Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਦੁਨੀਆਂ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ

ਪੋਲਿਸ਼ ਤੇ ਮਿਸਰੀ ਵਿਗਿਆਨੀਆਂ ਨੂੰ ਮਿਸਰ ਦੇ ਸ਼ਹਿਰ ਸਿਕੰਦਰੀਆ ਵਿਚ ਇਕ ਪੁਰਾਣੀ ਯੂਨੀਵਰਸਿਟੀ ਲੱਭੀ ਹੈ। ਲਾਸ ਏਂਜਲੀਜ਼ ਟਾਈਮਜ਼ ਅਖ਼ਬਾਰ ਅਨੁਸਾਰ ਵਿਗਿਆਨੀਆਂ ਨੇ ਦੇਖਿਆ ਕਿ ਇਸ ਯੂਨੀਵਰਸਿਟੀ ਵਿਚ ਲਗਭਗ ਇੱਕੋ ਆਕਾਰ ਦੇ 13 ਲੈਕਚਰ ਹਾਲ ਸਨ ਜਿਨ੍ਹਾਂ ਵਿਚ 5,000 ਵਿਦਿਆਰਥੀ ਬੈਠ ਸਕਦੇ ਸਨ। ਅਖ਼ਬਾਰ ਦੱਸਦੀ ਹੈ ਕਿ ਇਨ੍ਹਾਂ ਹਾਲਾਂ ਦੇ ਤਿੰਨ ਪਾਸੇ ਕੰਧਾਂ ਦੇ ਨਾਲ-ਨਾਲ ਪੌੜੀਆਂ ਵਾਂਗ ਬੈਂਚਾਂ ਦੀਆਂ ਕਤਾਰਾਂ ਸਨ। ਵਿਚਕਾਰ ਇਕ ਉੱਚੀ ਸੀਟ ਸੀ ਜੋ ਸ਼ਾਇਦ ਲੈਕਚਰਾਰ ਵਾਸਤੇ ਸੀ। ਮਿਸਰ ਦੀ ਪ੍ਰਾਚੀਨ ਲੱਭਤਾਂ ਦੀ ਸਮਿਤੀ ਦਾ ਪ੍ਰਧਾਨ ਜ਼ਹੀ ਹੌਵਸ ਕਹਿੰਦਾ ਹੈ ਕਿ “ਪਹਿਲੀ ਵਾਰ ਭੂਮੱਧ ਸਾਗਰ ਦੇ ਯੂਨਾਨੀ ਤੇ ਰੋਮੀ ਖੰਡਰਾਂ ਵਿਚ ਅਜਿਹੇ ਲੈਕਚਰ ਹਾਲ ਮਿਲੇ ਹਨ।” ਹੌਵਸ ਨੇ ਕਿਹਾ ਕਿ ਇਹ “ਸ਼ਾਇਦ ਦੁਨੀਆਂ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ।” (g05 6/8)

ਲਸਣ ਵਾਲੀ ਆਈਸ-ਕ੍ਰੀਮ?

ਚਿਰਾਂ ਤੋਂ ਮੰਨਿਆ ਜਾਂਦਾ ਹੈ ਕਿ ਲਸਣ ਵਿਚ ਔਸ਼ਧੀ ਗੁਣ ਹੁੰਦੇ ਹਨ। ਫ਼ਿਲਪੀਨ ਸਟਾਰ ਅਖ਼ਬਾਰ ਦੱਸਦੀ ਹੈ ਕਿ ਉੱਤਰੀ ਫ਼ਿਲਪੀਨ ਵਿਚ ਮਾਰਯਾਨੋ ਮਾਰਕੋਸ ਰਾਜ ਦੀ ਯੂਨੀਵਰਸਿਟੀ ਨੇ ਹੁਣ “ਸਿਹਤ” ਸਮੱਸਿਆਵਾਂ ਨਾਲ ਸਿੱਝਣ ਲਈ ਲਸਣ ਵਾਲੀ ਆਈਸ-ਕ੍ਰੀਮ ਬਣਾਈ ਹੈ। ਉਮੀਦ ਹੈ ਕਿ ਇਹ ਆਈਸ-ਕ੍ਰੀਮ ਲੋਕਾਂ ਨੂੰ ਉਨ੍ਹਾਂ ਬੀਮਾਰੀਆਂ ਤੋਂ ਰਾਹਤ ਪਹੁੰਚਾਏਗੀ ਜੋ ਮੰਨਿਆ ਜਾਂਦਾ ਹੈ ਕਿ ਲਸਣ ਖਾਣ ਨਾਲ ਠੀਕ ਹੋ ਜਾਂਦੀਆਂ ਹਨ। ਇਹ ਬੀਮਾਰੀਆਂ ਹਨ ਜ਼ੁਕਾਮ, ਬੁਖ਼ਾਰ, ਬਲੱਡ-ਪ੍ਰੈਸ਼ਰ ਦਾ ਵਧਣਾ, ਸਾਹ ਦੀਆਂ ਬੀਮਾਰੀਆਂ, ਗਠੀਆ, ਸੱਪ ਦਾ ਡੰਗ, ਦੰਦ-ਪੀੜ, ਤਪਦਿਕ, ਕਾਲੀ ਖੰਘ, ਜ਼ਖ਼ਮ ਅਤੇ ਗੰਜਾਪਨ ਆਦਿ। ਸੋ, ਹੈ ਕੋਈ ਲਸਣ ਵਾਲੀ ਆਈਸ-ਕ੍ਰੀਮ ਦਾ ਗਾਹਕ? (g05 6/8)

ਸਫ਼ੈਦ ਮਗਰਮੱਛ ਲੱਭੇ

ਭਾਰਤ ਦੀ ਅਖ਼ਬਾਰ ਦ ਹਿੰਦੂ ਦੱਸਦੀ ਹੈ ਕਿ “ਉੜੀਸਾ ਵਿਚ ਜੰਗਲਾਤ ਅਧਿਕਾਰੀਆਂ ਨੂੰ ਮਗਰਮੱਛਾਂ ਦੀ ਸਾਲਾਨਾ ਗਿਣਤੀ ਕਰਦਿਆਂ ਬਿਟਰਕੋਨੀਕਾ ਨੈਸ਼ਨਲ ਪਾਰਕ ਵਿਚ 15 ਸਫ਼ੈਦ ਮਗਰਮੱਛ ਲੱਭੇ ਹਨ।” ਸਫ਼ੈਦ ਮਗਰਮੱਛ ਮਿਲਣੇ ਬੜੀ ਅਨੋਖੀ ਗੱਲ ਹੈ ਤੇ ਇਹ “ਦੁਨੀਆਂ ਵਿਚ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੇ।” ਮਗਰਮੱਛਾਂ ਦਾ ਗ਼ੈਰ-ਕਾਨੂੰਨੀ ਸ਼ਿਕਾਰ ਹੋਣ ਕਰਕੇ 1970 ਦੇ ਦਹਾਕੇ ਵਿਚ ਖਾਰੇ ਪਾਣੀ ਵਿਚ ਰਹਿਣ ਵਾਲੇ ਮਗਰਮੱਛਾਂ ਦੀ ਹੋਂਦ ਖ਼ਤਰੇ ਵਿਚ ਸੀ, ਇਸ ਲਈ ਉੜੀਸਾ ਦੀ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਪ੍ਰੋਗ੍ਰਾਮਾਂ ਦੀ ਮਦਦ ਨਾਲ ਪਾਰਕ ਵਿਚ ਮਗਰਮੱਛ ਪਾਲਣੇ ਸ਼ੁਰੂ ਕਰ ਦਿੱਤੇ। ਕੀ ਸਰਕਾਰ ਦਾ ਇਹ ਜਤਨ ਸਫ਼ਲ ਰਿਹਾ? ਜੀ ਹਾਂ, ਕਿਉਂਕਿ ਪਾਰਕ ਵਿਚ ਬਹੁਤ ਸਾਰੀਆਂ ਝਾੜੀਆਂ, ਸਾਫ਼ ਪਾਣੀ ਅਤੇ ਭਰਪੂਰ ਭੋਜਨ ਸੀ ਅਤੇ ਇਸ ਦੇ ਨਾਲ ਹੀ ਲੋਕ ਵੀ ਉੱਥੇ ਘੱਟ ਹੀ ਆਉਂਦੇ ਹਨ। ਦ ਹਿੰਦੂ ਅਨੁਸਾਰ ਪਾਰਕ ਵਿਚ ਹੁਣ ਤਕਰੀਬਨ 1,500 ਮਗਰਮੱਛ ਹਨ ਜਿਨ੍ਹਾਂ ਵਿਚ ਅਨੋਖੇ ਸਫ਼ੈਦ ਮਗਰਮੱਛ ਵੀ ਹਨ। (g05 4/8)

ਗ਼ਰੀਬੀ ਅਤੇ ਬੀਮਾਰੀਆਂ ਨਾਲ ਤਮਾਖੂ ਦਾ ਸੰਬੰਧ

ਸਪੇਨ ਦੀ ਡੀਆਰਿਓ ਮਡੀਕੋ ਨਾਮਕ ਅਖ਼ਬਾਰ ਅਨੁਸਾਰ “ਵਿਸ਼ਵ ਸਿਹਤ ਸੰਗਠਨ (WHO) ਚੇਤਾਵਨੀ ਦਿੰਦਾ ਹੈ ਕਿ ਸਿਗਰਟ ਪੀਣ ਵਾਲੇ ਲਗਭਗ 84 ਪ੍ਰਤਿਸ਼ਤ ਲੋਕ ਗ਼ਰੀਬ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਤਮਾਖੂ ਅਤੇ ਗ਼ਰੀਬੀ ਦਾ ਭਿਆਨਕ ਚੱਕਰ ਰੁਕਣ ਦਾ ਨਾਂ ਨਹੀਂ ਲੈਂਦਾ।” ਇਸ ਤੋਂ ਇਲਾਵਾ, ਹਰ ਦੇਸ਼ ਵਿਚ “ਸਭ ਤੋਂ ਜ਼ਿਆਦਾ ਸਿਗਰਟਾਂ ਪੀਣ ਵਾਲੇ ਅਤੇ ਤਮਾਖੂ ਨਾਲ ਸੰਬੰਧਿਤ ਸਭ ਤੋਂ ਜ਼ਿਆਦਾ ਬੀਮਾਰੀਆਂ ਤੋਂ ਪੀੜਿਤ ਲੋਕ ਸਭ ਤੋਂ ਜ਼ਿਆਦਾ ਗ਼ਰੀਬੀ ਦੀ ਮਾਰ ਹੇਠ ਰਹਿੰਦੇ ਲੋਕਾਂ ਵਿੱਚੋਂ ਹਨ।” ਅਖ਼ਬਾਰ ਅਨੁਸਾਰ ਹਾਲਾਂਕਿ ਤਕਰੀਬਨ ਸਾਰੇ ਅਮੀਰ ਦੇਸ਼ਾਂ ਵਿਚ ਤਮਾਖੂ ਦਾ ਸੇਵਨ ਘੱਟ ਗਿਆ ਹੈ, ਪਰ ਦੁਨੀਆਂ ਭਰ ਵਿਚ ਤਮਾਖੂਨੋਸ਼ੀ “ਬੀਮਾਰੀਆਂ ਨੂੰ ਸੱਦਾ ਦੇਣ ਵਾਲਾ ਚੌਥਾ ਸਭ ਤੋਂ ਵੱਡਾ ਖ਼ਤਰਾ ਹੈ।” ਸਪੇਨ ਵਿਚ ਤਮਾਖੂ ਕਾਰਨ ਹੋਣ ਵਾਲੀਆਂ ਮੌਤਾਂ ਦੀ ਸਾਲਾਨਾ ਦਰ 60,000 ਤਕ ਪਹੁੰਚ ਗਈ ਹੈ। ਇੱਥੇ ਤਮਾਖੂਨੋਸ਼ੀ “ਬੀਮਾਰੀਆਂ, ਅਪਾਹਜਪੁਣਾ ਅਤੇ ਮੌਤ ਦਾ ਮੁੱਖ ਕਾਰਨ” ਬਣ ਗਈ ਹੈ। (g05 4/8)

ਪਤਲੇ ਹੋਣ ਦਾ ਜਨੂੰਨ

ਕੈਨੇਡਾ ਦੀ ਗਲੋਬ ਐਂਡ ਮੇਲ ਅਖ਼ਬਾਰ ਦੱਸਦੀ ਹੈ ਕਿ “ਨੌਜਵਾਨਾਂ—ਖ਼ਾਸਕਰ ਕੁੜੀਆਂ—ਉੱਤੇ ਛੋਟੀ ਉਮਰ ਵਿਚ ਹੀ ਪਤਲੇ ਹੋਣ ਦਾ ਭੂਤ ਸਵਾਰ ਹੋ ਜਾਂਦਾ ਹੈ ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।” ਮਿਸਾਲ ਲਈ, 10 ਤੋਂ 14 ਸਾਲਾਂ ਦੀਆਂ ਕੁੜੀਆਂ ਤੋਂ ਉਨ੍ਹਾਂ ਦੇ ਖਾਣ-ਪੀਣ ਬਾਰੇ ਪੁੱਛਿਆ ਗਿਆ ਤੇ 2,200 ਤੋਂ ਜ਼ਿਆਦਾ ਕੁੜੀਆਂ ਨੇ ਇਸ ਦਾ ਜਵਾਬ ਦਿੱਤਾ। ਗਲੋਬ ਦੱਸਦੀ ਹੈ: “ਸੱਤ ਪ੍ਰਤਿਸ਼ਤ ਤੋਂ ਘੱਟ ਕੁੜੀਆਂ ਮੋਟੀਆਂ ਸਨ, ਪਰ 31 ਨਾਲੋਂ ਜ਼ਿਆਦਾ ਪ੍ਰਤਿਸ਼ਤ ਕੁੜੀਆਂ ਨੇ ਆਪਣੇ ਆਪ ਨੂੰ ‘ਬਹੁਤ ਹੀ ਮੋਟੀਆਂ’ ਕਿਹਾ ਅਤੇ 29 ਪ੍ਰਤਿਸ਼ਤ ਨੇ ਕਿਹਾ ਕਿ ਉਹ ਡਾਇਟਿੰਗ ਕਰ ਰਹੀਆਂ ਸਨ।” ਸਿਹਤਮੰਦ ਕੁੜੀਆਂ ਆਪਣਾ ਭਾਰ ਕਿਉਂ ਘਟਾਉਣਾ ਚਾਹੁੰਦੀਆਂ ਹਨ? ਅਖ਼ਬਾਰ ਦੱਸਦੀ ਹੈ ਕਿ ਇਸ ਦੇ ਜ਼ਿਆਦਾਤਰ ਕਸੂਰਵਾਰ ਉਹ ਲੋਕ ਹਨ ਜੋ ਆਪ ਵੀ ਹਮੇਸ਼ਾ ਡਾਇਟਿੰਗ ਕਰਦੇ ਹਨ ਤੇ ਮੋਟੇ ਲੋਕਾਂ ਦਾ ਮਜ਼ਾਕ ਉਡਾਉਂਦੇ ਹਨ ਅਤੇ ਕੁੜੀਆਂ ਉਨ੍ਹਾਂ ਦੀ ਨਕਲ ਕਰਦੀਆਂ ਹਨ। “ਮੀਡੀਆ ਵੀ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ਜੋ ਬਹੁਤ ਹੀ ਪਤਲੀਆਂ-ਪਤੰਗ ਹਸਤੀਆਂ ਨੂੰ ਨਿਰੰਤਰ ਲੋਕਾਂ ਅੱਗੇ ਪੇਸ਼ ਕਰਦਾ ਹੈ,” ਗਲੋਬ ਕਹਿੰਦੀ ਹੈ। ਬੀਮਾਰ ਬੱਚਿਆਂ ਦੇ ਟੋਰੌਂਟੋ ਹਸਪਤਾਲ ਵਿਚ ਸਿਹਤ ਸੰਬੰਧੀ ਵਿਸ਼ਿਆਂ ਤੇ ਖੋਜ ਕਰਨ ਵਾਲੀ ਵਿਗਿਆਨੀ ਡਾ. ਗੇਲ ਮਕਵੇ ਦੱਸਦੀ ਹੈ ਕਿ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸਮਝਣ ਦੀ ਲੋੜ ਹੈ ਕਿ “ਭਾਰ ਦਾ ਵਧਣਾ ਆਮ ਗੱਲ ਹੈ ਤੇ ਅੱਲ੍ਹੜ ਉਮਰ ਵਿਚ ਬੱਚਿਆਂ ਦੇ ਵਿਕਾਸ ਲਈ ਇਹ ਬਹੁਤ ਜ਼ਰੂਰੀ ਹੈ।” (g05 4/8)

ਯੁੱਧ ਦੇ ਸ਼ਿਕਾਰ ਬੱਚੇ

ਜਰਮਨ ਅਖ਼ਬਾਰ ਲਾਈਪਟਸੀਗਰ ਫੌਲਕਸਟਸਾਈਟੁੰਗ ਦੱਸਦੀ ਹੈ ਕਿ ਸੰਯੁਕਤ ਰਾਸ਼ਟਰ ਬਾਲ ਫ਼ੰਡ ਦੇ ਅੰਦਾਜ਼ੇ ਅਨੁਸਾਰ ਰਵਾਂਡਾ ਦੇ ਨਸਲੀ ਦੰਗਿਆਂ ਵਿਚ 8,00,000 ਕਤਲ ਕੀਤੇ ਗਏ ਲੋਕਾਂ ਵਿੱਚੋਂ 3,00,000 ਬੱਚੇ ਸਨ। ਅੰਦਾਜ਼ਾ ਹੈ ਕਿ ਰਵਾਂਡਾ ਵਿਚ 1,00,000 ਤੋਂ ਜ਼ਿਆਦਾ ਬੱਚੇ ਅਜਿਹੇ ਪਰਿਵਾਰਾਂ ਵਿਚ ਰਹਿੰਦੇ ਹਨ ਜਿਨ੍ਹਾਂ ਦਾ ਕੋਈ ਵੱਡਾ ਦੇਖ-ਭਾਲ ਕਰਨ ਵਾਲਾ ਨਹੀਂ ਹੈ। “ਉਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਅੰਤਾਂ ਦੀ ਗ਼ਰੀਬੀ ਨੇ ਦਬੋਚ ਰੱਖਿਆ ਹੈ,” ਅਖ਼ਬਾਰ ਦੱਸਦੀ ਹੈ। (g05 4/22)

ਦੁਭਾਸ਼ੀ ਬੱਚੇ

“ਜਦੋਂ ਬੱਚਿਆਂ ਦੀ ਪਰਵਰਿਸ਼ ਧੀਰਜ ਤੇ ਸਮਝਦਾਰੀ ਨਾਲ ਕੀਤੀ ਜਾਂਦੀ ਹੈ, ਤਾਂ ਵੱਖੋ-ਵੱਖਰੀਆਂ ਭਾਸ਼ਾਵਾਂ ਦਾ ਗਿਆਨ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ,” ਮੈਕਸੀਕੋ ਸਿਟੀ ਦੀ ਅਖ਼ਬਾਰ ਮੀਲੰਨੀਓ ਦੱਸਦੀ ਹੈ। ਵਿਗਿਆਨੀਆਂ ਨੇ “ਸਿੱਟਾ ਕੱਢਿਆ ਕਿ ਦੋ ਭਾਸ਼ਾਵਾਂ ਬੋਲਣ ਵਾਲੇ ਬੱਚੇ ਆਪਣੇ ਸਕੂਲ ਦੇ ਉਨ੍ਹਾਂ ਬੱਚਿਆਂ ਤੋਂ ਜ਼ਿਆਦਾ ਹੁਸ਼ਿਆਰ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ਼ ਇੱਕੋ ਭਾਸ਼ਾ ਆਉਂਦੀ ਹੈ।” ਨਾਲੇ ਦੋ ਸਭਿਆਚਾਰਾਂ ਨੂੰ ਸਮਝਣ ਵਾਲੇ ਬੱਚੇ ਜ਼ਿਆਦਾ ਮਿਲਣਸਾਰ ਹੁੰਦੇ ਹਨ ਤੇ ਦੂਜਿਆਂ ਦੀ ਗੱਲ ਨੂੰ ਸਮਝ ਸਕਦੇ ਹਨ। ਕਦੇ-ਕਦੇ ਮਾਪੇ ਚਿੰਤਾ ਵਿਚ ਪੈ ਜਾਂਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਦੋਵੇਂ ਭਾਸ਼ਾਵਾਂ ਨੂੰ ਮਿਲਾ ਕੇ ਬੋਲਦੇ ਹਨ। “ਪਰ ਇਹ ਵਿਆਕਰਣ ਸੰਬੰਧੀ ‘ਗ਼ਲਤੀਆਂ’ ਕੋਈ ਵੱਡੀ ਸਮੱਸਿਆ ਨਹੀਂ ਹਨ ਤੇ ਇਨ੍ਹਾਂ ਨੂੰ ਛੇਤੀ ਸੁਧਾਰ ਲਿਆ ਜਾਂਦਾ ਹੈ,” ਬੱਚਿਆਂ ਦੇ ਭਾਸ਼ਾਈ ਵਿਕਾਸ ਦਾ ਅਧਿਐਨ ਕਰਨ ਵਾਲਾ ਪ੍ਰੋਫ਼ੈਸਰ ਟੋਨੀ ਕਲਾਈਨ ਕਹਿੰਦਾ ਹੈ। “ਭਾਵੇਂ ਭਾਸ਼ਾ ਬੋਲਣੀ ਸਿੱਖਣ ਵਿਚ ਚਿਰ ਵੀ ਲੱਗ ਜਾਵੇ, ਫਿਰ ਵੀ ਇਸ ਦੇ ਬਾਅਦ ਵਿਚ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।” ਜੇ ਮਾਂ-ਬਾਪ ਸ਼ੁਰੂ ਤੋਂ ਹੀ ਬੱਚਿਆਂ ਨੂੰ ਆਪਣੀਆਂ ਭਾਸ਼ਾਵਾਂ ਸਿਖਾਉਂਦੇ ਹਨ, ਤਾਂ ਬੱਚੇ ਖ਼ੁਦ-ਬ-ਖ਼ੁਦ ਉਨ੍ਹਾਂ ਭਾਸ਼ਾਵਾਂ ਨੂੰ ਸਿੱਖ ਜਾਣਗੇ ਅਤੇ ਸਮਾਂ ਬੀਤਣ ਦੇ ਨਾਲ-ਨਾਲ ਉਹ ਦੋਵਾਂ ਵੱਖਰੀਆਂ ਭਾਸ਼ਾਵਾਂ ਨੂੰ ਸਹੀ ਤਰੀਕੇ ਨਾਲ ਬੋਲ ਸਕਣਗੇ। (g05 5/8)

ਅਚਾਨਕ ਉੱਠਣ ਵਾਲੀਆਂ ਵਿਸ਼ਾਲ ਲਹਿਰਾਂ

ਕਿਹਾ ਜਾਂਦਾ ਹੈ ਕਿ ਦੁਨੀਆਂ ਵਿਚ ਕਿਤੇ ਨਾ ਕਿਤੇ ਹਰ ਹਫ਼ਤੇ ਔਸਤਨ ਦੋ ਵੱਡੇ-ਵੱਡੇ ਜਹਾਜ਼ ਡੁੱਬ ਜਾਂਦੇ ਹਨ। ਇੱਥੋਂ ਤਕ ਕਿ ਸੁਪਰ ਟੈਂਕਰ ਅਤੇ 200 ਮੀਟਰ ਉੱਚੇ-ਲੰਮੇ ਤੇਲ ਢੋਣ ਵਾਲੇ ਸਮੁੰਦਰੀ ਜਹਾਜ਼ ਵੀ ਲਹਿਰਾਂ ਦੇ ਸ਼ਿਕਾਰ ਹੋ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਤਬਾਹੀ ਕਈ ਵਾਰੀ ਖ਼ਤਰਨਾਕ ਲਹਿਰਾਂ ਦੇ ਉੱਠਣ ਕਾਰਨ ਹੁੰਦੀ ਹੈ। ਪਹਿਲਾਂ ਸਭ ਇਸ ਗੱਲ ਨੂੰ ਮਲਾਹਾਂ ਵੱਲੋਂ ਘੜੀਆਂ ਕਹਾਣੀਆਂ ਸਮਝਦੇ ਸਨ ਕਿ ਉੱਚੀਆਂ ਉੱਠਣ ਵਾਲੀਆਂ ਸਮੁੰਦਰੀ ਲਹਿਰਾਂ ਵੱਡੇ-ਵੱਡੇ ਜਹਾਜ਼ਾਂ ਨੂੰ ਡੁਬੋ ਸਕਦੀਆਂ ਹਨ। ਪਰ ਯੂਰਪੀਅਨ ਯੂਨੀਅਨ ਰਿਸਰਚ ਪ੍ਰਾਜੈਕਟ ਨੂੰ ਇਨ੍ਹਾਂ ਕਹਾਣੀਆਂ ਦੇ ਸੱਚ ਹੋਣ ਦਾ ਸਬੂਤ ਮਿਲਿਆ ਹੈ। ਵਿਸ਼ਾਲ ਲਹਿਰਾਂ ਦਾ ਪਤਾ ਲਾਉਣ ਲਈ ਸੈਟੇਲਾਈਟ ਰਾਹੀਂ ਸਮੁੰਦਰ ਦੀ ਜਾਂਚ ਕੀਤੀ ਗਈ। ਸੂਟਡੋਈਚੇ ਟਸਾਈਟੁੰਗ ਅਖ਼ਬਾਰ ਅਨੁਸਾਰ ਪ੍ਰਾਜੈਕਟ ਦਾ ਲੀਡਰ ਵੁਲਫ਼ਗਾਂਗ ਰੋਜ਼ੰਥਾਲ ਕਹਿੰਦਾ ਹੈ: “ਅਸੀਂ ਸਾਬਤ ਕਰ ਦਿੱਤਾ ਹੈ ਕਿ ਵਿਸ਼ਾਲ ਲਹਿਰਾਂ ਉੱਨੀਆਂ ਆਮ ਹਨ ਜਿੰਨੀਆਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ।” ਤਿੰਨ ਹਫ਼ਤਿਆਂ ਦੌਰਾਨ ਵਿਗਿਆਨੀਆਂ ਨੇ ਇਹੋ ਜਿਹੀਆਂ ਘੱਟੋ-ਘੱਟ 10 ਲਹਿਰਾਂ ਦੇਖੀਆਂ। ਇਹ ਲਹਿਰਾਂ ਦੀਵਾਰ ਵਾਂਗ ਸਿੱਧੀਆਂ ਉੱਠਦੀਆਂ ਹਨ ਅਤੇ 40 ਮੀਟਰ ਦੀ ਉਚਾਈ ਤਕ ਜਾ ਸਕਦੀਆਂ ਹਨ। ਇਹ ਜਹਾਜ਼ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੀਆਂ ਹਨ ਜਾਂ ਡੁਬੋ ਵੀ ਸਕਦੀਆਂ ਹਨ। ਸਿਰਫ਼ ਕੁਝ ਜਹਾਜ਼ ਹੀ ਇਨ੍ਹਾਂ ਲਹਿਰਾਂ ਨੂੰ ਝੱਲ ਸਕਦੇ ਹਨ। “ਹੁਣ ਦੇਖਣਾ ਇਹ ਹੈ ਕਿ ਇਨ੍ਹਾਂ ਲਹਿਰਾਂ ਦੇ ਆਉਣ ਦਾ ਪਹਿਲਾਂ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਨਹੀਂ,” ਰੋਜ਼ੰਥਾਲ ਕਹਿੰਦਾ ਹੈ। (g05 6/8)