Skip to content

Skip to table of contents

ਮੈਂ ਬਚਪਨ ਤੋਂ ਪਰਮੇਸ਼ੁਰ ਨਾਲ ਪਿਆਰ ਕਰਨਾ ਸਿੱਖਿਆ

ਮੈਂ ਬਚਪਨ ਤੋਂ ਪਰਮੇਸ਼ੁਰ ਨਾਲ ਪਿਆਰ ਕਰਨਾ ਸਿੱਖਿਆ

ਮੈਂ ਬਚਪਨ ਤੋਂ ਪਰਮੇਸ਼ੁਰ ਨਾਲ ਪਿਆਰ ਕਰਨਾ ਸਿੱਖਿਆ

ਅਨਾਟੋਲਯੀ ਮੈਲਨਿੱਕ ਦੀ ਜ਼ਬਾਨੀ

ਬਹੁਤ ਸਾਰੇ ਬੱਚੇ ਪਿਆਰ ਨਾਲ ਮੈਨੂੰ ਦਾਦਾ ਜੀ ਬੁਲਾਉਂਦੇ ਹਨ। ਉਨ੍ਹਾਂ ਦੇ ਮੂੰਹੋਂ ਦਾਦਾ ਜੀ ਸੁਣ ਕੇ ਮੇਰਾ ਰੋਮ-ਰੋਮ ਖਿੜ ਉੱਠਦਾ ਹੈ ਕਿਉਂਕਿ ਇਸ ਤੋਂ ਮੈਨੂੰ ਆਪਣੇ ਨਾਨਾ ਜੀ ਯਾਦ ਆਉਂਦੇ ਹਨ ਜਿਨ੍ਹਾਂ ਨੂੰ ਮੈਂ ਬੜਾ ਪਿਆਰ ਕਰਦਾ ਸੀ ਤੇ ਜਿਨ੍ਹਾਂ ਦਾ ਮੈਂ ਸਾਰੀ ਉਮਰ ਅਹਿਸਾਨਮੰਦ ਰਹਾਂਗਾ। ਮੈਂ ਤੁਹਾਨੂੰ ਉਨ੍ਹਾਂ ਬਾਰੇ ਦੱਸਦਾ ਹਾਂ। ਉਨ੍ਹਾਂ ਨੇ ਤੇ ਨਾਨੀ ਜੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਦੂਸਰਿਆਂ ਉੱਤੇ ਡੂੰਘਾ ਪ੍ਰਭਾਵ ਪਾਇਆ।

ਮੈਂ ਮੌਲਡੋਵਾ ਦੇ ਉੱਤਰੀ ਇਲਾਕੇ ਵਿਚ ਵਸੇ ਖ਼ਲੀਨਾ ਨਾਂ ਦੇ ਪਿੰਡ ਵਿਚ ਪੈਦਾ ਹੋਇਆ ਸੀ। * 1920 ਦੇ ਦਹਾਕੇ ਵਿਚ ਦੋ ਪ੍ਰਚਾਰਕ ਰੋਮਾਨੀਆ ਤੋਂ ਸਾਡੇ ਰਮਣੀਕ ਪਹਾੜੀ ਇਲਾਕੇ ਵਿਚ ਬਾਈਬਲ ਦੀ ਖ਼ੁਸ਼ ਖ਼ਬਰੀ ਸੁਣਾਉਣ ਆਏ। ਮੇਰੇ ਨਾਨਾ-ਨਾਨੀ ਜੀ ਨੇ ਉਨ੍ਹਾਂ ਦੀ ਗੱਲ ਸੁਣੀ ਤੇ ਸੰਨ 1927 ਵਿਚ ਉਹ ਬਾਈਬਲ ਸਟੂਡੈਂਟਸ ਬਣ ਗਏ ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ। ਸਾਲ 1939 ਵਿਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਸਾਡੇ ਛੋਟੇ ਜਿਹੇ ਪਿੰਡ ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਸਥਾਪਿਤ ਹੋ ਚੁੱਕੀ ਸੀ।

ਸੰਨ 1936 ਵਿਚ, ਜਿਸ ਸਾਲ ਮੇਰਾ ਜਨਮ ਹੋਇਆ, ਮੇਰੇ ਪਿਤਾ ਜੀ ਨੂੰ ਛੱਡ ਬਾਕੀ ਸਾਰੇ ਰਿਸ਼ਤੇਦਾਰ ਯਹੋਵਾਹ ਦੇ ਗਵਾਹ ਬਣ ਚੁੱਕੇ ਸਨ। ਪਿਤਾ ਜੀ ਆਰਥੋਡਾਕਸ ਚਰਚ ਦੇ ਮੈਂਬਰ ਸਨ। ਦੂਸਰੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਜ਼ਿੰਦਗੀ ਦੇ ਮਕਸਦ ਉੱਤੇ ਸੋਚ-ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਅਖ਼ੀਰ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਨਾਨਾ ਜੀ ਨੇ ਸਾਡੇ ਪਰਿਵਾਰ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਬਹੁਤ ਮਿਹਨਤ ਕੀਤੀ। ਉਨ੍ਹਾਂ ਨੂੰ ਬਾਈਬਲ ਨਾਲ ਬੇਹੱਦ ਪਿਆਰ ਸੀ ਅਤੇ ਉਹ ਮੂੰਹ-ਜ਼ਬਾਨੀ ਸੈਂਕੜੇ ਆਇਤਾਂ ਜਾਣਦੇ ਸਨ। ਉਹ ਕਿਸੇ ਵੀ ਗੱਲ ਨੂੰ ਬਾਈਬਲ ਵੱਲ ਮੋੜ ਲੈਂਦੇ ਸੀ।

ਮੈਂ ਅਕਸਰ ਨਾਨਾ ਜੀ ਦੀ ਗੋਦ ਵਿਚ ਬੈਠ ਕੇ ਉਨ੍ਹਾਂ ਤੋਂ ਬਾਈਬਲ ਦੀਆਂ ਕਹਾਣੀਆਂ ਸੁਣਿਆ ਕਰਦਾ ਸੀ। ਉਨ੍ਹਾਂ ਨੇ ਮੈਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਸਿਖਾਇਆ। ਇਸ ਗੱਲ ਲਈ ਮੈਂ ਉਨ੍ਹਾਂ ਦਾ ਬਹੁਤ ਅਹਿਸਾਨਮੰਦ ਹਾਂ। ਅੱਠ ਸਾਲ ਦੀ ਉਮਰ ਤੇ ਮੈਂ ਨਾਨਾ ਜੀ ਨਾਲ ਪਹਿਲੀ ਵਾਰ ਪ੍ਰਚਾਰ ਕਰਨ ਗਿਆ। ਬਾਈਬਲ ਵਿੱਚੋਂ ਅਸੀਂ ਪਿੰਡ ਦੇ ਲੋਕਾਂ ਨੂੰ ਦਿਖਾਇਆ ਕਿ ਯਹੋਵਾਹ ਕੌਣ ਹੈ ਅਤੇ ਅਸੀਂ ਉਸ ਦੇ ਨੇੜੇ ਕਿਵੇਂ ਜਾ ਸਕਦੇ ਹਾਂ।

ਕਮਿਊਨਿਸਟ ਸਰਕਾਰ ਦੇ ਜ਼ੁਲਮ

ਸੰਨ 1947 ਵਿਚ ਕਮਿਊਨਿਸਟ ਸਰਕਾਰ ਨੇ ਆਪਣੇ ਸਿਧਾਂਤਾਂ ਕਰਕੇ ਅਤੇ ਆਰਥੋਡਾਕਸ ਚਰਚ ਦੇ ਕਹਿਣੇ ਵਿਚ ਆ ਕੇ ਮੌਲਡੋਵਾ ਵਿਚ ਯਹੋਵਾਹ ਦੇ ਗਵਾਹਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਰੂਸ ਦੀ ਖ਼ੁਫੀਆ ਪੁਲਸ ਤੇ ਮੌਲਡੋਵਾ ਦੀ ਪੁਲਸ ਸਾਡੇ ਘਰ ਆ ਕੇ ਪੁੱਛ-ਗਿੱਛ ਕਰਦੀ ਸੀ ਕਿ ਸਾਡੇ ਪ੍ਰਚਾਰ ਕੰਮ ਦੇ ਮੋਹਰੀ ਕੌਣ ਸਨ, ਰਸਾਲੇ-ਕਿਤਾਬਾਂ ਵਗੈਰਾ ਕਿੱਥੋਂ ਆਉਂਦੇ ਸਨ ਤੇ ਅਸੀਂ ਕਿਸ ਜਗ੍ਹਾ ਸਭਾਵਾਂ ਕਰਦੇ ਸੀ। ਉਹ ਕਹਿੰਦੇ ਸਨ ਕਿ ਯਹੋਵਾਹ ਦੇ ਗਵਾਹ “ਮੌਲਡੋਵਾ ਵਿਚ ਕਮਿਊਨਿਜ਼ਮ ਦੇ ਪਸਾਰ ਵਿਚ ਅੜਿੱਕਾ ਪਾਉਂਦੇ ਹਨ,” ਇਸ ਲਈ ਉਨ੍ਹਾਂ ਦੇ ਸਾਰੇ ਕੰਮਾਂ-ਕਾਰਾਂ ਤੇ ਰੋਕ ਲਾ ਦਿੱਤੀ ਜਾਵੇਗੀ।

ਹੁਣ ਤਕ ਪਿਤਾ ਜੀ, ਜੋ ਕਾਫ਼ੀ ਪੜ੍ਹੇ-ਲਿਖੇ ਸਨ, ਵੀ ਬਾਈਬਲ ਵਿਚ ਦੱਸੀ ਸੱਚਾਈ ਨੂੰ ਦਿਲੋਂ ਪਿਆਰ ਕਰਨ ਲੱਗ ਪਏ ਸਨ। ਨਾਨਾ ਜੀ ਤੇ ਪਿਤਾ ਜੀ ਨੂੰ ਪਤਾ ਸੀ ਕਿ ਪੁਲਸ ਨੂੰ ਕੀ ਜਵਾਬ ਦੇਣਾ ਸੀ ਤਾਂਕਿ ਮਸੀਹੀ ਭੈਣ-ਭਰਾਵਾਂ ਦੀਆਂ ਜਾਨਾਂ ਖ਼ਤਰੇ ਵਿਚ ਨਾ ਪੈਣ। ਉਹ ਦੋਵੇਂ ਬਹੁਤ ਹੀ ਨਿਡਰ ਤੇ ਪਿਆਰ ਕਰਨ ਵਾਲੇ ਇਨਸਾਨ ਸਨ ਜੋ ਆਪਣੇ ਸਾਥੀ ਮਸੀਹੀਆਂ ਦੀ ਦਿਲੋਂ ਪਰਵਾਹ ਕਰਦੇ ਸਨ। ਉਨ੍ਹਾਂ ਵਾਂਗ ਮਾਤਾ ਜੀ ਵੀ ਕਦੇ ਡਰੇ ਜਾਂ ਸਹਿਮੇ ਨਹੀਂ।

ਸੰਨ 1948 ਵਿਚ ਪਿਤਾ ਜੀ ਨੂੰ ਗਿਰਫ਼ਤਾਰ ਕਰ ਲਿਆ ਗਿਆ। ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਸ ਜੁਰਮ ਵਿਚ ਗਿਰਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਇਕ ਵੱਡੀ ਜੇਲ੍ਹ ਵਿਚ ਸੱਤ ਸਾਲ ਦੀ ਸਜ਼ਾ ਹੋਈ ਤੇ ਫਿਰ ਦੋ ਸਾਲ ਦੇਸ਼ਨਿਕਾਲੇ ਦੀ ਸਜ਼ਾ ਦਿੱਤੀ ਗਈ। ਅਖ਼ੀਰ ਉਨ੍ਹਾਂ ਨੂੰ ਘਰ ਤੋਂ ਤਕਰੀਬਨ 7,000 ਕਿਲੋਮੀਟਰ ਦੂਰ ਉੱਤਰ-ਪੂਰਬੀ ਰੂਸ ਦੇ ਮੈਗਾਡਾਨ ਇਲਾਕੇ ਵਿਚ ਲੈ ਜਾਇਆ ਗਿਆ। ਅਸੀਂ ਨੌਂ ਸਾਲਾਂ ਤਕ ਇਕ ਦੂਜੇ ਨੂੰ ਨਹੀਂ ਮਿਲੇ। ਪਿਤਾ ਜੀ ਦੇ ਬਗੈਰ ਰਹਿਣਾ ਬਹੁਤ ਮੁਸ਼ਕਲ ਸੀ, ਪਰ ਨਾਨਾ ਜੀ ਨੇ ਉਨ੍ਹਾਂ ਦੀ ਘਾਟ ਪੂਰੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ।

ਘਰੋਂ ਬੇਘਰ ਕਰ ਦਿੱਤੇ ਗਏ

ਸਾਲ 1949 ਵਿਚ 6 ਜੂਨ ਦੀ ਰਾਤ ਨੂੰ ਇਕ ਫ਼ੌਜੀ ਅਫ਼ਸਰ ਤੇ ਦੋ ਫ਼ੌਜੀ ਸਾਡੇ ਘਰ ਆਏ। ਉਨ੍ਹਾਂ ਨੇ ਸਾਨੂੰ ਆਪਣਾ ਸਾਮਾਨ ਬੰਨ੍ਹਣ ਲਈ ਸਿਰਫ਼ ਦੋ ਘੰਟੇ ਦੀ ਮੁਹਲਤ ਦਿੱਤੀ। ਸਾਡੀ ਗਿਰਫ਼ਤਾਰੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਉਨ੍ਹਾਂ ਨੇ ਸਾਨੂੰ ਇੰਨਾ ਹੀ ਕਿਹਾ ਕਿ ਸਾਨੂੰ ਦੇਸ਼ਨਿਕਾਲਾ ਦਿੱਤਾ ਗਿਆ ਸੀ ਤੇ ਅਸੀਂ ਫਿਰ ਕਦੇ ਮੌਲਡੋਵਾ ਨਹੀਂ ਮੁੜਾਂਗੇ। ਇਸ ਲਈ ਹੋਰ ਗਵਾਹਾਂ ਸਮੇਤ ਮੈਨੂੰ, ਮਾਤਾ ਜੀ, ਨਾਨਾ-ਨਾਨੀ ਜੀ ਨੂੰ ਸਾਇਬੇਰੀਆ ਘੱਲ ਦਿੱਤਾ ਗਿਆ। ਮੈਂ ਉਸ ਵੇਲੇ ਸਿਰਫ਼ 13 ਸਾਲਾਂ ਦਾ ਸੀ। ਕੁਝ ਹਫ਼ਤਿਆਂ ਬਾਅਦ ਅਸੀਂ ਸੰਘਣੇ ਦਲਦਲੀ ਜੰਗਲਾਂ ਵਿਚ ਪਹੁੰਚੇ। ਉਹ ਜਗ੍ਹਾ ਮੇਰੇ ਸੋਹਣੇ ਪਿੰਡ ਨਾਲੋਂ ਕਿੰਨੀ ਵੱਖਰੀ ਸੀ! ਪਿੰਡ ਨੂੰ ਯਾਦ ਕਰ ਕੇ ਅਸੀਂ ਕਈ ਵਾਰ ਰੋ ਪੈਂਦੇ ਸੀ। ਪਰ ਸਾਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਸਾਨੂੰ ਕਦੇ ਨਹੀਂ ਛੱਡੇਗਾ।

ਜਿਸ ਛੋਟੇ ਜਿਹੇ ਪਿੰਡ ਵਿਚ ਸਾਨੂੰ ਲੈ ਜਾਇਆ ਗਿਆ, ਉੱਥੇ ਲੱਕੜ ਦੀਆਂ ਬਣੀਆਂ ਦਸ ਝੌਂਪੜੀਆਂ ਸਨ। ਦੂਸਰੇ ਗਵਾਹਾਂ ਨੂੰ ਇਲਾਕੇ ਦੇ ਵੱਖੋ-ਵੱਖਰੇ ਪਿੰਡਾਂ ਵਿਚ ਲੈ ਜਾਇਆ ਗਿਆ। ਪਿੰਡਾਂ ਦੇ ਲੋਕਾਂ ਦੇ ਦਿਲਾਂ ਵਿਚ ਸਾਡਾ ਡਰ ਬਿਠਾਉਣ ਲਈ ਅਧਿਕਾਰੀਆਂ ਨੇ ਇਹ ਗੱਲ ਫੈਲਾ ਦਿੱਤੀ ਕਿ ਯਹੋਵਾਹ ਦੇ ਗਵਾਹ ਆਦਮਖ਼ੋਰ ਸਨ। ਪਰ ਜਲਦੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਸਭ ਝੂਠ ਸੀ ਤੇ ਉਨ੍ਹਾਂ ਨੂੰ ਸਾਡੇ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ।

ਦੋ ਮਹੀਨੇ ਅਸੀਂ ਇਕ ਪੁਰਾਣੀ ਝੌਂਪੜੀ ਵਿਚ ਰਹੇ। ਪਰ ਸਾਨੂੰ ਸਿਆਲ ਆਉਣ ਤੋਂ ਪਹਿਲਾਂ-ਪਹਿਲਾਂ ਘਰ ਬਣਾਉਣ ਦੀ ਲੋੜ ਸੀ। ਨਾਨਾ-ਨਾਨੀ ਜੀ ਨੇ ਸਾਦਾ ਜਿਹਾ ਘਰ ਬਣਾਉਣ ਵਿਚ ਮੇਰੀ ਤੇ ਮਾਤਾ ਜੀ ਦੀ ਮਦਦ ਕੀਤੀ। ਸਾਡਾ ਘਰ ਅੱਧਾ ਜ਼ਮੀਨ ਦੇ ਥੱਲੇ ਸੀ ਤੇ ਅੱਧਾ ਬਾਹਰ। ਅਸੀਂ ਉਸ ਘਰ ਵਿਚ ਤਿੰਨ ਸਾਲ ਰਹੇ। ਸਾਨੂੰ ਬਿਨਾਂ ਇਜਾਜ਼ਤ ਪਿੰਡ ਛੱਡਣ ਦੀ ਮਨਾਹੀ ਸੀ ਤੇ ਪੁੱਛਣ ਤੇ ਇਜਾਜ਼ਤ ਕਦੀ ਨਹੀਂ ਦਿੱਤੀ ਜਾਂਦੀ ਸੀ।

ਕੁਝ ਸਮੇਂ ਬਾਅਦ ਮੈਨੂੰ ਸਕੂਲ ਜਾਣ ਦੀ ਇਜਾਜ਼ਤ ਮਿਲ ਗਈ। ਮੇਰੇ ਧਾਰਮਿਕ ਵਿਚਾਰ ਸਕੂਲ ਵਿਚ ਦੂਸਰੇ ਲੋਕਾਂ ਨਾਲੋਂ ਵੱਖਰੇ ਸਨ, ਇਸ ਲਈ ਅਧਿਆਪਕ ਤੇ ਵਿਦਿਆਰਥੀ ਅਕਸਰ ਮੈਨੂੰ ਸਵਾਲ ਪੁੱਛਿਆ ਕਰਦੇ ਸਨ। ਨਾਨਾ ਜੀ ਦੀਆਂ ਅੱਖਾਂ ਖ਼ੁਸ਼ੀ ਨਾਲ ਚਮਕ ਉੱਠਦੀਆਂ ਸਨ ਜਦੋਂ ਮੈਂ ਘਰ ਆ ਕੇ ਉਨ੍ਹਾਂ ਨੂੰ ਦੱਸਦਾ ਹੁੰਦਾ ਸੀ ਕਿ ਮੈਂ ਆਪਣੇ ਵਿਸ਼ਵਾਸਾਂ ਬਾਰੇ ਸਕੂਲ ਵਿਚ ਦੂਸਰਿਆਂ ਨੂੰ ਦੱਸਿਆ।

ਥੋੜ੍ਹੀ ਹੋਰ ਆਜ਼ਾਦੀ

ਸੰਨ 1953 ਵਿਚ ਤਾਨਾਸ਼ਾਹ ਸਟਾਲਿਨ ਦੀ ਮੌਤ ਤੋਂ ਬਾਅਦ ਸਾਡੀ ਜ਼ਿੰਦਗੀ ਥੋੜ੍ਹੀ ਸੌਖੀ ਹੋ ਗਈ। ਅਸੀਂ ਹੁਣ ਪਿੰਡੋਂ ਬਾਹਰ ਆ-ਜਾ ਸਕਦੇ ਸੀ। ਇਸ ਕਰਕੇ ਅਸੀਂ ਦੂਸਰੇ ਪਿੰਡਾਂ ਵਿਚ ਰਹਿੰਦੇ ਗਵਾਹਾਂ ਨਾਲ ਮਿਲ ਕੇ ਸਭਾਵਾਂ ਕਰ ਸਕੇ। ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਅਸੀਂ ਛੋਟੇ-ਛੋਟੇ ਗਰੁੱਪਾਂ ਵਿਚ ਸਭਾਵਾਂ ਕਰਦੇ ਸੀ। ਸਭਾਵਾਂ ਵਿਚ ਜਾਣ ਲਈ ਅਸੀਂ 30 ਕਿਲੋਮੀਟਰ ਤੁਰ ਕੇ ਜਾਂਦੇ ਸੀ। ਕਈ ਵਾਰ ਜ਼ੀਰੋ ਤੋਂ 40 ਡਿਗਰੀ ਥੱਲੇ ਤਾਪਮਾਨ ਵਿਚ ਗੋਡੇ-ਗੋਡੇ ਪਈ ਬਰਫ਼ ਵਿੱਚੋਂ ਦੀ ਜਾਣਾ ਪੈਂਦਾ ਸੀ। ਅਗਲੇ ਦਿਨ ਅਸੀਂ ਘਰ ਮੁੜਦੇ ਸੀ। ਰਾਹ ਵਿਚ ਅਸੀਂ ਖੀਰੇ ਦਾ ਅਚਾਰ ਤੇ ਥੋੜ੍ਹੀ ਜਿਹੀ ਖੰਡ ਖਾਂਦੇ ਸੀ। ਫਿਰ ਵੀ ਪੁਰਾਣੇ ਸਮੇਂ ਵਿਚ ਦਾਊਦ ਵਾਂਗ ਅਸੀਂ ਵੀ ਸਭਾਵਾਂ ਵਿਚ ਜਾ ਕੇ ਬਹੁਤ ਖ਼ੁਸ਼ ਸੀ!—ਜ਼ਬੂਰਾਂ ਦੀ ਪੋਥੀ 122:1.

ਸਾਲ 1955 ਵਿਚ ਮੈਂ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈ ਲਿਆ। ਇਸ ਤੋਂ ਕੁਝ ਸਮਾਂ ਪਹਿਲਾਂ ਮੈਂ ਲਾਗਲੇ ਪਿੰਡ ਦੀ ਕਲੀਸਿਯਾ ਵਿਚ ਕਾਲੇ ਵਾਲਾਂ ਵਾਲੀ ਸ਼ਰਮੀਲੀ ਕੁੜੀ ਲੀਡੀਆ ਨੂੰ ਮਿਲਿਆ ਸੀ। ਸਾਡੇ ਵਾਂਗ ਉਹ ਤੇ ਉਸ ਦਾ ਪਰਿਵਾਰ ਵੀ ਗਵਾਹ ਸਨ ਤੇ ਉਨ੍ਹਾਂ ਨੂੰ ਮੌਲਡੋਵਾ ਤੋਂ ਦੇਸ਼ਨਿਕਾਲਾ ਦਿੱਤਾ ਗਿਆ ਸੀ। ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ ਤੇ ਉਸ ਨੂੰ ਉਸ ਵੇਲੇ ਵਰਤੀ ਜਾਂਦੀ ਗੀਤ ਪੁਸਤਕ ਦੇ ਲਗਭਗ ਸਾਰੇ 337 ਗੀਤ ਮੂੰਹ-ਜ਼ਬਾਨੀ ਯਾਦ ਸਨ। ਇਸ ਗੱਲੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਗੀਤ-ਸੰਗੀਤ ਦਾ ਮੈਂ ਵੀ ਸ਼ੌਕੀਨ ਸੀ। ਸਾਲ 1956 ਵਿਚ ਅਸੀਂ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ।

ਸਾਨੂੰ ਪਤਾ ਲੱਗਾ ਕਿ ਪਿਤਾ ਜੀ ਨੂੰ ਮੈਗਾਡਾਨ ਇਲਾਕੇ ਵਿਚ ਰੱਖਿਆ ਗਿਆ ਸੀ। ਮੈਂ ਪਿਤਾ ਜੀ ਨੂੰ ਚਿੱਠੀ ਲਿਖੀ ਤੇ ਉਨ੍ਹਾਂ ਦੀ ਮਨਜ਼ੂਰੀ ਮਿਲਣ ਤਕ ਵਿਆਹ ਅੱਗੇ ਪਾ ਦਿੱਤਾ। ਜਲਦੀ ਹੀ ਪਿਤਾ ਜੀ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਹ ਸਾਡੇ ਨਾਲ ਆ ਕੇ ਰਹਿਣ ਲੱਗ ਪਏ। ਉਨ੍ਹਾਂ ਨੇ ਸਾਨੂੰ ਆਪਣੇ ਕਿੱਸੇ ਸੁਣਾਏ ਕਿ ਉਨ੍ਹਾਂ ਨੇ ਤੇ ਦੂਸਰੇ ਮਸੀਹੀਆਂ ਨੇ ਕਿਵੇਂ ਪਰਮੇਸ਼ੁਰ ਦੀ ਮਦਦ ਨਾਲ ਲੇਬਰ ਕੈਂਪਾਂ ਵਿਚ ਮੁਸ਼ਕਲ ਹਾਲਤਾਂ ਦਾ ਸਾਮ੍ਹਣਾ ਕੀਤਾ। ਅਜਿਹੇ ਤਜਰਬੇ ਸੁਣ ਕੇ ਮੇਰੀ ਨਿਹਚਾ ਹੋਰ ਪੱਕੀ ਹੋ ਗਈ।

ਪਿਤਾ ਜੀ ਦੇ ਘਰ ਮੁੜਨ ਤੋਂ ਕੁਝ ਸਮੇਂ ਬਾਅਦ ਇਕ ਭਿਆਨਕ ਦੁਰਘਟਨਾ ਵਾਪਰ ਗਈ। ਮਾਤਾ ਜੀ ਕੋਈ ਤੇਲ ਗਰਮ ਕਰ ਰਹੇ ਸਨ ਜੋ ਅਸੀਂ ਰੰਗ-ਰੋਗਨ ਤਿਆਰ ਕਰਨ ਵਿਚ ਵਰਤਦੇ ਹੁੰਦੇ ਸੀ। ਉਬਲਦੇ ਹੋਏ ਤੇਲ ਦਾ ਭਾਂਡਾ ਡਿੱਗ ਗਿਆ ਤੇ ਸਾਰਾ ਤੇਲ ਮਾਤਾ ਜੀ ਉੱਤੇ ਡੁੱਲ੍ਹ ਗਿਆ। ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਸਾਡੇ ਲਈ ਬਹੁਤ ਵੱਡਾ ਸਦਮਾ ਸੀ। ਸਮੇਂ ਦੇ ਬੀਤਣ ਨਾਲ ਪਿਤਾ ਜੀ ਦਾ ਗਮ ਘਟਿਆ ਤੇ ਬਾਅਦ ਵਿਚ ਉਨ੍ਹਾਂ ਨੇ ਲਾਗਲੇ ਪਿੰਡ ਦੀ ਇਕ ਗਵਾਹ ਟਟਯਾਨਾ ਨਾਲ ਵਿਆਹ ਕਰਾ ਲਿਆ।

ਆਪਣੀ ਸੇਵਕਾਈ ਨੂੰ ਵਧਾਉਣਾ

ਸੰਨ 1958 ਵਿਚ ਮੈਂ ਤੇ ਲੀਡੀਆ ਕੀਜ਼ਾਕ ਪਿੰਡ, ਜਿੱਥੇ ਅਸੀਂ ਰਹਿ ਰਹੇ ਸੀ, ਨੂੰ ਛੱਡ ਕੇ ਉੱਥੋਂ 100 ਕਿਲੋਮੀਟਰ ਦੂਰ ਲਿਬਯਾਯੀ ਨਾਂ ਦੇ ਵੱਡੇ ਪਿੰਡ ਵਿਚ ਰਹਿਣ ਲੱਗ ਪਏ। ਅਸੀਂ ਪੜ੍ਹਿਆ ਸੀ ਕਿ ਦੂਸਰੇ ਦੇਸ਼ਾਂ ਵਿਚ ਸਾਡੇ ਮਸੀਹੀ ਭੈਣ-ਭਰਾ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ। ਅਸੀਂ ਵੀ ਇਸ ਪਿੰਡ ਵਿਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਉੱਤੇ ਪਾਬੰਦੀ ਲੱਗੀ ਹੋਈ ਸੀ, ਪਰ ਦੂਸਰੀਆਂ ਥਾਵਾਂ ਤੋਂ ਸਾਨੂੰ ਕਿਸੇ-ਨਾ-ਕਿਸੇ ਤਰ੍ਹਾਂ ਰਸਾਲੇ ਮਿਲ ਜਾਂਦੇ ਸੀ। ਉਸ ਵੇਲੇ ਤਕ ਸਾਨੂੰ ਆਪਣੀ ਮੌਲਡੋਵੀਅਨ ਭਾਸ਼ਾ ਵਿਚ ਵੀ ਰਸਾਲੇ ਮਿਲਦੇ ਸਨ। ਫਿਰ ਸਾਨੂੰ ਦੱਸਿਆ ਗਿਆ ਕਿ ਰਸਾਲੇ ਸਿਰਫ਼ ਰੂਸੀ ਭਾਸ਼ਾ ਵਿਚ ਹੀ ਮਿਲਿਆ ਕਰਨਗੇ। ਅਸੀਂ ਰੂਸੀ ਭਾਸ਼ਾ ਸਿੱਖਣ ਲਈ ਸਖ਼ਤ ਮਿਹਨਤ ਕੀਤੀ। ਅੱਜ ਵੀ ਮੈਨੂੰ ਕੁਝ ਲੇਖਾਂ ਦੇ ਸਿਰਫ਼ ਸਿਰਲੇਖ ਹੀ ਨਹੀਂ, ਸਗੋਂ ਉਨ੍ਹਾਂ ਵਿਚ ਦੱਸੀਆਂ ਕੁਝ ਗੱਲਾਂ ਵੀ ਯਾਦ ਹਨ।

ਘਰ ਦਾ ਗੁਜ਼ਾਰਾ ਤੋਰਨ ਲਈ ਲੀਡੀਆ ਇਕ ਅਨਾਜ ਦੀ ਫੈਕਟਰੀ ਵਿਚ ਕੰਮ ਕਰਦੀ ਸੀ ਤੇ ਮੈਂ ਟਰੱਕਾਂ ਤੋਂ ਲੱਕੜ ਢੋਂਦਾ ਸੀ। ਕੰਮ ਬਹੁਤ ਔਖਾ ਸੀ ਤੇ ਮਜ਼ਦੂਰੀ ਘੱਟ ਮਿਲਦੀ ਸੀ। ਭਾਵੇਂ ਲੋਕ ਗਵਾਹਾਂ ਦੀ ਈਮਾਨਦਾਰੀ ਤੇ ਮਿਹਨਤ ਦੀ ਕਦਰ ਕਰਦੇ ਸਨ, ਪਰ ਸਾਨੂੰ ਕਈ ਸਹੂਲਤਾਂ ਤੋਂ ਵਾਂਝਿਆਂ ਰੱਖਿਆ ਜਾਂਦਾ ਸੀ। ਅਫ਼ਸਰ ਸਾਨੂੰ ਸਿੱਧਾ ਕਹਿ ਦਿੰਦੇ ਸਨ: “ਕਮਿਊਨਿਸਟ ਸਮਾਜ ਵਿਚ ਯਹੋਵਾਹ ਦੇ ਗਵਾਹਾਂ ਲਈ ਕੋਈ ਥਾਂ ਨਹੀਂ।” ਪਰ ਸਾਨੂੰ ਇਸ ਗੱਲੋਂ ਖ਼ੁਸ਼ੀ ਸੀ ਕਿ ਅਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਉੱਤੇ ਪੂਰੇ ਉੱਤਰ ਰਹੇ ਸੀ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।”—ਯੂਹੰਨਾ 17:16.

ਨਵੀਆਂ ਚੁਣੌਤੀਆਂ

ਸਾਲ 1959 ਵਿਚ ਸਾਡੀ ਧੀ ਵੈਲਨਟੀਨਾ ਦਾ ਜਨਮ ਹੋਇਆ। ਉਸ ਤੋਂ ਬਾਅਦ ਗਵਾਹਾਂ ਉੱਤੇ ਦੁਬਾਰਾ ਅਤਿਆਚਾਰ ਹੋਣੇ ਸ਼ੁਰੂ ਹੋ ਗਏ। ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਸਾਲ 1959-64 ਦੌਰਾਨ ਪ੍ਰਧਾਨ ਮੰਤਰੀ ਨਕੀਤਾ ਖ਼ਰੁਸ਼ੋਫ਼ ਨੇ ਧਰਮਾਂ ਦੇ ਖ਼ਿਲਾਫ਼ ਦੁਬਾਰਾ ਜੰਗ ਛੇੜ ਦਿੱਤੀ।” ਖ਼ੁਫੀਆ ਪੁਲਸ ਦੇ ਮੈਂਬਰਾਂ ਨੇ ਸਾਨੂੰ ਦੱਸਿਆ ਕਿ ਰੂਸ ਦੀ ਸਰਕਾਰ ਦਾ ਟੀਚਾ ਸਾਰੇ ਧਰਮਾਂ ਨੂੰ ਖ਼ਤਮ ਕਰਨਾ ਸੀ, ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਨੂੰ।

ਜਦੋਂ ਵੈਲਨਟੀਨਾ ਇਕ ਸਾਲ ਦੀ ਸੀ, ਉਦੋਂ ਮੈਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ। ਪਰ ਮੈਂ ਨਹੀਂ ਗਿਆ ਜਿਸ ਕਰਕੇ ਮੈਨੂੰ ਪੰਜ ਸਾਲ ਦੀ ਸਜ਼ਾ ਹੋਈ। ਇਕ ਵਾਰ ਜਦੋਂ ਲੀਡੀਆ ਮੈਨੂੰ ਜੇਲ੍ਹ ਵਿਚ ਮਿਲਣ ਆਈ, ਤਾਂ ਖ਼ੁਫੀਆ ਪੁਲਸ ਦੇ ਇਕ ਕਰਨਲ ਨੇ ਉਸ ਨੂੰ ਦੱਸਿਆ: “ਸਾਨੂੰ ਸਰਕਾਰ ਤੋਂ ਸੂਚਨਾ ਮਿਲੀ ਹੈ ਕਿ ਦੋ ਸਾਲਾਂ ਦੇ ਅੰਦਰ-ਅੰਦਰ ਇਕ ਵੀ ਯਹੋਵਾਹ ਦਾ ਗਵਾਹ ਸੋਵੀਅਤ ਸੰਘ ਵਿਚ ਨਹੀਂ ਰਹੇਗਾ।” ਫਿਰ ਉਸ ਨੇ ਚੇਤਾਵਨੀ ਦਿੱਤੀ: “ਆਪਣੇ ਧਰਮ ਨੂੰ ਛੱਡ ਦਿਓ, ਨਹੀਂ ਤਾਂ ਫਿਰ ਜੇਲ੍ਹ ਦੀ ਹਵਾ ਖਾਣੀ ਪਉ।” ਕਰਨਲ ਨੇ ਸੋਚਿਆ ਕਿ ਉਸ ਦੀਆਂ ਧਮਕੀਆਂ ਸੁਣ ਕੇ ਇਹ ਗਵਾਹ ਤੀਵੀਆਂ ਡਰ ਜਾਣਗੀਆਂ। ਉਸ ਨੇ ਸ਼ੇਖ਼ੀ ਮਾਰੀ ਸੀ: “ਇਹ ਕਮਜ਼ੋਰ ਤੀਵੀਆਂ ਜ਼ਿਆਦਾ ਦਿਨ ਟਿਕਣ ਵਾਲੀਆਂ ਨਹੀਂ।”

ਥੋੜ੍ਹੇ ਸਮੇਂ ਵਿਚ ਜ਼ਿਆਦਾਤਰ ਮਸੀਹੀ ਭਰਾਵਾਂ ਨੂੰ ਜੇਲ੍ਹਾਂ ਤੇ ਲੇਬਰ ਕੈਂਪਾਂ ਵਿਚ ਸੁੱਟ ਦਿੱਤਾ ਗਿਆ ਸੀ। ਪਰ ਦਲੇਰ ਭੈਣਾਂ ਪ੍ਰਚਾਰ ਦਾ ਕੰਮ ਕਰਦੀਆਂ ਰਹੀਆਂ। ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਉਹ ਕਿਸੇ-ਨਾ-ਕਿਸੇ ਤਰ੍ਹਾਂ ਸਾਹਿੱਤ ਜੇਲ੍ਹਾਂ ਤੇ ਲੇਬਰ ਕੈਂਪਾਂ ਵਿਚ ਲੈ ਆਉਂਦੀਆਂ ਸਨ। ਲੀਡੀਆ ਨੂੰ ਕਈ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਿਆ। ਮੇਰੀ ਗ਼ੈਰ-ਹਾਜ਼ਰੀ ਵਿਚ ਕਈ ਬੰਦਿਆਂ ਨੇ ਉਸ ਦਾ ਨਾਜਾਇਜ਼ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਮੈਨੂੰ ਕਦੇ ਰਿਹਾਈ ਨਹੀਂ ਮਿਲੇਗੀ। ਪਰ ਮੈਂ ਰਿਹਾ ਹੋ ਗਿਆ!

ਰਿਹਾਈ ਅਤੇ ਕਜ਼ਾਖਸਤਾਨ

ਸਾਲ 1963 ਵਿਚ ਮੇਰੇ ਮੁਕੱਦਮੇ ਦੀ ਦੁਬਾਰਾ ਸੁਣਵਾਈ ਹੋਈ ਤੇ ਤਿੰਨ ਸਾਲ ਜੇਲ੍ਹ ਵਿਚ ਰਹਿਣ ਮਗਰੋਂ ਮੈਨੂੰ ਰਿਹਾਈ ਮਿਲ ਗਈ। ਪਰ ਸਾਨੂੰ ਕਿਤੇ ਵੀ ਰਹਿਣ ਦਾ ਪਰਮਿਟ ਨਹੀਂ ਮਿਲ ਰਿਹਾ ਸੀ ਜਿਸ ਕਰਕੇ ਕੰਮ ਲੱਭਣਾ ਔਖਾ ਸੀ। ਉਸ ਵੇਲੇ ਕਾਨੂੰਨ ਸੀ: “ਜੇ ਰਹਿਣ ਦੀ ਕੋਈ ਪੱਕੀ ਥਾਂ ਨਹੀਂ, ਤਾਂ ਕੰਮ ਨਹੀਂ।” ਅਸੀਂ ਇਸ ਬਾਰੇ ਯਹੋਵਾਹ ਨੂੰ ਬੇਨਤੀਆਂ ਕੀਤੀਆਂ। ਫਿਰ ਅਸੀਂ ਉੱਤਰੀ ਕਜ਼ਾਖਸਤਾਨ ਦੇ ਸ਼ਹਿਰ ਪਿਟਰੋਪਾਵਲ ਚਲੇ ਗਏ। ਪਰ ਉੱਥੇ ਦੇ ਅਧਿਕਾਰੀਆਂ ਨੂੰ ਸਾਡੇ ਬਾਰੇ ਪਹਿਲਾਂ ਹੀ ਸੂਚਨਾ ਮਿਲ ਗਈ ਸੀ ਤੇ ਉਨ੍ਹਾਂ ਨੇ ਸਾਨੂੰ ਰਹਿਣ ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਸ ਸ਼ਹਿਰ ਵਿਚ ਲਗਭਗ 50 ਹੋਰ ਗਵਾਹਾਂ ਨੂੰ ਵੀ ਇਸ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ।

ਫਿਰ ਇਕ ਹੋਰ ਗਵਾਹ ਜੋੜੇ ਨਾਲ ਅਸੀਂ ਕਜ਼ਾਖਸਤਾਨ ਦੇ ਛੋਟੇ ਸ਼ਹਿਰ ਸ਼ਚੂਚਿਨਸਕ ਚਲੇ ਗਏ। ਉੱਥੇ ਕੋਈ ਗਵਾਹ ਨਹੀਂ ਸੀ ਤੇ ਅਧਿਕਾਰੀਆਂ ਨੂੰ ਸਾਡੇ ਪ੍ਰਚਾਰ ਕੰਮ ਬਾਰੇ ਪਤਾ ਨਹੀਂ ਸੀ। ਇਕ ਹਫ਼ਤਾ ਮੈਂ ਤੇ ਈਵਾਨ ਕੰਮ ਲੱਭਦੇ ਰਹੇ ਤੇ ਸਾਡੀਆਂ ਘਰਵਾਲੀਆਂ ਰੇਲਵੇ ਸਟੇਸ਼ਨ ਤੇ ਬੈਠੀਆਂ ਰਹੀਆਂ। ਅਸੀਂ ਰਾਤ ਨੂੰ ਸਟੇਸ਼ਨ ਤੇ ਹੀ ਸੌਂਦੇ ਸੀ। ਅਖ਼ੀਰ ਸਾਨੂੰ ਇਕ ਸ਼ੀਸ਼ੇ ਦੀ ਫੈਕਟਰੀ ਵਿਚ ਕੰਮ ਮਿਲ ਗਿਆ। ਅਸੀਂ ਚਾਰਾਂ ਨੇ ਇਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਜਿਸ ਵਿਚ ਕੇਵਲ ਦੋ ਮੰਜੇ ਡਾਹੁਣ ਜੋਗੀ ਜਗ੍ਹਾ ਸੀ, ਪਰ ਫਿਰ ਵੀ ਅਸੀਂ ਖ਼ੁਸ਼ ਸੀ।

ਮੈਂ ਤੇ ਈਵਾਨ ਨੇ ਦਿਲ ਲਾ ਕੇ ਕੰਮ ਕੀਤਾ ਜਿਸ ਤੋਂ ਸਾਡੇ ਮਾਲਕ ਖ਼ੁਸ਼ ਹੋ ਗਏ। ਫੈਕਟਰੀ ਦੇ ਮੈਨੇਜਰ ਨੂੰ ਪਤਾ ਲੱਗ ਗਿਆ ਕਿ ਮੇਰੀ ਬਾਈਬਲ-ਸਿੱਖਿਅਤ ਜ਼ਮੀਰ ਮੈਨੂੰ ਫ਼ੌਜ ਵਿਚ ਭਰਤੀ ਹੋਣ ਦੀ ਇਜਾਜ਼ਤ ਨਹੀਂ ਦਿੰਦੀ। ਇਸ ਲਈ ਜਦੋਂ ਮੈਨੂੰ ਫ਼ੌਜ ਵਿਚ ਭਰਤੀ ਹੋਣ ਲਈ ਬੁਲਾਇਆ ਗਿਆ, ਤਾਂ ਉਸ ਨੇ ਆਪ ਫ਼ੌਜ ਦੇ ਕਪਤਾਨ ਨੂੰ ਦੱਸਿਆ ਕਿ ਮੈਂ ਤੇ ਈਵਾਨ ਆਪਣੇ ਕੰਮ ਵਿਚ ਮਾਹਰ ਸੀ ਜਿਸ ਕਰਕੇ ਸਾਡੇ ਤੋਂ ਬਿਨਾਂ ਫੈਕਟਰੀ ਨਹੀਂ ਚੱਲ ਸਕੇਗੀ। ਇਸ ਲਈ ਸਾਨੂੰ ਫ਼ੌਜੀ ਸੇਵਾ ਤੋਂ ਮੁਕਤੀ ਮਿਲ ਗਈ।

ਬੱਚਿਆਂ ਦੀ ਪਰਵਰਿਸ਼ ਤੇ ਦੂਜਿਆਂ ਦੀ ਸੇਵਾ

ਸੰਨ 1966 ਵਿਚ ਸਾਡੀ ਦੂਜੀ ਧੀ ਲੀਲੀਆ ਦਾ ਜਨਮ ਹੋਇਆ। ਇਕ ਸਾਲ ਬਾਅਦ ਅਸੀਂ ਦੱਖਣੀ ਕਜ਼ਾਖਸਤਾਨ ਵਿਚ ਬਯੀਲੀਯੇ ਵੋਡੀ ਨਾਂ ਦੇ ਸ਼ਹਿਰ ਚਲੇ ਗਏ। ਇਹ ਸ਼ਹਿਰ ਉਜ਼ਬੇਕਿਸਤਾਨ ਦੇ ਬਾਰਡਰ ਲਾਗੇ ਹੈ ਤੇ ਇੱਥੇ ਗਵਾਹਾਂ ਦਾ ਇਕ ਛੋਟਾ ਗਰੁੱਪ ਸੀ। ਜਲਦੀ ਹੀ ਉੱਥੇ ਇਕ ਕਲੀਸਿਯਾ ਬਣ ਗਈ ਤੇ ਮੈਨੂੰ ਪ੍ਰਧਾਨ ਨਿਗਾਹਬਾਨ ਬਣਾਇਆ ਗਿਆ। ਸੰਨ 1969 ਵਿਚ ਸਾਡੇ ਪੁੱਤਰ ਓਲਯੈਕ ਦਾ ਜਨਮ ਹੋਇਆ ਤੇ ਉਸ ਤੋਂ ਦੋ ਸਾਲ ਬਾਅਦ ਸਾਡੀ ਸਾਰਿਆਂ ਤੋਂ ਛੋਟੀ ਧੀ ਨਾਤਾਸ਼ਾ ਦਾ ਜਨਮ ਹੋਇਆ। ਮੈਂ ਤੇ ਲੀਡੀਆ ਕਦੇ ਇਹ ਗੱਲ ਨਹੀਂ ਭੁੱਲੇ ਕਿ ਬੱਚੇ ਯਹੋਵਾਹ ਵੱਲੋਂ ਮਿਰਾਸ ਹਨ। (ਜ਼ਬੂਰਾਂ ਦੀ ਪੋਥੀ 127:3) ਅਸੀਂ ਦੋਵਾਂ ਨੇ ਬਹਿ ਕੇ ਇਸ ਬਾਰੇ ਗੱਲ ਕੀਤੀ ਕਿ ਅਸੀਂ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਕਿਵੇਂ ਸਿਖਾਵਾਂਗੇ।

ਜ਼ਿਆਦਾਤਰ ਮਸੀਹੀ ਭਰਾ 1970 ਦੇ ਦਹਾਕੇ ਵਿਚ ਅਜੇ ਵੀ ਲੇਬਰ ਕੈਂਪਾਂ ਵਿਚ ਸਨ। ਬਹੁਤ ਸਾਰੀਆਂ ਕਲੀਸਿਯਾਵਾਂ ਵਿਚ ਪਰਿਪੱਕ ਭਰਾਵਾਂ ਦੀ ਲੋੜ ਸੀ ਜੋ ਕਲੀਸਿਯਾ ਦੀ ਦੇਖ-ਭਾਲ ਤੇ ਅਗਵਾਈ ਕਰ ਸਕਣ। ਇਸ ਲਈ ਜਦੋਂ ਮੈਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਸ਼ੁਰੂ ਕਰ ਦਿੱਤੀ, ਤਾਂ ਲੀਡੀਆ ਨੇ ਮਾਂ ਤੇ ਬਾਪ ਦੋਵਾਂ ਦੀ ਜ਼ਿੰਮੇਵਾਰੀ ਨਿਭਾਈ। ਮੈਂ ਕਜ਼ਾਖਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਵਿਚ ਕਲੀਸਿਯਾਵਾਂ ਦਾ ਦੌਰਾ ਕੀਤਾ। ਉਸ ਵੇਲੇ ਮੈਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਕੰਮ ਵੀ ਕਰਦਾ ਸੀ। ਲੀਡੀਆ ਤੇ ਬੱਚਿਆਂ ਨੇ ਮੇਰਾ ਪੂਰਾ-ਪੂਰਾ ਸਾਥ ਦਿੱਤਾ।

ਕਦੀ-ਕਦੀ ਮੈਂ ਕਈ ਹਫ਼ਤਿਆਂ ਤਕ ਘਰੋਂ ਬਾਹਰ ਰਹਿੰਦਾ ਸੀ, ਫਿਰ ਵੀ ਮੈਂ ਇਹੋ ਕੋਸ਼ਿਸ਼ ਕਰਦਾ ਸੀ ਕਿ ਬੱਚਿਆਂ ਨੂੰ ਪਿਤਾ ਦੇ ਪਿਆਰ ਦੀ ਕਮੀ ਮਹਿਸੂਸ ਨਾ ਹੋਵੇ। ਮੈਂ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਣ ਦਾ ਵੀ ਪੂਰਾ ਜਤਨ ਕਰਦਾ ਸੀ। ਮੈਂ ਤੇ ਲੀਡੀਆ ਦੋਵੇਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸੀ ਕਿ ਉਹ ਸਾਡੇ ਬੱਚਿਆਂ ਦੀ ਮਦਦ ਕਰੇ। ਅਸੀਂ ਬੱਚਿਆਂ ਨੂੰ ਸਿਖਾਇਆ ਕਿ ਇਨਸਾਨ ਦੇ ਡਰ ਤੇ ਕਿਵੇਂ ਕਾਬੂ ਪਾਉਣਾ ਹੈ ਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰਨਾ ਹੈ। ਆਪਣੀ ਪਿਆਰੀ ਪਤਨੀ ਦੇ ਸਾਥ ਤੋਂ ਬਿਨਾਂ ਮੇਰੇ ਲਈ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨੀ ਨਾਮੁਮਕਿਨ ਹੁੰਦੀ। ਲੀਡੀਆ ਤੇ ਹੋਰ ਭੈਣਾਂ ਨੇ ਕਰਨਲ ਦੇ ਦਾਅਵੇ ਨੂੰ ਝੂਠਾ ਸਾਬਤ ਕੀਤਾ ਕਿਉਂਕਿ ਉਹ “ਕਮਜ਼ੋਰ ਤੀਵੀਆਂ” ਨਹੀਂ ਸਨ। ਉਹ ਅਧਿਆਤਮਿਕ ਤੌਰ ਤੇ ਬਹੁਤ ਹੀ ਮਜ਼ਬੂਤ ਇਰਾਦੇ ਵਾਲੀਆਂ ਤੀਵੀਆਂ ਸਨ!—ਫ਼ਿਲਿੱਪੀਆਂ 4:13.

ਜਦੋਂ ਸਾਡੇ ਸਾਰੇ ਬੱਚੇ ਵੱਡੇ ਹੋ ਗਏ, ਤਾਂ ਮੈਨੂੰ ਸੰਨ 1988 ਵਿਚ ਪੱਕੇ ਤੌਰ ਤੇ ਸਫ਼ਰੀ ਨਿਗਾਹਬਾਨ ਬਣਾ ਦਿੱਤਾ ਗਿਆ। ਮੇਰੇ ਸਰਕਟ ਵਿਚ ਕੇਂਦਰੀ ਏਸ਼ੀਆ ਦੇ ਜ਼ਿਆਦਾਤਰ ਦੇਸ਼ ਸ਼ਾਮਲ ਸਨ। ਸਾਲ 1991 ਵਿਚ ਰੂਸ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਨੂੰ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਦੂਸਰੇ ਪਰਿਪੱਕ ਤੇ ਕਾਬਲ ਭਰਾਵਾਂ ਨੇ ਸਾਬਕਾ ਸੋਵੀਅਤ ਸੰਘ ਦੇ ਕਈ ਏਸ਼ੀਆਈ ਦੇਸ਼ਾਂ ਵਿਚ ਸਫ਼ਰੀ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਅੱਜ ਇਨ੍ਹਾਂ ਦੇਸ਼ਾਂ ਵਿਚ 14 ਸਫ਼ਰੀ ਨਿਗਾਹਬਾਨ ਸੇਵਾ ਕਰਦੇ ਹਨ। ਇਨ੍ਹਾਂ ਦੇਸ਼ਾਂ ਵਿਚ ਪਿਛਲੇ ਸਾਲ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 50,000 ਤੋਂ ਜ਼ਿਆਦਾ ਲੋਕ ਹਾਜ਼ਰ ਹੋਏ ਸਨ।

ਇਕ ਖ਼ੁਸ਼ੀ ਭਰਿਆ ਸੱਦਾ

ਸਾਲ 1998 ਦੇ ਸ਼ੁਰੂ ਵਿਚ ਮੈਨੂੰ ਰੂਸ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਤੋਂ ਫੋਨ ਆਇਆ। ਮੈਨੂੰ ਪੁੱਛਿਆ ਗਿਆ: “ਅਨਾਟੋਲਯੀ, ਕੀ ਤੁਸੀਂ ਤੇ ਲੀਡੀਆ ਨੇ ਕਦੇ ਪੂਰੇ ਸਮੇਂ ਦੀ ਸੇਵਕਾਈ ਕਰਨ ਬਾਰੇ ਸੋਚਿਆ ਹੈ?” ਅਸਲ ਵਿਚ ਅਸੀਂ ਤਾਂ ਇਹ ਸੋਚਿਆ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੂਰੇ ਸਮੇਂ ਦੀ ਸੇਵਕਾਈ ਕਰਨ ਦਾ ਮੌਕਾ ਦੇਵਾਂਗੇ। ਸਾਡਾ ਪੁੱਤਰ ਓਲਯੈਕ ਪਿਛਲੇ ਪੰਜਾਂ ਸਾਲਾਂ ਤੋਂ ਰੂਸ ਵਿਚ ਬ੍ਰਾਂਚ ਆਫ਼ਿਸ ਵਿਖੇ ਸੇਵਾ ਕਰ ਰਿਹਾ ਸੀ।

ਜਦੋਂ ਮੈਂ ਲੀਡੀਆ ਨੂੰ ਇਸ ਸੱਦੇ ਬਾਰੇ ਦੱਸਿਆ, ਤਾਂ ਉਸ ਨੇ ਪੁੱਛਿਆ: “ਪਰ ਅਸੀਂ ਆਪਣੇ ਘਰ, ਬਗ਼ੀਚੇ ਤੇ ਸਾਮਾਨ ਦਾ ਕੀ ਕਰਾਂਗੇ?” ਇਸ ਬਾਰੇ ਕਾਫ਼ੀ ਸੋਚ-ਵਿਚਾਰ ਅਤੇ ਪ੍ਰਾਰਥਨਾ ਕਰਨ ਤੋਂ ਬਾਅਦ ਅਸੀਂ ਪੂਰੇ ਸਮੇਂ ਦੀ ਸੇਵਕਾਈ ਕਰਨ ਦਾ ਫ਼ੈਸਲਾ ਕਰ ਲਿਆ। ਬਾਅਦ ਵਿਚ ਸਾਨੂੰ ਕਜ਼ਾਖਸਤਾਨ ਦੇ ਸ਼ਹਿਰ ਇਸੱਕ (ਆਲਮਾਆਤਾ ਸ਼ਹਿਰ ਦੇ ਨੇੜੇ) ਵਿਚ ਯਹੋਵਾਹ ਦੇ ਗਵਾਹਾਂ ਦੇ ਧਾਰਮਿਕ ਕੇਂਦਰ ਵਿਚ ਕੰਮ ਕਰਨ ਲਈ ਸੱਦਿਆ ਗਿਆ। ਇੱਥੇ ਗਵਾਹਾਂ ਦੇ ਬਾਈਬਲ ਸਾਹਿੱਤ ਦਾ ਸਥਾਨਕ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਂਦਾ ਹੈ।

ਅੱਜ ਸਾਡਾ ਪਰਿਵਾਰ

ਅਸੀਂ ਯਹੋਵਾਹ ਦੇ ਬਹੁਤ-ਬਹੁਤ ਅਹਿਸਾਨਮੰਦ ਹਾਂ ਕਿ ਉਸ ਨੇ ਬੱਚਿਆਂ ਨੂੰ ਬਾਈਬਲ ਸੱਚਾਈ ਸਿਖਾਉਣ ਵਿਚ ਸਾਡੀ ਮਦਦ ਕੀਤੀ। ਸਾਡੀ ਸਾਰਿਆਂ ਤੋਂ ਵੱਡੀ ਧੀ ਵੈਲਨਟੀਨਾ ਆਪਣੇ ਪਤੀ ਨਾਲ 1993 ਤੋਂ ਜਰਮਨੀ ਦੇ ਸ਼ਹਿਰ ਇੰਗਲਹਾਈਮ ਵਿਚ ਰਹਿ ਰਹੀ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ ਤੇ ਸਾਰੇ ਬਪਤਿਸਮਾ ਲੈ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਸਾਡੀ ਦੂਜੀ ਧੀ ਲੀਲੀਆ ਦੇ ਵੀ ਬੱਚੇ ਹਨ। ਉਸ ਦਾ ਪਤੀ ਬਯੀਲੀਯੇ ਵੋਡੀ ਕਲੀਸਿਯਾ ਵਿਚ ਬਜ਼ੁਰਗ ਹੈ। ਉਹ ਆਪਣੇ ਦੋ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾ ਰਹੇ ਹਨ। ਓਲਯੈਕ ਤੇ ਉਸ ਦੀ ਘਰਵਾਲੀ ਨਾਤਾਸ਼ਾ ਸੇਂਟ ਪੀਟਰਸਬਰਗ ਨੇੜੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਹਨ। ਸਾਲ 1995 ਵਿਚ ਸਾਡੀ ਸਾਰਿਆਂ ਤੋਂ ਛੋਟੀ ਧੀ ਨਾਤਾਸ਼ਾ ਨੇ ਵਿਆਹ ਕਰਾਇਆ ਤੇ ਉਹ ਤੇ ਉਸ ਦਾ ਪਤੀ ਜਰਮਨੀ ਵਿਚ ਰੂਸੀ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ ਕਰ ਰਹੇ ਹਨ।

ਸਮੇਂ-ਸਮੇਂ ਤੇ ਸਾਡਾ ਪੂਰਾ ਪਰਿਵਾਰ ਇਕੱਠਾ ਹੁੰਦਾ ਹੈ। ਸਾਡੇ ਬੱਚੇ ਆਪਣੇ ਬੱਚਿਆਂ ਨੂੰ ਦੱਸਦੇ ਹਨ ਕਿ ਕਿਵੇਂ ਮੰਮੀ-ਪਾਪਾ ਨੇ ਯਹੋਵਾਹ ਦੀ ਗੱਲ ਮੰਨ ਕੇ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਯਹੋਵਾਹ ਨਾਲ ਪਿਆਰ ਕਰਨਾ ਤੇ ਉਸ ਦੀ ਸੇਵਾ ਕਰਨੀ ਸਿਖਾਈ। ਇਹ ਤਜਰਬੇ ਸਾਡੇ ਦੋਹਤੇ-ਦੋਹਤੀਆਂ ਦੀ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਵਿਚ ਬਹੁਤ ਮਦਦ ਕਰਦੇ ਹਨ। ਮੇਰਾ ਸਾਰਿਆਂ ਤੋਂ ਛੋਟਾ ਦੋਹਤਾ ਮੇਰੇ ਵਰਗਾ ਹੈ। ਕਈ ਵਾਰ ਉਹ ਮੇਰੀ ਗੋਦੀ ਵਿਚ ਬੈਠ ਕੇ ਮੈਨੂੰ ਬਾਈਬਲ ਕਹਾਣੀ ਸੁਣਾਉਣ ਲਈ ਕਹਿੰਦਾ ਹੈ। ਇਹ ਯਾਦ ਕਰ ਕੇ ਮੇਰੀਆਂ ਅੱਖਾਂ ਛਲਕ ਪੈਂਦੀਆਂ ਹਨ ਕਿ ਮੈਂ ਵੀ ਛੋਟਾ ਹੁੰਦਾ ਆਪਣੇ ਨਾਨਾ ਜੀ ਦੀ ਗੋਦੀ ਵਿਚ ਬੈਠ ਕੇ ਉਨ੍ਹਾਂ ਤੋਂ ਬਾਈਬਲ ਕਹਾਣੀਆਂ ਸੁਣਦਾ ਹੁੰਦਾ ਸੀ ਤੇ ਉਨ੍ਹਾਂ ਨੇ ਮੈਨੂੰ ਆਪਣੇ ਮਹਾਨ ਸਿਰਜਣਹਾਰ ਨਾਲ ਪਿਆਰ ਕਰਨਾ ਤੇ ਉਸ ਦੀ ਸੇਵਾ ਕਰਨੀ ਸਿਖਾਈ। (g04 10/22)

[ਫੁਟਨੋਟ]

^ ਪੈਰਾ 4 ਇਸ ਪੂਰੇ ਲੇਖ ਵਿਚ ਪੁਰਾਣੇ ਨਾਂ ਮੋਲਡਾਵਿਆ ਜਾਂ ਸੋਵੀਅਤ ਰਿਪਬਲਿਕ ਆਫ਼ ਮੋਲਡਾਵਿਆ ਦੀ ਜਗ੍ਹਾ ਮੌਜੂਦਾ ਨਾਂ ਮੌਲਡੋਵਾ ਵਰਤਿਆ ਜਾਵੇਗਾ।

[ਸਫ਼ੇ 11 ਉੱਤੇ ਤਸਵੀਰ]

ਪਿਤਾ ਜੀ ਦੇ ਜੇਲ੍ਹ ਜਾਣ ਤੋਂ ਕੁਝ ਸਮਾਂ ਪਹਿਲਾਂ ਮੌਲਡੋਵਾ ਵਿਚ ਘਰ ਦੇ ਬਾਹਰ ਆਪਣੇ ਮਾਤਾ-ਪਿਤਾ ਨਾਲ

[ਸਫ਼ੇ 12 ਉੱਤੇ ਤਸਵੀਰ]

ਸਾਲ 1959 ਵਿਚ ਲੀਡੀਆ ਨਾਲ, ਜਦੋਂ ਅਸੀਂ ਜਲਾਵਤਨੀ ਕੱਟ ਰਹੇ ਸੀ

[ਸਫ਼ੇ 13 ਉੱਤੇ ਤਸਵੀਰ]

ਲੀਡੀਆ ਸਾਡੀ ਧੀ ਵੈਲਨਟੀਨਾ ਨਾਲ; ਉਸ ਵੇਲੇ ਮੈਂ ਜੇਲ੍ਹ ਵਿਚ ਸੀ

[ਸਫ਼ੇ 15 ਉੱਤੇ ਤਸਵੀਰ]

ਆਪਣੇ ਬੱਚਿਆਂ ਤੇ ਦੋਹਤੇ-ਦੋਹਤੀਆਂ ਨਾਲ; ਸਾਰੇ ਯਹੋਵਾਹ ਦੀ ਸੇਵਾ ਕਰ ਰਹੇ ਹਨ!

[ਸਫ਼ੇ 15 ਉੱਤੇ ਤਸਵੀਰ]

ਅੱਜ ਲੀਡੀਆ ਨਾਲ