Skip to content

Skip to table of contents

“ਕਾਸ਼ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ!”

“ਕਾਸ਼ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ!”

“ਕਾਸ਼ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ!”

ਜ਼ਿਆਦਾਤਰ ਮੁੰਡੇ-ਕੁੜੀਆਂ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਧਨ-ਦੌਲਤ ਕਮਾਉਣ ਅਤੇ ਕਾਮਯਾਬ ਇਨਸਾਨ ਬਣਨ ਦੇ ਟੀਚੇ ਰੱਖਦੇ ਹਨ। ਪਰ ਅਮਰੀਕਾ ਦੇ ਇਲੀਨਾਇ ਰਾਜ ਵਿਚ ਰਹਿਣ ਵਾਲੇ ਡੇਵਿਡ ਦੇ ਟੀਚੇ ਕੁਝ ਵੱਖਰੇ ਹੀ ਸਨ। ਸਤੰਬਰ 2003 ਵਿਚ ਉਸ ਨੇ ਅਤੇ ਉਸ ਦੇ ਦੋਸਤ ਨੇ ਘਰੋਂ ਦੂਰ ਡਮਿਨੀਕਨ ਗਣਰਾਜ ਵਿਚ ਜਾ ਕੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। * ਉੱਥੇ ਡੇਵਿਡ ਨੇ ਯਹੋਵਾਹ ਦੇ ਗਵਾਹਾਂ ਦੀ ਨਾਵਾਸ ਕਲੀਸਿਯਾ ਨਾਲ ਮਿਲ ਕੇ ਲੋਕਾਂ ਨੂੰ ਬਾਈਬਲ ਸਿਖਾਉਣ ਲਈ ਸਪੇਨੀ ਭਾਸ਼ਾ ਸਿੱਖੀ। ਛੇਤੀ ਹੀ ਡੇਵਿਡ ਨੇ ਕਲੀਸਿਯਾ ਦੇ ਭੈਣ-ਭਰਾਵਾਂ ਦਾ ਦਿਲ ਜਿੱਤ ਲਿਆ। ਕਲੀਸਿਯਾ ਦਾ ਇੱਕੋ-ਇਕ ਬਜ਼ੁਰਗ ਖ਼ਵੌਨ ਕਹਿੰਦਾ ਹੈ: ‘ਸਾਰੇ ਡੇਵਿਡ ਨੂੰ ਬਹੁਤ ਪਿਆਰ ਕਰਦੇ ਸਨ। ਉਸ ਨੂੰ ਕੋਈ ਵੀ ਕੰਮ ਦੇ ਦਿਓ, ਉਹ ਝੱਟ ਕਰ ਦਿੰਦਾ ਸੀ। ਉਹ ਹਮੇਸ਼ਾ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ।’

ਡੇਵਿਡ ਨੂੰ ਡਮਿਨੀਕਨ ਗਣਰਾਜ ਵਿਚ ਪ੍ਰਚਾਰ ਕਰਨਾ ਬਹੁਤ ਚੰਗਾ ਲੱਗਾ। ਅਮਰੀਕਾ ਵਿਚ ਆਪਣੇ ਇਕ ਦੋਸਤ ਨੂੰ ਚਿੱਠੀ ਵਿਚ ਉਸ ਨੇ ਲਿਖਿਆ: ‘ਮੈਂ ਇੱਥੇ ਬਹੁਤ ਹੀ ਖ਼ੁਸ਼ ਹਾਂ। ਇੱਥੇ ਸੇਵਾ ਕਰਨ ਦਾ ਕੁਝ ਅਲੱਗ ਹੀ ਮਜ਼ਾ ਹੈ। ਲੋਕ ਸਾਡੀ ਗੱਲ ਸੁਣਨ ਲਈ ਉਤਾਵਲੇ ਹਨ ਅਤੇ ਹਰ ਘਰ ਵਿਚ ਅਸੀਂ 15-20 ਮਿੰਟ ਗੱਲਾਂ ਕਰਦੇ ਹਨ। ਇਸ ਸਮੇਂ ਮੈਂ ਛੇ ਬਾਈਬਲ ਸਟੱਡੀਆਂ ਕਰਾ ਰਿਹਾ ਹਾਂ। ਸਾਡੀ ਕਲੀਸਿਯਾ ਵਿਚ 30 ਪ੍ਰਕਾਸ਼ਕ ਹਨ, ਪਰ ਸਾਡੀ ਇਕ ਸਭਾ ਵਿਚ ਤਾਂ 103 ਜਣੇ ਹਾਜ਼ਰ ਹੋਏ! ਸਾਨੂੰ ਹੋਰ ਭੈਣ-ਭਰਾਵਾਂ ਦੀ ਮਦਦ ਦੀ ਸਖ਼ਤ ਲੋੜ ਹੈ।’

ਅਫ਼ਸੋਸ ਦੀ ਗੱਲ ਹੈ ਕਿ 24 ਅਪ੍ਰੈਲ 2004 ਨੂੰ ਡੇਵਿਡ ਅਤੇ ਉਸ ਦੀ ਕਲੀਸਿਯਾ ਦਾ ਇਕ ਹੋਰ ਨੌਜਵਾਨ ਭਰਾ ਇਕ ਹਾਦਸੇ ਦੇ ਸ਼ਿਕਾਰ ਹੋ ਗਏ। ਜ਼ਿੰਦਗੀ ਨਾਲ ਭਰਪੂਰ ਡੇਵਿਡ ਯਹੋਵਾਹ ਦੀ ਸੇਵਾ ਪੂਰੇ ਜੋਸ਼ ਨਾਲ ਕਰਦਾ ਸੀ। ਉਹ ਅਮਰੀਕਾ ਵਿਚ ਆਪਣੇ ਦੋਸਤਾਂ ਨੂੰ ਹੱਲਾਸ਼ੇਰੀ ਦਿੰਦਾ ਹੁੰਦਾ ਸੀ ਕਿ ਉਹ ਵੀ ਡਮਿਨੀਕਨ ਗਣਰਾਜ ਵਿਚ ਆ ਕੇ ਉਸ ਨਾਲ ਸੇਵਾ ਕਰਨ। “ਇੱਥੇ ਸੇਵਾ ਕਰ ਕੇ ਜ਼ਿੰਦਗੀ ਬਾਰੇ ਤੁਹਾਡਾ ਨਜ਼ਰੀਆ ਹੀ ਬਦਲ ਜਾਵੇਗਾ,” ਉਸ ਨੇ ਇਕ ਨੌਜਵਾਨ ਗਵਾਹ ਨੂੰ ਕਿਹਾ ਸੀ।

ਡਮਿਨੀਕਨ ਗਣਰਾਜ ਵਿਚ ਸੇਵਕਾਈ ਕਰ ਕੇ ਭੌਤਿਕ ਚੀਜ਼ਾਂ ਬਾਰੇ ਡੇਵਿਡ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ ਸੀ। ਉਸ ਦੇ ਪਿਤਾ ਜੀ ਚੇਤੇ ਕਰਦੇ ਹਨ: “ਇਕ ਵਾਰ ਜਦੋਂ ਡੇਵਿਡ ਛੁੱਟੀਆਂ ਲਈ ਘਰ ਆਇਆ ਹੋਇਆ ਸੀ, ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਸਕੀਇੰਗ ਟ੍ਰਿਪ ਲਈ ਬੁਲਾਇਆ। ਡੇਵਿਡ ਨੇ ਪੁੱਛਿਆ ਕਿ ਇਸ ਸੈਰ-ਸਪਾਟੇ ਤੇ ਕਿੰਨਾ ਖ਼ਰਚਾ ਆਏਗਾ। ਜਦੋਂ ਉਸ ਨੂੰ ਪਤਾ ਲੱਗਾ ਕਿ ਕਿੰਨਾ ਪੈਸਾ ਲੱਗੇਗਾ, ਤਾਂ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਕਿਉਂ? ਕਿਉਂਕਿ ਇੰਨੇ ਪੈਸਿਆਂ ਨਾਲ ਤਾਂ ਉਹ ਡਮਿਨੀਕਨ ਗਣਰਾਜ ਵਿਚ ਕਈ ਮਹੀਨੇ ਆਪਣਾ ਗੁਜ਼ਾਰਾ ਕਰ ਸਕਦਾ ਸੀ!”

ਡੇਵਿਡ ਦਾ ਜੋਸ਼ ਦੇਖ ਕੇ ਦੂਸਰਿਆਂ ਵਿਚ ਵੀ ਜੋਸ਼ ਭਰ ਜਾਂਦਾ ਸੀ। ਅਮਰੀਕਾ ਵਿਚ ਇਕ ਨੌਜਵਾਨ ਭੈਣ ਨੇ ਕਿਹਾ: “ਜਦੋਂ ਮੈਂ ਸੁਣਿਆ ਕਿ ਡੇਵਿਡ ਆਪਣੀ ਸੇਵਕਾਈ ਵਿਚ ਕਿੰਨਾ ਖ਼ੁਸ਼ ਸੀ, ਤਾਂ ਮੇਰਾ ਜੀਅ ਕੀਤਾ ਕਿ ਮੈਂ ਵੀ ਇਹ ਖ਼ੁਸ਼ੀ ਹਾਸਲ ਕਰਾਂ। ਡੇਵਿਡ ਦੀ ਮੌਤ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੇ ਮੇਰੀ ਮੌਤ ਹੋਈ ਤਾਂ ਲੋਕ ਮੇਰੇ ਬਾਰੇ ਕੀ ਕਹਿਣਗੇ ਅਤੇ ਕੀ ਉਨ੍ਹਾਂ ਨੂੰ ਮੇਰੀ ਜ਼ਿੰਦਗੀ ਤੋਂ ਕੋਈ ਪ੍ਰੇਰਣਾ ਮਿਲੇਗੀ।”

ਡੇਵਿਡ ਦੇ ਮਾਤਾ-ਪਿਤਾ ਅਤੇ ਭੈਣ-ਭਰਾ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਆਪਣੇ ਧਰਮੀ ਨਵੇਂ ਸੰਸਾਰ ਵਿਚ ਡੇਵਿਡ ਨੂੰ ਮੁੜ ਜ਼ਿੰਦਗੀ ਬਖ਼ਸ਼ੇਗਾ। (ਯੂਹੰਨਾ 5:28, 29; ਪਰਕਾਸ਼ ਦੀ ਪੋਥੀ 21:1-4) ਉਨ੍ਹਾਂ ਨੂੰ ਇਸ ਗੱਲ ਤੋਂ ਵੀ ਬੜੀ ਤਸੱਲੀ ਮਿਲਦੀ ਹੈ ਕਿ ਡੇਵਿਡ ਨੇ ਆਪਣੇ ਸਿਰਜਣਹਾਰ ਦੀ ਸੇਵਾ ਕਰ ਕੇ ਜ਼ਿੰਦਗੀ ਦਾ ਪੂਰਾ ਲੁਤਫ਼ ਉਠਾਇਆ ਸੀ। (ਉਪਦੇਸ਼ਕ ਦੀ ਪੋਥੀ 12:1) ਹੋਰ ਦੇਸ਼ ਜਾ ਕੇ ਸੇਵਾ ਕਰਨ ਦੇ ਆਪਣੇ ਫ਼ੈਸਲੇ ਨੂੰ ਚੇਤੇ ਕਰਦੇ ਹੋਏ ਡੇਵਿਡ ਨੇ ਇਕ ਵਾਰ ਕਿਹਾ ਸੀ: “ਕਾਸ਼ ਸਾਰੇ ਨੌਜਵਾਨ ਭੈਣ-ਭਰਾ ਮੇਰੇ ਵਰਗਾ ਫ਼ੈਸਲਾ ਕਰਨ ਅਤੇ ਉਹ ਖ਼ੁਸ਼ੀ ਪਾਉਣ ਜੋ ਮੈਨੂੰ ਮਿਲੀ ਹੈ। ਯਹੋਵਾਹ ਦੀ ਦਿਲੋ-ਜਾਨ ਨਾਲ ਸੇਵਾ ਕਰਨ ਨਾਲੋਂ ਬਿਹਤਰ ਕੋਈ ਕੰਮ ਨਹੀਂ। ਕਾਸ਼ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ!” (g05 1/8)

[ਫੁਟਨੋਟ]

^ ਪੈਰਾ 2 ਡੇਵਿਡ ਵਾਂਗ ਕਈ ਯਹੋਵਾਹ ਦੇ ਗਵਾਹਾਂ ਨੇ ਉਨ੍ਹਾਂ ਥਾਵਾਂ ਤੇ ਜਾ ਕੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਹੈ ਜਿੱਥੇ ਬਹੁਤ ਘੱਟ ਪ੍ਰਚਾਰਕ ਸਨ। ਕਈਆਂ ਨੇ ਦੂਸਰਿਆਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਲਈ ਉਨ੍ਹਾਂ ਦੀ ਭਾਸ਼ਾ ਵੀ ਸਿੱਖੀ ਹੈ। ਇਸ ਵੇਲੇ ਡਮਿਨੀਕਨ ਗਣਰਾਜ ਵਿਚ ਅਜਿਹੇ 400 ਤੋਂ ਜ਼ਿਆਦਾ ਗਵਾਹ ਸੇਵਾ ਕਰ ਰਹੇ ਹਨ।