Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਆਪਣੇ ਬੱਚਿਆਂ ਦੇ ਦਿਲਾਂ ਵਿਚ ਪੜ੍ਹਨ ਦੀ ਰੁਚੀ ਜਗਾਓ

ਬੀਟ੍ਰਿਸ ਗੰਜ਼ਾਲੇਜ਼ ਅਰਤੁਨਯੀਓ ਨਾਂ ਦੀ ਵਿਗਿਆਨੀ ਨੇ ਮੈਕਸੀਕਨ ਅਖ਼ਬਾਰ ਰੀਫੋਰਮਾ ਵਿਚ ਕਿਹਾ: “ਇਹ ਦੇਖਣ ਵਿਚ ਆਇਆ ਹੈ ਕਿ ਜਿਹੜੇ ਮਾਪੇ ਖ਼ੁਦ ਪੜ੍ਹਨ ਦਾ ਸ਼ੌਕ ਰੱਖਦੇ ਹਨ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਨਕਲ ਕਰਦੇ ਹਨ।” ਕਿਉਂ ਜੋ ਬੱਚੇ ਛੋਟੀ ਉਮਰ ਤੋਂ ਹੀ ਬਹੁਤ ਕੁਝ ਸਿੱਖਣ ਦੀ ਯੋਗਤਾ ਰੱਖਦੇ ਹਨ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਵਿਚ ਪੜ੍ਹਨ ਦੀ ਰੁਚੀ ਜਗਾਉਣ ਅਤੇ ਇਹ ਬੱਚਿਆਂ ਨੂੰ ਭਾਸ਼ਾ ਦੇ ਸ੍ਵਰ ਸਿਖਾਉਣ ਤੋਂ ਪਹਿਲਾਂ ਵੀ ਕੀਤਾ ਜਾ ਸਕਦਾ ਹੈ। ਉਦਾਹਰਣ ਲਈ ਬੱਚਿਆਂ ਨਾਲ ਅਜਿਹੀਆਂ ਕਹਾਣੀਆਂ ਪੜ੍ਹੀਆਂ ਜਾ ਸਕਦੀਆਂ ਹਨ ਜੋ ਉਨ੍ਹਾਂ ਦੀ ਕਲਪਨਾ ਸ਼ਕਤੀ ਨੂੰ ਵਧਾਉਣ ਵਿਚ ਮਦਦ ਕਰਨਗੀਆਂ। ਪੜ੍ਹਨ ਵਿਚ ਬੱਚਿਆਂ ਦਾ ਮਨ ਲਗਾਉਣ ਲਈ ਅਖ਼ਬਾਰ ਮਾਪਿਆਂ ਨੂੰ ਅੱਗੇ ਇਹ ਸਲਾਹ ਦਿੰਦੀ ਹੈ: “ਬੱਚੇ ਨਾਲ ਬੈਠੋ। . . . ਬੱਚੇ ਨੂੰ ਆਪ ਸਫ਼ੇ ਪਲਟਣ, ਕਹਾਣੀਆਂ ਪੜ੍ਹਨ ਸਮੇਂ ਰੁਕਣ ਅਤੇ ਸਵਾਲ ਪੁੱਛਣ ਦੀ ਇਜਾਜ਼ਤ ਦਿਓ। . . . ਉਨ੍ਹਾਂ ਨੂੰ ਕਹਾਣੀਆਂ ਵਿਚਲੀਆਂ ਤਸਵੀਰਾਂ ਅਤੇ ਕਿਰਦਾਰਾਂ ਬਾਰੇ ਗੱਲ ਕਰਨ ਲਈ ਕਹੋ। ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦਿਓ। . . . ਜੋ ਉਹ ਪੜ੍ਹਦੇ ਹਨ ਉਨ੍ਹਾਂ ਚੀਜ਼ਾਂ ਦਾ ਸੰਬੰਧ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੋੜੋ।” (g05 1/8)

ਹਾਥੀ ਅਤੇ ਮਿਰਚਾਂ

ਅਫ਼ਰੀਕਾ ਵਿਚ ਹਾਥੀਆਂ ਨੂੰ ਜੰਗਲੀ ਪਾਰਕਾਂ ਦੀਆਂ ਸਰਹੱਦਾਂ ਵਿਚ ਰੱਖਣਾ ਮੁਸ਼ਕਲ ਰਿਹਾ ਹੈ। ਹਾਥੀਆਂ ਨੂੰ ਹੱਦਾਂ ਅੰਦਰ ਰੱਖਣ ਦੇ ਕਈ ਚਾਰੇ ਅਪਣਾਏ ਗਏ, ਜਿਵੇਂ ਕਿ ਇਲਾਕੇ ਦੇ ਚਾਰ-ਚੁਫੇਰੇ ਵਾੜ ਕਰਨੀ, ਜਾਂ ਅੱਗ ਲਾਉਣੀ ਜਾਂ ਢੋਲਕੀਆਂ ਦੁਆਰਾ ਉੱਚੀ-ਉੱਚੀ ਸ਼ੋਰ ਮਚਾਉਣਾ, ਪਰ ਸਭ ਨਾਕਾਮਯਾਬ ਸਾਬਤ ਹੋਏ। ਜ਼ਮੀਂਦਾਰਾਂ ਦੀ ਖੇਤੀ ਦਾ ਨਾਸ ਕਰਨ ਦੇ ਨਾਲ-ਨਾਲ ਇੱਧਰ-ਉੱਧਰ ਫਿਰਦੇ ਹਾਥੀਆਂ ਨੇ ਕਈ ਲੋਕਾਂ ਨੂੰ ਵੀ ਮਾਰ ਦਿੱਤਾ ਹੈ। ਇਸ ਮੁਸ਼ਕਲ ਕਰਕੇ ਜ਼ਮੀਂਦਾਰਾਂ ਅਤੇ ਜੰਗਲੀ-ਜੀਵਾਂ ਦੇ ਰੱਖਿਅਕਾਂ ਵਿਚਕਾਰ ਕਈ ਚਿਰਾਂ ਤੋਂ ਲੜਾਈ-ਝਗੜਾ ਚੱਲਦਾ ਆਇਆ ਹੈ। ਅਖ਼ੀਰ ਇਨ੍ਹਾਂ ਹਾਥੀਆਂ ਨੂੰ ਰੋਕਣ ਦਾ ਇਕ ਤਰੀਕਾ ਲੱਭ ਹੀ ਗਿਆ​—ਮਿਰਚਾਂ ਦੇ ਬੂਟੇ। ਦੱਖਣੀ ਅਫ਼ਰੀਕਾ ਦੇ ਇਕ ਅਖ਼ਬਾਰ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਇਸ ਬੂਟੇ ਦੀ ਵਾੜ ਕੀਤੀ ਜਾਂਦੀ ਹੈ ਉੱਥੋਂ ਹਾਥੀ ਪਿੱਛੇ ਹਟ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ “ਇਸ ਬੂਟਾ ਦੀ ਮਹਿਕ ਤੋਂ ਘਿਣ ਆਉਂਦੀ ਹੈ।” ਪਾਰਕਾਂ ਦੇ ਚੌਕੀਦਾਰ ਹੁਣ ਸੁਖ ਦਾ ਸਾਹ ਲੈ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ “ਹਾਥੀਆਂ ਨੂੰ ਜ਼ਬਰਦਸਤੀ ਨਾਲ ਪਾਰਕ ਦੇ ਅੰਦਰ ਧੱਕਣਾ ਨਹੀਂ ਪੈਂਦਾ।” ਇਸ ਦੇ ਨਾਲ, ਉੱਥੋਂ ਦੇ ਆਮ ਜ਼ਮੀਂਦਾਰਾਂ ਦੀ ਖੇਤੀ ਨੂੰ ਵੀ ਘੱਟ ਨੁਕਸਾਨ ਪਹੁੰਚਦਾ ਹੈ। ਇਹ ਵੀ ਲੱਗਦਾ ਹੈ ਕਿ ਮਿਰਚਾਂ ਦਾ ਕਾਰੋਬਾਰ ਵੀ ਕੋਈ ਘੱਟ ਲਾਹੇਵੰਦ ਨਹੀਂ ਹੋਵੇਗਾ। (g05 1/8)

ਬਜ਼ੁਰਗ ਕੋਈ ਬੋਝ ਨਹੀਂ ਹਨ

“ਬਜ਼ੁਰਗ ਲੋਕਾਂ ਉੱਤੇ ਕੀਤੇ ਜਾਂਦੇ ਖ਼ਰਚ ਵੱਲ ਧਿਆਨ ਦੇਣ ਦੀ ਬਜਾਇ, ਚੰਗਾ ਹੋਵੇਗਾ ਜੇ ਉਨ੍ਹਾਂ ਦੁਆਰਾ ਕੀਤੇ ਗਏ ਮੁਫ਼ਤ ਕੰਮਾਂ ਵੱਲ ਧਿਆਨ ਦਿੱਤਾ ਜਾਵੇ ਜਿਸ ਤੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਦੀ ਕਾਫ਼ੀ ਆਮਦਨ ਬਚਦੀ ਹੈ,” ਆਸਟ੍ਰੇਲੀਆ ਵਿਚ ਪਰਿਵਾਰਾਂ ਦਾ ਅਧਿਐਨ ਕਰਨ ਵਾਲੀ ਇਕ ਸੰਸਥਾ ਨੇ ਰਿਪੋਰਟ ਵਿਚ ਕਿਹਾ। “ਜਿਹੜੇ ਕੰਮ ਬਜ਼ੁਰਗ ਮੁਫ਼ਤ ਵਿਚ ਕਰਦੇ ਹਨ, ਇਨ੍ਹਾਂ ਨੂੰ ਕਿਸੇ ਏਜੰਸੀ ਵੱਲੋਂ ਘੱਲੇ ਮਜ਼ਦੂਰਾਂ ਤੋਂ ਕਰਾਉਣੇ ਮੁਸ਼ਕਲ ਹੋਵੇਗਾ।” ਅੱਗੇ ਜਾ ਕੇ ਇਹੀ ਅਧਿਐਨ ਦੱਸਦਾ ਹੈ ਕਿ “ਇਕ ਸਾਲ ਵਿਚ ਆਸਟ੍ਰੇਲੀਆ ਦੇ 65 ਸਾਲਾਂ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੇ 39 ਅਰਬ ਡਾਲਰਾਂ ਦੀ [ਸਮਾਜ] ਸੇਵਾ ਮੁਫ਼ਤ ਵਿਚ ਕੀਤੀ ਹੈ।” ਇਨ੍ਹਾਂ ਸੇਵਾਵਾਂ ਵਿਚ ਸ਼ਾਮਲ ਹੈ ਬੱਚਿਆਂ ਅਤੇ ਬੀਮਾਰਾਂ ਦੀ ਦੇਖ-ਭਾਲ ਕਰਨੀ ਅਤੇ ਘਰ ਦੇ ਕੰਮਾਂ ਵਿਚ ਵੀ ਹੱਥ ਵਟਾਉਣਾ। ਅਧਿਐਨ ਦੇ ਲੇਖਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਸੇਵਾਵਾਂ ਦੀ ਤੁਲਨਾ ‘ਗੂੰਦ’ ਨਾਲ ਕੀਤੀ ਜਾ ਸਕਦੀ ਹੈ ਜੋ “ਸਮਾਜ ਨੂੰ ਜੋੜੀ ਰੱਖਦਾ ਹੈ।” ਇਸ ਦੀ ਕੀਮਤ ਪੈਸੇ ਨਾਲ ਨਹੀਂ ਤੋਲੀ ਜਾ ਸਕਦੀ। (g05 1/8)

ਏਡਜ਼ ਨੇ ਸਾਰੇ ਅਗਲੇ-ਪਿਛਲੇ ਰਿਕਾਰਡ ਤੋੜ ਦਿੱਤੇ

ਸਾਲ 2003 ਵਿਚ ਪੰਜਾਹ ਲੱਖ ਲੋਕ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਬਣੇ ਸਨ। ਦ ਵੌਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਦੇ ਮੁਤਾਬਕ “ਇਸ ਮਹਾਂਮਾਰੀ ਦੇ ਵੀਹ ਸਾਲਾਂ ਦੇ ਇਤਿਹਾਸ ਵਿਚ ਕਦੇ ਵੀ ਇੰਨੇ ਸਾਰੇ ਲੋਕ ਇਕ ਸਾਲ ਵਿਚ ਇਕੱਠੇ ਇਸ ਰੋਗ ਦੇ ਸ਼ਿਕਾਰ ਨਹੀਂ ਬਣੇ। ਭਾਵੇਂ ਕਈ ਗ਼ਰੀਬ ਦੇਸ਼ਾਂ ਵਿਚ ਐੱਚ. ਆਈ. ਵੀ. ਨਾਲ ਨਿਪਟਣ ਦੀ ਸਖ਼ਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਫਿਰ ਵੀ ਏਡਜ਼ ਲੱਖਾਂ ਲੋਕਾਂ ਨੂੰ ਡੰਗ ਰਿਹਾ ਹੈ ਤੇ ਲੱਖਾਂ ਹੀ ਲੋਕ ਇਸ ਕਰਕੇ ਮਰ-ਮੁੱਕ ਰਹੇ ਹਨ।” ਸੰਯੁਕਤ ਰਾਸ਼ਟਰ-ਸੰਘ ਅਤੇ ਹੋਰ ਸੰਸਥਾਵਾਂ ਦੁਆਰਾ ਚਲਾਏ ਇਕ ਪ੍ਰੋਗ੍ਰਾਮ (UNAIDS) ਮੁਤਾਬਕ ਇਸ ਬੀਮਾਰੀ ਕਾਰਨ 30 ਲੱਖ ਲੋਕ ਹਰ ਸਾਲ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਅਤੇ 1981 ਦੇ ਪਹਿਲੇ ਕੇਸ ਤੋਂ ਲੈ ਕੇ ਹੁਣ ਤਕ 2 ਕਰੋੜ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਦੇ ਕਾਰਨ ਮਰ ਚੁੱਕੇ ਹਨ। ਰਾਸ਼ਟਰ-ਸੰਘ ਦੀ ਇਸ ਏਜੰਸੀ ਦੇ ਅੰਦਾਜ਼ੇ ਅਨੁਸਾਰ 3.8 ਕਰੋੜ ਲੋਕਾਂ ਨੂੰ ਐੱਚ. ਆਈ. ਵੀ. ਦੀ ਬੀਮਾਰੀ ਹੈ। ਅਫ਼ਰੀਕਾ ਦੇ ਸਹਾਰਾ ਰੇਗਿਸਤਾਨ ਦੇ ਦੱਖਣ ਵਿਚ ਪੈਂਦੇ ਦੇਸ਼ਾਂ ਵਿਚ ਢਾਈ ਕਰੋੜ ਲੋਕ ਇਸ ਬੀਮਾਰੀ ਤੋਂ ਪੀੜਿਤ ਹਨ। ਇਸ ਤੋਂ ਇਲਾਵਾ, ਦੱਖਣੀ ਤੇ ਦੱਖਣ-ਪੂਰਬੀ ਏਸ਼ੀਆ ਵਿਚ 65 ਲੱਖ ਲੋਕਾਂ ਨੂੰ ਇਹ ਬੀਮਾਰੀ ਹੈ। ਅਖ਼ਬਾਰ ਨੇ ਅੱਗੇ ਕਿਹਾ: “ਦੁਨੀਆਂ ਭਰ ਵਿਚ ਐੱਚ. ਆਈ. ਵੀ. ਤੋਂ ਪੀੜਿਤ ਹੋਣ ਵਾਲਿਆਂ ਵਿੱਚੋਂ ਅੱਧ ਤੋਂ ਜ਼ਿਆਦਾ ਲੋਕਾਂ ਦੀ ਉਮਰ ਕੇਵਲ 15 ਤੋਂ 24 ਸਾਲਾਂ ਦੇ ਵਿਚਕਾਰ ਹੈ।” (g05 2/22)

ਦਰਖ਼ਤਾਂ ਦੀ ਲੰਬਾਈ ਦੀਆਂ ਹੱਦਾਂ

ਲਾਸ ਵੇਗਸ ਰਿਵਿਊ-ਜਰਨਲ ਅਖ਼ਬਾਰ ਦਾ ਕਹਿਣਾ ਹੈ ਕਿ “ਜੀਉਂਦੀਆਂ ਚੀਜ਼ਾਂ ਵਿੱਚੋਂ ਲਾਲ ਲੱਕੜ ਦੇ ਦਰਖ਼ਤ ਸਭ ਤੋਂ ਉੱਚੇ ਗਿਣੇ ਜਾਂਦੇ ਹਨ। ਪਰ ਇਨ੍ਹਾਂ ਦਰਖ਼ਤਾਂ ਦੀ ਲੰਬਾਈ ਦੀ ਵੀ ਇਕ ਹੱਦ ਹੈ ਅਤੇ ਇਨ੍ਹਾਂ ਦੀ ਭਾਵੇਂ ਜਿੰਨੇ ਮਰਜ਼ੀ ਚੰਗੇ ਹਾਲਾਤ ਥੱਲੇ ਦੇਖ-ਰੇਖ ਕੀਤੀ ਜਾਵੇ ਇਹ ਫਿਰ ਵੀ ਆਪਣੀ ਹੱਦ ਤੋਂ ਉੱਪਰ ਵੱਧ ਨਹੀਂ ਸਕਦੇ।” ਅੱਜ ਦੁਨੀਆਂ ਦੇ ਸਭ ਤੋਂ ਉੱਚੇ ਦਰਖ਼ਤ ਦੀ ਲੰਬਾਈ (110 ਮੀਟਰ, ਅੰਦਾਜ਼ਨ 30-ਮੰਜ਼ਲਾ ਇਮਾਰਤ ਜਿੰਨੀ) ਅਤੇ ਇਸ ਨਾਲ ਮਿਲਦੇ-ਜੁਲਦੇ ਚਾਰ ਹੋਰ ਦਰਖ਼ਤਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਲੰਬਾਈ ਵੱਧ ਤੋਂ ਵੱਧ 130 ਮੀਟਰ ਤਕ ਹੀ ਪਹੁੰਚ ਸਕਦੀ ਹੈ। ਖੋਜਕਾਰਾਂ ਦੇ ਅਨੁਸਾਰ ਪਾਣੀ ਨੂੰ ਜੜ੍ਹਾਂ ਤੋਂ ਲੈ ਕੇ ਸਿਰੇ ਤਕ ਪਹੁੰਚਣ ਲਈ 24 ਦਿਨ ਲੱਗ ਸਕਦੇ ਹਨ। ਪਾਣੀ ਨੂੰ ਦਰਖ਼ਤ ਵਿਚਲੀਆਂ ਨਾਲੀਆਂ ਰਾਹੀਂ ਉੱਪਰ ਖਿੱਚਿਆ ਜਾਂਦਾ ਹੈ, ਪਰ ਗ੍ਰੇਵਟੀ ਕਰਕੇ ਪਾਣੀ ਲਈ ਸਿਰੇ ਤਕ ਜਾਣਾ ਔਖਾ ਹੋ ਜਾਂਦਾ ਹੈ, ਤਾਂ ਅਖ਼ੀਰ ਵਿਚ ਪਾਣੀ ਦੀ ਸਪਲਾਈ ਕੱਟੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਦਰਖ਼ਤ ਦੀ ਲੰਬਾਈ ਆਪਣੀ ਹੱਦ ਤੋਂ ਕਿਤੇ ਉੱਪਰ ਨਹੀਂ ਟੱਪਦੀ। ਡਗਲਸ ਫਰ ਨਾਂ ਦਾ ਦਰਖ਼ਤ ਜਿਸ ਦੀ ਲੰਮਾਈ 126 ਮੀਟਰ ਹੈ ਸਭ ਤੋਂ ਲੰਬਾ ਗਿਣਿਆ ਗਿਆ ਸੀ। (g05 2/22)

ਪੰਡਾ ਰਿੱਛ ਅਤੇ ਬਾਂਸ

ਲੰਡਨ ਦੀ ਡੇਲੀ ਟੈਲੀਗ੍ਰਾਫ਼ ਅਖ਼ਬਾਰ ਨੇ ਕਿਹਾ: “ਵੱਡਾ ਪੰਡਾ, ਜੋ ਚੀਨ ਦੇਸ਼ ਅਤੇ ਜੰਗਲੀ ਜਾਨਵਰਾਂ ਦੇ ਰੱਖਿਅਕਾਂ ਦਾ ਚਿੰਨ੍ਹ ਰਿਹਾ ਹੈ ਉੱਨੇ ਖ਼ਤਰੇ ਵਿਚ ਨਹੀਂ ਹੈ ਜਿੰਨਾ ਪਹਿਲਾਂ ਸਮਝਿਆ ਜਾਂਦਾ ਸੀ।” ਅਨੁਮਾਨ ਲਗਾਇਆ ਗਿਆ ਸੀ ਕਿ ਇਸ ਜਾਨਵਰ ਦੀ ਸੰਖਿਆ 1,000 ਤੋਂ 1,100 ਦੇ ਵਿਚਕਾਰ ਸੀ, ਪਰ ਵਿਸ਼ਵ-ਵਿਆਪੀ ਫ਼ੰਡ ਅਤੇ ਚੀਨੀ ਸਰਕਾਰ ਦੁਆਰਾ ਕੀਤੀ ਗਈ ਚਾਰ ਸਾਲਾਂ ਦੀ ਸਟੱਡੀ ਮੁਤਾਬਕ ਹੁਣ ਇਨ੍ਹਾਂ ਦੀ ਸੰਖਿਆ 1,590 ਤੋਂ ਵੀ ਜ਼ਿਆਦਾ ਵੱਧ ਗਈ ਹੈ। ਬਿਹਤਰ ਤਕਨਾਲੋਜੀ ਦੀ ਵਰਤੋਂ ਨਾਲ ਉਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ ਜਿੱਥੇ ਪੰਡੇ ਰਹਿੰਦੇ ਹਨ, ਜਿਸ ਕਰਕੇ ਇਨ੍ਹਾਂ ਦੀ ਸਹੀ ਗਿਣਤੀ ਲੈਣੀ ਮੁਮਕਿਨ ਹੋਈ। ਭਾਵੇਂ ਜੰਗਲੀ-ਜੀਵਾਂ ਦੇ ਰੱਖਿਅਕਾਂ ਲਈ ਇਹ ਇਕ ਖ਼ੁਸ਼-ਖ਼ਬਰੀ ਸੀ, ਪਰ ਇੰਗਲੈਂਡ ਦੀ ਇਕ ਸੰਸਥਾ ਦਾ ਮੰਨਣਾ ਹੈ ਕਿ ਜੰਗਲਾਂ ਦੀ ਕਟਾਈ ਦੇ ਕਾਰਨ ਪੰਡਾ ਦਾ ਮੁੱਖ ਭੋਜਨ ਯਾਨੀ ਬਾਂਸ ਦੇ ਬੂਟੇ ਖ਼ਤਰੇ ਵਿਚ ਹਨ। ਕਿਉਂ? ਟੈਲੀਗ੍ਰਾਫ਼ ਮੁਤਾਬਕ “ਬਾਂਸ ਦੇ ਵੱਖ-ਵੱਖ ਕਿਸਮਾਂ ਦੇ ਕਈ ਬੂਟਿਆਂ ਨੂੰ 20 ਤੋਂ 100 ਸਾਲਾਂ ਵਿਚ ਇੱਕੋ ਵਾਰੀ ਫੁੱਲ ਲੱਗਦੇ ਹਨ ਜਿਸ ਮਗਰੋਂ ਬੂਟਾ ਮਰ ਜਾਂਦਾ।” (g05 3/8)

ਗਿਰਗਿਟ ਦੀ ਫੁਰਤੀਲੀ ਜੀਭ

ਗਿਰਗਿਟ ਆਪਣੇ ਸ਼ਿਕਾਰ ਨੂੰ ਫੜਨ ਲਈ ਆਪਣੀ ਜੀਭ ਇੰਨੀ ਫੁਰਤੀਲੀ ਨਾਲ ਕਿਵੇਂ ਵਰਤਦਾ ਹੈ? ਨਿਊ ਸਾਇੰਟਿਸਟ ਰਸਾਲਾ ਕਹਿੰਦਾ ਹੈ: “ਉਸ ਦੀ ਜੀਭ ਇਕ ਸਪ੍ਰਿੰਗ ਵਾਂਗ ਕੰਮ ਕਰਦੀ ਹੈ। ਜਿਸ ਤਰ੍ਹਾਂ ਗੁਲੇਲਾ ਮਾਰਨ ਤੋਂ ਪਹਿਲਾਂ ਗੁਲੇਲ ਦੀ ਇਲਾਸਟਿਕ ਨੂੰ ਪੂਰੇ ਜ਼ੋਰ ਨਾਲ ਪਿੱਛੇ ਨੂੰ ਖਿੱਚ ਕੇ ਛੱਡ ਦਿੱਤਾ ਜਾਂਦਾ ਹੈ ਇੰਜ ਹੀ ਗਿਰਗਿਟ ਕਰਦਾ ਹੈ।” ਸਾਇੰਸਦਾਨਾਂ ਨੂੰ ਪਹਿਲਾਂ ਪਤਾ ਸੀ ਕਿ ਗਿਰਗਿਟ ਦੀ ਜੀਭ ਦੁਆਲੇ ਅਜਿਹੀਆਂ ਮਾਸ-ਪੇਸ਼ੀਆਂ ਹਨ ਜਿਨ੍ਹਾਂ ਦੇ ਸਹਾਰੇ ਨਾਲ ਜੀਭ ਬਹੁਤ ਤੇਜ਼ੀ ਨਾਲ ਬਾਹਰ ਕੱਢੀ ਜਾ ਸਕਦੀ ਹੈ। ਪਰ ਹੁਣ ਸਲੋ-ਮੋਸ਼ਨ ਕੈਮਰਿਆਂ ਨਾਲ ਨੀਦਰਲੈਂਡਜ਼ ਦੇ ਖੋਜਕਾਰਾਂ ਨੂੰ ਪਤਾ ਲੱਗਾ ਹੈ ਕਿ ਆਪਣੇ ਸ਼ਿਕਾਰ ਤੇ ਹਮਲਾ ਕਰਨ ਤੋਂ 200 ਮਿਲੀ-ਸਕਿੰਟ ਪਹਿਲਾਂ “ਗਿਰਗਿਟ ਇਨ੍ਹਾਂ ਮਾਸ-ਪੇਸ਼ੀਆਂ ਨਾਲ ਆਪਣੀ ਜੀਭ ਸਪ੍ਰਿੰਗ ਵਾਂਗ ਸੁੰਗੇੜ ਲੈਂਦਾ ਹੈ। ਫਿਰ ਸ਼ਿਕਾਰ ਨੂੰ ਫੜਨ ਲਈ ਗਿਰਗਿਟ ਕੇਵਲ 20 ਮਿਲੀ-ਸਕਿੰਟਾਂ ਵਿਚ ਆਪਣੀ ਜੀਭ ਛੱਡ ਸਕਦਾ ਹੈ।” (g05 3/22)