Skip to content

Skip to table of contents

ਭੇਦ-ਭਾਵ ਦੀਆਂ ਜੜ੍ਹਾਂ

ਭੇਦ-ਭਾਵ ਦੀਆਂ ਜੜ੍ਹਾਂ

ਭੇਦ-ਭਾਵ ਦੀਆਂ ਜੜ੍ਹਾਂ

ਭੇਦ-ਭਾਵ ਦੇ ਕਈ ਕਾਰਨ ਹੋ ਸਕਦੇ ਹਨ। ਪਰ ਇਸ ਦੇ ਦੋ ਖ਼ਾਸ ਕਾਰਨ ਉੱਭਰ ਕੇ ਸਾਮ੍ਹਣੇ ਆਏ ਹਨ। ਇਹ ਹਨ: (1) ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਅਤੇ (2) ਬੀਤੇ ਸਮਿਆਂ ਵਿਚ ਢਾਹੇ ਗਏ ਅਤਿਆਚਾਰਾਂ ਕਰਕੇ ਪੈਦਾ ਹੋਈ ਨਫ਼ਰਤ।

ਅਸੀਂ ਪਹਿਲੇ ਲੇਖ ਵਿਚ ਗੱਲ ਕਰ ਚੁੱਕੇ ਹਾਂ ਕਿ ਜਦੋਂ ਕੋਈ ਆਫ਼ਤ ਆਉਂਦੀ ਹੈ, ਤਾਂ ਲੋਕ ਇਸ ਦਾ ਦੋਸ਼ ਕਿਸੇ ਦੇ ਮੱਥੇ ਮੜ੍ਹਨ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਵੱਡੇ ਲੋਕ ਕਿਸੇ ਘੱਟ ਗਿਣਤੀ ਵਾਲੇ ਸਮੂਹ ਉੱਤੇ ਵਾਰ-ਵਾਰ ਤੁਹਮਤ ਲਾਉਂਦੇ ਹਨ, ਤਾਂ ਆਮ ਜਨਤਾ ਇਸ ਨੂੰ ਸੱਚ ਮੰਨਣ ਲੱਗਦੀ ਹੈ। ਇਸ ਦੇ ਫਲਸਰੂਪ ਭੇਦ-ਭਾਵ ਤੇ ਨਫ਼ਰਤ ਦਾ ਜਨਮ ਹੁੰਦਾ ਹੈ। ਇਕ ਆਮ ਮਿਸਾਲ ਉੱਤੇ ਗੌਰ ਕਰੋ। ਯੂਰਪ ਤੇ ਉੱਤਰੀ ਅਮਰੀਕਾ ਦੇ ਆਰਥਿਕ ਸੰਕਟ ਦੌਰਾਨ ਫੈਲੀ ਬੇਰੋਜ਼ਗਾਰੀ ਦਾ ਦੋਸ਼ ਪਰਵਾਸੀ ਮਜ਼ਦੂਰਾਂ ਉੱਤੇ ਲਾਇਆ ਗਿਆ, ਭਾਵੇਂ ਕਿ ਉਹ ਅਕਸਰ ਉਹੋ ਕੰਮ ਕਰਦੇ ਸਨ ਜਿਨ੍ਹਾਂ ਨੂੰ ਕਰਨ ਤੋਂ ਯੂਰਪੀ ਤੇ ਅਮਰੀਕੀ ਲੋਕ ਇਨਕਾਰ ਕਰਦੇ ਸਨ।

ਪਰ ਬਿਪਤਾਵਾਂ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਤੋਂ ਇਲਾਵਾ ਭੇਦ-ਭਾਵ ਦਾ ਇਤਿਹਾਸਕ ਕਾਰਨ ਵੀ ਹੋ ਸਕਦਾ ਹੈ। ਨਸਲੀ ਪੱਖਪਾਤ ਵਿਰੁੱਧ ਯੂਨੈਸਕੋ (ਅੰਗ੍ਰੇਜ਼ੀ) ਨਾਮਕ ਰਿਪੋਰਟ ਦੱਸਦੀ ਹੈ: “ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗ਼ੁਲਾਮਾਂ ਦੇ ਵਪਾਰ ਨੇ ਹੀ ਜਾਤੀਵਾਦ ਅਤੇ ਕਾਲੇ ਲੋਕਾਂ ਪ੍ਰਤੀ ਨਫ਼ਰਤ ਨੂੰ ਜਨਮ ਦਿੱਤਾ।” ਗ਼ੁਲਾਮਾਂ ਦੇ ਵਪਾਰੀਆਂ ਨੇ ਆਪਣੇ ਇਸ ਅਣਮਨੁੱਖੀ ਕੰਮ ਨੂੰ ਸਹੀ ਕਰਾਰ ਦੇਣ ਲਈ ਕਿਹਾ ਕਿ ਅਫ਼ਰੀਕੀ ਲੋਕ ਨੀਵੀਂ ਜਾਤੀ ਦੇ ਸਨ। ਬਾਅਦ ਵਿਚ ਦੂਸਰੀਆਂ ਯੂਰਪੀ ਤੇ ਅਮਰੀਕੀ ਬਸਤੀਆਂ ਦੇ ਲੋਕਾਂ ਬਾਰੇ ਵੀ ਇਹੋ ਗੱਲ ਕਹੀ ਗਈ। ਲੋਕ ਅੱਜ ਵੀ ਇਸ ਝੂਠ ਨੂੰ ਸੱਚ ਮੰਨਦੇ ਹਨ।

ਲਗਭਗ ਹਰ ਦੇਸ਼ ਦਾ ਇਤਿਹਾਸ ਅਤਿਆਚਾਰਾਂ ਤੇ ਬੇਇਨਸਾਫ਼ੀਆਂ ਦੀਆਂ ਦਾਸਤਾਨਾਂ ਨਾਲ ਭਰਿਆ ਪਿਆ ਹੈ। ਬੀਤੇ ਸਮੇਂ ਵਿਚ ਹੋਏ ਇਹ ਜ਼ੁਲਮ ਅੱਜ ਵੀ ਨਸਲੀ ਭੇਦ-ਭਾਵ ਤੇ ਨਫ਼ਰਤ ਦੀ ਅੱਗ ਨੂੰ ਬੁਝਣ ਨਹੀਂ ਦਿੰਦੇ। ਮੌਜੂਦਾ ਸਮੇਂ ਦੇ ਆਇਰਲੈਂਡ ਵਿਚ ਕੈਥੋਲਿਕਾਂ ਤੇ ਪ੍ਰੋਟੈਸਟੈਂਟਾਂ ਵਿਚ ਦੁਸ਼ਮਣੀ 16ਵੀਂ ਸਦੀ ਵਿਚ ਸ਼ੁਰੂ ਹੋਈ ਸੀ ਜਦੋਂ ਇੰਗਲੈਂਡ ਦੇ ਸ਼ਾਸਕਾਂ ਨੇ ਕੈਥੋਲਿਕਾਂ ਉੱਤੇ ਜ਼ੁਲਮ ਢਾਹੇ ਅਤੇ ਉਨ੍ਹਾਂ ਨੂੰ ਦੇਸ਼-ਨਿਕਾਲਾ ਦਿੱਤਾ ਸੀ। ਇਸੇ ਤਰ੍ਹਾਂ, 11ਵੀਂ ਤੋਂ 13ਵੀਂ ਸਦੀ ਦੌਰਾਨ ਈਸਾਈਆਂ ਨੇ ਧਰਮ-ਯੁੱਧ ਦੇ ਨਾਂ ਤੇ ਮੁਸਲਮਾਨਾਂ ਦਾ ਬਹੁਤ ਖ਼ੂਨ ਵਹਾਇਆ ਜਿਸ ਕਰਕੇ ਅੱਜ ਵੀ ਅਰਬੀ ਦੇਸ਼ਾਂ ਦੇ ਮੁਸਲਮਾਨ ਈਸਾਈਆਂ ਨਾਲ ਵੈਰ ਰੱਖਦੇ ਹਨ। ਇਸੇ ਤਰ੍ਹਾਂ ਬਾਲਕਨ ਦੇਸ਼ਾਂ ਵਿਚ ਸਰਬੀਆਈ ਤੇ ਕ੍ਰੋਸ਼ੀਆਈ ਲੋਕਾਂ ਵਿਚਕਾਰ ਦੁਸ਼ਮਣੀ ਦੂਜੇ ਵਿਸ਼ਵ ਯੁੱਧ ਵਿਚ ਸ਼ੁਰੂ ਹੋਈ ਸੀ ਜਦੋਂ ਨਾਗਰਿਕਾਂ ਦਾ ਅੰਨ੍ਹੇਵਾਹ ਕਤਲ ਕੀਤਾ ਗਿਆ ਸੀ। ਇਹ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਕਿਸੇ ਦੋ ਸਮੂਹਾਂ ਵਿਚਕਾਰ ਸਾਲਾਂ ਤੋਂ ਚਲੀ ਆ ਰਹੀ ਦੁਸ਼ਮਣੀ ਕਰਕੇ ਨਸਲੀ ਭੇਦ-ਭਾਵ ਦੀ ਅੱਗ ਹੋਰ ਤੇਜ਼ ਹੋ ਜਾਂਦੀ ਹੈ।

ਅਗਿਆਨਤਾ ਨੂੰ ਸ਼ਹਿ ਦੇਣੀ

ਛੋਟੇ ਬੱਚਿਆਂ ਦੇ ਦਿਲਾਂ ਵਿਚ ਨਫ਼ਰਤ ਦੀ ਭਾਵਨਾ ਨਹੀਂ ਹੁੰਦੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਬੱਚੇ ਅਕਸਰ ਦੂਸਰੀ ਨਸਲ ਦੇ ਬੱਚਿਆਂ ਨਾਲ ਖ਼ੁਸ਼ੀ-ਖ਼ੁਸ਼ੀ ਖੇਡਦੇ ਹਨ। ਪਰ ਫਿਰ 10-11 ਸਾਲ ਦੀ ਉਮਰ ਤੇ ਉਹ ਹੋਰ ਕਬੀਲੇ, ਜਾਤੀ ਜਾਂ ਧਰਮ ਦੇ ਬੱਚਿਆਂ ਤੋਂ ਕਿਨਾਰਾ ਕਰਨ ਲੱਗਦੇ ਹਨ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ, ਉਹ ਜੋ ਗੱਲਾਂ ਸਿੱਖਦੇ ਹਨ, ਉਹ ਸ਼ਾਇਦ ਜ਼ਿੰਦਗੀ ਭਰ ਲਈ ਉਨ੍ਹਾਂ ਦੇ ਮਨਾਂ ਵਿਚ ਘਰ ਕਰ ਜਾਣ।

ਬੱਚੇ ਭੇਦ-ਭਾਵ ਅਤੇ ਨਫ਼ਰਤ ਕਰਨੀ ਕਿੱਦਾਂ ਸਿੱਖਦੇ ਹਨ? ਬੱਚੇ ਦੂਜਿਆਂ ਦੇ ਰਵੱਈਏ ਨੂੰ ਭਲੀ-ਭਾਂਤ ਭਾਂਪ ਲੈਂਦੇ ਹਨ ਭਾਵੇਂ ਉਹ ਮੂੰਹੋਂ ਕੁਝ ਕਹਿਣ ਜਾਂ ਨਾ ਕਹਿਣ। ਬੱਚੇ ਦੇ ਸੋਚ-ਵਿਚਾਰ ਨੂੰ ਢਾਲ਼ਣ ਵਿਚ ਪਹਿਲਾਂ ਉਸ ਦੇ ਮਾਤਾ-ਪਿਤਾ ਤੇ ਫਿਰ ਉਸ ਦੇ ਦੋਸਤ-ਮਿੱਤਰਾਂ ਜਾਂ ਟੀਚਰਾਂ ਦਾ ਵੱਡਾ ਹੱਥ ਹੁੰਦਾ ਹੈ। ਬਾਅਦ ਵਿਚ ਗੁਆਂਢੀ, ਅਖ਼ਬਾਰਾਂ, ਰੇਡੀਓ ਜਾਂ ਟੀ.ਵੀ. ਪ੍ਰੋਗ੍ਰਾਮ ਵੀ ਉਸ ਦੀ ਸੋਚ ਉੱਤੇ ਗਹਿਰਾ ਅਸਰ ਪਾਉਂਦੇ ਹਨ। ਉਹ ਸ਼ਾਇਦ ਦੂਸਰੀ ਨਸਲ ਦੇ ਲੋਕਾਂ ਬਾਰੇ ਬਹੁਤ ਘੱਟ ਜਾਂ ਕੁਝ ਵੀ ਨਾ ਜਾਣਦਾ ਹੋਵੇ, ਪਰ ਵੱਡਾ ਹੋ ਕੇ ਉਸ ਨੂੰ ਪੱਕਾ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਲੋਕ ਨੀਵੀਂ ਨਸਲ ਦੇ ਹਨ ਤੇ ਉਨ੍ਹਾਂ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਉਹ ਸ਼ਾਇਦ ਉਨ੍ਹਾਂ ਨਾਲ ਘਿਰਣਾ ਕਰਨ ਲੱਗ ਪਵੇ।

ਅੱਜ ਸੈਰ-ਸਪਾਟੇ ਤੇ ਕਾਰੋਬਾਰ ਕਰਕੇ ਬਹੁਤ ਸਾਰੇ ਲੋਕ ਦੁਨੀਆਂ ਦੇ ਵੱਖੋ-ਵੱਖਰੇ ਸਭਿਆਚਾਰਾਂ ਤੇ ਨਸਲਾਂ ਦੇ ਲੋਕਾਂ ਨੂੰ ਮਿਲਦੇ ਹਨ। ਪਰ ਪੱਖਪਾਤੀ ਵਿਅਕਤੀ ਆਪਣੇ ਦਿਲ ਵਿੱਚੋਂ ਭੇਦ-ਭਾਵ ਤੇ ਨਫ਼ਰਤ ਨੂੰ ਕੱਢਣ ਲਈ ਤਿਆਰ ਨਹੀਂ ਹੁੰਦਾ। ਉਸ ਦੇ ਖ਼ਿਆਲ ਵਿਚ ਕਿਸੇ ਇਕ ਨਸਲ ਦੇ ਸਭ ਲੋਕ ਇੱਕੋ ਜਿਹੇ ਹੁੰਦੇ ਹਨ ਅਤੇ ਸਾਰੇ ਹੀ ਭੈੜੇ ਹਨ। ਜੇ ਉਸ ਦਾ ਕਿਸੇ ਨਸਲ ਦੇ ਇਕ ਵੀ ਭੈੜੇ ਬੰਦੇ ਨਾਲ ਵਾਹ ਪੈ ਜਾਵੇ, ਤਾਂ ਉਸ ਨਸਲ ਦੇ ਲੋਕਾਂ ਪ੍ਰਤੀ ਉਸ ਦੀ ਨਫ਼ਰਤ ਹੋਰ ਵਧ ਜਾਂਦੀ ਹੈ। ਦੂਜੇ ਪਾਸੇ, ਜੇ ਉਸ ਨਸਲ ਦਾ ਕੋਈ ਆਦਮੀ ਉਸ ਨਾਲ ਭਲਾ ਕਰਦਾ ਹੈ, ਤਾਂ ਉਹ ਇਸ ਨੂੰ ਕੇਵਲ ਇਤਫ਼ਾਕ ਦੀ ਗੱਲ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦਾ ਹੈ।

ਨਫ਼ਰਤ ਦੀਆਂ ਜ਼ੰਜੀਰਾਂ ਨੂੰ ਤੋੜਨਾ

ਹਾਲਾਂਕਿ ਜ਼ਿਆਦਾਤਰ ਲੋਕ ਕਹਿਣ ਨੂੰ ਤਾਂ ਕਹਿ ਦਿੰਦੇ ਹਨ ਕਿ ਭੇਦ-ਭਾਵ ਤੇ ਛੂਤ-ਛਾਤ ਗ਼ਲਤ ਹੈ, ਪਰ ਉਹ ਵੀ ਇਸ ਦੇ ਸ਼ਿਕੰਜੇ ਤੋਂ ਬਚੇ ਹੋਏ ਨਹੀਂ ਹਨ। ਭੇਦ-ਭਾਵ ਦੀਆਂ ਜ਼ੰਜੀਰਾਂ ਵਿਚ ਜਕੜੇ ਬਹੁਤ ਸਾਰੇ ਲੋਕ ਇਹੋ ਕਹਿਣਗੇ ਕਿ ਉਹ ਕਿਸੇ ਨਾਲ ਭੇਦ ਨਹੀਂ ਕਰਦੇ। ਦੂਸਰੇ ਕਹਿੰਦੇ ਹਨ ਕਿ ਪੱਖਪਾਤੀ ਨਜ਼ਰੀਆ ਰੱਖਣਾ ਗ਼ਲਤ ਨਹੀਂ ਹੈ, ਬਸ਼ਰਤੇ ਕਿ ਲੋਕ ਆਪਣੇ ਵਿਚਾਰ ਦੂਸਰਿਆਂ ਉੱਤੇ ਥੋਪਣ ਦੀ ਕੋਸ਼ਿਸ਼ ਨਾ ਕਰਨ। ਪਰ ਭੇਦ-ਭਾਵ ਕਰਨਾ ਨੁਕਸਾਨਦੇਹ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਅਤੇ ਲੋਕਾਂ ਵਿਚ ਫੁੱਟ ਪੈਂਦੀ ਹੈ। ਅਗਿਆਨਤਾ ਪੱਖਪਾਤ ਨੂੰ ਜਨਮ ਦਿੰਦੀ ਹੈ ਤੇ ਪੱਖਪਾਤ ਅੱਗੋਂ ਨਫ਼ਰਤ ਨੂੰ। ਲੇਖਕ ਚਾਰਲਸ ਕੇਲਬ ਕੋਲਟਨ (1780?-1832) ਨੇ ਲਿਖਿਆ: “ਅਸੀਂ ਕੁਝ ਲੋਕਾਂ ਨਾਲ ਇਸ ਲਈ ਘਿਰਣਾ ਕਰਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਜਾਣਦੇ ਨਹੀਂ; ਅਤੇ ਅਸੀਂ ਕਦੇ ਵੀ ਉਨ੍ਹਾਂ ਨੂੰ ਨਹੀਂ ਜਾਣਾਂਗੇ ਕਿਉਂਕਿ ਅਸੀਂ ਉਨ੍ਹਾਂ ਨਾਲ ਨਫ਼ਰਤ ਕਰਦੇ ਹਾਂ।” ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਜੇ ਭੇਦ-ਭਾਵ ਕਰਨਾ ਸਿੱਖਿਆ ਜਾ ਸਕਦਾ ਹੈ, ਤਾਂ ਇਸ ਨੂੰ ਮਿਟਾਇਆ ਵੀ ਜਾ ਸਕਦਾ ਹੈ। ਉਹ ਕਿਵੇਂ? (g04 9/08)

[ਸਫ਼ੇ 7 ਉੱਤੇ ਡੱਬੀ]

ਧਰਮ ਸਹਿਣਸ਼ੀਲਤਾ ਸਿਖਾਉਂਦਾ ਹੈ ਜਾਂ ਭੇਦ-ਭਾਵ?

ਗੌਰਡਨ ਡਬਲਯੂ. ਆਲਪੌਰਟ ਨੇ ਆਪਣੀ ਕਿਤਾਬ ਭੇਦ-ਭਾਵ ਦੇ ਰੂਪ (ਅੰਗ੍ਰੇਜ਼ੀ) ਵਿਚ ਇਹ ਕਿਹਾ ਕਿ “ਆਮ ਕਰਕੇ ਗਿਰਜੇ ਦੇ ਮੈਂਬਰ ਬਾਕੀ ਲੋਕਾਂ ਨਾਲੋਂ ਜ਼ਿਆਦਾ ਪੱਖਪਾਤੀ ਹੁੰਦੇ ਹਨ।” ਉਸ ਨੇ ਕੋਈ ਗ਼ਲਤ ਗੱਲ ਨਹੀਂ ਕਹੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਧਰਮ ਨੇ ਪੱਖਪਾਤ ਤੇ ਛੂਤ-ਛਾਤ ਨੂੰ ਮਿਟਾਉਣ ਦੀ ਬਜਾਇ ਅਕਸਰ ਇਸ ਨੂੰ ਹੱਲਾਸ਼ੇਰੀ ਦਿੱਤੀ ਹੈ। ਉਦਾਹਰਣ ਲਈ, ਗਿਰਜਿਆਂ ਦੇ ਆਗੂਆਂ ਨੇ ਸਦੀਆਂ ਤੋਂ ਈਸਾਈਆਂ ਨੂੰ ਯਹੂਦੀਆਂ ਦੇ ਖ਼ਿਲਾਫ਼ ਭੜਕਾਇਆ ਹੈ। ਈਸਾਈ ਧਰਮ ਦਾ ਇਤਿਹਾਸ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਮੁਤਾਬਕ ਹਿਟਲਰ ਨੇ ਇਕ ਵਾਰ ਕਿਹਾ ਸੀ: “ਯਹੂਦੀਆਂ ਪ੍ਰਤੀ ਮੈਂ ਉਹੀ ਨੀਤੀ ਅਪਣਾਈ ਹੈ ਜਿਸ ਉੱਤੇ 1,500 ਸਾਲਾਂ ਤੋਂ ਕੈਥੋਲਿਕ ਚਰਚ ਚੱਲਦਾ ਆ ਰਿਹਾ ਹੈ।”

ਬਾਲਕਨ ਦੇਸ਼ਾਂ ਵਿਚ ਹੋਈਆਂ ਭਿਆਨਕ ਲੜਾਈਆਂ ਦੌਰਾਨ ਆਰਥੋਡਾਕਸ ਤੇ ਕੈਥੋਲਿਕ ਗਿਰਜਿਆਂ ਨੇ ਆਪਣੇ ਮੈਂਬਰਾਂ ਨੂੰ ਹੋਰ ਧਰਮ ਦੇ ਲੋਕਾਂ ਪ੍ਰਤੀ ਸਹਿਣਸ਼ੀਲ ਹੋਣਾ ਤੇ ਉਨ੍ਹਾਂ ਦਾ ਆਦਰ ਕਰਨਾ ਨਹੀਂ ਸਿਖਾਇਆ।

ਇਸੇ ਤਰ੍ਹਾਂ, ਰਵਾਂਡਾ ਵਿਚ ਗਿਰਜੇ ਦੇ ਲੋਕਾਂ ਨੇ ਇਕ-ਦੂਜੇ ਦਾ ਖ਼ੂਨ ਵਹਾਇਆ। ਨੈਸ਼ਨਲ ਕੈਥੋਲਿਕ ਰਿਪੋਰਟਰ ਅਖ਼ਬਾਰ ਦੱਸਦੀ ਹੈ ਕਿ ਰਵਾਂਡਾ ਵਿਚ ਹੋਏ “ਭਿਆਨਕ ਕਤਲਾਮ ਵਿਚ ਕੈਥੋਲਿਕਾਂ ਦਾ ਵੀ ਵੱਡਾ ਹੱਥ ਰਿਹਾ ਹੈ।”

ਕੈਥੋਲਿਕ ਚਰਚ ਆਪ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਚਰਚ ਨੇ ਸਹਿਣਸ਼ੀਲਤਾ ਦੇ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਨਹੀਂ ਕੀਤੀ। ਸਾਲ 2000 ਵਿਚ ਪੋਪ ਜਾਨ ਪਾਲ ਦੂਜੇ ਨੇ ਰੋਮ ਵਿਚ ਇਕ ਜਨਤਕ ਸਮਾਰੋਹ ਵਿਚ ਚਰਚ ਦੇ “ਬੀਤੇ ਸਮਿਆਂ ਦੇ ਅਤਿਆਚਾਰਾਂ” ਲਈ ਮਾਫ਼ੀ ਮੰਗੀ। ਸਮਾਰੋਹ ਵਿਚ ਖ਼ਾਸ ਤੌਰ ਤੇ “ਯਹੂਦੀਆਂ, ਔਰਤਾਂ, ਹੋਰ ਨਸਲ ਦੇ ਲੋਕਾਂ, ਪਰਵਾਸੀਆਂ, ਗ਼ਰੀਬਾਂ ਅਤੇ ਅਣਜੰਮੇ ਬੱਚਿਆਂ” ਪ੍ਰਤੀ ਚਰਚ ਦੀ ਅਸਹਿਣਸ਼ੀਲਤਾ ਤੇ ਅਨਿਆਂ ਦਾ ਜ਼ਿਕਰ ਕੀਤਾ ਗਿਆ ਸੀ।

[ਸਫ਼ੇ 6 ਉੱਤੇ ਤਸਵੀਰ]

ਉੱਪਰ: ਬੋਸਨੀਆ ਤੇ ਹਰਜ਼ੇਗੋਵੀਨਾ ਵਿਚ ਸ਼ਰਨਾਰਥੀ ਕੈਂਪ, 20 ਅਕਤੂਬਰ 1995

ਘਰੇਲੂ ਯੁੱਧ ਦੇ ਖ਼ਤਮ ਹੋਣ ਦੀ ਉਡੀਕ ਕਰ ਰਹੇ ਬੋਸਨੀਆ ਦੇ ਦੋ ਸਰਬੀਆਈ ਸ਼ਰਨਾਰਥੀ

[ਕ੍ਰੈਡਿਟ ਲਾਈਨ]

Photo by Scott Peterson/Liaison

[ਸਫ਼ੇ 7 ਉੱਤੇ ਤਸਵੀਰ]

ਨਫ਼ਰਤ ਦਾ ਸਬਕ

ਬੱਚਾ ਆਪਣੇ ਮਾਪਿਆਂ, ਟੈਲੀਵਿਯਨ ਤੇ ਹੋਰ ਸੋਮਿਆਂ ਤੋਂ ਭੇਦ-ਭਾਵ ਕਰਨਾ ਸਿੱਖ ਸਕਦਾ ਹੈ