Skip to content

Skip to table of contents

ਸਕ੍ਰਿਪਟ ਨੂੰ ਪਰਦੇ ਉੱਤੇ ਉਤਾਰਨਾ

ਸਕ੍ਰਿਪਟ ਨੂੰ ਪਰਦੇ ਉੱਤੇ ਉਤਾਰਨਾ

ਸਕ੍ਰਿਪਟ ਨੂੰ ਪਰਦੇ ਉੱਤੇ ਉਤਾਰਨਾ

ਪਿਛਲੇ ਕੁਝ ਦਹਾਕਿਆਂ ਤੋਂ, ਹਾਲੀਵੁਡ ਨੇ ਕਈ ਹਿੱਟ ਫ਼ਿਲਮਾਂ ਬਣਾਈਆਂ ਹਨ। ਇਸ ਦਾ ਪੂਰੀ ਦੁਨੀਆਂ ਉੱਤੇ ਅਸਰ ਪਿਆ ਹੈ ਕਿਉਂਕਿ ਬਹੁਤ ਸਾਰੀਆਂ ਹਾਲੀਵੁਡ ਫ਼ਿਲਮਾਂ ਅਮਰੀਕਾ ਵਿਚ ਦਿਖਾਏ ਜਾਣ ਤੋਂ ਕੁਝ ਹੀ ਹਫ਼ਤਿਆਂ ਜਾਂ ਦਿਨਾਂ ਬਾਅਦ ਦੂਸਰੇ ਦੇਸ਼ਾਂ ਵਿਚ ਰਿਲੀਜ਼ ਕਰ ਦਿੱਤੀਆਂ ਜਾਂਦੀਆਂ ਹਨ। ਕੁਝ ਫ਼ਿਲਮਾਂ ਤਾਂ ਪੂਰੀ ਦੁਨੀਆਂ ਵਿਚ ਇੱਕੋ ਸਮੇਂ ਤੇ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਵਾਰਨਰ ਬ੍ਰਦਰਜ਼ ਪਿਕਚਰਜ਼ ਦੇ ਡੋਮੈਸਟਿੱਕ ਡਿਸਟ੍ਰੀਬਿਊਸ਼ਨ ਦੇ ਪ੍ਰਧਾਨ ਡੈਨ ਫੈੱਲਮਨ ਕਹਿੰਦਾ ਹੈ: “ਫ਼ਿਲਮਾਂ ਦੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਤੋਂ ਸਾਨੂੰ ਕਾਫ਼ੀ ਆਸਾਂ ਹਨ। ਇਸ ਲਈ ਹੁਣ ਅਸੀਂ ਅੰਤਰਰਾਸ਼ਟਰੀ ਬਾਜ਼ਾਰ ਨੂੰ ਧਿਆਨ ਵਿਚ ਰੱਖ ਕੇ ਹੀ ਫ਼ਿਲਮਾਂ ਬਣਾਉਂਦੇ ਹਾਂ।” ਅੱਜ ਹਾਲੀਵੁਡ ਵਿਚ ਜੋ ਹੁੰਦਾ ਹੈ, ਉਸ ਦਾ ਪੂਰੀ ਦੁਨੀਆਂ ਦੇ ਮਨੋਰੰਜਨ ਜਗਤ ਉੱਤੇ ਅਸਰ ਪੈਂਦਾ ਹੈ। *

ਪਰ ਫ਼ਿਲਮਾਂ ਤੋਂ ਕਮਾਈ ਕਰਨੀ ਇੰਨੀ ਆਸਾਨ ਨਹੀਂ ਹੈ ਜਿੰਨੀ ਲੱਗਦੀ ਹੈ। ਕਈ ਫ਼ਿਲਮਾਂ ਨੂੰ ਬਣਾਉਣ ਅਤੇ ਉਨ੍ਹਾਂ ਨੂੰ ਮਾਰਕਿਟ ਵਿਚ ਲਿਆਉਣ ਉੱਤੇ ਸਾਢੇ ਚਾਰ ਅਰਬ ਰੁਪਏ ਤੋਂ ਜ਼ਿਆਦਾ ਖ਼ਰਚ ਆਉਂਦਾ ਹੈ। ਪਰ ਇਹ ਫ਼ਿਲਮਾਂ ਚੱਲਣਗੀਆਂ ਜਾਂ ਨਹੀਂ, ਇਹ ਸਿਨੇ ਪ੍ਰੇਮੀਆਂ ਉੱਤੇ ਨਿਰਭਰ ਕਰਦਾ ਹੈ। ਐਮੋਰੀ ਯੂਨੀਵਰਸਿਟੀ ਵਿਚ ਫ਼ਿਲਮ ਕਲਾ ਦੇ ਪ੍ਰੋਫ਼ੈਸਰ ਡੇਵਿਡ ਕੁੱਕ ਨੇ ਕਿਹਾ: “ਇਹ ਅੰਦਾਜ਼ਾ ਲਗਾਉਣਾ ਬਹੁਤ ਹੀ ਔਖਾ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਫ਼ਿਲਮ ਵਧੀਆ ਲੱਗੇਗੀ।” ਤਾਂ ਫਿਰ ਫ਼ਿਲਮ ਨਿਰਮਾਤਾ ਆਪਣੀਆਂ ਫ਼ਿਲਮਾਂ ਨੂੰ ਚਲਾਉਣ ਲਈ ਕੀ ਕਰਦੇ ਹਨ? ਇਸ ਦੇ ਜਵਾਬ ਲਈ ਸਾਨੂੰ ਪਹਿਲਾਂ ਜਾਣਨਾ ਪਵੇਗਾ ਕਿ ਫ਼ਿਲਮਾਂ ਕਿਵੇਂ ਬਣਾਈਆਂ ਜਾਂਦੀਆਂ ਹਨ। *

ਸ਼ੂਟਿੰਗ ਤੋਂ ਪਹਿਲਾਂ

ਸ਼ੂਟਿੰਗ ਤੋਂ ਪਹਿਲਾਂ ਦਾ ਕੰਮ ਬਹੁਤ ਹੀ ਮਹੱਤਵਪੂਰਣ ਹੁੰਦਾ ਹੈ। ਇਸ ਲਈ ਸ਼ੂਟਿੰਗ ਤੋਂ ਪਹਿਲਾਂ ਚੰਗੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ ਅਤੇ ਇਸ ਵਿਚ ਸਭ ਤੋਂ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤਿਆਰੀ ਵਿਚ ਵਰਤਿਆ ਇਕ-ਇਕ ਪੈਸਾ ਸ਼ੂਟਿੰਗ ਦੌਰਾਨ ਹੋਣ ਵਾਲੇ ਖ਼ਰਚੇ ਨੂੰ ਕਈ ਗੁਣਾ ਘਟਾ ਸਕਦਾ ਹੈ।

ਫ਼ਿਲਮ ਬਣਾਉਣ ਦੀ ਸ਼ੁਰੂਆਤ ਇਕ ਕਹਾਣੀ ਨਾਲ ਹੁੰਦੀ ਹੈ ਜੋ ਕਾਲਪਨਿਕ ਹੋ ਸਕਦੀ ਹੈ ਜਾਂ ਸੱਚੀਆਂ ਘਟਨਾਵਾਂ ਤੇ ਵੀ ਆਧਾਰਿਤ ਹੋ ਸਕਦੀ ਹੈ। ਫਿਰ ਇਕ ਲੇਖਕ ਇਸ ਕਹਾਣੀ ਤੋਂ ਸਕ੍ਰਿਪਟ ਤਿਆਰ ਕਰਦਾ ਹੈ। ਇਸ ਸਕ੍ਰਿਪਟ ਨੂੰ ਸਕ੍ਰੀਨਪਲੇ ਵੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਵਾਰ-ਵਾਰ ਸੁਧਾਰ ਕੇ ਸ਼ੂਟਿੰਗ ਸਕ੍ਰਿਪਟ ਤਿਆਰ ਕੀਤਾ ਜਾਂਦਾ ਹੈ। ਇਸ ਸ਼ੂਟਿੰਗ ਸਕ੍ਰਿਪਟ ਵਿਚ ਡਾਇਲਾਗ ਦੇ ਨਾਲ-ਨਾਲ ਸੰਖੇਪ ਵਿਚ ਇਹ ਵੀ ਲਿਖਿਆ ਹੁੰਦਾ ਹੈ ਕਿ ਇਸ ਦੌਰਾਨ ਐਕਟਰ ਕੀ-ਕੀ ਕਰਨਗੇ। ਇਸ ਵਿਚ ਤਕਨੀਕੀ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ ਜਿਵੇਂ ਕੈਮਰਾ ਕਿੱਥੇ ਰੱਖਣਾ ਹੈ ਜਾਂ ਇਕ ਸੀਨ ਤੋਂ ਦੂਜੇ ਸੀਨ ਵਿਚ ਤਬਦੀਲੀ ਕਿਵੇਂ ਹੋਣੀ ਹੈ।

ਪਰ ਸ਼ੂਟਿੰਗ ਸਕ੍ਰਿਪਟ ਤਿਆਰ ਕਰਨ ਤੋਂ ਪਹਿਲਾਂ ਹੀ ਸਕ੍ਰੀਨਪਲੇ ਕਿਸੇ ਫ਼ਿਲਮ ਨਿਰਮਾਤਾ ਨੂੰ ਵੇਚਿਆ ਜਾਂਦਾ ਹੈ। * ਨਿਰਮਾਤਾ ਕਿਸ ਤਰ੍ਹਾਂ ਦੇ ਸਕ੍ਰੀਨਪਲੇ ਪਸੰਦ ਕਰਦੇ ਹਨ? ਆਮ ਤੌਰ ਤੇ ਗਰਮੀਆਂ ਵਿਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਹਨ। ਇਸ ਲਈ ਨਿਰਮਾਤਾ ਸ਼ਾਇਦ ਉਹ ਕਹਾਣੀ ਚੁਣੇ ਜੋ ਨੌਜਵਾਨਾਂ ਨੂੰ ਪਸੰਦ ਆਵੇਗੀ।

ਲੇਕਿਨ ਇਸ ਤੋਂ ਵੀ ਵਧੀਆ ਉਹ ਸਕ੍ਰਿਪਟ ਹੁੰਦਾ ਹੈ ਜਿਸ ਤੇ ਬਣੀ ਫ਼ਿਲਮ ਨੂੰ ਹਰ ਉਮਰ ਦੇ ਲੋਕ ਪਸੰਦ ਕਰਨਗੇ। ਉਦਾਹਰਣ ਲਈ, ਕਿਸੇ ਕਾਮਿਕਬੁੱਕ ਦੇ ਸੁਪਰ ਹੀਰੋ ਉੱਤੇ ਬਣੀ ਫ਼ਿਲਮ ਨੂੰ ਦੇਖਣ ਲਈ ਬੱਚੇ ਆਉਣਗੇ ਜੋ ਇਸ ਹੀਰੋ ਨੂੰ ਜਾਣਦੇ ਹਨ ਤੇ ਬੱਚਿਆਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਜ਼ਰੂਰ ਆਉਣਗੇ। ਪਰ ਫ਼ਿਲਮ ਨਿਰਮਾਤਾ ਕਿਸ਼ੋਰਾਂ ਤੇ ਜਵਾਨ ਆਦਮੀ-ਔਰਤਾਂ ਨੂੰ ਕਿਵੇਂ ਲੁਭਾਉਂਦੇ ਹਨ? ਦ ਵਾਸ਼ਿੰਗਟਨ ਪੋਸਟ ਮੈਗਜ਼ੀਨ ਵਿਚ ਲਾਇਜ਼ਾ ਮੰਡੀ ਨੇ ਲਿਖਿਆ ਕਿ “ਫ਼ਿਲਮ ਦਾ ਬੇਹੱਦ ਰੋਮਾਂਚਕ ਤੇ ਉਤੇਜਕ ਹੋਣਾ” ਜ਼ਰੂਰੀ ਹੈ। ਫ਼ਿਲਮ ਵਿਚ ਲੱਚਰ ਭਾਸ਼ਾ, ਮਾਰ-ਧਾੜ ਤੇ ਸੈਕਸ-ਭਰਪੂਰ ਸੀਨ ਪਾਉਣ ਨਾਲ “ਫ਼ਿਲਮ ਬਹੁਤ ਪੈਸਾ ਕਮਾਏਗੀ ਤੇ ਹਰ ਕੋਈ ਇਸ ਨੂੰ ਦੇਖਣ ਆਵੇਗਾ।”

ਜੇ ਫ਼ਿਲਮ ਨਿਰਮਾਤਾ ਨੂੰ ਲੱਗਦਾ ਹੈ ਕਿ ਸਕ੍ਰਿਪਟ ਤੇ ਬਣੀ ਫ਼ਿਲਮ ਚੱਲ ਸਕਦੀ ਹੈ, ਤਾਂ ਉਹ ਸਕ੍ਰਿਪਟ ਖ਼ਰੀਦ ਲੈਂਦਾ ਹੈ ਤੇ ਕਿਸੇ ਚੰਗੇ ਨਿਰਦੇਸ਼ਕ ਅਤੇ ਮਸ਼ਹੂਰ ਹੀਰੋ-ਹੀਰੋਇਨ ਨੂੰ ਸਾਈਨ ਕਰ ਲੈਂਦਾ ਹੈ। ਜਿਸ ਫ਼ਿਲਮ ਨੂੰ ਕਿਸੇ ਮਸ਼ਹੂਰ ਨਿਰਦੇਸ਼ਕ ਨੇ ਬਣਾਇਆ ਹੋਵੇ ਤੇ ਉਸ ਵਿਚ ਸੁਪਰ ਸਟਾਰ ਨੇ ਕੰਮ ਕੀਤਾ ਹੋਵੇ, ਉਸ ਫ਼ਿਲਮ ਨੂੰ ਲੋਕ ਦੇਖਣ ਆਉਣਗੇ ਹੀ। ਪਰ ਸ਼ੂਟਿੰਗ ਤੋਂ ਪਹਿਲਾਂ ਵੀ ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰਾਂ ਦੇ ਨਾਂ ਫਾਇਨੈਂਸਰਾਂ ਨੂੰ ਆਕਰਸ਼ਿਤ ਕਰਨ ਵਿਚ ਸਹਾਈ ਸਾਬਤ ਹੁੰਦੇ ਹਨ ਜਿਨ੍ਹਾਂ ਦੇ ਪੈਸੇ ਨਾਲ ਫ਼ਿਲਮ ਬਣਾਈ ਜਾਵੇਗੀ।

ਸ਼ੂਟਿੰਗ ਤੋਂ ਪਹਿਲਾਂ ਫ਼ਿਲਮ ਦੇ ਸੀਨਾਂ, ਖ਼ਾਸ ਕਰਕੇ ਐਕਸ਼ਨ ਸੀਨਾਂ ਦੇ ਚਿੱਤਰ ਬਣਾਏ ਜਾਂਦੇ ਹਨ। ਇਨ੍ਹਾਂ ਤੋਂ ਕੈਮਰਾਮੈਨ ਨੂੰ ਬਹੁਤ ਮਦਦ ਮਿਲਦੀ ਹੈ ਤੇ ਸ਼ੂਟਿੰਗ ਦੌਰਾਨ ਸਮੇਂ ਦੀ ਬਚਤ ਹੁੰਦੀ ਹੈ। ਫ਼ਿਲਮ ਨਿਰਦੇਸ਼ਕ ਤੇ ਸਕ੍ਰਿਪਟ ਲਿਖਾਰੀ ਫਰੈਂਕ ਡਾਰਾਬੋਂਟ ਕਹਿੰਦਾ ਹੈ ਕਿ “ਸ਼ੂਟਿੰਗ ਵਾਲੇ ਦਿਨ ਸੈੱਟ ਤੇ ਖੜ੍ਹ ਕੇ ਇਹ ਫ਼ੈਸਲਾ ਕਰਨ ਵਿਚ ਸਭ ਤੋਂ ਜ਼ਿਆਦਾ ਸਮਾਂ ਬਰਬਾਦ ਹੁੰਦਾ ਹੈ ਕਿ ਕੈਮਰਾ ਕਿੱਥੇ ਰੱਖਣਾ ਹੈ।”

ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਵੀ ਸ਼ੂਟਿੰਗ ਤੋਂ ਪਹਿਲਾਂ ਹੀ ਫ਼ੈਸਲਾ ਕਰ ਲਿਆ ਜਾਣਾ ਚਾਹੀਦਾ ਹੈ। ਉਦਾਹਰਣ ਲਈ, ਸ਼ੂਟਿੰਗ ਕਿਹੜੀਆਂ ਥਾਵਾਂ ਤੇ ਹੋਵੇਗੀ? ਕੀ ਇਸ ਲਈ ਕਿਸੇ ਹੋਰ ਸ਼ਹਿਰ ਜਾਂ ਦੇਸ਼ ਜਾਣ ਦੀ ਲੋੜ ਪਵੇਗੀ? ਸੈੱਟ ਕਿੱਦਾਂ ਦੇ ਹੋਣਗੇ ਤੇ ਕਿਵੇਂ ਤਿਆਰ ਕੀਤੇ ਜਾਣਗੇ? ਕੀ ਖ਼ਾਸ ਪਹਿਰਾਵਿਆਂ ਦੀ ਲੋੜ ਪਵੇਗੀ? ਲਾਈਟਿੰਗ, ਮੇਕ-ਅੱਪ ਤੇ ਹੇਅਰ ਸਟਾਇਲਿੰਗ ਦਾ ਕੰਮ ਕੌਣ ਸੰਭਾਲੇਗਾ? ਆਵਾਜ਼, ਸਪੈਸ਼ਲ ਇਫੈਕਟਸ ਅਤੇ ਸਟੰਟ ਦਾ ਕੰਮ ਕੌਣ ਕਰੇਗਾ? ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਹਨ ਜਿਨ੍ਹਾਂ ਵੱਲ ਫ਼ਿਲਮ ਦਾ ਇਕ ਵੀ ਸੀਨ ਸ਼ੂਟ ਕਰਨ ਤੋਂ ਪਹਿਲਾਂ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਵੱਡੇ ਬਜਟ ਦੀ ਫ਼ਿਲਮ ਵਿਚ ਵੱਡੇ-ਵੱਡੇ ਅਦਾਕਾਰਾਂ ਤੋਂ ਇਲਾਵਾ ਸੈਂਕੜੇ ਲੋਕ ਕੰਮ ਕਰਦੇ ਹਨ! ਕਈ ਸੈੱਟਾਂ ਤੇ ਕੰਮ ਕਰ ਚੁੱਕੇ ਇਕ ਤਕਨੀਸ਼ਨ ਨੇ ਕਿਹਾ: “ਫ਼ਿਲਮ ਬਣਾਉਣ ਲਈ ਬਹੁਤ ਸਾਰੇ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ।”

ਫ਼ਿਲਮ ਦੀ ਸ਼ੂਟਿੰਗ

ਫ਼ਿਲਮ ਦੀ ਸ਼ੂਟਿੰਗ ਕਰਨ ਵਿਚ ਬਹੁਤ ਸਮਾਂ ਲੱਗਦਾ ਹੈ ਤੇ ਇਹ ਕੰਮ ਥਕਾ ਦੇਣ ਵਾਲਾ ਤੇ ਮਹਿੰਗਾ ਹੁੰਦਾ ਹੈ। ਅਸਲ ਵਿਚ ਇਕ ਮਿੰਟ ਬਰਬਾਦ ਕਰਨ ਨਾਲ ਹਜ਼ਾਰਾਂ ਰੁਪਏ ਬਰਬਾਦ ਹੋ ਸਕਦੇ ਹਨ। ਕਈ ਵਾਰ ਸ਼ੂਟਿੰਗ ਲਈ ਜ਼ਰੂਰੀ ਸਾਰੇ ਕਰਮਚਾਰੀਆਂ, ਸਾਜ਼-ਸਾਮਾਨ ਤੇ ਐਕਟਰਾਂ ਨੂੰ ਦੁਨੀਆਂ ਦੇ ਦੂਰ-ਦੁਰਾਡੇ ਇਲਾਕੇ ਵਿਚ ਲੈ ਜਾਣਾ ਪੈਂਦਾ ਹੈ। ਪਰ ਸ਼ੂਟਿੰਗ ਭਾਵੇਂ ਕਿਤੇ ਵੀ ਹੋਵੇ, ਇਸ ਉੱਤੇ ਹਰ ਦਿਨ ਬਜਟ ਦਾ ਕਾਫ਼ੀ ਪੈਸਾ ਲੱਗ ਜਾਂਦਾ ਹੈ।

ਲਾਈਟਿੰਗ, ਹੇਅਰ ਸਟਾਇਲਿੰਗ ਤੇ ਮੇਕ-ਅੱਪ ਦਾ ਕੰਮ ਕਰਨ ਵਾਲੇ ਲੋਕ ਪਹਿਲਾਂ ਫ਼ਿਲਮ ਦੇ ਸੈੱਟ ਉੱਤੇ ਆ ਜਾਂਦੇ ਹਨ। ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਫ਼ਿਲਮੀ ਸਿਤਾਰੇ ਕਈ-ਕਈ ਘੰਟੇ ਮੇਕ-ਅੱਪ ਰੂਮ ਵਿਚ ਲਗਾਉਂਦੇ ਹਨ। ਫਿਰ ਸ਼ੂਟਿੰਗ ਦਾ ਲੰਬਾ ਦਿਨ ਸ਼ੁਰੂ ਹੋ ਜਾਂਦਾ ਹੈ।

ਨਿਰਦੇਸ਼ਕ ਹਰ ਸੀਨ ਦੀ ਸ਼ੂਟਿੰਗ ਉੱਤੇ ਨਜ਼ਰ ਰੱਖਦਾ ਹੈ। ਛੋਟੇ ਜਿਹੇ ਸੀਨ ਨੂੰ ਫ਼ਿਲਮਾਉਣ ਵਿਚ ਕਈ ਵਾਰ ਪੂਰਾ ਦਿਨ ਲੱਗ ਜਾਂਦਾ ਹੈ। ਜ਼ਿਆਦਾਤਰ ਸੀਨਾਂ ਦੀ ਸ਼ੂਟਿੰਗ ਇੱਕੋ ਕੈਮਰੇ ਨਾਲ ਕੀਤੀ ਜਾਂਦੀ ਹੈ, ਇਸ ਲਈ ਹਰ ਸੀਨ ਨੂੰ ਵੱਖਰੋ-ਵੱਖਰੇ ਐਂਗਲ ਤੋਂ ਕਈ ਵਾਰ ਫ਼ਿਲਮਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਜੇ ਐਕਟਿੰਗ ਸਹੀ ਨਹੀਂ ਹੁੰਦੀ ਹੈ ਜਾਂ ਕੋਈ ਤਕਨੀਕੀ ਨੁਕਸ ਕਰਕੇ ਸੀਨ ਖ਼ਰਾਬ ਹੋ ਜਾਂਦਾ ਹੈ, ਤਾਂ ਉਸ ਸੀਨ ਨੂੰ ਵਾਰ-ਵਾਰ ਫ਼ਿਲਮਾਇਆ ਜਾਂਦਾ ਹੈ। ਵਾਰ-ਵਾਰ ਫ਼ਿਲਮਾਏ ਗਏ ਸੀਨਾਂ ਨੂੰ “ਟੇਕ” ਕਹਿੰਦੇ ਹਨ। ਵੱਡੇ ਸੀਨਾਂ ਲਈ ਕਈ ਵਾਰ 50 ਜਾਂ ਜ਼ਿਆਦਾ ਵੀ ਟੇਕ ਲੈਣੇ ਪੈਂਦੇ ਹਨ! ਬਾਅਦ ਵਿਚ, ਆਮ ਤੌਰ ਤੇ ਸ਼ੂਟਿੰਗ ਵਾਲੇ ਦਿਨ ਦੇ ਅੰਤ ਵਿਚ ਨਿਰਦੇਸ਼ਕ ਸਾਰੇ ਟੇਕ ਦੇਖਦਾ ਹੈ ਤੇ ਫ਼ੈਸਲਾ ਕਰਦਾ ਹੈ ਕਿ ਕਿਹੜੇ ਟੇਕ ਰੱਖਣੇ ਹਨ ਤੇ ਕਿਹੜੇ ਨਹੀਂ। ਸ਼ੂਟਿੰਗ ਨੂੰ ਕੁਝ ਹਫ਼ਤੇ ਜਾਂ ਮਹੀਨੇ ਵੀ ਲੱਗ ਸਕਦੇ ਹਨ।

ਸ਼ੂਟਿੰਗ ਤੋਂ ਬਾਅਦ ਸੀਨਾਂ ਨੂੰ ਜੋੜਨਾ

ਪੂਰੀ ਸ਼ੂਟਿੰਗ ਹੋ ਜਾਣ ਤੋਂ ਬਾਅਦ ਸਾਰੇ ਟੇਕਾਂ ਦੀ ਕਾਂਟ-ਛਾਂਟ ਕੀਤੀ ਜਾਂਦੀ ਹੈ ਅਤੇ ਚੁਣੇ ਗਏ ਟੇਕਾਂ ਨੂੰ ਜੋੜ ਕੇ ਫ਼ਿਲਮ ਦਾ ਰੂਪ ਦਿੱਤਾ ਜਾਂਦਾ ਹੈ। ਪਹਿਲਾਂ, ਆਵਾਜ਼ਾਂ ਤੇ ਡਾਇਲਾਗ ਹਰ ਸੀਨ ਨਾਲ ਮਿਲਾਏ ਜਾਂਦੇ ਹਨ। ਫਿਰ ਐਡੀਟਰ ਸਾਰੇ ਸੀਨਾਂ ਨੂੰ ਜੋੜ ਕੇ ਕੱਚੀ-ਪੱਕੀ ਫ਼ਿਲਮ ਤਿਆਰ ਕਰ ਲੈਂਦਾ ਹੈ ਜਿਸ ਨੂੰ “ਰਫ਼ ਕੱਟ” ਕਹਿੰਦੇ ਹਨ।

ਇਸ ਸਮੇਂ ਸਾਊਂਡ ਇਫੈਕਟਸ ਤੇ ਵਿਜ਼ੂਅਲ ਇਫੈਕਟਸ ਵੀ ਪਾਏ ਜਾਂਦੇ ਹਨ। ਸਪੈਸ਼ਲ ਇਫੈਕਟਸ ਪਾਉਣ ਦਾ ਕੰਮ ਬਹੁਤ ਗੁੰਝਲਦਾਰ ਹੈ ਤੇ ਕਈ ਵਾਰ ਇਹ ਕੰਪਿਊਟਰ ਦੀ ਮਦਦ ਨਾਲ ਪਾਏ ਜਾਂਦੇ ਹਨ। ਇਨ੍ਹਾਂ ਨਾਲ ਸੀਨ ਬਹੁਤ ਸ਼ਾਨਦਾਰ ਤੇ ਜਾਨਦਾਰ ਬਣ ਜਾਂਦੇ ਹਨ।

ਫ਼ਿਲਮ ਲਈ ਤਿਆਰ ਕੀਤਾ ਗਿਆ ਖ਼ਾਸ ਸੰਗੀਤ ਵੀ ਇਸੇ ਸਮੇਂ ਪਾਇਆ ਜਾਂਦਾ ਹੈ। ਅੱਜ-ਕੱਲ੍ਹ ਫ਼ਿਲਮਾਂ ਵਿਚ ਸੰਗੀਤ ਦੀ ਮਹੱਤਤਾ ਕਾਫ਼ੀ ਵਧ ਗਈ ਹੈ। ਫ਼ਿਲਮ ਸਕੋਰ ਮੰਥਲੀ ਰਸਾਲੇ ਵਿਚ ਐਡਵਿਨ ਬਲੈਕ ਨੇ ਲਿਖਿਆ: “ਹੁਣ ਫ਼ਿਲਮ ਇੰਡਸਟਰੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੰਗੀਤ ਦੀ ਮੰਗ ਕਰ ਰਹੀ ਹੈ। ਅੱਜ-ਕੱਲ੍ਹ ਨਾ ਸਿਰਫ਼ ਵੀਹ ਕੁ ਮਿੰਟਾਂ ਦੇ ਨਾਟਕੀ ਸੀਨਾਂ ਲਈ ਹੀ ਸੰਗੀਤ ਦੀ ਮੰਗ ਕੀਤੀ ਜਾਂਦੀ ਹੈ, ਸਗੋਂ ਪੂਰੇ ਫ਼ਿਲਮ ਲਈ ਇਕ ਤੋਂ ਜ਼ਿਆਦਾ ਘੰਟੇ ਦੇ ਸੰਗੀਤ ਦੀ ਮੰਗ ਕੀਤੀ ਜਾਂਦੀ ਹੈ।”

ਕਈ ਵਾਰ ਫ਼ਿਲਮ ਪਹਿਲਾਂ ਕੁਝ ਖ਼ਾਸ ਲੋਕਾਂ ਨੂੰ ਜਿਵੇਂ ਕਿ ਨਿਰਦੇਸ਼ਕ ਦੇ ਦੋਸਤਾਂ ਜਾਂ ਸਹਿਕਰਮੀਆਂ ਨੂੰ ਦਿਖਾਈ ਜਾਂਦੀ ਹੈ ਜਿਨ੍ਹਾਂ ਨੇ ਫ਼ਿਲਮ ਉੱਤੇ ਕੰਮ ਨਹੀਂ ਕੀਤਾ ਹੁੰਦਾ। ਉਨ੍ਹਾਂ ਦੀ ਪ੍ਰਤਿਕ੍ਰਿਆ ਦੇ ਆਧਾਰ ਤੇ ਨਿਰਦੇਸ਼ਕ ਕੁਝ ਸੀਨਾਂ ਦੀ ਦੁਬਾਰਾ ਸ਼ੂਟਿੰਗ ਕਰੇ ਜਾਂ ਉਨ੍ਹਾਂ ਨੂੰ ਫ਼ਿਲਮ ਵਿੱਚੋਂ ਕੱਟ ਦੇਵੇ। ਕਈ ਵਾਰ ਤਾਂ ਇਨ੍ਹਾਂ ਲੋਕਾਂ ਦੀ ਨਾਂਹਪੱਖੀ ਪ੍ਰਤਿਕ੍ਰਿਆ ਕਰਕੇ ਕਈ ਫ਼ਿਲਮਾਂ ਦੀ ਸਮਾਪਤੀ ਪੂਰੀ ਦੀ ਪੂਰੀ ਬਦਲ ਦਿੱਤੀ ਗਈ ਸੀ।

ਅਖ਼ੀਰ ਵਿਚ ਫ਼ਿਲਮ ਸਿਨਮਾ-ਘਰਾਂ ਵਿਚ ਰਿਲੀਜ਼ ਕੀਤੀ ਜਾਂਦੀ ਹੈ। ਰਿਲੀਜ਼ ਹੋਣ ਤੋਂ ਬਾਅਦ ਹੀ ਇਹ ਪਤਾ ਲੱਗਦਾ ਹੈ ਕਿ ਇਹ ਹਿੱਟ ਹੋਵੇਗੀ ਜਾਂ ਫਲਾਪ ਜਾਂ ਫਿਰ ਥੋੜ੍ਹੀ-ਬਹੁਤ ਚੱਲੇਗੀ। ਪਰ ਇੱਥੇ ਸਿਰਫ਼ ਪੈਸੇ ਦਾ ਹੀ ਸਵਾਲ ਨਹੀਂ ਹੈ। ਜੇ ਕਿਸੇ ਹੀਰੋ-ਹੀਰੋਇਨ ਦੀਆਂ ਕਈ ਫ਼ਿਲਮਾਂ ਫਲਾਪ ਹੋ ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਵਿੱਚੋਂ ਆਪਣਾ ਬੋਰੀਆ-ਬਿਸਤਰਾ ਚੁੱਕਣਾ ਪੈ ਸਕਦਾ ਹੈ ਤੇ ਨਿਰਦੇਸ਼ਕ ਦੀ ਵੀ ਬਦਨਾਮੀ ਹੁੰਦੀ ਹੈ। ਜੌਨ ਬੋਰਮਨ ਨੇ ਉਨ੍ਹਾਂ ਦਿਨਾਂ ਬਾਰੇ ਯਾਦ ਕਰਦੇ ਹੋਏ, ਜਦੋਂ ਉਸ ਨੇ ਨਵਾਂ-ਨਵਾਂ ਨਿਰਦੇਸ਼ਕ ਦਾ ਕੰਮ ਸ਼ੁਰੂ ਕੀਤਾ ਸੀ, ਕਿਹਾ: “ਮੈਂ ਆਪਣੇ ਸਮੇਂ ਦੇ ਬਹੁਤ ਸਾਰੇ ਨਿਰਦੇਸ਼ਕਾਂ ਨੂੰ ਇਕ-ਦੋ ਫ਼ਿਲਮਾਂ ਫਲਾਪ ਹੋਣ ਤੇ ਇਸ ਇੰਡਸਟਰੀ ਵਿੱਚੋਂ ਗਾਇਬ ਹੁੰਦੇ ਦੇਖਿਆ ਹੈ। ਇਹ ਫ਼ਿਲਮ ਇੰਡਸਟਰੀ ਦੀ ਕਠੋਰ ਹਕੀਕਤ ਹੈ ਕਿ ਜੇ ਤੁਸੀਂ ਆਪਣੇ ਨਿਰਮਾਤਾ ਲਈ ਪੈਸੇ ਨਹੀਂ ਕਮਾਉਂਦੇ, ਤਾਂ ਤੁਹਾਨੂੰ ਭੁਲਾ ਦਿੱਤਾ ਜਾਂਦਾ ਹੈ।”

ਪਰ ਫ਼ਿਲਮ ਦੇ ਪੋਸਟਰਾਂ ਨੂੰ ਦੇਖ ਰਹੀ ਭੀੜ ਆਮ ਕਰਕੇ ਫ਼ਿਲਮਾਂ ਬਣਾਉਣ ਵਾਲਿਆਂ ਦੀ ਰੋਜ਼ੀ-ਰੋਟੀ ਬਾਰੇ ਨਹੀਂ ਸੋਚਦੀ। ਉਹ ਤਾਂ ਇਹੀ ਸੋਚਦੀ ਹੈ: ‘ਕੀ ਇਹ ਫ਼ਿਲਮ ਦੇਖ ਕੇ ਮੈਨੂੰ ਮਜ਼ਾ ਆਵੇਗਾ? ਕੀ ਟਿਕਟ ਦੇ ਪੈਸੇ ਐਵੇਂ ਖ਼ਰਾਬ ਤਾਂ ਨਹੀਂ ਜਾਣਗੇ? ਕੀ ਫ਼ਿਲਮ ਘਟੀਆ ਕਿਸਮ ਦੀ ਹੈ? ਕੀ ਇਹ ਮੇਰੇ ਬੱਚਿਆਂ ਦੇ ਦੇਖਣ ਯੋਗ ਹੈ?’ ਕੋਈ ਫ਼ਿਲਮ ਦੇਖਣ ਦਾ ਫ਼ੈਸਲਾ ਕਰਦੇ ਸਮੇਂ ਤੁਹਾਨੂੰ ਅਜਿਹੇ ਸਵਾਲਾਂ ਦੇ ਸਹੀ ਜਵਾਬ ਕਿਵੇਂ ਮਿਲ ਸਕਦੇ ਹਨ? (g05 5/8)

[ਫੁਟਨੋਟ]

^ ਪੈਰਾ 2 ਹਾਰਵਰਡ ਬਿਜ਼ਨੈਸ ਸਕੂਲ ਦੀ ਇਕ ਪ੍ਰੋਫ਼ੈਸਰ ਅਨੀਟਾ ਐਲਬਰਸ ਦਾ ਕਹਿਣਾ ਹੈ ਕਿ “ਭਾਵੇਂ ਅੱਜ ਹਾਲੀਵੁਡ ਫ਼ਿਲਮਾਂ ਅਮਰੀਕਾ ਨਾਲੋਂ ਵਿਦੇਸ਼ਾਂ ਵਿਚ ਜ਼ਿਆਦਾ ਪੈਸਾ ਕਮਾਉਂਦੀਆਂ ਹਨ, ਪਰ ਅਮਰੀਕਾ ਵਿਚ ਕੋਈ ਫ਼ਿਲਮ ਚੱਲਦੀ ਹੈ ਜਾਂ ਨਹੀਂ, ਇਸ ਦਾ ਦੂਸਰੇ ਦੇਸ਼ਾਂ ਤੇ ਅਸਰ ਜ਼ਰੂਰ ਪੈਂਦਾ ਹੈ।”

^ ਪੈਰਾ 3 ਹਰ ਫ਼ਿਲਮ ਨੂੰ ਬਣਾਉਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ। ਇਸ ਲੇਖ ਵਿਚ ਅਸੀਂ ਕੇਵਲ ਇਕ ਤਰੀਕੇ ਬਾਰੇ ਚਰਚਾ ਕਰਾਂਗੇ।

^ ਪੈਰਾ 7 ਕਈ ਵਾਰ ਨਿਰਮਾਤਾ ਨੂੰ ਸਕ੍ਰੀਨਪਲੇ ਦੀ ਜਗ੍ਹਾ ਕਹਾਣੀ ਦਾ ਖ਼ਾਕਾ ਦਿੱਤਾ ਜਾਂਦਾ ਹੈ। ਜੇ ਉਸ ਨੂੰ ਕਹਾਣੀ ਪਸੰਦ ਆਉਂਦੀ ਹੈ, ਤਾਂ ਉਹ ਕਹਾਣੀ ਖ਼ਰੀਦ ਕੇ ਇਸ ਦਾ ਸਕ੍ਰੀਨਪਲੇ ਤਿਆਰ ਕਰਵਾ ਲੈਂਦਾ ਹੈ।

[ਸਫ਼ੇ 6 ਉੱਤੇ ਸੁਰਖੀ]

“ਇਹ ਅੰਦਾਜ਼ਾ ਲਗਾਉਣਾ ਬਹੁਤ ਹੀ ਔਖਾ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਫ਼ਿਲਮ ਵਧੀਆ ਲੱਗੇਗੀ।” —ਫ਼ਿਲਮ ਕਲਾ ਦੇ ਪ੍ਰੋਫ਼ੈਸਰ, ਡੇਵਿਡ ਕੁੱਕ

[ਸਫ਼ੇ 6, 7 ਉੱਤੇ ਡੱਬੀ/ਤਸਵੀਰਾਂ]

ਫ਼ਿਲਮ ਨੂੰ ਹਿੱਟ ਬਣਾਉਣਾ

ਫ਼ਿਲਮ ਪੂਰੀ ਹੋ ਚੁੱਕੀ ਹੈ। ਕਰੋੜਾਂ ਲੋਕ ਇਸ ਨੂੰ ਦੇਖਣਗੇ। ਕੀ ਇਹ ਫ਼ਿਲਮ ਚੱਲੇਗੀ? ਕੁਝ ਤਰੀਕਿਆਂ ਵੱਲ ਧਿਆਨ ਦਿਓ ਜਿਨ੍ਹਾਂ ਦੁਆਰਾ ਨਿਰਮਾਤਾ ਤੇ ਨਿਰਦੇਸ਼ਕ ਆਪਣੀ ਫ਼ਿਲਮ ਨੂੰ ਹਿੱਟ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

▪ ਕੰਨੋਂ-ਕੰਨੀ ਖ਼ਬਰ: ਕਿਸੇ ਫ਼ਿਲਮ ਲਈ ਲੋਕਾਂ ਵਿਚ ਦਿਲਚਸਪੀ ਪੈਦਾ ਕਰਨ ਦਾ ਸਭ ਤੋਂ ਅਸਰਦਾਰ ਤਰੀਕਾ ਹੈ ਇਸ ਬਾਰੇ ਗੱਲ ਫੈਲਾਉਣੀ। ਕਈ ਵਾਰ ਫ਼ਿਲਮ ਰਿਲੀਜ਼ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਇਸ ਬਾਰੇ ਖ਼ਬਰਾਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ਾਇਦ ਇਹ ਕਿਹਾ ਜਾਂਦਾ ਹੈ ਕਿ ਇਹ ਪਹਿਲੀ ਹਿੱਟ ਫ਼ਿਲਮ ਦਾ ਦੂਸਰਾ ਭਾਗ ਹੈ। ਕੀ ਪਹਿਲੀ ਫ਼ਿਲਮ ਦੇ ਸਿਤਾਰੇ ਹੀ ਇਸ ਫ਼ਿਲਮ ਵਿਚ ਹਨ? ਕੀ ਇਹ ਪਹਿਲੀ ਫ਼ਿਲਮ ਵਾਂਗ ਹੀ ਵਧੀਆ (ਜਾਂ ਬਕਵਾਸ) ਹੋਵੇਗੀ?

ਕਈ ਵਾਰ ਫ਼ਿਲਮ ਵਿਚ ਕੋਈ ਇਤਰਾਜ਼ਯੋਗ ਸੀਨ ਪਾ ਕੇ ਲੋਕਾਂ ਵਿਚ ਦਿਲਚਸਪੀ ਜਗਾਈ ਜਾਂਦੀ ਹੈ, ਜਿਵੇਂ ਕਿ ਅਜਿਹੇ ਸੈਕਸ-ਭਰਪੂਰ ਸੀਨ ਜੋ ਆਮ ਤੌਰ ਤੇ ਫ਼ਿਲਮਾਂ ਵਿਚ ਨਹੀਂ ਦਿਖਾਏ ਜਾਂਦੇ। ਕੀ ਇਹ ਸੀਨ ਸੱਚ-ਮੁੱਚ ਇੰਨਾ ਇਤਰਾਜ਼ਯੋਗ ਹੈ? ਕੀ ਇਸ ਫ਼ਿਲਮ ਨੇ ਨੈਤਿਕ ਕਦਰਾਂ-ਕੀਮਤਾਂ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ? ਲੋਕ ਅਜਿਹੀਆਂ ਗੱਲਾਂ ਤੇ ਬਹਿਸ ਕਰਦੇ ਹਨ ਤੇ ਇਸ ਨਾਲ ਫ਼ਿਲਮ ਦੀ ਮੁਫ਼ਤ ਵਿਚ ਹੀ ਮਸ਼ਹੂਰੀ ਹੁੰਦੀ ਹੈ। ਇਸ ਤੋਂ ਫ਼ਿਲਮ ਬਣਾਉਣ ਵਾਲਿਆਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਕਈ ਵਾਰ ਅਜਿਹੇ ਵਾਦ-ਵਿਵਾਦ ਕਰਕੇ ਫ਼ਿਲਮ ਦੇ ਪਹਿਲੇ ਸ਼ੋਅ ਯਾਨੀ ਪ੍ਰੀਮੀਅਰ ਤੇ ਲੋਕਾਂ ਦੀ ਭੀੜ ਲੱਗ ਜਾਂਦੀ ਹੈ।

▪ ਮੀਡੀਆ: ਟੀ. ਵੀ. ਤੇ ਸਿਨਮਾ-ਘਰਾਂ ਵਿਚ ਟ੍ਰੇਲਰ ਦਿਖਾ ਕੇ ਜਾਂ ਪੋਸਟਰਾਂ ਤੇ ਅਖ਼ਬਾਰਾਂ ਰਾਹੀਂ ਵੀ ਫ਼ਿਲਮ ਦੀ ਮਸ਼ਹੂਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸਿਤਾਰੇ ਇੰਟਰਵਿਊ ਦਿੰਦੇ ਵੇਲੇ ਆਪਣੀਆਂ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਬਾਰੇ ਵੀ ਜਾਣਕਾਰੀ ਦਿੰਦੇ ਹਨ। ਅੱਜ-ਕੱਲ੍ਹ ਮੁੱਖ ਤੌਰ ਤੇ ਇੰਟਰਨੈੱਟ ਦੇ ਜ਼ਰੀਏ ਫ਼ਿਲਮਾਂ ਦੀ ਮਸ਼ਹੂਰੀ ਕੀਤੀ ਜਾਂਦੀ ਹੈ।

▪ ਚੀਜ਼ਾਂ ਦੁਆਰਾ ਮਸ਼ਹੂਰੀ: ਫ਼ਿਲਮ ਦੀ ਮਸ਼ਹੂਰੀ ਲਈ ਵੇਚਣ ਵਾਸਤੇ ਕਈ ਚੀਜ਼ਾਂ ਵੀ ਬਣਾਈਆਂ ਜਾਂਦੀਆਂ ਹਨ। ਉਦਾਹਰਣ ਲਈ ਇਕ ਕਾਮਿਕਬੁੱਕ ਦੇ ਹੀਰੋ ਤੇ ਆਧਾਰਿਤ ਇਕ ਫ਼ਿਲਮ ਦੀ ਮਸ਼ਹੂਰੀ ਲਈ ਖਾਣੇ ਦੇ ਡੱਬਿਆਂ, ਕੱਪਾਂ, ਗਹਿਣਿਆਂ, ਕੱਪੜੇ, ਕੀ-ਚੇਨ, ਘੜੀਆਂ, ਲੈਂਪਾਂ ਅਤੇ ਬੋਰਡ ਗੇਮਾਂ ਤੇ ਇਸ ਹੀਰੋ ਦੀਆਂ ਤਸਵੀਰਾਂ ਛਾਪੀਆਂ ਗਈਆਂ ਸਨ। ਅਮਰੀਕੀ ਬਾਰ ਐਸੋਸੀਏਸ਼ਨ ਦੇ ਮਨੋਰੰਜਨ ਰਸਾਲੇ ਵਿਚ ਜੋ ਸਿਸਟੋ ਨਾਂ ਦਾ ਵਕੀਲ ਲਿਖਦਾ ਹੈ: “ਆਮ ਤੌਰ ਤੇ ਫ਼ਿਲਮ ਨਾਲ ਸੰਬੰਧਿਤ 40 ਪ੍ਰਤਿਸ਼ਤ ਚੀਜ਼ਾਂ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿੱਕ ਜਾਂਦੀਆਂ ਹਨ।”

▪ ਵਿਡਿਓ: ਜਿਹੜੀ ਫ਼ਿਲਮ ਬਾਕਸ ਆਫ਼ਿਸ ਤੇ ਫਲਾਪ ਹੋ ਜਾਂਦੀ ਹੈ, ਉਸ ਦਾ ਨੁਕਸਾਨ ਸ਼ਾਇਦ ਫ਼ਿਲਮ ਦੇ ਵਿਡਿਓ ਵੇਚ ਕੇ ਪੂਰਾ ਕੀਤਾ ਜਾਵੇ। ਫ਼ਿਲਮਾਂ ਤੋਂ ਹੋਣ ਵਾਲੀ ਕਮਾਈ ਦਾ ਹਿਸਾਬ-ਕਿਤਾਬ ਰੱਖਣ ਵਾਲੇ ਬਰੂਸ ਨੈਸ਼ ਦਾ ਕਹਿਣਾ ਹੈ ਕਿ “ਵਿਡਿਓ ਕੈਸਟਾਂ ਦੀ ਵਿੱਕਰੀ ਤੋਂ 40 ਤੋਂ 50 ਪ੍ਰਤਿਸ਼ਤ ਕਮਾਈ ਹੁੰਦੀ ਹੈ।”

▪ ਰੇਟਿੰਗ: ਫ਼ਿਲਮਾਂ ਦੇ ਨਿਰਮਾਤਾਵਾਂ ਨੇ ਰੇਟਿੰਗ ਸਿਸਟਮ ਨੂੰ ਆਪਣੇ ਫ਼ਾਇਦੇ ਲਈ ਵਰਤਣਾ ਸਿੱਖ ਲਿਆ ਹੈ। ਉਦਾਹਰਣ ਲਈ, ਫ਼ਿਲਮ ਵਿਚ ਜਾਣ-ਬੁੱਝ ਕੇ ਅਜਿਹੇ ਸੀਨ ਜਾਂ ਗੱਲਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਕਰਕੇ ਫ਼ਿਲਮ ਨੂੰ “ਬਾਲਗਾਂ ਵਾਸਤੇ” ਰੇਟਿੰਗ ਦਿੱਤੀ ਜਾਂਦੀ ਹੈ। ਦੂਸਰੇ ਪਾਸੇ, ਫ਼ਿਲਮ ਵਿੱਚੋਂ ਸਿਰਫ਼ ਉੱਨੇ ਕੁ ਸੀਨ ਕੱਟੇ ਜਾਂਦੇ ਹਨ ਕਿ ਇਸ ਨੂੰ “ਬਾਲਗਾਂ ਵਾਸਤੇ” ਰੇਟਿੰਗ ਨਾ ਮਿਲੇ, ਤਾਂਕਿ ਫ਼ਿਲਮ ਨੂੰ ਬੱਚੇ ਤੇ ਨੌਜਵਾਨ ਵੀ ਦੇਖਣ ਆਉਣ। ਦ ਵਾਸ਼ਿੰਗਟਨ ਪੋਸਟ ਮੈਗਜ਼ੀਨ ਵਿਚ ਲਾਇਜ਼ਾ ਮੰਡੀ ਨੇ ਲਿਖਿਆ ਕਿ “ਕਿਸ਼ੋਰਾਂ ਵਾਸਤੇ” ਰੇਟਿੰਗ ਨੂੰ ਫ਼ਿਲਮ ਦੀ “ਮਸ਼ਹੂਰੀ ਲਈ ਵਰਤਿਆ ਜਾਂਦਾ ਹੈ। ਇਸ ਰੇਟਿੰਗ ਦੇ ਰਾਹੀਂ ਫ਼ਿਲਮ ਸਟੂਡੀਓ ਕਿਸ਼ੋਰਾਂ ਤੇ ਛੋਟੇ ਬੱਚਿਆਂ ਨੂੰ (ਜੋ ਕਿਸ਼ੋਰ ਉਮਰ ਦੇ ਹੋਣ ਲਈ ਤਰਸਦੇ ਹਨ) ਇਹ ਸੰਦੇਸ਼ ਦਿੰਦੇ ਹਨ ਕਿ ਇਹ ਫ਼ਿਲਮ ਬੜੀ ਮਜ਼ੇਦਾਰ ਹੈ।” ਮੰਡੀ ਨੇ ਲਿਖਿਆ ਕਿ ਰੇਟਿੰਗ ਦੇ ਰਾਹੀਂ “ਮਾਪਿਆਂ ਤੇ ਬੱਚਿਆਂ ਵਿਚ ਤਣਾਅ” ਪੈਦਾ ਹੋ ਜਾਂਦਾ ਹੈ ਕਿਉਂਕਿ ਰੇਟਿੰਗ “ਮਾਪਿਆਂ ਨੂੰ ਤਾਂ ਚੇਤਾਵਨੀ ਦਿੰਦੀ ਹੈ, ਪਰ ਨਾਲ ਹੀ ਨਾਲ ਬੱਚਿਆਂ ਨੂੰ ਲੁਭਾਉਂਦੀ ਹੈ।”

[ਸਫ਼ੇ 8, 9 ਉੱਤੇ ਤਸਵੀਰਾਂ]

ਫ਼ਿਲਮ ਬਣਾਉਣ ਦਾ ਤਰੀਕਾ

ਸਕ੍ਰਿਪਟ

ਸੀਨਾਂ ਦੇ ਚਿੱਤਰ

ਪਹਿਰਾਵਾ

ਮੇਕ-ਅੱਪ

ਸ਼ੂਟਿੰਗ

ਸਪੈਸ਼ਲ ਇਫੈਕਟਸ ਦੀ ਸ਼ੂਟਿੰਗ

ਸੰਗੀਤ ਦੀ ਰਿਕਾਰਡਿੰਗ

ਸਾਊਂਡ ਮਿਕਸਿੰਗ

ਕੰਪਿਊਟਰ ਨਾਲ ਸਪੈਸ਼ਲ ਇਫੈਕਟਸ ਪਾਉਣੇ

ਟੇਕਾਂ ਦੀ ਕਾਂਟ-ਛਾਂਟ