Skip to content

Skip to table of contents

ਅਸਫ਼ਲਤਾ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ?

ਅਸਫ਼ਲਤਾ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ?

ਨੌਜਵਾਨ ਪੁੱਛਦੇ ਹਨ . . .

ਅਸਫ਼ਲਤਾ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ?

“ਮੈਂ ਇਸ ਵਾਰ ਫਿਰ ਚਾਰੋ ਪੇਪਰਾਂ ਵਿਚ ਫੇਲ ਹੋ ਗਈ ਹਾਂ, ਮੈਂ ਮਿਹਨਤ ਤਾਂ ਬਹੁਤ ਕੀਤੀ ਸੀ ਪਰ ਫਿਰ ਵੀ ਪਾਸ ਨਾ ਹੋਈ।”​—15 ਸਾਲਾਂ ਦੀ ਲੌਰੇਨ।

“ਫੇਲ ਹੋਣ ਤੇ ਦਿਲ ਬਹੁਤ ਹੀ ਦੁਖੀ ਹੁੰਦਾ ਹੈ ਅਤੇ ਇਸ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਬਹੁਤ ਹੀ ਔਖਾ ਹੈ।”​—19 ਸਾਲਾਂ ਦੀ ਜੈਸਿਕਾ।

ਅਸਫ਼ਲਤਾ। ਤੁਸੀਂ ਸ਼ਾਇਦ ਇਸ ਬਾਰੇ ਸੋਚਣਾ ਵੀ ਨਾ ਚਾਹੋ, ਪਰ ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਇਸ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਹੋ ਸਕਦਾ ਹੈ ਕਿ ਅਸੀਂ ਸਕੂਲੇ ਕਿਸੇ ਪ੍ਰੀਖਿਆ ਵਿਚ ਫੇਲ ਹੋਈਏ ਜਾਂ ਕੁਝ ਐਸਾ ਕਹੀਏ ਜਾਂ ਕਰੀਏ ਜਿਸ ਕਾਰਨ ਅਸੀਂ ਸ਼ਰਮਿੰਦਾ ਹੋਈਏ। ਜਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਅਜ਼ੀਜ਼ ਨੂੰ ਨਾਰਾਜ਼ ਕਰੀਏ ਜਾਂ ਕੋਈ ਵੱਡੀ ਗ਼ਲਤੀ ਕਰ ਬੈਠੀਏ। ਜੋ ਵੀ ਹੋਵੇ ਅਸਫ਼ਲਤਾ ਕਾਰਨ ਦਿਲ ਬਹੁਤ ਹੀ ਦੁਖੀ ਹੁੰਦਾ ਹੈ।

ਇਹ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਬਾਈਬਲ ਦੱਸਦੀ ਹੈ ਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਪਰ ਫਿਰ ਵੀ ਕਈ ਲੋਕ ਫੇਲ ਹੋਣ ਤੋਂ ਬਾਅਦ ਜੀਵਨ ਵਿਚ ਹਾਰ ਮੰਨ ਲੈਂਦੇ ਹਨ। ਜੇਸਨ ਨਾਂ ਦਾ ਇਕ ਗੱਭਰੂ ਕਹਿੰਦਾ ਹੈ: “ਮੈਂ ਆਪ ਹੀ ਆਪਣੀ ਨੁਕਤਚੀਨੀ ਕਰਦਾ ਰਹਿੰਦਾ ਹਾਂ। ਜਦੋਂ ਮੈਂ ਕੋਈ ਗ਼ਲਤੀ ਕਰਦਾ ਹਾਂ, ਤਾਂ ਲੋਕ ਹੱਸਦੇ ਜ਼ਰੂਰ ਹਨ, ਪਰ ਕੁਝ ਸਮੇਂ ਬਾਅਦ ਉਹ ਗੱਲ ਨੂੰ ਭੁੱਲ ਜਾਂਦੇ ਹਨ। ਪਰ ਮੈਂ ਨਹੀਂ ਭੁਲਦਾ, ਮੈਂ ਆਪਣੀਆਂ ਗ਼ਲਤੀਆਂ ਬਾਰੇ ਵਾਰ-ਵਾਰ ਸੋਚਦਾ ਰਹਿੰਦਾ ਹਾਂ।”

ਫੇਲ ਹੋਣ ਤੋਂ ਬਾਅਦ ਉਸ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ ਹੈ, ਖ਼ਾਸ ਕਰਕੇ ਜੇ ਇਸ ਤੋਂ ਤੁਹਾਨੂੰ ਸੁਧਾਰ ਕਰਨ ਦੀ ਪ੍ਰੇਰਣਾ ਮਿਲੇ। ਪਰ ਆਪਣੀ ਅਸਫ਼ਲਤਾ ਬਾਰੇ ਦਿਨ-ਰਾਤ ਚਿੰਤਾ ਕਰਨੀ ਤੇ ਆਪਣੇ ਆਪ ਨੂੰ ਕੋਸਣਾ ਚੰਗੀ ਗੱਲ ਨਹੀਂ। ਇਸ ਤਰ੍ਹਾਂ ਕਰਨ ਨਾਲ ਕੁਝ ਨਹੀਂ ਬਣਦਾ। ਕਹਾਉਤਾਂ 12:25 ਵਿਚ ਲਿਖਿਆ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।”

ਬਾਈਬਲ ਵਿਚ ਇਪਾਫ਼ਰੋਦੀਤੁਸ ਨਾਂ ਦੇ ਆਦਮੀ ਦਾ ਜ਼ਿਕਰ ਕੀਤਾ ਗਿਆ ਹੈ, ਆਓ ਆਪਾਂ ਜ਼ਰਾ ਉਸ ਵੱਲ ਧਿਆਨ ਦੇਈਏ। ਉਸ ਨੂੰ ਪੌਲੁਸ ਰਸੂਲ ਦੀ ਮਦਦ ਕਰਨ ਵਾਸਤੇ ਰੋਮ ਭੇਜਿਆ ਗਿਆ ਸੀ। ਪਰ, ਇਪਾਫ਼ਰੋਦੀਤੁਸ ਬੀਮਾਰ ਹੋ ਗਿਆ ਅਤੇ ਆਪਣੀ ਜ਼ਿੰਮਵਾਰੀ ਪੂਰੀ ਨਾ ਕਰ ਸਕਿਆ। ਉਲਟਾ ਇਹ ਹੋਇਆ ਕਿ ਪੌਲੁਸ ਨੂੰ ਉਸ ਦੀ ਦੇਖ-ਭਾਲ ਕਰਨੀ ਪਈ! ਪੌਲੁਸ ਨੇ ਉਸ ਨੂੰ ਘਰ ਵਾਪਸ ਭੇਜ ਕੇ ਉਸ ਦੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਸਮਝਾਇਆ ਕਿ ਇਹ ਵਫ਼ਾਦਾਰ ਭਰਾ ਉਦਾਸ ਸੀ। ਉਸ ਦੀ ਉਦਾਸੀ ਦਾ ਕੀ ਕਾਰਨ ਸੀ? ਪੌਲੁਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਬੀਮਾਰ ਹੋ ਗਿਆ ਸੀ ਇਸ ਲਈ ਉਹ ਉਦਾਸ ਸੀ। (ਫ਼ਿਲਿੱਪੀਆਂ 2:25, 26) ਜਦੋਂ ਇਪਾਫ਼ਰੋਦੀਤੁਸ ਨੂੰ ਪਤਾ ਲੱਗਾ ਕਿ ਹੋਰਨਾਂ ਨੂੰ ਇਸ ਗੱਲ ਦੀ ਖ਼ਬਰ ਸੀ ਕਿ ਉਸ ਦੇ ਬੀਮਾਰ ਹੋਣ ਕਾਰਨ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਾ ਕਰ ਸਕਿਆ, ਤਾਂ ਹੋ ਸਕਦਾ ਹੈ ਕਿ ਉਸ ਨੇ ਸੋਚਿਆ ਹੋਵੇ ਕਿ ਉਹ ਆਪਣੇ ਕੰਮ ਵਿਚ ਅਸਫ਼ਲ ਹੋ ਗਿਆ ਸੀ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਉਹ ਉਦਾਸ ਕਿਉਂ ਹੋਇਆ!

ਕੀ ਅਸੀਂ ਅਸਫ਼ਲ ਹੋਣ ਤੇ ਹਾਰ ਮੰਨਣ ਤੋਂ ਬਚ ਸਕਦੇ ਹਾਂ?

ਸਹੀ ਟੀਚੇ ਰੱਖੋ

ਸਫ਼ਲ ਹੋਣ ਦਾ ਇਕ ਤਰੀਕਾ ਇਹ ਹੈ ਕਿ ਸਾਨੂੰ ਆਪਣੀ ਕਾਬਲਿਅਤ ਅਨੁਸਾਰ ਟੀਚੇ ਰੱਖਣੇ ਚਾਹੀਦੇ ਹਨ। ਬਾਈਬਲ ਕਹਿੰਦੀ ਹੈ ਕਿ “ਦੀਨਾਂ ਦੇ ਨਾਲ ਬੁੱਧ ਹੈ।” (ਕਹਾਉਤਾਂ 11:2; 16:18) ਦੀਨ ਜਾਂ ਨਿਮਰ ਇਨਸਾਨ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਹ ਕੀ ਕਰਨ ਦੇ ਕਾਬਲ ਹੈ। ਇਹ ਚੰਗਾ ਹੋਵੇਗਾ ਜੇ ਸਮੇਂ-ਸਮੇਂ ਤੇ ਅਸੀਂ ਆਪਣੀਆਂ ਯੋਗਤਾਵਾਂ ਵਧਾਉਣ ਲਈ ਜ਼ਿਆਦਾ ਮਿਹਨਤ ਤੇ ਲਗਨ ਨਾਲ ਕੰਮ ਕਰੀਏ। ਪਰ ਫਿਰ ਵੀ ਸਾਨੂੰ ਅਜਿਹੇ ਟੀਚੇ ਨਹੀਂ ਰੱਖਣੇ ਚਾਹੀਦੇ ਜੋ ਸਾਡੀ ਪਹੁੰਚ ਤੋਂ ਬਾਹਰ ਹਨ। ਹੋ ਸਕਦਾ ਹੈ ਕਿ ਤੁਸੀਂ ਹਿਸਾਬ ਦੇ ਕੱਚੇ ਹੋਵੋ ਜਾਂ ਸਮਾਟ ਤੇ ਚੋਟੀ ਦੇ ਖਿਡਾਰੀਆਂ ਵਾਂਗ ਤੁਸੀਂ ਕਸਰਤ ਨਹੀਂ ਕਰ ਸਕਦੇ। ਮਾਈਕਲ ਨਾਂ ਦਾ ਗੱਭਰੂ ਦੱਸਦਾ ਹੈ: “ਮੈਂ ਜਾਣਦਾ ਹਾਂ ਕਿ ਖੇਡਾਂ ਵਿਚ ਮੈਂ ਬਹੁਤ ਕਮਜ਼ੋਰ ਹਾਂ। ਇਸ ਲਈ ਮੈਂ ਖੇਡਦਾ ਜ਼ਰੂਰ ਹਾਂ, ਪਰ ਮੈਂ ਉਸ ਕੰਮ ਨੂੰ ਹੱਥ ਨਹੀਂ ਪਾਉਂਦਾ ਜੋ ਮੈਨੂੰ ਪਤਾ ਮੇਰੀ ਪਹੁੰਚ ਤੋਂ ਪਰੇ ਹੈ।” ਮਾਈਕਲ ਅੱਗੇ ਸਮਝਾਉਂਦਾ ਹੈ: “ਤੁਹਾਨੂੰ ਅਜਿਹੇ ਟੀਚੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਤਕ ਤੁਸੀਂ ਪਹੁੰਚਣ ਦੇ ਕਾਬਲ ਹੋ।”

ਹੁਣ ਜ਼ਰਾ 14 ਸਾਲਾਂ ਦੀ ਇਵੋਨ ਦੇ ਰਵੱਈਏ ਵੱਲ ਧਿਆਨ ਦਿਓ। ਇਵੋਨ ਨੂੰ ਸਪਾਈਨਾ ਬਿਫ਼ਿਡਾ ਅਤੇ ਦਿਮਾਗ਼ੀ ਅਧਰੰਗ ਦੀ ਬੀਮਾਰੀ ਹੈ। ਇਵੋਨ ਦੱਸਦੀ ਹੈ: “ਮੈਂ ਦੂਸਰਿਆਂ ਵਾਂਗ ਤੁਰ-ਫਿਰ, ਦੌੜ ਜਾਂ ਨੱਚ ਨਹੀਂ ਸਕਦੀ। ਇਸ ਦਾ ਮੈਨੂੰ ਬਹੁਤ ਦੁੱਖ ਹੁੰਦਾ ਹੈ, ਤਾਂ ਮੈਂ ਨਿਰਾਸ਼ ਹੋ ਜਾਂਦੀ ਹਾਂ। ਬਹੁਤ ਸਾਰੇ ਲੋਕ ਤਾਂ ਮੇਰੀ ਹਾਲਤ ਨੂੰ ਸਮਝ ਹੀ ਨਹੀਂ ਸਕਦੇ। ਪਰ ਫਿਰ ਵੀ ਮੇਰੇ ਅੰਦਰ ਸਹਿਣ ਦੀ ਸ਼ਕਤੀ ਹੈ, ਮੈਂ ਹੌਸਲਾ ਨਹੀਂ ਹਾਰਦੀ।” ਇਵੋਨ ਇਹ ਸਲਾਹ ਦਿੰਦੀ ਹੈ: “ਕੋਸ਼ਿਸ਼ ਕਰਦੇ ਰਹੋ! ਜੇਕਰ ਤੁਸੀਂ ਇਕ ਵਾਰ ਅਸਫ਼ਲ ਵੀ ਹੁੰਦੇ ਹੋ, ਤਾਂ ਕੋਈ ਗੱਲ ਨਹੀਂ। ਤੁਹਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਜਿੰਨਾ ਕੁ ਹੋ ਸਕੇ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਹੈ।”

ਇਸ ਸਲਾਹ ਦੇ ਨਾਲ-ਨਾਲ ਦੂਸਰਿਆਂ ਨਾਲ ਆਪਣੀ ਤੁਲਨਾ ਕਰ ਕੇ ਆਪਣੇ ਆਪ ਉੱਤੇ ਗੁੱਸੇ ਨਾ ਹੋਵੋ। ਐਂਡਰੂ, ਜੋ ਕਿ 15 ਸਾਲਾਂ ਦਾ ਹੈ, ਕਹਿੰਦਾ ਹੈ, “ਮੈਂ ਦੂਸਰਿਆਂ ਨਾਲ ਆਪਣੀ ਤੁਲਨਾ ਨਹੀਂ ਕਰਦਾ ਕਿਉਂਕਿ ਸਾਡੇ ਸਾਰਿਆਂ ਵਿਚ ਵੱਖੋ-ਵੱਖਰੀਆਂ ਯੋਗਤਾਵਾਂ ਅਤੇ ਗੁਣ ਹਨ।” ਐਂਡਰੂ ਦੇ ਵਿਚਾਰ ਬਾਈਬਲ ਵਿਚ ਗਲਾਤੀਆਂ 6:4 ਦੇ ਸ਼ਬਦਾਂ ਨਾਲ ਹਾਮੀ ਭਰਦੇ ਹਨ ਜਿੱਥੇ ਲਿਖਿਆ ਹੈ: “ਹਰ ਮਨੁੱਖ ਆਪਣੇ ਕੰਮ ਦੀ ਆਪਣੇ ਲਈ, ਆਪ ਹੀ ਜਾਂਚ ਕਰੇ, ਇਸ ਤਰ੍ਹਾਂ ਉਸ ਨੂੰ ਕੇਵਲ ਆਪਣੇ ਨਾਲ ਹੀ ਟਾਕਰਾ ਕਰਕੇ ਮਾਣ ਕਰਨ ਦਾ ਮੌਕਾ ਮਿਲੇਗਾ, ਨਾ ਕਿ ਕਿਸੇ ਦੂਜੇ ਨਾਲ।”​—ਪਵਿੱਤਰ ਬਾਈਬਲ ਨਵਾਂ ਅਨੁਵਾਦ।

ਜਦੋਂ ਦੂਜੇ ਤੁਹਾਡੇ ਤੇ ਹੱਦੋਂ ਵੱਧ ਉਮੀਦਾਂ ਲਾਉਂਦੇ ਹਨ

ਕਈ ਵਾਰ ਦੂਸਰੇ ਤੁਹਾਡੇ ਉੱਤੇ ਉਮੀਦਾਂ ਲਾ ਬੈਠਦੇ ਹਨ, ਜਿਵੇਂ ਕਿ ਤੁਹਾਡੇ ਮਾਪੇ ਅਤੇ ਅਧਿਆਪਕ। ਪਰ ਤੁਹਾਨੂੰ ਪਤਾ ਹੈ ਕਿ ਤੁਹਾਡੀ ਲੱਖ ਕੋਸ਼ਿਸ਼ ਕਰਨ ਤੇ ਵੀ ਤੁਸੀਂ ਉਨ੍ਹਾਂ ਨੂੰ ਖ਼ੁਸ਼ ਨਹੀਂ ਕਰ ਸਕਦੇ। ਤੁਹਾਡਾ ਦਿਲ ਚੂਰ-ਚੂਰ ਹੋ ਜਾਂਦਾ ਹੈ ਜਦੋਂ ਉਹ ਆਪਣੀਆਂ ਗੱਲਾਂ ਦੁਆਰਾ ਜ਼ਾਹਰ ਕਰਦੇ ਹਨ ਕਿ ਤੁਸੀਂ ਉਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। (ਅੱਯੂਬ 19:2) ਉਮੀਦ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਮਾਪੇ ਅਤੇ ਦੂਸਰੇ ਲੋਕ ਤੁਹਾਨੂੰ ਜਾਣ-ਬੁੱਝ ਕੇ ਦੁੱਖ ਨਹੀਂ ਦੇ ਰਹੇ। ਜੈਸਿਕਾ ਦੱਸਦੀ ਹੈ ਕਿ “ਕਈ ਵਾਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀਆਂ ਗੱਲਾਂ ਦਾ ਤੁਹਾਡੇ ਉੱਤੇ ਕੀ ਅਸਰ ਹੋ ਰਿਹਾ ਹੈ। ਕਦੇ-ਕਦੇ ਆਪਸ ਵਿਚ ਗ਼ਲਤਫ਼ਹਿਮੀ ਹੋ ਜਾਂਦੀ ਹੈ।”

ਇਹ ਵੀ ਹੋ ਸਕਦਾ ਹੈ ਕਿ ਉਹ ਤੁਹਾਡੇ ਵਿਚ ਅਜਿਹਾ ਕੋਈ ਗੁਣ ਦੇਖਦੇ ਹਨ ਜੋ ਤੁਹਾਨੂੰ ਖ਼ੁਦ ਨਜ਼ਰ ਨਹੀਂ ਆ ਰਿਹਾ। ਮਿਸਾਲ ਲਈ, ਸ਼ਾਇਦ ਤੁਸੀਂ ਸੱਚ-ਮੁੱਚ ਆਪਣੀ ਕਾਬਲਿਅਤ ਨਹੀਂ ਪਛਾਣਦੇ। ਇਸ ਲਈ ਤੁਹਾਨੂੰ ਉਨ੍ਹਾਂ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਜੀ ਹਾਂ, ਤੁਸੀਂ ਉਨ੍ਹਾਂ ਦੀ ‘ਸਿੱਖਿਆ ਨੂੰ ਸੁਣ ਕੇ ਬੁੱਧਵਾਨ ਬਣੋਗੇ।’ (ਕਹਾਉਤਾਂ 8:33) ਮਾਈਕਲ ਸਮਝਾਉਂਦਾ ਹੈ: “ਉਹ ਤੁਹਾਡੇ ਹੀ ਭਲੇ ਬਾਰੇ ਸੋਚਦੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਆਪਣੇ ਪੈਰਾਂ ਤੇ ਖੜ੍ਹੋ ਅਤੇ ਜ਼ਿੰਦਗੀ ਵਿਚ ਕਾਮਯਾਬ ਹੋਵੋ। ਕਿਉਂ ਨਾ ਤੁਸੀਂ ਇਸ ਬਾਰੇ ਕੁਝ ਕਰਨ ਦਾ ਫ਼ੈਸਲਾ ਕਰੋ।”

ਪਰ ਉਦੋਂ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਲੱਗੇ ਕਿ ਜੋ ਤਰੱਕੀ ਦੀ ਪੌੜੀ ਤੁਹਾਡੇ ਮਾਪਿਆਂ ਤੇ ਦੂਸਰਿਆਂ ਨੇ ਤੁਹਾਡੇ ਲਈ ਖੜ੍ਹੀ ਕੀਤੀ ਹੈ ਉਹ ਸੱਚ-ਮੁੱਚ ਤੁਹਾਡੇ ਲਈ ਜ਼ਿਆਦਾ ਉੱਚੀ ਹੈ ਤੇ ਤੁਸੀਂ ਜ਼ਰੂਰ ਫੇਲ ਹੋ ਜਾਓਗੇ? ਫਿਰ ਚੰਗਾ ਹੋਵੇਗਾ ਜੇਕਰ ਤੁਸੀਂ ਦਿਲ ਖੋਲ੍ਹ ਕੇ ਅਤੇ ਅਦਬ ਨਾਲ ਉਨ੍ਹਾਂ ਦੇ ਨਾਲ ਗੱਲ ਕਰੋ। ਹੋ ਸਕਦਾ ਹੈ ਕਿ ਇਕੱਠੇ ਸੋਚ-ਵਿਚਾਰ ਕਰਨ ਤੋਂ ਬਾਅਦ ਤੁਸੀਂ ਆਪਣੀ ਕਾਬਲਿਅਤ ਅਨੁਸਾਰ ਨਵੇਂ ਟੀਚੇ ਰੱਖ ਸਕੋ।

ਪਰਮੇਸ਼ੁਰ ਦੀ ਸੇਵਾ ਵਿਚ ਫੇਲ

ਯਹੋਵਾਹ ਦੇ ਸੰਗਠਨ ਵਿਚ ਨੌਜਵਾਨਾਂ ਦੀਆਂ ਕਈ ਜ਼ਿੰਮੇਵਾਰੀਆਂ ਹਨ। (2 ਤਿਮੋਥਿਉਸ 4:5) ਸ਼ਾਇਦ ਤੁਸੀਂ ਆਪਣੇ ਆਪ ਨੂੰ ਇਹ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਕਾਬਲ ਨਾ ਸਮਝੋ। ਸ਼ਾਇਦ ਤੁਸੀਂ ਸੋਚਦੇ ਹੋ ਕਿ ਮੀਟਿੰਗਾਂ ਵਿਚ ਤੁਸੀਂ ਵਧੀਆ ਟਿੱਪਣੀਆਂ ਨਹੀਂ ਦੇ ਸਕਦੇ। ਜਾਂ ਸ਼ਾਇਦ ਤੁਹਾਨੂੰ ਦੂਸਰਿਆਂ ਨੂੰ ਬਾਈਬਲ ਦਾ ਸੰਦੇਸ਼ ਸਮਝਾਉਣਾ ਔਖਾ ਲੱਗਦਾ ਹੋਵੇ। ਜੈਸਿਕਾ ਦੀ ਉਦਾਹਰਣ ਵੱਲ ਧਿਆਨ ਦਿਓ। ਉਸ ਨੇ ਇਕ ਲੜਕੀ ਨਾਲ ਬਾਈਬਲ ਸੱਟਡੀ ਸ਼ੁਰੂ ਕੀਤੀ ਅਤੇ ਕੁਝ ਸਮੇਂ ਲਈ ਉਸ ਲੜਕੀ ਨੇ ਕਾਫ਼ੀ ਤਰੱਕੀ ਕੀਤੀ। ਫਿਰ ਅਚਾਨਕ ਹੀ ਉਸ ਨੇ ਫ਼ੈਸਲਾ ਕੀਤਾ ਕਿ ਉਹ ਰੱਬ ਦੀ ਸੇਵਾ ਨਹੀਂ ਕਰਨੀ ਚਾਹੁੰਦੀ ਸੀ। ਜੈਸਿਕਾ ਦੱਸਦੀ ਹੈ: “ਮੈਂ ਸਮਝਦੀ ਸੀ ਕਿ ਮੈਂ ਹੀ ਉਸ ਨੂੰ ਚੰਗੀ ਤਰ੍ਹਾਂ ਨਹੀਂ ਸਿੱਖਾ ਪਾਈ।”

ਆਪਣੇ ਜਜ਼ਬਾਤਾਂ ਨੂੰ ਜੈਸਿਕਾ ਨੇ ਕਿੱਦਾਂ ਕੰਟ੍ਰੋਲ ਕੀਤਾ? ਪਹਿਲਾਂ ਤਾਂ ਇਹ ਜ਼ਰੂਰੀ ਸੀ ਕਿ ਉਸ ਨੂੰ ਇਸ ਗੱਲ ਦਾ ਇਹਸਾਸ ਹੋਵੇ ਕਿ ਉਸ ਲੜਕੀ ਨੇ ਉਸ ਨੂੰ ਨਹੀਂ ਪਰ ਪਰਮੇਸ਼ੁਰ ਨੂੰ ਠੁਕਰਾਇਆ ਸੀ। ਫਿਰ ਜੈਸਿਕਾ ਨੇ ਬਾਈਬਲ ਵਿੱਚੋਂ ਰੱਬ ਦੇ ਸੇਵਕ ਪਤਰਸ ਰਸੂਲ ਦੀ ਮਿਸਾਲ ਉੱਤੇ ਵਿਚਾਰ ਕੀਤਾ। ਪਤਰਸ ਦੀਆਂ ਕਈ ਕਮਜ਼ੋਰੀਆਂ ਸਨ। ਜੈਸਿਕਾ ਸਮਝਾਉਂਦੀ ਹੈ: “ਬਾਈਬਲ ਦੱਸਦੀ ਹੈ ਕਿ ਪਤਰਸ ਨੇ ਆਪਣੀਆਂ ਕਮਜ਼ੋਰੀਆਂ ਸੁਧਾਰੀਆਂ ਅਤੇ ਯਹੋਵਾਹ ਨੇ ਉਸ ਨੂੰ ਪ੍ਰਚਾਰ ਦਾ ਕੰਮ ਅੱਗੇ ਵਧਾਉਣ ਦੇ ਬਹੁਤ ਮੌਕੇ ਦਿੱਤੇ।” (ਲੂਕਾ 22:31-34, 60-62) ਖ਼ੈਰ ਜੇ ਤੁਹਾਨੂੰ ਇਕ ਕਾਬਲ ਸਿੱਖਿਅਕ ਬਣਨ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ, ਤਾਂ ਕਿਉਂ ਨਾ ਤੁਸੀਂ ਆਪਣੀ ਪੂਰੀ ਵਾਹ ਲਾ ਕੇ ਇਸ ਵਿਚ ਕਾਮਯਾਬ ਹੋਵੋ। (1 ਤਿਮੋਥਿਉਸ 4:13) ਕਲੀਸਿਯਾ ਦੇ ਤਜਰਬੇਕਾਰ ਭੈਣਾਂ-ਭਰਾਵਾਂ ਦੀ ਮਦਦ ਲਓ ਜੋ ਤੁਹਾਨੂੰ ਇਸ ਵਿਚ ਸਿੱਖਿਆ ਅਤੇ ਟ੍ਰੇਨਿੰਗ ਦੇ ਸਕਦੇ ਹਨ।

ਸ਼ਾਇਦ ਤੁਹਾਨੂੰ ਘਰ-ਘਰ ਜਾ ਕੇ ਪ੍ਰਚਾਰ ਦਾ ਕੰਮ ਕਰਨਾ ਖ਼ਾਸ ਕਰਕੇ ਔਖਾ ਲੱਗਦਾ ਹੈ। ਜੇਸਨ ਦੱਸਦਾ ਹੈ: “ਜਦੋਂ ਕੋਈ ਵਿਅਕਤੀ ਮੇਰੀ ਗੱਲ ਨਹੀਂ ਸੁਣਨੀ ਚਾਹੁੰਦਾ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੈਂ ਫੇਲ ਹੋ ਗਿਆ ਹਾਂ।” ਫਿਰ ਜੇਸਨ ਕੀ ਕਰਦਾ ਹੈ? “ਮੈਨੂੰ ਆਪਣੇ ਆਪ ਨੂੰ ਇਹ ਗੱਲ ਯਾਦ ਕਰਾਉਣੀ ਪੈਂਦੀ ਹੈ ਕਿ ਮੈਂ ਫੇਲ ਨਹੀਂ ਹੋਇਆ।” ਜੀ ਹਾਂ, ਉਹ ਪਰਮੇਸ਼ੁਰ ਵੱਲੋਂ ਪ੍ਰਚਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ! ਇਹ ਸੱਚ ਹੈ ਕਿ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ ਸਾਨੂੰ ਬਹੁਤ ਦੁੱਖ ਲੱਗਦਾ ਹੈ, ਪਰ ਸਾਰੇ ਵਿਅਕਤੀ ਇਹੋ ਜਿਹੇ ਨਹੀਂ ਹੁੰਦੇ। ਕਈ ਹਨ ਜੋ ਬਾਈਬਲ ਦਾ ਸੰਦੇਸ਼ ਸੁਣਨਾ ਚਾਹੁੰਦੇ ਹਨ। ਜੇਸਨ ਕਹਿੰਦਾ ਹੈ: “ਜਦੋਂ ਮੈਨੂੰ ਰੱਬ ਦੇ ਬਚਨ ਲਈ ਪਿਆਸਾ ਕੋਈ ਇਨਸਾਨ ਮਿਲਦਾ ਹੈ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ।”

ਗੰਭੀਰ ਗ਼ਲਤੀਆਂ

ਉਦੋਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੁਸੀਂ ਕੋਈ ਗੰਭੀਰ ਪਾਪ ਕਰ ਬੈਠਦੇ ਹੋ? ਐਨਾ, ਜੋ 19 ਸਾਲਾਂ ਦੀ ਹੈ, ਅਜਿਹੀ ਗੰਭੀਰ ਗ਼ਲਤੀ ਕਰ ਬੈਠੀ। * ਉਹ ਦੱਸਦੀ ਹੈ: “ਮੈਂ ਕਲੀਸਿਯਾ ਦੇ ਭੈਣਾਂ-ਭਰਾਵਾਂ, ਆਪਣੇ ਪਰਿਵਾਰ ਅਤੇ ਖ਼ਾਸ ਕਰਕੇ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗਿਰ ਗਈ ਸੀ।” ਰੱਬ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਤੋਬਾ ਕਰੋ ਅਤੇ ਕਲੀਸਿਯਾ ਦੇ ਬਜ਼ੁਰਗਾਂ ਦੀ ਮਦਦ ਮੰਗੋ। (ਯਾਕੂਬ 5:14-16) ਐਨਾ ਇਕ ਬਜ਼ੁਰਗ ਦੀ ਗੱਲ ਯਾਦ ਕਰਦੀ ਹੈ: “ਉਸ ਨੇ ਮੈਨੂੰ ਕਿਹਾ ਕਿ ਰਾਜਾ ਦਾਊਦ ਨੇ ਬਹੁਤ ਵੱਡੀਆਂ ਗ਼ਲਤੀਆਂ ਕੀਤੀਆਂ ਸਨ, ਪਰ ਫਿਰ ਵੀ ਯਹੋਵਾਹ ਨੇ ਉਸ ਨੂੰ ਮਾਫ਼ ਕੀਤਾ ਅਤੇ ਦਾਊਦ ਇਕ ਵਾਰ ਫਿਰ ਯਹੋਵਾਹ ਦਾ ਹੱਥ ਫੜ ਕੇ ਚੱਲ ਸਕਿਆ। ਇਨ੍ਹਾਂ ਸ਼ਬਦਾਂ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ।” (2 ਸਮੂਏਲ 12:9, 13; ਜ਼ਬੂਰਾਂ ਦੀ ਪੋਥੀ 32:5) ਯਹੋਵਾਹ ਨਾਲ ਸੁਲ੍ਹਾ ਕਰਨ ਲਈ ਤੁਹਾਨੂੰ ਆਪ ਵੀ ਕੁਝ ਕਰਨ ਦੀ ਲੋੜ ਹੈ। ਐਨਾ ਦੱਸਦੀ ਹੈ ਕਿ “ਮੈਂ ਵਾਰ-ਵਾਰ ਜ਼ਬੂਰਾਂ ਦੀ ਪੋਥੀ ਪੜ੍ਹੀ ਅਤੇ ਮੈਂ ਇਕ ਕਿਤਾਬ ਵਿਚ ਉਹ ਹਵਾਲੇ ਲਿਖੇ ਜਿਨ੍ਹਾਂ ਤੋਂ ਮੈਨੂੰ ਦਿਲਾਸਾ ਮਿਲਿਆ।” ਸਮੇਂ ਦੇ ਬੀਤਨ ਨਾਲ ਅਸੀਂ ਫਿਰ ਤੋਂ ਪਰਮੇਸ਼ੁਰ ਦੀ ਸੇਵਾ ਵਿਚ ਮਜ਼ਬੂਤ ਹੋ ਸਕਾਂਗੇ। ਕਹਾਉਤਾਂ 24:16 ਦਾ ਹਵਾਲਾ ਕਹਿੰਦਾ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।”

ਅਸਫ਼ਲਤਾ ਦੇ ਬਾਵਜੂਦ ਸਫ਼ਲ ਹੋਣਾ

ਛੋਟੀਆਂ-ਛੋਟੀਆਂ ਗ਼ਲਤੀਆਂ ਕਰ ਕੇ ਵੀ ਤੁਸੀਂ ਨਿਰਾਸ਼ ਹੋ ਸਕਦੇ ਹੋ। ਪਰ ਇਨ੍ਹਾਂ ਤੋਂ ਤੁਸੀਂ ਸਿੱਖ ਕੇ ਜ਼ਿੰਦਗੀ ਵਿਚ ਅੱਗੇ ਕਿਵੇਂ ਵਧ ਸਕਦੇ ਹੋ? ਪਹਿਲਾਂ ਤਾਂ ਤੁਹਾਨੂੰ ਆਪਣੀਆਂ ਗ਼ਲਤੀਆਂ ਕਬੂਲ ਕਰਨ ਦੀ ਲੋੜ ਹੈ। ਮਾਈਕਲ ਇਹ ਸਲਾਹ ਦਿੰਦਾ ਹੈ: “ਇਹ ਸੋਚਣ ਦੀ ਬਜਾਇ ਕਿ ਤੁਸੀਂ ਬਿਲਕੁਲ ਨਕਮੇ ਹੋ, ਕਿਉਂ ਨਾ ਇਸ ਗੱਲ ਦੀ ਜਾਂਚ ਕਰੋ ਕਿ ਤੁਸੀਂ ਕਿਹੜਾ ਕੰਮ ਨਹੀਂ ਕਰ ਸਕੇ, ਕਿਸ ਗੱਲ ਵਿਚ ਤੁਸੀਂ ਫੇਲ ਹੋਏ ਅਤੇ ਇਸ ਦਾ ਕਾਰਨ ਕੀ ਸੀ। ਇਸ ਤਰ੍ਹਾਂ ਕਰਨ ਨਾਲ ਤੁਸੀਂ ਦੁਬਾਰਾ ਇਹ ਗ਼ਲਤੀ ਨਹੀਂ ਕਰੋਗੇ।”

ਇਹ ਵੀ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਬਾਰੇ ਜ਼ਰੂਰਤ ਤੋਂ ਜ਼ਿਆਦਾ ਨਾ ਸੋਚੋ। ਬਾਈਬਲ ਦੱਸਦੀ ਹੈ ਕਿ ‘ਹੱਸਣ ਦਾ ਵੀ ਵੇਲਾ’ ਹੁੰਦਾ ਹੈ। ਇਸ ਲਈ ਜੇ ਤੁਸੀਂ ਆਪਣੀ ਗੱਲ ਨੂੰ ਹਾਸੇ ਵਿਚ ਪਾ ਸਕੋ, ਤਾਂ ਉਸ ਨੂੰ ਤੁਸੀਂ ਜਲਦੀ ਹੀ ਭੁਲ ਜਾਓਗੇ। (ਉਪਦੇਸ਼ਕ ਦੀ ਪੋਥੀ 3:4) ਜੇਕਰ ਤੁਸੀਂ ਉਦਾਸ ਹੋ, ਤਾਂ ਕਿਉਂ ਨਾ ਉਸ ਕੰਮ ਨੂੰ ਹੱਥ ਪਾਓ ਜੋ ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਹੋ, ਕਿਉਂ ਨਾ ਕੋਈ ਹਾਬੀ ਜਾਂ ਖੇਡਾਂ ਵੱਲ ਆਪਣਾ ਧਿਆਨ ਲਗਾਓ। “ਸ਼ੁਭ ਕਰਮਾਂ ਵਿੱਚ ਧਨੀ” ਹੋ ਕੇ ਯਾਨੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਵੀ ਤੁਸੀਂ ਖ਼ੁਸ਼ੀ ਪਾਵੋਗੇ।​—1 ਤਿਮੋਥਿਉਸ 6:18.

ਅਖ਼ੀਰ ਵਿਚ ਇਹ ਗੱਲ ਕਦੇ ਨਾ ਭੁਲੋ ਕਿ “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ . . . ਉਹ ਸਦਾ ਨਹੀਂ ਝਿੜਕੇਗਾ।” (ਜ਼ਬੂਰਾਂ ਦੀ ਪੋਥੀ 103:8, 9) ਜੈਸਿਕਾ ਆਪਣਾ ਦਿਲ ਖੋਲ੍ਹ ਕੇ ਦੱਸਦੀ ਹੈ: “ਮੈਂ ਇਵੇਂ ਮਹਿਸੂਸ ਕਰਦੀ ਹਾਂ ਕਿ ਮੈਂ ਜਿੰਨਾ ਯਹੋਵਾਹ ਦੇ ਪਾਸ ਜਾਂਦੀ ਹਾਂ, ਉੱਨਾ ਹੀ ਜ਼ਿਆਦਾ ਮੈਨੂੰ ਉਸ ਦੇ ਸਹਾਰੇ ਦਾ ਇਹਸਾਸ ਹੁੰਦਾ ਹੈ।” ਜੀ ਹਾਂ, ਇਸ ਗੱਲ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਵੀ ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ! (g04 11/22)

[ਫੁਟਨੋਟ]

^ ਪੈਰਾ 23 ਇਸ ਲੜਕੀ ਦਾ ਨਾਂ ਬਦਲਿਆ ਗਿਆ ਹੈ।

[ਸਫ਼ੇ 24 ਉੱਤੇ ਤਸਵੀਰ]

ਜੇਕਰ ਤੁਹਾਨੂੰ ਲੱਗੇ ਕਿ ਦੂਜੇ ਤੁਹਾਡੇ ਉੱਤੇ ਹੱਦੋਂ ਵੱਧ ਉਮੀਦਾਂ ਲਾਈ ਰੱਖਦੇ ਹਨ, ਤਾਂ ਅਦਬ ਨਾਲ ਉਨ੍ਹਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ

[ਸਫ਼ੇ 25 ਉੱਤੇ ਤਸਵੀਰ]

ਉਹ ਕੰਮ ਕਰਨ ਵਿਚ ਜੋ ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਹੋ ਕੁਝ ਹੱਦ ਤਕ ਤੁਹਾਡੀ ਨਿਰਾਸ਼ਾ ਦੂਰ ਹੋ ਜਾਵੇਗੀ