Skip to content

Skip to table of contents

ਕੀ ਵੱਡੇ ਬਣਨ ਦੀ ਇੱਛਾ ਰੱਖਣੀ ਗ਼ਲਤ ਹੈ?

ਕੀ ਵੱਡੇ ਬਣਨ ਦੀ ਇੱਛਾ ਰੱਖਣੀ ਗ਼ਲਤ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਵੱਡੇ ਬਣਨ ਦੀ ਇੱਛਾ ਰੱਖਣੀ ਗ਼ਲਤ ਹੈ?

“ਅ ਾਖ਼ਰ ਨਾਮ, ਸ਼ੁਹਰਤ ਤੇ ਤਾਕਤ ਹਾਸਲ ਕਰਨ ਵਿਚ ਕੀ ਖ਼ਰਾਬੀ ਹੈ?” ਇਹ ਸਵਾਲ ਇਕ ਧਾਰਮਿਕ ਸੰਸਥਾ ਦੀ ਰਿਪੋਰਟ ਦੇ ਸਿਰਲੇਖ “ਨੈਤਿਕਤਾ ਦਾ ਸਵਾਲ” ਥੱਲੇ ਪੁੱਛਿਆ ਗਿਆ ਸੀ। ਇਸ ਰਿਪੋਰਟ ਵਿਚ ਪਰਮੇਸ਼ੁਰ ਦੇ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਸੀ ਜੋ ਉਸ ਨੇ ਅਬਰਾਹਾਮ ਨੂੰ ਕਹੇ ਸਨ: “ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ।”—ਉਤਪਤ 12:2.

ਭਾਵੇਂ ਕਿ ਇਸ ਰਿਪੋਰਟ ਨੇ ਕਿਹਾ ਕਿ “ਸਾਨੂੰ ਕਦੇ ਵੀ ਇਸ ਹੱਦ ਤਕ ਅਭਿਲਾਸ਼ੀ ਨਹੀਂ ਬਣਨਾ ਚਾਹੀਦਾ ਕਿ ਦੂਸਰਿਆਂ ਨੂੰ ਇਸ ਤੋਂ ਨੁਕਸਾਨ ਪਹੁੰਚੇ,” ਪਰ ਦੂਸਰੇ ਪਾਸੇ ਇਸੇ ਰਿਪੋਰਟ ਨੇ ਪਹਿਲੀ ਸਦੀ ਦੇ ਇਕ ਮਸ਼ਹੂਰ ਯਹੂਦੀ ਧਾਰਮਿਕ ਆਗੂ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ “ਜੇ ਮੈਂ ਆਪਣੇ ਬਾਰੇ ਨਾ ਸੋਚਾਂ, ਤਾਂ ਹੋਰ ਕੌਣ ਸੋਚੇਗਾ?” ਅਖ਼ੀਰ ਵਿਚ ਇਸ ਰਿਪੋਰਟ ਨੇ ਕਿਹਾ ਕਿ “ਜੇ ਅਸੀਂ ਖ਼ੁਦ ਆਪਣੀ ਕਦਰ ਨਾ ਕਰੀਏ, ਤਾਂ ਭਲਾ ਦੂਸਰੇ ਸਾਡੀ ਕਦਰ ਕਿਉਂ ਕਰਨਗੇ?” ਕੀ ਪਰਮੇਸ਼ੁਰ ਦੇ ਸੇਵਕਾਂ ਨੂੰ ਨਾਮ ਅਤੇ ਸ਼ੁਹਰਤ ਕਮਾਉਣ ਬਾਰੇ ਸੋਚਣਾ ਚਾਹੀਦਾ ਹੈ ਕਿ ਨਹੀਂ? ਆਪਣੀਆਂ ਕਾਬਲੀਅਤਾਂ ਦੀ ਕਦਰ ਕਰਨ ਵਿਚ ਕੀ-ਕੀ ਸ਼ਾਮਲ ਹੈ? ਕੀ ਅੱਗੇ ਵਧਣ ਦੀ ਇੱਛਾ ਰੱਖਣੀ ਗ਼ਲਤ ਹੈ? ਬਾਈਬਲ ਦਾ ਇਸ ਬਾਰੇ ਕੀ ਨਜ਼ਰੀਆ ਹੈ?

ਕੀ ਅਬਰਾਹਾਮ ਨਾਮ ਕਮਾਉਣਾ ਚਾਹੁੰਦਾ ਸੀ?

ਬਾਈਬਲ ਵਿਚ ਅਬਰਾਹਾਮ ਨੂੰ ਨਿਹਚਾਵਾਨ ਇਨਸਾਨ ਕਿਹਾ ਗਿਆ ਹੈ। (ਇਬਰਾਨੀਆਂ 11:8, 17) ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਤੋਂ ਇਕ ਵੱਡੀ ਕੌਮ ਬਣਾਵੇਗਾ ਅਤੇ ਉਸ ਦਾ ਨਾਂ ਉੱਚਾ ਕਰੇਗਾ। ਅਬਰਾਹਾਮ ਨਾਲ ਇਹ ਵਾਅਦਾ ਕਰ ਕੇ ਪਰਮੇਸ਼ੁਰ ਉਸ ਨੂੰ ਵੱਡਾ ਬਣਨ ਦੀ ਹੱਲਾਸ਼ੇਰੀ ਨਹੀਂ ਦੇ ਰਿਹਾ ਸੀ। ਅਸਲ ਵਿਚ ਪਰਮੇਸ਼ੁਰ ਆਪਣੇ ਮਕਸਦ ਨੂੰ ਅੱਗੇ ਵਧਾਉਣ ਬਾਰੇ ਦੱਸ ਰਿਹਾ ਸੀ। ਉਸ ਨੇ ਅਬਰਾਹਾਮ ਰਾਹੀਂ ਮਨੁੱਖਜਾਤੀ ਨੂੰ ਬਰਕਤਾਂ ਦੇਣੀਆਂ ਸਨ।—ਗਲਾਤੀਆਂ 3:14.

ਅਬਰਾਹਾਮ ਦੇ ਦਿਲ ਵਿਚ ਪਰਮੇਸ਼ੁਰ ਲਈ ਬੇਹੱਦ ਪਿਆਰ ਤੇ ਸ਼ਰਧਾ ਸੀ। ਇਸ ਸਦਕਾ ਉਹ ਊਰ ਸ਼ਹਿਰ ਵਿਚ ਆਪਣੀ ਸਾਰੀ ਧਨ-ਦੌਲਤ ਅਤੇ ਆਰਾਮ ਦੀ ਜ਼ਿੰਦਗੀ ਛੱਡਣ ਲਈ ਤਿਆਰ ਸੀ। (ਉਤਪਤ 11:31) ਬਾਅਦ ਵਿਚ ਅਬਰਾਹਾਮ ਨੇ ਆਪਣੇ ਭਤੀਜੇ ਲੂਤ ਨਾਲ ਸ਼ਾਂਤੀ ਬਣਾਈ ਰੱਖਣ ਦੀ ਖ਼ਾਤਰ ਉਸ ਨੂੰ ਸਭ ਤੋਂ ਉਪਜਾਊ ਜ਼ਮੀਨ ਦੇ ਦਿੱਤੀ। ਆਪਣਾ ਹੱਕ ਜਤਾਉਣ ਦੀ ਬਜਾਇ ਉਸ ਨੇ ਲੂਤ ਨੂੰ ਪਹਿਲਾਂ ਜ਼ਮੀਨ ਚੁਣਨ ਦਾ ਮੌਕਾ ਦਿੱਤਾ। (ਉਤਪਤ 13:8, 9) ਬਾਈਬਲ ਵਿਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਜਿਸ ਤੋਂ ਇਹ ਸਾਬਤ ਹੋਵੇ ਕਿ ਅਬਰਾਹਾਮ ਦੇ ਦਿਲ ਵਿਚ ਨਾਮ ਤੇ ਸ਼ੁਹਰਤ ਕਮਾਉਣ ਦੀ ਖ਼ਾਹਸ਼ ਸੀ। ਇਸ ਦੇ ਉਲਟ, ਉਸ ਦੀ ਨਿਹਚਾ, ਵਫ਼ਾਦਾਰੀ ਅਤੇ ਹਲੀਮੀ ਕਾਰਨ ਉਸ ਨੂੰ ਪਰਮੇਸ਼ੁਰ ਦਾ “ਦੋਸਤ” ਕਿਹਾ ਗਿਆ ਸੀ।—ਯਸਾਯਾਹ 41:8.

ਨਾਮ, ਸ਼ੁਹਰਤ ਅਤੇ ਤਾਕਤ ਬਾਰੇ ਵੱਖਰਾ ਨਜ਼ਰੀਆ

ਵੱਡਾ ਬਣਨ ਦੀ ਇੱਛਾ ਰੱਖਣ ਵਾਲਾ ਇਨਸਾਨ ਹਰ ਵੇਲੇ ਨਾਮ, ਤਾਕਤ ਅਤੇ ਸ਼ੁਹਰਤ ਕਮਾਉਣ ਬਾਰੇ ਸੋਚਦਾ ਰਹਿੰਦਾ ਹੈ। ਪੁਰਾਣੇ ਜ਼ਮਾਨੇ ਵਿਚ ਰਾਜਾ ਸੁਲੇਮਾਨ ਕੋਲ ਨਾਮ, ਸ਼ੁਹਰਤ ਅਤੇ ਤਾਕਤ ਤੋਂ ਇਲਾਵਾ ਕਾਫ਼ੀ ਧਨ-ਦੌਲਤ ਵੀ ਸੀ। (ਉਪਦੇਸ਼ਕ ਦੀ ਪੋਥੀ 2:3-9) ਪਰ ਦਿਲਚਸਪੀ ਦੀ ਗੱਲ ਹੈ ਕਿ ਉਸ ਦੇ ਮਨ ਵਿਚ ਇਨ੍ਹਾਂ ਨੂੰ ਹਾਸਲ ਕਰਨ ਦੀ ਇੱਛਾ ਬਿਲਕੁਲ ਨਹੀਂ ਸੀ। ਜਦੋਂ ਰਾਜਾ ਸੁਲੇਮਾਨ ਨੇ ਆਪਣੀ ਰਾਜ-ਗੱਦੀ ਸੰਭਾਲੀ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਸੀ ਕਿ ਉਹ ਜੋ ਚਾਹੇ ਮੰਗ ਸਕਦਾ ਸੀ। ਸੁਲੇਮਾਨ ਨੇ ਹਲੀਮੀ ਨਾਲ ਆਗਿਆਕਾਰ ਦਿਲ ਅਤੇ ਸਮਝਦਾਰੀ ਮੰਗੀ ਤਾਂਕਿ ਉਹ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਉੱਤੇ ਚੰਗੀ ਤਰ੍ਹਾਂ ਰਾਜ ਕਰ ਸਕੇ। (1 ਰਾਜਿਆਂ 3:5-9) ਬਾਅਦ ਵਿਚ ਸੁਲੇਮਾਨ ਨੇ ਆਪਣੀ ਧਨ-ਦੌਲਤ ਅਤੇ ਤਾਕਤ ਬਾਰੇ ਕਿਹਾ ਕਿ “ਇਹ ਸਭ ਕੁਝ ਅਰਥਹੀਣ ਸੀ। ਇਹ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਸੀ।”—ਉਪਦੇਸ਼ਕ 2:11, ਈਜ਼ੀ ਟੂ ਰੀਡ ਵਰਯਨ।

ਕੀ ਸੁਲੇਮਾਨ ਨੇ ਕਾਮਯਾਬ ਇਨਸਾਨ ਬਣਨ ਬਾਰੇ ਕੁਝ ਕਿਹਾ ਸੀ? ਇਕ ਤਰ੍ਹਾਂ ਦੇਖਿਆ ਜਾਵੇ ਤਾਂ ਹਾਂ। ਆਪਣੀ ਜ਼ਿੰਦਗੀ ਦੇ ਤਜਰਬਿਆਂ ਤੇ ਝਾਤੀ ਮਾਰਦੇ ਹੋਏ ਉਹ ਇਸ ਨਤੀਜੇ ਤੇ ਪਹੁੰਚਿਆ ਸੀ ਕਿ “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਉਪਦੇਸ਼ਕ ਦੀ ਪੋਥੀ 12:13) ਜੀ ਹਾਂ, ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਹੀ ਕਾਮਯਾਬ ਇਨਸਾਨ ਬਣ ਸਕਦੇ ਹਾਂ, ਨਾ ਕਿ ਨਾਮ, ਸ਼ੁਹਰਤ, ਧਨ-ਦੌਲਤ ਅਤੇ ਤਾਕਤ ਹਾਸਲ ਕਰ ਕੇ।

ਨਿਮਰ ਇਨਸਾਨ ਉੱਚਾ ਕੀਤਾ ਜਾਵੇਗਾ

ਮੰਨਿਆ ਕਿ ਆਪਣੇ ਆਪ ਤੇ ਕਿਸੇ ਹੱਦ ਤਕ ਮਾਣ ਕਰਨਾ ਜਾਂ ਆਪਣੇ ਲਾਭ ਬਾਰੇ ਸੋਚਣ ਵਿਚ ਕੋਈ ਹਰਜ਼ ਨਹੀਂ ਹੈ। ਬਾਈਬਲ ਸਾਨੂੰ ਹੁਕਮ ਦਿੰਦੀ ਹੈ ਕਿ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। (ਮੱਤੀ 22:39) ਖ਼ੁਸ਼ੀਆਂ ਨਾਲ ਭਰੀ ਆਰਾਮਦੇਹ ਜ਼ਿੰਦਗੀ ਦੀ ਉਮੀਦ ਰੱਖਣੀ ਕੁਦਰਤੀ ਹੈ। ਪਰ ਬਾਈਬਲ ਸਾਨੂੰ ਮਿਹਨਤ ਕਰਨ, ਨਿਮਰ ਬਣਨ ਅਤੇ ਸੰਜਮ ਰੱਖਣ ਦੀ ਤਾਕੀਦ ਕਰਦੀ ਹੈ। (ਕਹਾਉਤਾਂ 15:33; ਉਪਦੇਸ਼ਕ ਦੀ ਪੋਥੀ 3:13; ਮੀਕਾਹ 6:8) ਜਿਹੜੇ ਲੋਕ ਈਮਾਨਦਾਰ, ਭਰੋਸੇਯੋਗ ਅਤੇ ਮਿਹਨਤੀ ਹੁੰਦੇ ਹਨ, ਉਨ੍ਹਾਂ ਨੂੰ ਅਕਸਰ ਚੰਗੀਆਂ ਨੌਕਰੀਆਂ ਮਿਲ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਆਦਰ-ਮਾਣ ਵੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਕਾਮਯਾਬੀ ਚਲਾਕੀ ਨਾਲ ਹਾਸਲ ਕੀਤੇ ਗਏ ਅਹੁਦੇ ਜਾਂ ਧਨ-ਦੌਲਤ ਨਾਲੋਂ ਕਿਤੇ ਬਿਹਤਰ ਹੈ।

ਯਿਸੂ ਨੇ ਇਕ ਵਾਰ ਆਪਣੇ ਸੁਣਨ ਵਾਲਿਆਂ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜੇ ਕੋਈ ਉਨ੍ਹਾਂ ਨੂੰ ਵਿਆਹ ਤੇ ਬੁਲਾਵੇ, ਤਾਂ ਉੱਥੇ ਜਾ ਕੇ ਉਨ੍ਹਾਂ ਨੂੰ ਮੋਹਰੇ ਬੈਠਣ ਲਈ ਜਗ੍ਹਾ ਨਹੀਂ ਭਾਲਣੀ ਚਾਹੀਦੀ। ਉਸ ਨੇ ਉਨ੍ਹਾਂ ਨੂੰ ਪਿੱਛੇ ਬੈਠਣ ਦੀ ਸਲਾਹ ਦਿੱਤੀ। ਬਾਅਦ ਵਿਚ ਜੇ ਮੇਜ਼ਬਾਨ ਆ ਕੇ ਉਨ੍ਹਾਂ ਨੂੰ ਮੋਹਰੇ ਬੈਠਣ ਲਈ ਕਹੇ, ਤਾਂ ਇਸ ਨਾਲ ਉਨ੍ਹਾਂ ਦੀ ਇੱਜ਼ਤ ਵਧੇਗੀ। ਇਸ ਤਰ੍ਹਾਂ ਯਿਸੂ ਨੇ ਉਨ੍ਹਾਂ ਦਾ ਧਿਆਨ ਇਸ ਸੱਚਾਈ ਵੱਲ ਖਿੱਚਿਆ: “ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।”—ਲੂਕਾ 14:7-11.

ਸੱਚੇ ਮਸੀਹੀ ਵੱਡੇ ਬਣਨ ਦਾ ਜਤਨ ਨਹੀਂ ਕਰਦੇ

ਬਾਈਬਲ ਦੱਸਦੀ ਹੈ ਕਿ ਦੂਸਰਿਆਂ ਤੋਂ ਅੱਗੇ ਵਧਣ ਦੀ ਲਾਲਸਾ ਅਤੇ ਹੰਕਾਰ ਸਾਡੀ ਨਾਮੁਕੰਮਲਤਾ ਦਾ ਨਤੀਜਾ ਹੈ। (ਯਾਕੂਬ 4:6) ਇਕ ਸਮੇਂ ਤੇ ਯੂਹੰਨਾ ਰਸੂਲ ਵੀ ਦੂਸਰਿਆਂ ਨਾਲੋਂ ਅੱਗੇ ਵਧਣਾ ਚਾਹੁੰਦਾ ਸੀ। ਵੱਡੇ ਬਣਨ ਦਾ ਉਸ ਤੇ ਇੰਨਾ ਭੂਤ ਸਵਾਰ ਸੀ ਕਿ ਉਸ ਨੇ ਅਤੇ ਉਸ ਦੇ ਭਰਾ ਨੇ ਬੇਝਿਜਕ ਹੋ ਕੇ ਯਿਸੂ ਨੂੰ ਕਿਹਾ ਕਿ ਉਹ ਆਪਣੇ ਰਾਜ ਵਿਚ ਉਨ੍ਹਾਂ ਨੂੰ ਉੱਚਾ ਅਹੁਦਾ ਦੇਵੇ। (ਮਰਕੁਸ 10:37) ਪਰ ਬਾਅਦ ਵਿਚ ਯੂਹੰਨਾ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ। ਆਪਣੀ ਤੀਜੀ ਪੱਤਰੀ ਵਿਚ ਉਸ ਨੇ ਦਿਯੁਤ੍ਰਿਫੇਸ ਨੂੰ ਸਖ਼ਤ ਲਫ਼ਜ਼ਾਂ ਵਿਚ ਨਿੰਦਿਆ ‘ਜਿਹੜਾ ਸਿਰ ਕੱਢ ਹੋਣਾ ਚਾਹੁੰਦਾ ਸੀ।’ (3 ਯੂਹੰਨਾ 9, 10) ਮਸੀਹੀ ਅੱਜ ਵੀ ਯਿਸੂ ਦੀ ਸਲਾਹ ਮੰਨਦੇ ਹੋਏ ਨਿਮਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਯੂਹੰਨਾ ਰਸੂਲ ਦੀ ਮਿਸਾਲ ਉੱਤੇ ਚੱਲਦੇ ਹਨ ਜਿਸ ਨੇ ਵੱਡੇ ਬਣਨ ਦੀ ਖ਼ਾਹਸ਼ ਨੂੰ ਆਪਣੇ ਦਿਲ ਵਿੱਚੋਂ ਕੱਢ ਦਿੱਤਾ ਸੀ।

ਜੇ ਦੇਖਿਆ ਜਾਵੇ ਤਾਂ ਇਕ ਵਿਅਕਤੀ ਦੇ ਹੁਨਰ, ਕਾਬਲੀਅਤ, ਚੰਗੇ ਕੰਮ ਅਤੇ ਮਿਹਨਤ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੇ ਕਿ ਉਸ ਨੂੰ ਸ਼ੁਹਰਤ ਮਿਲੇਗੀ। ਦੂਸਰੇ ਲੋਕ ਕਦੇ-ਕਦੇ ਇਨ੍ਹਾਂ ਗੁਣਾਂ ਦੀ ਕਦਰ ਕਰਦੇ ਹਨ ਤੇ ਕਦੇ ਨਹੀਂ। (ਕਹਾਉਤਾਂ 22:29; ਉਪਦੇਸ਼ਕ ਦੀ ਪੋਥੀ 10:7) ਕਈ ਵਾਰ ਘੱਟ ਤਜਰਬੇ ਵਾਲੇ ਇਨਸਾਨ ਨੂੰ ਉੱਚਾ ਅਹੁਦਾ ਮਿਲ ਜਾਂਦਾ ਹੈ, ਜਦ ਕਿ ਉਸ ਨਾਲੋਂ ਜ਼ਿਆਦਾ ਹੁਨਰਮੰਦ ਤੇ ਕਾਬਲ ਵਿਅਕਤੀ ਦੀ ਕੋਈ ਬਾਤ ਵੀ ਨਹੀਂ ਪੁੱਛਦਾ। ਇਸ ਨਾਮੁਕੰਮਲ ਦੁਨੀਆਂ ਵਿਚ ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੂੰ ਨਾਮ ਤੇ ਤਾਕਤ ਨਾਲ ਸਨਮਾਨਿਆ ਜਾਂਦਾ ਹੈ, ਉਹ ਇਸ ਸਨਮਾਨ ਦੇ ਕਾਬਲ ਹੋਣ।

ਪਰਮੇਸ਼ੁਰ ਦੇ ਸੇਵਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੂਸਰਿਆਂ ਨੂੰ ਕੁਚਲ ਕੇ ਅੱਗੇ ਵਧਣ ਦੀ ਇੱਛਾ ਰੱਖਣੀ ਗ਼ਲਤ ਹੈ। ਬਾਈਬਲ ਦੇ ਅਸੂਲਾਂ ਮੁਤਾਬਕ ਢਾਲ਼ੀ ਗਈ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਦੂਰ ਰੱਖਦੀ ਹੈ। ਉਹ ਜ਼ਿੰਦਗੀ ਵਿਚ ਹਰ ਕੰਮ ਲਗਨ ਨਾਲ ਕਰਦੇ ਹਨ। ਉਹ ਜੋ ਵੀ ਕਰਦੇ ਹਨ ਪਰਮੇਸ਼ੁਰ ਦੀ ਵਡਿਆਈ ਲਈ ਕਰਦੇ ਹਨ ਅਤੇ ਉਸ ਉੱਤੇ ਭਰੋਸਾ ਰੱਖਦੇ ਹਨ ਕਿ ਉਹ ਹੀ ਉਨ੍ਹਾਂ ਦੀ ਮਿਹਨਤ ਦਾ ਫਲ ਦੇਵੇਗਾ। (1 ਕੁਰਿੰਥੀਆਂ 10:31) ਅਸੀਂ ਪਰਮੇਸ਼ੁਰ ਦਾ ਭੈ ਮੰਨਦੇ ਹੋਏ ਅਤੇ ਉਸ ਦੇ ਹੁਕਮਾਂ ਦੀ ਜੀ-ਜਾਨ ਨਾਲ ਪਾਲਣਾ ਕਰਦੇ ਹੋਏ ਉਸ ਦੀਆਂ ਨਜ਼ਰਾਂ ਵਿਚ ਕਾਮਯਾਬ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਾਂ। (g05 6/8)

[ਸਫ਼ੇ 16, 17 ਉੱਤੇ ਤਸਵੀਰ]

ਕੀ ਪਰਮੇਸ਼ੁਰ ਅਬਰਾਹਾਮ ਨੂੰ ਨਾਂ ਅਤੇ ਸ਼ੁਹਰਤ ਕਮਾਉਣ ਦੀ ਹੱਲਾਸ਼ੇਰੀ ਦੇ ਰਿਹਾ ਸੀ?