Skip to content

Skip to table of contents

ਮਾਂ ਦੀ ਅਹਿਮ ਭੂਮਿਕਾ

ਮਾਂ ਦੀ ਅਹਿਮ ਭੂਮਿਕਾ

ਮਾਂ ਦੀ ਅਹਿਮ ਭੂਮਿਕਾ

ਮਾਂ ਘਰ-ਗ੍ਰਹਿਸਥੀ ਦੀ ਸਾਂਭ-ਸੰਭਾਲ ਕਰਦੀ ਹੈ। ਅਕਸਰ ਉਸ ਦੇ ਇਸ ਕੰਮ ਦੀ ਜ਼ਰਾ ਵੀ ਕਦਰ ਨਹੀਂ ਕੀਤੀ ਜਾਂਦੀ, ਬਲਕਿ ਨੀਵਾਂ ਸਮਝਿਆ ਜਾਂਦਾ ਹੈ। ਕੁਝ ਦਹਾਕੇ ਪਹਿਲਾਂ ਕੁਝ ਲੋਕਾਂ ਨੇ ਬੱਚਿਆਂ ਦੀ ਦੇਖ-ਭਾਲ ਕਰਨ ਦੇ ਕੰਮ ਨੂੰ ਘਟੀਆ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਸੋਚਣਾ ਸੀ ਕਿ ਨੌਕਰੀ ਕਰਨੀ ਇੱਜ਼ਤ ਦਾ ਕੰਮ ਸੀ ਤੇ ਬੱਚਿਆਂ ਦੀ ਦੇਖ-ਭਾਲ ਕਰਨੀ ਗ਼ੁਲਾਮੀ। ਹਾਲਾਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਸੋਚ ਨੂੰ ਸਹੀ ਨਹੀਂ ਸਮਝਣਗੇ, ਫਿਰ ਵੀ ਮਾਵਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਘਰ ਦੀ ਸਾਂਭ-ਸੰਭਾਲ ਤੇ ਬੱਚਿਆਂ ਦੀ ਦੇਖ-ਭਾਲ ਨੀਵੇਂ ਦਰਜੇ ਦਾ ਕੰਮ ਹੈ। ਕੁਝ ਇਹ ਵੀ ਸੋਚਦੇ ਹਨ ਕਿ ਆਪਣੀ ਵੱਖਰੀ ਪਛਾਣ ਬਣਾਉਣ ਲਈ ਔਰਤਾਂ ਨੂੰ ਘਰੋਂ ਬਾਹਰ ਨੌਕਰੀ ਕਰਨ ਦੀ ਲੋੜ ਹੈ।

ਪਰ ਕਈ ਪਤੀ ਅਤੇ ਬੱਚੇ ਪਰਿਵਾਰ ਵਿਚ ਮਾਂ ਦੇ ਕੰਮ ਦੀ ਬਹੁਤ ਕਦਰ ਕਰਦੇ ਹਨ। ਕਾਰਲੋ ਫ਼ਿਲਪੀਨ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰਦਾ ਹੈ। ਉਹ ਕਹਿੰਦਾ ਹੈ: “ਮੈਂ ਆਪਣੀ ਮਾਂ ਦੀ ਸਿਖਲਾਈ ਕਰਕੇ ਹੀ ਅੱਜ ਇੱਥੇ ਹਾਂ। ਮੇਰੇ ਪਿਤਾ ਜੀ ਕਾਫ਼ੀ ਸਖ਼ਤ ਸੁਭਾਅ ਦੇ ਸਨ ਅਤੇ ਝੱਟ ਸਜ਼ਾ ਦੇ ਦਿੰਦੇ ਸਨ, ਪਰ ਮਾਤਾ ਜੀ ਸਾਨੂੰ ਦਲੀਲਾਂ ਦੇ ਕੇ ਸਮਝਾਉਣ ਦੁਆਰਾ ਸਾਡੀ ਮਦਦ ਕਰਦੇ ਸਨ। ਮੈਂ ਸੱਚ-ਮੁੱਚ ਉਨ੍ਹਾਂ ਦੇ ਸਿਖਾਉਣ ਦੇ ਤਰੀਕੇ ਦੀ ਦਾਦ ਦਿੰਦਾ ਹਾਂ।”

ਦੱਖਣੀ ਅਫ਼ਰੀਕਾ ਵਿਚ ਪੀਟਰ ਹੋਰੀਂ ਛੇ ਭੈਣ-ਭਰਾ ਹਨ ਜਿਨ੍ਹਾਂ ਦੀ ਮਾਂ ਜ਼ਿਆਦਾ ਪੜ੍ਹੀ-ਲਿਖੀ ਨਹੀਂ ਹੈ। ਉਨ੍ਹਾਂ ਦਾ ਪਿਉ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। ਪੀਟਰ ਕਹਿੰਦਾ ਹੈ: “ਲੋਕਾਂ ਦੇ ਘਰਾਂ ਵਿਚ ਤੇ ਦਫ਼ਤਰਾਂ ਵਿਚ ਸਾਫ਼-ਸਫ਼ਾਈ ਦਾ ਕੰਮ ਕਰਨ ਲਈ ਮਾਤਾ ਜੀ ਨੂੰ ਬਹੁਤ ਘੱਟ ਪੈਸੇ ਮਿਲਦੇ ਸਨ। ਉਨ੍ਹਾਂ ਲਈ ਸਾਡੀ ਸਾਰਿਆਂ ਦੀ ਫ਼ੀਸ ਦੇਣੀ ਬਹੁਤ ਮੁਸ਼ਕਲ ਸੀ। ਕਈ ਵਾਰ ਤਾਂ ਅਸੀਂ ਭੁੱਖੇ ਹੀ ਸੌਂ ਜਾਂਦੇ ਸਾਂ। ਮਾਤਾ ਜੀ ਤੋਂ ਤਾਂ ਘਰ ਦਾ ਕਿਰਾਇਆ ਹੀ ਮਸਾਂ ਦੇ ਹੁੰਦਾ ਸੀ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਅਸੀਂ ਕਦੇ ਵੀ ਆਪਣੀ ਤੁਲਨਾ ਦੂਜਿਆਂ ਨਾਲ ਨਾ ਕਰੀਏ। ਉਸ ਦੇ ਭਰੋਸੇ ਸਦਕਾ ਹੀ ਅਸੀਂ ਜ਼ਿੰਦਗੀ ਵਿਚ ਕਾਮਯਾਬ ਹੋ ਸਕੇ ਹਾਂ।”

ਨਾਈਜੀਰੀਆ ਵਿਚ ਅਹਿਮਦ ਆਪਣੇ ਬੱਚਿਆਂ ਦੇ ਪਾਲਣ-ਪੋਸਣ ਵਿਚ ਆਪਣੀ ਪਤਨੀ ਦੇ ਸਹਿਯੋਗ ਬਾਰੇ ਦੱਸਦਾ ਹੈ: “ਮੈਂ ਆਪਣੀ ਪਤਨੀ ਦੀ ਮਿਹਨਤ ਦੀ ਕਦਰ ਕਰਦਾ ਹਾਂ। ਜਦ ਮੈਂ ਘਰ ਨਹੀਂ ਹੁੰਦਾ, ਤਾਂ ਮੈਨੂੰ ਯਕੀਨ ਹੁੰਦਾ ਹੈ ਕਿ ਮੇਰੇ ਬੱਚੇ ਸਹੀ-ਸਲਾਮਤ ਹਨ। ਮੈਂ ਇਹ ਨਹੀਂ ਸੋਚਦਾ ਕਿ ਮੇਰੀ ਪਤਨੀ ਮੇਰਾ ਮੁਕਾਬਲਾ ਕਰ ਰਹੀ ਹੈ। ਇਸ ਦੀ ਬਜਾਇ ਮੈਂ ਉਸ ਦਾ ਧੰਨਵਾਦ ਕਰਦਾ ਹਾਂ ਅਤੇ ਬੱਚਿਆਂ ਨੂੰ ਵੀ ਅਹਿਸਾਸ ਕਰਾਉਂਦਾ ਹਾਂ ਕਿ ਜਿਵੇਂ ਉਹ ਮੇਰਾ ਆਦਰ ਕਰਦੇ ਹਨ, ਆਪਣੀ ਮਾਂ ਦਾ ਵੀ ਕਰਨ।”

ਇਕ ਫਲਸਤੀਨੀ ਆਦਮੀ ਆਪਣੀ ਪਤਨੀ ਦੁਆਰਾ ਨਿਭਾਏ ਜਾਂਦੇ ਮਾਂ ਦੇ ਫ਼ਰਜ਼ ਬਾਰੇ ਕਹਿੰਦਾ ਹੈ: “ਲੀਨਾ ਨੇ ਸਾਡੀ ਧੀ ਦੀ ਵਧੀਆ ਤਰੀਕੇ ਨਾਲ ਪਰਵਰਿਸ਼ ਕੀਤੀ ਹੈ। ਉਸ ਨੇ ਸਾਡੀ ਧੀ ਨੂੰ ਰੱਬ ਵਿਚ ਵਿਸ਼ਵਾਸ ਕਰਨਾ ਸਿਖਾਇਆ ਹੈ। ਮੇਰੇ ਖ਼ਿਆਲ ਨਾਲ ਇਹ ਸਭ ਕੁਝ ਉਹ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਹੀ ਕਰ ਪਾਈ ਹੈ।” ਲੀਨਾ ਯਹੋਵਾਹ ਦੀ ਗਵਾਹ ਹੈ ਅਤੇ ਉਹ ਬਾਈਬਲ ਅਸੂਲਾਂ ਦੀ ਮਦਦ ਨਾਲ ਆਪਣੀ ਧੀ ਨੂੰ ਸਿੱਖਿਆ ਦਿੰਦੀ ਹੈ।

ਇਹ ਕਿਹੜੇ ਕੁਝ ਅਸੂਲ ਹਨ? ਮਾਵਾਂ ਬਾਰੇ ਬਾਈਬਲ ਦੇ ਨਜ਼ਰੀਏ ਬਾਰੇ ਕੀ ਕਿਹਾ ਜਾ ਸਕਦਾ ਹੈ? ਪੁਰਾਣੇ ਜ਼ਮਾਨੇ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਵਾਲੀਆਂ ਮਾਵਾਂ ਦਾ ਕਿਵੇਂ ਆਦਰ-ਮਾਣ ਕੀਤਾ ਜਾਂਦਾ ਸੀ?

ਮਾਵਾਂ ਬਾਰੇ ਸਹੀ ਨਜ਼ਰੀਆ

ਸ੍ਰਿਸ਼ਟੀ ਦੇ ਵਕਤ ਔਰਤ ਨੂੰ ਪਰਿਵਾਰ ਵਿਚ ਖ਼ਾਸ ਦਰਜਾ ਦਿੱਤਾ ਗਿਆ ਸੀ। ਬਾਈਬਲ ਦੀ ਪਹਿਲੀ ਕਿਤਾਬ ਕਹਿੰਦੀ ਹੈ: “ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” (ਉਤਪਤ 2:18) ਪਹਿਲੀ ਔਰਤ ਹੱਵਾਹ ਨੂੰ ਆਦਮ ਦੀ ਸਹਾਇਕਣ ਦੇ ਤੌਰ ਤੇ ਬਣਾਇਆ ਗਿਆ ਸੀ। ਉਹ ਆਦਮ ਦੀ ਬਿਲਕੁਲ ਸਹੀ ਸਾਥਣ ਸੀ। ਪਰਮੇਸ਼ੁਰ ਦੇ ਮਕਸਦ ਅਨੁਸਾਰ ਉਸ ਨੇ ਆਦਮ ਨਾਲ ਮਿਲ ਕੇ ਬੱਚੇ ਪੈਦਾ ਕਰਨੇ ਸੀ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਧਰਤੀ ਅਤੇ ਜਾਨਵਰਾਂ ਦੀ ਦੇਖ-ਰੇਖ ਵੀ ਕਰਨੀ ਸੀ। ਉਸ ਨੇ ਸੱਚੀ ਸਾਥਣ ਬਣ ਕੇ ਆਦਮ ਦਾ ਸਾਥ ਨਿਭਾਉਣਾ ਸੀ ਅਤੇ ਸਹੀ ਫ਼ੈਸਲੇ ਕਰਨ ਵਿਚ ਉਸ ਦੀ ਮਦਦ ਕਰਨੀ ਸੀ। ਆਦਮ ਆਪਣੇ ਸਿਰਜਣਹਾਰ ਤੋਂ ਇਹ ਖੂਬਸੂਰਤ ਤੋਹਫ਼ਾ ਪਾ ਕੇ ਬਹੁਤ ਖ਼ੁਸ਼ ਸੀ!—ਉਤਪਤ 1:26-28; 2:23.

ਬਾਅਦ ਵਿਚ ਪਰਮੇਸ਼ੁਰ ਨੇ ਹਿਦਾਇਤਾਂ ਦਿੱਤੀਆਂ ਕਿ ਔਰਤਾਂ ਨਾਲ ਕਿਵੇਂ ਸਲੂਕ ਕੀਤਾ ਜਾਵੇ। ਮਿਸਾਲ ਲਈ, ਇਸਰਾਏਲੀਆਂ ਨੂੰ ਆਪਣੀਆਂ ਮਾਵਾਂ ਦਾ ਆਦਰ ਕਰਨ ਤੇ ਉਨ੍ਹਾਂ ਨੂੰ ਤੁੱਛ ਨਾ ਸਮਝਣ ਦੀ ਹਿਦਾਇਤ ਦਿੱਤੀ ਗਈ ਸੀ। ਜੇ ਇਕ ਪੁੱਤਰ ‘ਆਪਣੇ ਪਿਉ ਯਾ ਆਪਣੀ ਮਾਂ ਨੂੰ ਫਿਟਕਾਰਦਾ’ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਮਸੀਹੀ ਬੱਚਿਆਂ ਨੂੰ ‘ਆਪਣੇ ਮਾਪਿਆਂ ਦੇ ਆਗਿਆਕਾਰ ਰਹਿਣ’ ਦੀ ਤਾਕੀਦ ਕੀਤੀ ਗਈ ਸੀ।—ਲੇਵੀਆਂ 19:3; 20:9; ਅਫ਼ਸੀਆਂ 6:1; ਬਿਵਸਥਾ ਸਾਰ 5:16; 27:16; ਕਹਾਉਤਾਂ 30:17.

ਪਤੀ ਦੇ ਨਿਰਦੇਸ਼ਨ ਅਧੀਨ ਪਤਨੀ ਨੇ ਆਪਣੇ ਧੀਆਂ-ਪੁੱਤਰਾਂ ਨੂੰ ਸਿੱਖਿਆ ਦੇਣੀ ਸੀ। ਪੁੱਤਰ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ‘ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡੇ।’ (ਕਹਾਉਤਾਂ 6:20) ਕਹਾਉਤਾਂ ਦੇ 31ਵੇਂ ਅਧਿਆਇ ਵਿਚ ‘ਰਾਜੇ ਲਮੂਏਲ ਦੀਆਂ ਸਿਆਣੀਆਂ ਕਹਾਉਤਾਂ ਹਨ ਜਿਨ੍ਹਾਂ ਦੀ ਸਿੱਖਿਆ ਉਸ ਨੂੰ ਉਸ ਦੀ ਮਾਤਾ ਨੇ ਦਿੱਤੀ ਸੀ।’ (ਈਜ਼ੀ ਟੂ ਰੀਡ ਵਰਯਨ) ਉਸ ਨੇ ਆਪਣੇ ਪੁੱਤਰ ਨੂੰ ਸ਼ਰਾਬ ਦੀ ਕੁਵਰਤੋਂ ਨਾ ਕਰਨ ਬਾਰੇ ਅਕਲਮੰਦੀ ਨਾਲ ਹਿਦਾਇਤ ਦਿੰਦਿਆਂ ਕਿਹਾ ਸੀ: “ਪਾਤਸ਼ਾਹਾਂ ਨੂੰ ਮਧ ਪੀਣੀ ਜੋਗ ਨਹੀਂ, ਅਤੇ ਨਾ ਰਾਜ ਪੁੱਤ੍ਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈ? ਮਤੇ ਓਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰਨ।”—ਕਹਾਉਤਾਂ 31:1, 4, 5.

ਇਸ ਤੋਂ ਇਲਾਵਾ, ਵਿਆਹ ਕਰਾਉਣ ਬਾਰੇ ਸੋਚ ਰਹੇ ਹਰ ਨੌਜਵਾਨ ਲਈ ਚੰਗਾ ਹੋਵੇਗਾ ਜੇ ਉਹ ਰਾਜਾ ਲਮੂਏਲ ਦੀ ਮਾਂ ਦੁਆਰਾ “ਪਤਵੰਤੀ ਇਸਤ੍ਰੀ” ਬਾਰੇ ਕੀਤੇ ਵਰਣਨ ਤੇ ਸੋਚ-ਵਿਚਾਰ ਕਰੇ। ਉਸ ਨੇ ਕਿਹਾ ਸੀ: “ਉਹ ਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ।” ਫਿਰ ਘਰ ਦੀ ਖ਼ੁਸ਼ਹਾਲੀ ਵਿਚ ਪਤਨੀ ਦੇ ਅਹਿਮ ਯੋਗਦਾਨ ਬਾਰੇ ਦੱਸਣ ਤੋਂ ਬਾਅਦ ਰਾਜੇ ਦੀ ਮਾਂ ਨੇ ਕਿਹਾ: “ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।” (ਕਹਾਉਤਾਂ 31:10-31) ਇਸ ਤੋਂ ਸਪੱਸ਼ਟ ਹੈ ਕਿ ਸਾਡੇ ਸਿਰਜਣਹਾਰ ਯਹੋਵਾਹ ਨੇ ਔਰਤਾਂ ਨੂੰ ਪਰਿਵਾਰ ਵਿਚ ਬਹੁਤ ਹੀ ਆਦਰਯੋਗ ਤੇ ਜ਼ਿੰਮੇਵਾਰ ਦਰਜਾ ਦਿੱਤਾ ਸੀ।

ਮਸੀਹੀ ਕਲੀਸਿਯਾ ਵਿਚ ਵੀ ਪਤਨੀਆਂ ਅਤੇ ਮਾਵਾਂ ਦਾ ਆਦਰ ਤੇ ਕਦਰ ਕੀਤੀ ਜਾਂਦੀ ਹੈ। ਅਫ਼ਸੀਆਂ 5:25 ਕਹਿੰਦਾ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ।” ਨੌਜਵਾਨ ਤਿਮੋਥਿਉਸ ਨੂੰ ਉਸ ਦੀ ਮਾਂ ਤੇ ਨਾਨੀ ਨੇ “ਪਵਿੱਤਰ ਲਿਖਤਾਂ” ਦਾ ਆਦਰ ਕਰਨਾ ਸਿਖਾਇਆ ਸੀ। ਤਿਮੋਥਿਉਸ ਨੂੰ ਸਲਾਹ ਦਿੱਤੀ ਗਈ ਸੀ: “ਵੱਡੀ ਉਮਰ ਦੀਆਂ ਔਰਤਾਂ ਨਾਲ ਮਾਵਾਂ ਵਰਗਾ ਵਿਹਾਰ ਕਰੋ।” (2 ਤਿਮੋਥਿਉਸ 3:15; 1 ਤਿਮੋਥਿਉਸ 5:1, 2, ਈਜ਼ੀ ਟੂ ਰੀਡ ਵਰਯਨ) ਇਸ ਤਰ੍ਹਾਂ ਆਦਮੀ ਨੇ ਬਜ਼ੁਰਗ ਔਰਤ ਨੂੰ ਆਪਣੀ ਮਾਂ ਸਮਝ ਕੇ ਆਦਰ ਦੇਣਾ ਹੈ। ਸੱਚ-ਮੁੱਚ, ਪਰਮੇਸ਼ੁਰ ਔਰਤਾਂ ਦੀ ਕਦਰ ਕਰਦਾ ਹੈ ਤੇ ਉਨ੍ਹਾਂ ਨੂੰ ਸਨਮਾਨਯੋਗ ਦਰਜਾ ਦਿੰਦਾ ਹੈ।

ਕਦਰ ਜ਼ਾਹਰ ਕਰੋ

ਪੁਰਸ਼-ਪ੍ਰਧਾਨ ਸਮਾਜ ਵਿਚ ਜੰਮਿਆ-ਪਲਿਆ ਇਕ ਆਦਮੀ ਕਹਿੰਦਾ ਹੈ: “ਮੈਨੂੰ ਸਿਖਾਇਆ ਗਿਆ ਸੀ ਕਿ ਔਰਤਾਂ ਮਰਦਾਂ ਦੇ ਪੈਰ ਦੀ ਜੁੱਤੀ ਹਨ। ਮੈਂ ਔਰਤਾਂ ਨਾਲ ਬੁਰਾ ਸਲੂਕ ਤੇ ਉਨ੍ਹਾਂ ਦਾ ਅਨਾਦਰ ਹੁੰਦਾ ਦੇਖਿਆ ਹੈ। ਇਸ ਕਰਕੇ ਮੈਨੂੰ ਔਰਤਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਅਪਣਾਉਣ ਲਈ ਜੱਦੋ-ਜਹਿਦ ਕਰਨੀ ਪਈ ਹੈ। ਘਰੇਲੂ ਜ਼ਿੰਦਗੀ ਵਿਚ ਉਸ ਨੂੰ ਸਹਾਇਕਣ ਸਮਝਣਾ ਅਤੇ ਬੱਚਿਆਂ ਨੂੰ ਸਿਖਾਉਣ ਵਿਚ ਉਸ ਦਾ ਸਾਥ ਲੈਣਾ ਔਖਾ ਲੱਗਦਾ ਸੀ। ਹਾਲਾਂਕਿ ਅੱਜ ਵੀ ਮੇਰੇ ਲਈ ਆਪਣੀ ਪਤਨੀ ਦੀ ਤਾਰੀਫ਼ ਵਿਚ ਕੁਝ ਕਹਿਣਾ ਮੁਸ਼ਕਲ ਹੈ, ਪਰ ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਮੇਰੇ ਬੱਚਿਆਂ ਵਿਚ ਜਿਹੜੀਆਂ ਵੀ ਚੰਗੀਆਂ ਗੱਲਾਂ ਹਨ, ਉਹ ਮੇਰੀ ਪਤਨੀ ਦੀ ਮਿਹਨਤ ਸਦਕਾ ਹੀ ਹਨ।”

ਜੀ ਹਾਂ, ਬੱਚਿਆਂ ਨੂੰ ਸਿਖਾਉਣ ਦੀ ਆਪਣੀ ਜ਼ਿੰਮੇਵਾਰੀ ਸੰਭਾਲਣ ਵਾਲੀਆਂ ਮਾਵਾਂ ਫ਼ਖ਼ਰ ਨਾਲ ਸਿਰ ਉੱਚਾ ਕਰ ਸਕਦੀਆਂ ਹਨ। ਉਹ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਜਿਸ ਕਰਕੇ ਉਹ ਤਾਰੀਫ਼ ਦੇ ਕਾਬਲ ਹਨ। ਉਨ੍ਹਾਂ ਦੀ ਦਿਲੋਂ ਕਦਰ ਕੀਤੀ ਜਾਣੀ ਚਾਹੀਦੀ ਹੈ। ਅਸੀਂ ਮਾਵਾਂ ਤੋਂ ਕਾਫ਼ੀ ਕੁਝ ਸਿੱਖਦੇ ਹਾਂ—ਜ਼ਿੰਦਗੀ ਭਰ ਕੰਮ ਆਉਣ ਵਾਲੀਆਂ ਆਦਤਾਂ, ਚੰਗੇ ਰਿਸ਼ਤੇ-ਨਾਤਿਆਂ ਲਈ ਜ਼ਰੂਰੀ ਚੱਜ-ਆਚਾਰ, ਸਹੀ-ਗ਼ਲਤ ਦੀ ਪਛਾਣ ਅਤੇ ਪਰਮੇਸ਼ੁਰ ਬਾਰੇ ਸਿੱਖਿਆ ਜੋ ਬੱਚਿਆਂ ਦੀ ਸਹੀ ਰਾਹ ਤੇ ਚੱਲਦੇ ਰਹਿਣ ਵਿਚ ਮਦਦ ਕਰਦੀ ਹੈ। ਕੀ ਤੁਸੀਂ ਹਾਲ ਹੀ ਵਿਚ ਇਸ ਸਭ ਕਾਸੇ ਲਈ ਆਪਣੇ ਮਾਤਾ ਜੀ ਅੱਗੇ ਆਪਣੀ ਕਦਰ ਪ੍ਰਗਟਾਈ ਹੈ? (g05 2/22)

[ਸਫ਼ੇ 9 ਉੱਤੇ ਤਸਵੀਰ]

ਪੀਟਰ ਦੀ ਮਾਂ ਨੇ ਉਸ ਨੂੰ ਹਿੰਮਤ ਨਾ ਹਾਰਨਾ ਸਿਖਾਇਆ

[ਸਫ਼ੇ 10 ਉੱਤੇ ਤਸਵੀਰ]

ਅਹਿਮਦ ਆਪਣੀ ਪਤਨੀ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਸ ਨੇ ਬੱਚਿਆਂ ਦੇ ਪਾਲਣ-ਪੋਸਣ ਵਿਚ ਉਸ ਦਾ ਸਾਥ ਦਿੱਤਾ

[ਸਫ਼ੇ 10 ਉੱਤੇ ਤਸਵੀਰ]

ਲੀਨਾ ਦਾ ਪਤੀ ਆਪਣੀ ਧੀ ਵਿਚ ਚੰਗੇ ਗੁਣ ਹੋਣ ਦਾ ਸਿਹਰਾ ਆਪਣੀ ਪਤਨੀ ਦੇ ਧਾਰਮਿਕ ਵਿਸ਼ਵਾਸਾਂ ਨੂੰ ਦਿੰਦਾ ਹੈ