‘ਤੁਹਾਨੂੰ ਇਸ ਦਾ ਮਾਣ ਹੋਣਾ ਚਾਹੀਦਾ ਹੈ’
‘ਤੁਹਾਨੂੰ ਇਸ ਦਾ ਮਾਣ ਹੋਣਾ ਚਾਹੀਦਾ ਹੈ’
ਪਰਮੇਸ਼ੁਰ ਦੇ ਸੱਚੇ ਭਗਤ ਈਮਾਨਦਾਰੀ ਦੀ ਅਹਿਮੀਅਤ ਨੂੰ ਸਮਝਦੇ ਹਨ। ਪਰਮੇਸ਼ੁਰ ਲਈ ਪਿਆਰ ਉਨ੍ਹਾਂ ਨੂੰ ਈਮਾਨਦਾਰ ਬਣਾਉਂਦਾ ਹੈ। ਲਾਸਾਰੋ ਨਾਂ ਦੇ ਆਦਮੀ ਦੀ ਹੀ ਮਿਸਾਲ ਲੈ ਲਵੋ। ਇਕ ਵਾਰ ਜਦ ਉਹ ਵਾਟੁਲਕੋ, ਮੈਕਸੀਕੋ ਦੇ ਇਕ ਹੋਟਲ ਵਿਚ ਕੰਮ ਕਰਦਾ ਸੀ, ਤਾਂ ਉਸ ਨੂੰ ਫ਼ਰਸ਼ ਤੇ ਭੁੰਜੇ ਡਿਗੇ 70 ਅਮਰੀਕੀ ਡਾਲਰ ਮਿਲੇ। ਉਸ ਨੇ ਇਹ ਰਕਮ ਹੋਟਲ ਦੇ ਮੈਨੇਜਰ ਦੇ ਹੱਥ ਫੜਾ ਦਿੱਤੀ। ਕੁਝ ਸਮੇਂ ਬਾਅਦ ਉਸ ਨੂੰ ਬਾਥਰੂਮ ਵਿਚ ਕਿਸੇ ਦਾ ਬਟੂਆ ਮਿਲਿਆ ਜੋ ਉਸ ਨੇ ਹੋਟਲ ਦੇ ਅਧਿਕਾਰੀਆਂ ਨੂੰ ਫੜਾ ਦਿੱਤਾ। ਬਟੂਏ ਦੇ ਮਾਲਕ ਦੀ ਹੈਰਾਨੀ ਅਤੇ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦ ਉਸ ਨੂੰ ਆਪਣਾ ਬਟੂਆ ਵਾਪਸ ਮਿਲਿਆ।
ਇਹ ਗੱਲਾਂ ਹੋਟਲ ਦੇ ਜਨਰਲ ਮੈਨੇਜਰ ਦੇ ਕੰਨੀ ਪਈਆਂ। ਉਸ ਨੇ ਲਾਸਾਰੋ ਕੋਲੋਂ ਪੁੱਛਿਆ ਕਿ ਉਸ ਨੇ ਪੈਸੇ ਤੇ ਬਟੂਆ ਆਪਣੇ ਕੋਲ ਰੱਖਣ ਦੀ ਬਜਾਇ ਵਾਪਸ ਕਿਉਂ ਮੋੜੇ ਸਨ। ਲਾਸਾਰੋ ਨੇ ਜਵਾਬ ਦਿੱਤਾ ਕਿ ਉਸ ਨੇ ਬਾਈਬਲ ਤੋਂ ਈਮਾਨਦਾਰੀ ਬਾਰੇ ਸਿੱਖਿਆ ਸੀ ਅਤੇ ਉਹ ਕਿਸੇ ਹੋਰ ਦੀ ਚੀਜ਼ ਆਪਣੇ ਕੋਲ ਨਹੀਂ ਰੱਖ ਸਕਦਾ ਸੀ। ਬਾਅਦ ਵਿਚ ਜਨਰਲ ਮੈਨੇਜਰ ਨੇ ਲਾਸਾਰੋ ਨੂੰ ਇਕ ਚਿੱਠੀ ਵਿਚ ਲਿਖਿਆ: “ਅੱਜ-ਕੱਲ੍ਹ ਤੁਹਾਡੇ ਵਰਗੇ ਈਮਾਨਦਾਰ ਲੋਕ ਘੱਟ ਹੀ ਦੇਖਣ ਨੂੰ ਮਿਲਦੇ ਹਨ। ਹੋਟਲ ਦੀ ਮੈਨੇਜਮੈਂਟ ਤੁਹਾਡੀ ਸ਼ਲਾਘਾ ਕਰਦੀ ਹੈ। ਤੁਸੀਂ ਆਪਣੇ ਆਪ ਨੂੰ ਇਕ ਨੇਕ ਇਨਸਾਨ ਸਾਬਤ ਕੀਤਾ ਹੈ ਅਤੇ ਆਪਣੇ ਨਾਲ ਦੇ ਕੰਮ ਕਰਨ ਵਾਲਿਆਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ। ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਸ ਦਾ ਮਾਣ ਹੋਣਾ ਚਾਹੀਦਾ ਹੈ।” ਲਾਸਾਰੋ ਨੂੰ ਉਸ ਮਹੀਨੇ “ਐੱਮਪਲਾਯੀ ਆਫ਼ ਦ ਮੰਥ” (ਉੱਤਮ ਮੁਲਾਜ਼ਮ) ਦਾ ਖ਼ਿਤਾਬ ਦੇ ਕੇ ਸਨਮਾਨਿਆ ਗਿਆ।
ਲਾਸਾਰੋ ਦੇ ਕੁਝ ਸਹਿਕਰਮੀਆਂ ਨੇ ਸੋਚਿਆ ਸੀ ਕਿ ਲੱਭੀਆਂ ਚੀਜ਼ਾਂ ਨੂੰ ਹੋਟਲ ਦੇ ਹਵਾਲੇ ਕਰਨ ਵਿਚ ਉਸ ਨੇ ਭੁੱਲ ਕੀਤੀ ਸੀ। ਪਰ ਆਪਣੇ ਮਾਲਕ ਦੁਆਰਾ ਲਾਸਾਰੋ ਦੀਆਂ ਸਿਫ਼ਤਾਂ ਸੁਣਨ ਤੋਂ ਬਾਅਦ, ਉਨ੍ਹਾਂ ਨੇ ਲਾਸਾਰੋ ਨੂੰ ਆਪਣੇ ਅਸੂਲਾਂ ਤੇ ਪੱਕੇ ਰਹਿਣ ਦੀ ਦਾਦ ਦਿੱਤੀ।
ਬਾਈਬਲ ਵਿਚ ਯਿਸੂ ਦੇ ਵਫ਼ਾਦਾਰ ਚੇਲਿਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ‘ਸਭਨਾਂ ਨਾਲ ਭਲਾ ਕਰਨ’ ਅਤੇ ‘ਨੇਕੀ ਨਾਲ ਉਮਰ ਬਤੀਤ ਕਰਨ।’ (ਗਲਾਤੀਆਂ 6:10; ਇਬਰਾਨੀਆਂ 13:18) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਦੇ ਚੇਲਿਆਂ ਵਜੋਂ ਈਮਾਨਦਾਰੀ ਜ਼ਾਹਰ ਕਰਨ ਨਾਲ ਬਾਈਬਲ ਦੇ “ਧਰਮੀ ਅਤੇ ਸਚਿਆਰ” ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੁੰਦੀ ਹੈ।—ਬਿਵਸਥਾ ਸਾਰ 32:4. (g05 6/8)