Skip to content

Skip to table of contents

ਨੈਰੋਬੀ—“ਠੰਢੇ ਪਾਣੀਆਂ ਦਾ ਇਲਾਕਾ”

ਨੈਰੋਬੀ—“ਠੰਢੇ ਪਾਣੀਆਂ ਦਾ ਇਲਾਕਾ”

ਨੈਰੋਬੀ—“ਠੰਢੇ ਪਾਣੀਆਂ ਦਾ ਇਲਾਕਾ”

ਕੀਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

“ਪੱਧਰੀ, ਵਿਰਾਨ, ਦਲਦਲੀ ਜ਼ਮੀਨ। ਆਲੇ-ਦੁਆਲੇ ਕੱਚੇ ਰਸਤੇ ਹੀ ਇੱਕੋ-ਇਕ ਸਬੂਤ ਹਨ ਕਿ ਕਦੀ-ਕਦੀ ਲੋਕ ਇੱਧਰ ਆਉਂਦੇ ਹਨ। ਪਰ ਇੱਥੇ ਇਨਸਾਨਾਂ ਦਾ ਨਹੀਂ, ਸਗੋਂ ਹਜ਼ਾਰਾਂ ਹੀ ਜੰਗਲੀ ਜਾਨਵਰਾਂ ਦਾ ਵਸੇਰਾ ਹੈ।”—ਕੀਨੀਆ ਦੀ ਆਬਾਦੀ ਸੰਬੰਧੀ ਇਕ ਪੁਸਤਕ।

ਤਕਰੀਬਨ ਸੌ ਸਾਲ ਪਹਿਲਾਂ ਨੈਰੋਬੀ ਇਸੇ ਤਰ੍ਹਾਂ ਦਾ ਪੱਛੜਿਆ ਹੋਇਆ ਇਲਾਕਾ ਸੀ। ਇਸ ਇਲਾਕੇ ਵਿਚ ਉਦੋਂ ਸ਼ੇਰ, ਗੈਂਡੇ, ਚੀਤੇ, ਜਿਰਾਫ, ਜ਼ਹਿਰੀਲੇ ਸੱਪ ਤੇ ਹੋਰ ਅਨੇਕ ਪ੍ਰਕਾਰ ਦੇ ਜੰਗਲੀ ਜਾਨਵਰ ਆਮ ਘੁੰਮਦੇ-ਫਿਰਦੇ ਸਨ। ਇਨ੍ਹਾਂ ਹਾਲਾਤਾਂ ਤੋਂ ਬੇਫ਼ਿਕਰੇ ਇੱਥੇ ਦੇ ਟੱਪਰੀਵਾਸੀ ਮਸਾਈ ਲੋਕ ਆਪਣੇ ਇੱਜੜ ਲਾਗੇ ਦੀ ਇਕ ਨਦੀ ਤੇ ਤਾਜ਼ਾ ਪਾਣੀ ਪਿਲਾਉਣ ਲਿਆਉਂਦੇ ਸਨ। ਉਨ੍ਹਾਂ ਨੇ ਹੀ ਉਸ ਨਦੀ ਦਾ ਨਾਂ ਉਆਸੋ ਨੈਰੋਬੀ ਰੱਖਿਆ ਜਿਸ ਦਾ ਅਰਥ ਹੈ “ਠੰਢਾ ਪਾਣੀ” ਤੇ ਇਸ ਇਲਾਕੇ ਦਾ ਨਾਂ ਐਂਕਾਰੇ ਨੈਰੋਬੀ ਰੱਖਿਆ ਜਿਸ ਦਾ ਅਰਥ ਹੈ “ਠੰਢੇ ਪਾਣੀਆਂ ਦਾ ਇਲਾਕਾ।” ਇਵੇਂ ਉਸ ਇਲਾਕੇ ਦਾ ਨਾਂ ਨੈਰੋਬੀ ਪੈ ਗਿਆ ਅਤੇ ਇਸੇ ਇਲਾਕੇ ਨੇ ਕੀਨੀਆ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਲਿਆਂਦਾ।

ਪਰ ਨੈਰੋਬੀ ਕੀਨੀਆ ਦੀ ਰਾਜਧਾਨੀ ਕਿਵੇਂ ਬਣਿਆ? ਸੰਨ 1899 ਤਕ ਸਮੁੰਦਰ ਦੇ ਕਿਨਾਰੇ ਤੇ ਸਥਿਤ ਮੋਂਬਾਸਾ ਨਾਂ ਦੇ ਸ਼ਹਿਰ ਤੋਂ ਲੈ ਕੇ ਨੈਰੋਬੀ ਤਕ 530 ਕਿਲੋਮੀਟਰ ਲੰਬੀ ਰੇਲ-ਪਟੜੀ ਬਣ ਚੁੱਕੀ ਸੀ। * ਪਰ ਇਸ ਸਮੇਂ ਤਕ ਮਜ਼ਦੂਰਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ ਸਾਵੋ ਦੇ ਇਲਾਕੇ ਵਿਚ ਦੋ ਜੰਗਲੀ ਸ਼ੇਰਾਂ ਨੇ ਕਈ ਮਜ਼ਦੂਰਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ। ਪਰ ਰੇਲ-ਪਟੜੀ ਨੂੰ ਅਜੇ ਦੇਸ਼ ਦੇ ਦੂਜੇ ਹਿੱਸਿਆਂ ਅਤੇ ਖ਼ਾਸ ਕਰਕੇ ਗ੍ਰੇਟ ਰਿਫ਼ਟ ਵੈਲੀ ਦੇ ਉੱਚੇ-ਨੀਵੇਂ ਥਾਵਾਂ ਵਿਚ ਵਿਛਾਉਣਾ ਬਾਕੀ ਸੀ। ਪਰ ਇਹ ਕੰਮ ਕਰਨ ਲਈ ਮੋਂਬਾਸਾ ਤੋਂ ਸਾਮਾਨ ਲਿਆਉਣਾ ਔਖਾ ਸੀ, ਇਸ ਲਈ ਨੈਰੋਬੀ ਨੂੰ ਸਾਮਾਨ ਰੱਖਣ ਦਾ ਡੀਪੂ ਬਣਾ ਦਿੱਤਾ ਗਿਆ। ਭਾਵੇਂ ਨੈਰੋਬੀ ਬਿਲਕੁਲ ਵਿਰਾਨ ਅਤੇ ਜੰਗਲੀ ਥਾਂ ਸੀ, ਫਿਰ ਵੀ ਮਜ਼ਦੂਰਾਂ ਨੇ ਇਸ ਜਗ੍ਹਾ ਨੂੰ ਬਿਹਤਰੀਨ ਟਿਕਾਣਾ ਸਮਝਿਆ ਜਿੱਥੇ ਉਹ ਆਰਾਮ ਕਰ ਸਕਦੇ ਸਨ ਅਤੇ ਸਾਰਾ ਮਾਲ ਰੱਖ ਸਕਦੇ ਸਨ। ਇਸ ਤਰ੍ਹਾਂ ਸਹਿਜੇ-ਸਹਿਜੇ ਕੀਨੀਆ ਦੀ ਰਾਜਧਾਨੀ ਨੈਰੋਬੀ ਦੀ ਨੀਂਹ ਰੱਖੀ ਗਈ।

ਜਦੋਂ ਅੰਗ੍ਰੇਜ਼ ਕੀਨੀਆ ਵਿਚ ਪਹਿਲਾਂ-ਪਹਿਲ ਰਾਜ ਕਰਨ ਲੱਗੇ, ਤਾਂ ਉਨ੍ਹਾਂ ਨੇ ਇਸ ਦੇਸ਼ ਨੂੰ ਬ੍ਰਿਟਿਸ਼ ਈਸਟ ਅਫ਼ਰੀਕਨ ਪ੍ਰੋਟੈਕਟੋਰੇਟ ਦਾ ਨਾਂ ਦਿੱਤਾ। ਉਨ੍ਹਾਂ ਨੇ 20ਵੀਂ ਸਦੀ ਦੇ ਮੁਢਲੇ ਸਾਲਾਂ ਵਿਚ ਨੈਰੋਬੀ ਵਿਚ ਆਪਣੇ ਸਰਕਾਰੀ ਕੰਮ ਕਰਨੇ ਸ਼ੁਰੂ ਕੀਤੇ। ਜੇ ਉਹ ਪਹਿਲਾਂ ਤੋਂ ਚੰਗੀ ਤਰ੍ਹਾਂ ਯੋਜਨਾ ਬਣਾਉਂਦੇ, ਤਾਂ ਨੈਰੋਬੀ ਵਿਚ ਕਾਫ਼ੀ ਤਰੱਕੀ ਹੋ ਸਕਦੀ ਸੀ, ਪਰ ਇਸ ਦੇ ਉਲਟ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਟੁੱਟੀਆਂ-ਫੁੱਟੀਆਂ ਝੌਂਪੜੀਆਂ ਪਸਰਨ ਲੱਗ ਪਈਆਂ। ਲੱਕੜ, ਲੋਹੇ ਦੀਆਂ ਚਾਦਰਾਂ ਤੇ ਹੋਰ ਰੱਦੀ ਸਾਮਾਨ ਦੀਆਂ ਬਣੀਆਂ ਝੌਂਪੜੀਆਂ ਕਰਕੇ ਨੈਰੋਬੀ ਇਕ ਗ਼ਰੀਬ ਬਸਤੀ ਵਰਗਾ ਨਜ਼ਰ ਆਉਣ ਲੱਗਾ ਨਾ ਕਿ ਦੁਨੀਆਂ ਦਾ ਇਕ ਵੱਡਾ ਸ਼ਹਿਰ। ਇਸ ਤੋਂ ਇਲਾਵਾ ਲੋਕਾਂ ਨੂੰ ਲਾਗੇ-ਛਾਗੇ ਫਿਰਦੇ ਜੰਗਲੀ ਜਾਨਵਰਾਂ ਤੋਂ ਹਮੇਸ਼ਾ ਖ਼ਤਰਾ ਰਹਿੰਦਾ ਸੀ। ਵੀਹਵੀਂ ਸਦੀ ਦੇ ਸ਼ੁਰੂ-ਸ਼ੁਰੂ ਵਿਚ ਨੈਰੋਬੀ ਦੀਆਂ ਇਮਾਰਤਾਂ ਬਣਾਉਣ ਵਾਲਿਆਂ ਨੂੰ ਅਗਾਹਾਂ ਦੇ ਸਮੇਂ ਬਾਰੇ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਸ਼ਹਿਰ ਕਿੰਨਾ ਮਸ਼ਹੂਰ ਹੋ ਜਾਵੇਗਾ।

ਅਫ਼ਸੋਸ ਦੀ ਗੱਲ ਹੈ ਕਿ ਇਸ ਸ਼ਹਿਰ ਉੱਤੇ ਬੀਮਾਰੀਆਂ ਦਾ ਹਮਲਾ ਸ਼ੁਰੂ ਹੋ ਗਿਆ। ਅੰਗ੍ਰੇਜ਼ ਪ੍ਰਬੰਧਕਾਂ ਸਾਮ੍ਹਣੇ ਇਹ ਪਹਿਲੀ ਵੱਡੀ ਚੁਣੌਤੀ ਸੀ। ਉਨ੍ਹਾਂ ਨੇ ਇਸ ਨਾਲ ਕਿਵੇਂ ਨਜਿੱਠਿਆ? ਉਨ੍ਹਾਂ ਨੇ ਫਟਾ-ਫਟ ਸ਼ਹਿਰ ਦੇ ਰੋਗ-ਗ੍ਰਸਤ ਇਲਾਕਿਆਂ ਵਿਚ ਅੱਗ ਲਗਾ ਕੇ ਉਨ੍ਹਾਂ ਨੂੰ ਜਲਾ ਦਿੱਤਾ! ਅਗਲੇ ਪੰਜਾਹ ਸਾਲਾਂ ਦੌਰਾਨ ਨੈਰੋਬੀ ਦੀ ਸ਼ਕਲ ਹੀ ਬਦਲ ਗਈ ਤੇ ਉਹ ਪੂਰਬੀ ਅਫ਼ਰੀਕਾ ਦੇ ਵਪਾਰ ਅਤੇ ਸਮਾਜ ਦੀ ਰਾਣੀ ਬਣ ਗਈ।

ਨਵੇਂ ਸ਼ਹਿਰ ਦਾ ਜਨਮ

ਨੈਰੋਬੀ ਸ਼ਹਿਰ 1,680 ਮੀਟਰ ਦੀ ਉਚਾਈ ਤੇ ਸਥਿਤ ਹੈ ਜਿਸ ਕਰਕੇ ਆਲੇ-ਦੁਆਲੇ ਦੇ ਸੋਹਣੇ ਨਜ਼ਾਰੇ ਸਾਫ਼ ਨਜ਼ਰ ਆਉਂਦੇ ਹਨ। ਚੰਗੇ ਮੌਸਮ ਵਾਲੇ ਦਿਨ ਤੇ ਤੁਸੀਂ ਅਫ਼ਰੀਕਾ ਦੇ ਦੋ ਮਸ਼ਹੂਰ ਨਜ਼ਾਰੇ ਦੇਖ ਸਕਦੇ ਹੋ। ਉੱਤਰ ਵੱਲ ਕੀਨੀਆ ਦਾ ਸਭ ਤੋਂ ਉੱਚਾ ਪਹਾੜ ਕੀਨੀਆ ਪਹਾੜ ਦੇਖਿਆ ਜਾ ਸਕਦਾ ਹੈ। ਇਸ ਦੀ ਉਚਾਈ 5,199 ਮੀਟਰ ਹੈ ਅਤੇ ਇਹ ਅਫ਼ਰੀਕਾ ਦੇ ਪਹਾੜਾਂ ਵਿੱਚੋਂ ਦੂਜੇ ਦਰਜੇ ਤੇ ਹੈ। ਦੱਖਣ ਵੱਲ ਕੀਨੀਆ ਤੇ ਤਨਜ਼ਾਨੀਆ ਦੇ ਬਾਰਡਰ ਤੇ 5,895 ਮੀਟਰ ਉੱਚਾ ਕਿਲਮਨਜਾਰੋ ਪਹਾੜ ਦੇਖਿਆ ਜਾ ਸਕਦਾ ਹੈ। ਇਹ ਅਫ਼ਰੀਕਾ ਦਾ ਸਭ ਤੋਂ ਉੱਚਾ ਪਹਾੜ ਹੈ। ਕਿਲਮਨਜਾਰੋ ਭੂਮੱਧ-ਰੇਖਾ ਦੇ ਨੇੜੇ ਹੈ ਤੇ ਇਸ ਦੀ ਚੋਟੀ ਉੱਤੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਹੈ। ਤਕਰੀਬਨ 150 ਸਾਲਾਂ ਤੋਂ ਯੂਰਪੀ ਖੋਜੀ ਇਸ ਅਜੂਬੇ ਦੀ ਪ੍ਰਸ਼ੰਸਾ ਕਰਦੇ ਆਏ ਹਨ।

ਸ਼ਹਿਰ ਦੇ 50 ਸਾਲ ਦੇ ਇਤਿਹਾਸ ਤੋਂ ਦੇਖਿਆ ਜਾ ਸਕਦਾ ਹੈ ਕਿ ਨੈਰੋਬੀ ਬਿਲਕੁਲ ਬਦਲ ਚੁੱਕਾ ਹੈ। ਅੱਜ ਆਸਮਾਨ ਨੂੰ ਛੋਹੰਦੀਆਂ ਕੱਚ ਤੇ ਸਟੀਲ ਦੀਆਂ ਬਣੀਆਂ ਇਮਾਰਤਾਂ ਧੁੱਪ ਵਿਚ ਲਿਸ਼ਕ-ਲਿਸ਼ਕ ਕੇ ਸ਼ਹਿਰ ਦੀ ਅਮੀਰੀ ਦੀ ਗਵਾਹੀ ਦਿੰਦੀਆਂ ਹਨ। ਨੈਰੋਬੀ ਸ਼ਹਿਰ ਦੇ ਵਪਾਰਕ ਇਲਾਕੇ ਵਿਚ ਜਾਣ ਵਾਲੇ ਟੂਰਿਸਟ ਇਹ ਜਾਣ ਕੇ ਬਹੁਤ ਹੈਰਾਨ ਹੁੰਦੇ ਹਨ ਕਿ ਸਿਰਫ਼ 100 ਸਾਲ ਪਹਿਲਾਂ ਇਹ ਜਗ੍ਹਾ ਜੰਗਲੀ ਜਾਨਵਰਾਂ ਦਾ ਵਸੇਰਾ ਸੀ।

ਪਰ ਹੁਣ ਇਸ ਤਰ੍ਹਾਂ ਨਹੀਂ ਹੈ। ਹੁਣ ਬੁਗਨਵੇਲੀਆ ਤੇ ਜੈਕਰੈਂਡਾ ਵਰਗੇ ਰੰਗ-ਬਰੰਗੇ ਫੁੱਲ ਇਸ ਇਲਾਕੇ ਨੂੰ ਸ਼ਿੰਗਾਰਦੇ ਹਨ। ਤੁਸੀਂ ਇੱਥੇ ਸਫ਼ੈਦੇ ਅਤੇ ਕਿੱਕਰ ਦੇ ਦਰਖ਼ਤ ਦੇਖ ਸਕਦੇ ਹੋ। ਮਿੱਟੀ-ਘੱਟੇ ਨਾਲ ਭਰੀਆਂ ਪਗਡੰਡੀਆਂ ਦੀ ਥਾਂ ਹੁਣ ਸੜਕਾਂ ਦੋਵੇਂ ਪਾਸੇ ਲੱਗੇ ਦਰਖ਼ਤਾਂ ਦੀਆਂ ਕਤਾਰਾਂ ਨਾਲ ਸਜੀਆਂ ਹੋਈਆਂ ਹਨ। ਗਰਮੀਆਂ ਦੀ ਰੁੱਤ ਵਿਚ ਪੈਦਲ ਚੱਲਣ ਵਾਲਿਆਂ ਨੂੰ ਇਨ੍ਹਾਂ ਦਰਖ਼ਤਾਂ ਦੀ ਛਾਂ ਧੁੱਪ ਤੋਂ ਰਾਹਤ ਪਹੁੰਚਾਉਂਦੀ ਹੈ। ਸ਼ਹਿਰ ਦੇ ਲਾਗੇ ਇਕ ਬਿਰਛ-ਬਾਗ਼ ਹੈ ਜਿਸ ਵਿਚ ਘੱਟੋ-ਘੱਟ 270 ਪ੍ਰਕਾਰ ਦੇ ਦਰਖ਼ਤ ਲਾਏ ਹੋਏ ਹਨ। ਅਸੀਂ ਉਸ ਲੇਖਕ ਨਾਲ ਸਹਿਮਤ ਹੁੰਦੇ ਹਾਂ ਜਿਸ ਨੇ ਕਿਹਾ ਕਿ ਨੈਰੋਬੀ ‘ਕੁਦਰਤੀ ਜੰਗਲ ਦੀ ਬੁੱਕਲ ਵਿਚ ਬਣਾਇਆ ਗਿਆ ਹੈ।’ ਇੱਥੇ ਦੀ ਬਨਸਪਤੀ ਕਾਰਨ ਨੈਰੋਬੀ ਦਾ ਤਾਪਮਾਨ ਬਹੁਤ ਵਧੀਆ ਹੈ ਕਿਉਂਕਿ ਇੱਥੇ ਦਿਨ ਨਿੱਘੇ

ਤੇ ਰਾਤਾਂ ਠੰਢੀਆਂ ਹੁੰਦੀਆਂ ਹਨ।

ਭਾਂਤ-ਭਾਂਤ ਦੇ ਲੋਕ

ਜਿਵੇਂ ਚੁੰਭਕ ਵੱਲ ਲੋਹਾ ਉਸੇ ਤਰ੍ਹਾਂ ਨੈਰੋਬੀ ਸ਼ਹਿਰ ਵੱਲ ਭਾਂਤ-ਭਾਂਤ ਦੇ ਲੋਕ ਖਿੱਚੇ ਚਲੇ ਆਉਂਦੇ ਹਨ। ਹੁਣ ਸ਼ਹਿਰ ਦੀ ਆਬਾਦੀ 20 ਲੱਖ ਤੋਂ ਜ਼ਿਆਦਾ ਹੈ। ਰੇਲਵੇ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਕਈ ਲੋਕਾਂ ਨੇ ਇੱਥੇ ਹੀ ਰਹਿਣ ਦਾ ਫ਼ੈਸਲਾ ਕਰ ਲਿਆ। ਇੱਥੇ ਰਹਿਣ ਵਾਲੇ ਭਾਰਤੀ ਮਜ਼ਦੂਰਾਂ ਨੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਅਤੇ ਆਸਟ੍ਰੇਲੀਆ, ਕੈਨੇਡਾ ਤੇ ਹੋਰ ਕਈ ਅਫ਼ਰੀਕਨ ਦੇਸ਼ਾਂ ਤੋਂ ਵੀ ਵਪਾਰੀ ਆਏ।

ਨੈਰੋਬੀ ਦੇ ਲੋਕ ਆਪਣੇ ਸਭਿਆਚਾਰ ਨੂੰ ਵੀ ਬਰਕਰਾਰ ਰੱਖਦੇ ਹਨ। ਬਾਜ਼ਾਰ ਵਿਚ ਸਾੜੀ ਪਹਿਨੀ ਭਾਰਤੀ ਔਰਤ ਨੂੰ ਖ਼ਰੀਦਦਾਰੀ ਕਰਦੇ ਆਮ ਦੇਖਿਆ ਜਾ ਸਕਦਾ ਹੈ। ਇੱਥੇ ਪਾਕਿਸਤਾਨ ਤੋਂ ਆਏ ਇੰਜੀਨੀਅਰਾਂ ਨੂੰ ਉਸਾਰੀ ਕੰਪਨੀਆਂ ਵਿਚ ਨੌਕਰੀਆਂ ਕਰਦੇ ਦੇਖਿਆ ਜਾ ਸਕਦਾ ਹੈ। ਨੀਦਰਲੈਂਡਜ਼ ਤੋਂ ਆਏ ਹਵਾਈ ਜਹਾਜ਼ਾਂ ਦੇ ਕਾਮਿਆਂ ਨੂੰ ਸੂਟ-ਬੂਟ ਪਹਿਨੇ ਹੋਟਲਾਂ ਵਿਚ ਆਉਂਦੇ-ਜਾਂਦੇ ਦੇਖਿਆ ਜਾਂਦਾ ਹੈ। ਜਪਾਨੀ ਵਪਾਰੀਆਂ ਨੂੰ ਹਫੜਾ-ਦਫੜੀ ਵਿਚ ਆਪਣੀਆਂ ਮੀਟਿੰਗਾਂ ਵਿਚ ਜਾਂਦੇ ਦੇਖਿਆ ਜਾ ਸਕਦਾ ਹੈ ਜੋ ਸ਼ਾਇਦ ਨੈਰੋਬੀ ਦੀ ਸਟਾਕ ਮਾਰਕਿਟ ਵਿਚ ਆਪਣਾ ਵਪਾਰ ਕਰ ਰਹੇ ਹਨ। ਇਸ ਤੋਂ ਇਲਾਵਾ ਨੈਰੋਬੀ ਦੇ ਲੋਕਾਂ ਨੂੰ ਬਸ ਅੱਡਿਆਂ ਤੇ ਖੜ੍ਹੇ ਜਾਂ ਦੁਕਾਨਾਂ ਤੇ ਆਪਣਾ ਮਾਲ ਵੇਚਦੇ ਦੇਖਿਆ ਜਾ ਸਕਦਾ ਹੈ। ਕਈ ਲੋਕ ਆਪਣੇ ਕੰਮਾਂ ਵਿਚ ਰੁੱਝੇ ਹੋਏ ਬਾਜ਼ਾਰਾਂ, ਦੁਕਾਨਾਂ, ਦਫ਼ਤਰਾਂ ਅਤੇ ਕਾਰਖ਼ਾਨਿਆਂ ਵਿਚ ਆਉਂਦੇ-ਜਾਂਦੇ ਦੇਖੇ ਜਾ ਸਕਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਨੈਰੋਬੀ ਦੇ ਜ਼ਿਆਦਾਤਰ ਵਸਨੀਕ ਉੱਥੇ ਦੇ ਜੰਮਪਲ ਨਹੀਂ ਹਨ। ਇਹ ਲੋਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਆ ਕੇ ਇੱਥੇ ਰਹਿਣ ਲੱਗ ਪਏ। ਨੈਰੋਬੀ ਦੇ ਲੋਕ ਬੜੇ ਦੋਸਤਾਨਾ ਸੁਭਾਅ ਦੇ ਹਨ। ਸ਼ਾਇਦ ਇਸੇ ਸੁਭਾਅ ਕਾਰਨ ਹੀ ਸੰਸਾਰ ਭਰ ਦੀਆਂ ਅਨੇਕ ਸੰਸਥਾਵਾਂ ਦੇ ਮੁੱਖ ਦਫ਼ਤਰ ਇੱਥੇ ਦੇਖਣ ਨੂੰ ਮਿਲਦੇ ਹਨ। ਸੰਯੁਕਤ ਰਾਸ਼ਟਰ-ਸੰਘ ਦੇ ਵਾਤਾਵਰਣ ਪ੍ਰੋਗ੍ਰਾਮ ਦਾ ਹੈੱਡ-ਕੁਆਰਟਰ ਨੈਰੋਬੀ ਵਿਚ ਹੀ ਹੈ।

ਟੂਰਿਸਟ ਕਿਉਂ ਖਿੱਚੇ ਚਲੇ ਆਉਂਦੇ ਹਨ?

ਇਕ ਕਾਰਨ ਹੈ ਕਿ ਕੀਨੀਆ ਵਿਚ ਵੱਖੋ-ਵੱਖਰੀਆਂ ਕਿਸਮਾਂ ਦੇ ਜੰਗਲੀ ਜਾਨਵਰ ਹਨ। ਕੀਨੀਆ ਦੀਆਂ ਨੈਸ਼ਨਲ ਪਾਰਕਾਂ ਤੇ ਗੇਮ ਰਿਜ਼ਰਵਾਂ ਦੀ ਮਸ਼ਹੂਰੀ ਕਰਕੇ ਹਜ਼ਾਰਾਂ ਹੀ ਲੋਕ ਉਨ੍ਹਾਂ ਨੂੰ ਦੇਖਣ ਆਉਂਦੇ ਹਨ ਅਤੇ ਕਈ ਟੂਰ ਨੈਰੋਬੀ ਤੋਂ ਹੀ ਸ਼ੁਰੂ ਹੁੰਦੇ ਹਨ। ਇਸ ਤੋਂ ਇਲਾਵਾ ਟੂਰਿਸਟਾਂ ਲਈ ਨੈਰੋਬੀ ਸ਼ਹਿਰ ਵਿਚ ਵੀ ਬਹੁਤ ਕੁਝ ਦੇਖਣ ਲਈ ਹੈ। ਸੰਸਾਰ ਵਿਚ ਬਹੁਤ ਹੀ ਘੱਟ ਅਜਿਹੇ ਸ਼ਹਿਰ ਹਨ ਜੋ ਇਹ ਦਾਅਵਾ ਕਰ ਸਕਦੇ ਹਨ ਕਿ ਉਨ੍ਹਾਂ ਦੇ ਘਰਾਂ ਸਾਮ੍ਹਣੇ ਜਾਨਵਰ ਘੁੰਮਦੇ-ਫਿਰਦੇ ਹਨ। ਨੈਰੋਬੀ ਨੈਸ਼ਨਲ ਪਾਰਕ ਟੂਰਿਸਟਾਂ ਦੀ ਮਨਪਸੰਦ ਥਾਂ ਹੈ ਅਤੇ ਇਹ ਸ਼ਹਿਰ ਤੋਂ ਸਿਰਫ਼ ਦਸ ਕੁ ਕਿਲੋਮੀਟਰ ਦੂਰ ਹੈ। * ਇੱਥੇ ਨੈਰੋਬੀ ਦੇ ਸਭ ਤੋਂ ਪੁਰਾਣੇ ਵਸਨੀਕ ਯਾਨੀ ਜਾਨਵਰ ਨਜ਼ਰ ਆਉਣਗੇ। ਸਿਰਫ਼ ਲੋਹੇ ਦੀਆਂ ਤਾਰਾਂ ਦੀ ਵਾੜ ਹੀ ਇਨ੍ਹਾਂ ਜਾਨਵਰਾਂ ਨੂੰ ਲੋਕਾਂ ਤੋਂ ਦੂਰ ਰੱਖਦੀ ਹੈ। ਸਤੰਬਰ 2000 ਦੀ ਹੀ ਗੱਲ ਹੈ ਕਿ ਨੈਰੋਬੀ ਵਿਚ ਕਿਸੇ ਦੇ ਘਰ ਇਕ ਵੱਡਾ ਚੀਤਾ ਘੁੰਮਦਾ-ਫਿਰਦਾ ਆ ਗਿਆ ਸੀ ਜੋ ਲਾਗੇ ਦੇ ਜੰਗਲ ਵਿੱਚੋਂ ਗੁਆਚ ਗਿਆ ਸੀ!

ਟੂਰਿਸਟ ਸ਼ਹਿਰ ਤੋਂ ਕੁਝ ਹੀ ਮਿੰਟਾਂ ਵਿਚ ਪੈਦਲ ਚੱਲ ਕੇ ਨੈਰੋਬੀ ਮਿਊਜ਼ੀਅਮ ਵਿਚ ਆ ਪਹੁੰਚਦੇ ਹਨ। ਇੱਥੇ ਰੋਜ਼ਾਨਾ ਸੈਂਕੜੇ ਹੀ ਲੋਕ ਕੀਨੀਆ ਦੇ ਦਿਲਚਸਪ ਇਤਿਹਾਸ ਬਾਰੇ ਜਾਣਨ ਲਈ ਆਉਂਦੇ ਹਨ। ਮਿਊਜ਼ੀਅਮ ਵਿਚ ਸੱਪਾਂ ਦੀ ਇਕ ਪਾਰਕ ਹੈ ਜਿੱਥੇ ਕਿਰਲੀਆਂ, ਕੱਛੂ, ਮਗਰਮੱਛ ਵਗੈਰਾ ਦੇਖੇ ਜਾ ਸਕਦੇ ਹਨ। ਮਗਰਮੱਛ ਚੁੱਪ-ਚਾਪ ਬੈਠਾ ਰਹਿੰਦਾ ਹੈ ਅਤੇ ਕੱਛੂ ਹੌਲੀ-ਹੌਲੀ ਚੱਲਦਾ ਹੈ ਜਦ ਕਿ ਆਲੇ-ਦੁਆਲੇ ਲੋਕ ਘੁੰਮਦੇ-ਫਿਰਦੇ ਹਨ। ਪਰ ਇਸ ਪਾਰਕ ਦੇ ਮੁੱਖ ਵਸਨੀਕ ਵੱਡੇ-ਵੱਡੇ ਸੱਪ ਹਨ ਜਿਵੇਂ ਕਿ ਕੋਬਰਾ, ਪਾਇਥਨ ਤੇ ਵਾਈਪਰ। ਟੂਰਿਸਟਾਂ ਨੂੰ ਖ਼ਬਰਦਾਰ ਕਰਨ ਲਈ ਇਹ ਚੇਤਾਵਨੀ ਹਰ ਜਗ੍ਹਾ ਨਜ਼ਰ ਆਉਂਦੀ ਹੈ: “ਜ਼ਹਿਰਲੇ ਸੱਪਾਂ ਤੋਂ ਬਚੋ”!

ਵੱਖਰੇ ਪ੍ਰਕਾਰ ਦਾ ਪਾਣੀ

ਜਿਸ ਤਰ੍ਹਾਂ ਦੂਸਰੇ ਗ਼ਰੀਬ ਦੇਸ਼ਾਂ ਦੀਆਂ ਨਦੀਆਂ ਕਾਰਖ਼ਾਨਿਆਂ ਅਤੇ ਹਰ ਤਰ੍ਹਾਂ ਦੇ ਘਰੇਲੂ ਗੰਦ-ਮੰਦ ਨਾਲ ਭਰੀਆਂ ਹੋਈਆਂ ਹਨ, ਨੈਰੋਬੀ ਦੀ ਨਦੀ ਦਾ ਵੀ ਇਹੋ ਹਾਲ ਹੈ। ਪਰ ਸਮੇਂ ਦੇ ਬੀਤਣ ਨਾਲ ਨੈਰੋਬੀ ਦੇ ਲੋਕਾਂ ਨੂੰ ਇਕ ਹੋਰ ਕਿਸਮ ਦਾ “ਜਲ” ਮਿਲਿਆ ਹੈ ਯਾਨੀ ਬਾਈਬਲ ਦਾ ਜੀਵਨਦਾਇਕ ਸੰਦੇਸ਼ ਜੋ ਯਹੋਵਾਹ ਦੇ ਗਵਾਹ ਫੈਲਾ ਰਹੇ ਹਨ।—ਯੂਹੰਨਾ 4:14.

ਸੰਨ 1931 ਵਿਚ ਜਦੋਂ ਨੈਰੋਬੀ ਅਜੇ ਇੰਨਾ ਮਸ਼ਹੂਰ ਸ਼ਹਿਰ ਨਹੀਂ ਸੀ, ਦੱਖਣੀ ਅਫ਼ਰੀਕਾ ਤੋਂ ਗ੍ਰੇਅ ਤੇ ਫ਼ਰੈਂਕ ਸਮਿਥ ਨਾਂ ਦੇ ਦੋ ਭਰਾ ਕੀਨੀਆ ਆਏ। ਉਨ੍ਹਾਂ ਨੇ ਇੱਥੇ ਬਾਈਬਲ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਮੋਂਬਾਸਾ ਤੋਂ ਉਨ੍ਹਾਂ ਨੇ ਉਹੀ ਰਾਹ ਲਿਆ ਜਿਸ ਰਾਹ ਰੇਲ-ਗੱਡੀ ਆਉਂਦੀ-ਜਾਂਦੀ ਹੈ। ਉਨ੍ਹਾਂ ਨੇ ਕਈ ਖ਼ਤਰਿਆਂ ਦਾ ਸਾਮ੍ਹਣਾ ਕੀਤਾ ਸੀ, ਕਈ ਵਾਰ ਉਨ੍ਹਾਂ ਨੇ ਜੰਗਲੀ ਜਾਨਵਰਾਂ ਨਾਲ ਰਾਤਾਂ ਕੱਟੀਆਂ। ਨੈਰੋਬੀ ਵਿਚ ਉਨ੍ਹਾਂ ਨੇ 600 ਬਰੋਸ਼ਰਾਂ ਦੇ ਨਾਲ-ਨਾਲ ਲੋਕਾਂ ਨੂੰ ਬਾਈਬਲ ਬਾਰੇ ਹੋਰ ਕਿਤਾਬਾਂ ਤੇ ਰਸਾਲੇ ਵੀ ਵੰਡੇ। ਅੱਜ ਨੈਰੋਬੀ ਵਿਚ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੀਆਂ 61 ਕਲੀਸਿਯਾਵਾਂ ਵਿਚ ਤਕਰੀਬਨ 5,000 ਭੈਣ-ਭਰਾ ਹਨ। ਅੱਜ-ਕੱਲ੍ਹ ਨੈਰੋਬੀ ਦੇ ਲੋਕ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਅਤੇ ਅਸੈਂਬਲੀਆਂ ਕਰਕੇ ਉਨ੍ਹਾਂ ਦੇ ਕੰਮਾਂ ਬਾਰੇ ਜਾਣਦੇ ਹਨ। ਕਈਆਂ ਲੋਕਾਂ ਨੇ ਬਾਈਬਲ ਦਾ ਸੰਦੇਸ਼ ਖ਼ੁਸ਼ੀ ਨਾਲ ਅਪਣਾ ਲਿਆ ਹੈ।

ਸੁਖੀ ਭਵਿੱਖ

ਇਕ ਪੁਸਤਕ ਕਹਿੰਦੀ ਹੈ ਕਿ ‘ਜਿਨ੍ਹਾਂ ਸ਼ਹਿਰਾਂ ਵਿਚ ਕਾਰਖ਼ਾਨੇ ਹੁੰਦੇ ਹਨ ਉੱਥੇ ਘਰਾਂ ਦੀ ਥੁੜ੍ਹ ਹੁੰਦੀ ਹੈ। ਉੱਥੇ ਦੇ ਕਾਰਖ਼ਾਨਿਆਂ ਕਰਕੇ ਹਵਾ ਤੇ ਪਾਣੀ ਗੰਦੇ ਹੋ ਜਾਂਦੇ ਹਨ।’ ਨੈਰੋਬੀ ਵਿਚ ਇਹੀ ਕੁਝ ਹੋਇਆ ਹੈ। ਪਰ ਅੱਗੇ ਜਾ ਕੇ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ ਕਿਉਂਕਿ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿਚ ਵਸੇਰਾ ਕਰਨ ਲਈ ਆਉਂਦੇ ਹਨ। ਇਨ੍ਹਾਂ ਸਮੱਸਿਆਵਾਂ ਕਰਕੇ ਨੈਰੋਬੀ ਦੀ ਸ਼ਾਨ ਖ਼ਤਰੇ ਵਿਚ ਹੈ।

ਪਰ ਖ਼ੁਸ਼ੀ ਦੀ ਗੱਲ ਹੈ ਕਿ ਉਹ ਸਮਾਂ ਆਉਣ ਵਾਲਾ ਹੈ ਜਦੋਂ ਪਰਮੇਸ਼ੁਰ ਦੇ ਰਾਜ ਵਿਚ ਸਾਰਿਆਂ ਦੀ ਜ਼ਿੰਦਗੀ ਸੁਖੀ ਹੋਵੇਗੀ। ਕੋਈ ਵੀ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰੇਗਾ ਜਿਨ੍ਹਾਂ ਦਾ ਅੱਜ-ਕੱਲ੍ਹ ਸ਼ਹਿਰੀ ਲੋਕਾਂ ਨੂੰ ਕਰਨਾ ਪੈਂਦਾ ਹੈ।​—2 ਪਤਰਸ 3:13. (g04 11/8)

[ਫੁਟਨੋਟ]

^ ਪੈਰਾ 5 ਰੇਲ-ਪਟੜੀ ਬਣਾਏ ਜਾਣ ਬਾਰੇ ਪੂਰੀ ਕਹਾਣੀ ਪੜ੍ਹਨ ਲਈ 22 ਸਤੰਬਰ 1998 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਦੇ 21-4 ਸਫ਼ਿਆਂ ਤੇ “ਈਸਟ ਅਫ਼ਰੀਕਾ ਦੀ ‘ਲੁਨਾਟਿਕ ਐਕਸਪ੍ਰੈੱਸ’” ਨਾਂ ਦਾ ਲੇਖ ਦੇਖੋ।

[ਸਫ਼ੇ 16 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਨੈਰੋਬੀ

[ਸਫ਼ੇ 18 ਉੱਤੇ ਤਸਵੀਰ]

ਕਿਲਮਨਜਾਰੋ ਪਹਾੜ

[ਸਫ਼ੇ 18 ਉੱਤੇ ਤਸਵੀਰ]

ਕੀਨੀਆ ਪਹਾੜ

[ਕ੍ਰੈਡਿਟ ਲਾਈਨ]

Duncan Willetts, Camerapix

[ਸਫ਼ੇ 18 ਉੱਤੇ ਤਸਵੀਰ]

ਬਾਜ਼ਾਰ

[ਸਫ਼ੇ 19 ਉੱਤੇ ਤਸਵੀਰ]

1931 ਵਿਚ ਗ੍ਰੇਅ ਤੇ ਫ਼ਰੈਂਕ ਸਮਿਥ

[ਸਫ਼ੇ 17 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Crispin Hughes/Panos Pictures