Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਦਿਮਾਗ਼ ਤੇ ਜ਼ਿਆਦਾ ਬੋਝ

ਕੈਨੇਡਾ ਦੇ ਟੋਰੌਂਟੋ ਸਟਾਰ ਅਖ਼ਬਾਰ ਅਨੁਸਾਰ ਕੁਝ ਖੋਜਕਾਰਾਂ ਦਾ ਕਹਿਣਾ ਹੈ ਕਿ “ਇੱਕੋ ਵਾਰੀ ਕਈ ਕੰਮ ਕਰਨ ਦੀ ਕੋਸ਼ਿਸ਼ ਕਰਨ ਨਾਲ ਦਿਮਾਗ਼ ਤੇ ਬੋਝ ਪੈਂਦਾ ਹੈ।” ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇੱਕੋ ਵਾਰੀ ਕਈ ਕੰਮ ਕਰਨ ਦੇ ਨਤੀਜੇ ਵਜੋਂ ਕੰਮ ਚੰਗੀ ਤਰ੍ਹਾਂ ਨਹੀਂ ਕੀਤਾ ਜਾਂਦਾ, ਗ਼ਲਤੀਆਂ ਵੀ ਹੋ ਜਾਂਦੀਆਂ ਹਨ ਅਤੇ ਵਿਅਕਤੀ ਬੀਮਾਰ ਵੀ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਇਸ ਦੇ ਨਾਲ-ਨਾਲ “ਯਾਦ-ਸ਼ਕਤੀ ਕਮਜ਼ੋਰ ਹੋ ਜਾਵੇ, ਪਿੱਠ ਵਿਚ ਦਰਦ ਹੋਣ ਲੱਗ ਪਵੇ ਅਤੇ ਜਲਦੀ ਜ਼ੁਕਾਮ ਜਾਂ ਬਦਹਜ਼ਮੀ ਦੀ ਸ਼ਿਕਾਇਤ ਹੋ ਜਾਵੇ। ਇਸ ਨਾਲ ਦੰਦ ਅਤੇ ਬੁੱਟ ਵੀ ਦੁਖਣ ਲੱਗ ਪੈਂਦੇ ਹਨ।” ਇਕ ਸੰਸਥਾ ਦੇ ਮੁਤਾਬਕ ਕੰਮ ਕਰਦੇ ਸਮੇਂ ਇਨਸਾਨ ਦਿਮਾਗ਼ ਦੇ ਵੱਖੋ-ਵੱਖਰੇ ਹਿੱਸੇ ਵਰਤਦੇ ਹਨ। ਪਰ ਜਦੋਂ ਉਹ ਦੋ ਜਾਂ ਇਸ ਤੋਂ ਜ਼ਿਆਦਾ ਕੰਮ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਕਾਰ ਚਲਾਉਂਦੇ ਹੋਏ ਮੋਬਾਇਲ ਫ਼ੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਕ ਤੰਤੂ-ਵਿਗਿਆਨੀ ਦਾ ਕਹਿਣਾ ਹੈ ਕਿ “ਦਿਮਾਗ਼ ਕੰਮ ਕਰਨੋਂ ਬੰਦ ਹੋ ਜਾਂਦਾ ਹੈ। ਦਿਮਾਗ਼ ਨਾ ਤਾਂ ਇਸ ਤਰ੍ਹਾਂ ਕੰਮ ਕਰ ਸਕਦਾ ਹੈ ਅਤੇ ਨਾ ਹੀ ਕਰਨਾ ਚਾਹੁੰਦਾ ਹੈ।” ਖੋਜਕਾਰਾਂ ਅਨੁਸਾਰ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਸਹਿਜੇ-ਸਹਿਜੇ ਕੰਮ ਕਰਨ ਅਤੇ ਯਾਦ ਰੱਖਣ ਕਿ ਉਨ੍ਹਾਂ ਦਾ ਦਿਮਾਗ਼ ਉਹ ਸਭ ਕੁਝ ਨਹੀਂ ਕਰ ਸਕਦਾ ਜੋ ਉਹ ਚਾਹੁੰਦੇ ਹਨ। (g04 10/22)

ਸਭ ਤੋਂ ਵੱਧ ਅਨੁਵਾਦ ਕੀਤੀ ਗਈ ਕਿਤਾਬ

ਹਾਲੇ ਵੀ ਬਾਈਬਲ ਸੰਸਾਰ ਦੀ ਸਭ ਤੋਂ ਵੱਧ ਅਨੁਵਾਦ ਕੀਤੀ ਗਈ ਕਿਤਾਬ ਹੈ। ਦੁਨੀਆਂ ਦੀਆਂ ਤਕਰੀਬਨ 6,500 ਭਾਸ਼ਾਵਾਂ ਵਿੱਚੋਂ ਪੂਰੀ ਬਾਈਬਲ ਜਾਂ ਉਸ ਦੇ ਕੁਝ ਹਿੱਸਿਆਂ ਨੂੰ 2,355 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਹੁਣ ਬਾਈਬਲ ਅਫ਼ਰੀਕਾ ਦੀਆਂ 665 ਭਾਸ਼ਾਵਾਂ, ਏਸ਼ੀਆ ਦੀਆਂ 585 ਭਾਸ਼ਾਵਾਂ, ਓਸ਼ਨੀਆ ਯਾਨੀ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੀਆਂ 414 ਭਾਸ਼ਾਵਾਂ, ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੀਆਂ 404 ਭਾਸ਼ਾਵਾਂ, ਯੂਰਪ ਦੀਆਂ 209 ਭਾਸ਼ਾਵਾਂ ਅਤੇ ਉੱਤਰੀ ਅਮਰੀਕਾ ਦੀਆਂ 75 ਭਾਸ਼ਾਵਾਂ ਵਿਚ ਮਿਲ ਸਕਦੀ ਹੈ। ਇਸ ਸਮੇਂ ਯੂਨਾਇਟਿਡ ਬਾਈਬਲ ਸੋਸਾਇਟੀਜ਼ ਦਾ ਅਨੁਵਾਦ ਦਾ ਕੰਮ ਕੁਝ 600 ਭਾਸ਼ਾਵਾਂ ਵਿਚ ਚੱਲ ਰਿਹਾ ਹੈ। (g04 12/8)

ਛੋਟੇ ਬੱਚਿਆਂ ਲਈ ਟੈਲੀਵਿਯਨ ਹਾਨੀਕਾਰਕ

ਮੈਕਸੀਕੋ ਸ਼ਹਿਰ ਦਾ ਹੈਰਲਡ ਅਖ਼ਬਾਰ ਰਿਪੋਰਟ ਕਰਦਾ ਹੈ ਕਿ “ਬਹੁਤ ਛੋਟੇ ਬੱਚਿਆਂ ਨੂੰ, ਜੋ ਟੈਲੀਵਿਯਨ ਦੇਖਦੇ ਰਹਿੰਦੇ ਹਨ, ਇਸ ਗੱਲ ਦਾ ਖ਼ਤਰਾ ਹੈ ਕਿ ਸਕੂਲ ਜਾਣ ਦੀ ਉਮਰ ਤਕ ਉਨ੍ਹਾਂ ਲਈ ਪੜ੍ਹਾਈ ਵਿਚ ਧਿਆਨ ਲਗਾਉਣਾ ਬਹੁਤ ਔਖਾ ਹੋ ਸਕਦਾ ਹੈ।” ਇਸ ਰਿਪੋਰਟ ਵਿਚ ਪੀਡਿਐਟ੍ਰਿਕਸ ਨਾਮਕ ਰਸਾਲੇ ਵਿਚ ਦਰਜ ਦੋ ਸਮੂਹਾਂ ਤੇ ਕੀਤੇ ਗਏ ਅਧਿਐਨ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਧਿਐਨ ਵਿਚ ਤਕਰੀਬਨ 1,345 ਬੱਚੇ ਸ਼ਾਮਲ ਸਨ। ਇਕ ਸਮੂਹ ਇਕ ਸਾਲ ਦੀ ਉਮਰ ਦੇ ਬੱਚਿਆਂ ਦਾ ਸੀ ਅਤੇ ਦੂਜਾ ਸਮੂਹ ਤਿੰਨ ਸਾਲਾਂ ਦੇ ਬੱਚਿਆਂ ਦਾ ਸੀ। ਇਸ ਅਧਿਐਨ ਤੋਂ ਪਤਾ ਲੱਗਾ ਕਿ ਦਿਨ ਵਿਚ ਹਰ ਘੰਟਾ ਜੋ ਸੱਤਾਂ ਸਾਲਾਂ ਦੇ ਬੱਚੇ ਟੈਲੀਵਿਯਨ ਸਾਮ੍ਹਣੇ ਬੈਠੇ ਲਗਾਉਂਦੇ ਹਨ ਉਸ ਨਾਲ ਉਨ੍ਹਾਂ ਦੇ ਧਿਆਨ ਲਗਾਉਣ ਦੀ ਯੋਗਤਾ ਦਾ 10 ਫੀ ਸਦੀ ਘੱਟ ਜਾਣ ਦਾ ਖ਼ਤਰਾ ਹੈ। ਖੋਜਕਾਰ ਮੰਨਦੇ ਹਨ ਕਿ ‘ਫ਼ਿਲਮਾਂ ਵਿਚ ਤੇਜ਼ੀ ਨਾਲ ਚੱਲ ਰਹੀਆਂ ਤਸਵੀਰਾਂ ਛੋਟੇ ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਉੱਤੇ ਅਸਰ ਪਾ ਸਕਦੀਆਂ ਹਨ।’ ਇਸ ਅਧਿਐਨ ਦੇ ਮੁੱਖ ਲੇਖਕ ਦਾ ਕਹਿਣਾ ਹੈ: ‘ਸੱਚ ਤਾਂ ਇਹ ਹੈ ਕਿ ਬੱਚਿਆਂ ਦਾ ਟੈਲੀਵਿਯਨ ਨਾ ਦੇਖਣ ਦੇ ਬਹੁਤ ਕਾਰਨ ਹਨ। ਹੋਰਨਾਂ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਟੈਲੀਵਿਯਨ ਦੇਖਣ ਨਾਲ ਬੱਚੇ ਲੜਾਕੇ ਬਣਦੇ ਹਨ ਅਤੇ ਬੈਠੇ-ਬੈਠੇ ਉਹ ਮੋਟੇ ਵੀ ਹੋ ਜਾਂਦੇ ਹਨ।’ (g04 12/22)

ਹੱਸਣਾ ਸਭ ਤੋਂ ਚੰਗੀ ਦਵਾ

ਕੈਲੇਫ਼ੋਰਨੀਆ ਦੀ ਇਕ ਰਿਸਰਚ ਸੰਸਥਾ ਨੇ ਸਿਹਤ ਸੰਬੰਧੀ ਇਕ ਚਿੱਠੀ ਵਿਚ ਰਿਪੋਰਟ ਦਿੱਤੀ ਕਿ “ਸਟੈਨਫੋਰਡ ਯੂਨੀਵਰਸਿਟੀ ਦੇ ਤੰਤੂ-ਵਿਗਿਆਨੀਆਂ ਨੂੰ ਇਕ ਹੋਰ ਕਾਰਨ ਮਿਲਿਆ ਹੈ ਕਿ ਹੱਸਣ ਨਾਲ ਅਸੀਂ ਇੰਨੇ ਖ਼ੁਸ਼ ਕਿਉਂ ਹੁੰਦੇ ਹਾਂ। ਇਨ੍ਹਾਂ ਵਿਗਿਆਨੀਆਂ ਨੇ ਉਨ੍ਹਾਂ ਲੋਕਾਂ ਦੇ ਦਿਮਾਗ਼ ਉੱਤੇ ਨਿਗਾਹ ਰੱਖੀ ਜੋ ਹਸਾਉਣ ਵਾਲੇ ਕਾਰਟੂਨ ਪੜ੍ਹਦੇ ਹਨ। ਉਨ੍ਹਾਂ ਨੇ ਦੇਖਿਆ ਕਿ ਹੱਸਣ ਨਾਲ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਤੇ ਅਸਰ ਪੈਂਦਾ ਹੈ ਜੋ ਹਿੱਸੇ ਇਨਾਮ ਮਿਲਣ ਤੇ ਪ੍ਰਭਾਵਿਤ ਹੁੰਦੇ ਹਨ।” ਦਿਮਾਗ਼ ਦੇ ਇਹੋ ਹਿੱਸੇ ਨਸ਼ੀਲੀਆਂ ਦਵਾਈਆਂ ਖਾਣ ਨਾਲ ਵੀ ਪ੍ਰਭਾਵਿਤ ਹੁੰਦੇ ਹਨ। ਇਹ ਚਿੱਠੀ ਅੱਗੇ ਕਹਿੰਦੀ ਹੈ “ਹੱਸਣ ਨਾਲ ਟੈਨਸ਼ਨ ਘੱਟ ਜਾਂਦੀ ਹੈ, ਮਨ ਸ਼ਾਂਤ ਹੁੰਦਾ ਹੈ ਅਤੇ ਅਸੀਂ ਖ਼ੁਸ਼ ਹੁੰਦੇ ਹਾਂ।” ਹੱਸਣ ਨਾਲ ਸਾਡੇ ਹਾਰਮੋਨ ਵਧਦੇ ਹਨ ਅਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਖ਼ੂਨ ਵੀ ਚੰਗੀ ਤਰ੍ਹਾਂ ਰਗਾਂ ਵਿਚ ਦੌੜਦਾ ਹੈ ਅਤੇ ਮਾਸ-ਪੇਸ਼ੀਆਂ ਤੰਦਰੁਸਤ ਰਹਿੰਦੀਆਂ ਹਨ। ਇਹ ਚਿੱਠੀ ਦੱਸਦੀ ਹੈ ਕਿ ‘ਖੂਬ ਹੱਸਣਾ ਕਸਰਤ ਕਰਨ ਦੇ ਬਰਾਬਰ ਹੈ। ਭਾਵੇਂ ਕਿ ਇਸ ਨਾਲ ਭਾਰ ਨਹੀਂ ਘੱਟਦਾ, ਪਰ ਤੁਸੀਂ ਹੱਸਣ ਨਾਲ ਖ਼ੁਸ਼ ਜ਼ਰੂਰ ਹੋ ਸਕਦੇ ਹੋ।’ (g04 12/22)