Skip to content

Skip to table of contents

ਫੁਲਬਹਿਰੀ ਕੀ ਹੈ?

ਫੁਲਬਹਿਰੀ ਕੀ ਹੈ?

ਫੁਲਬਹਿਰੀ ਕੀ ਹੈ?

ਦੱਖਣੀ ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

◼ ਸਿਬੋਂਗੀਲੇ ਆਪਣੀ ਚਮੜੀ ਬਾਰੇ ਕਦੇ-ਕਦੇ ਮਜ਼ਾਕੀਆ ਲਹਿਜੇ ਨਾਲ ਗੱਲ ਕਰਦੀ ਹੈ। ਉਹ ਮੁਸਕਰਾਉਂਦੀ ਹੋਈ ਕਹਿੰਦੀ ਹੈ: “ਮੈਂ ਕਾਲੀ ਪੈਦਾ ਹੋਈ ਸੀ, ਫਿਰ ਮੈਂ ਚਿੱਟੀ ਹੋ ਗਈ। ਹੁਣ ਪਤਾ ਨਹੀਂ ਮੈਂ ਕਿਹੜੇ ਰੰਗ ਦੀ ਹਾਂ।” ਸਿਬੋਂਗੀਲੇ ਨੂੰ ਫੁਲਬਹਿਰੀ ਹੈ।

ਫੁਲਬਹਿਰੀ ਚਮੜੀ ਵਿਚ ਕਾਲਾਪਣ ਪੈਦਾ ਕਰਨ ਵਾਲੇ ਸੈੱਲਾਂ ਦੀ ਘਾਟ ਕਾਰਨ ਹੁੰਦੀ ਹੈ। ਇਸ ਕਾਰਨ ਚਮੜੀ ਉੱਤੇ ਸਫ਼ੈਦ ਦਾਗ਼ ਪੈ ਜਾਂਦੇ ਹਨ। ਕੁਝ ਮਰੀਜ਼ਾਂ ਦੀ ਚਮੜੀ ਉੱਤੇ ਪਿਆ ਦਾਗ਼ ਕਦੇ ਵਧਦਾ ਨਹੀਂ। ਪਰ ਕਈ ਲੋਕਾਂ ਦੀ ਚਮੜੀ ਤੇ ਇਹ ਦਾਗ਼ ਛੇਤੀ ਫੈਲਦਾ ਹੈ ਤੇ ਪੂਰਾ ਸਰੀਰ ਚਿੱਟਾ ਹੋ ਜਾਂਦਾ ਹੈ। ਕੁਝ ਲੋਕਾਂ ਦੇ ਸਰੀਰ ਤੇ ਫੁਲਬਹਿਰੀ ਫੈਲਣ ਵਿਚ ਕਈ ਸਾਲ ਲੱਗ ਜਾਂਦੇ ਹਨ। ਫੁਲਬਹਿਰੀ ਨਾਲ ਕੋਈ ਤਕਲੀਫ਼ ਨਹੀਂ ਹੁੰਦੀ ਤੇ ਨਾ ਹੀ ਇਹ ਕੋਈ ਛੂਤ ਦੀ ਬੀਮਾਰੀ ਹੈ।

ਗੋਰੀ ਚਮੜੀ ਉੱਤੇ ਫੁਲਬਹਿਰੀ ਘੱਟ ਨਜ਼ਰ ਆਉਂਦੀ ਹੈ, ਪਰ ਕਾਲੀ ਚਮੜੀ ਉੱਤੇ ਇਹ ਜ਼ਿਆਦਾ ਸਪੱਸ਼ਟ ਹੁੰਦੀ ਹੈ ਜਿਵੇਂ ਸਿਬੋਂਗੀਲੇ ਦੀ ਚਮੜੀ ਤੇ। ਪਰ ਬਹੁਤ ਸਾਰੇ ਲੋਕ ਇਸ ਰੋਗ ਦੇ ਸ਼ਿਕਾਰ ਹੁੰਦੇ ਹਨ। ਅੰਕੜੇ ਦਿਖਾਉਂਦੇ ਹਨ ਕਿ ਕੁੱਲ ਆਬਾਦੀ ਦੇ 1-2 ਪ੍ਰਤਿਸ਼ਤ ਲੋਕ ਫੁਲਬਹਿਰੀ ਦੇ ਸ਼ਿਕਾਰ ਹਨ। ਇਹ ਰੋਗ ਕਿਸੇ ਵੀ ਨਸਲ ਦੇ ਵਿਅਕਤੀ ਨੂੰ ਹੋ ਸਕਦਾ ਹੈ ਅਤੇ ਇਹ ਔਰਤਾਂ ਤੇ ਮਰਦਾਂ ਦੋਹਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ। ਇਸ ਰੋਗ ਦੇ ਕਾਰਨ ਦਾ ਅਜੇ ਤਕ ਕਿਸੇ ਨੂੰ ਪਤਾ ਨਹੀਂ ਲੱਗਾ।

ਹਾਲਾਂਕਿ ਫੁਲਬਹਿਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ, ਫਿਰ ਵੀ ਇਸ ਨਾਲ ਕਈ ਤਰੀਕਿਆਂ ਨਾਲ ਸਿੱਝਿਆ ਜਾ ਸਕਦਾ ਹੈ। ਮਿਸਾਲ ਲਈ, ਗੋਰੀ ਚਮੜੀ ਵਾਲੇ ਮਰੀਜ਼ਾਂ ਦੀ ਚਮੜੀ ਜਦੋਂ ਧੁੱਪ ਦੇ ਕਾਰਨ ਭੂਰੀ ਹੋ ਜਾਂਦੀ ਹੈ, ਤਾਂ ਫੁਲਬਹਿਰੀ ਦੇ ਚਿੱਟੇ ਧੱਬੇ ਹੋਰ ਸਪੱਸ਼ਟ ਹੋ ਜਾਂਦੇ ਹਨ। ਇਸ ਲਈ ਧੁੱਪ ਤੋਂ ਬਚਣ ਨਾਲ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ। ਕਾਲੀ ਚਮੜੀ ਵਾਲੇ ਲੋਕ ਖ਼ਾਸ ਮੇਕ-ਅੱਪ ਦੀ ਮਦਦ ਨਾਲ ਇਨ੍ਹਾਂ ਧੱਬਿਆਂ ਨੂੰ ਲੁਕਾ ਸਕਦੇ ਹਨ। ਕੁਝ ਮਰੀਜ਼ਾਂ ਨੂੰ ਚਮੜੀ ਵਿਚ ਕਾਲਾਪਣ ਪੈਦਾ ਕਰਨ ਵਾਲੀਆਂ ਦਵਾਈਆਂ ਤੋਂ ਫ਼ਾਇਦਾ ਹੋਇਆ ਹੈ। ਇਸ ਇਲਾਜ ਲਈ ਪਰਾ-ਵੈਂਗਣੀ ਕਿਰਨਾਂ ਵਾਲਾ ਉਪਕਰਣ ਵਰਤਿਆ ਜਾਂਦਾ ਹੈ ਤੇ ਮਰੀਜ਼ ਨੂੰ ਕਈ ਮਹੀਨਿਆਂ ਤਕ ਦਵਾਈ ਲੈਣੀ ਪੈਂਦੀ ਹੈ। ਕੁਝ ਹਾਲਾਤਾਂ ਵਿਚ ਇਸ ਇਲਾਜ ਨਾਲ ਧੱਬਿਆਂ ਦਾ ਰੰਗ ਮੁੜ ਆਮ ਚਮੜੀ ਵਰਗਾ ਹੋ ਜਾਂਦਾ ਹੈ। ਕਈ ਮਰੀਜ਼ ਇਕ ਹੋਰ ਵਿਧੀ ਅਪਣਾਉਂਦੇ ਹਨ ਜਿਸ ਵਿਚ ਦਵਾਈਆਂ ਦੀ ਮਦਦ ਨਾਲ ਚਮੜੀ ਵਿਚ ਕਾਲਾਪਣ ਪੈਦਾ ਕਰਨ ਵਾਲੇ ਬਾਕੀ ਰਹਿੰਦੇ ਸੈੱਲਾਂ ਨੂੰ ਵੀ ਖ਼ਤਮ ਕਰ ਦਿੱਤਾ ਜਾਂਦਾ ਹੈ। ਇਸ ਨਾਲ ਚਮੜੀ ਇੱਕੋ ਰੰਗ ਦੀ ਹੋ ਜਾਂਦੀ ਹੈ।

ਫੁਲਬਹਿਰੀ ਮਾਨਸਿਕ ਤਣਾਅ ਦਾ ਕਾਰਨ ਬਣ ਸਕਦੀ ਹੈ, ਖ਼ਾਸਕਰ ਜੇ ਇਹ ਚਿਹਰੇ ਉੱਤੇ ਹੋ ਜਾਵੇ। ਸਿਬੋਂਗੀਲੇ ਦੱਸਦੀ ਹੈ: “ਹਾਲ ਹੀ ਵਿਚ ਦੋ ਬੱਚੇ ਮੈਨੂੰ ਦੇਖ ਕੇ ਡਰ ਗਏ ਤੇ ਚੀਕਾਂ ਮਾਰਦੇ ਭੱਜ ਗਏ। ਦੂਸਰੇ ਇਹ ਸੋਚ ਕੇ ਮੇਰੇ ਨਾਲ ਗੱਲ ਕਰਨ ਤੋਂ ਝਿਜਕਦੇ ਹਨ ਕਿ ਮੈਨੂੰ ਕੋਈ ਛੂਤ ਦੀ ਬੀਮਾਰੀ ਹੈ ਜਾਂ ਮੈਨੂੰ ਕੋਈ ਸਰਾਪ ਮਿਲਿਆ ਹੋਇਆ ਹੈ। ਮੈਂ ਦੂਜਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਇਸ ਬੀਮਾਰੀ ਤੋਂ ਪੀੜਿਤ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਹੈ। ਫੁਲਬਹਿਰੀ ਛੋਹਣ ਜਾਂ ਹਵਾ ਰਾਹੀਂ ਨਹੀਂ ਫੈਲਦੀ।”

ਸਿਬੋਂਗੀਲੇ ਇਕ ਯਹੋਵਾਹ ਦੀ ਗਵਾਹ ਹੈ ਤੇ ਉਹ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਣਾ ਬਹੁਤ ਪਸੰਦ ਕਰਦੀ ਹੈ। ਉਹ ਇਸ ਕੰਮ ਵਿਚ ਆਪਣੀ ਬੀਮਾਰੀ ਨੂੰ ਰੁਕਾਵਟ ਨਹੀਂ ਬਣਨ ਦਿੰਦੀ। ਇਹ ਸਿੱਖਿਆ ਦੇਣ ਲਈ ਉਹ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਮਿਲਣ ਜਾਂਦੀ ਹੈ ਤੇ ਉਨ੍ਹਾਂ ਨਾਲ ਗੱਲਬਾਤ ਕਰਦੀ ਹੈ। ਉਹ ਕਹਿੰਦੀ ਹੈ: “ਹੁਣ ਮੈਂ ਆਪਣੀ ਇਸ ਸ਼ਕਲ ਦੀ ਆਦੀ ਹੋ ਗਈ ਹਾਂ। ਮੈਂ ਜਿਹੋ ਜਿਹੀ ਵੀ ਹਾਂ, ਖ਼ੁਸ਼ ਹਾਂ। ਮੈਂ ਉਸ ਸਮੇਂ ਦੀ ਉਡੀਕ ਕਰ ਰਹੀ ਹਾਂ ਜਦੋਂ ਯਹੋਵਾਹ ਪਰਮੇਸ਼ੁਰ ਇਸ ਧਰਤੀ ਨੂੰ ਫਿਰਦੌਸ ਬਣਾਵੇਗਾ ਤੇ ਮੈਨੂੰ ਉਸੇ ਰੰਗ ਦੀ ਬਣਾ ਦੇਵੇਗਾ ਜਿਸ ਰੰਗ ਦੀ ਮੈਂ ਪੈਦਾ ਹੋਣ ਵੇਲੇ ਸੀ।”—ਪਰਕਾਸ਼ ਦੀ ਪੋਥੀ 21:3-5. (g04 9/22)

[ਸਫ਼ੇ 22 ਉੱਤੇ ਤਸਵੀਰ]

ਫੁਲਬਹਿਰੀ ਹੋਣ ਤੋਂ ਪਹਿਲਾਂ 1967 ਵਿਚ