋ ਜਾਂਦਾ ਹੈ। ਇਸ ਨੂੰ ਕੁਝ ਚਾਰ ਘੰਟੇ ਲੱਗ ਜਾਂਦੇ ਹਨ। ਇਸ ਤੋਂ ਬਾਅਦ ਇਸ ਨੂੰ ਛਾਣ ਕੇ ਲਗਭਗ ਦੋ ਘੰਟਿਆਂ ਲਈ ਉਬਾਲਿਆ ਜਾਂਦਾ ਹੈ। ਉਬਾਲਣ ਸਮੇਂ ਇਸ ਵਿਚ ਹਾਪ ਦੇ ਫੁੱਲ ਮਿਲਾਏ ਜਾਂਦੇ ਹਨ ਜਿਸ ਨਾਲ ਬੀਅਰ ਦਾ ਸੁਆਦ ਕੌੜਾ ਹੋ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਠੰਢਾ ਕੀਤਾ ਜਾਂਦਾ ਹੈ।

ਖ਼ਮੀਰ ਉਠਾਉਣਾ। ਬੀਅਰ ਬਣਾਉਣ ਵਿਚ ਇਹ ਸਭ ਤੋਂ ਮਹੱਤਵਪੂਰਣ ਪੜਾਅ ਹੈ। ਜੋ ਸ਼ੱਕਰ ਮਿਸ਼੍ਰਣ ਵਿਚ ਹੁੰਦੀ ਹੈ, ਉਹ ਖ਼ਮੀਰ ਕਾਰਨ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਤਬਦੀਲ ਹੋ ਜਾਂਦੀ ਹੈ। ਖ਼ਮੀਰ ਉਠਾਉਣ ਨੂੰ ਲਗਭਗ ਇਕ ਹਫ਼ਤਾ ਲੱਗਦਾ ਹੈ। ਇਸ ਨੂੰ ਕਿਸ ਤਾਪਮਾਨ ਤੇ ਕੀਤਾ ਜਾਣਾ ਚਾਹੀਦਾ ਹੈ, ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਏਲ ਬੀਅਰ ਬਣਾਉਣੀ ਹੈ ਜਾਂ ਲਾਗਰ ਬੀਅਰ। ਇਸ ਤੋਂ ਬਾਅਦ ਇਸ ਬੀਅਰ ਨੂੰ ਟੈਂਕੀਆਂ ਵਿਚ ਪਾ ਕੇ ਸ਼ਰਾਬ ਦੇ ਤਹਿਖ਼ਾਨੇ ਵਿਚ ਪੱਕਣ ਲਈ ਛੱਡ ਦਿੱਤਾ ਜਾਂਦਾ ਹੈ।

ਬੀਅਰ ਨੂੰ ਪੱਕਣ ਦੇਣਾ। ਬੀਅਰ ਨੂੰ ਸੁਆਦਲੀ ਅਤੇ ਖ਼ੁਸ਼ਬੂਦਾਰ ਬਣਾਉਣ ਲਈ ਲਗਭਗ ਤਿੰਨ ਹਫ਼ਤੇ ਤੋਂ ਕੁਝ ਮਹੀਨੇ ਲੱਗ ਜਾਂਦੇ ਹਨ। ਉਸ ਵਿਚ ਕਾਰਬਨ ਡਾਈਆਕਸਾਈਡ ਪੈਦਾ ਹੋਣ ਨਾਲ ਘੋਲ ਉਬਾਲੇ ਖਾਣ ਲੱਗ ਪੈਂਦਾ ਹੈ। ਅਖ਼ੀਰ ਵਿਚ ਬੀਅਰ ਤਿਆਰ ਹੋ ਜਾਂਦੀ ਹੈ ਅਤੇ ਉਸ ਨੂੰ ਬੈਰਲ ਜਾਂ ਬੋਤਲਾਂ ਵਿਚ ਬੰਦ ਕਰ ਕੇ ਉਸ ਦੀ ਮੰਜ਼ਲ ਤਕ ਪਹੁੰਚਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਇਹ ਮੰਜ਼ਲ ਤੁਹਾਡਾ ਗਲਾਸ ਹੋਵੇ! ਖ਼ੈਰ ਤੁਸੀਂ ਕਿਸ ਕਿਸਮ ਦੀ ਬੀਅਰ ਪੀਣੀ ਪਸੰਦ ਕਰਦੇ ਹੋ?

ਭਾਂਤ-ਭਾਂਤ ਦੀਆਂ ਬੀਅਰਾਂ

ਬੀਅਰਾਂ ਦਾ ਸੁਆਦ ਵੱਖੋ-ਵੱਖਰਾ ਹੁੰਦਾ ਹੈ। ਬੀਅਰ ਦਾ ਰੰਗ ਫਿੱਕਾ ਜਾਂ ਗੂੜ੍ਹਾ ਹੋ ਸਕਦਾ ਹੈ। ਬੀਅਰ ਮਿੱਠੀ ਜਾਂ ਕੌੜੀ ਹੋ ਸਕਦੀ ਹੈ। ਇਸ ਨੂੰ ਜੌਂ ਜਾਂ ਕਣਕ ਤੋਂ ਬਣਾਇਆ ਜਾ ਸਕਦਾ ਹੈ। ਬੀਅਰ ਦਾ ਸੁਆਦ ਕਈਆਂ ਗੱਲਾਂ ਤੇ ਨਿਰਭਰ ਕਰਦਾ ਹੈ। ਮਿਸਾਲ ਲਈ, ਇਸ ਵਿਚ ਕਿਸ ਤਰ੍ਹਾਂ ਦਾ ਪਾਣੀ ਮਿਲਾਇਆ ਗਿਆ ਸੀ, ਇਸ ਨੂੰ ਕਿਸ ਤਰੀਕੇ ਨਾਲ ਬਣਾਇਆ ਗਿਆ ਸੀ ਅਤੇ ਇਸ ਵਿਚ ਕਿਹੜੀ ਕਿਸਮ ਦਾ ਖ਼ਮੀਰ ਵਰਤਿਆ ਗਿਆ ਸੀ।

ਪੀਲਜ਼ਨਰ (ਜਾਂ ਪੀਲਜ਼) ਨਾਂ ਦੀ ਬੀਅਰ ਸਭ ਤੋਂ ਮਸ਼ਹੂਰ ਹੈ। ਇਹ ਪੀਲੇ ਰੰਗ ਦੀ ਲਾਗਰ ਬੀਅਰ ਹੈ। ਇਸ ਕਿਸਮ ਦੀ ਬੀਅਰ ਦੁਨੀਆਂ ਭਰ ਵਿਚ ਬਣਾਈ ਜਾਂਦੀ ਹੈ। ਪਰ ਅਸਲੀ ਪੀਲਜ਼ਨਰ ਤਾਂ ਪਲਜ਼ਨ ਨਾਂ ਦੇ ਨਗਰ ਵਿਚ ਹੀ ਬਣਦੀ ਹੈ, ਜੋ ਚੈੱਕ ਗਣਰਾਜ ਵਿਚ ਹੈ। ਇਹ ਬੀਅਰ ਬਣਾਉਣ ਦਾ ਰਾਜ਼ ਸਿਰਫ਼ ਉਸ ਦੇ ਬਣਾਉਣ ਦਾ ਤਰੀਕਾ ਹੀ ਨਹੀਂ, ਪਰ ਇਹ ਵੀ ਹੈ ਕਿ ਉਸ ਵਿਚ ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ। ਇਸ ਵਿਚ ਹਲਕਾ ਪਾਣੀ, ਵਧੀਆ ਜੌਂ ਅਤੇ ਖ਼ਾਸ ਕਿਸਮ ਦਾ ਖ਼ਮੀਰ ਵਰਤਿਆ ਜਾਂਦਾ ਹੈ।—ਨਾਲ ਦੀ ਡੱਬੀ ਦੇਖੋ।

ਵਾਇਸ ਨਾਂ ਦੀ ਬੀਅਰ ਇਕ ਹੋਰ ਵਧੀਆ ਕਿਸਮ ਦੀ ਬੀਅਰ ਹੈ। ਸਫ਼ੈਦ ਰੰਗ ਦੀ ਇਹ ਬੀਅਰ ਕਣਕ ਤੋਂ ਬਣਦੀ ਹੈ ਅਤੇ ਖ਼ਾਸ ਕਰਕੇ ਜਰਮਨੀ ਵਿਚ ਮਸ਼ਹੂਰ ਹੈ। ਬਰਤਾਨੀਆ ਵਿਚ ਲੋਕਾਂ ਨੂੰ ਪੋਰਟਰ ਅਤੇ ਸਟਾਊਟ ਨਾਂ ਦੀ ਬੀਅਰ ਪਸੰਦ ਹੈ। ਪੋਰਟਰ ਬੀਅਰ ਦਾ ਸੁਆਦ ਕਾਫ਼ੀ ਕੌੜਾ ਹੁੰਦਾ ਹੈ। ਇਹ ਬੀਅਰ ਭੁੰਨੇ ਜੌਂ ਤੋਂ ਬਣਾਈ ਜਾਂਦੀ ਹੈ, ਜਿਸ ਕਾਰਨ ਇਸ ਦਾ ਰੰਗ ਗੂੜ੍ਹਾ ਹੁੰਦਾ ਹੈ। ਪੋਰਟਰ ਬੀਅਰ ਲੰਡਨ ਵਿਚ ਪਹਿਲੀ ਵਾਰ 18ਵੀਂ ਸਦੀ ਵਿਚ ਬਣਾਈ ਗਈ ਸੀ। ਪਹਿਲਾਂ-ਪਹਿਲ ਇਹ ਬੀਅਰ ਸਖ਼ਤ ਮਿਹਨਤ ਕਰਨ ਵਾਲੇ ਬੰਦਿਆਂ ਨੂੰ “ਤਾਕਤ ਦੇਣ ਵਾਸਤੇ” ਬਣਾਈ ਗਈ ਸੀ, ਜਿਵੇਂ ਕਿ ਪੋਰਟਰਾਂ ਯਾਨੀ ਕੁਲੀਆਂ ਲਈ। ਸਟਾਊਟ ਬੀਅਰ ਬਹੁਤ ਹੀ ਗੂੜ੍ਹੇ ਰੰਗ ਦੀ ਬੀਅਰ ਹੈ। ਇਹ ਬੀਅਰ ਆਇਰਲੈਂਡ ਵਿਚ ਮਸ਼ਹੂਰ ਹੋਈ ਸੀ ਅਤੇ ਦੁਨੀਆਂ ਭਰ ਵਿਚ ਗਿਨਿਸ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹ ਬੀਅਰ ਅਸਲੀ ਪੋਰਟਰ ਬੀਅਰ ਤੋਂ ਥੋੜ੍ਹੀ ਜਿਹੀ ਵੱਖਰੀ ਹੈ। ਤੁਸੀਂ ਕਿਹੜੀ ਬੀਅਰ ਪੀ ਕੇ ਦੇਖਣੀ ਚਾਹੁੰਦੇ ਹੋ? ਇੰਗਲੈਂਡ ਦੀ ਮਿੱਠੀ ਸਟਾਊਟ ਜਿਸ ਵਿਚ ਆਮ ਤੌਰ ਤੇ ਲੈਕਟੋਜ਼ (ਦੁੱਧ ਵਿਚਲੀ ਸ਼ੱਕਰ) ਹੁੰਦੀ ਹੈ ਜਾਂ ਆਇਰਲੈਂਡ ਦੀ ਕੌੜੀ ਸਟਾਊਟ ਜਿਸ ਵਿਚ ਜ਼ਿਆਦਾ ਅਲਕੋਹਲ ਹੁੰਦੀ ਹੈ?

ਅਣਗਿਣਤ ਲੋਕ ਬੀਅਰ ਪਸੰਦ ਕਰਦੇ ਹਨ। ਕਈ ਲੋਕ ਬੀਅਰ ਦੀ ਬੋਤਲ ਜਾਂ ਬੀਅਰ ਦਾ ਡੱਬਾ ਪੀਣਾ ਪਸੰਦ ਕਰਦੇ ਹਨ ਅਤੇ ਕਈ ਬੈਰਲ ਵਿੱਚੋਂ ਕੱਢੀ ਬੀਅਰ ਪੀਣੀ ਪਸੰਦ ਕਰਦੇ ਹਨ। ਅਮਰੀਕੀ ਲੋਕਾਂ ਨੂੰ ਠੰਢੀ-ਠੰਢੀ ਬੀਅਰ ਪੀ ਕੇ ਮਜ਼ਾ ਆਉਂਦਾ ਹੈ ਜਦ ਕਿ ਕੁਝ ਲੋਕ ਥੋੜ੍ਹੀ ਗਰਮ ਜਾਂ ਫਿਰ ਪੱਬ ਦੇ ਤਹਿਖ਼ਾਨਿਆਂ ਵਿਚ ਪਏ ਬੈਰਲਾਂ ਵਿੱਚੋਂ ਕੱਢੀ ਬੀਅਰ ਪਸੰਦ ਕਰਦੇ ਹਨ।

ਸੱਚ-ਮੁੱਚ ਬੀਅਰ ਦੀਆਂ ਅਨੇਕ ਕਿਸਮਾਂ ਹਨ। ਹਿਸਾਬ ਨਾਲ ਬੀਅਰ ਪੀਣ ਨਾਲ ਤੁਹਾਡੀ ਸਿਹਤ ਨੂੰ ਵੀ ਫ਼ਾਇਦਾ ਹੋ ਸਕਦਾ ਹੈ। ਦਰਅਸਲ ਇਸ ਵਿਚ ਅਨੇਕ ਜ਼ਰੂਰੀ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ, ਜਿਵੇਂ ਕਿ ਰਿਬੋਫਲੈਵਿਨ, ਫੋਲਿਕ ਐਸਿਡ, ਕ੍ਰੋਮੀਅਮ ਅਤੇ ਜ਼ਿੰਕ। ਕੁਝ ਵਿਦਵਾਨਾਂ ਅਨੁਸਾਰ ਹਿਸਾਬ ਨਾਲ ਬੀਅਰ ਪੀਣ ਨਾਲ ਦਿਲ ਅਤੇ ਚਮੜੀ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ। ਜੇ ਤੁਸੀਂ ਆਪਣੀ ਮਨਪਸੰਦ ਬੀਅਰ ਹਿਸਾਬ ਨਾਲ ਪੀਓ, ਤਾਂ ਤੁਸੀਂ ਇਸ ਸੁਆਦੀ ਅਤੇ ਤਾਜ਼ਗੀਦਾਇਕ ਡ੍ਰਿੰਕ ਦਾ ਪੂਰਾ-ਪੂਰਾ ਆਨੰਦ ਮਾਣ ਸਕਦੇ ਹੋ। ਇਹ ਹੈ ਸੁਨਹਿਰੀ ਜਾਮ ਬੀਅਰ ਦੀ ਕਹਾਣੀ! (g04 7/08)

[ਸਫ਼ੇ 25 ਉੱਤੇ ਡੱਬੀ/​ਤਸਵੀਰ]

ਇਨ੍ਹਾਂ ਨੂੰ ਮਿਲੋ

ਬੀਤੇ ਸਮਿਆਂ ਵਿਚ ਬੀਅਰ ਬਣਾਉਣ ਵਿਚ ਕਈ ਮਾਹਰ ਹਿੱਸਾ ਲੈਂਦੇ ਸਨ। ਇਨ੍ਹਾਂ ਵਿੱਚੋਂ ਕੁਝ ਹਨ:

ਜੌਂ ਤਿਆਰ ਕਰਨ ਵਾਲਾ—ਬੀਅਰ ਬਣਾਉਣ ਵਿਚ ਇਹ ਹੈ ਪਹਿਲਾ ਹੀਰੋ। ਇਸ ਬੰਦੇ ਨੂੰ ਪੁੰਗਰੇ ਜੌਂ ਜਾਂ ਕਣਕ ਨੂੰ ਸੁਕਾ ਕੇ ਤੇ ਪੀਸ ਕੇ ਮਿਸ਼੍ਰਣ ਤਿਆਰ ਕਰਨ ਦਾ ਕੰਮ ਸੌਂਪਿਆ ਜਾਂਦਾ ਸੀ। ਉਹ ਦਾਣਿਆਂ ਦੇ ਪੁੰਗਰਦੇ ਸਮੇਂ ਅਤੇ ਭੱਠੀ ਵਿਚ ਸੁਕਾਉਣ ਵਾਲੇ ਸਾਰੇ ਕੰਮ ਉੱਤੇ ਨਿਗਰਾਨੀ ਰੱਖਦਾ ਸੀ। ਇਹ ਬਹੁਤ ਹੀ ਭਾਰੀ ਜ਼ਿੰਮੇਵਾਰੀ ਸੀ ਕਿਉਂਕਿ ਬੀਅਰ ਦਾ ਸੁਆਦ ਇਸ ਮਿਸ਼੍ਰਣ ਦੀ ਕੁਆਲਿਟੀ ਉੱਤੇ ਨਿਰਭਰ ਕਰਦਾ ਸੀ।

ਘੋਲ ਨੂੰ ਉਬਾਲਣ ਵਾਲਾ (ਉੱਪਰ ਦਿਖਾਇਆ ਗਿਆ)—ਇਹ ਬੰਦਾ ਮਿਸ਼੍ਰਣ ਵਿਚ ਪਾਣੀ ਮਿਲਾ ਕੇ ਉਸ ਨੂੰ ਉਬਾਲਦਾ ਸੀ। ਉਬਾਲਣ ਵੇਲੇ ਉਹ ਉਸ ਵਿਚ ਹਾਪ ਦੇ ਫੁੱਲ ਰਲਾਉਂਦਾ ਸੀ।

ਤਹਿਖ਼ਾਨੇ ਦਾ ਪ੍ਰਧਾਨ—ਇਹ ਵਿਅਕਤੀ ਬਹੁਤ ਹੀ ਤਜਰਬੇਕਾਰ ਹੁੰਦਾ ਸੀ। ਉਹ ਤਹਿਖ਼ਾਨੇ ਦੇ ਵੱਡੇ-ਵੱਡੇ ਟੱਬਾਂ ਵਿਚ ਰੱਖੀ ਬੀਅਰ ਉੱਤੇ ਧਿਆਨ ਰੱਖਦਾ ਸੀ, ਤਾਂਕਿ ਖ਼ਮੀਰ ਉਠਾਉਣ ਅਤੇ ਬੀਅਰ ਪੱਕਣ ਦਾ ਕੰਮ ਚੰਗੀ ਤਰ੍ਹਾਂ ਹੋਵੇ। ਇਸ ਤੋਂ ਬਾਅਦ ਉਹ ਤਿਆਰ ਕੀਤੀ ਗਈ ਬੀਅਰ ਨੂੰ ਛੋਟਿਆਂ ਬੈਰਲਾਂ ਵਿਚ ਪਾਉਂਦਾ ਹੈ।

[ਕ੍ਰੈਡਿਟ ਲਾਈਨ]

S laskavým svolením Pivovarského muzea v Plzni

[ਸਫ਼ੇ 26 ਉੱਤੇ ਡੱਬੀ/​ਤਸਵੀਰ]

ਪੀਲਜ਼ਨਰ​—ਸਭ ਤੋਂ ਮਸ਼ਹੂਰ ਬੀਅਰ

ਇਸ ਦੀ ਸ਼ੁਰੂਆਤ 1295 ਵਿਚ ਹੋਈ ਸੀ। ਬੋਹੀਮੀਆ ਦੇ ਰਾਜਾ ਵੇਨਸੇਸਲਸ ਦੂਜੇ ਨੇ ਪਲਜ਼ਨ ਨਾਮ ਦਾ ਸ਼ਹਿਰ ਸਥਾਪਿਤ ਕੀਤਾ। ਇਸ ਤੋਂ ਕੁਝ ਹੀ ਦੇਰ ਬਾਅਦ ਉਸ ਨੇ ਪਲਜ਼ਨ ਦੇ 260 ਵਾਸੀਆਂ ਨੂੰ ਬੀਅਰ ਬਣਾਉਣ ਦੀ ਇਜਾਜ਼ਤ ਦਿੱਤੀ। ਪਹਿਲਾਂ-ਪਹਿਲਾਂ ਇਹ ਵਾਸੀ ਆਪਣੇ ਘਰਾਂ ਵਿਚ ਥੋੜ੍ਹੀ ਮਾਤਰਾ ਵਿਚ ਬੀਅਰ ਬਣਾਉਂਦੇ ਸਨ, ਪਰ ਫਿਰ ਇਨ੍ਹਾਂ ਨੇ ਇਕੱਠੇ ਮਿਲ ਕੇ ਬੀਅਰ ਬਣਾਉਣ ਦੇ ਕਾਰਖ਼ਾਨੇ ਸਥਾਪਿਤ ਕਰ ਲਏ। ਪਰ ਸਮੇਂ ਦੇ ਬੀਤਣ ਨਾਲ ਬੋਹੀਮੀਆ ਦੀ ਸਭਿਅਤਾ ਦਾ ਪਤਨ ਹੋ ਗਿਆ ਅਤੇ ਉਸ ਦੀ ਆਮਦਨ ਘੱਟ ਗਈ, ਜਿਸ ਦਾ ਬੀਅਰ ਬਣਾਉਣ ਦੇ ਕਾਰੋਬਾਰ ਉੱਤੇ ਬੁਰਾ ਅਸਰ ਪਿਆ। ਇਸ ਤੋਂ ਬਾਅਦ ਲੋਕ ਆਪਣੇ ਤਰੀਕੇ ਵਰਤ ਕੇ ਘਟੀਆ ਅਤੇ ਬੇਸੁਆਦੀ ਬੀਅਰ ਬਣਾਉਣ ਲੱਗ ਪਏ। ਇਸ ਨੂੰ ਬੀਅਰ ਦਾ ਨਾਂ ਦੇਣਾ ਵੀ ਪਾਪ ਸੀ।

ਇਸ ਸਮੇਂ ਦੌਰਾਨ ਯੂਰਪ ਵਿਚ ਬੀਅਰ ਦੀਆਂ ਦੋ ਕਿਸਮਾਂ ਬਣਾਈਆਂ ਜਾਂਦੀਆਂ ਸਨ। ਇਕ ਕਿਸਮ ਦੀ ਬੀਅਰ ਖ਼ਾਸ ਕਰਕੇ ਬੋਹੀਮੀਆ ਵਿਚ ਬਣਾਈ ਜਾਂਦੀ ਸੀ ਅਤੇ ਦੂਜੀ, ਜੋ ਕਿ ਬਿਹਤਰ ਕੁਆਲਿਟੀ ਦੀ ਸੀ, ਮੁੱਖ ਤੌਰ ਤੇ ਬਾਵੇਰੀਆ ਵਿਚ ਮਸ਼ਹੂਰ ਸੀ। ਬਾਵੇਰੀਆ ਦੀ ਬੀਅਰ ਅਤੇ ਪਲਜ਼ਨ ਦੀ ਬੀਅਰ ਵਿਚਕਾਰ ਜ਼ਮੀਨ-ਆਸਮਾਨ ਦਾ ਫ਼ਰਕ ਸੀ।

ਪਰ ਸਾਲ 1839 ਨੇ ਬੀਅਰ ਦੇ ਇਤਿਹਾਸ ਵਿਚ ਇਕ ਮਹੱਤਵਪੂਰਣ ਮੋੜ ਲਿਆਂਦਾ। ਪਲਜ਼ਨ ਦੇ ਤਕਰੀਬਨ 200 ਵਾਸੀਆਂ ਨੇ ਬੀਅਰ ਵਿਚ ਸੁਧਾਰ ਕਰਨ ਲਈ ਕੁਝ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਬੀਅਰ ਦਾ ਇਕ ਕਾਰਖ਼ਾਨਾ ਖੋਲ੍ਹਿਆ ਜਿੱਥੇ ਸਿਰਫ਼ ਬਾਵੇਰੀਆ ਦੀ ਵਧੀਆ ਬੀਅਰ ਵਰਗੀ ਹੀ ਬੀਅਰ ਬਣਾਈ ਜਾਣੀ ਸੀ। ਇਸ ਕਾਰਖ਼ਾਨੇ ਵਿਚ ਕੰਮ ਕਰਨ ਲਈ ਬਾਵੇਰੀਆ ਤੋਂ ਇਕ ਮਸ਼ਹੂਰ ਬੀਅਰ ਬਣਾਉਣ ਵਾਲੇ ਨੂੰ ਲਿਆਂਦਾ ਗਿਆ, ਜਿਸ ਦਾ ਨਾਂ ਯੋਸਫ਼ ਗ੍ਰੋਲ ਸੀ। ਉਸ ਨੇ ਫ਼ੌਰਨ ਹੀ ਬਾਵੇਰੀਆ ਦੀ ਬੀਅਰ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦਾ ਨਤੀਜਾ ਬਹੁਤ ਹੀ ਵਧੀਆ ਨਿਕਲਿਆ। ਕਿਉਂ? ਕਿਉਂਕਿ ਉਸ ਦੇ ਬੀਅਰ ਬਣਾਉਣ ਦੇ ਤਜਰਬੇ ਦੇ ਨਾਲ-ਨਾਲ ਉਸ ਇਲਾਕੇ ਵਿਚ ਬੀਅਰ ਬਣਾਉਣ ਦੇ ਵਧੀਆ ਤੋਂ ਵਧੀਆ ਪਦਾਰਥ ਮਿਲਦੇ ਸਨ। ਸੋ ਗ੍ਰੋਲ ਨੇ ਇਸ ਤਰ੍ਹਾਂ ਦੀ ਬੀਅਰ ਬਣਾਈ ਜੋ ਝੱਟ ਦੁਨੀਆਂ ਭਰ ਵਿਚ ਮਸ਼ਹੂਰ ਹੋ ਗਈ। ਇਸ ਬੀਅਰ ਦਾ ਸੁਆਦ, ਰੰਗ ਅਤੇ ਖ਼ੁਸ਼ਬੂ ਅਨੋਖੀ ਸੀ। ਪਰ ਇਸ ਮਸ਼ਹੂਰੀ ਦਾ ਘਾਟਾ ਵੀ ਸੀ। ਬਹੁਤ ਸਾਰੇ ਬੀਅਰ ਬਣਾਉਣ ਵਾਲਿਆਂ ਨੇ ਨਵੀਂ ਬੀਅਰ ਤੋਂ ਕੁਝ ਪੈਸਾ ਕਮਾਉਣ ਲਈ ਆਪਣੀ ਬੀਅਰ ਦਾ ਨਾਂ ਵੀ ਪੀਲਜ਼ਨਰ ਰੱਖ ਲਿਆ। ਨਤੀਜੇ ਵਜੋਂ ਪੀਲਜ਼ਨਰ ਬੀਅਰ ਸਿਰਫ਼ ਮਸ਼ਹੂਰ ਹੀ ਨਹੀਂ ਹੋਈ, ਸਗੋਂ ਇਸ ਸੁਨਹਿਰੀ ਜਾਮ ਦੀ ਸਭ ਤੋਂ ਵੱਧ ਨਕਲ ਵੀ ਕੀਤੀ ਗਈ ਹੈ!

[ਤਸਵੀਰ]

ਯੋਸਫ਼ ਗ੍ਰੋਲ

ਪਲਜ਼ਨ ਦੇ ਇਕ ਕਾਰਖ਼ਾਨੇ ਦੀ ਪਾਣੀ ਦੀ ਟੈਂਕੀ

[ਕ੍ਰੈਡਿਟ ਲਾਈਨ]

S laskavým svolením Pivovarského muzea v Plzni

[ਸਫ਼ੇ 24 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਪਲਜ਼ਨ

[ਸਫ਼ੇ 24, 25 ਉੱਤੇ ਤਸਵੀਰ]

ਮਿਸਰ ਵਿਚ ਮਿਲਿਆ ਮਾਡਲ ਜਿਸ ਵਿਚ ਲੋਕ ਬ੍ਰੈੱਡ ਅਤੇ ਬੀਅਰ ਬਣਾ ਰਹੇ ਹਨ

[ਕ੍ਰੈਡਿਟ ਲਾਈਨ]

Su concessione del Ministero per i Beni e le Attività Culturali-Museo Egizio-Torino

[ਸਫ਼ੇ 27 ਉੱਤੇ ਤਸਵੀਰਾਂ]

ਹਾਪ, ਜੌਂ ਅਤੇ ਇਕ ਕਾਰਖ਼ਾਨਾ