Skip to content

Skip to table of contents

ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ?

ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ?

ਨੌਜਵਾਨ ਪੁੱਛਦੇ ਹਨ . . .

ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ?

“ਕਦੀ-ਕਦੀ ਮੈਂ ਸੋਚਦਾ ਹਾਂ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਇੰਨੀ ਭੈੜੀ ਗੱਲ ਨਹੀਂ ਹੋ ਸਕਦੀ। ਮੈਨੂੰ ਲੱਗਦਾ ਹੈ ਕਿ ਆਪਣੇ ਦੋਸਤ-ਮਿੱਤਰਾਂ ਵਿਚ ਸਿਰਫ਼ ਮੈਂ ਹੀ ਕੁਆਰਾ ਰਹਿ ਗਿਆ।”—ਜੋਰਡਨ। *

ਕੈਲੀ ਨੇ ਦੱਸਿਆ: “ਸੈਕਸ ਦੇ ਮਾਮਲੇ ਵਿਚ ਮੈਂ ਆਪਣੇ ਉੱਤੇ ਕਾਫ਼ੀ ਪ੍ਰੈਸ਼ਰ ਮਹਿਸੂਸ ਕਰਦੀ ਹਾਂ। ਸੈਕਸ ਕੁਦਰਤੀ ਗੱਲ ਹੈ। ਵੈਸੇ, ਜਿੱਥੇ ਵੀ ਤੁਸੀਂ ਦੇਖੋ, ਹਰ ਪਾਸੇ ਸੈਕਸ ਦੀਆਂ ਹੀ ਗੱਲਾਂ ਹੁੰਦੀਆਂ ਹਨ!”

ਕੀ ਤੁਸੀਂ ਵੀ ਜੋਰਡਨ ਅਤੇ ਕੈਲੀ ਵਾਂਗ ਮਹਿਸੂਸ ਕਰਦੇ ਹੋ? ਪੁਰਾਣੇ ਜ਼ਮਾਨੇ ਵਿਚ ਵਿਆਹ ਤੋਂ ਪਹਿਲਾਂ ਜਿਨਸੀ ਸੰਬੰਧ ਰੱਖਣੇ ਬਹੁਤ ਭੈੜਾ ਮੰਨਿਆ ਜਾਂਦਾ ਸੀ। (ਇਬਰਾਨੀਆਂ 13:4) ਪਰ ਅੱਜ-ਕੱਲ੍ਹ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਰੱਦ ਕੀਤਾ ਜਾਂਦਾ ਹੈ। ਏਸ਼ੀਆ ਦੇ ਇਕ ਦੇਸ਼ ਵਿਚ 15 ਤੋਂ 24 ਸਾਲਾਂ ਦੇ ਮੁੰਡਿਆਂ ਦੇ ਸਰਵੇ ਵਿਚ ਜ਼ਿਆਦਾਤਰ ਨੇ ਇਹ ਕਿਹਾ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੋਈ ਗ਼ਲਤੀ ਨਹੀਂ ਸੀ। ਦਰਅਸਲ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਇੱਦਾਂ ਕਰਨ ਦੀ ਉਮੀਦ ਰੱਖੀ ਜਾਂਦੀ ਸੀ। ਇਸ ਲਈ ਇਹ ਸੁਣ ਕੇ ਅਸੀਂ ਹੈਰਾਨ ਨਹੀਂ ਹੁੰਦੇ ਕਿ ਦੁਨੀਆਂ ਭਰ ਵਿਚ ਜ਼ਿਆਦਾਤਰ ਨੌਜਵਾਨ ਆਪਣੇ 19ਵੇਂ ਜਨਮ-ਦਿਨ ਤੋਂ ਪਹਿਲਾਂ ਜਿਨਸੀ ਸੰਬੰਧ ਕਾਇਮ ਕਰ ਚੁੱਕੇ ਹੁੰਦੇ ਹਨ।

ਅਜਿਹੇ ਨੌਜਵਾਨ ਵੀ ਹਨ ਜੋ ਕੁਦਰਤੀ ਤਰੀਕੇ ਨਾਲ ਸੈਕਸ ਨਹੀਂ ਕਰਦੇ ਪਰ ਹੋਰਨਾਂ ਵੱਖੋ-ਵੱਖਰੇ ਤਰੀਕਿਆਂ ਨਾਲ ਆਪਣੀ ਕਾਮਨਾ ਪੂਰੀ ਕਰਦੇ ਹਨ। ਮਿਸਾਲ ਲਈ ਉਹ ਸ਼ਾਇਦ ਇਕ-ਦੂਸਰੇ ਦੇ ਗੁਪਤ-ਅੰਗਾਂ ਨੂੰ ਪਲੋਸਣ ਨਾਲ ਇਹ ਕਰਨ। ਅਮਰੀਕਾ ਦੇ ਇਕ ਵੱਡੇ ਅਖ਼ਬਾਰ ਵਿਚ ਹੈਰਾਨ ਕਰਨ ਵਾਲੀ ਇਹ ਰਿਪੋਰਟ ਦਿੱਤੀ ਗਈ ਸੀ ਕਿ “ਕਈ ਨੌਜਵਾਨ ਮੌਖਿਕ ਸੰਭੋਗ (oral sex) ਕਰ ਕੇ ਸੈਕਸ ਦਾ ਪਹਿਲਾ ਤਜਰਬਾ ਕਰਦੇ ਹਨ। ਉਨ੍ਹਾਂ ਦੇ ਭਾਣੇ ਇਹ ਨਾਰਮਲ ਸੈਕਸ ਜਿੰਨਾ ਖ਼ਤਰਨਾਕ ਨਹੀਂ . . . ਅਤੇ ਇਸ ਤਰ੍ਹਾਂ ਉਹ ਕੁਆਰੇ ਰਹਿ ਸਕਦੇ ਹਨ ਅਤੇ ਲੜਕੀਆਂ ਗਰਭਵਤੀ ਹੋਣ ਤੋਂ ਆਪਣਾ ਬਚਾਅ ਕਰ ਸਕਦੀਆਂ ਹਨ।”

ਪਰ ਕੀ ਮਸੀਹੀਆਂ ਲਈ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਸਹੀ ਹੈ ਜਾਂ ਗ਼ਲਤ? ਨਾਰਮਲ ਸੈਕਸ ਕਰਨ ਦੀ ਬਜਾਇ ਕੀ ਹੋਰ ਤਰੀਕਿਆਂ ਨਾਲ ਤਜਰਬਾ ਕਰਨਾ ਪਰਮੇਸ਼ੁਰ ਨੂੰ ਮਨਜ਼ੂਰ ਹੈ? ਕੀ ਦੂਸਰੀਆਂ ਹਰਕਤਾਂ ਕਾਰਨ ਸਾਨੂੰ ਘੱਟ ਖ਼ਤਰਾ ਹੁੰਦਾ ਹੈ? ਕੀ ਅਜਿਹੇ ਕੰਮ ਕਰਨ ਨਾਲ ਇਕ ਮਸੀਹੀ ਹਾਲੇ ਵੀ ਕੁਆਰਾ ਗਿਣਿਆ ਜਾ ਸਕਦਾ ਹੈ?

ਹਰਾਮਕਾਰੀ ਦਾ ਕੀ ਮਤਲਬ ਹੈ?

ਇਨ੍ਹਾਂ ਸਵਾਲਾਂ ਦਾ ਸਹੀ ਜਵਾਬ ਸਿਰਫ਼ ਸਾਡਾ ਸਿਰਜਣਹਾਰ ਯਾਨੀ ਸਾਡਾ ਪਰਮੇਸ਼ੁਰ ਹੀ ਸਾਨੂੰ ਦੇ ਸਕਦਾ ਹੈ। ਆਪਣੇ ਬਚਨ ਵਿਚ ਯਹੋਵਾਹ ਪਰਮੇਸ਼ੁਰ ਸਾਨੂੰ ਦੱਸਦਾ ਹੈ: “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਇਸ ਦਾ ਕੀ ਮਤਲਬ ਹੈ? ਬਾਈਬਲ ਦੀ ਮੁਢਲੀ ਭਾਸ਼ਾ ਵਿਚ “ਹਰਾਮਕਾਰੀ” ਸ਼ਬਦ ਸਿਰਫ਼ ਆਮ ਜਿਨਸੀ ਸੰਬੰਧਾਂ ਨੂੰ ਹੀ ਨਹੀਂ ਸੰਕੇਤ ਕਰਦਾ ਸੀ, ਸਗੋਂ ਇਸ ਵਿਚ ਕਈ ਹੋਰ ਤਰ੍ਹਾਂ ਦੀਆਂ ਜਿਨਸੀ ਹਰਕਤਾਂ ਵੀ ਸ਼ਾਮਲ ਸਨ। ਮਤਲਬ ਕਿ ਜੇ ਦੋ ਅਣਵਿਆਹੇ ਇਨਸਾਨ ਮੌਖਿਕ ਸੰਭੋਗ ਕਰਦੇ ਹਨ ਜਾਂ ਹੱਥਾਂ ਨਾਲ ਇਕ-ਦੂਸਰੇ ਦੇ ਗੁਪਤ-ਅੰਗ ਪਲੋਸਦੇ ਹਨ, ਤਾਂ ਉਹ ਹਰਾਮਕਾਰੀ ਕਰ ਬੈਠਦੇ ਹਨ।

ਸ਼ਾਇਦ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਅਜਿਹੇ ਇਨਸਾਨ ਹਾਲੇ ਕੁਆਰੇ ਹੀ ਮੰਨੇ ਜਾਂਦੇ ਹਨ, ਪਰ ਸਵਾਲ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਕਿੱਦਾਂ ਵਿਚਾਰਦਾ ਹੈ? ਬਾਈਬਲ ਵਿਚ ‘ਕੁਆਰਾ’ ਸ਼ਬਦ ਨੈਤਿਕ ਸ਼ੁੱਧਤਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। (2 ਕੁਰਿੰਥੀਆਂ 11:2-6) ਪਰ ਇਸ ਦੇ ਨਾਲ-ਨਾਲ ਇਹ ਸ਼ਬਦ ਉਨ੍ਹਾਂ ਲਈ ਵੀ ਵਰਤਿਆ ਜਾਂਦਾ ਹੈ ਜੋ ਅਸਲ ਵਿਚ ਕੁਆਰੇ ਜਾਂ ਪਾਕ ਹਨ। ਮਿਸਾਲ ਲਈ ਬਾਈਬਲ ਵਿਚ ਸਾਨੂੰ ਰਿਬਕਾਹ ਨਾਂ ਦੀ ਲੜਕੀ ਬਾਰੇ ਦੱਸਿਆ ਗਿਆ ਹੈ ਜੋ “ਕੁਆਰੀ ਸੀ ਅਰ ਕਿਸੇ ਮਨੁੱਖ ਨੇ ਉਹ ਨੂੰ ਨਹੀਂ ਜਾਣਿਆ ਸੀ” ਯਾਨੀ ਕਿਸੇ ਨੇ ਉਸ ਨਾਲ ਜਿਨਸੀ ਸੰਬੰਧ ਨਹੀਂ ਜੋੜੇ ਸਨ। (ਉਤਪਤ 24:16) ਧਿਆਨਯੋਗ ਗੱਲ ਇਹ ਹੈ ਕਿ ਇਬਰਾਨੀ ਭਾਸ਼ਾ ਵਿਚ ਜਿਸ ਸ਼ਬਦ ਦਾ ਤਰਜਮਾ ‘ਜਾਣਨਾ’ ਜਾਂ ਸੰਭੋਗ ਕੀਤਾ ਗਿਆ ਹੈ ਇਹ ਸਿਰਫ਼ ਆਦਮੀ-ਔਰਤ ਵਿਚ ਕੁਦਰਤੀ ਸੰਬੰਧ ਹੀ ਨਹੀਂ ਪਰ ਕਈ ਹੋਰ ਹਰਕਤਾਂ ਨੂੰ ਵੀ ਸੰਕੇਤ ਕਰਦਾ ਹੈ। (ਉਤਪਤ 19:5) ਇਸ ਲਈ ਬਾਈਬਲ ਦੇ ਮੁਤਾਬਕ ਜੇ ਇਕ ਨੌਜਵਾਨ ਨੇ ਕਿਸੇ ਵੀ ਤਰੀਕੇ ਨਾਲ ਹਰਾਮਕਾਰੀ ਕੀਤੀ ਹੋਵੇ, ਤਾਂ ਉਸ ਨੂੰ ਕੁਆਰਾ ਨਹੀਂ ਮੰਨਿਆ ਜਾ ਸਕਦਾ।

ਬਾਈਬਲ ਕਹਿੰਦੀ ਹੈ ਕਿ ਮਸੀਹੀਆਂ ਨੂੰ ਹਰਾਮਕਾਰੀ ਤੋਂ ਹੀ ਨਹੀਂ, ਸਗੋਂ ਅਜਿਹੇ ਕਿਸੇ ਵੀ ਗੰਦੇ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਕਰਕੇ ਉਹ ਸ਼ਾਇਦ ਹਰਾਮਕਾਰੀ ਕਰ ਬੈਠਣ। * (ਕੁਲੁੱਸੀਆਂ 3:5) ਹੋ ਸਕਦਾ ਹੈ ਕਿ ਦੂਸਰੇ ਲੋਕ ਸੋਚਣ ਕਿ ਤੁਸੀਂ ਪੁਰਾਣੇ ਵਿਚਾਰਾਂ ਵਾਲੇ ਹੋ ਅਤੇ ਉਹ ਸ਼ਾਇਦ ਤੁਹਾਡਾ ਮਖੌਲ ਉਡਾਉਣ। ਕੈਲੀ ਨਾਂ ਦੀ ਲੜਕੀ ਨਾਲ ਇਸੇ ਤਰ੍ਹਾਂ ਹੋਇਆ। ਉਸ ਨੇ ਦੱਸਿਆ: “ਸਕੂਲੇ ਸਾਰੇ ਮੈਨੂੰ ਕਹਿੰਦੇ ਹੁੰਦੇ ਸਨ ਕਿ ਮੈਨੂੰ ਉਨ੍ਹਾਂ ਵਾਂਗ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੀਦਾ ਹੈ।” ਪਰ ਵਿਆਹ ਤੋਂ ਪਹਿਲਾਂ ਸੈਕਸ ਕਰਨਾ ‘ਪਾਪ ਦਾ ਭੋਗ ਭਿਲਾਸ’ ਹੈ ਜੋ ਸਿਰਫ਼ ‘ਥੋੜੇ ਚਿਰ ਲਈ’ ਮਜ਼ੇਦਾਰ ਹੁੰਦਾ ਹੈ। (ਇਬਰਾਨੀਆਂ 11:25) ਸਾਡੇ ਉੱਤੇ ਇਸ ਦਾ ਸਰੀਰਕ ਤੌਰ ਤੇ ਹੀ ਨਹੀਂ, ਸਗੋਂ ਭਾਵਾਤਮਕ ਅਤੇ ਰੂਹਾਨੀ ਤੌਰ ਤੇ ਵੀ ਨੁਕਸਾਨ ਹੋ ਸਕਦਾ ਹੈ।

ਹਰਾਮਕਾਰੀ ਦੇ ਖ਼ਤਰੇ

ਬਾਈਬਲ ਵਿਚ ਰਾਜਾ ਸੁਲੇਮਾਨ ਨੇ ਇਕ ਅਣਵਿਆਹੇ ਜਵਾਨ ਬਾਰੇ ਦੱਸਿਆ ਜਿਸ ਨੂੰ ਇਕ ਔਰਤ ਨੇ ਭਰਮਾ ਕੇ ਉਸ ਨਾਲ ਜਿਨਸੀ ਸੰਬੰਧ ਕਾਇਮ ਕੀਤੇ। ਸੁਲੇਮਾਨ ਨੇ ਕਿਹਾ ਕਿ ਉਹ ਨੌਜਵਾਨ ਇਕ ਬਲਦ ਵਾਂਗ ਸੀ ਜੋ ਕੱਟੇ ਜਾਣ ਲਈ ਲਿਜਾਇਆ ਜਾਂਦਾ ਹੈ। ਹਲਾਲ ਹੋਣ ਵਾਲੇ ਬਲਦ ਨੂੰ ਪਤਾ ਨਹੀਂ ਹੁੰਦਾ ਹੈ ਕਿ ਉਸ ਨਾਲ ਕੀ ਹੋਣ ਵਾਲਾ ਹੈ। ਇਸੇ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਨੌਜਵਾਨ ਵਿਆਹ ਤੋਂ ਪਹਿਲਾਂ ਸੈਕਸ ਕਰਦੇ ਹਨ, ਉਨ੍ਹਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਆਪਣੀ ਕਰਨੀ ਦਾ ਫਲ ਜ਼ਰੂਰ ਭੁਗਤਣਾ ਪਵੇਗਾ! ਸੁਲੇਮਾਨ ਨੇ ਉਸ ਜਵਾਨ ਮੁੰਡੇ ਬਾਰੇ ਕਿਹਾ: ‘ਉਹ ਜਾਣਦਾ ਨਹੀਂ ਕਿ ਉਸ ਦਾ ਜੀਵਨ ਖਤਰੇ ਵਿਚ ਹੈ।’ (ਕਹਾਉਤਾਂ 7:22, 23, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹਾਂ ਇਹ ਸੱਚ ਹੈ ਕਿ ਸਾਡੇ ਕੰਮਾਂ ਦੇ ਨਤੀਜੇ ਵਜੋਂ ਸਾਡੀ ਜਾਨ ਵੀ ਜਾ ਸਕਦੀ ਹੈ।

ਮਿਸਾਲ ਲਈ, ਹਰੇਕ ਸਾਲ ਲੱਖਾਂ ਹੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਪਣੀਆਂ ਲਿੰਗੀ ਹਰਕਤਾਂ ਕਰਕੇ ਰੋਗ ਲੱਗ ਜਾਂਦੇ ਹਨ। ਲੀਡੀਆ ਨਾਂ ਦੀ ਕੁੜੀ ਨੇ ਕਿਹਾ: “ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਹਰਪੀਜ਼ ਦੀ ਬੀਮਾਰੀ ਲੱਗੀ ਹੋਈ ਸੀ, ਤਾਂ ਮੈਨੂੰ ਬੜੀ ਸ਼ਰਮ ਆਈ।” ਉਸ ਨੇ ਅੱਗੇ ਕਿਹਾ: “ਮੈਨੂੰ ਬਹੁਤ ਦਰਦ ਸਹਿਣਾ ਪੈਂਦਾ ਹੈ ਅਤੇ ਇਸ ਦਾ ਕੋਈ ਇਲਾਜ ਨਹੀਂ।” ਹਰੇਕ ਸਾਲ ਹਰ ਰੋਜ਼ 6,000 ਲੋਕਾਂ ਨੂੰ ਐੱਚ. ਆਈ. ਵੀ. ਇਨਫ਼ੈਕਸ਼ਨ ਹੁੰਦਾ ਹੈ। ਅਫ਼ਸੋਸ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਲੋਕ 15 ਤੋਂ 24 ਸਾਲਾਂ ਦੇ ਹਨ।

ਅਣਵਿਆਹੀਆਂ ਇਸਤਰੀਆਂ ਵਿਚ ਲਿੰਗੀ ਰੋਗ ਲੱਗਣ ਦੀ ਜ਼ਿਆਦਾ ਸੰਭਾਵਨਾ ਹੈ। ਸਬੂਤ ਦੱਸਦੇ ਹਨ ਕਿ ਲਿੰਗੀ ਰੋਗਾਂ ਤੇ ਨਾਲ-ਨਾਲ ਐੱਚ. ਆਈ. ਵੀ. ਹੋਣ ਦਾ ਇਸਤਰੀਆਂ ਨੂੰ ਜ਼ਿਆਦਾ ਖ਼ਤਰਾ ਹੈ। ਅਗਰ ਛੋਟੀ ਉਮਰ ਦੀ ਕੋਈ ਲੜਕੀ ਗਰਭਵਤੀ ਹੋ ਜਾਵੇ, ਤਾਂ ਉਹ ਆਪਣੀ ਅਤੇ ਆਪਣੇ ਅਣਜੰਮੇ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਂਦੀ ਹੈ। ਇਹ ਕਿਉਂ ਹੈ? ਕਿਉਂਕਿ ਹੋ ਸਕਦਾ ਹੈ ਕਿ ਉਸ ਦਾ ਸਰੀਰ ਹਾਲੇ ਬੱਚੇ ਪੈਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਾ ਹੋਵੇ ਅਤੇ ਸ਼ਾਇਦ ਜਣਨ-ਪੀੜਾਂ ਨਾ ਸਹਿ ਸਕੇ।

ਜੇ ਇਕ ਕਿਸ਼ੋਰ ਲੜਕੀ ਸਹੀ-ਸਲਾਮਤ ਬੱਚੇ ਨੂੰ ਪੈਦਾ ਕਰ ਵੀ ਲਵੇ, ਕੀ ਉਹ ਮਾਂ ਬਣਨ ਦੀ ਜ਼ਿੰਮੇਵਾਰੀ ਸੰਭਾਲ ਸਕੇਗੀ? ਸ਼ਾਇਦ ਨਹੀਂ। ਇਸ ਹਾਲਤ ਵਿਚ ਕਈ ਜਵਾਨ ਮਾਵਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਛੋਟੇ ਬੱਚੇ ਦੀ ਦੇਖ-ਭਾਲ ਕਰਨੀ ਉੱਨਾ ਸੌਖਾ ਨਹੀਂ ਹੈ ਜਿੰਨਾ ਉਹ ਸ਼ਾਇਦ ਸੋਚਦੀਆਂ ਸਨ।

ਇਨ੍ਹਾਂ ਖ਼ਤਰਿਆਂ ਦੇ ਨਾਲ-ਨਾਲ ਨੌਜਵਾਨਾਂ ਉੱਤੇ ਭਾਵਾਤਮਕ ਅਤੇ ਰੂਹਾਨੀ ਤੌਰ ਤੇ ਵੀ ਭੈੜੇ ਅਸਰ ਪੈ ਸਕਦੇ ਹਨ। ਜਦੋਂ ਰਾਜਾ ਦਾਊਦ ਨੇ ਵਿਭਚਾਰ ਕੀਤਾ, ਤਾਂ ਉਹ ਰੂਹਾਨੀ ਤੌਰ ਤੇ ਗਿਰ ਗਿਆ ਸੀ ਅਤੇ ਪਰਮੇਸ਼ੁਰ ਦਾ ਵੈਰੀ ਬਣਨ ਦੇ ਖ਼ਤਰੇ ਵਿਚ ਸੀ। (ਜ਼ਬੂਰਾਂ ਦੀ ਪੋਥੀ 51) ਹਾਂ, ਇਹ ਸੱਚ ਹੈ ਕਿ ਦਾਊਦ ਸੰਭਲ ਗਿਆ, ਪਰ ਫਿਰ ਵੀ ਉਹ ਆਪਣੇ ਪਾਪ ਦੇ ਦਾਗ਼ ਪੂਰੀ ਤਰ੍ਹਾਂ ਨਹੀਂ ਮਿਟਾ ਸਕਿਆ। ਉਹ ਇਸ ਦੇ ਨਤੀਜੇ ਉਮਰ ਭਰ ਭੁਗਤਦਾ ਰਿਹਾ।

ਅੱਜ ਵੀ ਨੌਜਵਾਨ ਇਸੇ ਤਰ੍ਹਾਂ ਆਪਣੇ ਉੱਤੇ ਦੁੱਖ ਲਿਆ ਸਕਦੇ ਹਨ। ਮਿਸਾਲ ਲਈ, ਸ਼ੈਰੀ ਨੇ 17 ਸਾਲਾਂ ਦੀ ਉਮਰੇ ਕਿਸੇ ਲੜਕੇ ਨਾਲ ਜਿਨਸੀ ਸੰਬੰਧ ਕਾਇਮ ਕੀਤੇ। ਉਹ ਸੋਚਦੀ ਸੀ ਕਿ ਉਹ ਲੜਕਾ ਉਸ ਨਾਲ ਬਹੁਤ ਪਿਆਰ ਕਰਦਾ ਸੀ। ਇਸ ਗੱਲ ਨੂੰ ਹੋਏ ਕਈ ਸਾਲ ਬੀਤ ਗਏ ਹਨ, ਪਰ ਸ਼ੈਰੀ ਹਾਲੇ ਵੀ ਪਛਤਾਵਾ ਕਰਦੀ ਹੈ। ਉਸ ਨੇ ਅਫ਼ਸੋਸ ਕਰਦਿਆਂ ਕਿਹਾ: “ਮੈਂ ਬਾਈਬਲ ਦੀ ਸਿੱਖਿਆ ਨੂੰ ਮਾਮੂਲੀ ਸਮਝ ਕੇ ਪਾਪ ਕਰ ਬੈਠੀ ਜਿਸ ਕਰਕੇ ਮੈਨੂੰ ਬਹੁਤ ਦੁੱਖ ਸਹਿਣੇ ਪਏ ਹਨ। ਮੈਂ ਯਹੋਵਾਹ ਦੀ ਮਿਹਰ ਗੁਆ ਬੈਠੀ ਅਤੇ ਉਸ ਨਾਲ ਆਪਣਾ ਰਿਸ਼ਤਾ ਬਰਬਾਦ ਕਰ ਬੈਠੀ।” ਟ੍ਰਿਸ਼ ਦੇ ਵੀ ਇਹੋ ਜਿਹੇ ਜਜ਼ਬਾਤ ਸਨ, ਜਿਸ ਨੇ ਕਿਹਾ: “ਵਿਆਹ ਤੋਂ ਪਹਿਲਾਂ ਸੈਕਸ ਕਰਨਾ ਮੇਰੀ ਸਭ ਤੋਂ ਵੱਡੀ ਗ਼ਲਤੀ ਸੀ। ਫਿਰ ਤੋਂ ਕੁਆਰੀ ਬਣਨ ਲਈ ਜੇ ਮੈਂ ਕੁਝ ਕਰ ਸਕਦੀ, ਤਾਂ ਮੈਂ ਉਹ ਜ਼ਰੂਰ ਕਰਦੀ।” ਹਾਂ ਇਹ ਕਿੰਨਾ ਸੱਚ ਹੈ ਕਿ ਮਨ ਅਤੇ ਦਿਲ ਦੇ ਜ਼ਖ਼ਮ ਸਾਲਾਂ ਬੀਤ ਜਾਣ ਤੇ ਵੀ ਨਹੀਂ ਭਰਦੇ।

ਆਪਣੇ ਉੱਤੇ ਕਾਬੂ ਕਰੋ

ਸ਼ਾਂਦਾ ਇਹ ਜ਼ਰੂਰੀ ਸਵਾਲ ਪੁੱਛਦੀ ਹੈ: “ਜੇ ਪਰਮੇਸ਼ੁਰ ਕਹਿੰਦਾ ਹੈ ਕਿ ਸਾਨੂੰ ਵਿਆਹ ਤੋਂ ਬਾਅਦ ਹੀ ਜਿਨਸੀ ਸੰਬੰਧ ਜੋੜਨੇ ਚਾਹੀਦੇ ਹਨ, ਤਾਂ ਉਸ ਨੇ ਨੌਜਵਾਨਾਂ ਨੂੰ ਲਿੰਗੀ ਇੱਛਾਵਾਂ ਨਾਲ ਕਿਉਂ ਬਣਾਇਆ?” ਇਹ ਸੱਚ ਹੈ ਕਿ ‘ਜੁਆਨੀ ਦੀ ਉਮਰ’ ਵਿਚ ਲਿੰਗੀ ਇੱਛਾਵਾਂ ਬਹੁਤ ਜ਼ੋਰਦਾਰ ਹੋ ਸਕਦੀਆਂ ਹਨ। (1 ਕੁਰਿੰਥੀਆਂ 7:36) ਦਰਅਸਲ ਨੌਜਵਾਨਾਂ ਵਿਚ ਕਦੀ-ਕਦੀ ਅਜਿਹੀਆਂ ਇੱਛਾਵਾਂ ਬਿਨਾਂ ਕਾਰਨ ਹੀ ਭੜਕ ਉੱਠ ਸਕਦੀਆਂ ਹਨ। ਪਰ ਇਹ ਕੋਈ ਭੈੜੀ ਗੱਲ ਨਹੀਂ ਹੈ। ਇਹ ਇੱਛਾਵਾਂ ਇਨਸਾਨਾਂ ਦੀਆਂ ਪ੍ਰਜਨਕ ਇੰਦਰੀਆਂ ਦੇ ਵਿਕਾਸ ਦਾ ਇਕ ਕੁਦਰਤੀ ਹਿੱਸਾ ਹਨ। *

ਪਰਮੇਸ਼ੁਰ ਨੇ ਇਨਸਾਨਾਂ ਨੂੰ ਅਜਿਹੇ ਤਰੀਕੇ ਨਾਲ ਡੀਜ਼ਾਈਨ ਕੀਤਾ ਹੈ ਕਿ ਉਹ ਜਿਨਸੀ ਸੰਬੰਧ ਕਾਇਮ ਕਰ ਕੇ ਮਜ਼ਾ ਲੈ ਸਕਣ। ਸ਼ੁਰੂ ਤੋਂ ਹੀ ਇਹ ਉਸ ਦਾ ਮਕਸਦ ਹੈ ਕਿ ਇਨਸਾਨ ਆਪਣੀ ਔਲਾਦ ਨਾਲ ਧਰਤੀ ਨੂੰ ਭਰ ਦੇਣ। (ਉਤਪਤ 1:28) ਪਰ ਪਰਮੇਸ਼ੁਰ ਇਹ ਨਹੀਂ ਸੀ ਚਾਹੁੰਦਾ ਕਿ ਅਸੀਂ ਆਪਣੀ ਪ੍ਰਜਨਕ ਸ਼ਕਤੀ ਦੀ ਗ਼ਲਤ ਵਰਤੋਂ ਕਰੀਏ। ਬਾਈਬਲ ਕਹਿੰਦੀ ਹੈ: “ਤੁਹਾਡੇ ਵਿਚੋਂ ਹਰ ਕੋਈ ਆਪਣੇ ਸਰੀਰ ਤੇ ਕਾਬੂ ਪਾਉਣਾ ਸਿਖੇ। ਇਸ ਨੂੰ ਪਵਿੱਤਰ ਰੱਖੋ ਅਤੇ ਇਸ ਦਾ ਆਦਰ ਕਰੋ।” (1 ਥੱਸਲੁਨੀਕੀਆਂ 4:4, ਨਵਾਂ ਅਨੁਵਾਦ) ਜੇ ਅਸੀਂ ਲਿੰਗੀ ਇੱਛਾ ਪੈਦਾ ਹੋਣ ਦੇ ਹਰ ਮੌਕੇ ਤੇ ਆਪਣੀ ਕਾਮਨਾ ਪੂਰੀ ਕਰੀਏ, ਤਾਂ ਇਹ ਗੁੱਸੇ ਹੋਣ ਦੇ ਹਰ ਮੌਕੇ ਤੇ ਕਿਸੇ ਨੂੰ ਮਾਰਨ ਦੇ ਬਰਾਬਰ ਹੋਵੇਗਾ।

ਜਿਨਸੀ ਸੰਬੰਧ ਪਰਮੇਸ਼ੁਰ ਵੱਲੋਂ ਇਕ ਦਾਤ ਹਨ, ਇਕ ਅਜਿਹੀ ਦਾਤ ਜਿਸ ਦਾ ਆਨੰਦ ਸਿਰਫ਼ ਵਿਆਹ ਤੋਂ ਬਾਅਦ ਮਾਣਿਆ ਜਾਣਾ ਚਾਹੀਦਾ ਹੈ। ਜੇ ਅਸੀਂ ਪਰਮੇਸ਼ੁਰ ਦੇ ਇਸ ਤੋਹਫ਼ੇ ਦੀ ਗ਼ਲਤ ਵਰਤੋਂ ਕਰੀਏ ਯਾਨੀ ਵਿਆਹ ਤੋਂ ਪਹਿਲਾਂ ਇਸ ਦਾ ਆਨੰਦ ਮਾਣੀਏ, ਤਾਂ ਉਹ ਕਿੱਦਾਂ ਮਹਿਸੂਸ ਕਰੇਗਾ? ਜ਼ਰਾ ਇਕ ਮਿਸਾਲ ਉੱਤੇ ਗੌਰ ਕਰੋ। ਕਲਪਨਾ ਕਰੋ ਕਿ ਤੁਸੀਂ ਆਪਣੇ ਕਿਸੇ ਦੋਸਤ ਲਈ ਤੋਹਫ਼ਾ ਖ਼ਰੀਦਿਆ ਹੈ, ਪਰ ਉਹ ਦੋਸਤ ਤੁਹਾਡੇ ਦੇਣ ਤੋਂ ਪਹਿਲਾਂ ਹੀ ਉਸ ਨੂੰ ਚੁਰਾ ਲੈਂਦਾ ਹੈ। ਕੀ ਤੁਸੀਂ ਉਸ ਨਾਲ ਨਾਰਾਜ਼ ਨਹੀਂ ਹੋਵੋਗੇ? ਤਾਂ ਫਿਰ, ਪਰਮੇਸ਼ੁਰ ਕੀ ਸੋਚੇਗਾ ਜੇ ਅਸੀਂ ਵਿਆਹ ਤੋਂ ਪਹਿਲਾਂ ਸੈਕਸ ਕਰ ਕੇ ਇਸ ਤੋਹਫ਼ੇ ਨੂੰ ਚੁਰਾ ਕੇ ਇਸ ਦੀ ਗ਼ਲਤ ਵਰਤੋਂ ਕਰੀਏ?

ਤਾਂ ਫਿਰ ਤੁਹਾਨੂੰ ਆਪਣੀਆਂ ਲਿੰਗੀ ਇੱਛਾਵਾਂ ਬਾਰੇ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਤੇ ਕਾਬੂ ਪਾਉਣਾ ਸਿੱਖੋ। ਇਹ ਨਾ ਭੁੱਲੋ ਕਿ ਯਹੋਵਾਹ “ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ।” (ਜ਼ਬੂਰਾਂ ਦੀ ਪੋਥੀ 84:11) ਗੋਰਡਨ ਨਾਂ ਦੇ ਅਣਵਿਆਹੇ ਮੁੰਡੇ ਨੇ ਕਿਹਾ: “ਜਦੋਂ ਮੈਂ ਸੈਕਸ ਬਾਰੇ ਸੋਚਣ ਲੱਗਦਾ ਹਾਂ, ਤਾਂ ਮੈਂ ਉਸ ਦੇ ਨਤੀਜਿਆਂ ਬਾਰੇ ਵੀ ਸੋਚਦਾ ਹਾਂ ਜਿਨ੍ਹਾਂ ਨਾਲ ਮੇਰਾ ਰੂਹਾਨੀ ਤੌਰ ਤੇ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਮੈਨੂੰ ਯਾਦ ਰਹਿੰਦਾ ਹੈ ਕਿ ਪਾਪ ਕਰਨ ਦੇ ਵੱਟੇ ਮੈਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਨਹੀਂ ਕੁਰਬਾਨ ਕਰ ਸਕਦਾ।” ਇਹ ਸੱਚ ਹੈ ਕਿ ਆਪਣੇ ਉੱਤੇ ਕਾਬੂ ਰੱਖਣਾ ਸੌਖਾ ਨਹੀਂ ਹੈ। ਪਰ ਜਵਾਨ ਏਡਰੀਅਨ ਸਾਨੂੰ ਦੱਸਦਾ ਹੈ: “ਸਾਡਾ ਮਨ, ਸਾਡੀ ਜ਼ਮੀਰ ਸਾਫ਼ ਰਹਿੰਦੀ ਹੈ ਅਤੇ ਨਾਲੋਂ-ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਆਪਣੀਆਂ ਗ਼ਲਤੀਆਂ ਲਈ ਦੋਸ਼ੀ ਮਹਿਸੂਸ ਕਰਨ ਦੀ ਬਜਾਇ ਅਸੀਂ ਜ਼ਰੂਰੀ ਗੱਲਾਂ ਉੱਤੇ ਆਪਣਾ ਧਿਆਨ ਲਾ ਸਕਦੇ ਹਾਂ।”—ਜ਼ਬੂਰਾਂ ਦੀ ਪੋਥੀ 16:11.

ਹਰ ਤਰ੍ਹਾਂ ਦੀ ‘ਹਰਾਮਕਾਰੀ ਤੋਂ ਬਚੇ ਰਹਿਣ’ ਦੇ ਕਈ ਲਾਭ ਹਨ। (1 ਥੱਸਲੁਨੀਕੀਆਂ 4:3) ਇਹ ਸੱਚ ਹੈ ਕਿ ਪਾਕ ਰਹਿਣਾ ਸੌਖਾ ਨਹੀਂ ਹੁੰਦਾ। ਪਰ ਸਾਡੇ ਕਿਸੇ ਅਗਲੇ ਲੇਖ ਵਿਚ ਇਸ ਬਾਰੇ ਦੱਸਿਆ ਜਾਵੇਗਾ ਕਿ ਤੁਸੀਂ ‘ਆਪਣੇ ਆਪ ਨੂੰ ਸੁੱਚੇ ਅਤੇ ਪਵਿੱਤਰ ਕਿੱਦਾਂ ਰੱਖ ਸਕਦੇ ਹੋ।’—1 ਤਿਮੋਥਿਉਸ 5:22. (g04 7/22)

[ਫੁਟਨੋਟ]

^ ਪੈਰਾ 3 ਕੁਝ ਨਾਂ ਬਦਲੇ ਗਏ ਹਨ।

^ ਪੈਰਾ 11 ਹਰਾਮਕਾਰੀ, ਗੰਦ ਮੰਦ ਅਤੇ ਲੁੱਚਪੁਣੇ ਦੇ ਸੰਬੰਧ ਵਿਚ ਹੋਰ ਜਾਣਕਾਰੀ ਲਈ 22 ਅਕਤੂਬਰ 1993 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਨੌਜਵਾਨ ਪੁੱਛਦੇ ਹਨ” ਲੇਖ ਦੇਖੋ ਜਿਸ ਵਿਚ ਸਮਝਾਇਆ ਗਿਆ ਹੈ ਕਿ ਅਣਵਿਆਹੇ ਲੋਕਾਂ ਨੂੰ ਕਿਨ੍ਹਾਂ ਹੱਦਾਂ ਦੇ ਅੰਦਰ ਰਹਿਣਾ ਚਾਹੀਦਾ ਹੈ।

^ ਪੈਰਾ 20ਨੌਜਵਾਨ ਪੁੱਛਦੇ ਹਨ . . . ਮੇਰੇ ਸਰੀਰ ਨੂੰ ਇੱਦਾਂ ਕਿਉਂ ਹੋ ਰਿਹਾ ਹੈ?” ਨਾਂ ਦਾ ਲੇਖ ਦੇਖੋ ਜੋ 8 ਫਰਵਰੀ 1990 ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਛਪਿਆ ਹੈ।

[ਸਫ਼ੇ 17 ਉੱਤੇ ਸੁਰਖੀ]

ਜੇ ਇਕ ਨੌਜਵਾਨ ਨੇ ਕਿਸੇ ਵੀ ਤਰੀਕੇ ਨਾਲ ਹਰਾਮਕਾਰੀ ਕੀਤੀ ਹੋਵੇ, ਤਾਂ ਕੀ ਪਰਮੇਸ਼ੁਰ ਉਸ ਨੂੰ ਕੁਆਰਾ ਸਮਝੇਗਾ?

[ਸਫ਼ੇ 17 ਉੱਤੇ ਤਸਵੀਰ]

ਵਿਆਹ ਤੋਂ ਪਹਿਲਾਂ ਸੈਕਸ ਕਰ ਕੇ ਕਿਸੇ ਨੌਜਵਾਨ ਦੀ ਜ਼ਮੀਰ ਦੁਖੀ ਹੋ ਸਕਦੀ ਹੈ

[ਸਫ਼ੇ 18 ਉੱਤੇ ਤਸਵੀਰ]

ਜਿਹੜੇ ਲੋਕ ਵਿਆਹ ਤੋਂ ਪਹਿਲਾਂ ਸੈਕਸ ਕਰਦੇ ਹਨ ਉਨ੍ਹਾਂ ਨੂੰ ਲਿੰਗੀ ਰੋਗ ਲੱਗਣ ਦਾ ਖ਼ਤਰਾ ਹੈ