Skip to content

Skip to table of contents

ਬਚਪਨ ਵਿਚ ਸਿਖਲਾਈ ਦੇਣੀ ਕਿੰਨੀ ਕੁ ਜ਼ਰੂਰੀ ਹੈ?

ਬਚਪਨ ਵਿਚ ਸਿਖਲਾਈ ਦੇਣੀ ਕਿੰਨੀ ਕੁ ਜ਼ਰੂਰੀ ਹੈ?

ਬਚਪਨ ਵਿਚ ਸਿਖਲਾਈ ਦੇਣੀ ਕਿੰਨੀ ਕੁ ਜ਼ਰੂਰੀ ਹੈ?

ਫਲੋਰੈਂਸ 40 ਸਾਲਾਂ ਦੀ ਸੀ ਅਤੇ ਉਸ ਨੂੰ ਇਕ ਬੱਚੇ ਦੀ ਬੜੀ ਸੱਧਰ ਸੀ। ਪਰ ਅਫ਼ਸੋਸ, ਜਦੋਂ ਉਹ ਗਰਭਵਤੀ ਹੋਈ, ਤਾਂ ਇਕ ਡਾਕਟਰ ਨੇ ਉਸ ਨੂੰ ਖ਼ਬਰਦਾਰ ਕੀਤਾ ਕਿ ਬੱਚੇ ਦੇ ਦਿਮਾਗ਼ ਵਿਚ ਸ਼ਾਇਦ ਨੁਕਸ ਹੋਵੇ ਜਿਸ ਕਰਕੇ ਉਸ ਨੂੰ ਪੜ੍ਹਨ-ਲਿਖਣ ਵਿਚ ਸਮੱਸਿਆ ਹੋਵੇਗੀ। ਪਰ ਫਲੋਰੈਂਸ ਨੇ ਆਸ ਨਹੀਂ ਛੱਡੀ ਤੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ।

ਆਪਣੇ ਪੁੱਤਰ ਸਟੀਵਨ ਦੇ ਜਨਮ ਤੋਂ ਕੁਝ ਸਮੇਂ ਬਾਅਦ ਫਲੋਰੈਂਸ ਨੇ ਉਸ ਨੂੰ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ। ਉਹ ਉਸ ਨਾਲ ਗੱਲਾਂ ਕਰਦੀ। ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ, ਮਾਂ-ਪੁੱਤ ਦੋਵੇਂ ਰਲ ਕੇ ਖੇਡਦੇ, ਬਾਹਰ ਘੁੰਮਣ-ਫਿਰਨ ਜਾਂਦੇ, ਗਿਣਤੀ ਦੀ ਪ੍ਰੈਕਟਿਸ ਕਰਦੇ ਤੇ ਗਾਣੇ ਗਾਉਂਦੇ। ਫਲੋਰੈਂਸ ਹੁਣ ਉਸ ਸਮੇਂ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ: “ਜਦੋਂ ਮੈਂ ਸਟੀਵਨ ਨੂੰ ਨਲਾਉਂਦੀ ਹੁੰਦੀ ਸੀ, ਉਸ ਵੇਲੇ ਵੀ ਅਸੀਂ ਕੋਈ-ਨ-ਕੋਈ ਖੇਡ ਖੇਡਦੇ ਸੀ।” ਉਸ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲਿਆ।

ਸਟੀਵਨ ਨੇ 14 ਸਾਲ ਦੀ ਉਮਰ ਤੇ ਮਿਆਮੀ ਯੂਨੀਵਰਸਿਟੀ ਤੋਂ ਆਨਰਜ਼ ਦੀ ਡਿਗਰੀ ਲਈ। ਦੋ ਸਾਲ ਬਾਅਦ 16 ਸਾਲ ਦੀ ਉਮਰ ਤੇ ਉਸ ਨੇ ਵਕਾਲਤ ਦੀ ਪੜ੍ਹਾਈ ਕੀਤੀ। ਆਪਣੀ ਜੀਵਨੀ ਵਿਚ ਉਸ ਨੇ ਲਿਖਿਆ ਕਿ ਉਹ ਬਾਅਦ ਵਿਚ ਅਮਰੀਕਾ ਦਾ ਸਭ ਤੋਂ ਛੋਟੀ ਉਮਰ ਦਾ ਵਕੀਲ ਬਣਿਆ। ਉਸ ਦੀ ਮਾਂ ਡਾਕਟਰ ਫਲੋਰੈਂਸ ਬੈਕਸ ਜੋ ਇਕ ਅਧਿਆਪਕ ਅਤੇ ਸਲਾਹਕਾਰ ਰਹਿ ਚੁੱਕੀ ਹੈ, ਨੇ ਬੱਚਿਆਂ ਨੂੰ ਬਚਪਨ ਵਿਚ ਸਿਖਲਾਈ ਦੇਣ ਬਾਰੇ ਡੂੰਘਾ ਅਧਿਐਨ ਕੀਤਾ ਹੈ। ਉਸ ਨੂੰ ਪੂਰਾ ਯਕੀਨ ਹੈ ਕਿ ਬਚਪਨ ਵਿਚ ਸਟੀਵਨ ਵੱਲ ਪੂਰਾ-ਪੂਰਾ ਧਿਆਨ ਦੇਣ ਅਤੇ ਉਸ ਨੂੰ ਸਿਖਲਾਈ ਦੇਣ ਕਰਕੇ ਹੀ ਸਟੀਵਨ ਵੱਡਾ ਹੋ ਕੇ ਇਕ ਸਫ਼ਲ ਇਨਸਾਨ ਬਣ ਸਕਿਆ।

ਪੈਦਾਇਸ਼ੀ ਗੁਣ ਜਾਂ ਪਰਵਰਿਸ਼

ਬਾਲ ਮਨੋਵਿਗਿਆਨੀ ਇਸ ਗੱਲ ਤੇ ਆਪਸ ਵਿਚ ਸਹਿਮਤ ਨਹੀਂ ਹਨ ਕਿ ਬੱਚੇ ਦੇ ਵਧਣ-ਫੁੱਲਣ ਵਿਚ ਪੈਦਾਇਸ਼ੀ ਗੁਣਾਂ ਦਾ ਕਿੰਨਾ ਕੁ ਯੋਗਦਾਨ ਹੁੰਦਾ ਹੈ ਅਤੇ ਪਰਵਰਿਸ਼ ਦਾ ਕਿੰਨਾ ਕੁ। ਜ਼ਿਆਦਾਤਰ ਖੋਜਕਾਰ ਮੰਨਦੇ ਹਨ ਕਿ ਬੱਚੇ ਦੇ ਵਧਣ-ਫੁੱਲਣ ਵਿਚ ਪਰਵਰਿਸ਼ ਅਤੇ ਪੈਦਾਇਸ਼ੀ ਗੁਣ ਦੋਵੇਂ ਹੀ ਯੋਗਦਾਨ ਪਾਉਂਦੇ ਹਨ।

ਬਾਲ-ਵਿਕਾਸ ਦੇ ਮਾਹਰ ਡਾਕਟਰ ਜੇ. ਫਰੇਜ਼ਰ ਮਸਟਰਡ ਦਾ ਕਹਿਣਾ ਹੈ: “ਵੱਖ-ਵੱਖ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਬੱਚਿਆਂ ਦੇ ਪਹਿਲੇ ਕੁਝ ਸਾਲਾਂ ਦੇ ਤਜਰਬਿਆਂ ਦਾ ਉਨ੍ਹਾਂ ਦੇ ਦਿਮਾਗ਼ੀ ਵਿਕਾਸ ਉੱਤੇ ਅਸਰ ਪੈਂਦਾ ਹੈ।” ਪ੍ਰੋਫ਼ੈਸਰ ਸੂਜ਼ਨ ਗ੍ਰੀਨਫੀਲਡ ਦਾ ਵੀ ਇਹੋ ਕਹਿਣਾ ਹੈ: ‘ਉਦਾਹਰਣ ਲਈ, ਅਸੀਂ ਜਾਣਦੇ ਹਾਂ ਕਿ ਵਾਇਲਨ ਵਜਾਉਣ ਵਾਲੇ ਆਪਣੇ ਖੱਬੇ ਹੱਥ ਦੀਆਂ ਉਂਗਲਾਂ ਜ਼ਿਆਦਾ ਇਸਤੇਮਾਲ ਕਰਦੇ ਹਨ ਜਿਸ ਕਰਕੇ ਉਨ੍ਹਾਂ ਦੇ ਦਿਮਾਗ਼ ਵਿਚ ਉਨ੍ਹਾਂ ਦੇ ਖੱਬੇ ਹੱਥ ਦੀਆਂ ਉਂਗਲਾਂ ਲਈ ਜ਼ਿਆਦਾ ਸਨੈਪਟਿਕ ਕਨੈਕਸ਼ਨ ਬਣਦੇ ਹਨ।’

ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਵੇ

ਇਨ੍ਹਾਂ ਖੋਜਾਂ ਨੂੰ ਦੇਖ ਕੇ ਮਾਪੇ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਡੇ ਕੇਅਰ ਸੈਂਟਰਾਂ ਵਿਚ ਘੱਲਦੇ ਹਨ ਅਤੇ ਇਸ ਦੇ ਨਾਲ-ਨਾਲ ਸੰਗੀਤ ਤੇ ਹੋਰ ਕੋਈ ਕਲਾ ਸਿਖਾਉਣ ਲਈ ਦਿਲ ਖੋਲ੍ਹ ਕੇ ਪੈਸਾ ਖ਼ਰਚ ਕਰਦੇ ਹਨ। ਕੁਝ ਇਹ ਮੰਨਦੇ ਹਨ ਕਿ ਜੇ ਬੱਚੇ ਬਚਪਨ ਵਿਚ ਹੀ ਸਭ ਕੁਝ ਕਰਨਾ ਸਿੱਖ ਲੈਣ, ਤਾਂ ਉਹ ਵੱਡੇ ਹੋ ਕੇ ਕਿਸੇ ਵੀ ਗੱਲ ਵਿਚ ਪਿੱਛੇ ਨਹੀਂ ਰਹਿਣਗੇ। ਇਸੇ ਕਰਕੇ ਖ਼ਾਸ ਟ੍ਰੇਨਿੰਗ ਪ੍ਰੋਗ੍ਰਾਮ ਅਤੇ ਡੇ ਕੇਅਰ ਸੈਂਟਰ ਖੁੰਭਾਂ ਵਾਂਗ ਸਭ ਪਾਸੇ ਫੈਲ ਰਹੇ ਹਨ। ਕਈ ਮਾਪੇ ਆਪਣੇ ਬੱਚਿਆਂ ਲਈ ਕੁਝ ਵੀ ਕਰਨ ਲਈ ਤਿਆਰ ਹਨ ਤਾਂਕਿ ਉਨ੍ਹਾਂ ਦੇ ਬੱਚੇ ਦੂਜਿਆਂ ਤੋਂ ਪਿੱਛੇ ਨਾ ਰਹਿ ਜਾਣ।

ਕੀ ਇੰਨਾ ਸਭ ਕੁਝ ਕਰਨ ਦਾ ਨਤੀਜਾ ਵਧੀਆ ਨਿਕਲਦਾ ਹੈ? ਇਨ੍ਹਾਂ ਸਭ ਗੱਲਾਂ ਤੋਂ ਲੱਗਦਾ ਹੈ ਕਿ ਇਸ ਨਾਲ ਬੱਚੇ ਨੂੰ ਬਹੁਤ ਕੁਝ ਸਿੱਖਣ ਦੇ ਮੌਕੇ ਮਿਲਦੇ ਹਨ। ਪਰ ਇਨ੍ਹਾਂ ਹਾਲਾਤਾਂ ਵਿਚ ਬੱਚਾ ਉਹ ਸਭ ਕੁਝ ਨਹੀਂ ਸਿੱਖ ਪਾਉਂਦਾ ਜੋ ਉਹ ਸਹਿਜ-ਸੁਭਾਅ ਖੇਡ ਕੇ ਸਿੱਖਦਾ ਹੈ। ਸਿੱਖਿਆ-ਸ਼ਾਸਤਰੀ ਕਹਿੰਦੇ ਹਨ ਕਿ ਜਦੋਂ ਬੱਚਾ ਸਹਿਜ-ਸੁਭਾਅ ਖੇਡਦਾ ਹੈ, ਤਾਂ ਉਸ ਦਾ ਦਿਮਾਗ਼ ਤੇਜ਼ ਹੁੰਦਾ ਹੈ, ਉਹ ਨਵੀਆਂ-ਨਵੀਆਂ ਚੀਜ਼ਾਂ ਬਣਾਉਣੀਆਂ ਸਿੱਖਦਾ ਹੈ, ਉਸ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਚੰਗੇ ਸੁਭਾਅ ਦਾ ਬਣਦਾ ਹੈ।

ਬਾਲ ਵਿਕਾਸ ਦੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਮਾਂ-ਬਾਪ ਆਪਣੇ ਬੱਚਿਆਂ ਲਈ ਖੇਡਾਂ ਦੀ ਚੋਣ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਨ-ਮਰਜ਼ੀ ਅਨੁਸਾਰ ਖੇਡਣ ਦੀ ਆਜ਼ਾਦੀ ਨਹੀਂ ਦਿੰਦੇ, ਤਾਂ ਬੱਚੇ ਮਾਨਸਿਕ ਦਬਾਅ ਮਹਿਸੂਸ ਕਰਦੇ ਹਨ, ਚਿੜਚਿੜੇ ਹੋ ਜਾਂਦੇ ਹਨ, ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ ਅਤੇ ਉਨ੍ਹਾਂ ਦਾ ਕੁਝ-ਨਾ-ਕੁਝ ਦੁਖਦਾ ਰਹਿੰਦਾ ਹੈ। ਇਕ ਮਨੋਵਿਗਿਆਨੀ ਕਹਿੰਦਾ ਹੈ ਕਿ ਜਦੋਂ ਇਹ ਬੱਚੇ ਵੱਡੇ ਹੁੰਦੇ ਹਨ, ਤਾਂ ਉਨ੍ਹਾਂ ਵਿਚ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਕਾਬਲੀਅਤ ਨਹੀਂ ਹੁੰਦੀ ਤੇ ਉਹ “ਦਿਮਾਗ਼ੀ ਤੌਰ ਤੇ ਥੱਕੇ ਹੁੰਦੇ ਹਨ, ਦੂਜਿਆਂ ਤੋਂ ਦੂਰ ਰਹਿੰਦੇ ਹਨ ਤੇ ਬਾਗ਼ੀ ਸੁਭਾਅ ਦੇ ਬਣ ਜਾਂਦੇ ਹਨ।”

ਇਸ ਕਰਕੇ ਬਹੁਤ ਸਾਰੇ ਮਾਪਿਆਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰਨ। ਉਹ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਉਹ ਜ਼ਿੰਦਗੀ ਵਿਚ ਕਾਮਯਾਬ ਬਣ ਸਕਣ। ਪਰ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਬੱਚਿਆਂ ਤੇ ਇੰਨਾ ਬੋਝ ਪਾਉਣਾ ਠੀਕ ਨਹੀਂ ਹੈ। ਕੀ ਕੋਈ ਤਰੀਕਾ ਹੈ ਜਿਸ ਨੂੰ ਵਰਤ ਕੇ ਬੱਚਿਆਂ ਦੀ ਸਹੀ ਤਰੀਕੇ ਨਾਲ ਪਰਵਰਿਸ਼ ਕੀਤੀ ਜਾ ਸਕੇ ਤੇ ਉਨ੍ਹਾਂ ਤੇ ਬੋਝ ਵੀ ਨਾ ਪਵੇ? ਬੱਚਿਆਂ ਵਿਚ ਸਿੱਖਣ ਦੀ ਕਿੰਨੀ ਕੁ ਕਾਬਲੀਅਤ ਹੈ ਅਤੇ ਇਸ ਕਾਬਲੀਅਤ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ? ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਇਨਸਾਨ ਬਣਾਉਣ ਲਈ ਮਾਪੇ ਕੀ ਕਰ ਸਕਦੇ ਹਨ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। (g04 10/22)

[ਸਫ਼ੇ 3 ਉੱਤੇ ਤਸਵੀਰ]

ਬਚਪਨ ਦੇ ਤਜਰਬਿਆਂ ਦਾ ਬੱਚੇ ਦੇ ਦਿਮਾਗ਼ੀ ਵਿਕਾਸ ਉੱਤੇ ਅਸਰ ਪੈ ਸਕਦਾ ਹੈ

[ਸਫ਼ੇ 4 ਉੱਤੇ ਤਸਵੀਰ]

ਖੇਡਾਂ ਖੇਡ ਕੇ ਬੱਚੇ ਦਾ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਉਹ ਨਵੀਆਂ-ਨਵੀਆਂ ਚੀਜ਼ਾਂ ਬਣਾਉਣੀਆਂ ਸਿੱਖਦਾ ਹੈ