Skip to content

Skip to table of contents

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਸਾਡੇ ਪਾਠਕਾਂ ਵੱਲੋਂ

ਬੱਚੇ “ਮਾਪਿਓ ਆਪਣੀ ਅਮਾਨਤ ਨੂੰ ਸੰਭਾਲੋ!” (ਅਪ੍ਰੈਲ-ਜੂਨ 2004) ਨਾਂ ਦੀ ਲੇਖ-ਲੜੀ ਜਦੋਂ ਮੈਨੂੰ ਮਿਲੀ, ਤਾਂ ਮੈਂ ਬੜੀ ਦਿਲਚਸਪੀ ਨਾਲ ਝੱਟ ਹੀ ਪੜ੍ਹ ਲਈ। ਮੇਰੇ ਪੰਜ ਬੱਚੇ ਹਨ ਅਤੇ ਇਹ ਲੇਖ ਪੜ੍ਹ ਕੇ ਮੇਰੇ ਦਿਲ ਉੱਤੇ ਗਹਿਰਾ ਅਸਰ ਪਿਆ। ਮੇਰੇ ਦਿਲ ਦੀ ਖ਼ਾਹਸ਼ ਹੈ ਕਿ ਦੁਨੀਆਂ ਦੀ ਹਰ ਮਾਂ ਇਨ੍ਹਾਂ ਲੇਖਾਂ ਨੂੰ ਪੜ੍ਹ ਸਕੇ।

ਸੀ. ਐੱਮ., ਫਰਾਂਸ (g04 10/22)

ਜੋ ਲੇਖ ਤੁਸੀਂ ਛਾਪਦੇ ਹੋ ਉਹ ਮੇਰੇ ਲਈ ਐਨ ਸਹੀ ਸਮੇਂ ਤੇ ਆਉਂਦੇ ਹਨ। ਜਦੋਂ ਮੈਨੂੰ ਤੇ ਮੇਰੇ ਪਤੀ ਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਸੀ, ਤਾਂ ਤੁਸੀਂ ਗਰਭਵਤੀ ਔਰਤਾਂ ਲਈ ਖ਼ਾਸ ਜਾਣਕਾਰੀ ਛਾਪੀ। (ਅਪ੍ਰੈਲ-ਜੂਨ 2003) ਹੁਣ ਜਦ ਰੱਬ ਨੇ ਸਾਡੀ ਝੋਲੀ ਇਕ ਪਿਆਰੇ ਬੇਟੇ ਨਾਲ ਭਰ ਦਿੱਤੀ ਹੈ, ਜੋ ਤਿੰਨ ਮਹੀਨਿਆਂ ਦਾ ਹੋ ਗਿਆ ਹੈ, ਤਾਂ ਤੁਸੀਂ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਵਧੀਆ ਸਲਾਹ ਦਿੱਤੀ ਹੈ। ਇਕ ਨਵੀਂ-ਨਵੀਂ ਮਾਂ ਲਈ ਇਹ ਲੇਖ ਬਹੁਤ ਹੀ ਫ਼ਾਇਦੇਮੰਦ ਹਨ।

ਡੀ. ਕੇ., ਪੋਲੈਂਡ (g04 10/22)

ਜੜੀ-ਬੂਟੀਆਂ ਨਾਲ ਇਲਾਜ “ਕੀ ਜੜੀ-ਬੂਟੀਆਂ ਤੁਹਾਨੂੰ ਕੋਈ ਫ਼ਾਇਦਾ ਪਹੁੰਚਾ ਸਕਦੀਆਂ ਹਨ?” (ਜਨਵਰੀ-ਮਾਰਚ 2004) ਨਾਂ ਦਾ ਲੇਖ ਮੈਂ ਪੜ੍ਹਨਾ ਬਹੁਤ ਪਸੰਦ ਕੀਤਾ। ਮੈਂ ਇਕ ਨਰਸ ਹਾਂ ਅਤੇ ਆਪਣਿਆਂ ਜੋੜਾਂ ਲਈ ਮੈਂ ਤਰ੍ਹਾਂ-ਤਰ੍ਹਾਂ ਦੀਆਂ ਜੜੀ-ਬੂਟੀਆਂ ਵਰਤਦੀ ਹਾਂ। ਇਨ੍ਹਾਂ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ ਹੈ। ਖ਼ੈਰ ਤੁਸੀਂ ਇਸ ਲੇਖ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਕੁਝ ਜੜੀ-ਬੂਟੀਆਂ ਦੇ ਕਾਰਨ ਸਰਜਰੀ ਕਰਵਾਉਣ ਦੇ ਸਮੇਂ ਜ਼ਿਆਦਾ ਖ਼ੂਨ ਵਹਿ ਸਕਦਾ ਹੈ। ਯਹੋਵਾਹ ਦੇ ਗਵਾਹਾਂ ਲਈ ਇਹ ਗੱਲ ਲਾਜ਼ਮੀ ਹੈ ਕਿ ਉਹ ਸਰਜਰੀ ਕਰਵਾਉਣ ਤੋਂ ਪਹਿਲਾਂ ਕੁਝ ਜੜੀ-ਬੂਟੀਆਂ ਨੂੰ ਵਰਤਣਾ ਬੰਦ ਕਰ ਦੇਣ।

ਜੇ. ਐੱਚ., ਅਮਰੀਕਾ (g04 10/22)

“ਜਾਗਰੂਕ ਬਣੋ!” ਦਾ ਜਵਾਬ: ਅਸੀਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਜ਼ਰੂਰੀ ਗੱਲ ਯਾਦ ਕਰਾਈ ਗਈ ਹੈ। ਸਰਜਰੀ ਤੋਂ ਪਹਿਲਾਂ ਇਹ ਲਾਜ਼ਮੀ ਹੈ ਕਿ ਮਰੀਜ਼ ਆਪਣੇ ਡਾਕਟਰ ਨੂੰ ਉਨ੍ਹਾਂ ਸਾਰੀਆਂ ਦਵਾਈਆਂ-ਗੋਲੀਆਂ ਬਾਰੇ ਦੱਸੇ ਜੋ ਉਹ ਲੈ ਰਹੇ ਹੋਣ। ਇਸ ਵਿਚ ਜੜੀ-ਬੂਟੀਆਂ ਬਾਰੇ ਵੀ ਦੱਸਣਾ ਜ਼ਰੂਰੀ ਹੈ। ਇਹ ਗੱਲ ਖ਼ਾਸ ਕਰਕੇ ਉਨ੍ਹਾਂ ਮਰੀਜ਼ਾਂ ਲਈ ਜ਼ਰੂਰੀ ਹੈ ਜੋ ਬਾਈਬਲ ਦੇ ਹੁਕਮ ਅਨੁਸਾਰ ‘ਲਹੂ ਤੋਂ ਬਚੇ ਰਹਿਣਾ’ ਚਾਹੁੰਦੇ ਹਨ।—ਰਸੂਲਾਂ ਦੇ ਕਰਤੱਬ 15:29.

ਭੈਣ ਜਾਂ ਭਰਾ ਈਰਖਾ ਦਾ ਕਾਰਨ “ਨੌਜਵਾਨ ਪੁੱਛਦੇ ਹਨ . . . ਮੈਂ ਆਪਣੇ ਭਰਾ ਜਾਂ ਭੈਣ ਤੋਂ ਵੱਖਰੀ ਪਛਾਣ ਕਿੱਦਾਂ ਬਣਾ ਸਕਦਾ ਹਾਂ?” (ਜਨਵਰੀ-ਮਾਰਚ 2004) ਨਾਂ ਦੇ ਲੇਖ ਲਈ ਮੈਂ ਧੰਨਵਾਦ ਕਹਿਣਾ ਚਾਹੁੰਦੀ ਹਾਂ। ਮੈਂ 16 ਸਾਲਾਂ ਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਸਾਰੇ ਮੇਰੀ ਵੱਡੀ ਭੈਣ ਦੀ ਹੀ ਤਾਰੀਫ਼ ਕਰਦੇ ਰਹਿੰਦੇ ਹਨ। ਬੇਸ਼ੱਕ ਮੈਂ ਜਾਣਦੀ ਹਾਂ ਕਿ ਯਹੋਵਾਹ ਮੇਰਾ ਖ਼ਿਆਲ ਰੱਖਦਾ ਹੈ, ਪਰ ਫਿਰ ਵੀ ਮੈਂ ਇਕੱਲੀ ਮਹਿਸੂਸ ਕਰਦੀ ਹਾਂ। ਇਸ ਲੇਖ ਵਿਚ ਮੇਰਿਆਂ ਜਜ਼ਬਾਤਾਂ ਬਾਰੇ ਗੱਲ ਕੀਤੀ ਗਈ ਸੀ। ਗੱਲਾਂ ਇੰਨੇ ਪਿਆਰ ਨਾਲ ਸਮਝਾਈਆਂ ਗਈਆਂ ਸਨ ਕਿ ਪੜ੍ਹਦੀ-ਪੜ੍ਹਦੀ ਦੀਆਂ ਮੇਰੀਆਂ ਅੱਖਾਂ ਭਰ ਆਈਆਂ। ਇਸ ਬਹੁਤ ਹੀ ਵਧੀਆ ਸਲਾਹ ਲਈ ਤੁਹਾਡਾ ਲੱਖ-ਲੱਖ ਸ਼ੁਕਰ ਹੈ। ਇਹ ਸਲਾਹ ਮੇਰੇ ਦਿਲ ਲਈ ਮਲ੍ਹਮ ਦੀ ਤਰ੍ਹਾਂ ਸੀ।

ਐੱਮ. ਓ., ਜਪਾਨ (g04 9/22)

ਕਦੇ-ਕਦੇ ਮੈਂ ਵੀ ਉਸੇ ਤਰ੍ਹਾਂ ਮਹਿਸੂਸ ਕਰਦੀ ਹਾਂ ਜਿਸ ਤਰ੍ਹਾਂ ਇਸ ਲੇਖ ਵਿਚ ਜ਼ਿਕਰ ਕੀਤੇ ਗਏ ਨੌਜਵਾਨ ਕਰਦੇ ਹਨ। ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਮੈਨੂੰ ਇਹ ਹੀ ਯਾਦ ਹੈ ਕਿ ਸਾਰੇ ਮੇਰੀ ਵੱਡੀ ਭੈਣ ਦੀ ਹੀ ਤਾਰੀਫ਼ ਕਰਦੇ ਹਨ ਤੇ ਉਸ ਨੂੰ ਨੇਕ ਸਮਝਦੇ ਹਨ। ਇਸ ਲਈ ਮੈਨੂੰ ਅਹਿਸਾਸ ਹੈ ਕਿ ਦਿਲ ਕਿੰਨਾ ਦੁਖੀ ਹੁੰਦਾ ਹੈ ਜਦੋਂ ਤੁਹਾਡੀ ਤੁਲਨਾ ਹਮੇਸ਼ਾ ਕਿਸੇ ਹੋਰ ਨਾਲ ਕੀਤੀ ਜਾਂਦੀ ਹੈ। ਇਸ ਲੇਖ ਵਿਚ ਤੁਸੀਂ ਇਹ ਸਲਾਹ ਦਿੱਤੀ ਸੀ ਕਿ ਸਾਨੂੰ ਉਹ ਕੰਮ ਕਰਨੇ ਚਾਹੀਦੇ ਹਨ ਜੋ ਅਸੀਂ ਚੰਗੀ ਤਰ੍ਹਾਂ ਕਰ ਸਕਦੇ ਹਾਂ। ਇਹ ਸਲਾਹ ਮੇਰੇ ਲਈ “ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ” ਵਰਗੀ ਸੀ ਯਾਨੀ ਸਹੀ ਸਮੇਂ ਤੇ ਦਿੱਤੀ ਗਈ ਸੀ।—ਕਹਾਉਤਾਂ 25:11.

ਐੱਸ. ਟੀ., ਅਮਰੀਕਾ (g04 9/22)

ਮੇਰੀ ਇਕ ਵੱਡੀ ਭੈਣ ਹੈ ਅਤੇ ਇਕ ਛੋਟਾ ਭਰਾ। ਉਹ ਦੋਨੋਂ ਤਕਰੀਬਨ ਸਾਰੀਆਂ ਗੱਲਾਂ ਵਿਚ ਮੇਰੇ ਨਾਲੋਂ ਹੁਸ਼ਿਆਰ ਹਨ। ਇਸ ਲਈ ਮੈਂ ਤੁਹਾਡੀ ਸਲਾਹ ਮੰਨੀ ਅਤੇ ਹੁਣ ਸਪੇਨੀ ਭਾਸ਼ਾ ਸਿੱਖ ਰਹੀ ਹਾਂ। ਮੈਂ ਪ੍ਰਚਾਰ ਦੇ ਕੰਮ ਵਿਚ ਵੀ ਹੁਣ ਜ਼ਿਆਦਾ ਸਮਾਂ ਗੁਜ਼ਾਰਦੀ ਹਾਂ। ਨਵੀਂ ਭਾਸ਼ਾ ਸਿੱਖਣ ਵਿਚ ਮੈਨੂੰ ਬਹੁਤ ਮਜ਼ਾ ਆ ਰਿਹਾ ਹੈ ਅਤੇ ਹੁਣ ਲੋਕ ਮੈਨੂੰ ਵੀ ਸ਼ਾਬਾਸ਼ੀ ਦੇ ਰਹੇ ਹਨ।

ਐੱਚ. ਬੀ., ਅਮਰੀਕਾ (g04 9/22)

ਸਕੂਲ ਦਾ ਕੰਮ ਮਿਡਲ ਸਕੂਲ ਵਿਚ ਇਹ ਮੇਰਾ ਪਹਿਲਾ ਸਾਲ ਹੈ ਤੇ ਮੈਨੂੰ ਸਕੂਲ ਦਾ ਕੰਮ ਕਰਨ ਲਈ ਸਮਾਂ ਕੱਢਣਾ ਬਹੁਤ ਔਖਾ ਲੱਗਦਾ ਹੈ। “ਨੌਜਵਾਨ ਪੁੱਛਦੇ ਹਨ . . . ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ?” (ਅਪ੍ਰੈਲ-ਜੂਨ 2004) ਨਾਂ ਦਾ ਲੇਖ ਪੜ੍ਹ ਕੇ ਮੇਰੀ ਬਹੁਤ ਮਦਦ ਹੋਈ। ਭਾਵੇਂ ਮੈਂ ਇੰਨਾ ਟੈਲੀਵਿਯਨ ਨਹੀਂ ਦੇਖਦੀ ਸੀ, ਪਰ ਜਦ ਕਦੇ ਦੇਖਣ ਲੱਗਦੀ ਸੀ, ਤਾਂ ਮੈਂ ਕਈ-ਕਈ ਘੰਟੇ ਦੇਖਦੀ ਰਹਿੰਦੀ ਸੀ। ਹੁਣ ਮੈਂ ਟੈਲੀਵਿਯਨ ਬਿਲਕੁਲ ਨਹੀਂ ਦੇਖਦੀ।

ਆਰ. ਓ., ਜਪਾਨ (g04 11/8)