ਕੀ ਮਗਰਮੱਛ ਨਾਲ ਦੋਸਤੀ ਮੁਮਕਿਨ ਹੈ?
ਕੀ ਮਗਰਮੱਛ ਨਾਲ ਦੋਸਤੀ ਮੁਮਕਿਨ ਹੈ?
ਭਾਰਤ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਕੀ ਕਿਸੇ ਮਗਰਮੱਛ ਨੂੰ ਦੇਖ ਕੇ ਤੁਹਾਡਾ ਮੁਸਕਰਾਉਣ ਦਾ ਜੀਅ ਕਰੇਗਾ? ਬੱਚਿਆਂ ਦੀ ਕਹਾਣੀ ਪੀਟਰ ਪੈਨ ਤੇ ਬਣੇ ਸੰਗੀਤਮਈ ਨਾਟਕ ਵਿਚ ਕੈਪਟਨ ਹੁੱਕ ਕਹਿੰਦਾ ਹੈ ਕਿ “ਮਗਰਮੱਛ ਨੂੰ ਦੇਖ ਕੇ ਨਾ ਮੁਸਕਰਾ।” ਉਸ ਨੇ ਇਹ ਸਲਾਹ ਕਿਉਂ ਦਿੱਤੀ? ਕਿਉਂਕਿ ਉਸ ਅਨੁਸਾਰ “ਮਗਰਮੱਛ ਤਾਂ ਤੁਹਾਨੂੰ ਆਪਣੇ ਢਿੱਡ ਵਿਚ ਪਾਉਣ ਦੀ ਹੀ ਸੋਚ ਰਿਹਾ”!
ਦੁਨੀਆਂ ਭਰ ਵਿਚ ਕਈ ਪ੍ਰਕਾਰ ਦੇ ਮਗਰਮੱਛ ਹਨ। ਇਹ ਸੱਚ ਹੈ ਕਿ ਕੁਝ ਮਗਰਮੱਛ ਇਨਸਾਨਾਂ ਉੱਤੇ ਹਮਲਾ ਕਰਦੇ ਹਨ, ਪਰ “ਅਜਿਹੀਆਂ ਵਾਰਦਾਤਾਂ ਬਹੁਤ ਘੱਟ ਵਾਪਰਦੀਆਂ ਹਨ . . . ਇਸ ਕਰਕੇ ਮਗਰਮੱਛਾਂ ਨੂੰ ਆਦਮਖ਼ੋਰ ਕਹਿਣਾ ਗ਼ਲਤ ਹੋਵੇਗਾ।” (ਐਨਸਾਈਕਲੋਪੀਡੀਆ ਬ੍ਰਿਟੈਨਿਕਾ) ਹਾਲਾਂਕਿ ਕੁਝ ਲੋਕਾਂ ਨੂੰ ਮਗਰਮੱਛ ਭੱਦੇ ਤੇ ਡਰਾਉਣੇ ਲੱਗਦੇ ਹਨ, ਪਰ ਹੋਰਨਾਂ ਦੀਆਂ ਨਜ਼ਰਾਂ ਵਿਚ ਇਹ ਬਹੁਤ ਹੀ ਸ਼ਾਨਦਾਰ ਤੇ ਦਿਲਚਸਪ ਪ੍ਰਾਣੀ ਹਨ। ਆਓ ਆਪਾਂ ਮਗਰਮੱਛਾਂ ਦੀਆਂ ਤਿੰਨ ਪ੍ਰਜਾਤੀਆਂ ਉੱਤੇ ਚਰਚਾ ਕਰੀਏ ਜੋ ਭਾਰਤ ਵਿਚ ਆਮ ਪਾਈਆਂ ਜਾਂਦੀਆਂ ਹਨ—ਲੂਣੇ ਪਾਣੀ ਵਿਚ ਰਹਿਣ ਵਾਲਾ ਮਗਰਮੱਛ (ਸੌਲਟੀ), ਦਲਦਲੀ ਮਗਰ ਅਤੇ ਘੜਿਆਲ।
ਵੱਡਾ “ਸੌਲਟੀ”
ਰੀਂਗਣ ਵਾਲੇ ਪਸ਼ੂਆਂ ਵਿਚ “ਸੌਲਟੀ” ਮਗਰਮੱਛ ਸਭ ਤੋਂ ਵੱਡਾ ਹੁੰਦਾ ਹੈ। ਇਸ ਦੀ ਲੰਬਾਈ 23 ਫੁੱਟ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਅਤੇ ਇਸ ਦਾ ਭਾਰ 1,000 ਕਿਲੋ ਤਕ ਹੋ ਸਕਦਾ ਹੈ। ਇਹ ਮਗਰਮੱਛ ਸਿਰਫ਼ ਲੂਣੇ ਪਾਣੀ ਵਿਚ ਹੀ ਰਹਿੰਦੇ ਹਨ। ਇਹ ਭਾਰਤ ਤੋਂ ਲੈ ਕੇ ਉੱਤਰੀ ਆਸਟ੍ਰੇਲੀਆ ਤਕ ਸਮੁੰਦਰਾਂ ਵਿਚ ਅਤੇ ਉਨ੍ਹਾਂ ਦੇ ਨੇੜੇ-ਤੇੜੇ ਦੀਆਂ ਨਦੀਆਂ ਤੇ ਦਲਦਲੀ ਇਲਾਕਿਆਂ ਵਿਚ ਪਾਏ ਜਾਂਦੇ ਹਨ। “ਸੌਲਟੀ” ਮਾਸਾਹਾਰੀ ਪਸ਼ੂ ਹੈ ਜੋ ਚੂਹੇ, ਡੱਡੂ, ਮੱਛੀਆਂ, ਸੱਪ, ਕੇਕੜੇ, ਕੱਛੂ ਅਤੇ ਹਿਰਨ ਖਾਂਦਾ ਹੈ। ਪਰ ਇਸ ਨੂੰ ਜ਼ਿਆਦਾ ਭੋਜਨ ਦੀ ਲੋੜ ਨਹੀਂ ਪੈਂਦੀ। ਵੱਡੇ ਨਰ ਮਗਰਮੱਛਾਂ ਨੂੰ ਦਿਨ ਵਿਚ ਸਿਰਫ਼ 500 ਤੋਂ 700 ਗ੍ਰਾਮ ਭੋਜਨ ਦੀ ਹੀ ਲੋੜ ਪੈਂਦੀ ਹੈ। ਕਿਉਂ? ਕਿਉਂਕਿ ਉਨ੍ਹਾਂ ਦੀ ਪਾਚਨ-ਪ੍ਰਣਾਲੀ ਵਧੀਆ ਹੁੰਦੀ ਹੈ ਅਤੇ ਉਹ ਖਾ-ਪੀ ਕੇ ਧੁੱਪ ਵਿਚ ਜਾਂ ਪਾਣੀ ਵਿਚ ਲੇਟੇ ਰਹਿੰਦੇ ਹਨ। ਵੱਡਾ “ਸੌਲਟੀ” ਕਿਸੇ ਬੇਖ਼ਬਰ ਇਨਸਾਨ ਉੱਤੇ ਅਚਾਨਕ ਹਮਲਾ ਕਰ ਸਕਦਾ ਹੈ। ਉਹ ਆਪਣੀ ਪੂਛ ਹਿਲਾ ਕੇ ਤੈਰਦਾ ਹੈ ਅਤੇ ਸਿਵਾਇ ਇਸ ਦੀਆਂ ਨਾਸਾਂ ਤੇ ਅੱਖਾਂ ਦੇ ਇਸ ਦਾ ਪੂਰਾ ਸਰੀਰ ਪਾਣੀ ਦੇ ਹੇਠ ਰਹਿੰਦਾ ਹੈ। ਜ਼ਮੀਨ ਤੇ ਤੁਰਨ ਲਈ ਇਹ ਆਪਣੀਆਂ ਛੋਟੀਆਂ ਲੱਤਾਂ ਦਾ ਇਸਤੇਮਾਲ ਕਰਦਾ ਹੈ। ਉਹ ਭੋਜਨ ਫੜਨ ਲਈ ਉੱਪਰ ਨੂੰ ਛਾਲ ਮਾਰ ਸਕਦਾ ਹੈ ਅਤੇ ਆਪਣੇ ਸ਼ਿਕਾਰ ਪਿੱਛੇ ਤੇਜ਼ੀ ਨਾਲ ਦੌੜ ਸਕਦਾ ਹੈ। ਦੂਸਰੇ ਮਗਰਮੱਛਾਂ ਦੀ ਤਰ੍ਹਾਂ “ਸੌਲਟੀ” ਦੀਆਂ ਸੁੰਘਣ, ਦੇਖਣ ਅਤੇ ਸੁਣਨ ਦੀਆਂ ਗਿਆਨ-ਇੰਦਰੀਆਂ ਬਹੁਤ ਤੇਜ਼ ਹੁੰਦੀਆਂ ਹਨ। ਸਹਿਵਾਸ ਕਰਨ ਵੇਲੇ ਨਰ “ਸੌਲਟੀ” ਹੋਰ ਕਿਸੇ ਨਰ ਨੂੰ ਆਪਣੇ ਇਲਾਕੇ ਵਿਚ ਵੜਨ ਨਹੀਂ ਦਿੰਦਾ। ਇਸੇ ਤਰ੍ਹਾਂ ਮਾਦਾ “ਸੌਲਟੀ” ਵੀ ਆਪਣੇ ਅੰਡਿਆਂ ਦੀ ਰਾਖੀ ਕਰਨ ਵੇਲੇ ਬਹੁਤ ਖ਼ਤਰਨਾਕ ਹੁੰਦੀ ਹੈ।
ਮਾਂ ਦੀ ਮਮਤਾ
ਮਾਦਾ ਮਗਰਮੱਛ ਪਾਣੀ ਦੇ ਕੰਢੇ ਗਲੇ-ਸੜੇ ਪੱਤੇ ਇਕੱਠੇ ਕਰ ਕੇ ਆਪਣੇ ਅੰਡਿਆਂ ਲਈ ਆਲ੍ਹਣਾ ਬਣਾਉਂਦੀ ਹੈ। ਫਿਰ ਉਹ ਉਸ ਵਿਚ ਸਖ਼ਤ ਖੋਲ ਵਾਲੇ ਲਗਭਗ 100 ਅੰਡੇ ਦੇ ਕੇ ਉਨ੍ਹਾਂ ਨੂੰ ਪੱਤਿਆਂ ਨਾਲ ਢੱਕ ਦਿੰਦੀ ਹੈ। ਉਹ ਅੰਡਿਆਂ ਦੀ ਰਾਖੀ ਕਰਦੀ ਹੈ ਅਤੇ ਸਮੇਂ-ਸਮੇਂ ਤੇ ਉਨ੍ਹਾਂ ਉੱਤੇ ਪਾਣੀ ਦੇ ਛਿੱਟੇ ਮਾਰਦੀ ਹੈ। ਇਸ ਤਰ੍ਹਾਂ ਕਰਨ ਨਾਲ ਪੱਤੇ ਹੋਰ ਜਲਦੀ ਗਲਣ-ਸੜਨ ਲੱਗਦੇ ਹਨ ਅਤੇ ਅੰਡਿਆਂ ਲਈ ਲੋੜੀਂਦੀ ਗਰਮੀ ਪੈਦਾ ਕਰਦੇ ਹਨ।
ਮਗਰਮੱਛਾਂ ਬਾਰੇ ਇਕ ਗੱਲ ਬਹੁਤ ਹੀ ਅਨੋਖੀ ਹੈ। ਅੰਡੇ ਵਿੱਚੋਂ ਨਰ ਜਾਂ ਮਾਦਾ ਮਗਰਮੱਛ ਨਿਕਲੇਗਾ, ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਹਰ ਅੰਡੇ ਨੂੰ ਕਿੰਨੀ ਗਰਮੀ ਮਿਲਦੀ ਹੈ। ਜਿਹੜੇ ਅੰਡੇ 28 ਤੋਂ 31 ਡਿਗਰੀ ਸੈਲਸੀਅਸ ਤਾਪਮਾਨ ਵਿਚ ਰੱਖੇ ਜਾਂਦੇ ਹਨ, ਉਨ੍ਹਾਂ ਵਿੱਚੋਂ ਲਗਭਗ 100 ਦਿਨਾਂ ਵਿਚ ਮਾਦਾ ਮਗਰਮੱਛ ਨਿਕਲਦੇ ਹਨ ਜਦ ਕਿ 32.5 ਡਿਗਰੀ ਤਾਪਮਾਨ ਵਿਚ 64 ਦਿਨਾਂ ਵਿਚ ਨਰ ਮਗਰਮੱਛ ਨਿਕਲਦੇ ਹਨ। ਜੇ ਅੰਡਿਆਂ ਦਾ ਤਾਪਮਾਨ 32.5 ਅਤੇ 33 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਵੇ, ਤਾਂ ਨਰ-ਮਾਦਾ ਦੋਨੋਂ ਹੀ ਪੈਦਾ ਹੋ ਸਕਦੇ ਹਨ। ਜੇ ਮਗਰਮੱਛ ਦੇ ਆਲ੍ਹਣੇ ਦਾ ਇਕ ਪਾਸਾ ਪਾਣੀ ਦੇ ਨੇੜੇ ਹੋਵੇ ਅਤੇ ਦੂਸਰਾ ਪਾਸਾ ਸੂਰਜ ਵੱਲ, ਤਾਂ ਗਰਮ ਪਾਸਿਓਂ ਨਰ ਅਤੇ ਠੰਢੇ ਪਾਸਿਓਂ ਮਾਦਾ ਮਗਰਮੱਛ ਨਿਕਲਣਗੇ।
ਜਦੋਂ ਮਾਂ ਚੀਂ-ਚੀਂ ਦੀ ਆਵਾਜ਼ ਸੁਣਦੀ ਹੈ, ਤਾਂ ਉਹ ਅੰਡਿਆਂ ਉੱਤੋਂ ਪੱਤੇ ਹਟਾ ਦਿੰਦੀ ਹੈ। ਬੱਚੇ ਆਪਣੇ ਖ਼ਾਸ ਦੰਦ ਨਾਲ ਅੰਡੇ ਦੇ ਖੋਲ ਨੂੰ ਤੋੜ ਕੇ ਬਾਹਰ ਆ ਜਾਂਦੇ ਹਨ। ਜੇ ਕੋਈ ਇਸ ਤਰ੍ਹਾਂ ਕਰਨ ਵਿਚ ਨਾਕਾਮ ਰਹਿੰਦਾ ਹੈ, ਤਾਂ ਮਾਂ ਅੰਡਿਆਂ ਨੂੰ ਤੋੜਨ ਵਿਚ ਮਦਦ ਕਰਦੀ ਹੈ। ਫਿਰ ਮਾਂ ਆਪਣੇ ਵੱਡੇ ਜਬਾੜ੍ਹੇ ਨਾਲ ਬੱਚਿਆਂ ਨੂੰ ਹੌਲੇ ਜਿਹੇ ਚੁੱਕ ਲੈਂਦੀ ਹੈ। ਉਹ ਜੀਭ ਹੇਠਾਂ ਬਣੀ ਥੈਲੀ ਵਿਚ ਬੱਚਿਆਂ ਨੂੰ ਰੱਖ ਕੇ ਪਾਣੀ ਵਿਚ ਲੈ ਜਾਂਦੀ ਹੈ। ਬੱਚੇ ਆਪਣੇ ਭੋਜਨ ਲਈ ਮਾਂ ਉੱਤੇ ਨਿਰਭਰ ਨਹੀਂ ਕਰਦੇ। ਉਹ ਪੈਦਾ ਹੁੰਦਿਆਂ ਹੀ ਕੀੜਿਆਂ, ਡੱਡੂਆਂ ਅਤੇ ਨਿੱਕੀਆਂ ਮੱਛੀਆਂ ਦਾ ਸ਼ਿਕਾਰ ਕਰਨ ਲੱਗ ਪੈਂਦੇ ਹਨ। ਫਿਰ ਵੀ ਕੁਝ ਮਾਵਾਂ ਕਈ ਮਹੀਨਿਆਂ ਤਕ ਬੱਚਿਆਂ ਦੇ ਨੇੜੇ-ਨੇੜੇ ਰਹਿੰਦੀਆਂ ਹਨ। ਉਹ ਬੱਚਿਆਂ ਨੂੰ ਦਲਦਲ ਦੇ ਕਿਸੇ ਇਕ ਹਿੱਸੇ ਵਿਚ ਰੱਖਦੀਆਂ ਹਨ ਤਾਂਕਿ ਉਨ੍ਹਾਂ ਦੀ ਦੇਖ-ਭਾਲ ਤੇ ਰਾਖੀ ਕਰਨ ਵਿਚ ਪਿਉ ਵੀ ਮਦਦ ਕਰ ਸਕੇ।
ਮਗਰ ਅਤੇ ਲੰਮੀ ਥੁਥਨੀ ਵਾਲਾ ਘੜਿਆਲ
ਮਗਰ ਯਾਨੀ ਦਲਦਲੀ ਮਗਰਮੱਛ ਅਤੇ ਘੜਿਆਲ ਸਿਰਫ਼ ਭਾਰਤ ਵਿਚ ਹੀ ਪਾਏ ਜਾਂਦੇ ਹਨ। ਮਗਰ ਭਾਰਤ ਦੇ ਹਰ ਹਿੱਸੇ ਵਿਚ ਮਿੱਠੇ ਪਾਣੀ ਦੀਆਂ ਦਲਦਲਾਂ, ਝੀਲਾਂ ਅਤੇ ਨਦੀਆਂ ਵਿਚ ਮਿਲਦੇ ਹਨ। ਇਸ ਦੀ ਲੰਬਾਈ ਲਗਭਗ 13 ਫੁੱਟ ਹੁੰਦੀ ਹੈ ਅਤੇ ਇਹ “ਸੌਲਟੀ” ਮਗਰਮੱਛ ਨਾਲੋਂ ਕਾਫ਼ੀ ਛੋਟਾ ਹੁੰਦਾ ਹੈ। ਉਹ ਛੋਟੇ ਜਾਨਵਰਾਂ ਨੂੰ ਆਪਣੇ ਸ਼ਕਤੀਸ਼ਾਲੀ ਜਬਾੜ੍ਹੇ ਨਾਲ ਫੜ ਕੇ ਪਾਣੀ ਵਿਚ ਡੋਬ ਕੇ ਮਾਰ ਦਿੰਦਾ ਹੈ। ਫਿਰ ਉਹ ਇਨ੍ਹਾਂ ਨੂੰ ਝਟਕ-ਝਟਕ ਕੇ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਕੇ ਖਾ ਜਾਂਦਾ ਹੈ।
ਨਰ ਮਗਰ ਸਹਿਵਾਸ ਕਰਨ ਲਈ ਮਾਦਾ ਮਗਰ ਨੂੰ ਕਿਵੇਂ ਆਕਰਸ਼ਿਤ ਕਰਦਾ ਹੈ? ਨਰ ਮਗਰ ਆਪਣੇ ਜਬਾੜ੍ਹੇ ਨੂੰ ਪਾਣੀ ਵਿਚ ਜ਼ੋਰ-ਜ਼ੋਰ ਨਾਲ ਮਾਰ ਕੇ ਅਤੇ ਗੁਰਰਾ ਕੇ ਮਾਦਾ ਮਗਰ ਦਾ ਧਿਆਨ ਖਿੱਚਦਾ ਹੈ। ਬਾਅਦ ਵਿਚ ਜਦੋਂ ਮਾਦਾ ਅੰਡੇ ਦਿੰਦੀ ਹੈ, ਤਾਂ ਨਰ ਮਗਰ ਅੰਡਿਆਂ ਦੀ ਰਾਖੀ ਕਰਨ ਅਤੇ ਬੱਚਿਆਂ ਨੂੰ ਅੰਡਿਆਂ ਵਿੱਚੋਂ ਨਿਕਲਣ ਵਿਚ ਮਦਦ ਕਰਦਾ ਹੈ। ਉਹ ਬੱਚਿਆਂ ਦੀ ਦੇਖ-ਭਾਲ ਕਰਨ ਲਈ ਕੁਝ ਸਮੇਂ ਲਈ ਬੱਚਿਆਂ ਦੇ ਨੇੜੇ-ਨੇੜੇ ਰਹਿੰਦਾ ਹੈ।
ਘੜਿਆਲ ਭਾਰਤ ਦੇ ਕੁਝ ਹੀ ਹਿੱਸਿਆਂ ਵਿਚ ਪਾਇਆ ਜਾਂਦਾ ਹੈ। ਇਹ ਅਸਲ ਵਿਚ ਮਗਰਮੱਛ ਨਹੀਂ ਹੈ ਅਤੇ ਕਈ ਗੱਲਾਂ ਵਿਚ ਵੱਖਰਾ ਹੈ। ਇਸ ਦੀ ਇਕ ਖ਼ਾਸ ਨਿਸ਼ਾਨੀ ਹੈ ਇਸ ਦਾ ਲੰਬਾ ਤੇ ਪਤਲਾ ਜਬਾੜ੍ਹਾ ਜਿਸ ਨਾਲ ਉਹ ਆਪਣਾ ਮੁੱਖ ਭੋਜਨ ਮੱਛੀਆਂ ਫੜਦਾ ਹੈ। ਲੰਬਾਈ ਵਿਚ ਘੜਿਆਲ ਲੂਣੇ ਪਾਣੀ ਵਿਚ ਰਹਿਣ ਵਾਲੇ ਮਗਰਮੱਛ ਨਾਲੋਂ ਛੋਟਾ ਨਹੀਂ ਹੈ, ਪਰ ਇਹ ਇਨਸਾਨਾਂ ਉੱਤੇ ਹਮਲਾ ਨਹੀਂ ਕਰਦਾ। ਮੁਲਾਇਮ ਖਲ ਵਾਲਾ ਪਤਲਾ ਸਰੀਰ ਹੋਣ ਕਰਕੇ ਇਹ ਉੱਤਰੀ ਭਾਰਤ ਦੇ ਤੇਜ਼ ਵਹਾਅ ਵਾਲੇ ਡੂੰਘੇ ਦਰਿਆਵਾਂ ਵਿਚ ਤੇਜ਼ੀ ਨਾਲ ਤੈਰ ਸਕਦਾ ਹੈ। ਸਹਿਵਾਸ ਕਰਨ ਦੇ ਸਮੇਂ ਨਰ ਘੜਿਆਲ ਦੇ ਜਬਾੜ੍ਹੇ ਦੇ ਅੱਗੇ ਵਾਲੇ ਹਿੱਸੇ ਉੱਤੇ ਇਕ ਗੰਢ ਜਿਹੀ ਪੈ ਜਾਂਦੀ ਹੈ। ਇਸ ਗੰਢ ਕਰਕੇ ਉਸ ਦੀ ਸਾਧਾਰਣ ਸੀਂ-ਸੀਂ ਦੀ ਆਵਾਜ਼ ਉੱਚੀ ਹੋ ਜਾਂਦੀ ਹੈ ਜਿਸ ਨਾਲ ਮਾਦਾ ਘੜਿਆਲ ਉਸ ਵੱਲ ਖਿੱਚੀ ਜਾਂਦੀ ਹੈ।
ਜੀਵਨ-ਜਾਲ ਵਿਚ ਇਨ੍ਹਾਂ ਦੀ ਖ਼ਾਸ ਭੂਮਿਕਾ
ਧਰਤੀ ਉੱਤੇ ਮਗਰਮੱਛਾਂ ਦੀ ਕੀ ਅਹਿਮੀਅਤ ਹੈ? ਉਹ ਮਰੀਆਂ ਮੱਛੀਆਂ ਤੇ ਜਾਨਵਰਾਂ ਨੂੰ ਖਾ ਕੇ ਨਦੀਆਂ, ਝੀਲਾਂ ਅਤੇ ਉਨ੍ਹਾਂ ਦੇ ਨੇੜੇ-ਤੇੜੇ ਦੀ ਜ਼ਮੀਨ ਨੂੰ ਸਾਫ਼ ਰੱਖਦੇ ਹਨ। ਉਹ ਕਮਜ਼ੋਰ, ਜ਼ਖ਼ਮੀ ਤੇ ਬੀਮਾਰ ਪਸ਼ੂਆਂ ਦਾ ਸ਼ਿਕਾਰ ਕਰਦੇ ਹਨ। ਇਸ ਤੋਂ ਇਲਾਵਾ, ਉਹ ਕੈਟਫਿਸ਼ ਵਰਗੀਆਂ ਵਿਨਾਸ਼ਕਾਰੀ ਮੱਛੀਆਂ ਨੂੰ ਖਾ ਕੇ ਇਨਸਾਨਾਂ ਨੂੰ ਲਾਭ ਪਹੁੰਚਾਉਂਦੇ ਹਨ ਕਿਉਂਕਿ ਇਹ ਕੈਟਫਿਸ਼ ਕਾਰਪ ਅਤੇ ਟਲੇਪੀਆ ਨਾਮਕ ਮੱਛੀਆਂ ਖਾ ਜਾਂਦੀਆਂ ਹਨ ਜੋ ਇਨਸਾਨਾਂ ਦੇ ਖਾਣ ਦੇ ਕੰਮ ਆਉਂਦੀਆਂ ਹਨ।
ਜ਼ਿੰਦਗੀ ਲਈ ਜ਼ਰੂਰੀ ਮਗਰਮੱਛ ਦੇ ਹੰਝੂ
ਜਦੋਂ ਕੋਈ ਝੂਠ-ਮੂਠ ਦੇ ਹੰਝੂ ਵਹਾਉਂਦਾ ਹੈ, ਤਾਂ ਲੋਕ ਕਹਿੰਦੇ ਹਨ ਕਿ ਇਹ ਤਾਂ ਮਗਰਮੱਛ ਦੇ ਹੰਝੂ ਹਨ। ਦਰਅਸਲ ਮਗਰਮੱਛ ਆਪਣੇ ਸਰੀਰ ਵਿੱਚੋਂ ਵਾਧੂ ਲੂਣ ਕੱਢਣ ਲਈ ਹੰਝੂ ਵਹਾਉਂਦਾ ਹੈ। ਪਰ ਭਾਰਤ ਵਿਚ 1970 ਦੇ ਦਹਾਕੇ ਦੇ ਸ਼ੁਰੂ ਵਿਚ ਮਗਰਮੱਛਾਂ ਦੀ ਇੰਨੀ ਬੁਰੀ ਦੁਰਦਸ਼ਾ ਸੀ ਕਿ ਉਨ੍ਹਾਂ ਨੂੰ ਦੇਖ ਕੇ ਹੰਝੂ ਵਹਾਉਣੇ ਗ਼ਲਤ ਨਾ ਹੁੰਦੇ। ਉਦੋਂ ਮਗਰਮੱਛਾਂ ਦੀ ਗਿਣਤੀ ਘੱਟ ਕੇ 10 ਪ੍ਰਤਿਸ਼ਤ ਯਾਨੀ ਕੁਝ ਹਜ਼ਾਰ ਰਹਿ ਗਈ ਸੀ। ਕਿਉਂ? ਕਿਉਂਕਿ ਇਨਸਾਨਾਂ ਨੇ ਮਗਰਮੱਛਾਂ ਦੀ ਕੁਦਰਤੀ ਵਸੋਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਆਪਣੇ ਕਮਜ਼ੋਰ ਪਾਲਤੂ ਪਸ਼ੂਆਂ ਨੂੰ ਇਨ੍ਹਾਂ ਤੋਂ ਬਚਾਉਣ ਲਈ ਮਗਰਮੱਛਾਂ ਦਾ ਸ਼ਿਕਾਰ ਕੀਤਾ। ਕਈ ਲੋਕਾਂ ਨੂੰ ਮਗਰਮੱਛ ਦਾ ਮੀਟ ਅਤੇ ਅੰਡੇ ਬਹੁਤ ਹੀ ਸੁਆਦੀ ਲੱਗਦੇ ਹਨ। ਮਗਰਮੱਛਾਂ ਦੀਆਂ ਕਸਤੂਰੀ ਗਿਲਟੀਆਂ ਨੂੰ ਸੈਂਟ ਬਣਾਉਣ ਲਈ ਵਰਤਿਆ ਜਾਣ ਲੱਗਾ। ਇਸ ਤੋਂ ਇਲਾਵਾ, ਨਦੀਆਂ ਉੱਤੇ ਡੈਮ ਬਣਨ ਅਤੇ ਪਾਣੀ ਵਿਚ ਗੰਦਗੀ ਫੈਲਣ ਕਰਕੇ ਵੀ ਮਗਰਮੱਛਾਂ ਦੀ ਗਿਣਤੀ ਘੱਟਦੀ ਚਲੀ ਗਈ। ਪਰ ਜਿਸ ਗੱਲ ਨੇ ਇਨ੍ਹਾਂ ਦੀ ਨਸਲ ਨੂੰ ਲਗਭਗ ਮਿਟਾ ਕੇ ਰੱਖ ਦਿੱਤਾ, ਉਹ ਸੀ ਉਨ੍ਹਾਂ ਦੀ ਖਲ ਦਾ ਲਾਲਚ। ਮਗਰਮੱਛ ਦੀ ਖਲ ਤੋਂ ਬਣੀਆਂ ਜੁੱਤੀਆਂ, ਹੈਂਡਬੈਗ, ਸੂਟਕੇਸ, ਬੈੱਲਟਾਂ ਅਤੇ ਹੋਰ ਚੀਜ਼ਾਂ ਬਹੁਤ ਹੀ ਸੋਹਣੀਆਂ ਅਤੇ ਹੰਢਣਸਾਰ ਹੁੰਦੀਆਂ ਹਨ। ਭਾਵੇਂ ਲੋਕ ਅੱਜ ਵੀ ਮਗਰਮੱਛ ਦੀ ਖਲ ਤੋਂ ਇਹ ਚੀਜ਼ਾਂ ਬਣਾਉਂਦੇ ਹਨ, ਪਰ ਮਗਰਮੱਛ ਨੂੰ ਬਚਾਉਣ ਲਈ ਚਲਾਈਆਂ ਗਈਆਂ ਮੁਹਿੰਮਾਂ ਬਹੁਤ ਹੀ ਸਫ਼ਲ ਰਹੀਆਂ ਹਨ!—ਹੇਠਾਂ ਦਿੱਤੀ ਡੱਬੀ ਦੇਖੋ।
ਜ਼ਰਾ ਮੁਸਕਰਾਓ!
ਮਗਰਮੱਛ ਪਰਿਵਾਰ ਦੇ ਕੁਝ ਜੀਆਂ ਬਾਰੇ ਜਾਣਕਾਰੀ ਲੈਣ ਮਗਰੋਂ ਹੁਣ ਤੁਸੀਂ ਇਨ੍ਹਾਂ ਪਸ਼ੂਆਂ ਬਾਰੇ ਕੀ ਸੋਚਦੇ ਹੋ? ਸਾਡੀ ਉਮੀਦ ਹੈ ਕਿ ਤੁਸੀਂ ਹੁਣ ਮਗਰਮੱਛਾਂ ਨਾਲ ਘਿਰਣਾ ਨਹੀਂ ਕਰੋਗੇ, ਸਗੋਂ ਉਨ੍ਹਾਂ ਬਾਰੇ ਹੋਰ ਜਾਣਨਾ ਚਾਹੋਗੇ। ਦੁਨੀਆਂ ਭਰ ਵਿਚ ਪਸ਼ੂਆਂ ਦੇ ਬਹੁਤ ਸਾਰੇ ਪ੍ਰੇਮੀ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਵੱਡੇ “ਸੌਲਟੀ” ਮਗਰਮੱਛ ਵਰਗੇ ਜਾਨਵਰਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੋਵੇਗੀ। ਜਦੋਂ ਮਗਰਮੱਛਾਂ ਦਾ ਸਿਰਜਣਹਾਰ ਇਸ ਧਰਤੀ ਉੱਤੇ ਸੁਖਾਵੇਂ ਹਾਲਾਤ ਪੈਦਾ ਕਰੇਗਾ, ਉਦੋਂ ਅਸੀਂ ਮਗਰਮੱਛਾਂ ਤੋਂ ਡਰਨ ਦੀ ਬਜਾਇ ਉਨ੍ਹਾਂ ਨੂੰ ਦੇਖ ਕੇ ਮੁਸਕਰਾ ਸਕਾਂਗੇ।—ਯਸਾਯਾਹ 11:8, 9. (g05 3/8)
[ਸਫ਼ੇ 25 ਉੱਤੇ ਡੱਬੀ/ਤਸਵੀਰ]
ਮਦਰਾਸ ਵਿਚ ਮਗਰਮੱਛ ਕੇਂਦਰ
ਜਦੋਂ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਏਸ਼ੀਆ ਦੇ ਕੁਝ ਜੰਗਲੀ ਇਲਾਕਿਆਂ ਵਿਚ ਮਗਰਮੱਛਾਂ ਦੀ ਗਿਣਤੀ ਨਾ ਦੇ ਬਰਾਬਰ ਰਹਿ ਗਈ ਸੀ, ਤਾਂ ਸਾਲ 1972 ਵਿਚ “ਮਦਰਾਸ ਸਨੇਕ ਪਾਰਕ” ਨੇ ਮਗਰਮੱਛਾਂ ਦੀ ਨਸਲ ਨੂੰ ਬਚਾਉਣ ਦੇ ਜਤਨ ਕਰਨੇ ਸ਼ੁਰੂ ਕਰ ਦਿੱਤੇ। ਭਾਰਤ ਵਿਚ ਰੀਂਗਣ ਵਾਲੇ ਪਸ਼ੂਆਂ ਦੇ 30 ਤੋਂ ਜ਼ਿਆਦਾ ਕੇਂਦਰ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣਾ ਤੇ ਵੱਡਾ ਕੇਂਦਰ “ਮਦਰਾਸ ਕ੍ਰਾਕੋਡਾਈਲ ਬੈਂਕ” ਹੈ। ਰੀਂਗਣ ਵਾਲੇ ਜੀਵਾਂ ਦੇ ਮਾਹਰ ਰੌਮਿਊਲਸ ਵਿਟੀਕਰ ਨੇ ਇਹ ਕੇਂਦਰ ਸਾਲ 1976 ਵਿਚ ਖੋਲ੍ਹਿਆ ਸੀ। ਕੋਰੋਮੰਡਲ ਤਟ ਉੱਤੇ ਸਥਿਤ ਇਸ ਕੇਂਦਰ ਦਾ ਖੇਤਰਫਲ ਸਾਢੇ ਅੱਠ ਏਕੜ ਤੋਂ ਜ਼ਿਆਦਾ ਹੈ। ਇੱਥੇ 150 ਵੱਖ-ਵੱਖ ਪ੍ਰਕਾਰ ਦੇ ਦਰਖ਼ਤ ਹਨ ਜਿਹੜੇ ਕਈ ਸੁੰਦਰ ਪੰਛੀਆਂ ਤੇ ਕੀਟ-ਪਤੰਗਿਆਂ ਦਾ ਬਸੇਰਾ ਹਨ।
ਇਸ ਕੇਂਦਰ ਵਿਚ ਮਗਰਮੱਛਾਂ ਅਤੇ ਘੜਿਆਲਾਂ ਦੇ ਬੱਚੇ ਪਾਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਵੱਡਾ ਕਰ ਕੇ ਦਲਦਲਾਂ ਤੇ ਦਰਿਆਵਾਂ ਵਿਚ ਛੱਡਿਆ ਜਾਂਦਾ ਹੈ ਜਾਂ ਦੂਸਰੇ ਪਸ਼ੂ ਕੇਂਦਰਾਂ ਅਤੇ ਰਿਸਰਚ ਸੈਂਟਰਾਂ ਨੂੰ ਦੇ ਦਿੱਤਾ ਜਾਂਦਾ ਹੈ। “ਕ੍ਰਾਕੋਡਾਈਲ ਬੈਂਕ” ਵਿਚ ਮਗਰਮੱਛਾਂ ਦੇ ਹਜ਼ਾਰਾਂ ਬੱਚਿਆਂ ਨੂੰ ਟੋਭਿਆਂ ਵਿਚ ਰੱਖਿਆ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਮੱਛੀਆਂ ਦੇ ਟੁਕੜੇ ਖੁਆਏ ਜਾਂਦੇ ਹਨ ਜੋ ਸਥਾਨਕ ਮਛਿਆਰੇ ਰੋਜ਼ਾਨਾ ਲਿਆਉਂਦੇ ਹਨ। ਟੋਭਿਆਂ ਉੱਤੇ ਜਾਲ ਲਾਏ ਹੁੰਦੇ ਹਨ ਤਾਂਕਿ ਪੰਛੀ ਮਗਰਮੱਛਾਂ ਦੇ ਿਨੱਕੇ-ਿਨੱਕੇ ਬੱਚਿਆਂ ਨੂੰ ਜਾਂ ਉਨ੍ਹਾਂ ਦਾ ਭੋਜਨ ਚੁੱਕ ਕੇ ਨਾ ਲੈ ਜਾਣ। ਜਦੋਂ ਬੱਚੇ ਥੋੜ੍ਹੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਵੱਡੇ ਟੋਭਿਆਂ ਵਿਚ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਸਾਬਤ ਮੱਛੀਆਂ ਖੁਆਈਆਂ ਜਾਂਦੀਆਂ ਹਨ। ਜਦੋਂ ਲਗਭਗ ਤਿੰਨ ਸਾਲ ਦੀ ਉਮਰ ਤੇ ਉਹ ਚਾਰ-ਪੰਜ ਫੁੱਟ ਲੰਬੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਮੀਟ ਖੁਆਇਆ ਜਾਂਦਾ ਹੈ। ਇਕ ਵੱਡੀ ਮੀਟ-ਪੈਕਿੰਗ ਕੰਪਨੀ ਬਚਿਆ-ਖੁਚਿਆ ਬੇਕਾਰ ਮੀਟ ਬਾਕਾਇਦਾ ਇਸ ਕੇਂਦਰ ਨੂੰ ਦੇ ਜਾਂਦੀ ਹੈ। ਸ਼ੁਰੂ ਵਿਚ ਇਸ ਕੇਂਦਰ ਵਿਚ ਮਗਰਮੱਛਾਂ ਦੀਆਂ ਸਿਰਫ਼ ਤਿੰਨ ਭਾਰਤੀ ਨਸਲਾਂ ਪਾਲੀਆਂ ਜਾਂਦੀਆਂ ਸਨ, ਪਰ ਅੱਜ ਇੱਥੇ 7 ਹੋਰ ਨਸਲਾਂ ਵੀ ਪਾਲੀਆਂ ਜਾ ਰਹੀਆਂ ਹਨ। ਇਸ ਕੇਂਦਰ ਵਿਚ ਮਗਰਮੱਛਾਂ ਦੀਆਂ ਸਾਰੀਆਂ ਗਿਆਤ ਪ੍ਰਜਾਤੀਆਂ ਰੱਖਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਮਗਰਮੱਛਾਂ ਦੀਆਂ ਖਲਾਂ ਅਤੇ ਮੀਟ ਵੇਚਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਵਿਟੀਕਰ ਨੇ ਜਾਗਰੂਕ ਬਣੋ! ਰਸਾਲੇ ਨੂੰ ਦੱਸਿਆ ਕਿ ਮਗਰਮੱਛਾਂ ਦਾ ਮੀਟ ਬਹੁਤ ਹੀ ਸੁਆਦੀ ਹੁੰਦਾ ਹੈ ਤੇ ਇਸ ਵਿਚ ਕਲੈਸਟਰੋਲ ਵੀ ਘੱਟ ਹੁੰਦਾ ਹੈ। ਮਗਰਮੱਛਾਂ ਦੀ ਨਸਲ ਨੂੰ ਬਚਾਉਣ ਦੇ ਜਤਨ ਇੰਨੇ ਸਫ਼ਲ ਰਹੇ ਹਨ ਕਿ ਅਲੋਪ ਹੋਣ ਦੀ ਬਜਾਇ ਅੱਜ ਇਨ੍ਹਾਂ ਦੀ ਗਿਣਤੀ ਕੁਝ ਜ਼ਿਆਦਾ ਹੀ ਹੋ ਗਈ ਹੈ। “ਮਦਰਾਸ ਕ੍ਰਾਕੋਡਾਈਲ ਬੈਂਕ” ਸੈਲਾਨੀਆਂ ਦੀ ਮਨਪਸੰਦ ਸੈਰਗਾਹ ਹੈ। ਇਹ ਕੇਂਦਰ ਇਸ ਦਿਲਚਸਪ ਪ੍ਰਾਣੀ ਬਾਰੇ ਬਾਰੇ ਲੋਕਾਂ ਦੀ ਗ਼ਲਤਫ਼ਹਿਮੀ ਦੂਰ ਕਰਨ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹੈ।
[ਕ੍ਰੈਡਿਟ ਲਾਈਨ]
Romulus Whitaker, Madras Crocodile Bank
[ਸਫ਼ੇ 23 ਉੱਤੇ ਤਸਵੀਰ]
ਵੱਡਾ “ਸੌਲਟੀ”
[ਸਫ਼ੇ 24 ਉੱਤੇ ਤਸਵੀਰ]
ਮਾਦਾ “ਸੌਲਟੀ” ਆਪਣੇ ਜਬਾੜ੍ਹੇ ਵਿਚ ਬੱਚਿਆਂ ਨੂੰ ਚੁੱਕੀ
[ਕ੍ਰੈਡਿਟ ਲਾਈਨ]
© Adam Britton, http://crocodilian.com
[ਸਫ਼ੇ 24 ਉੱਤੇ ਤਸਵੀਰ]
ਮਗਰ
[ਕ੍ਰੈਡਿਟ ਲਾਈਨ]
© E. Hanumantha Rao/Photo Researchers, Inc.
[ਸਫ਼ੇ 24 ਉੱਤੇ ਤਸਵੀਰ]
ਲੰਬੀ ਥੁਥਨੀ ਵਾਲਾ ਘੜਿਆਲ