ਗਲਾਕੋਮਾ—ਨਜ਼ਰਾਂ ਦਾ ਚੋਰ
ਗਲਾਕੋਮਾ—ਨਜ਼ਰਾਂ ਦਾ ਚੋਰ
ਕੁਝ ਚਿਰ ਲਈ ਆਪਣੀਆਂ ਅੱਖਾਂ ਇਸ ਵਾਕ ਦੇ ਆਖ਼ਰੀ ਸ਼ਬਦ ਉੱਤੇ ਟਿਕਾਈ ਰੱਖੋ। ਬਿਨਾਂ ਅੱਖਾਂ ਘੁਮਾਏ, ਕੀ ਤੁਸੀਂ ਇਸ ਰਸਾਲੇ ਦੇ ਉੱਪਰ, ਥੱਲੇ, ਖੱਬੇ ਤੇ ਸੱਜੇ ਪਾਸੇ ਦੀਆਂ ਚੀਜ਼ਾਂ ਦੇਖ ਸਕਦੇ ਹੋ? ਤੁਸੀਂ ਸ਼ਾਇਦ ਕਹੋ, ਹਾਂ ਦੇਖ ਸਕਦਾ ਹਾਂ। ਸਿੱਧਾ ਦੇਖਦੇ ਹੋਏ ਚਾਰੇ ਪਾਸੇ ਦੀਆਂ ਚੀਜ਼ਾਂ ਦੇਖਣ ਦੀ ਸਮਰਥਾ ਨੂੰ ਪੈਰੀਫ਼ਰਲ ਵਿਯਨ ਕਹਿੰਦੇ ਹਨ। ਇਸੇ ਸਮਰਥਾ ਸਦਕਾ ਅਸੀਂ ਖੱਬਿਓਂ ਜਾਂ ਸੱਜਿਓਂ ਆਉਂਦੇ ਕਿਸੇ ਸ਼ੱਕੀ ਬੰਦੇ ਨੂੰ ਦੇਖ ਕੇ ਝੱਟ ਚੁਕੰਨੇ ਹੋ ਜਾਂਦੇ ਹਾਂ, ਰਾਹ ਵਿਚ ਪਏ ਪੱਥਰ ਨਾਲ ਠੇਡਾ ਨਹੀਂ ਖਾਂਦੇ ਤੇ ਚੱਲਦੇ-ਚੱਲਦੇ ਕੰਧਾਂ ਨਾਲ ਨਹੀਂ ਟਕਰਾਉਂਦੇ। ਇਸੇ ਤਰ੍ਹਾਂ, ਗੱਡੀ ਚਲਾਉਂਦੇ ਸਮੇਂ ਜੇ ਕੋਈ ਰਾਹਗੀਰ ਅਚਾਨਕ ਸੜਕ ਤੇ ਆ ਜਾਵੇ, ਤਾਂ ਤੁਹਾਡਾ ਪੈਰੀਫ਼ਰਲ ਵਿਯਨ ਤੁਹਾਨੂੰ ਤੁਰੰਤ ਚੁਕੰਨਾ ਕਰ ਦਿੰਦਾ ਹੈ।
ਪਰ ਸੰਭਵ ਹੈ ਕਿ ਇਹ ਸਫ਼ਾ ਪੜ੍ਹਦੇ ਸਮੇਂ ਵੀ ਤੁਹਾਡਾ ਪੈਰੀਫ਼ਰਲ ਵਿਯਨ ਘੱਟ ਰਿਹਾ ਹੋਵੇ ਤੇ ਤੁਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹੋਵੋ। ਡਾਕਟਰਾਂ ਦਾ ਅੰਦਾਜ਼ਾ ਹੈ ਕਿ ਦੁਨੀਆਂ ਭਰ ਦੇ ਲਗਭਗ 6 ਕਰੋੜ 60 ਲੱਖ ਲੋਕ ਗਲਾਕੋਮਾ ਤੋਂ ਪੀੜਿਤ ਹਨ। ਇਨ੍ਹਾਂ ਵਿੱਚੋਂ 50 ਲੱਖ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਕਰਕੇ ਪੂਰੀ ਤਰ੍ਹਾਂ ਅੰਨ੍ਹੇ ਹੋ ਗਏ ਹਨ। ਗਲਾਕੋਮਾ ਅੱਖਾਂ ਦੀਆਂ ਕਈ ਪ੍ਰਕਾਰ ਦੀਆਂ ਬੀਮਾਰੀਆਂ ਦਾ ਨਾਂ ਹੈ। ਅੱਜ ਗਲਾਕੋਮਾ ਅੰਨ੍ਹੇਪਣ ਦਾ ਤੀਸਰਾ ਮੁੱਖ ਕਾਰਨ ਬਣ ਚੁੱਕਾ ਹੈ। ਫਿਰ ਵੀ ਮੈਡੀਕਲ ਰਸਾਲੇ ਦ ਲਾਂਸੈਟ ਅਨੁਸਾਰ, “ਅਮੀਰ ਦੇਸ਼ਾਂ ਵਿਚ ਲੋਕਾਂ ਨੂੰ ਗਲਾਕੋਮਾ ਬਾਰੇ ਸਿੱਖਿਆ ਦੇਣ ਦੀਆਂ ਮੁਹਿੰਮਾਂ ਚਲਾਉਣ ਦੇ ਬਾਵਜੂਦ ਗਲਾਕੋਮਾ ਦੇ ਅੱਧੇ ਕੁ ਮਰੀਜ਼ਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਇਹ ਬੀਮਾਰੀ ਹੈ।”
ਗਲਾਕੋਮਾ ਕਿਨ੍ਹਾਂ ਨੂੰ ਹੁੰਦਾ ਹੈ? ਇਸ ਦਾ ਪਤਾ ਕਿਵੇਂ ਚੱਲਦਾ ਹੈ ਤੇ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਗਲਾਕੋਮਾ ਕੀ ਹੁੰਦਾ ਹੈ?
ਇਸ ਬੀਮਾਰੀ ਨੂੰ ਸਮਝਣ ਲਈ ਸਾਨੂੰ ਪਹਿਲਾਂ ਆਪਣੀਆਂ ਅੱਖਾਂ ਦੀ ਬਣਤਰ ਬਾਰੇ ਜਾਣਨ ਦੀ ਲੋੜ ਹੈ। ਆਸਟ੍ਰੇਲੀਆ ਵਿਚ ਗਲਾਕੋਮਾ ਫਾਉਂਡੇਸ਼ਨ ਦੁਆਰਾ ਛਾਪਿਆ ਗਿਆ ਇਕ ਬਰੋਸ਼ਰ ਦੱਸਦਾ ਹੈ: “ਜਿਵੇਂ ਕਾਰ ਦੇ ਪਹੀਏ ਜਾਂ ਗੁਬਾਰੇ ਨੂੰ ਹਵਾ ਦੇ ਦਬਾਅ ਨਾਲ ਫੁਲਾਇਆ ਜਾਂਦਾ ਹੈ, ਉਸੇ ਤਰ੍ਹਾਂ ਨਰਮ ਟਿਸ਼ੂਆਂ ਦੀ ਬਣੀ ਅੱਖ ਦੇ ਗੋਲ ਆਕਾਰ ਨੂੰ ਦ੍ਰਵ ਦੇ ਦਬਾਅ ਨਾਲ ਬਰਕਰਾਰ ਰੱਖਿਆ ਜਾਂਦਾ ਹੈ।” ਅੱਖ ਅੰਦਰ ‘ਸਿਲਿਅਰੀ ਬਾਡੀ’ ਨਾਂ ਦਾ ਪੰਪ ਲਹੂ ਦੀਆਂ ਨਾੜੀਆਂ ਤੋਂ ਐਕੁਅਸ ਹਿਊਮਰ ਨਾਮਕ ਦ੍ਰਵ ਕੱਢ ਕੇ ਅੱਖ ਵਿਚ ਭੇਜਦਾ ਹੈ। “ਇਹ ਦ੍ਰਵ ਅੱਖ ਦੇ ਪਿਛਲੇ ਹਿੱਸਿਆਂ ਨੂੰ ਪੋਸ਼ਿਤ ਕਰਦਾ ਹੈ ਅਤੇ ਫਿਰ ਅੱਖ ਦੇ ਅਗਲੇ ਹਿੱਸੇ ਵਿਚ ਮੌਜੂਦ ਬਾਰੀਕ ਨਾਲੀਆਂ (trabecular meshwork) ਰਾਹੀਂ ਮੁੜ ਲਹੂ ਨਾੜੀਆਂ ਵਿਚ ਚਲਾ ਜਾਂਦਾ ਹੈ।”
ਜੇ ਇਹ ਬਾਰੀਕ ਨਾਲੀਆਂ ਕਿਸੇ ਕਾਰਨ ਬੰਦ ਹੋ ਜਾਣ ਜਾਂ ਤੰਗ ਹੋ ਜਾਣ, ਤਾਂ ਅੱਖ ਅੰਦਰਲਾ ਦਬਾਅ ਵਧ ਜਾਂਦਾ ਹੈ ਅਤੇ ਅੱਖ ਦੇ ਪਿਛਲੇ ਖ਼ਾਨੇ ਵਿਚਲੇ ਨਾਜ਼ੁਕ ਤੰਤੂ ਨੁਕਸਾਨੇ ਜਾਂਦੇ ਹਨ। ਇਸ ਬੀਮਾਰੀ ਨੂੰ ਓਪਨ-ਐਂਗਲ ਗਲਾਕੋਮਾ ਕਹਿੰਦੇ ਹਨ ਅਤੇ ਲਗਭਗ 90 ਪ੍ਰਤਿਸ਼ਤ ਮਰੀਜ਼ਾਂ ਨੂੰ ਇਹੋ ਸ਼ਿਕਾਇਤ ਹੁੰਦੀ ਹੈ।
ਅੱਖ ਅੰਦਰਲੇ ਦਬਾਅ ਨੂੰ ਇੰਟ੍ਰਾਓਕੂਲਰ ਪ੍ਰੈਸ਼ਰ (IOP) ਕਹਿੰਦੇ ਹਨ। ਇਹ ਦਬਾਅ ਕਈ ਕਾਰਨਾਂ ਕਰਕੇ ਘੱਟ-ਵਧ ਸਕਦਾ ਹੈ ਜਿਵੇਂ ਕਿ ਤੁਹਾਡੇ ਦਿਲ ਦੀ ਧੜਕਣ ਦੀ ਰਫ਼ਤਾਰ ਕਿੰਨੀ ਹੈ, ਤੁਸੀਂ ਕਿੰਨਾ ਕੁ ਪਾਣੀ ਪੀਂਦੇ ਹੋ ਅਤੇ ਤੁਸੀਂ ਖੜ੍ਹੇ ਹੋ, ਬੈਠੇ ਹੋ ਜਾਂ ਲੇਟੇ ਹੋਏ ਹੋ। ਇਸ ਦਬਾਅ ਦੇ ਕੁਦਰਤੀ ਉਤਾਰ-ਚੜ੍ਹਾਅ ਨਾਲ ਅੱਖ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਕਿਸੇ ਦੀ ਅੱਖ ਵਿਚ ਜ਼ਿਆਦਾ ਦਬਾਅ ਹੋਣ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਗਲਾਕੋਮਾ ਹੈ ਕਿਉਂਕਿ ਹਰ ਵਿਅਕਤੀ ਦੀ ਅੱਖ ਦਾ “ਸਾਧਾਰਣ” ਦਬਾਅ ਵੱਖੋ-ਵੱਖਰਾ ਹੁੰਦਾ ਹੈ। ਤਾਂ ਵੀ ਅੱਖ ਵਿਚ ਜ਼ਿਆਦਾ ਦਬਾਅ ਹੋਣਾ ਗਲਾਕੋਮਾ ਦਾ ਸੰਕੇਤ ਹੋ ਸਕਦਾ ਹੈ।
ਇਕ ਅਸਾਧਾਰਣ ਕਿਸਮ ਦੇ ਗਲਾਕੋਮਾ ਨੂੰ ਅਕਿਊਟ ਜਾਂ ਐਂਗਲ-ਕਲੋਸ਼ਰ ਗਲਾਕੋਮਾ ਕਹਿੰਦੇ ਹਨ। ਓਪਨ-ਐਂਗਲ ਗਲਾਕੋਮਾ ਦੇ ਉਲਟ, ਇਸ ਹਾਲਤ ਵਿਚ ਅੱਖ ਅੰਦਰਲਾ ਦਬਾਅ ਅਚਾਨਕ ਵਧ ਜਾਂਦਾ ਹੈ। ਇਸ ਨਾਲ ਅੱਖ ਵਿਚ ਬਹੁਤ ਪੀੜ ਹੁੰਦੀ ਹੈ, ਨਜ਼ਰ ਧੁੰਦਲੀ ਹੋ ਜਾਂਦੀ ਹੈ ਅਤੇ ਉਲਟੀਆਂ ਆਉਂਦੀਆਂ ਹਨ। ਜੇ ਇਨ੍ਹਾਂ ਅਲਾਮਤਾਂ ਦੇ ਸ਼ੁਰੂ ਹੋਣ ਦੇ ਕੁਝ ਹੀ ਘੰਟਿਆਂ ਅੰਦਰ ਇਲਾਜ ਨਾ ਕਰਾਇਆ ਜਾਵੇ, ਤਾਂ ਅਕਸਰ ਮਰੀਜ਼ ਪੂਰੀ ਤਰ੍ਹਾਂ ਅੰਨ੍ਹਾ ਹੋ ਜਾਂਦਾ ਹੈ। ਇਕ ਹੋਰ ਕਿਸਮ ਨੂੰ ਸੈਕੰਡਰੀ ਗਲਾਕੋਮਾ ਕਹਿੰਦੇ ਹਨ। ਇਸ ਹਾਲਤ ਵਿਚ ਅੱਖ ਵਿਚਲਾ ਦਬਾਅ ਰਸੌਲੀ, ਮੋਤੀਆਬਿੰਦ ਜਾਂ ਸੱਟ ਲੱਗਣ ਕਰਕੇ ਵਧ ਜਾਂਦਾ ਹੈ। ਕੁਝ ਲੋਕ ਇਕ ਚੌਥੇ ਕਿਸਮ ਦੇ ਗਲਾਕੋਮਾ ਦੇ ਸ਼ਿਕਾਰ ਹੁੰਦੇ ਹਨ। ਇਸ ਹਾਲਤ ਵਿਚ ਮਰੀਜ਼ ਦੀਆਂ ਅੱਖਾਂ ਵਿਚ ਜਮਾਂਦਰੂ ਨੁਕਸ ਹੁੰਦਾ ਹੈ। ਇਹ ਨੁਕਸ ਜਨਮ ਵੇਲੇ ਮੌਜੂਦ ਹੁੰਦਾ ਹੈ ਜਾਂ ਜਨਮ ਤੋਂ ਕੁਝ ਸਮੇਂ ਬਾਅਦ ਪੈਦਾ ਹੋ ਜਾਂਦਾ ਹੈ। ਜੇ ਬੱਚੇ ਦੀਆਂ ਅੱਖਾਂ ਆਮ ਨਾਲੋਂ ਵੱਡੀਆਂ ਹਨ ਅਤੇ ਰੌਸ਼ਨੀ ਨਹੀਂ ਸਹਾਰ ਸਕਦੀਆਂ, ਤਾਂ ਇਹ ਜਮਾਂਦਰੂ ਗਲਾਕੋਮਾ ਦੀ ਨਿਸ਼ਾਨੀ ਹੈ।
ਨਜ਼ਰਾਂ ਦਾ “ਚੋਰ”—ਉਹ ਕਿਵੇਂ?
ਗਲਾਕੋਮਾ ਸਾਡੀ ਇਕ ਅੱਖ ਦੀ 90 ਫੀ ਸਦੀ ਰੌਸ਼ਨੀ ਚੁਰਾ ਸਕਦਾ ਹੈ ਜਿਸ ਦਾ ਸਾਨੂੰ ਸ਼ਾਇਦ ਪਤਾ ਵੀ ਨਾ ਲੱਗੇ। ਤੁਸੀਂ ਸ਼ਾਇਦ ਪੁੱਛੋਗੇ ਕਿ ਇਹ ਕਿੱਦਾਂ ਹੋ ਸਕਦਾ ਹੈ। ਕੁਦਰਤੀ ਤੌਰ ਤੇ, ਮਨੁੱਖੀ ਅੱਖ ਦੇ ਰੈਟਿਨਾ ਉੱਤੇ ਇਕ ਅੰਨ੍ਹਾ ਸਥਾਨ (blind spot) ਹੁੰਦਾ ਹੈ। ਇਹ ਉਹ ਹਿੱਸਾ ਹੈ ਜਿੱਥੇ ਅੱਖਾਂ ਦੇ ਸਾਰੇ ਰੇਸ਼ੇਦਾਰ ਤੰਤੂ ਮਿਲ ਕੇ ਆਪਟਿਕ ਨਰਵ ਬਣਦੇ ਹਨ ਅਤੇ ਇੱਥੇ ਰੌਸ਼ਨੀ ਤੋਂ ਉਤੇਜਿਤ ਹੋਣ ਵਾਲੇ ਸੈੱਲ ਨਹੀਂ ਹੁੰਦੇ।
ਪਰ ਅਸੀਂ ਇਸ ਅੰਨ੍ਹੇ ਸਥਾਨ ਤੋਂ ਬੇਖ਼ਬਰ ਰਹਿੰਦੇ ਹਾਂ ਕਿਉਂਕਿ ਅੱਖ ਦੁਆਰਾ ਦੇਖੀ ਗਈ ਅਧੂਰੀ ਤਸਵੀਰ ਨੂੰ ਸਾਡਾ ਦਿਮਾਗ਼ ਪੂਰਾ ਕਰ ਦਿੰਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਦਿਮਾਗ਼ ਦੀ ਇਸੇ ਕਾਬਲੀਅਤ ਕਰਕੇ ਹੀ ਅੱਜ ਗਲਾਕੋਮਾ ਇੰਨਾ ਵੱਡਾ ਖ਼ਤਰਾ ਬਣਿਆ ਹੋਇਆ ਹੈ।ਆਸਟ੍ਰੇਲੀਆ ਵਿਚ ਅੱਖਾਂ ਦੇ ਇਕ ਪ੍ਰਸਿੱਧ ਡਾਕਟਰ ਆਇਵਨ ਗੋਲਡਬਰਗ ਨੇ ਜਾਗਰੂਕ ਬਣੋ! ਰਸਾਲੇ ਨੂੰ ਦੱਸਿਆ: “ਗਲਾਕੋਮਾ ਨੂੰ ਨਜ਼ਰਾਂ ਦਾ ਚੁੱਪ-ਚੁਪੀਤਾ ਚੋਰ ਕਿਹਾ ਜਾਂਦਾ ਹੈ ਕਿਉਂਕਿ ਇਹ ਕੋਈ ਵੀ ਚੇਤਾਵਨੀ ਨਹੀਂ ਦਿੰਦਾ। ਸਭ ਤੋਂ ਆਮ ਕਿਸਮ ਦਾ ਗਲਾਕੋਮਾ ਅੱਖ ਨੂੰ ਦਿਮਾਗ਼ ਨਾਲ ਜੋੜਨ ਵਾਲੇ ਤੰਤੂਆਂ ਨੂੰ ਹੌਲੀ-ਹੌਲੀ ਤੇ ਲਗਾਤਾਰ ਨੁਕਸਾਨ ਪਹੁੰਚਾਉਂਦਾ ਹੈ, ਪਰ ਇਸ ਦੀ ਕੋਈ ਅਲਾਮਤ ਨਜ਼ਰ ਨਹੀਂ ਆਉਂਦੀ। ਇਨ੍ਹਾਂ ਗੱਲਾਂ ਦਾ ਗਲਾਕੋਮਾ ਨਾਲ ਕੋਈ ਸੰਬੰਧ ਨਹੀਂ ਕਿ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਜਾਂ ਨਹੀਂ, ਉਨ੍ਹਾਂ ਵਿਚ ਖ਼ੁਸ਼ਕੀ ਹੈ ਜਾਂ ਨਮੀ, ਤੁਹਾਨੂੰ ਪੜ੍ਹਨ-ਲਿਖਣ ਵੇਲੇ ਚੰਗੀ ਤਰ੍ਹਾਂ ਨਜ਼ਰ ਆਉਂਦਾ ਹੈ ਜਾਂ ਨਹੀਂ। ਤੁਹਾਡੀਆਂ ਅੱਖਾਂ ਗਲਾਕੋਮਾ ਕਰਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹੋਣ ਦੇ ਬਾਵਜੂਦ ਵੀ ਤੁਹਾਨੂੰ ਆਪਣੀ ਨਜ਼ਰ ਬਿਲਕੁਲ ਸਹੀ ਲੱਗ ਸਕਦੀ ਹੈ।”
ਚੋਰ ਨੂੰ ਫੜਨਾ
ਦੁੱਖ ਦੀ ਗੱਲ ਹੈ ਕਿ ਗਲਾਕੋਮਾ ਦਾ ਪਤਾ ਲਗਾਉਣ ਦਾ ਅਜੇ ਤਕ ਕੋਈ ਵੀ ਇਕ ਪੱਕਾ ਟੈੱਸਟ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਅੱਖਾਂ ਦਾ ਡਾਕਟਰ ਟੋਨੋਮੀਟਰ ਨਾਂ ਦੇ ਉਪਕਰਣ ਨਾਲ ਅੱਖਾਂ ਦੇ ਪਾਣੀ ਦਾ ਦਬਾਅ ਚੈੱਕ ਕਰਦਾ ਹੈ। ਇਸ ਯੰਤਰ ਨਾਲ ਡਾਕਟਰ ਅੱਖ ਦੇ ਅਗਲੇ ਹਿੱਸੇ ਯਾਨੀ ਕਾਰਨੀਆ ਨੂੰ ਹੌਲੀ-ਹੌਲੀ ਦਬਾਉਂਦਾ ਹੈ। ਕਾਰਨੀਆ ਨੂੰ ਦਬਾਉਣ ਲਈ ਕਿੰਨਾ ਕੁ ਜ਼ੋਰ ਲਾਉਣਾ ਪੈਂਦਾ ਹੈ, ਇਸ ਨਾਲ ਤੁਹਾਡੀ ਅੱਖ ਵਿਚਲੇ ਦਬਾਅ ਦਾ ਪਤਾ ਲੱਗ ਸਕਦਾ ਹੈ। ਡਾਕਟਰ ਸ਼ਾਇਦ ਖ਼ਾਸ ਯੰਤਰਾਂ ਦੀ ਮਦਦ ਨਾਲ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰੇ ਕਿ ਅੱਖ ਨੂੰ ਦਿਮਾਗ਼ ਨਾਲ ਜੋੜਨ ਵਾਲੇ ਤੰਤੂ ਨੁਕਸਾਨੇ ਗਏ ਹਨ ਜਾਂ ਨਹੀਂ। ਡਾ. ਗੋਲਡਬਰਗ ਦਾ ਕਹਿਣਾ ਹੈ: “ਅਸੀਂ ਦੇਖਦੇ ਹਾਂ ਕਿ ਅੱਖ ਦੇ ਪਿਛਲੇ ਹਿੱਸੇ ਵਿਚ ਤੰਤੂ ਜਾਂ ਲਹੂ ਨਾੜੀਆਂ ਆਮ ਨਾਲੋਂ ਵੱਖਰੇ ਆਕਾਰ ਦੀਆਂ ਹਨ ਜਾਂ ਨਹੀਂ। ਅਸਾਧਾਰਣ ਆਕਾਰ ਦੇ ਤੰਤੂ ਜਾਂ ਨਾੜੀਆਂ ਇਸ ਗੱਲ ਦਾ ਸੰਕੇਤ ਹੋ ਸਕਦੇ ਹਨ ਕਿ ਅੱਖਾਂ ਦੇ ਤੰਤੂ ਨੁਕਸਾਨੇ ਗਏ ਹਨ।”
ਨਜ਼ਰ ਦੇ ਖੇਤਰ ਨੂੰ ਪਰਖਣ ਨਾਲ ਵੀ ਗਲਾਕੋਮਾ ਦਾ ਪਤਾ ਲੱਗ ਸਕਦਾ ਹੈ। ਡਾ. ਗੋਲਡਬਰਗ ਇਸ ਟੈੱਸਟ ਬਾਰੇ ਦੱਸਦਾ ਹੈ: “ਮਰੀਜ਼ ਗੋਲ ਕਟੋਰੇ ਵਿਚ ਦੇਖਦਾ
ਹੈ ਜਿਸ ਵਿਚ ਸਫ਼ੈਦ ਰੌਸ਼ਨੀ ਚਮਕਾਈ ਜਾਂਦੀ ਹੈ। ਫਿਰ ਉਸ ਤੋਂ ਵੀ ਜ਼ਿਆਦਾ ਸਫ਼ੈਦ ਰੌਸ਼ਨੀ ਦੀਆਂ ਬਾਰੀਕ ਕਿਰਨਾਂ ਕਟੋਰੇ ਵਿਚ ਚਮਕਾਈਆਂ ਜਾਂਦੀਆਂ ਹਨ। ਰੌਸ਼ਨੀ ਦੀਆਂ ਇਹ ਕਿਰਨਾਂ ਨਜ਼ਰ ਆਉਣ ਤੇ ਵਿਅਕਤੀ ਬਟਨ ਦੱਬ ਦਿੰਦਾ ਹੈ।” ਜੇ ਵਿਅਕਤੀ ਬਿਨਾਂ ਅੱਖਾਂ ਘੁਮਾਏ ਕਟੋਰੇ ਦੇ ਬਾਹਰੀ ਸਿਰਿਆਂ ਤੇ ਚਮਕਦੀਆਂ ਰੌਸ਼ਨੀ ਦੀਆਂ ਸਫ਼ੈਦ ਕਿਰਨਾਂ ਨਹੀਂ ਦੇਖ ਪਾਉਂਦਾ ਹੈ, ਤਾਂ ਇਹ ਗਲਾਕੋਮਾ ਦੀ ਨਿਸ਼ਾਨੀ ਹੋ ਸਕਦਾ ਹੈ। ਨਜ਼ਰ ਦਾ ਖੇਤਰ ਪਰਖਣ ਦੀ ਇਹ ਪ੍ਰਕ੍ਰਿਆ ਬਹੁਤ ਹੀ ਅਕਾਊ ਹੈ, ਇਸ ਲਈ ਇਸ ਕੰਮ ਨੂੰ ਆਸਾਨ ਬਣਾਉਣ ਲਈ ਨਵੇਂ ਯੰਤਰਾਂ ਦੀ ਕਾਢ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਕਿਨ੍ਹਾਂ ਨੂੰ ਗਲਾਕੋਮਾ ਹੋਣ ਦਾ ਖ਼ਤਰਾ ਹੈ?
ਪੌਲ 40 ਕੁ ਸਾਲਾਂ ਦਾ ਹੱਟਾ-ਕੱਟਾ ਆਦਮੀ ਹੈ। ਉਹ ਦੱਸਦਾ ਹੈ: “ਜਦੋਂ ਮੈਂ ਨਵੀਆਂ ਐਨਕਾਂ ਬਣਵਾਉਣ ਲਈ ਡਾਕਟਰ ਕੋਲ ਗਿਆ, ਤਾਂ ਮੇਰੀਆਂ ਅੱਖਾਂ ਟੈੱਸਟ ਕਰਦੇ ਵੇਲੇ ਉਸ ਨੇ ਮੈਨੂੰ ਪੁੱਛਿਆ ਕਿ ਮੇਰੇ ਘਰ ਵਿਚ ਕਿਸੇ ਨੂੰ ਗਲਾਕੋਮਾ ਦੀ ਸ਼ਿਕਾਇਤ ਤਾਂ ਨਹੀਂ। ਘਰ ਦਿਆਂ ਕੋਲੋਂ ਪੁੱਛਣ ਤੇ ਮੈਨੂੰ ਪਤਾ ਲੱਗਾ ਕਿ ਮੇਰੀ ਇਕ ਮਾਸੀ ਤੇ ਮਾਮੇ ਨੂੰ ਗਲਾਕੋਮਾ ਸੀ। ਇਹ ਜਾਣਕਾਰੀ ਮਿਲਣ ਤੇ ਡਾਕਟਰ ਨੇ ਮੈਨੂੰ ਅੱਖਾਂ ਦੇ ਮਾਹਰ ਕੋਲ ਭੇਜ ਦਿੱਤਾ ਜਿਸ ਨੇ ਪੱਕੇ ਤੌਰ ਤੇ ਦੱਸ ਦਿੱਤਾ ਕਿ ਮੈਨੂੰ ਗਲਾਕੋਮਾ ਸੀ।” ਡਾ. ਗੋਲਡਬਰਗ ਦਾ ਕਹਿਣਾ ਹੈ: “ਜੇ ਤੁਹਾਡੇ ਮਾਤਾ ਜਾਂ ਪਿਤਾ ਨੂੰ ਗਲਾਕੋਮਾ ਹੈ, ਤਾਂ ਤੁਹਾਨੂੰ ਇਹ ਬੀਮਾਰੀ ਹੋਣ ਦੀ ਸੰਭਾਵਨਾ ਤਿੰਨ ਤੋਂ ਪੰਜ ਗੁਣਾ ਵਧ ਜਾਂਦੀ ਹੈ। ਜੇ ਤੁਹਾਡੇ ਭਰਾ ਜਾਂ ਭੈਣ ਨੂੰ ਗਲਾਕੋਮਾ ਹੈ, ਤਾਂ ਇਹ ਸੰਭਾਵਨਾ ਪੰਜ ਤੋਂ ਸੱਤ ਗੁਣਾ ਜ਼ਿਆਦਾ ਹੁੰਦੀ ਹੈ।”
ਅਮਰੀਕਾ ਵਿਚ ਗਲਾਕੋਮਾ ਫਾਉਂਡੇਸ਼ਨ ਦੇ ਡਾ. ਕੈਵਨ ਗ੍ਰੀਨਿਜ ਨੇ ਗਲਾਕੋਮਾ ਦੇ ਹੋਰ ਕਈ ਕਾਰਨ ਦੱਸੇ: “ਤੁਹਾਨੂੰ ਸਾਲ ਵਿਚ ਇਕ ਵਾਰ ਆਪਣੀਆਂ ਅੱਖਾਂ ਟੈੱਸਟ ਕਰਾਉਣੀਆਂ ਚਾਹੀਦੀਆਂ ਹਨ ਜੇ ਤੁਹਾਡੀ ਉਮਰ 45 ਸਾਲਾਂ ਤੋਂ ਉੱਪਰ ਹੈ, ਤੁਸੀਂ ਅਫ਼ਰੀਕੀ ਨਸਲ ਦੇ ਹੋ, ਤੁਹਾਡੇ ਪਰਿਵਾਰ ਵਿਚ ਕਈਆਂ ਨੂੰ ਗਲਾਕੋਮਾ ਹੈ, ਤੁਹਾਡੀ ਦੂਰ ਦੀ ਨਜ਼ਰ ਕਮਜ਼ੋਰ ਹੈ, ਤੁਹਾਨੂੰ ਸ਼ੂਗਰ ਹੈ, ਤੁਹਾਡੀ ਅੱਖ ਨੂੰ ਪਹਿਲਾਂ ਕਦੇ ਸੱਟ ਲੱਗੀ ਸੀ ਜਾਂ ਤੁਸੀਂ ਬਾਕਾਇਦਾ ਕੋਰਟੀਜ਼ੋਨ/ਸਟੀਰਾਇਡ ਰਲੀਆਂ ਦਵਾਈਆਂ ਲੈਂਦੇ ਹੋ।” ਭਾਵੇਂ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਤੁਹਾਡੇ ਉੱਤੇ ਲਾਗੂ ਨਹੀਂ ਹੁੰਦੀ ਅਤੇ ਤੁਸੀਂ 45 ਸਾਲ ਤੋਂ ਘੱਟ ਉਮਰ ਦੇ ਹੋ, ਫਿਰ ਵੀ ਇਸ ਫਾਉਂਡੇਸ਼ਨ ਦੀ ਸਲਾਹ ਹੈ ਕਿ ਹਰ ਵਿਅਕਤੀ ਨੂੰ ਚਾਰ ਸਾਲਾਂ ਵਿਚ ਇਕ ਵਾਰ ਗਲਾਕੋਮਾ ਵਾਸਤੇ ਅੱਖਾਂ ਚੈੱਕ ਕਰਾ ਲੈਣੀਆਂ ਚਾਹੀਦੀਆਂ ਹਨ। ਜੇ ਤੁਸੀਂ 45 ਸਾਲਾਂ ਤੋਂ ਉੱਪਰ ਹੋ, ਤਾਂ ਦੋ ਸਾਲ ਵਿਚ ਇਕ ਵਾਰ ਅੱਖਾਂ ਜ਼ਰੂਰ ਟੈੱਸਟ ਕਰਾਓ।
ਇਲਾਜ ਕਰਾਓ, ਨਜ਼ਰ ਬਚਾਓ
ਗਲਾਕੋਮਾ ਦਾ ਇਲਾਜ ਕਰਨ ਲਈ ਪੌਲ ਨੂੰ ਦਿਨ ਵਿਚ ਇਕ ਵਾਰ ਅੱਖਾਂ ਵਿਚ ਖ਼ਾਸ ਦਵਾਈ ਪਾਉਣੀ ਪੈਂਦੀ ਹੈ। ਪੌਲ ਕਹਿੰਦਾ ਹੈ: “ਇਹ ਦਵਾਈ ਅੱਖਾਂ ਵਿਚ ਐਕੁਅਸ ਹਿਊਮਰ ਦ੍ਰਵ ਨੂੰ ਬਣਨ ਤੋਂ ਰੋਕਦੀ ਹੈ।” ਪੌਲ ਨੇ ਲੇਜ਼ਰ ਨਾਲ ਵੀ ਆਪਣੀਆਂ ਅੱਖਾਂ ਦਾ ਇਲਾਜ ਕਰਵਾਇਆ। ਉਸ ਦੀਆਂ ਅੱਖਾਂ ਦੇ ਅਗਲੇ ਹਿੱਸੇ ਵਿਚ ਜਿੱਥੇ ਦ੍ਰਵ ਦੇ ਨਿਕਲਣ ਲਈ ਕੁਦਰਤੀ ਨਾਲੀਆਂ ਬੰਦ ਹੋ ਚੁੱਕੀਆਂ ਸਨ, ਉੱਥੇ ਲੇਜ਼ਰ ਨਾਲ ਦਸ ਨਿੱਕੀਆਂ-ਨਿੱਕੀਆਂ ਮੋਰੀਆਂ ਕੀਤੀਆਂ ਗਈਆਂ। ਪੌਲ ਅੱਗੇ ਕਹਿੰਦਾ ਹੈ: “ਪਹਿਲੀ ਵਾਰ ਲੇਜ਼ਰ ਨਾਲ ਇਲਾਜ ਕਰਾਉਂਦੇ ਵੇਲੇ ਮੈਂ ਬਹੁਤ ਘਬਰਾਇਆ ਹੋਇਆ ਸੀ ਜਿਸ ਕਰਕੇ ਮੈਨੂੰ ਮੁਸ਼ਕਲ ਹੋਈ। ਪਰ ਕੁਝ ਦਿਨਾਂ ਬਾਅਦ ਜਦੋਂ ਮੈਂ ਆਪਣੀ ਦੂਸਰੀ ਅੱਖ ਦਾ ਇਲਾਜ ਕਰਾਉਣ ਗਿਆ, ਤਾਂ ਮੈਂ ਕਾਫ਼ੀ ਸ਼ਾਂਤ ਸੀ ਜਿਸ ਕਰਕੇ ਮੈਨੂੰ ਇਲਾਜ ਦਾ ਪਤਾ ਹੀ ਨਹੀਂ ਲੱਗਾ।” ਇਸ ਇਲਾਜ ਮਗਰੋਂ ਹੁਣ ਪੌਲ ਦੀਆਂ ਅੱਖਾਂ ਵਿਚ ਪਾਣੀ ਦਾ ਦਬਾਅ ਠੀਕ ਹੈ।
ਪੌਲ ਖ਼ੁਸ਼ ਹੋ ਕੇ ਕਹਿੰਦਾ ਹੈ: “ਭਾਵੇਂ ਮੇਰੀਆਂ ਦੋਨੋਂ ਅੱਖਾਂ ਦੇ ਰੈਟਿਨੇ ਥੋੜ੍ਹੇ ਨੁਕਸਾਨੇ ਗਏ ਹਨ, ਪਰ ਮੈਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਮੇਰੀ ਚਾਰੇ ਪਾਸੇ ਦੀ ਨਜ਼ਰ ਬਿਲਕੁਲ ਠੀਕ ਹੈ। ਜੇ ਮੈਂ ਹਰ ਦਿਨ ਅੱਖਾਂ ਵਿਚ ਦਵਾਈ ਪਾਉਂਦਾ ਰਹਾਂ, ਤਾਂ ਮੇਰੀ ਨਜ਼ਰ ਠੀਕ ਰਹੇਗੀ।”
ਕੀ “ਨਜ਼ਰਾਂ ਦਾ ਚੁੱਪ-ਚੁਪੀਤਾ ਚੋਰ” ਤੁਹਾਡੀਆਂ ਅੱਖਾਂ ਚੁਰਾ ਰਿਹਾ ਹੈ? ਜੇ ਉੱਪਰ ਦੱਸੀਆਂ ਗੱਲਾਂ ਵਿੱਚੋਂ ਕੋਈ ਗੱਲ ਤੁਹਾਡੇ ਉੱਤੇ ਲਾਗੂ ਹੁੰਦੀ ਹੈ, ਨਾਲੇ ਤੁਸੀਂ ਅੱਜ ਤਕ ਕਦੇ ਗਲਾਕੋਮਾ ਲਈ ਅੱਖਾਂ ਚੈੱਕ ਨਹੀਂ ਕਰਾਈਆਂ ਹਨ, ਤਾਂ ਚੈੱਕ ਕਰਾਉਣਾ ਚੰਗੀ ਗੱਲ ਹੋਵੇਗੀ। ਜਿਵੇਂ ਡਾ. ਗੋਲਡਬਰਗ ਦਾ ਕਹਿਣਾ ਹੈ: “ਜੇ ਸਮੇਂ ਸਿਰ ਗਲਾਕੋਮਾ ਦਾ ਸਹੀ ਇਲਾਜ ਕਰਾਇਆ ਜਾਵੇ, ਤਾਂ ਨਜ਼ਰ ਬਚ ਸਕਦੀ ਹੈ।” ਜੀ ਹਾਂ, ਤੁਸੀਂ ਇਸ ਨਜ਼ਰ ਦੇ ਚੋਰ ਨੂੰ ਭਜਾ ਸਕਦੇ ਹੋ! (g04 10/8)
[ਡੱਬੀ/ਸਫ਼ੇ 28 ਉੱਤੇ ਤਸਵੀਰ]
ਤੁਹਾਨੂੰ ਗਲਾਕੋਮਾ ਹੋਣ ਦਾ ਜ਼ਿਆਦਾ ਖ਼ਤਰਾ ਹੈ ਜੇਕਰ
• ਤੁਸੀਂ ਅਫ਼ਰੀਕੀ ਨਸਲ ਦੇ ਹੋ
• ਤੁਹਾਡੇ ਪਰਿਵਾਰ ਵਿਚ ਕਿਸੇ ਨੂੰ ਗਲਾਕੋਮਾ ਹੈ
• ਤੁਹਾਨੂੰ ਸ਼ੂਗਰ ਹੈ
• ਤੁਹਾਡੀ ਦੂਰ ਦੀ ਨਜ਼ਰ ਕਮਜ਼ੋਰ ਹੈ
• ਤੁਸੀਂ ਲੰਮੇ ਸਮੇਂ ਤੋਂ ਕੋਰਟੀਜ਼ੋਨ/ਸਟੀਰਾਇਡ ਰਲੀਆਂ ਮਲ੍ਹਮਾਂ ਤੇ ਐਸਥਮਾ ਸਪ੍ਰੇ ਵਰਤਦੇ ਰਹੇ ਹੋ
• ਤੁਹਾਡੀ ਅੱਖ ਵਿਚ ਪਹਿਲਾਂ ਕਦੇ ਸੱਟ ਲੱਗੀ ਸੀ
• ਤੁਹਾਡੀ ਉਮਰ 45 ਸਾਲਾਂ ਤੋਂ ਉੱਪਰ ਹੈ
[ਤਸਵੀਰ]
ਸਮੇਂ-ਸਮੇਂ ਤੇ ਅੱਖਾਂ ਟੈੱਸਟ ਕਰਾਉਣ ਨਾਲ ਨਜ਼ਰ ਬਚ ਸਕਦੀ ਹੈ
[ਸਫ਼ੇ 27 ਉੱਤੇ ਡਾਇਆਗ੍ਰਾਮ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਓਪਨ-ਐਂਗਲ ਗਲਾਕੋਮਾ
ਕਾਰਨੀਆ
ਆਇਰਿਸ
ਲੈੱਨਜ਼
ਰੈਟਿਨਾ
ਆਪਟਿਕ ਡਿਸਕ ਯਾਨੀ ਅੰਨ੍ਹਾ ਸਥਾਨ ਉਹ ਹਿੱਸਾ ਹੈ ਜਿੱਥੇ ਰੇਸ਼ੇਦਾਰ ਤੰਤੂ ਮਿਲ ਕੇ ਆਪਟਿਕ ਨਰਵ ਬਣਦੇ ਹਨ
ਆਪਟਿਕ ਨਰਵ ਦ੍ਰਿਸ਼ਟੀ ਤਰੰਗਾਂ ਨੂੰ ਦਿਮਾਗ਼ ਤਕ ਪਹੁੰਚਾਉਂਦੀ ਹੈ
ਸਿਲਿਅਰੀ ਬਾਡੀ ਜਿੱਥੇ ਦ੍ਰਵ ਬਣਦਾ ਹੈ
1 ਐਕੁਅਸ ਹਿਊਮਰ ਪਾਣੀ ਵਰਗਾ ਸਾਫ਼ ਦ੍ਰਵ ਹੈ ਜੋ ਅੱਖਾਂ ਦੇ ਲੈੱਨਜ਼, ਆਇਰਿਸ ਅਤੇ ਕਾਰਨੀਆ ਦੇ ਅੰਦਰੂਨੀ ਹਿੱਸਿਆਂ ਨੂੰ ਪੋਸ਼ਿਤ ਕਰਦਾ ਹੈ। ਇਹ ਅੱਖਾਂ ਨੂੰ ਬਾਹਰੋਂ ਸਾਫ਼ ਕਰਨ ਵਾਲੇ ਹੰਝੂਆਂ ਤੋਂ ਵੱਖਰਾ ਹੈ
2 ਟਰੈਬਕਿਊਲਰ ਮੈੱਸ਼ਵਰਕ ਨਾਂ ਦੀਆਂ ਨਾਲੀਆਂ ਰਾਹੀਂ ਐਕੁਅਸ ਹਿਊਮਰ ਦ੍ਰਵ ਅੱਖ ਵਿੱਚੋਂ ਨਿਕਲ ਜਾਂਦਾ ਹੈ
3 ਜੇ ਇਹ ਨਾਲੀਆਂ ਬੰਦ ਜਾਂ ਤੰਗ ਹੋ ਜਾਣ, ਤਾਂ ਅੱਖ ਅੰਦਰਲਾ ਦਬਾਅ ਵਧ ਜਾਂਦਾ ਹੈ
4 ਅੱਖ ਵਿਚ ਦਬਾਅ ਵਧਣ ਨਾਲ ਅੱਖ ਦੇ ਪਿਛਲੇ ਹਿੱਸੇ ਦੇ ਨਾਜ਼ੁਕ ਤੰਤੂ ਨੁਕਸਾਨੇ ਜਾਂਦੇ ਹਨ ਜਿਸ ਨਾਲ ਗਲਾਕੋਮਾ ਹੋ ਜਾਂਦਾ ਹੈ ਜਾਂ ਨਜ਼ਰ ਕਮਜ਼ੋਰ ਹੋ ਜਾਂਦੀ ਹੈ
[ਸਫ਼ੇ 27 ਉੱਤੇ ਤਸਵੀਰ]
ਆਪਟਿਕ ਡਿਸਕ
ਤੁਸੀਂ ਇਹ ਦੇਖੋਗੇ
ਸਹੀ ਨਜ਼ਰ
ਗਲਾਕੋਮਾ ਦੀ ਸ਼ੁਰੂਆਤ
ਗੰਭੀਰ ਗਲਾਕੋਮਾ
[ਕ੍ਰੈਡਿਟ ਲਾਈਨ]
ਆਪਟਿਕ ਡਿਸਕ ਦੀਆਂ ਫੋਟੋਆਂ: Courtesy Atlas of Ophthalmology