Skip to content

Skip to table of contents

ਤੁਸੀਂ ਕਿਹੜੀਆਂ ਫ਼ਿਲਮਾਂ ਦੇਖੋਗੇ?

ਤੁਸੀਂ ਕਿਹੜੀਆਂ ਫ਼ਿਲਮਾਂ ਦੇਖੋਗੇ?

ਤੁਸੀਂ ਕਿਹੜੀਆਂ ਫ਼ਿਲਮਾਂ ਦੇਖੋਗੇ?

ਹਾਲ ਹੀ ਦੇ ਦਹਾਕਿਆਂ ਵਿਚ ਬਣਨ ਵਾਲੀਆਂ ਫ਼ਿਲਮਾਂ ਸੈਕਸ, ਹਿੰਸਾ ਤੇ ਗੰਦੀ ਬੋਲੀ ਨਾਲ ਭਰੀਆਂ ਹੋਈਆਂ ਹਨ। ਇਨ੍ਹਾਂ ਫ਼ਿਲਮਾਂ ਬਾਰੇ ਲੋਕਾਂ ਦਾ ਨਜ਼ਰੀਆ ਵੱਖੋ-ਵੱਖਰਾ ਹੈ। ਕਈ ਕਹਿੰਦੇ ਹਨ ਕਿ ਫ਼ਿਲਮ ਦਾ ਇਕ ਸੈਕਸ ਸੀਨ ਬਹੁਤ ਹੀ ਖ਼ਰਾਬ ਸੀ, ਜਦ ਕਿ ਕਈ ਕਹਿੰਦੇ ਹਨ ਕਿ ਇਹ ਕਲਾ ਦਾ ਵਧੀਆ ਨਮੂਨਾ ਸੀ। ਕਈ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਫ਼ਿਲਮਾਂ ਵਿਚ ਦਿਖਾਈ ਜਾਂਦੀ ਹਿੰਸਾ ਬੇਲੋੜੀ ਹੈ, ਪਰ ਕਈ ਕਹਿੰਦੇ ਹਨ ਕਿ ਕਹਾਣੀ ਦੇ ਮੁਤਾਬਕ ਹਿੰਸਾ ਠੀਕ ਹੈ। ਕੁਝ ਲੋਕਾਂ ਨੂੰ ਲੱਚਰ ਡਾਇਲਾਗ ਬੜੇ ਇਤਰਾਜ਼ਯੋਗ ਲੱਗਦੇ ਹਨ, ਪਰ ਕੁਝ ਕਹਿੰਦੇ ਹਨ ਕਿ ਇਹੀ ਤਾਂ ਹਕੀਕਤ ਹੈ। ਜੋ ਕਿਸੇ ਨੂੰ ਅਸ਼ਲੀਲ ਲੱਗਦਾ ਹੈ, ਉਹ ਦੂਜੇ ਨੂੰ ਸਹੀ ਲੱਗਦਾ ਹੈ। ਦੋਵਾਂ ਧਿਰਾਂ ਦੀ ਗੱਲ ਸੁਣ ਕੇ ਸ਼ਾਇਦ ਕੋਈ ਸੋਚੇ ਕਿ ਇਹ ਤਾਂ ਹਰ ਇਕ ਦੀ ਆਪੋ-ਆਪਣੀ ਰਾਇ ਹੈ ਤੇ ਇਸ ਬਾਰੇ ਜ਼ਿਆਦਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ।

ਪਰ ਇਹ ਸੱਚ ਨਹੀਂ ਹੈ। ਫ਼ਿਲਮਾਂ ਵਿਚ ਜੋ ਕੁਝ ਦਿਖਾਇਆ ਜਾਂਦਾ ਹੈ ਉਹ ਮਾਪਿਆਂ ਅਤੇ ਨੈਤਿਕ ਮਿਆਰਾਂ ਦੀ ਕਦਰ ਕਰਨ ਵਾਲਿਆਂ ਲਈ ਜਾਇਜ਼ ਚਿੰਤਾ ਦਾ ਵਿਸ਼ਾ ਹੈ। ਇਕ ਤੀਵੀਂ ਨੇ ਕਿਹਾ: ‘ਕਈ ਵਾਰ ਸਿਨਮਾ-ਘਰ ਵਿਚ ਫ਼ਿਲਮ ਦੇਖਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਬਹੁਤ ਘਟੀਆ ਮਹਿਸੂਸ ਕਰਦੀ ਹਾਂ। ਮੈਨੂੰ ਉਨ੍ਹਾਂ ਲੋਕਾਂ ਉੱਤੇ ਸ਼ਰਮ ਆਉਂਦੀ ਹੈ ਜਿਨ੍ਹਾਂ ਨੇ ਉਹ ਘਟੀਆ ਫ਼ਿਲਮ ਬਣਾਈ ਤੇ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਹੈ ਕਿ ਮੈਂ ਇਹ ਫ਼ਿਲਮ ਦੇਖੀ। ਮੈਨੂੰ ਲੱਗਦਾ ਹੈ ਕਿ ਇਹ ਘਟੀਆ ਫ਼ਿਲਮ ਦੇਖਣ ਨਾਲ ਮੇਰਾ ਆਚਰਣ ਡਿੱਗ ਗਿਆ ਹੈ।’

ਮਿਆਰ ਕਾਇਮ ਕਰਨੇ

ਫ਼ਿਲਮਾਂ ਬਾਰੇ ਚਿੰਤਾ ਕਰਨੀ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਨਵੀਆਂ-ਨਵੀਆਂ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ ਸਨ, ਉਦੋਂ ਫ਼ਿਲਮਾਂ ਵਿਚ ਦਿਖਾਏ ਜਾਂਦੇ ਸੈਕਸ ਤੇ ਹਿੰਸਾ ਦੇ ਸੀਨਾਂ ਤੇ ਬਹੁਤ ਰੌਲਾ-ਰੱਪਾ ਪਿਆ ਸੀ। ਅਖ਼ੀਰ 1930 ਦੇ ਦਹਾਕੇ ਵਿਚ ਅਮਰੀਕਾ ਵਿਚ ਇਕ ਨਿਯਮ ਬਣਾਇਆ ਗਿਆ ਜਿਸ ਕਰਕੇ ਫ਼ਿਲਮਾਂ ਵਿੱਚੋਂ ਇਤਰਾਜ਼ਯੋਗ ਸੀਨਾਂ ਨੂੰ ਕੱਟ ਦਿੱਤਾ ਜਾਂਦਾ ਸੀ।

ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਇਸ ਨਿਯਮ ਨੇ “ਉਨ੍ਹਾਂ ਸਾਰੇ ਸੀਨਾਂ ਉੱਤੇ ਰੋਕ ਲਾ ਦਿੱਤਾ ਜਿਨ੍ਹਾਂ ਵਿਚ ਆਮ ਇਨਸਾਨੀ ਤਜਰਬੇ ਦਿਖਾਏ ਗਏ ਸਨ। ਇਸ ਨਾਲ ‘ਕਾਮੁਕ ਸੀਨਾਂ’ ਅਤੇ ਉਨ੍ਹਾਂ ਸਾਰੇ ਸੀਨਾਂ ਤੇ ਪਾਬੰਦੀ ਲੱਗ ਗਈ ਜਿਨ੍ਹਾਂ ਵਿਚ ਵਿਭਚਾਰ, ਅਨੈਤਿਕਤਾ, ਕਿਸੇ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਉਣ ਤੇ ਬਲਾਤਕਾਰ ਵਰਗੀਆਂ ਗੱਲਾਂ ਵੱਲ ਸਿਰਫ਼ ਇਸ਼ਾਰਾ ਹੀ ਕੀਤਾ ਜਾਂਦਾ ਸੀ। ਇਨ੍ਹਾਂ ਨੂੰ ਇਸ ਸ਼ਰਤ ਤੇ ਹੀ ਦਿਖਾਇਆ ਜਾ ਸਕਦਾ ਸੀ ਜੇ ਫ਼ਿਲਮ ਦੀ ਕਹਾਣੀ ਦੇ ਮੁਤਾਬਕ ਇਹ ਸੀਨ ਦਿਖਾਉਣੇ ਬਹੁਤ ਹੀ ਜ਼ਰੂਰੀ ਹੁੰਦਾ ਸੀ ਅਤੇ ਫ਼ਿਲਮ ਦੀ ਕਹਾਣੀ ਮੁਤਾਬਕ ਆਖ਼ਰ ਵਿਚ ਇਹ ਬੁਰੇ ਕੰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ।”

ਹਿੰਸਾ ਦੇ ਮਾਮਲੇ ਵਿਚ ਫ਼ਿਲਮਾਂ ਵਿਚ “ਉਸ ਸਮੇਂ ਆਮ ਵਰਤੇ ਜਾਂਦੇ ਹਥਿਆਰਾਂ ਨੂੰ ਦਿਖਾਉਣਾ ਜਾਂ ਇਨ੍ਹਾਂ ਬਾਰੇ ਗੱਲ ਕਰਨਾ, ਕਿਸੇ ਨੂੰ ਅਪਰਾਧ ਕਰਦੇ ਹੋਏ ਦਿਖਾਉਣਾ, ਅਪਰਾਧੀਆਂ ਦੇ ਹੱਥੋਂ ਪੁਲਸ ਦੇ ਬੰਦਿਆਂ ਦਾ ਕਤਲ ਦਿਖਾਉਣਾ, ਕਰੂਰਤਾ ਜਾਂ ਕੱਟ-ਵੱਢ ਦਿਖਾਉਣਾ ਜਾਂ ਕਤਲ ਜਾਂ ਆਤਮ-ਹੱਤਿਆ ਦਿਖਾਉਣਾ ਬਿਲਕੁਲ ਮਨ੍ਹਾ ਸੀ। ਕਹਾਣੀ ਦਾ ਜ਼ਰੂਰੀ ਹਿੱਸਾ ਹੋਣ ਤੇ ਹੀ ਇਹ ਸੀਨ ਦਿਖਾਏ ਜਾ ਸਕਦੇ ਸਨ। . . . ਕਿਸੇ ਵੀ ਹਾਲਤ ਵਿਚ ਕਿਸੇ ਅਪਰਾਧ ਨੂੰ ਸਹੀ ਕਰਾਰ ਨਹੀਂ ਦਿੱਤਾ ਜਾ ਸਕਦਾ ਸੀ।” ਸੋ ਇਸ ਨਿਯਮ ਦਾ ਮਕਸਦ ਸੀ ਕਿ “ਅਜਿਹੀ ਕੋਈ ਵੀ ਫ਼ਿਲਮ ਨਹੀਂ ਬਣਾਈ ਜਾਣੀ ਚਾਹੀਦੀ ਜੋ ਦਰਸ਼ਕਾਂ ਦੇ ਨੈਤਿਕਤਾ ਵਿਚ ਗਿਰਾਵਟ ਲਿਆਵੇ।”

ਪਾਬੰਦੀਆਂ ਤੋਂ ਬਾਅਦ ਰੇਟਿੰਗ ਦਾ ਸਿਲਸਿਲਾ

ਉੱਨੀ ਸੌ ਪੰਜਾਹ ਦੇ ਦਹਾਕੇ ਵਿਚ ਕਈ ਹਾਲੀਵੁਡ ਨਿਰਮਾਤਾਵਾਂ ਨੇ ਇਸ ਨਿਯਮ ਨੂੰ ਪੁਰਾਣਾ ਕਹਿ ਕੇ ਇਸ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਇਸ ਲਈ 1968 ਵਿਚ ਇਹ ਨਿਯਮ ਹਟਾ ਦਿੱਤਾ ਗਿਆ ਤੇ ਇਸ ਦੀ ਜਗ੍ਹਾ ਰੇਟਿੰਗ ਸਿਸਟਮ ਸ਼ੁਰੂ ਕੀਤਾ ਗਿਆ। * ਰੇਟਿੰਗ ਸਿਸਟਮ ਮੁਤਾਬਕ ਫ਼ਿਲਮਾਂ ਵਿਚ ਕੁਝ ਵੀ ਦਿਖਾਇਆ ਜਾ ਸਕਦਾ ਸੀ, ਪਰ ਫ਼ਿਲਮਾਂ ਤੇ ਨਿਸ਼ਾਨ ਲਗਾਇਆ ਜਾਂਦਾ ਸੀ ਤਾਂਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਫ਼ਿਲਮ ਬੱਚਿਆਂ ਦੇ ਦੇਖਣਯੋਗ ਹੈ ਜਾਂ ਨਹੀਂ। ਲਗਭਗ ਚਾਰ ਦਹਾਕਿਆਂ ਤੋਂ ਮੋਸ਼ਨ ਪਿਕਚਰ ਐਸੋਸੀਏਸ਼ਨ ਆਫ਼ ਅਮੈਰਿਕਾ ਦੇ ਪ੍ਰਧਾਨ ਰਹਿ ਚੁੱਕੇ ਜੈਕ ਵਾਲੰਟੀ ਅਨੁਸਾਰ, ਰੇਟਿੰਗ ਸਿਸਟਮ ਦਾ ਟੀਚਾ ਸੀ “ਮਾਪਿਆਂ ਨੂੰ ਪਹਿਲਾਂ ਹੀ ਚੇਤਾਵਨੀ ਦੇਣੀ ਤਾਂਕਿ ਉਹ ਫ਼ੈਸਲਾ ਕਰ ਸਕਣ ਕਿ ਉਨ੍ਹਾਂ ਦੇ ਬੱਚੇ ਕਿਹੜੀਆਂ ਫ਼ਿਲਮਾਂ ਦੇਖ ਸਕਦੇ ਹਨ ਤੇ ਕਿਹੜੀਆਂ ਨਹੀਂ।”

ਰੇਟਿੰਗ ਸਿਸਟਮ ਆਉਣ ਨਾਲ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਪੂਰੀ ਖੁੱਲ੍ਹ ਮਿਲ ਗਈ। ਹਾਲੀਵੁਡ ਦੀਆਂ ਫ਼ਿਲਮਾਂ ਵਿਚ ਸੈਕਸ, ਹਿੰਸਾ ਤੇ ਲੱਚਰ ਭਾਸ਼ਾ ਦਾ ਹੜ੍ਹ ਆ ਗਿਆ। ਇਸ ਨਵੀਂ ਮਿਲੀ ਆਜ਼ਾਦੀ ਤੇ ਠਲ੍ਹ ਪਾਉਣੀ ਨਾਮੁਮਕਿਨ ਹੋ ਗਈ। ਫਿਰ ਵੀ ਰੇਟਿੰਗ ਦੇ ਰਾਹੀਂ ਲੋਕਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾਣ ਲੱਗੀ। ਪਰ ਕੀ ਰੇਟਿੰਗ ਤੋਂ ਤੁਹਾਨੂੰ ਕਿਸੇ ਫ਼ਿਲਮ ਬਾਰੇ ਸਾਰੀਆਂ ਗੱਲਾਂ ਪਤਾ ਲੱਗ ਜਾਂਦੀਆਂ ਹਨ?

ਰੇਟਿੰਗ ਤੋਂ ਤੁਹਾਨੂੰ ਜਿਹੜੀਆਂ ਗੱਲਾਂ ਪਤਾ ਨਹੀਂ ਲੱਗਦੀਆਂ

ਕੁਝ ਲੋਕ ਸੋਚਦੇ ਹਨ ਕਿ ਪਿਛਲੇ ਕੁਝ ਸਾਲਾਂ ਤੋਂ ਰੇਟਿੰਗ ਸਿਸਟਮ ਵਿਚ ਢਿੱਲ ਆ ਗਈ ਹੈ। ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਦੁਆਰਾ ਕੀਤੇ ਗਏ ਇਕ ਅਧਿਐਨ ਨੇ ਉਨ੍ਹਾਂ ਦੇ ਸ਼ੱਕ ਨੂੰ ਯਕੀਨ ਵਿਚ ਬਦਲ ਦਿੱਤਾ ਹੈ ਕਿਉਂਕਿ ਇਸ ਅਧਿਐਨ ਵਿਚ ਪਤਾ ਚਲਿਆ ਹੈ ਕਿ ਅੱਜ ਜਿਨ੍ਹਾਂ ਫ਼ਿਲਮਾਂ ਨੂੰ “ਕਿਸ਼ੋਰਾਂ ਵਾਸਤੇ” ਰੇਟਿੰਗ ਦਿੱਤੀ ਜਾਂਦੀ ਹੈ, ਉਨ੍ਹਾਂ ਵਿਚ ਦਸ ਸਾਲ ਪਹਿਲਾਂ ਦੀਆਂ ਫ਼ਿਲਮਾਂ ਨਾਲੋਂ ਕਿਤੇ ਜ਼ਿਆਦਾ ਹਿੰਸਾ ਤੇ ਸੈਕਸ ਸੀਨ ਹੁੰਦੇ ਹਨ। ਇਸ ਅਧਿਐਨ ਦੇ ਅਖ਼ੀਰ ਵਿਚ ਕਿਹਾ ਗਿਆ ਕਿ “ਇੱਕੋ ਰੇਟਿੰਗ ਵਾਲੀਆਂ ਫ਼ਿਲਮਾਂ ਵਿਚ ‘ਇਤਰਾਜ਼ਯੋਗ ਸੀਨ’ ਘੱਟ-ਵਧ ਹੋ ਸਕਦੇ ਹਨ ਅਤੇ ਉਮਰ ਦੇ ਆਧਾਰ ਤੇ ਕੀਤੀ ਜਾਣ ਵਾਲੀ ਰੇਟਿੰਗ ਤੋਂ ਫ਼ਿਲਮ ਵਿਚ ਹਿੰਸਾ, ਸੈਕਸ, ਗੰਦੀ ਬੋਲੀ ਤੇ ਹੋਰ ਗੱਲਾਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ।” *

ਕਈ ਵਾਰ ਮਾਪੇ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਸਿਨਮਾ-ਘਰ ਜਾ ਕੇ ਫ਼ਿਲਮ ਦੇਖਣ ਦੀ ਇਜਾਜ਼ਤ ਦੇ ਦਿੰਦੇ ਹਨ, ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਅੱਜ-ਕੱਲ੍ਹ ਕਿਸ਼ੋਰਾਂ ਲਈ ਬਣੀਆਂ ਫ਼ਿਲਮਾਂ ਵਿਚ ਕੀ ਕੁਝ ਦਿਖਾਇਆ ਜਾਂਦਾ ਹੈ। ਉਦਾਹਰਣ ਲਈ, ਇਕ ਫ਼ਿਲਮ ਆਲੋਚਕ ਇਕ ਫ਼ਿਲਮ ਬਾਰੇ ਦੱਸਦਾ ਹੈ ਜੋ ਅਮਰੀਕਾ ਵਿਚ ਕਿਸ਼ੋਰਾਂ ਦੇ ਦੇਖਣ ਦੇ ਯੋਗ ਕਹੀ ਗਈ ਹੈ। ਉਹ ਦੱਸਦਾ ਹੈ ਕਿ ਉਸ ਫ਼ਿਲਮ ਦੀ 17 ਸਾਲਾਂ ਦੀ ਹੀਰੋਇਨ “ਆਜ਼ਾਦ ਖ਼ਿਆਲਾਂ ਵਾਲੀ ਹੈ ਜੋ ਰੋਜ਼ ਸ਼ਰਾਬ ਪੀਂਦੀ ਤੇ ਨਸ਼ੇ ਕਰਦੀ ਹੈ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੀ ਹੈ ਅਤੇ ਪਹਿਲੀ ਵਾਰ ਮਿਲੇ ਮੁੰਡੇ ਨਾਲ ਸੈਕਸ ਕਰਦੀ ਹੈ।” ਇਹੋ ਜਿਹੀਆਂ ਚੀਜ਼ਾਂ ਫ਼ਿਲਮਾਂ ਵਿਚ ਆਮ ਦੇਖਣ ਨੂੰ ਮਿਲਦੀਆਂ ਹਨ। ਅਸਲ ਵਿਚ ਦ ਵਾਸ਼ਿੰਗਟਨ ਪੋਸਟ ਮੈਗਜ਼ੀਨ ਨੇ ਕਿਹਾ ਕਿ ਕਿਸ਼ੋਰਾਂ ਦੇ ਦੇਖਣ ਦੇ ਯੋਗ ਠਹਿਰਾਈਆਂ ਗਈਆਂ ਫ਼ਿਲਮਾਂ ਵਿਚ ਮੌਖਿਕ ਸੰਭੋਗ ਦਾ ਜ਼ਿਕਰ “ਆਮ ਹੀ” ਕੀਤਾ ਜਾਂਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਰਫ਼ ਰੇਟਿੰਗ ਦੇ ਜ਼ਰੀਏ ਹੀ ਫ਼ਿਲਮ ਦੇਖਣ ਦਾ ਫ਼ੈਸਲਾ ਨਹੀਂ ਕੀਤਾ ਜਾਣਾ ਚਾਹੀਦਾ। ਕੀ ਇਸ ਤੋਂ ਵੀ ਕੋਈ ਵਧੀਆ ਤਰੀਕਾ ਹੈ?

“ਬੁਰਿਆਈ ਤੋਂ ਘਿਣ ਕਰੋ”

ਰੇਟਿੰਗ ਸਿਸਟਮ ਬਾਈਬਲ ਦੇ ਅਸੂਲਾਂ ਤੇ ਚੱਲਣ ਵਾਲੀ ਜ਼ਮੀਰ ਦੀ ਜਗ੍ਹਾ ਨਹੀਂ ਲੈ ਸਕਦਾ। ਮਨੋਰੰਜਨ ਸੰਬੰਧੀ ਤੇ ਹੋਰ ਦੂਸਰੇ ਫ਼ੈਸਲੇ ਕਰਦੇ ਸਮੇਂ ਮਸੀਹੀ ਜ਼ਬੂਰਾਂ ਦੀ ਪੋਥੀ 97:10 ਵਿਚ ਪਾਈ ਜਾਂਦੀ ਸਲਾਹ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿਚ ਕਿਹਾ ਗਿਆ ਹੈ: “ਬੁਰਿਆਈ ਤੋਂ ਘਿਣ ਕਰੋ!” ਜੋ ਇਨਸਾਨ ਬੁਰਾਈ ਨਾਲ ਘਿਰਣਾ ਕਰਦਾ ਹੈ ਉਹ ਫ਼ਿਲਮਾਂ ਵਿਚ ਅਜਿਹੀਆਂ ਗੱਲਾਂ ਦੇਖ ਕੇ ਖ਼ੁਸ਼ ਨਹੀਂ ਹੋਵੇਗਾ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ।

ਮਾਪਿਆਂ ਨੂੰ ਖ਼ਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਹੋ ਜਿਹੀਆਂ ਫ਼ਿਲਮਾਂ ਦੇਖਣ ਦੀ ਇਜਾਜ਼ਤ ਦਿੰਦੇ ਹਨ। ਸਿਰਫ਼ ਰੇਟਿੰਗ ਤੇ ਸਰਸਰੀ ਨਜ਼ਰ ਮਾਰਨੀ ਕਾਫ਼ੀ ਨਹੀਂ ਹੈ। ਹੋ ਸਕਦਾ ਹੈ ਕਿ ਰੇਟਿੰਗ ਰਾਹੀਂ ਜੋ ਫ਼ਿਲਮ ਬੱਚੇ ਦੇ ਦੇਖਣ ਦੇ ਯੋਗ ਕਹੀ ਗਈ ਹੈ, ਉਸ ਵਿਚ ਅਜਿਹੀਆਂ ਗੱਲਾਂ ਹੋਣ ਜੋ ਤੁਸੀਂ ਆਪਣੇ ਬੱਚੇ ਨੂੰ ਸਿਖਾਉਣੀਆਂ ਨਾ ਚਾਹੋ। ਮਸੀਹੀਆਂ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਅੱਜ ਦੁਨੀਆਂ ਦੀ ਸੋਚ ਤੇ ਕੰਮ ਪਰਮੇਸ਼ੁਰ ਦੇ ਮਿਆਰਾਂ ਤੋਂ ਬਿਲਕੁਲ ਉਲਟ ਹਨ। *ਅਫ਼ਸੀਆਂ 4:17, 18; 1 ਯੂਹੰਨਾ 2:15-17.

ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੀਆਂ ਫ਼ਿਲਮਾਂ ਖ਼ਰਾਬ ਹਨ। ਫਿਰ ਵੀ ਧਿਆਨ ਰੱਖਣ ਦੀ ਲੋੜ ਹੈ। ਇਸ ਬਾਰੇ 22 ਮਈ 1997 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਵਿਚ ਕਿਹਾ ਗਿਆ ਸੀ: “ਹਰ ਵਿਅਕਤੀ ਨੂੰ ਸੋਚ-ਵਿਚਾਰ ਕਰ ਕੇ ਅਜਿਹੇ ਫ਼ੈਸਲੇ ਕਰਨੇ ਚਾਹੀਦੇ ਹਨ ਜਿਸ ਕਰਕੇ ਪਰਮੇਸ਼ੁਰ ਅਤੇ ਦੂਸਰੇ ਲੋਕਾਂ ਸਾਮ੍ਹਣੇ ਉਸ ਦਾ ਅੰਤਹਕਰਣ ਸ਼ੁੱਧ ਰਹੇ।”—1 ਕੁਰਿੰਥੀਆਂ 10:31-33.

ਸਹੀ ਕਿਸਮ ਦਾ ਮਨੋਰੰਜਨ

ਮਾਤਾ-ਪਿਤਾ ਇਸ ਗੱਲ ਦਾ ਫ਼ੈਸਲਾ ਕਿਵੇਂ ਕਰ ਸਕਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਹੜੀਆਂ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ? ਵੱਖੋ-ਵੱਖਰੇ ਦੇਸ਼ਾਂ ਵਿਚ ਰਹਿੰਦੇ ਮਾਤਾ-ਪਿਤਾਵਾਂ ਦੀਆਂ ਟਿੱਪਣੀਆਂ ਵੱਲ ਧਿਆਨ ਦਿਓ। ਉਨ੍ਹਾਂ ਦੀਆਂ ਟਿੱਪਣੀਆਂ ਤੋਂ ਤੁਹਾਨੂੰ ਆਪਣੇ ਬੱਚਿਆਂ ਲਈ ਸਹੀ ਕਿਸਮ ਦਾ ਮਨੋਰੰਜਨ ਚੁਣਨ ਵਿਚ ਮਦਦ ਮਿਲੇਗੀ।—ਸਫ਼ਾ 14 ਉੱਤੇ “ਹੋਰ ਕਿਸਮ ਦੇ ਮਨੋਰੰਜਨ” ਨਾਂ ਦੀ ਡੱਬੀ ਵੀ ਦੇਖੋ।

“ਜਦੋਂ ਬੱਚੇ ਛੋਟੇ ਸਨ, ਉਦੋਂ ਮੈਂ ਜਾਂ ਮੇਰੀ ਪਤਨੀ ਬੱਚਿਆਂ ਨਾਲ ਫ਼ਿਲਮ ਦੇਖਣ ਜਾਂਦੀ ਸੀ,” ਸਪੇਨ ਵਿਚ ਰਹਿੰਦਾ ਖਵੌਨ ਦੱਸਦਾ ਹੈ। “ਉਹ ਇਕੱਲੇ ਜਾਂ ਦੂਸਰੇ ਮੁੰਡੇ-ਕੁੜੀਆਂ ਨਾਲ ਕਦੇ ਨਹੀਂ ਗਏ। ਹੁਣ ਉਹ ਵੱਡੇ ਹੋ ਗਏ ਹਨ। ਉਹ ਫ਼ਿਲਮ ਦੇ ਪਹਿਲੇ ਸ਼ੋਅ ਤੇ ਨਹੀਂ ਜਾਂਦੇ; ਇਸ ਦੀ ਬਜਾਇ ਅਸੀਂ ਫ਼ਿਲਮ ਬਾਰੇ ਫ਼ਿਲਮ ਆਲੋਚਕਾਂ ਦੇ ਵਿਚਾਰ ਪੜ੍ਹਦੇ ਹਾਂ ਜਾਂ ਭਰੋਸੇਮੰਦ ਲੋਕਾਂ ਤੋਂ ਫ਼ਿਲਮ ਬਾਰੇ ਪੁੱਛਦੇ ਹਾਂ। ਫਿਰ ਅਸੀਂ ਪੂਰਾ ਪਰਿਵਾਰ ਮਿਲ ਕੇ ਫ਼ੈਸਲਾ ਕਰਦੇ ਹਾਂ ਕਿ ਸਾਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ ਜਾਂ ਨਹੀਂ।”

ਦੱਖਣੀ ਅਫ਼ਰੀਕਾ ਵਿਚ ਰਹਿੰਦਾ ਮਾਰਕ ਆਪਣੇ ਕਿਸ਼ੋਰ ਮੁੰਡੇ ਨਾਲ ਸਿਨਮਾ-ਘਰਾਂ ਵਿਚ ਲੱਗੀਆਂ ਫ਼ਿਲਮਾਂ ਬਾਰੇ ਖੁੱਲ੍ਹ ਕੇ ਗੱਲ ਕਰਦਾ ਹੈ। ਮਾਰਕ ਦੱਸਦਾ ਹੈ: “ਮੈਂ ਤੇ ਮੇਰੀ ਪਤਨੀ ਗੱਲ ਸ਼ੁਰੂ ਕਰਦੇ ਹਾਂ ਤੇ ਫ਼ਿਲਮਾਂ ਬਾਰੇ ਉਸ ਦੀ ਰਾਇ ਪੁੱਛਦੇ ਹਾਂ। ਇਸ ਨਾਲ ਸਾਨੂੰ ਉਸ ਦੇ ਵਿਚਾਰ ਜਾਣਨ ਦਾ ਮੌਕਾ ਮਿਲਦਾ ਹੈ ਤੇ ਅਸੀਂ ਉਸ ਨਾਲ ਤਰਕ ਕਰ ਪਾਉਂਦੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਫ਼ਿਲਮਾਂ ਦੀ ਚੋਣ ਕਰਦੇ ਹਾਂ ਜੋ ਅਸੀਂ ਪੂਰਾ ਪਰਿਵਾਰ ਮਿਲ ਕੇ ਦੇਖ ਸਕਦੇ ਹਾਂ।”

ਬ੍ਰਾਜ਼ੀਲ ਵਿਚ ਰਹਿੰਦਾ ਰੋਜ਼ੇਰੀਓ ਵੀ ਆਪਣੇ ਬੱਚਿਆਂ ਨਾਲ ਉਨ੍ਹਾਂ ਫ਼ਿਲਮਾਂ ਬਾਰੇ ਗੱਲਬਾਤ ਕਰਦਾ ਹੈ ਜੋ ਉਹ ਦੇਖਣੀਆਂ ਚਾਹੁੰਦੇ ਹਨ। ਉਹ ਦੱਸਦਾ ਹੈ: “ਮੈਂ ਉਨ੍ਹਾਂ ਨਾਲ ਮਿਲ ਕੇ ਫ਼ਿਲਮ ਬਾਰੇ ਆਲੋਚਕਾਂ ਦੀਆਂ ਟਿੱਪਣੀਆਂ ਪੜ੍ਹਦਾ ਹਾਂ। ਮੈਂ ਉਨ੍ਹਾਂ ਨਾਲ ਵਿਡਿਓ ਫ਼ਿਲਮਾਂ ਦੀ ਦੁਕਾਨ ਤੇ ਜਾ ਕੇ ਉਨ੍ਹਾਂ ਨੂੰ ਸਿਖਾਉਂਦਾ ਹਾਂ ਕਿ ਫ਼ਿਲਮ ਦੇ ਕਵਰ ਨੂੰ ਦੇਖ ਕੇ ਕਿਵੇਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫ਼ਿਲਮ ਦੇਖਣ ਯੋਗ ਹੈ ਜਾਂ ਨਹੀਂ।”

ਬ੍ਰਿਟੇਨ ਵਿਚ ਰਹਿਣ ਵਾਲੇ ਮੈਥਿਊ ਨੇ ਦੇਖਿਆ ਹੈ ਕਿ ਆਪਣੇ ਬੱਚਿਆਂ ਨਾਲ ਉਨ੍ਹਾਂ ਫ਼ਿਲਮਾਂ ਬਾਰੇ ਗੱਲ ਕਰ ਕੇ ਫ਼ਾਇਦਾ ਹੁੰਦਾ ਹੈ ਜੋ ਉਹ ਦੇਖਣੀਆਂ ਚਾਹੁੰਦੇ ਹਨ। ਉਹ ਦੱਸਦਾ ਹੈ: “ਅਸੀਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਫ਼ਿਲਮਾਂ ਸੰਬੰਧੀ ਫ਼ੈਸਲੇ ਕਰਨ ਵਿਚ ਸ਼ਾਮਲ ਕੀਤਾ ਹੈ। ਜੇ ਅਸੀਂ ਕਿਸੇ ਫ਼ਿਲਮ ਨੂੰ ਨਾ ਦੇਖਣ ਦਾ ਫ਼ੈਸਲਾ ਕਰਦੇ ਸੀ, ਤਾਂ ਅਸੀਂ ਬੱਚਿਆਂ ਨੂੰ ਸਿਰਫ਼ ਨਾਂਹ ਕਹਿਣ ਦੀ ਬਜਾਇ ਇਸ ਦਾ ਕਾਰਨ ਸਮਝਾਉਂਦੇ ਸੀ।”

ਇਸ ਤੋਂ ਇਲਾਵਾ ਕੁਝ ਮਾਤਾ-ਪਿਤਾ ਇੰਟਰਨੈੱਟ ਉੱਤੇ ਫ਼ਿਲਮਾਂ ਬਾਰੇ ਜਾਣਕਾਰੀ ਲੈਂਦੇ ਹਨ। ਅਜਿਹੀਆਂ ਕਈ ਵੈੱਬ-ਸਾਈਟਾਂ ਹਨ ਜੋ ਫ਼ਿਲਮਾਂ ਬਾਰੇ ਪੂਰੀ-ਪੂਰੀ ਜਾਣਕਾਰੀ ਦਿੰਦੀਆਂ ਹਨ। ਇਨ੍ਹਾਂ ਦੀ ਮਦਦ ਨਾਲ ਤੁਹਾਨੂੰ ਕਿਸੇ ਖ਼ਾਸ ਫ਼ਿਲਮ ਬਾਰੇ ਪਤਾ ਲੱਗ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ।

ਸ਼ੁੱਧ ਜ਼ਮੀਰ ਦੇ ਲਾਭ

ਬਾਈਬਲ ਅਜਿਹੇ ਮਸੀਹੀਆਂ ਬਾਰੇ ਗੱਲ ਕਰਦੀ ਹੈ ਜਿਨ੍ਹਾਂ ਦੀਆਂ “ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:14) ਮਾਪਿਆਂ ਨੂੰ ਆਪਣੇ ਬੱਚਿਆਂ ਅੰਦਰ ਚੰਗੀਆਂ ਕਦਰਾਂ-ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਬੱਚੇ ਮਨੋਰੰਜਨ ਦੇ ਮਾਮਲੇ ਵਿਚ ਸੋਚ-ਸਮਝ ਕੇ ਫ਼ੈਸਲੇ ਕਰ ਸਕਣ।

ਯਹੋਵਾਹ ਦੇ ਗਵਾਹਾਂ ਵਿਚ ਬਹੁਤ ਸਾਰੇ ਨੌਜਵਾਨਾਂ ਨੇ ਆਪਣੇ ਮਾਪਿਆਂ ਤੋਂ ਇਸ ਮਾਮਲੇ ਵਿਚ ਵਧੀਆ ਸਿਖਲਾਈ ਹਾਸਲ ਕੀਤੀ ਹੈ। ਅਮਰੀਕਾ ਵਿਚ ਰਹਿਣ ਵਾਲੇ ਬਿੱਲ ਤੇ ਚੈਰੀ ਆਪਣੇ ਦੋਵੇਂ ਕਿਸ਼ੋਰ ਮੁੰਡਿਆਂ ਨਾਲ ਫ਼ਿਲਮਾਂ ਦੇਖਣ ਜਾਂਦੇ ਹਨ। ਬਿੱਲ ਦੱਸਦਾ ਹੈ: “ਫ਼ਿਲਮ ਦੇਖਣ ਤੋਂ ਬਾਅਦ ਅਸੀਂ ਅਕਸਰ ਇਸ ਤੇ ਚਰਚਾ ਕਰਦੇ ਹਾਂ ਕਿ ਫ਼ਿਲਮ ਵਿਚ ਕਿਸ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਸਿਖਾਈਆਂ ਗਈਆਂ ਸਨ ਤੇ ਅਸੀਂ ਇਨ੍ਹਾਂ ਕਦਰਾਂ-ਕੀਮਤਾਂ ਨਾਲ ਸਹਿਮਤ ਹਾਂ ਜਾਂ ਨਹੀਂ।” ਬਿੱਲ ਤੇ ਚੈਰੀ ਧਿਆਨ ਨਾਲ ਫ਼ਿਲਮਾਂ ਦੇਖਣ ਦਾ ਫ਼ੈਸਲਾ ਕਰਦੇ ਹਨ। ਬਿੱਲ ਦੱਸਦਾ ਹੈ: “ਅਸੀਂ ਪਹਿਲਾਂ ਫ਼ਿਲਮ ਬਾਰੇ ਪੜ੍ਹਦੇ ਹਾਂ। ਜੇ ਫ਼ਿਲਮ ਵਿਚ ਕੋਈ ਇਤਰਾਜ਼ਯੋਗ ਗੱਲ ਹੁੰਦੀ ਹੈ ਜਿਸ ਦੀ ਸਾਨੂੰ ਆਸ ਨਹੀਂ ਹੁੰਦੀ, ਤਾਂ ਅਸੀਂ ਉਸੇ ਵੇਲੇ ਸਿਨਮਾ-ਘਰ ਤੋਂ ਬਾਹਰ ਆ ਜਾਂਦੇ ਹਾਂ।” ਫ਼ਿਲਮਾਂ ਬਾਰੇ ਫ਼ੈਸਲੇ ਕਰਦੇ ਵੇਲੇ ਆਪਣੇ ਮੁੰਡਿਆਂ ਦੀ ਰਾਇ ਪੁੱਛਣ ਨਾਲ ਬਿੱਲ ਤੇ ਚੈਰੀ ਚੰਗੇ ਅਤੇ ਮਾੜੇ ਵਿਚ ਫ਼ਰਕ ਦੇਖਣ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਹਨ। “ਉਹ ਹੁਣ ਫ਼ਿਲਮਾਂ ਦੇਖਣ ਦੇ ਮਾਮਲੇ ਵਿਚ ਸਹੀ ਫ਼ੈਸਲੇ ਕਰਦੇ ਹਨ,” ਬਿੱਲ ਕਹਿੰਦਾ ਹੈ।

ਬਿੱਲ ਤੇ ਚੈਰੀ ਵਾਂਗ ਬਹੁਤ ਸਾਰੇ ਮਸੀਹੀ ਮਾਪਿਆਂ ਨੇ ਮਨੋਰੰਜਨ ਦੇ ਮਾਮਲੇ ਵਿਚ ਆਪਣੀ ਜ਼ਮੀਰ ਨੂੰ ਸਾਧਣ ਵਿਚ ਬੱਚਿਆਂ ਦੀ ਮਦਦ ਕੀਤੀ ਹੈ। ਇਹ ਸੱਚ ਹੈ ਕਿ ਅੱਜ ਜ਼ਿਆਦਾਤਰ ਫ਼ਿਲਮਾਂ ਦੇਖਣਯੋਗ ਨਹੀਂ ਹੁੰਦੀਆਂ। ਪਰ ਜਦੋਂ ਮਸੀਹੀ ਬਾਈਬਲ ਦੇ ਅਸੂਲਾਂ ਦੀ ਸੇਧ ਵਿਚ ਚੱਲਦੇ ਹਨ, ਤਾਂ ਉਹ ਸਾਫ਼-ਸੁਥਰੇ ਤੇ ਤਾਜ਼ਗੀ ਦੇਣ ਵਾਲੇ ਮਨੋਰੰਜਨ ਦਾ ਆਨੰਦ ਮਾਣ ਸਕਦੇ ਹਨ। (g05 5/8)

[ਫੁਟਨੋਟ]

^ ਪੈਰਾ 9 ਹੋਰ ਕਈ ਦੇਸ਼ਾਂ ਨੇ ਇਹੋ ਜਿਹਾ ਰੇਟਿੰਗ ਸਿਸਟਮ ਸ਼ੁਰੂ ਕੀਤਾ ਹੈ ਜਿੱਥੇ ਉਹ ਇਕ ਨਿਸ਼ਾਨ ਦੇ ਜ਼ਰੀਏ ਦੱਸਦੇ ਹਨ ਕਿ ਕਿਹੜੀ ਉਮਰ ਦੇ ਲੋਕ ਫ਼ਿਲਮ ਦੇਖ ਸਕਦੇ ਹਨ।

^ ਪੈਰਾ 12 ਹਰ ਦੇਸ਼ ਵਿਚ ਫ਼ਿਲਮ ਦੀ ਰੇਟਿੰਗ ਕਰਨ ਦੇ ਮਾਪ-ਦੰਡ ਵੀ ਵੱਖੋ-ਵੱਖਰੇ ਹੋ ਸਕਦੇ ਹਨ। ਇਕ ਦੇਸ਼ ਵਿਚ ਜੋ ਫ਼ਿਲਮ ਕਿਸ਼ੋਰਾਂ ਦੇ ਦੇਖਣ ਦੇ ਯੋਗ ਨਹੀਂ ਸਮਝੀ ਜਾਂਦੀ, ਦੂਸਰਾ ਦੇਸ਼ ਉਹੀ ਫ਼ਿਲਮ ਕਿਸ਼ੋਰਾਂ ਨੂੰ ਦੇਖਣ ਦੀ ਇਜਾਜ਼ਤ ਦੇ ਦਿੰਦਾ ਹੈ।

^ ਪੈਰਾ 16 ਮਸੀਹੀਆਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਬੱਚਿਆਂ ਤੇ ਕਿਸ਼ੋਰਾਂ ਦੀਆਂ ਫ਼ਿਲਮਾਂ ਵਿਚ ਜਾਦੂ-ਟੂਣੇ, ਪ੍ਰੇਤਵਾਦ ਤੇ ਹੋਰ ਇਹੋ ਜਿਹੀਆਂ ਗੱਲਾਂ ਹੋ ਸਕਦੀਆਂ ਹਨ।—1 ਕੁਰਿੰਥੀਆਂ 10:21.

[ਸਫ਼ਾ 12 ਉੱਤੇ ਡੱਬੀਆਂ/ਤਸਵੀਰਾਂ]

“ਅਸੀਂ ਮਿਲ ਕੇ ਫ਼ੈਸਲਾ ਕਰਦੇ ਹਾਂ”

“ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਸਾਡਾ ਪੂਰਾ ਪਰਿਵਾਰ ਮਿਲ ਕੇ ਫ਼ਿਲਮ ਦੇਖਣ ਜਾਂਦਾ ਸੀ। ਹੁਣ ਮੈਂ ਵੱਡੀ ਹੋ ਗਈ ਹਾਂ, ਇਸ ਲਈ ਮੇਰੇ ਮਾਤਾ-ਪਿਤਾ ਮੇਰੇ ਨਾਲ ਨਹੀਂ ਜਾਂਦੇ। ਪਰ ਮੈਨੂੰ ਫ਼ਿਲਮ ਦੇਖਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ, ਉਹ ਫ਼ਿਲਮ ਦਾ ਨਾਂ ਤੇ ਕਹਾਣੀ ਪੁੱਛਦੇ ਹਨ। ਜੇ ਉਨ੍ਹਾਂ ਨੇ ਫ਼ਿਲਮ ਬਾਰੇ ਨਹੀਂ ਸੁਣਿਆ ਹੈ, ਤਾਂ ਉਹ ਇਸ ਬਾਰੇ ਆਲੋਚਕਾਂ ਦੀਆਂ ਟਿੱਪਣੀਆਂ ਪੜ੍ਹਦੇ ਹਨ ਜਾਂ ਟੀ. ਵੀ. ਉੱਤੇ ਇਸ ਦੇ ਟ੍ਰੇਲਰ ਦੇਖਦੇ ਹਨ। ਉਹ ਇਸ ਬਾਰੇ ਇੰਟਰਨੈੱਟ ਤੋਂ ਵੀ ਜਾਣਕਾਰੀ ਲੈਂਦੇ ਹਨ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਫ਼ਿਲਮ ਦੇਖਣ ਵਾਲੀ ਨਹੀਂ ਹੈ, ਤਾਂ ਉਹ ਮੈਨੂੰ ਇਸ ਦਾ ਕਾਰਨ ਸਮਝਾਉਂਦੇ ਹਨ। ਉਹ ਮੈਨੂੰ ਵੀ ਆਪਣੀ ਰਾਇ ਦੱਸਣ ਦੀ ਇਜਾਜ਼ਤ ਦਿੰਦੇ ਹਨ। ਅਸੀਂ ਬਿਨਾਂ ਝਿਜਕੇ ਗੱਲ ਕਰਦੇ ਹਾਂ ਤੇ ਮਿਲ ਕੇ ਫ਼ੈਸਲਾ ਕਰਦੇ ਹਾਂ।”—ਐਲੋਈਜ਼, ਉਮਰ 19, ਫਰਾਂਸ।

[ਡੱਬੀ/ਸਫ਼ੇ 13 ਉੱਤੇ ਤਸਵੀਰ]

ਇਸ ਬਾਰੇ ਗੱਲ ਕਰੋ!

“ਜੇ ਮਾਤਾ-ਪਿਤਾ ਬੱਚਿਆਂ ਨੂੰ ਮਾੜਾ ਮਨੋਰੰਜਨ ਕਰਨ ਤੋਂ ਰੋਕਦੇ ਹਨ ਤੇ ਉਸ ਦੀ ਜਗ੍ਹਾ ਚੰਗੇ ਮਨੋਰੰਜਨ ਦਾ ਵੀ ਇੰਤਜ਼ਾਮ ਨਹੀਂ ਕਰਦੇ, ਤਾਂ ਬੱਚੇ ਚੋਰੀ-ਛੁਪੇ ਆਪਣੀਆਂ ਇੱਛਾਵਾਂ ਪੂਰੀਆਂ ਕਰਨਗੇ। ਇਸ ਲਈ ਜਦੋਂ ਬੱਚੇ ਕਹਿੰਦੇ ਹਨ ਕਿ ਉਹ ਕੋਈ ਪ੍ਰੋਗ੍ਰਾਮ ਜਾਂ ਫ਼ਿਲਮ ਦੇਖਣੀ ਚਾਹੁੰਦੇ ਹਨ ਜੋ ਠੀਕ ਨਹੀਂ ਹੈ, ਤਾਂ ਕੁਝ ਮਾਪੇ ਉਸੇ ਵੇਲੇ ਉਨ੍ਹਾਂ ਨੂੰ ਮਨ੍ਹਾ ਨਹੀਂ ਕਰਦੇ ਤੇ ਨਾ ਹੀ ਇਸ ਦੀ ਇਜਾਜ਼ਤ ਦਿੰਦੇ ਹਨ। ਇਸ ਦੀ ਬਜਾਇ, ਉਹ ਮਾਮਲੇ ਨੂੰ ਠੰਢਾ ਪੈਣ ਦਿੰਦੇ ਹਨ। ਕੁਝ ਦਿਨਾਂ ਤਕ ਉਹ ਇਸ ਮਾਮਲੇ ਤੇ ਪਰੇਸ਼ਾਨ ਹੋਏ ਬਿਨਾਂ ਇਸ ਤੇ ਚਰਚਾ ਕਰਦੇ ਹਨ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਪੁੱਛਦੇ ਹਨ ਕਿ ਉਹ ਕਿਉਂ ਸੋਚਦੇ ਹਨ ਕਿ ਇਹ ਪ੍ਰੋਗ੍ਰਾਮ ਜਾਂ ਫ਼ਿਲਮ ਚੰਗੀ ਹੈ। ਗੱਲ ਕਰਨ ਨਾਲ ਬੱਚੇ ਅਕਸਰ ਆਪਣੇ ਮਾਂ-ਬਾਪ ਨਾਲ ਸਹਿਮਤ ਹੁੰਦੇ ਹਨ ਤੇ ਸਹੀ ਸੇਧ ਦੇਣ ਲਈ ਉਨ੍ਹਾਂ ਦਾ ਧੰਨਵਾਦ ਵੀ ਕਰਦੇ ਹਨ। ਫਿਰ ਮਾਪਿਆਂ ਦੀ ਮਦਦ ਨਾਲ ਉਹ ਅਜਿਹਾ ਮਨੋਰੰਜਨ ਚੁਣਦੇ ਹਨ ਜਿਸ ਦਾ ਸਾਰੇ ਆਨੰਦ ਮਾਣ ਸਕਦੇ ਹਨ।”—ਮਾਸਾਆਕੀ, ਜਪਾਨ ਵਿਚ ਇਕ ਸਫ਼ਰੀ ਨਿਗਾਹਬਾਨ।

[ਸਫ਼ਾ 14 ਉੱਤੇ ਡੱਬੀਆਂ/ਤਸਵੀਰਾਂ]

ਹੋਰ ਕਿਸਮ ਦੇ ਮਨੋਰੰਜਨ

◼ “ਬੱਚਿਆਂ ਦੀ ਕੁਦਰਤੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣ। ਇਸ ਲਈ ਅਸੀਂ ਹਮੇਸ਼ਾ ਆਪਣੀ ਧੀ ਨੂੰ ਆਪਣੀ ਨਿਗਰਾਨੀ ਅਧੀਨ ਚੰਗੇ ਬੱਚਿਆਂ ਨਾਲ ਖੇਡਣ ਦੀ ਇਜਾਜ਼ਤ ਦਿੱਤੀ ਹੈ। ਸਾਡੀ ਕਲੀਸਿਯਾ ਵਿਚ ਬਹੁਤ ਸਾਰੇ ਬੀਬੇ ਬੱਚੇ ਹਨ ਤੇ ਅਸੀਂ ਆਪਣੀ ਧੀ ਨੂੰ ਉਨ੍ਹਾਂ ਨਾਲ ਦੋਸਤੀ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ।”—ਅਲੀਜ਼ਾ, ਇਟਲੀ।

▪ “ਅਸੀਂ ਆਪਣੇ ਬੱਚਿਆਂ ਦੇ ਮਨੋਰੰਜਨ ਦਾ ਪੂਰਾ-ਪੂਰਾ ਧਿਆਨ ਰੱਖਦੇ ਹਾਂ। ਅਸੀਂ ਉਨ੍ਹਾਂ ਨਾਲ ਸੈਰ ਕਰਨ ਤੇ ਪਿਕਨਿਕ ਮਨਾਉਣ ਜਾਂਦੇ ਹਾਂ, ਬਾਹਰ ਵਿਹੜੇ ਵਿਚ ਮਿਲ ਕੇ ਖਾਣਾ ਬਣਾਉਂਦੇ ਹਾਂ ਅਤੇ ਹਰ ਉਮਰ ਦੇ ਸਾਥੀ ਮਸੀਹੀਆਂ ਨੂੰ ਖਾਣੇ ਲਈ ਸੱਦਦੇ ਹਾਂ। ਇਸ ਕਰਕੇ ਬੱਚਿਆਂ ਨੂੰ ਇਹ ਨਹੀਂ ਲੱਗਦਾ ਕਿ ਮਨੋਰੰਜਨ ਸਿਰਫ਼ ਆਪਣੇ ਹਾਣ ਦਿਆਂ ਨਾਲ ਹੀ ਕਰ ਕੇ ਮਜ਼ਾ ਆਉਂਦਾ ਹੈ।”—ਜੌਨ, ਬ੍ਰਿਟੇਨ।

▪ “ਅਸੀਂ ਦੇਖਿਆ ਹੈ ਕਿ ਆਪਣੇ ਸਾਥੀ ਮਸੀਹੀਆਂ ਨਾਲ ਸੰਗਤ ਕਰਨ ਦਾ ਬਹੁਤ ਫ਼ਾਇਦਾ ਹੁੰਦਾ ਹੈ। ਮੇਰੇ ਬੱਚੇ ਫੁਟਬਾਲ ਖੇਡਣਾ ਪਸੰਦ ਕਰਦੇ ਹਨ, ਇਸ ਲਈ ਸਮੇਂ-ਸਮੇਂ ਤੇ ਅਸੀਂ ਦੂਸਰਿਆਂ ਨਾਲ ਫੁਟਬਾਲ ਖੇਡਣ ਦਾ ਪ੍ਰੋਗ੍ਰਾਮ ਬਣਾਉਂਦੇ ਹਾਂ।”—ਖਵੌਨ, ਸਪੇਨ।

▪ “ਅਸੀਂ ਆਪਣੇ ਬੱਚਿਆਂ ਨੂੰ ਸਾਜ਼ ਵਜਾਉਣ ਦਾ ਉਤਸ਼ਾਹ ਦਿੰਦੇ ਹਾਂ। ਅਸੀਂ ਇਕੱਠੇ ਹੋਰ ਬਹੁਤ ਕੁਝ ਕਰਦੇ ਹਾਂ। ਅਸੀਂ ਟੈਨਿਸ ਤੇ ਵਾਲੀਬਾਲ ਖੇਡਦੇ ਹਾਂ, ਸਾਈਕਲਿੰਗ ਕਰਦੇ ਹਾਂ, ਕਿਤਾਬਾਂ ਪੜ੍ਹਦੇ ਹਾਂ ਤੇ ਦੋਸਤਾਂ-ਮਿੱਤਰਾਂ ਨਾਲ ਸੰਗਤ ਕਰਦੇ ਹਾਂ।”—ਮਾਰਕ, ਬ੍ਰਿਟੇਨ।

▪ “ਅਸੀਂ ਪੂਰਾ ਪਰਿਵਾਰ ਮਿਲ ਕੇ ਅਤੇ ਦੋਸਤਾਂ ਨਾਲ ਬੋਲਿੰਗ (ਟੈੱਨ ਪਿੰਨ ਬੋਲਿੰਗ) ਖੇਡਣ ਜਾਂਦੇ ਹਾਂ। ਇਸ ਤੋਂ ਇਲਾਵਾ ਅਸੀਂ ਮਹੀਨੇ ਵਿਚ ਇਕ ਵਾਰ ਕੁਝ-ਨ-ਕੁਝ ਇਕੱਠੇ ਕਰਨ ਦਾ ਪ੍ਰੋਗ੍ਰਾਮ ਬਣਾਉਂਦੇ ਹਾਂ। ਸਮੱਸਿਆਵਾਂ ਤੋਂ ਬਚਣ ਲਈ ਮਾਪਿਆਂ ਲਈ ਆਪਣੇ ਬੱਚਿਆਂ ਦੇ ਮਨੋਰੰਜਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।”—ਡੈਨੀਲੋ, ਫ਼ਿਲਪੀਨ।

▪ “ਕੁਰਸੀ ਤੇ ਬੈਠ ਕੇ ਫ਼ਿਲਮ ਦੇਖਣ ਨਾਲੋਂ ਕੋਈ ਪ੍ਰਦਰਸ਼ਨੀ ਜਾਂ ਸਟੇਜ ਸ਼ੋਅ ਦੇਖਣ ਦਾ ਜ਼ਿਆਦਾ ਮਜ਼ਾ ਆਉਂਦਾ ਹੈ। ਅਸੀਂ ਧਿਆਨ ਰੱਖਦੇ ਹਾਂ ਕਿ ਸ਼ਹਿਰ ਦੇ ਵਿਚ ਕਿਹੜੇ ਪ੍ਰੋਗ੍ਰਾਮ ਹੋ ਰਹੇ ਹਨ ਜਿਵੇਂ ਕਲਾ ਪ੍ਰਦਰਸ਼ਨੀ, ਕਾਰ ਸ਼ੋਅ ਜਾਂ ਗੀਤ-ਸੰਗੀਤ ਪ੍ਰੋਗ੍ਰਾਮ। ਅਜਿਹੇ ਪ੍ਰੋਗ੍ਰਾਮ ਤੇ ਜਾ ਕੇ ਅਕਸਰ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਪਰ ਅਸੀਂ ਇਹ ਵੀ ਧਿਆਨ ਰੱਖਦੇ ਹਾਂ ਕਿ ਬੱਚਿਆਂ ਨੂੰ ਲੋੜੋਂ ਵੱਧ ਮਨੋਰੰਜਨ ਨਾ ਕਰਾਈਏ। ਜ਼ਿਆਦਾ ਮਨੋਰੰਜਨ ਨਾਲ ਸਿਰਫ਼ ਸਮਾਂ ਹੀ ਬਰਬਾਦ ਨਹੀਂ ਹੁੰਦਾ, ਸਗੋਂ ਪ੍ਰੋਗ੍ਰਾਮ ਵਿਚ ਦਿਲਚਸਪੀ ਵੀ ਘੱਟ ਜਾਂਦੀ ਹੈ।”—ਜੂਡਿਥ, ਦੱਖਣੀ ਅਫ਼ਰੀਕਾ।

▪ “ਹੋਰ ਬੱਚੇ ਕੁਝ ਇਹੋ ਜਿਹੇ ਮਨੋਰੰਜਨ ਕਰਦੇ ਹਨ ਜੋ ਮੇਰੇ ਬੱਚਿਆਂ ਲਈ ਠੀਕ ਨਹੀਂ ਅਤੇ ਮੈਂ ਆਪਣੇ ਬੱਚਿਆਂ ਦੀ ਇਹ ਗੱਲ ਸਮਝਣ ਵਿਚ ਮਦਦ ਕਰਦੀ ਹਾਂ। ਇਸ ਦੇ ਨਾਲ-ਨਾਲ ਮੈਂ ਤੇ ਮੇਰੇ ਪਤੀ ਉਨ੍ਹਾਂ ਦਾ ਚੰਗਾ ਮਨੋਰੰਜਨ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਕਹਿਣ ਦਾ ਮੌਕਾ ਨਹੀਂ ਦਿੰਦੇ, ‘ਅਸੀਂ ਤਾਂ ਕਿਤੇ ਜਾਂਦੇ ਹੀ ਨਹੀਂ। ਅਸੀਂ ਕੁਝ ਵੀ ਨਹੀਂ ਕਰਦੇ।’ ਅਸੀਂ ਪੂਰਾ ਪਰਿਵਾਰ ਮਿਲ ਕੇ ਪਾਰਕਾਂ ਵਿਚ ਜਾਂਦੇ ਹਾਂ ਅਤੇ ਆਪਣੀ ਕਲੀਸਿਯਾ ਦੇ ਦੂਸਰੇ ਮਸੀਹੀਆਂ ਨਾਲ ਮਿਲ ਕੇ ਘਰ ਵਿਚ ਪਾਰਟੀ ਕਰਦੇ ਹਾਂ।” *—ਮਾਰੀਆ, ਬ੍ਰਾਜ਼ੀਲ।

[ਫੁਟਨੋਟ]

^ ਪੈਰਾ 47 ਇਕੱਠੇ ਮਿਲ ਕੇ ਮਨੋਰੰਜਨ ਕਰਨ ਬਾਰੇ ਹੋਰ ਜਾਣਕਾਰੀ ਲਈ ਇਸ ਰਸਾਲੇ ਦੇ ਨਾਲ ਦਾ ਰਸਾਲਾ ਪਹਿਰਾਬੁਰਜ (ਅੰਗ੍ਰੇਜ਼ੀ), 15 ਅਗਸਤ 1992, ਸਫ਼ੇ 15-20 ਦੇਖੋ।

[ਕ੍ਰੈਡਿਟ ਲਾਈਨ]

James Hall Museum of Transport, Johannesburg, South Africa

[ਸਫ਼ੇ 11 ਉੱਤੇ ਤਸਵੀਰ]

ਫ਼ਿਲਮ ਦੇਖਣ ਤੋਂ ਪਹਿਲਾਂ ਆਲੋਚਕਾਂ ਦੀਆਂ ਟਿੱਪਣੀਆਂ ਪੜ੍ਹੋ

[ਸਫ਼ੇ 12, 13 ਉੱਤੇ ਤਸਵੀਰ]

ਮਾਪਿਓ, ਆਪਣੇ ਬੱਚਿਆਂ ਨੂੰ ਫ਼ਿਲਮਾਂ ਦੀ ਚੋਣ ਕਰਨੀ ਸਿਖਾਓ