Skip to content

Skip to table of contents

ਸਭ ਦਾ ਮਨ-ਪਸੰਦ ਪਿਆਜ਼

ਸਭ ਦਾ ਮਨ-ਪਸੰਦ ਪਿਆਜ਼

ਸਭ ਦਾ ਮਨ-ਪਸੰਦ ਪਿਆਜ਼

ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਪਿਆਜ਼ ਤੋਂ ਬਿਨਾਂ ਰਸੋਈ ਬਿਲਕੁਲ ਅਧੂਰੀ ਹੈ। ਪਿਆਜ਼ ਲਗਭਗ ਹਰ ਚੀਜ਼ ਵਿਚ ਵਰਤਿਆ ਜਾਂਦਾ ਹੈ, ਜਿਵੇਂ ਸੂਪ, ਸਲਾਦ, ਸਬਜ਼ੀਆਂ ਅਤੇ ਦਵਾਈਆਂ ਵਿਚ। ਇਹ ਸਾਨੂੰ ਰੁਆ ਵੀ ਸਕਦਾ ਹੈ।

ਸਾਧਾਰਣ ਪਿਆਜ਼ ਸੋਹਣੇ ਫੁੱਲਾਂ ਵਾਲੇ ਪੌਦਿਆਂ ਦੀ ਜਾਤੀ ਨਾਲ ਸੰਬੰਧਿਤ ਹੈ, ਜਿਵੇਂ ਗੋਲਡਨ ਅਨਿਅਨ, ਬਰਾਈਡਜ਼ ਅਨਿਅਨ ਤੇ ਓਰਨਾਮੈਂਟਲ ਗਾਰਲਿਕ। ਸਾਧਾਰਣ ਪਿਆਜ਼ ਦੇ ਪੌਦੇ ਨੂੰ ਵੀ ਸੋਹਣੇ ਫੁੱਲ ਲੱਗਦੇ ਹਨ। ਪਰ ਦੁਨੀਆਂ ਭਰ ਵਿਚ ਜੋ ਪਿਆਜ਼ ਆਮ ਖਾਧਾ ਜਾਂਦਾ ਹੈ, ਉਹ ਹਨ ਹਰੀਆਂ ਭੂਕਾਂ ਵਾਲੀਆਂ ਗੱਠੀਆਂ।

ਇਨਸਾਨ ਸਦੀਆਂ ਤੋਂ ਪਿਆਜ਼ ਦੀ ਕਾਸ਼ਤ ਕਰਦਾ ਆਇਆ ਹੈ। ਪਿਆਜ਼ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਅਸੀਂ ਬਾਈਬਲ ਦੇ ਉਸ ਰਿਕਾਰਡ ਤੋਂ ਲਾ ਸਕਦੇ ਹਾਂ ਜੋ ਸਾਲ 1513 ਸਾ.ਯੁ.ਪੂ. ਬਾਰੇ ਗੱਲ ਕਰਦਾ ਹੈ। ਇਸ ਵਿਚ ਦੱਸਿਆ ਹੈ ਕਿ ਇਸਰਾਏਲ ਦੇ ਲੋਕ ਪਿਆਜ਼ ਖਾਣ ਲਈ ਤਰਸ ਰਹੇ ਸਨ ਜੋ ਉਹ ਮਿਸਰ ਵਿਚ ਗ਼ੁਲਾਮੀ ਦੌਰਾਨ ਖਾਂਦੇ ਹੁੰਦੇ ਸੀ।—ਗਿਣਤੀ 11:5.

ਹਰ ਸਭਿਆਚਾਰ ਦੇ ਲੋਕ ਪਿਆਜ਼ ਨੂੰ ਕਿਉਂ ਇੰਨਾ ਪਸੰਦ ਕਰਦੇ ਹਨ? ਪਿਆਜ਼ ਦੇ ਗੰਧਕੀ ਤੱਤ ਇਸ ਵਿਚ ਖ਼ਾਸ ਤਰ੍ਹਾਂ ਦੀ ਮਹਿਕ ਅਤੇ ਕੌੜਾਪਣ ਪੈਦਾ ਕਰਦੇ ਹਨ ਜਿਸ ਕਰਕੇ ਲੋਕ ਇਸ ਨੂੰ ਪਸੰਦ ਕਰਦੇ ਹਨ। ਇਸ ਵਿਚਲੇ ਸਲਫੈਨਿਕ ਐਸਿਡ ਨਾਂ ਦੇ ਰਸਾਇਣ ਕਾਰਨ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਵਹਿਣ ਲੱਗਦੇ ਹਨ।

ਸਿਰਫ਼ ਸਬਜ਼ੀ ਹੀ ਨਹੀਂ

ਪਿਆਜ਼ ਸਿਹਤ ਲਈ ਗੁਣਕਾਰੀ ਹੈ। ਇਸ ਵਿਚ ਕੈਲਸੀਅਮ, ਫਾਸਫੋਰਸ ਅਤੇ ਐਸਕੋਰਬਿਕ ਐਸਿਡ ਯਾਨੀ ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪੁਰਾਣੇ ਜ਼ਮਾਨੇ ਤੋਂ ਹੀ ਪਿਆਜ਼ ਨੂੰ ਖ਼ਾਸ ਕਰਕੇ ਇਸ ਦੇ ਔਸ਼ਧੀ ਗੁਣਾਂ ਕਰਕੇ ਸਰਾਹਿਆ ਗਿਆ ਹੈ। ਅੱਜ ਵੀ ਇਸ ਨੂੰ ਕਈ ਰੋਗਾਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ ਜਿਵੇਂ ਜ਼ੁਕਾਮ, ਕੰਠ ਨਾਲੀ ਦੀ ਸੋਜ, ਐਥੇਰੋਸਕਲੇਰੋਸਿਸ (ਲਹੂ ਨਾੜੀਆਂ ਵਿਚ ਚਰਬੀ ਦਾ ਜੰਮਣਾ), ਦਿਲ ਦੀ ਬੀਮਾਰੀ, ਸ਼ੂਗਰ ਅਤੇ ਦਮਾ ਆਦਿ। ਪਿਆਜ਼ ਰੋਗਾਣੂਆਂ ਨੂੰ ਵੀ ਨਾਸ਼ ਕਰਦਾ ਹੈ, ਕਲੈਸਟਰੋਲ ਘਟਾਉਂਦਾ ਹੈ, ਜਲਣ ਤੇ ਸੋਜ ਘਟਾਉਂਦਾ ਹੈ, ਨਾੜੀਆਂ ਵਿਚ ਲਹੂ ਦੇ ਗਤਲੇ ਬਣਨ ਤੋਂ ਰੋਕਦਾ ਹੈ ਅਤੇ ਕੈਂਸਰ ਨਾਲ ਲੜਨ ਦੀ ਸਮਰਥਾ ਰੱਖਦਾ ਹੈ।

ਪਿਆਜ਼ ਵੱਖੋ-ਵੱਖਰੇ ਰੰਗਾਂ ਦੇ ਹੁੰਦੇ ਹਨ—ਚਿੱਟੇ, ਪੀਲੇ, ਭੂਰੇ, ਹਰੇ, ਲਾਲ ਅਤੇ ਜਾਮਣੀ। ਤੁਸੀਂ ਪਿਆਜ਼ ਕੱਚਾ, ਪਕਾ ਕੇ, ਸੁਕਾ ਕੇ ਜਾਂ ਪੀਸ ਕੇ ਖਾ ਸਕਦੇ ਹੋ। ਬਾਜ਼ਾਰ ਵਿਚ ਡੱਬਾਬੰਦ ਪਿਆਜ਼ ਵੀ ਮਿਲਦੇ ਹਨ। ਇਸ ਤੋਂ ਇਲਾਵਾ ਇਹ ਅਚਾਰ, ਪਾਪੜ ਅਤੇ ਕਿਊਬਸ ਦੇ ਰੂਪ ਵਿਚ ਵੀ ਉਪਲਬਧ ਹਨ। ਪਿਆਜ਼ ਸੱਚ-ਮੁੱਚ ਹੀ ਬਹੁਤ ਵਧੀਆ ਸਬਜ਼ੀ ਹੈ ਭਾਵੇਂ ਕਿ ਇਹ ਤੁਹਾਨੂੰ ਥੋੜ੍ਹਾ ਜਿਹਾ ਰੁਆ ਜ਼ਰੂਰ ਦਿੰਦਾ ਹੈ। (g04 11/8)