ਆਪਣੇ ਹੱਥਾਂ ਨਾਲ ਮਿਹਨਤ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ?
ਨੌਜਵਾਨ ਪੁੱਛਦੇ ਹਨ . . .
ਆਪਣੇ ਹੱਥਾਂ ਨਾਲ ਮਿਹਨਤ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ?
“ਮੈਂ ਤਾਂ ਮਜ਼ਦੂਰੀ ਕਰਨ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਮੈਨੂੰ ਕੰਪਿਊਟਰ ਤੇ ਕੰਮ ਕਰ ਕੇ ਬਹੁਤ ਮਜ਼ਾ ਆਉਂਦਾ ਹੈ।”—ਨੇਥਨ।
“ਕੁਝ ਨੌਜਵਾਨ ਸਾਡੇ ਨਾਲ ਘਿਰਣਾ ਕਰਦੇ ਸਨ ਕਿਉਂਕਿ ਅਸੀਂ ਮਜ਼ਦੂਰੀ ਕਰਨ ਵਾਲੇ ਸਾਂ। ਉਹ ਸਾਨੂੰ ਬੁੱਧੂ ਸਮਝਦੇ ਸਨ ਜਿਵੇਂ ਸਾਨੂੰ ਹੋਰ ਕੋਈ ਕੰਮ ਕਰਨਾ ਆਉਂਦਾ ਹੀ ਨਹੀਂ ਸੀ।”—ਸੇਰਾਹ।
ਕ ਈਆਂ ਲੋਕਾਂ ਨੂੰ ਕੰਮ ਕਰਨ ਦੇ ਨਾਂ ਤੋਂ ਹੀ ਚਿੜ ਆਉਂਦੀ ਹੈ। ਮਜ਼ਦੂਰੀ ਕਰਨ ਬਾਰੇ ਇਕ ਪ੍ਰੋਫ਼ੈਸਰ ਨੇ ਕਿਹਾ: “ਸਮਾਜ ਵਿਚ ਮਜ਼ਦੂਰਾਂ ਦੀ ਕੋਈ ਹੈਸੀਅਤ ਨਹੀਂ ਸਮਝੀ ਜਾਂਦੀ।” ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਕੁਝ ਨੌਜਵਾਨ ਮਜ਼ਦੂਰੀ ਨੂੰ ਤੁੱਛ ਕਿਉਂ ਸਮਝਦੇ ਹਨ।
ਪਰ ਬਾਈਬਲ ਮੁਤਾਬਕ ਮਿਹਨਤ ਕਰਨੀ ਕੋਈ ਬੁਰੀ ਗੱਲ ਨਹੀਂ ਹੈ। ਸੁਲੇਮਾਨ ਪਾਤਸ਼ਾਹ ਨੇ ਕਿਹਾ: “ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” (ਉਪਦੇਸ਼ਕ ਦੀ ਪੋਥੀ 2:24) ਬਾਈਬਲ ਦੇ ਸਮੇਂ ਵਿਚ ਇਸਰਾਏਲੀ ਲੋਕ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਕਰਦੇ ਸਨ। ਹੱਲ ਵਾਹੁਣਾ, ਵਾਢੀ ਕਰਨੀ ਅਤੇ ਦਾਣੇ ਕੱਢਣ ਦਾ ਕੰਮ ਸੌਖਾ ਨਹੀਂ ਸੀ। ਲਹੂ ਪਸੀਨਾ ਇਕ ਕਰ ਕੇ ਇਹ ਕੰਮ ਕੀਤਾ ਜਾਂਦਾ ਸੀ। ਪਰ ਸੁਲੇਮਾਨ ਨੇ ਕਿਹਾ ਸੀ ਕਿ ਤਨ-ਮਨ ਲਾ ਕੇ ਮਿਹਨਤ ਕਰਨ ਦਾ ਫਲ ਮਿੱਠਾ ਹੁੰਦਾ ਹੈ।
ਸਦੀਆਂ ਬਾਅਦ ਪੌਲੁਸ ਰਸੂਲ ਨੇ ਕਿਹਾ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ।” (ਅਫ਼ਸੀਆਂ 4:28) ਪੌਲੁਸ ਆਪ ਵੀ ਸਖ਼ਤ ਮਿਹਨਤ ਕਰਦਾ ਹੁੰਦਾ ਸੀ। ਭਾਵੇਂ ਕਿ ਉਹ ਬਹੁਤ ਹੀ ਪੜ੍ਹਿਆ-ਲਿਖਿਆ ਸੀ, ਫਿਰ ਵੀ ਕਦੀ-ਕਦੀ ਉਸ ਨੇ ਤੰਬੂ ਬਣਾ ਕੇ ਆਪਣਾ ਗੁਜ਼ਾਰਾ ਤੋਰਿਆ ਸੀ।—ਰਸੂਲਾਂ ਦੇ ਕਰਤੱਬ 18:1-3.
ਮਜ਼ਦੂਰੀ ਕਰਨ ਬਾਰੇ ਤੁਹਾਡਾ ਕੀ ਵਿਚਾਰ ਹੈ? ਚਾਹੇ ਤੁਹਾਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ, ਪਰ ਆਪਣੇ ਹੱਥਾਂ ਨਾਲ ਮਿਹਨਤ ਕਰਨ ਨਾਲ ਤੁਹਾਡਾ ਬਹੁਤ ਫ਼ਾਇਦਾ ਹੋ ਸਕਦਾ ਹੈ।
ਕੰਮ-ਧੰਦਾ ਸਿੱਖਣਾ
ਮਿਹਨਤ ਕਰ ਕੇ ਕੋਈ ਵੀ ਕੰਮ ਕਰਨ ਨਾਲ ਸਾਡੀ ਸਿਹਤ ਤੇ ਚੰਗਾ ਅਸਰ ਪੈਂਦਾ ਹੈ। ਮਜ਼ਦੂਰੀ ਕਰਨ ਨਾਲ ਸਿਰਫ਼ ਸਾਡੀ
ਸਿਹਤ ਹੀ ਨਹੀਂ ਬਣਦੀ, ਸਗੋਂ ਇਸ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਜ਼ਰਾ ਵਿਚਾਰ ਕਰੋ: ਕੀ ਤੁਹਾਨੂੰ ਕਾਰ ਦੇ ਟਾਇਰ ਦੀ ਫੂਕ ਭਰਨੀ ਜਾਂ ਉਸ ਦਾ ਤੇਲ ਬਦਲਣਾ ਆਉਂਦਾ ਹੈ? ਕੀ ਤੁਹਾਨੂੰ ਖਿੜਕੀ ਦਾ ਟੁੱਟਾ ਸ਼ੀਸ਼ਾ ਬਦਲਣਾ ਆਉਂਦਾ ਹੈ? ਕੀ ਤੁਹਾਨੂੰ ਡਰੇਨ ਵਿਚ ਫਸਿਆ ਕੂੜਾ-ਕਰਕਟ ਸਾਫ਼ ਕਰਨਾ ਆਉਂਦਾ ਹੈ? ਕੀ ਤੁਹਾਨੂੰ ਦਾਲ਼-ਸਬਜ਼ੀ ਬਣਾਉਣੀ ਅਰ ਰੋਟੀ ਪਕਾਉਣੀ ਆਉਂਦੀ ਹੈ? ਕੀ ਤੁਹਾਨੂੰ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰਨੀ ਆਉਂਦੀ ਹੈ? ਇਹ ਸਭ ਕੰਮ ਮੁੰਡੇ-ਕੁੜੀਆਂ ਦੋਨਾਂ ਨੂੰ ਸਿੱਖਣੇ ਚਾਹੀਦੇ ਹਨ। ਅਜਿਹੇ ਕੰਮ ਸਿੱਖ ਕੇ ਤੁਹਾਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਵਿਚ ਮਦਦ ਮਿਲ ਸਕਦੀ ਹੈ।ਬੜੀ ਦਿਲਚਸਪੀ ਦੀ ਗੱਲ ਹੈ ਕਿ ਧਰਤੀ ਉੱਤੇ ਆ ਕੇ ਯਿਸੂ ਮਸੀਹ ਨੇ ਵੀ ਧੰਦਾ ਸਿੱਖਿਆ ਸੀ। ਉਸ ਦਾ ਪਿਤਾ ਯੂਸੁਫ਼ ਤਰਖਾਣ ਸੀ ਅਤੇ ਯਿਸੂ ਨੇ ਉਸ ਤੋਂ ਇਹ ਕੰਮ ਕਰਨਾ ਸਿੱਖਿਆ ਸੀ। ਬਾਅਦ ਵਿਚ ਯਿਸੂ ਨੂੰ ਵੀ ਤਰਖਾਣ ਵਜੋਂ ਜਾਣਿਆ ਗਿਆ ਸੀ। (ਮੱਤੀ 13:55; ਮਰਕੁਸ 6:3) ਤੁਸੀਂ ਵੀ ਮਿਹਨਤ ਕਰ ਕੇ ਵੱਖੋ-ਵੱਖਰੇ ਕੰਮ-ਧੰਦੇ ਸਿੱਖ ਸਕਦੇ ਹੋ।
ਚੰਗੇ ਗੁਣ ਪੈਦਾ ਕਰਨੇ
ਸਖ਼ਤ ਮਿਹਨਤ ਕਰ ਕੇ ਤੁਸੀਂ ਆਪਣੇ ਆਪ ਵਿਚ ਵੀ ਚੰਗਾ ਮਹਿਸੂਸ ਕਰੋਗੇ। ਇਕ ਡਾਕਟਰ ਦਾ ਕਹਿਣਾ ਹੈ ਕਿ ਕੋਈ ਵੀ ਕੰਮ-ਧੰਦਾ ਸਿੱਖਣ ਨਾਲ ਤੁਹਾਡਾ ਆਤਮ-ਵਿਸ਼ਵਾਸ ਵਧਦਾ ਹੈ। ਇੰਨਾ ਹੀ ਨਹੀਂ ਜਦੋਂ ਤੁਸੀਂ ਚੰਗੀ ਤਰ੍ਹਾਂ ਕੋਈ ਕੰਮ ਕਰਨਾ ਸਿੱਖਦੇ ਹੋ, ਤੁਹਾਨੂੰ ਚੰਗੀ ਨੌਕਰੀ ਵੀ ਆਸਾਨੀ ਨਾਲ ਮਿਲ ਸਕਦੀ ਹੈ। ਜੋਨ ਨਾਂ ਦੇ ਇਕ ਜਵਾਨ ਨੇ ਕਿਹਾ: “ਮਜ਼ਦੂਰੀ ਕਰਨ ਨਾਲ ਤੁਸੀਂ ਧੀਰਜ ਤੇ ਮੁਸ਼ਕਲਾਂ ਦਾ ਹੱਲ ਕਰਨਾ ਸਿੱਖਦੇ ਹੋ।”
ਸੇਰਾਹ ਕਹਿੰਦੀ ਹੈ: “ਪਸੀਨਾ ਵਹਾ ਕੇ ਕੰਮ ਕਰਨ ਨਾਲ ਮੈਨੂੰ ਮਿਹਨਤੀ ਬਣਨ ਵਿਚ ਬਹੁਤ ਮਦਦ ਮਿਲੀ ਹੈ। ਮੈਂ ਤਨ-ਮਨ ਲਾ ਕੇ ਹਰ ਕੰਮ ਚੰਗੀ ਤਰ੍ਹਾਂ ਕਰਨਾ ਸਿੱਖਿਆ ਹੈ।” ਕੀ ਸਖ਼ਤ ਮਿਹਨਤ ਕਰਨ ਨਾਲ ਬੰਦਾ ਬੋਰ ਹੋ ਕੇ ਅੱਕ ਜਾਂਦਾ ਹੈ? ਨੇਥਨ ਦੱਸਦਾ ਹੈ: “ਆਪਣੇ ਹੱਥਾਂ ਨਾਲ ਕੰਮ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਜਿੱਦਾਂ-ਜਿੱਦਾਂ ਮੈਂ ਆਪਣੇ ਕੰਮ ਵਿਚ ਸੁਧਾਰ ਕਰਦਾ ਰਿਹਾ, ਮੇਰੇ ਹੁਨਰ ਵੀ ਵਧਦੇ ਗਏ, ਮੈਂ ਕੁਸ਼ਲ ਬਣਦਾ ਗਿਆ। ਇਸ ਨਾਲ ਮੇਰਾ ਹੌਸਲਾ ਵਧਿਆ ਤੇ ਮੈਂ ਆਪਣੇ ਆਪ ਵਿਚ ਚੰਗਾ ਮਹਿਸੂਸ ਕਰਨ ਲੱਗਾ।”
ਜਦੋਂ ਤੁਸੀਂ ਮਿਹਨਤ ਕਰ ਕੇ ਕੋਈ ਕੰਮ ਪੂਰਾ ਕਰਦੇ ਹੋ, ਤਾਂ ਇਸ ਨਾਲ ਤੁਹਾਨੂੰ ਸੰਤੁਸ਼ਟੀ ਤੇ ਖ਼ੁਸ਼ੀ ਮਿਲਦੀ ਹੈ। ਜੇਮਜ਼ ਨਾਂ ਦਾ ਜਵਾਨ ਦੱਸਦਾ ਹੈ: “ਤਰਖਾਣਾ ਕੰਮ ਕਰ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਭਾਵੇਂ ਕਿ ਮੈਂ ਥੱਕ ਜਾਂਦਾ ਹਾਂ, ਪਰ ਆਪਣੇ ਹੱਥੀਂ ਬਣਾਈ ਚੀਜ਼ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।” ਬ੍ਰਾਈਅਨ ਵੀ ਜੇਮਜ਼ ਦਿਆਂ ਜਜ਼ਬਾਤਾਂ ਨਾਲ ਹਾਮੀ ਭਰਦਾ ਹੈ: “ਕਾਰਾਂ ਦੀ ਮੁਰੰਮਤ ਕਰਨ ਦਾ ਕੰਮ ਮੈਨੂੰ ਵਧੀਆ ਲੱਗਦਾ ਹੈ। ਮੈਨੂੰ ਬੜਾ ਮਾਣ ਹੁੰਦਾ ਹੈ ਕਿ ਮੈਂ ਵਿਗੜੀ ਚੀਜ਼ ਨੂੰ ਚੰਗੀ ਤਰ੍ਹਾਂ ਠੀਕ ਕਰ ਸਕਦਾ ਹਾਂ।”
ਰੱਬ ਦੀ ਸੇਵਾ ਕਰਨੀ
ਮਸੀਹੀ ਨੌਜਵਾਨ ਮਿਹਨਤੀ ਬਣ ਕੇ ਰੱਬ ਦੀ ਸੇਵਾ ਵਿਚ ਵੀ ਬਹੁਤ ਕੁਝ ਕਰ ਸਕਦੇ ਹਨ। ਜਦੋਂ ਸੁਲੇਮਾਨ ਪਾਤਸ਼ਾਹ ਨੂੰ ਰੱਬ ਦਾ ਭਵਨ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਤਾਂ ਉਸ ਨੂੰ ਪਤਾ ਸੀ ਕਿ ਇਹ ਕੰਮ ਪੂਰਾ ਕਰਨ ਲਈ ਸਖ਼ਤ ਮਿਹਨਤ ਅਤੇ ਹੁਨਰ ਦੀ ਲੋੜ ਸੀ। ਬਾਈਬਲ ਸਾਨੂੰ ਦੱਸਦੀ ਹੈ: “ਸੁਲੇਮਾਨ ਪਾਤਸ਼ਾਹ ਨੇ ਸੁਨੇਹਾ ਘੱਲ ਕੇ ਹੀਰਾਮ ਨੂੰ ਸੂਰ ਤੋਂ ਬੁਲਾ ਲਿਆ। ਉਹ ਨਫਤਾਲੀ ਦੇ ਗੋਤ ਵਿੱਚੋਂ ਵਿਧਵਾ ਦਾ ਪੁੱਤ੍ਰ ਸੀ ਅਤੇ ਉਹ ਦਾ ਪਿਤਾ ਇੱਕ ਸੂਰੀ ਠਠਿਆਰ ਸੀ ਅਤੇ ਉਹ ਬੁੱਧ ਸਮਝ ਅਤੇ ਹੁਨਰ ਵਿੱਚ ਐਉਂ ਭਰਪੂਰ ਸੀ ਕਿ ਉਹ ਪਿੱਤਲ ਦੇ ਸਾਰੇ ਕੰਮ ਕਰ ਸਕੇ। ਉਹ ਸੁਲੇਮਾਨ ਪਾਤਸ਼ਾਹ ਕੋਲ ਆਇਆ ਅਤੇ ਉਸ ਦਾ ਸਾਰਾ ਕੰਮ ਕੀਤਾ।”—1 ਰਾਜਿਆਂ 7:13, 14.
ਹੀਰਾਮ ਨੂੰ ਕਿੰਨਾ ਸਨਮਾਨਿਆ ਗਿਆ ਸੀ! ਉਹ ਆਪਣਾ ਹੁਨਰ ਯਹੋਵਾਹ ਦੀ ਸੇਵਾ ਵਿਚ ਲਾ ਸਕਿਆ। ਉਸ ਦੀ ਉਦਾਹਰਣ ਤੋਂ ਅਸੀਂ ਦੇਖਦੇ ਹਾਂ ਕਿ ਬਾਈਬਲ ਦੇ ਇਹ ਸ਼ਬਦ ਕਿੰਨੇ ਸੱਚੇ ਹਨ: ‘ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰਨ ਵਾਲਾ ਮਨੁੱਖ, ਇਕ ਦਿਨ ਰਾਜਿਆਂ ਦੇ ਸਾਹਮਣੇ ਖੜਾ ਹੋਵੇਗਾ ਅਤੇ ਉਹ ਆਮ ਲੋਕਾਂ ਦੀ ਤਰ੍ਹਾਂ ਨਹੀਂ ਰਹੇਗਾ।’—ਕਹਾਉਤਾਂ 22:29 ਫੁਟਨੋਟ, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਅੱਜ-ਕੱਲ੍ਹ ਕਈ ਨੌਜਵਾਨ ਹਨ ਜਿਨ੍ਹਾਂ ਕੋਲ ਉਸਾਰੀ ਦੇ ਕੰਮ ਵਿਚ ਘੱਟ ਜਾਂ ਕੋਈ ਤਜਰਬਾ ਨਹੀਂ ਹੈ, ਪਰ ਫਿਰ ਵੀ ਉਹ ਕਿੰਗਡਮ ਹਾਲ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਰਹੇ ਹਨ। ਇਹ ਉਨ੍ਹਾਂ ਲਈ ਕਿੰਨਾ ਵੱਡਾ ਸਨਮਾਨ ਹੈ! ਇਸ ਕੰਮ ਵਿਚ ਹਿੱਸਾ ਲੈਣ ਨਾਲ ਉਨ੍ਹਾਂ ਨੇ ਕਈ ਕਿੱਤੇ ਸਿੱਖੇ ਹਨ ਜਿਵੇਂ ਕਿ ਬਿਜਲੀ ਦਾ ਕੰਮ, ਨਲਸਾਜ਼ੀ ਦਾ ਕੰਮ, ਰਾਜ ਮਿਸਤਰੀ ਦਾ ਕੰਮ ਅਤੇ ਲੱਕੜੀ ਦਾ ਕੰਮ। ਜੇਕਰ ਤੁਸੀਂ ਕਿੰਗਡਮ ਹਾਲਾਂ ਦੀ ਉਸਾਰੀ ਵਿਚ ਹਿੱਸਾ ਲੈਣਾ ਚਾਹੋ, ਤਾਂ ਤੁਸੀਂ ਇਸ ਬਾਰੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਗੱਲਬਾਤ ਕਰ ਸਕਦੇ ਹੋ।
ਜੇਮਜ਼ ਨੇ ਕਈ ਕਿੰਗਡਮ ਹਾਲਾਂ ਤੇ ਕੰਮ ਕੀਤਾ ਹੈ ਅਤੇ ਉਹ ਦੱਸਦਾ ਹੈ: “ਕਲੀਸਿਯਾਵਾਂ ਵਿਚ ਬਹੁਤ ਭੈਣ-ਭਰਾ ਹਨ ਜਿਨ੍ਹਾਂ ਕੋਲ ਨਾ ਤਾਂ ਅਜਿਹਾ ਕੰਮ ਕਰਨ ਲਈ ਸਮਾਂ ਹੈ ਅਤੇ ਨਾ ਹੀ ਕੋਈ ਤਜਰਬਾ। ਇਸ ਲਈ ਜਦੋਂ ਤੁਸੀਂ ਇਸ ਕੰਮ ਵਿਚ ਹਿੱਸਾ ਲੈਂਦੇ ਹੋ, ਤਾਂ ਸਮਝੋ ਕਿ ਤੁਸੀਂ ਪੂਰੀ ਕਲੀਸਿਯਾ ਦੀ ਮਦਦ ਕਰ ਰਹੇ ਹੋ।” ਨੇਥਨ ਨੇ ਕੰਕਰੀਟ ਭਰਨ ਦਾ ਕੰਮ ਸਿੱਖਿਆ ਅਤੇ ਇਸ ਤਜਰਬੇ ਕਾਰਨ ਉਸ ਨੂੰ ਰੱਬ ਦੀ ਸੇਵਾ ਵਿਚ ਬਹੁਤ ਕੁਝ ਕਰਨ ਦਾ ਸਨਮਾਨ ਮਿਲਿਆ। ਉਹ ਦੱਸਦਾ ਹੈ: “ਮੈਨੂੰ ਜ਼ਿਮਬਾਬਵੇ ਜਾਣ ਦਾ ਮੌਕਾ ਮਿਲਿਆ ਜਿੱਥੇ ਮੈਂ ਆਪਣਾ ਹੁਨਰ ਤੇ ਤਜਰਬਾ ਯਹੋਵਾਹ ਦੇ ਗਵਾਹਾਂ ਦੀ ਬ੍ਰਾਂਚ ਆਫ਼ਿਸ ਬਣਾਉਣ ਵਿਚ ਵਰਤ ਸਕਿਆ। ਉੱਥੇ ਮੈਂ ਤਿੰਨ ਮਹੀਨੇ ਕੰਮ ਕੀਤਾ ਅਤੇ ਉਸ ਸਮੇਂ ਦੀਆਂ ਮਿੱਠੀਆਂ ਯਾਦਾਂ ਮੈਂ ਕਦੀ ਨਹੀਂ ਭੁੱਲਾਂਗਾ।” ਹੋਰਨਾਂ ਮਿਹਨਤੀ ਨੌਜਵਾਨਾਂ ਨੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਅਰਜ਼ੀ ਭਰੀ ਹੈ।
ਜਦੋਂ ਅਸੀਂ ਮਿਹਨਤ ਕਰ ਕੇ ਕਿਸੇ ਵੀ ਕੰਮ ਵਿਚ ਕੁਸ਼ਲ ਬਣ ਜਾਂਦੇ ਹਾਂ, ਤਾਂ ਸਾਨੂੰ ਇਸ ਗੱਲ ਤੋਂ “ਸੰਤੋਖ” ਮਿਲਦਾ ਹੈ ਕਿ ਸਾਨੂੰ ਹਰ ਕੰਮ ਲਈ ਹੋਰਾਂ ਵੱਲ ਨਹੀਂ ਦੇਖਣਾ ਪੈਂਦਾ। (1 ਤਿਮੋਥਿਉਸ 6:6) ਯਹੋਵਾਹ ਦੇ ਬਹੁਤ ਸਾਰੇ ਜਵਾਨ ਭਗਤ ਪਾਇਨੀਅਰਾਂ ਵਜੋਂ ਸੇਵਾ ਕਰਦੇ ਹਨ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣਾ ਗੁਜ਼ਾਰਾ ਤੋਰਨ ਲਈ ਕੋਈ ਕੰਮ-ਧੰਦਾ ਸਿੱਖਿਆ ਹੈ। ਇਸ ਤਰ੍ਹਾਂ ਕਰਨ ਨਾਲ ਉਹ ਜ਼ਿਆਦਾ ਸਮਾਂ ਅਤੇ ਪੈਸਾ ਪੜ੍ਹਾਈ-ਲਿਖਾਈ ਵਿਚ ਲਾਉਣ ਤੋਂ ਬਚੇ ਹਨ।
ਮਿਹਨਤੀ ਬਣਨਾ ਸਿੱਖੋ
ਚਾਹੇ ਤੁਸੀਂ ਰੋਜ਼ੀ-ਰੋਟੀ ਕਮਾਉਣ ਲਈ ਜਾਂ ਫਿਰ ਘਰ ਦਾ ਕੋਈ ਛੋਟਾ-ਮੋਟਾ ਕੰਮ ਕਰਨ ਲਈ ਕੋਈ ਹੁਨਰ ਸਿੱਖਦੇ ਹੋ, ਇਸ ਦਾ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ। ਹੋ ਸਕਦਾ ਹੈ ਕਿ ਤੁਸੀਂ ਸਕੂਲ ਵਿਚ ਹੀ ਕੋਈ ਕਿੱਤਾ ਸਿੱਖ ਸਕਦੇ ਹੋ। ਪਰ ਇਹ ਵੀ ਸੱਚ ਹੈ ਕਿ ਤੁਸੀਂ ਘਰ ਦੇ ਕੰਮਾਂ ਵਿਚ ਹੱਥ ਵਟਾ ਕੇ ਵੀ ਬਹੁਤ ਕੁਝ ਸਿੱਖ ਸਕਦੇ ਹੋ। ਪਹਿਲਾਂ ਜ਼ਿਕਰ ਕੀਤੇ ਗਏ ਡਾਕਟਰ ਦਾ ਕਹਿਣਾ ਹੈ: “ਨੌਜਵਾਨਾਂ ਲਈ ਖ਼ਾਸ ਕਰਕੇ ਘਰ ਦਾ ਕੰਮ-ਕਾਜ ਕਰਨਾ ਬਹੁਤ ਹੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਨਾਲ ਉਹ ਖ਼ੁਦ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸਿੱਖਦੇ ਹਨ।” ਤਾਂ ਫਿਰ ਜੇ ਘਰ ਦਾ ਕੋਈ ਵੀ ਕੰਮ ਕਰਨ ਵਾਲਾ ਹੋਵੇ, ਚਾਹੇ ਘਾਹ ਕੱਟਣ ਵਾਲਾ ਹੋਵੇ ਜਾਂ ਕਿਸੇ ਚੀਜ਼ ਦੀ ਮੁਰੰਮਤ ਕਰਨ ਵਾਲੀ ਹੋਵੇ, ਤਾਂ ਤੁਹਾਨੂੰ ਫਟਾਫਟ ਕਰ ਲੈਣਾ ਚਾਹੀਦਾ ਹੈ।
ਮਜ਼ਦੂਰੀ ਨੂੰ ਤੁੱਛ ਸਮਝਣ ਦੀ ਬਜਾਇ ਯਾਦ ਰੱਖੋ ਕਿ ਆਪਣੇ ਹੱਥਾਂ ਨਾਲ ਕੰਮ ਕਰਨ ਦੇ ਕਿੰਨੇ ਫ਼ਾਇਦੇ ਹਨ। ਇਸ ਲਈ ਕੰਮ-ਚੋਰ ਨਾ ਬਣੋ! ਸਗੋਂ ਤਨ-ਮਨ ਲਾ ਕੇ ਆਪਣੇ ਹੱਥਾਂ ਦੀ ਮਿਹਨਤ ਦਾ ‘ਲਾਭ ਭੋਗੋ’ ਕਿਉਂਕਿ ਉਪਦੇਸ਼ਕ ਦੀ ਪੋਥੀ 3:13 ਕਹਿੰਦੀ ਹੈ ਕਿ ਇਹ “ਪਰਮੇਸ਼ੁਰ ਦੀ ਦਾਤ ਹੈ।” (g05 3/22)
[ਸਫ਼ੇ 21 ਉੱਤੇ ਸੁਰਖੀ]
ਕੰਮ-ਧੰਦਾ ਸਿੱਖਣ ਕਰਕੇ ਬਹੁਤ ਸਾਰੇ ਨੌਜਵਾਨਾਂ ਨੂੰ ਰੱਬ ਦੀ ਸੇਵਾ ਵਿਚ ਜ਼ਿਆਦਾ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ
[ਸਫ਼ੇ 22 ਉੱਤੇ ਤਸਵੀਰਾਂ]
ਮਾਪਿਆਂ ਤੋਂ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸਿੱਖੋ