ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰੋ
ਬਾਈਬਲ ਦਾ ਦ੍ਰਿਸ਼ਟੀਕੋਣ
ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰੋ
ਇ ਕ ਵਾਰ ਜਦ ਬੱਚੇ ਯਿਸੂ ਦੇ ਕੋਲ ਆਉਣ ਲੱਗੇ, ਤਾਂ ਚੇਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸੋਚਿਆ ਕਿ ਯਿਸੂ ਕੋਲ ਬੱਚਿਆਂ ਲਈ ਜ਼ਰਾ ਵੀ ਸਮਾਂ ਨਹੀਂ ਸੀ। ਪਰ ਕੀ ਇਹ ਸੱਚ ਸੀ? ਬਿਲਕੁਲ ਨਹੀਂ। ਯਿਸੂ ਨੇ ਚੇਲਿਆਂ ਨੂੰ ਕਿਹਾ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।” ਫਿਰ ਯਿਸੂ ਨੇ ਬੱਚਿਆਂ ਨੂੰ ਗੋਦੀ ਵਿਚ ਬਿਠਾ ਕੇ ਉਨ੍ਹਾਂ ਦੇ ਨਾਲ ਪਿਆਰ ਨਾਲ ਗੱਲਾਂ ਕੀਤੀਆਂ। (ਮਰਕੁਸ 10:13-16) ਯਿਸੂ ਸੱਚ-ਮੁੱਚ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਨ੍ਹਾਂ ਨਾਲ ਉਹ ਸਮਾਂ ਬਿਤਾਉਣਾ ਚਾਹੁੰਦਾ ਸੀ। ਤਾਂ ਫਿਰ ਮਾਪੇ ਯਿਸੂ ਦੀ ਮਿਸਾਲ ਉੱਤੇ ਕਿੱਦਾਂ ਚੱਲ ਸਕਦੇ ਹਨ? ਬੱਚਿਆਂ ਨੂੰ ਚੰਗੀ ਤਾਲੀਮ ਦੇ ਕੇ ਅਤੇ ਉਨ੍ਹਾਂ ਦੇ ਨਾਲ ਸਮਾਂ ਬਿਤਾ ਕੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਮਾਪੇ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹਨ ਉਹ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਦੇਣਾ ਚਾਹੁੰਦੇ। ਅਜਿਹੇ ਮਾਪੇ ਆਪਣੇ ਬੱਚਿਆਂ ਦਾ ਲਿਹਾਜ਼ ਵੀ ਕਰਦੇ ਹਨ। ਪਰ ਬਾਈਬਲ ਦੱਸਦੀ ਹੈ ਕਿ ਅੱਜ-ਕੱਲ੍ਹ ਲੋਕ “ਨਿਰਮੋਹ” ਹੋ ਚੁੱਕੇ ਹਨ। (2 ਤਿਮੋਥਿਉਸ 3:1-3) ਪਰ ਜੋ ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖ਼ਿਆਲ ਰੱਖਦੇ ਹਨ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਹਮੇਸ਼ਾ ਕੁਝ-ਨ-ਕੁਝ ਸਿੱਖਦੇ ਰਹਿੰਦੇ ਹਨ। ਤਾਂ ਫਿਰ ਉਨ੍ਹਾਂ ਲਈ ਹੇਠ ਦਿੱਤੇ ਗਏ ਬਾਈਬਲ ਦੇ ਸਿਧਾਂਤ ਜ਼ਰੂਰ ਲਾਭਦਾਇਕ ਸਾਬਤ ਹੋਣਗੇ।
ਪਿਆਰ ਨਾਲ ਸਿਖਾਓ
ਇਕ ਪ੍ਰਸਿੱਧ ਅਧਿਆਪਕ ਤੇ ਖੋਜਕਾਰ, ਡਾਕਟਰ ਰੌਬਰਟ ਕੋਲਸ ਨੇ ਇਕ ਵਾਰ ਕਿਹਾ: “ਹਰ ਬੱਚੇ ਵਿਚ ਸਹੀ ਤੇ ਗ਼ਲਤ ਪਛਾਣਨ ਦੀ ਕੁਦਰਤੀ ਪਿਆਸ ਹੁੰਦੀ ਹੈ।” ਪਰ ਇਸ ਪਿਆਸ ਨੂੰ ਕੌਣ ਬੁਝਾ ਸਕਦਾ ਹੈ?
ਬਾਈਬਲ ਅਫ਼ਸੀਆਂ 6:4 ਵਿਚ ਇਹ ਸਲਾਹ ਦਿੰਦੀ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” ਕੀ ਤੁਸੀਂ ਧਿਆਨ ਦਿੱਤਾ ਕਿ ਇਸ ਆਇਤ ਵਿਚ ਪਿਤਾ ਨੂੰ ਖ਼ਾਸ ਤੌਰ ਤੇ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਅਤੇ ਉਸ ਦੇ ਸਿਧਾਂਤਾਂ ਲਈ ਕਦਰ ਪੈਦਾ ਕਰੇ? ਪਰ ਅਫ਼ਸੀਆਂ ਦੇ ਇਸੇ ਅਧਿਆਇ ਦੀ ਪਹਿਲੀ ਆਇਤ ਵਿਚ ਮਾਤਾ-ਪਿਤਾ ਦੋਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਦ ਪੌਲੁਸ ਰਸੂਲ ਨੇ ਬੱਚਿਆਂ ਨੂੰ ਕਿਹਾ ਸੀ ਕਿ ਉਹ ‘ਆਪਣੇ ਮਾਪਿਆਂ ਦੇ ਆਗਿਆਕਾਰ ਰਹਿਣ।’
ਪਰ ਜੇ ਘਰ ਵਿਚ ਪਿਤਾ ਦਾ ਸਾਇਆ ਨਾ ਹੋਵੇ, ਤਾਂ ਇਹ ਜ਼ਿੰਮੇਵਾਰੀ ਮਾਂ ਦੇ ਸਿਰ ਤੇ ਆ ਜਾਂਦੀ ਹੈ। ਇਕੱਲੀਆਂ ਹੋਣ ਦੇ ਬਾਵਜੂਦ ਬਹੁਤ ਸਾਰੀਆਂ ਮਾਵਾਂ ਨੇ ਕਾਮਯਾਬੀ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਣਾ ਸਿਖਾਇਆ ਹੈ। ਪਰ ਜੇ ਮਾਂ ਵਿਆਹ ਕਰਵਾ ਲਵੇ, ਤਾਂ ਉਸ ਦੇ ਪਤੀ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮਾਂ ਨੂੰ ਇਸ ਵਿਚ ਉਸ ਦਾ ਸਾਥ ਦੇਣਾ ਚਾਹੀਦਾ ਹੈ।
ਬੱਚਿਆਂ ਦਾ ‘ਕ੍ਰੋਧ ਭੜਕਾਉਣ’ ਤੋਂ ਬਿਨਾਂ ਤੁਸੀਂ ਉਨ੍ਹਾਂ ਨੂੰ ਤਾੜਨਾ ਜਾਂ ਸਿੱਖਿਆ ਕਿੱਦਾਂ ਦੇ ਸਕਦੇ ਹੋ? ਹਰ ਬੱਚਾ ਵੱਖਰਾ ਹੁੰਦੇ ਹੈ, ਇਸ ਲਈ ਉਨ੍ਹਾਂ ਦੀ ਪਰਵਰਿਸ਼ ਕਰਨ ਲਈ ਕੋਈ ਪੱਕਾ ਫਾਰਮੂਲਾ ਨਹੀਂ ਦਿੱਤਾ ਜਾ ਸਕਦਾ। ਪਰ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਤਾੜਨਾ ਦਿੰਦੇ ਹੋਏ ਉਨ੍ਹਾਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਣ। ਇਹ ਸਲਾਹ ਕਿ ਬੱਚਿਆਂ ਨੂੰ ਖਿਝਾਉਣਾ ਨਹੀਂ ਚਾਹੀਦਾ ਕੁਲੁੱਸੀਆਂ 3:21 ਵਿਚ ਦੁਹਰਾਈ ਗਈ ਹੈ। ਇਸ ਹਵਾਲੇ ਵਿਚ ਪਿਤਾਵਾਂ ਨੂੰ ਕਿਹਾ ਗਿਆ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”
ਕੁਝ ਮਾਪੇ ਹਰ ਵੇਲੇ ਬੱਚਿਆਂ ਉੱਤੇ ਚਿਲਾਉਂਦੇ ਰਹਿੰਦੇ ਹਨ ਜਿਸ ਕਰਕੇ ਬੱਚੇ ਅੱਕ ਜਾਂਦੇ ਹਨ। ਬਾਈਬਲ ਇਹ ਸਲਾਹ ਦਿੰਦੀ ਹੈ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼ਸੀਆਂ 4:31) ਇਸ ਦੇ ਨਾਲ-ਨਾਲ ਬਾਈਬਲ ਇਹ ਵੀ ਕਹਿੰਦੀ ਹੈ ਕਿ ‘ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਹੋਵੇ।’—2 ਤਿਮੋਥਿਉਸ 2:24.
ਬੱਚਿਆਂ ਲਈ ਸਮਾਂ ਕੱਢੋ
ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨ ਵਿਚ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਸਿਰਫ਼ ਆਪਣੀ ਖ਼ੁਸ਼ੀ ਬਾਰੇ ਹੀ ਨਾ ਸੋਚੋ, ਸਗੋਂ ਆਪਾ ਵਾਰ ਕੇ ਆਪਣੇ ਬੱਚਿਆਂ ਦੇ ਭਲੇ ਬਾਰੇ ਵੀ ਸੋਚੋ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।”—ਬਿਵਸਥਾ ਸਾਰ 6:6, 7.
ਅੱਜ-ਕੱਲ੍ਹ ਗੁਜ਼ਾਰਾ ਤੋਰਨ ਲਈ ਮਾਤਾ-ਪਿਤਾ ਦੋਨਾਂ ਨੂੰ ਕੰਮ ਕਰਨਾ ਪੈਂਦਾ ਹੈ। ਇਸ ਲਈ ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਆਪਣੇ ਬੱਚਿਆਂ ਨੂੰ ਨਹੀਂ ਦੇਖਦੇ। ਪਰ ਬਿਵਸਥਾ ਸਾਰ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਮਾਪੇ ਆਪਣੇ ਬੱਚਿਆਂ ਲਈ ਸਮਾਂ ਕੱਢਣ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਸ਼ਾਇਦ ਹੋਰਨਾਂ ਕੰਮਾਂ ਵਿੱਚੋਂ ਸਮਾਂ ਕੱਢਣਾ ਪਵੇ। ਪਰ ਯਾਦ ਰੱਖੋ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਬੱਚਿਆਂ ਦਾ ਕਿੰਨਾ ਭਲਾ ਕਰੋਗੇ।
ਕੁਝ 12,000 ਨੌਜਵਾਨਾਂ ਦੇ ਅਧਿਐਨ ਤੋਂ ਪਤਾ ਲੱਗਾ ਕਿ “ਜੇ ਬੱਚੇ ਦਾ ਆਪਣੇ ਮਾਪਿਆਂ ਨਾਲ ਗੂੜ੍ਹਾ ਪ੍ਰੇਮ ਹੋਵੇ, ਤਾਂ ਇਸ ਨਾਲ ਬੱਚੇ ਦੀ ਸਿਹਤ ਉੱਤੇ ਚੰਗਾ ਅਸਰ ਪਾਵੇਗਾ ਅਤੇ ਉਹ ਬੁਰੇ ਕੰਮਾਂ ਤੋਂ ਵੀ ਦੂਰ ਰਹੇਗਾ।” ਜੀ ਹਾਂ, ਬੱਚੇ ਮਾਪਿਆਂ ਦੇ ਪਿਆਰ ਦੇ ਪਿਆਸੇ ਹਨ। ਇਕ ਵਾਰ ਇਕ ਮਾਂ ਨੇ ਆਪਣੇ ਬੱਚਿਆਂ ਨੂੰ ਪੁੱਛਿਆ: “ਜੇ ਤੁਹਾਡੇ ਦਿਲ ਦੀ ਕੋਈ ਵੀ ਇੱਛਾ ਪੂਰੀ ਹੋ ਸਕੇ, ਤਾਂ ਤੁਸੀਂ ਕੀ ਚਾਹੋਗੇ?” ਚੌਹਾਂ ਬੱਚਿਆਂ ਨੇ ਇੱਕੋ ਜਵਾਬ ਦਿੱਤਾ, “ਅਸੀਂ ਤੁਹਾਡੇ ਨਾਲ ਤੇ ਡੈਡੀ ਨਾਲ ਹੋਰ ਸਮਾਂ ਬਿਤਾਉਣਾ ਚਾਹੁੰਦੇ ਹਾਂ।”
ਇਸ ਲਈ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੋ, ਉਨ੍ਹਾਂ ਦੇ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰੋ ਤੇ ਉਨ੍ਹਾਂ ਨੂੰ ਰੱਬ ਦੇ ਰਾਹਾਂ ਉੱਤੇ ਚੱਲਣਾ ਸਿਖਾਓ। ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਅਜਿਹੀ ਤਾਲੀਮ ਦਿਓ ਜਿਸ ਨਾਲ ਉਹ ਵੱਡੇ ਹੋ ਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। ਉਨ੍ਹਾਂ ਨੂੰ ਦੂਸਰਿਆਂ ਦੀ ਇੱਜ਼ਤ ਕਰਨੀ, ਦੂਸਰਿਆਂ ਨਾਲ ਪਿਆਰ ਕਰਨਾ, ਈਮਾਨਦਾਰ ਬਣਨਾ ਅਤੇ ਸਭ ਤੋਂ ਵੱਧ ਰੱਬ ਦਾ ਨਾਂ ਰੌਸ਼ਨ ਕਰਨਾ ਸਿਖਾਓ। (1 ਸਮੂਏਲ 2:26) ਜੀ ਹਾਂ, ਜਦੋਂ ਮਾਪੇ ਰੱਬ ਦੇ ਕਹੇ ਅਨੁਸਾਰ ਬੱਚਿਆਂ ਦੀ ਪਰਵਰਿਸ਼ ਕਰਦੇ ਹਨ, ਤਾਂ ਉਹ ਸੱਚ-ਮੁੱਚ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਂਦੇ ਹਨ। (g05 2/8)
[ਸਫ਼ੇ 13 ਉੱਤੇ ਤਸਵੀਰ]
ਜਦੋਂ ਮਾਪੇ ਬੱਚਿਆਂ ਉੱਤੇ ਚਿਲਾਉਂਦੇ ਰਹਿੰਦੇ ਹਨ, ਤਾਂ ਬੱਚੇ ਅੱਕ ਜਾਂਦੇ ਹਨ
[ਸਫ਼ੇ 13 ਉੱਤੇ ਤਸਵੀਰ]
ਆਪਣੇ ਬੱਚਿਆਂ ਲਈ ਸਮਾਂ ਕੱਢੋ