Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਹਾਥੀਆਂ ਜਿੰਨੇ ਭਾਰੇ ਬੱਦਲ

ਇਕ ਬੱਦਲ ਕਿੰਨਾ ਕੁ ਭਾਰਾ ਹੁੰਦਾ ਹੈ? ਇਕ ਅਮਰੀਕੀ ਕੰਪਨੀ ਰਿਪੋਰਟ ਕਰਦੀ ਹੈ ਕਿ ਵੱਡੇ ਬੱਦਲਾਂ ਵਿਚ 550 ਟਨ ਪਾਣੀ ਹੋ ਸਕਦਾ ਹੈ। ਧਰਤੀ ਤੋਂ ਉੱਠ ਰਹੀ ਭੜਾਸ ਕਾਰਨ ਇਹ ਸਾਰਾ ਪਾਣੀ ਛੋਟੀਆਂ-ਛੋਟੀਆਂ ਬੂੰਦਾਂ ਵਿਚ ਆਕਾਸ਼ ਵਿਚ ਟਿਕਿਆ ਰਹਿੰਦਾ ਹੈ। ਮੌਸਮ ਦੀ ਇਕ ਵਿਗਿਆਨੀ ਕਹਿੰਦੀ ਹੈ ਕਿ ‘ਬੱਦਲਾਂ ਦੇ ਭਾਰ ਨੂੰ ਸਮਝਣ ਵਾਸਤੇ ਸ਼ਾਇਦ ਤੁਸੀਂ ਹਾਥੀਆਂ ਬਾਰੇ ਸੋਚ ਸਕਦੇ ਹੋ।’ ਜੇ ਇਕ ਹਾਥੀ ਦਾ ਭਾਰ ਤਕਰੀਬਨ 6 ਟਨ ਹੋਵੇ ਤਾਂ ਵੱਡੇ ਬੱਦਲ ਵਿਚ ਸਮਾਏ ਪਾਣੀ ਦਾ ਭਾਰ 100 ਹਾਥੀਆਂ ਦੇ ਬਰਾਬਰ ਹੋਵੇਗਾ। ਖ਼ੈਰ ਅਜਿਹੇ ਬੱਦਲ ਤਾਂ ਕੁਝ ਵੀ ਨਹੀਂ ਜੇਕਰ ਇਨ੍ਹਾਂ ਦੀ ਤੁਲਨਾ ਵੱਡੇ-ਵੱਡੇ ਘਣਘੋਰ ਬੱਦਲਾਂ ਨਾਲ ਕੀਤੀ ਜਾਵੇ। ਘਣਘੋਰ ਬੱਦਲ ਵਿਚ ਸਮਾਏ ਪਾਣੀ ਦਾ ਭਾਰ 2,00,000 ਹਾਥੀਆਂ ਜਿੰਨਾ ਹੋ ਸਕਦਾ ਹੈ। ਤਾਂ ਫਿਰ ਇਕ ਤੂਫ਼ਾਨੀ ਬੱਦਲ ਕਿੰਨਾ ਭਾਰਾ ਹੁੰਦਾ ਹੈ? ਇਸ ਵਿਗਿਆਨੀ ਨੇ ਪਹਿਲਾ ਇਹ ਅੰਦਾਜ਼ਾ ਲਗਾਇਆ ਕਿ ਤੂਫ਼ਾਨੀ ਬੱਦਲ ਦੇ ਇਕ ਮੀਟਰ ਵਿਚ ਕਿੰਨਾ ਕੁ ਪਾਣੀ ਹੋਵੇਗਾ। ਇਹ ਪਤਾ ਕਰਨ ਤੋਂ ਬਾਅਦ ਉਹ ਅੰਦਾਜ਼ਾ ਲਗਾ ਸਕੀ ਕਿ ਕੁਲ ਮਿਲਾ ਕੇ ਪੂਰੇ ਬੱਦਲ ਵਿਚ ਕਿੰਨਾ ਕੁ ਪਾਣੀ ਹੋਵੇਗਾ। ਇਸ ਦਾ ਨਤੀਜਾ ਇਹ ਸੀ ਕਿ ਬੱਦਲ ਦਾ ਭਾਰ ਚਾਰ ਕਰੋੜ ਹਾਥੀਆਂ ਦੇ ਬਰਾਬਰ ਸੀ। ਰਿਪੋਰਟ ਕਹਿੰਦੀ ਹੈ: “ਇਸ ਦਾ ਮਤਲਬ ਹੈ ਕਿ ਇਕ ਤੂਫ਼ਾਨੀ ਬੱਦਲ ਵਿਚ ਸਮਾਏ ਗਏ ਪਾਣੀ ਦਾ ਭਾਰ ਧਰਤੀ ਉੱਤੇ ਸਾਰਿਆਂ ਹਾਥੀਆਂ ਦੇ ਭਾਰ ਨਾਲੋਂ ਜ਼ਿਆਦਾ ਹੈ। ਸ਼ਾਇਦ ਜੀਉਂਦੇ ਅਤੇ ਮਰੇ ਸਾਰੇ ਹਾਥੀਆਂ ਦੀ ਪੂਰੀ ਆਬਾਦੀ ਨਾਲੋਂ ਵੀ ਜ਼ਿਆਦਾ।” (g04 7/22)

ਦੰਦਾਂ ਨੂੰ ਕਦੋਂ ਸਾਫ਼ ਕਰਨਾ ਚਾਹੀਦਾ ਹੈ

ਮੈਕਸੀਕੋ ਸ਼ਹਿਰ ਦੀ ਇਕ ਅਖ਼ਬਾਰ ਕਹਿੰਦੀ ਹੈ ਕਿ ਕੁਝ ਖੱਟਾ ਖਾਣ ਜਾਂ ਪੀਣ ਤੋਂ ਇਕਦਮ ਬਾਅਦ ਦੰਦ ਸਾਫ਼ ਕਰਨ ਕਰਕੇ ਦੰਦਾਂ ਦੀ ਉਪਰਲੀ ਤਹਿ ਦਾ ਨੁਕਸਾਨ ਹੋ ਸਕਦਾ ਹੈ। ਇਕ ਅਖ਼ਬਾਰ ਨੇ ਜਰਮਨੀ ਦੀ ਇਕ ਯੂਨੀਵਰਸਿਟੀ ਵਿਚ ਕੀਤੀ ਗਈ ਖੋਜ ਦੀ ਰਿਪੋਰਟ ਵਿਚ ਇਹ ਚੇਤਾਵਨੀ ਦਿੱਤੀ ਕਿ ਖੱਟੀ ਖ਼ੁਰਾਕ “ਥੋੜ੍ਹੇ ਚਿਰ ਲਈ ਦੰਦਾਂ ਦੀ ਉਪਰਲੀ ਤਹਿ ਨੂੰ ਕਮਜ਼ੋਰ ਕਰ ਦਿੰਦੀ ਹੈ।” ਇਸ ਲਈ, ਖਾਣਾ ਖਾਣ ਤੋਂ ਇਕਦਮ ਬਾਅਦ ਦੰਦ ਸਾਫ਼ ਕਰਨੇ ਹਾਨੀਕਾਰਕ ਹੋ ਸਕਦਾ ਹੈ। ਇਸ ਦੀ ਬਜਾਇ ‘ਸਲਾਹ ਦਿੱਤੀ ਗਈ ਹੈ ਕਿ ਕੁਝ ਮਿੰਟ ਠਹਿਰ ਕੇ ਦੰਦ ਸਾਫ਼ ਕਰੋ ਤਾਂਕਿ ਪਹਿਲਾਂ ਦੰਦਾਂ ਦੀ ਉਪਰਲੀ ਤਹਿ ਮਜ਼ਬੂਤ ਹੋ ਸਕੇ।’ (g04 7/22)

ਅੱਲੜ੍ਹ ਉਮਰ ਵਿਚ ਜੂਏਬਾਜ਼ੀ

ਟੋਰੌਂਟੋ ਦੀ ਨੈਸ਼ਨਲ ਪੋਸਟ ਅਖ਼ਬਾਰ ਨੇ ਰਿਪੋਰਟ ਕੀਤੀ ਕਿ ਨੌਜਵਾਨ ਜੂਏਬਾਜ਼ਾਂ ਦਾ ਅਧਿਐਨ ਕਰਨ ਵਾਲੀ ਇਕ ਸੰਸਥਾ ਦੇ ਅਨੁਸਾਰ “ਕੈਨੇਡਾ ਵਿਚ 12 ਤੋਂ 17 ਸਾਲਾਂ ਦੇ ਬੱਚਿਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਜੂਆ ਖੇਡਦੇ ਹਨ। ਇਨ੍ਹਾਂ ਵਿੱਚੋਂ 10 ਤੋਂ 15 ਫੀ ਸਦੀ ਨੂੰ ਜੂਆ ਖੇਡਣ ਦੀ ਆਦਤ ਪੈਣ ਦਾ ਵੱਡਾ ਖ਼ਤਰਾ ਹੈ। ਅਤੇ 4 ਤੋਂ 6 ਫੀ ਸਦੀ, ਤਾਂ ‘ਪੱਕੇ ਜੂਏਬਾਜ਼’ ਹਨ।” ਮੰਨਿਆ ਜਾਂਦਾ ਹੈ ਕਿ ਜੂਏਬਾਜ਼ੀ ਵਿਚ ਦਿਲਚਸਪੀ ਅਕਸਰ ਬਚਪਨ ਵਿਚ ਸ਼ੁਰੂ ਹੁੰਦੀ ਹੈ। ਹੋ ਸਕਦਾ ਹੈ ਕਿ ਬੱਚੇ ਨੂੰ ਤੋਹਫ਼ੇ ਵਜੋਂ ਲਾਟਰੀ ਦਾ ਟਿਕਟ ਦਿੱਤਾ ਜਾਵੇ ਜਾਂ ਉਹ ਇੰਟਰਨੈੱਟ ਰਾਹੀਂ ਕੋਈ ਬਾਜ਼ੀ ਲਗਾਏ। ਖੋਜਕਾਰ ਕਹਿੰਦੇ ਹਨ ਕਿ ਇਸ ਦਾ ਨਤੀਜਾ ਇਹ ਹੈ ਕਿ ਕੈਨੇਡਾ ਵਿਚ ਅੱਲੜ੍ਹ ਉਮਰ ਦੇ ਜ਼ਿਆਦਾ ਬੱਚੇ ਸਿਗਰਟ ਜਾਂ ਨਸ਼ਿਆਂ ਦੇ ਅਮਲੀ ਹੋਣ ਦੀ ਬਜਾਇ ਜੂਏਬਾਜ਼ ਹਨ। ਦਰਅਸਲ, ਪੋਸਟ ਅਖ਼ਬਾਰ ਕਹਿੰਦੀ ਹੈ ਕਿ ‘ਜੂਆ ਖੇਡਣ ਦੀ ਲਤ ਲੱਗਣ ਦਾ ਸਿਆਣਿਆਂ ਨੂੰ ਉੱਨਾ ਖ਼ਤਰਾ ਨਹੀਂ ਜਿੰਨਾ 18 ਤੋਂ 24 ਸਾਲਾਂ ਦੀ ਉਮਰ ਦੇ ਨੌਜਵਾਨਾਂ ਨੂੰ ਖ਼ਤਰਾ ਹੈ।’ ਅਧਿਆਪਕ ਉਮੀਦ ਰੱਖਦੇ ਹਨ ਕਿ ਕੈਨੇਡਾ ਦੇ ਸਕੂਲਾਂ ਵਿਚ ਜੂਏਬਾਜ਼ੀ ਨੂੰ ਰੋਕਣ ਲਈ ਚਾਲੂ ਕੀਤੇ ਗਏ ਪ੍ਰੋਗ੍ਰਾਮ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਜ਼ਰੂਰ ਕਾਮਯਾਬ ਹੋਣਗੇ। (g04 7/08)

ਪਾਦਰੀਆਂ ਦਾ ਬਾਈਬਲ ਬਾਰੇ ਗਿਆਨ

“ਪਾਦਰੀ ਬਾਈਬਲ ਬਾਰੇ ਕਿੰਨਾ ਕੁ ਜਾਣਦੇ ਹਨ?” ਇਹ ਸਵਾਲ ਆਂਡ੍ਰੇਆ ਫੌਂਟਐਨਾ ਨੇ ਪੁੱਛਿਆ ਸੀ ਜੋ ਖ਼ੁਦ ਇਕ ਪਾਦਰੀ ਅਤੇ ਟਿਊਰਿਨ ਸ਼ਹਿਰ ਵਿਚ ਪਾਦਰੀ ਬਣਨ ਦੀ ਸਿੱਖਿਆ ਦੇਣ ਦੇ ਦਫ਼ਤਰ ਦਾ ਨਿਰਦੇਸ਼ਕ ਹੈ। ਇਟਲੀ ਦੀ ਇਕ ਕੈਥੋਲਿਕ ਅਖ਼ਬਾਰ ਅਨੁਸਾਰ ਫੌਂਟਐਨਾ ਨੇ ਕਿਹਾ ਕਿ ਇਹ ਸਵਾਲ ਉਸ ਦੇ ਮਨ ਵਿਚ ਉਸ ਵੇਲੇ ਉੱਠਿਆ ਜਦ ‘ਇਕ ਆਦਮੀ ਨੇ ਉਸ ਨੂੰ ਪੁੱਛਿਆ, “ਕੀ ਇਸ ਇਲਾਕੇ ਵਿਚ ਬਾਈਬਲ ਅਧਿਐਨ ਦੇ ਕੋਈ ਕੋਰਸ ਹਨ?”’ ਜਿਸ ਚਰਚ ਵਿਚ ਇਹ ਆਦਮੀ ਜਾ ਰਿਹਾ ਸੀ ਉੱਥੇ “ਪਵਿੱਤਰ ਸ਼ਾਸਤਰ ਦਾ ਕਦੀ ਵੀ ਜ਼ਿਕਰ ਨਹੀਂ ਕੀਤਾ ਜਾਂਦਾ ਸੀ।” ਇਸ ਦੇ ਜਵਾਬ ਵਿਚ ਫੌਂਟਐਨਾ ਨੇ ਲਿਖਿਆ: ‘ਸੱਚ ਤਾਂ ਇਹ ਹੈ ਕਿ ਬਹੁਤ ਹੀ ਘੱਟ ਪਾਦਰੀ ਟ੍ਰੇਨਿੰਗ ਕਾਲਜ ਤੋਂ ਬਾਅਦ ਬਾਈਬਲ ਦਾ ਅਧਿਐਨ ਕਰਨਾ ਜਾਰੀ ਰੱਖਦੇ ਹਨ। ਅਕਸਰ ਚਰਚਾਂ ਵਿਚ ਹਾਜ਼ਰ ਹੋਣ ਵਾਲਿਆਂ ਨੂੰ ਸਿਰਫ਼ ਐਤਵਾਰ ਦੇ ਉਪਦੇਸ਼ ਦੌਰਾਨ ਹੀ ਬਾਈਬਲ ਵਿੱਚੋਂ ਕੁਝ ਸੁਣਨ ਦਾ ਮੌਕਾ ਮਿਲਦਾ ਹੈ।’ ਉਸ ਆਦਮੀ ਨੇ ਦੱਸਿਆ ਕਿ “ਹੋਰ ਸਿੱਖਣ ਲਈ ਉਹ ਯਹੋਵਾਹ ਦੇ ਗਵਾਹਾਂ ਕੋਲ ਜਾਂਦਾ ਹੁੰਦਾ ਸੀ।” (g04 7/08)

“ਮ੍ਰਿਤ ਸਾਗਰ ਸੁੱਕ ਰਿਹਾ ਹੈ”

ਇਕ ਲੇਖ ਦੀ ਰਿਪੋਰਟ ਅਨੁਸਾਰ “ਮ੍ਰਿਤ ਸਾਗਰ ਸੁੱਕ ਰਿਹਾ ਹੈ ਅਤੇ ਸਿਰਫ਼ ਇੰਜੀਨੀਅਰੀ ਦੇ ਲੰਬੇ-ਚੌੜੇ ਕੰਮ ਦੁਆਰਾ ਹੀ ਉਸ ਨੂੰ ਬਚਾਇਆ ਜਾ ਸਕਦਾ ਹੈ।” ਇਸ ਸਾਗਰ ਨੂੰ ਮ੍ਰਿਤ ਸਾਗਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਬਹੁਤ ਹੀ ਸਲੂਣਾ ਹੋਣ ਕਰਕੇ ਜਲ-ਜੀਵ ਇਸ ਵਿਚ ਜੀਉਂਦੇ ਨਹੀਂ ਰਹਿ ਸਕਦੇ। ਮ੍ਰਿਤ ਸਾਗਰ ਦੀ ਤਲ ਧਰਤੀ ਵਿਚ ਸਭ ਤੋਂ ਨੀਵੀਂ ਹੈ, ਇਹ ਸਮੁੰਦਰ ਦੀ ਸਤਹ ਤੋਂ 400 ਮੀਟਰ ਨੀਵੀਂ ਹੈ। ਇਹ ਸਾਗਰ 50 ਕੁ ਮੀਲ ਲੰਬਾ ਅਤੇ 11 ਕੁ ਮੀਲ ਚੌੜਾ ਹੈ। ਲੇਖ ਅੱਗੇ ਕਹਿੰਦਾ ਹੈ ਕਿ ‘ਜਿੰਨਾ ਕੁ ਪਾਣੀ ਭੜਾਸ ਵਜੋਂ ਸਮੁੰਦਰ ਤੋਂ ਉੱਠਦਾ ਸੀ ਉੱਨਾ ਕੁ ਯਰਦਨ ਨਦੀ ਤੋਂ ਸਾਗਰ ਵਿਚ ਆ ਜਾਂਦਾ ਸੀ ਅਤੇ ਇਸ ਤਰ੍ਹਾਂ ਚੰਗਾ ਸੰਤੁਲਨ ਰੱਖਿਆ ਜਾਂਦਾ ਸੀ। ਪਰ ਹਾਲ ਹੀ ਦੇ ਦਹਾਕਿਆਂ ਵਿਚ ਦੋਵੇਂ ਇਸਰਾਈਲ ਅਤੇ ਯਰਦਨ ਦੇਸ਼ ਦੇ ਲੋਕ ਆਪਣੀ ਖੇਤੀਬਾੜੀ ਦੀ ਜ਼ਮੀਨ ਨੂੰ ਸਿੰਜਣ ਵਾਸਤੇ ਯਰਦਨ ਨਦੀ ਤੋਂ ਪਾਣੀ ਲੈ ਰਹੇ ਹਨ ਅਤੇ ਇਸ ਕਰਕੇ ਮ੍ਰਿਤ ਸਾਗਰ ਦਾ ਪਾਣੀ ਘੱਟਦਾ ਜਾ ਰਿਹਾ ਹੈ।’ ਇਕ ਇਸਰਾਏਲੀ ਖੋਜ ਅਨੁਸਾਰ ਜੇ ਇਹੀ ਹਾਲ ਰਿਹਾ ਤਾਂ ਹਰ ਸਾਲ ਸਾਗਰ ਦੇ ਪਾਣੀ ਦੀ ਸਤਹ ਲਗਭਗ ਇਕ ਮੀਟਰ ਘੱਟਦੀ ਜਾਵੇਗੀ। ਆਲੇ-ਦੁਆਲੇ ਦੀ ਧਰਤੀ, ਜਾਨਵਰ ਅਤੇ ਪੇੜ-ਪੌਦੇ ਬਰਬਾਦ ਹੋ ਜਾਣਗੇ। ਪੰਜ ਸਾਲਾਂ ਦੇ ਸੋਕੇ ਕਾਰਨ ਮ੍ਰਿਤ ਸਾਗਰ ਦੀ ਹਾਲਤ ਹੋਰ ਵੀ ਵਿਗੜ ਗਈ ਹੈ। (g04 7/08)

ਆਪਣੇ ਚਾਪਿੰਗ ਬੋਰਡ ਨੂੰ ਸਾਫ਼ ਰੱਖੋ

ਕੀ ਮਾਸ, ਸਬਜ਼ੀ ਆਦਿ ਕੱਟਣ ਦਾ ਚਾਪਿੰਗ ਬੋਰਡ ਲੱਕੜੀ ਦਾ ਹੋਣਾ ਚਾਹੀਦਾ ਹੈ ਜਾਂ ਪਲਾਸਟਿਕ ਦਾ? ਕੈਲੇਫ਼ੋਰਨੀਆ ਦੀ ਯੂਨੀਵਰਸਿਟੀ ਅਨੁਸਾਰ ‘ਜੇ ਅਸੀਂ ਚਾਪਿੰਗ ਬੋਰਡ ਨੂੰ ਚੰਗੀ ਤਰ੍ਹਾਂ ਸਾਫ਼ ਰੱਖੀਏ, ਤਾਂ ਫਿਰ ਦੋਵੇਂ ਵਧੀਆ ਹਨ। ਚਾਹੇ ਤੁਸੀਂ ਮੀਟ ਵਗੈਰਾ ਕੱਟਣ ਵਾਸਤੇ ਲੱਕੜੀ ਦਾ ਜਾਂ ਪਲਾਸਟਿਕ ਦਾ ਬੋਰਡ ਵਰਤੋ ਜ਼ਰੂਰੀ ਇਹ ਹੈ ਕਿ ਬਾਅਦ ਵਿਚ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਾਬਣ ਅਤੇ ਗਰਮ ਪਾਣੀ ਨਾਲ ਧੋਵੋ।’ ਜੇ ਬੋਰਡ ਉੱਤੇ ਚਾਕੂ ਦੇ ਨਿਸ਼ਾਨ ਲੱਗੇ ਹੋਣ ਜਾਂ ਇਸ ਤੇ ਚਰਬੀ ਲੱਗੀ ਹੋਵੇ ਤਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਵਿਚ ਜ਼ਿਆਦਾ ਧਿਆਨ ਲਗਾਓ। ਕੈਲੇਫ਼ੋਰਨੀਆ ਦੀ ਯੂਨੀਵਰਸਿਟੀ ਅਨੁਸਾਰ “ਜੇ ਤੁਸੀਂ ਬੋਰਡ ਤੋਂ ਰੋਗਾਣੂ ਮਿਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਪਾਣੀ ਵਿਚ ਥੋੜ੍ਹੀ ਜਿਹੀ ਬਲੀਚ (ਇਕ ਲੀਟਰ ਪਾਣੀ ਵਿਚ ਇਕ ਛੋਟਾ ਚਮਚਾ) ਰਲਾ ਕੇ ਉਸ ਵਿਚ ਧੋ ਸਕਦੇ ਹੋ।” ਹੱਥਾਂ ਅਤੇ ਛੁਰੀਆਂ ਨੂੰ ਵੀ ਚੰਗੀ ਤਰ੍ਹਾਂ ਧੋ ਕੇ ਸੁਕਾਓ। (g04 7/22)

ਗੰਦੀਆਂ ਬਸਤੀਆਂ ਸੰਸਾਰ ਭਰ ਵਿਚ ਫੈਲ ਰਹੀਆਂ ਹਨ

ਅਮਰੀਕਾ ਦੀ ਇਕ ਰਿਪੋਰਟ ਬਾਰੇ ਦੱਸਦੇ ਹੋਏ ਲੰਡਨ ਦੀ ਅਖ਼ਬਾਰ ਦ ਗਾਰਡੀਅਨ ਕਹਿੰਦੀ ਹੈ ਕਿ ਜੇ ਹਾਲਾਤ ਨਾ ਬਦਲੇ ਤਾਂ “ਤੀਹ ਸਾਲਾਂ ਦੇ ਵਿਚ-ਵਿਚ ਤਿੰਨ ਇਨਸਾਨਾਂ ਵਿੱਚੋਂ ਇਕ ਗੰਦੀ ਬਸਤੀ ਵਿਚ ਰਹਿੰਦਾ ਹੋਵੇਗਾ।” ਅਫ਼ਸੋਸ ਦੀ ਗੱਲ ਹੈ ਕਿ 94 ਕਰੋੜ ਲੋਕ ਯਾਨੀ ਸੰਸਾਰ ਦੀ ਆਬਾਦੀ ਦਾ ਲਗਭਗ ਛੇਵਾਂ ਹਿੱਸਾ, ਗੰਦੇ ਤੇ ਹਾਨੀਕਾਰਕ ਥਾਵਾਂ ਵਿਚ ਰਹਿੰਦੇ ਹਨ। ਇਨ੍ਹਾਂ ਥਾਵਾਂ ਵਿਚ ਅਕਸਰ ਪਾਣੀ, ਸਫ਼ਾਈ ਦੇ ਪ੍ਰਬੰਧ, ਬਿਜਲੀ-ਗੈਸ ਜਾਂ ਆਵਾਜਾਈ ਦੀਆਂ ਸੇਵਾਵਾਂ ਅਤੇ ਕਾਨੂੰਨੀ ਸੁਰੱਖਿਆ ਦੇ ਪ੍ਰਬੰਧ ਵੀ ਨਹੀਂ ਹੁੰਦੇ।” ਕੀਨੀਆ ਵਿਚ ਨੈਰੋਬੀ ਦੇ ਕਬੀਰਾ ਜ਼ਿਲ੍ਹੇ ਵਿਚ 6,00,000 ਗੰਦੀਆਂ ਬਸਤੀਆਂ ਹਨ। ਯੂ. ਐੱਨ. ਦੀ ਰਿਹਾਇਸ਼ ਦੇ ਇਕ ਪ੍ਰੋਗ੍ਰਾਮ ਦੀ ਡਾਇਰੈਕਟਰ ਕਹਿੰਦੀ ਹੈ: “ਉੱਚ-ਨੀਚ ਦੇ ਫ਼ਰਕ ਕਾਰਨ ਅਤੇ ਆਲਸੀ ਹੋਣ ਕਾਰਨ ਲੋਕ ਦੂਸਰਿਆਂ ਨਾਲ ਮਿਲਦੇ-ਵਰਤਦੇ ਨਹੀਂ। ਗੰਦੀਆਂ ਬਸਤੀਆਂ ਅਜਿਹੇ ਥਾਂ ਹਨ ਜਿੱਥੇ ਦੁਸ਼ਟਤਾ ਬਹੁਤ ਫੈਲੀ ਹੁੰਦੀ ਹੈ, ਸੁੱਖ-ਸ਼ਾਂਤੀ ਨਹੀਂ ਹੁੰਦੀ ਅਤੇ ਬੱਚਿਆਂ ਦੀ ਰੱਖਿਆ ਨਹੀਂ ਕੀਤੀ ਜਾਂਦੀ।” (g04 9/08)

ਕੀ ਤੁਸੀਂ ਸਿੱਖਣ ਲਈ ਜ਼ਿਆਦਾ ਬੁੱਢੇ ਹੋ?

ਨੈਰੋਬੀ ਦੀ ਇਕ ਅਖ਼ਬਾਰ ਰਿਪੋਰਟ ਕਰਦੀ ਹੈ ਕਿ “[ਕੀਨੀਆ ਵਿਚ ਰਿਫ਼ਟ ਵੈਲੀ ਦੇ ਇਲਾਕੇ ਦੇ ਇਕ ਸਕੂਲ ਵਿਚ] ਜਦ ਛੇ ਸਾਲਾਂ ਦੇ ਬੱਚੇ ਆਪਣੀ ਕਲਾਸ ਵਿਚ ਖੜ੍ਹੇ ਹੁੰਦੇ ਹਨ, ਤਾਂ ਇਕ ਵਿਦਿਆਰਥੀ ਦੂਸਰਿਆਂ ਤੋਂ ਬਿਲਕੁਲ ਵੱਖਰਾ ਦਿਖਾਈ ਦਿੰਦਾ ਹੈ।” ਇਹ ਵਿਦਿਆਰਥੀ 84 ਸਾਲਾਂ ਦਾ ਬੰਦਾ ਹੈ ਜੋ ਪਹਿਲੀ ਕਲਾਸ ਵਿਚ ਇਸ ਲਈ ਦਾਖ਼ਲ ਹੋਇਆ ਹੈ ਤਾਂਕਿ “ਉਹ ਬਾਈਬਲ ਪੜ੍ਹਨੀ ਸਿੱਖ ਸਕੇ।” ਭਾਵੇਂ ਕਿ ਉਸ ਦੇ ਦੋਹਤੇ-ਪੋਤੇ ਉਸ ਤੋਂ ਕਈ ਜਮਾਤਾਂ ਅੱਗੇ ਹਨ ਉਹ ਫਿਰ ਵੀ ਆਪਣੀ ਕਲਾਸ ਵਿਚ ਹਾਜ਼ਰ ਹੁੰਦਾ ਹੈ। ਇਸ ਬੰਦੇ ਨੇ ਅਖ਼ਬਾਰ ਨੂੰ ਦੱਸਿਆ “ਲੋਕ ਮੈਨੂੰ ਬਾਈਬਲ ਵਿਚ ਲਿਖੀਆਂ ਗੱਲਾਂ ਬਾਰੇ ਦੱਸਦੇ ਹਨ ਪਰ ਮੈਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀਆਂ ਗੱਲਾਂ ਸੱਚ ਹਨ ਕਿ ਨਹੀਂ, ਇਸ ਲਈ ਮੈਂ ਖ਼ੁਦ ਬਾਈਬਲ ਪੜ੍ਹ ਕੇ ਇਨ੍ਹਾਂ ਬਾਰੇ ਪਤਾ ਕਰਨਾ ਚਾਹੁੰਦਾ ਹਾਂ।” ਉਹ ਸਕੂਲ ਦੀ ਵਰਦੀ ਪਾ ਕੇ ਅਤੇ ਪੜ੍ਹਾਈ ਦਾ ਸਾਮਾਨ ਨਾਲ ਲੈ ਕੇ ਸਕੂਲੇ ਆਉਂਦਾ ਹੈ। ਉਹ ਸਕੂਲ ਦੇ ਅਸੂਲਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਪਰ, ਅਧਿਆਪਕ ਉਸ ਨੂੰ ਕੁਝ ਕੰਮ ਵੱਖਰੇ ਤਰੀਕੇ ਨਾਲ ਕਰਨ ਦਿੰਦੇ ਹਨ। ਜਦ ਬਾਕੀ ਦੇ ਬੱਚੇ ਕਸਰਤ ਕਰਦੇ, ਦੌੜਾਂ ਲਗਾਉਂਦੇ ਅਤੇ ਖੇਡਦੇ ਹਨ, ਤਾਂ ਉਹ ‘ਹੌਲੀ-ਹੌਲੀ ਕਸਰਤ ਕਰਦਾ ਹੈ।’ (g04 9/22)