Skip to content

Skip to table of contents

ਮਾਵਾਂ ਦੀਆਂ ਸਮੱਸਿਆਵਾਂ

ਮਾਵਾਂ ਦੀਆਂ ਸਮੱਸਿਆਵਾਂ

ਮਾਵਾਂ ਦੀਆਂ ਸਮੱਸਿਆਵਾਂ

‘ਘਰ-ਗ੍ਰਹਿਸਥੀ ਦੀ ਦੇਖ-ਭਾਲ ਕਰਨੀ ਜ਼ਰੂਰੀ ਕੰਮ ਹੈ। ਜੇ ਮਾਂ ਆਪਣਾ ਫ਼ਰਜ਼ ਨਾ ਨਿਭਾਵੇ, ਤਾਂ ਅਗਲੀ ਪੀੜ੍ਹੀ ਰਹੇਗੀ ਹੀ ਨਹੀਂ ਜਾਂ ਫਿਰ ਇਹ ਇੰਨੀ ਭੈੜੀ ਹੋਵੇਗੀ ਕਿ ਇਸ ਦਾ ਨਾ ਹੋਣਾ ਹੀ ਚੰਗਾ ਸੀ।’—ਥੀਓਡੋਰ ਰੁਜ਼ਾਵਲਟ, ਅਮਰੀਕਾ ਦਾ 26ਵਾਂ ਰਾਸ਼ਟਰਪਤੀ।

ਮਨੁੱਖਜਾਤੀ ਦੇ ਵਾਧੇ ਲਈ ਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਸਿਰਫ਼ ਬੱਚੇ ਹੀ ਪੈਦਾ ਕਰਦੀ ਹੈ। ਉਹ ਹੋਰ ਵੀ ਬਹੁਤ ਕੁਝ ਕਰਦੀ ਹੈ। ਇਕ ਲੇਖਕ ਨੇ ਮਾਵਾਂ ਦੀ ਅਹਿਮ ਭੂਮਿਕਾ ਬਾਰੇ ਕਿਹਾ: ‘ਮਾਂ ਹੀ ਖ਼ਾਸ ਕਰਕੇ ਆਪਣੇ ਬੱਚੇ ਦੀ ਸਿਹਤ, ਸਿੱਖਿਆ, ਬੁੱਧੀ, ਸ਼ਖ਼ਸੀਅਤ ਤੇ ਆਚਰਣ ਦੀ ਰਾਖੀ ਕਰਦੀ ਹੈ ਤੇ ਉਸ ਨੂੰ ਜਜ਼ਬਾਤੀ ਤੌਰ ਤੇ ਮਜ਼ਬੂਤ ਬਣਾਉਂਦੀ ਹੈ।’

ਮਾਂ ਨੂੰ ਕਈ ਕੰਮ ਕਰਨੇ ਪੈਂਦੇ ਹਨ, ਪਰ ਉਸ ਦਾ ਇਕ ਕੰਮ ਹੈ ਬੱਚਿਆਂ ਨੂੰ ਸਿੱਖਿਆ ਦੇਣੀ। ਆਮ ਕਰਕੇ ਬੱਚਾ ਆਪਣੀ ਮਾਂ ਤੋਂ ਹੀ ਬੋਲਣਾ ਸਿੱਖਦਾ ਹੈ। ਇਸ ਲਈ ਉਸ ਦੀ ਭਾਸ਼ਾ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਹਰ ਰੋਜ਼ ਬੱਚੇ ਪਿਤਾ ਨਾਲੋਂ ਮਾਂ ਨਾਲ ਜ਼ਿਆਦਾ ਸਮਾਂ ਰਹਿੰਦੇ ਹਨ। ਇਸ ਲਈ ਬੱਚੇ ਜ਼ਿਆਦਾਤਰ ਆਪਣੀ ਮਾਂ ਤੋਂ ਸਿੱਖਿਆ ਲੈਂਦੇ ਹਨ ਅਤੇ ਉਸ ਦੀ ਸੇਧ ਵਿਚ ਚੱਲਦੇ ਹਨ। ਕਿਹਾ ਜਾਂਦਾ ਹੈ ਕਿ ਬੱਚਾ ਦੁੱਧ ਚੁੰਘਣ ਦੇ ਨਾਲ-ਨਾਲ ਮਾਂ ਤੋਂ ਕਈ ਗੱਲਾਂ ਸਿੱਖਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਸਿਖਾਉਣ ਦੀ ਮਾਵਾਂ ਦੀ ਜ਼ਿੰਮੇਵਾਰੀ ਬਹੁਤ ਮਹੱਤਵਪੂਰਣ ਹੈ ਜਿਸ ਕਰਕੇ ਉਹ ਕਾਬਲ-ਏ-ਤਾਰੀਫ਼ ਹਨ।

ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਵੀ ਮਾਵਾਂ ਦੀ ਤਾਰੀਫ਼ ਕਰਦਾ ਹੈ। ਦਰਅਸਲ ਉਹ ਬੱਚਿਆਂ ਨੂੰ ਹੁਕਮ ਦਿੰਦਾ ਹੈ: ‘ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ।’ (ਕੂਚ 20:12; 31:18; ਬਿਵਸਥਾ ਸਾਰ 9:10) ਇਸ ਤੋਂ ਇਲਾਵਾ, ਬਾਈਬਲ ਦੀ ਇਕ ਕਹਾਵਤ ਵਿਚ “ਮਾਂ ਦੀ ਤਾਲੀਮ” ਦਾ ਜ਼ਿਕਰ ਆਉਂਦਾ ਹੈ। (ਕਹਾਉਤਾਂ 1:8) ਆਮ ਤੌਰ ਤੇ ਜ਼ਿਆਦਾਤਰ ਬੱਚੇ ਛੋਟੇ ਹੁੰਦਿਆਂ ਮਾਂ ਦੀ ਦੇਖ-ਰੇਖ ਹੇਠ ਹੁੰਦੇ ਹਨ। ਇਸ ਲਈ ਹੁਣ ਆਮ ਹੀ ਮੰਨਿਆ ਜਾਂਦਾ ਹੈ ਕਿ ਬੱਚਿਆਂ ਨੂੰ ਪਹਿਲੇ ਤਿੰਨ ਸਾਲਾਂ ਦੌਰਾਨ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ।

ਮਾਵਾਂ ਅੱਗੇ ਕਿਹੜੀਆਂ ਕੁਝ ਸਮੱਸਿਆਵਾਂ ਹਨ?

ਕਈ ਮਾਵਾਂ ਨੂੰ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਕਰਨੀ ਪੈਂਦੀ ਹੈ, ਇਸ ਲਈ ਉਨ੍ਹਾਂ ਵਾਸਤੇ ਨਾਜ਼ੁਕ ਉਮਰ ਦੇ ਆਪਣੇ ਬੱਚਿਆਂ ਨੂੰ ਸਿਖਾਉਣਾ ਮੁਸ਼ਕਲ ਹੁੰਦਾ ਹੈ। ਸੰਯੁਕਤ ਰਾਸ਼ਟਰ ਸੰਘ ਦੁਆਰਾ ਇਕੱਠੇ ਕੀਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਅਮੀਰ ਦੇਸ਼ਾਂ ਵਿਚ ਤਿੰਨ ਸਾਲ ਤੋਂ ਵੀ ਘੱਟ ਉਮਰ ਦੇ ਬੱਚਿਆਂ ਵਾਲੀਆਂ 50 ਪ੍ਰਤਿਸ਼ਤ ਤੋਂ ਜ਼ਿਆਦਾ ਅਜਿਹੀਆਂ ਮਾਵਾਂ ਹਨ ਜਿਨ੍ਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ।

ਇਸ ਤੋਂ ਇਲਾਵਾ, ਕਈ ਮਾਵਾਂ ਨੂੰ ਇਕੱਲਿਆਂ ਹੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਦੇ ਪਤੀ ਕਿਸੇ ਹੋਰ ਸ਼ਹਿਰ ਜਾਂ ਦੇਸ਼ ਵਿਚ ਕੰਮ ਕਰਨ ਗਏ ਹੁੰਦੇ ਹਨ। ਮਿਸਾਲ ਲਈ, ਕਿਹਾ ਜਾਂਦਾ ਹੈ ਕਿ ਆਰਮੀਨੀਆ ਦੇਸ਼ ਦੇ ਕੁਝ ਇਲਾਕਿਆਂ ਦੇ ਲਗਭਗ ਇਕ-ਤਿਹਾਈ ਆਦਮੀ ਕੰਮ ਦੀ ਭਾਲ ਵਿਚ ਵਿਦੇਸ਼ ਗਏ ਹੋਏ ਹਨ। ਹੋਰਨਾਂ ਮਾਵਾਂ ਨੂੰ ਇਸ ਲਈ ਇਕੱਲਿਆਂ ਆਪਣੇ ਬੱਚੇ ਪਾਲਣੇ ਪੈਂਦੇ ਹਨ ਕਿਉਂਕਿ ਉਹ ਵਿਧਵਾ ਹੋ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ।

ਕੁਝ ਦੇਸ਼ਾਂ ਵਿਚ ਕਈ ਮਾਵਾਂ ਅੱਗੇ ਦੂਸਰੀ ਸਮੱਸਿਆ ਇਹ ਹੈ ਕਿ ਉਹ ਪੜ੍ਹੀਆਂ-ਲਿਖੀਆਂ ਨਹੀਂ ਹਨ। ਆਰਥਿਕ ਤੇ ਸਮਾਜਕ ਮਾਮਲਿਆਂ ਨਾਲ ਨਜਿੱਠਣ ਵਾਲਾ ਯੂ. ਐੱਨ. ਵਿਭਾਗ ਅੰਦਾਜ਼ੇ ਨਾਲ ਕਹਿੰਦਾ ਹੈ ਕਿ ਦੁਨੀਆਂ ਦੀਆਂ ਕੁੱਲ 87,60,00,000 ਔਰਤਾਂ ਵਿੱਚੋਂ ਦੋ-ਤਿਹਾਈ ਔਰਤਾਂ ਅਨਪੜ੍ਹ ਹਨ। ਯੂਨੈਸਕੋ ਅਨੁਸਾਰ ਅਫ਼ਰੀਕਾ, ਅਰਬ ਦੇਸ਼ਾਂ ਅਤੇ ਪੂਰਬੀ ਤੇ ਦੱਖਣੀ ਏਸ਼ੀਆ ਵਿਚ 60 ਪ੍ਰਤਿਸ਼ਤ ਤੋਂ ਵੱਧ ਔਰਤਾਂ ਅਨਪੜ੍ਹ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਆਦਮੀਆਂ ਦਾ ਮੰਨਣਾ ਹੈ ਕਿ ਔਰਤਾਂ ਨੂੰ ਪੜ੍ਹਾਉਣਾ ਫ਼ਜ਼ੂਲ ਹੈ ਅਤੇ ਪੜ੍ਹਨ-ਲਿਖਣ ਨਾਲ ਉਹ ਬੱਚੇ ਪੈਦਾ ਕਰਨ ਦੇ ਲਾਇਕ ਨਹੀਂ ਰਹਿੰਦੀਆਂ।

ਲੁ ਰਸਾਲਾ ਕਹਿੰਦਾ ਹੈ ਕਿ ਭਾਰਤ ਵਿਚ ਕੇਰਲਾ ਰਾਜ ਦੇ ਇਕ ਜ਼ਿਲ੍ਹੇ ਵਿਚ (ਜਿੱਥੇ 15 ਸਾਲ ਦੀ ਉਮਰ ਵਿਚ ਹੀ ਕੁੜੀਆਂ ਮਾਵਾਂ ਬਣ ਜਾਂਦੀਆਂ ਹਨ) ਕੋਈ ਵੀ ਆਦਮੀ ਪੜ੍ਹੀ-ਲਿਖੀ ਕੁੜੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ। ਪਾਕਿਸਤਾਨ ਵਿਚ ਪੁੱਤਾਂ ਦੀ ਪੜ੍ਹਾਈ-ਲਿਖਾਈ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਮਾਪਿਆਂ ਦਾ ਮੰਨਣਾ ਹੈ ਕਿ ਪੜ੍ਹ-ਲਿਖ ਕੇ ਉਨ੍ਹਾਂ ਦੇ ਪੁੱਤ ਚੰਗਾ ਕਮਾਉਣਗੇ ਤੇ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣਨਗੇ। ਦੂਜੇ ਪਾਸੇ, ਵਿਕਾਸਸ਼ੀਲ ਦੇਸ਼ਾਂ ਵਿਚ ਔਰਤਾਂ ਦੀ ਪੜ੍ਹਾਈ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ ਕਿ “ਮਾਪੇ ਆਪਣੀਆਂ ਧੀਆਂ ਦੀ ਪੜ੍ਹਾਈ ਤੇ ਪੈਸਾ ਨਹੀਂ ਖ਼ਰਚਦੇ ਕਿਉਂਕਿ ਉਹ ਸੋਚਦੇ ਹਨ ਕਿ ਧੀਆਂ ਘਰ ਚਲਾਉਣ ਵਿਚ ਪੈਸੇ-ਧੇਲੇ ਪੱਖੋਂ ਯੋਗਦਾਨ ਨਹੀਂ ਪਾਉਣਗੀਆਂ।”

ਮਾਵਾਂ ਦੀ ਅਗਲੀ ਸਮੱਸਿਆ ਹੈ ਸਥਾਨਕ ਰੀਤਾਂ-ਰਸਮਾਂ। ਮਿਸਾਲ ਲਈ, ਕੁਝ ਦੇਸ਼ਾਂ ਵਿਚ ਮਾਵਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਵਿਆਹ ਦੇ ਨਾਂ ਤੇ ਧੀਆਂ ਨੂੰ ਵੇਚਣ ਅਤੇ ਕੁੜੀਆਂ ਦੀ ਸੁੰਨਤ ਕਰਨ ਵਰਗੀਆਂ ਰਸਮਾਂ ਦਾ ਸਮਰਥਨ ਕਰਨ। ਮਾਵਾਂ ਨੂੰ ਆਪਣੇ ਪੁੱਤਰਾਂ ਨੂੰ ਸਿਖਾਉਣ ਅਤੇ ਅਨੁਸ਼ਾਸਨ ਦੇਣ ਦੀ ਵੀ ਖੁੱਲ੍ਹ ਨਹੀਂ ਹੁੰਦੀ। ਕੀ ਮਾਵਾਂ ਨੂੰ ਅਜਿਹੀਆਂ ਰੀਤਾਂ ਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਪੁੱਤਰਾਂ ਨੂੰ ਸਿਖਾਉਣ ਦਾ ਕੰਮ ਹੋਰਨਾਂ ਤੇ ਛੱਡ ਦੇਣਾ ਚਾਹੀਦਾ ਹੈ?

ਅਗਲੇ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਕੁਝ ਮਾਵਾਂ ਇਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਸਿੱਝ ਰਹੀਆਂ ਹਨ। ਅਸੀਂ ਮਾਵਾਂ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਸਿੱਖਾਂਗੇ ਅਤੇ ਦੇਖਾਂਗੇ ਕਿ ਬੱਚਿਆਂ ਨੂੰ ਸਿੱਖਿਆ ਦੇਣ ਲਈ ਮਾਵਾਂ ਕੀ-ਕੀ ਕਰ ਸਕਦੀਆਂ ਹਨ। (g05 2/22)

[ਸਫ਼ੇ 4 ਉੱਤੇ ਡੱਬੀ/​ਤਸਵੀਰ]

“ਬੱਚੇ ਦੀ ਬੁੱਧ ਨੂੰ ਤੇਜ਼ ਕਰਨ, ਉਸ ਦੀ ਉਤਸੁਕਤਾ ਨੂੰ ਜਗਾਉਣ ਅਤੇ ਉਸ ਵਿਚ ਰਚਨਾਤਮਕ ਕਲਾ ਪੈਦਾ ਕਰਨ ਵਿਚ ਮਾਂ ਅਹਿਮ ਭੂਮਿਕਾ ਨਿਭਾਉਂਦੀ ਹੈ।”—ਬੱਚਿਆਂ ਦੇ ਹੱਕਾਂ ਸੰਬੰਧੀ ਸੰਮੇਲਨ, ਬੁਰਕੀਨਾ ਫਾਸੋ, 1997.

[ਸਫ਼ੇ 3 ਉੱਤੇ ਤਸਵੀਰ]

ਆਪਣੇ ਹਰ ਬੱਚੇ ਦੀ ਸਿਹਤ, ਸਿੱਖਿਆ, ਸ਼ਖ਼ਸੀਅਤ ਅਤੇ ਜਜ਼ਬਾਤੀ ਤੌਰ ਤੇ ਮਜ਼ਬੂਤ ਕਰਨ ਵਿਚ ਮਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ