Skip to content

Skip to table of contents

ਆਖ਼ਰ ਚੰਗੇ ਘਰਾਂ ਦੀ ਇੰਨੀ ਘਾਟ ਕਿਉਂ?

ਆਖ਼ਰ ਚੰਗੇ ਘਰਾਂ ਦੀ ਇੰਨੀ ਘਾਟ ਕਿਉਂ?

ਆਖ਼ਰ ਚੰਗੇ ਘਰਾਂ ਦੀ ਇੰਨੀ ਘਾਟ ਕਿਉਂ?

ਅਫ਼ਰੀਕਾ ਦੇ ਇਕ ਸ਼ਹਿਰ ਦੇ ਬਾਹਰ 36 ਸਾਲਾਂ ਦੀ ਜੋਸਫੀਨ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਉਸ ਦੇ ਤਿੰਨ ਮੁੰਡੇ ਹਨ ਜਿਨ੍ਹਾਂ ਦੀ ਉਮਰ 6 ਤੋਂ 11 ਸਾਲ ਦੇ ਵਿਚਕਾਰ ਹੈ। ਆਪਣਾ ਗੁਜ਼ਾਰਾ ਤੋਰਨ ਲਈ ਉਹ ਦਿਨ ਭਰ ਪਲਾਸਟਿਕ ਦੇ ਖਾਲੀ ਡੱਬੇ ਇਕੱਠੇ ਕਰਦੀ ਹੈ। ਇਨ੍ਹਾਂ ਡੱਬਿਆਂ ਨੂੰ ਉਹ ਇਕ ਫੈਕਟਰੀ ਨੂੰ ਵੇਚਦੀ ਹੈ ਜਿੱਥੇ ਇਨ੍ਹਾਂ ਨੂੰ ਦੁਬਾਰਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਿਨ ਭਰ ਦੀ ਹੱਡ-ਤੋੜ ਮਿਹਨਤ ਦਾ ਉਸ ਨੂੰ ਮਿਲਦਾ ਕੀ ਹੈ? ਦੋ ਤੋਂ ਵੀ ਘੱਟ ਡਾਲਰ। ਉਸ ਸ਼ਹਿਰ ਵਿਚ ਰਹਿੰਦਿਆਂ ਇੰਨੇ ਕੁ ਪੈਸਿਆਂ ਨਾਲ ਨਾ ਤਾਂ ਉਹ ਆਪਣੇ ਪਰਿਵਾਰ ਨੂੰ ਢਿੱਡ ਭਰ ਕੇ ਖੁਆ ਸਕਦੀ ਹੈ ਅਤੇ ਨਾ ਹੀ ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਸਕਦੀ ਹੈ।

ਸ਼ਾਮ ਨੂੰ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਵਾਪਸ ਆਉਂਦੀ ਹੈ ਜਿਸ ਨੂੰ ਉਹ ਮਜਬੂਰਨ ਆਪਣਾ ਘਰ ਕਹਿੰਦੀ ਹੈ। ਇਸ ਘਰ ਦੀਆਂ ਕੰਧਾਂ ਧੁੱਪ ਵਿਚ ਸੁਕਾਈਆਂ ਗਾਰੇ ਦੀਆਂ ਇੱਟਾਂ ਅਤੇ ਚਿਕਣੀ ਮਿੱਟੀ ਨਾਲ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਪਤਲੀਆਂ-ਪਤਲੀਆਂ ਟਹਿਣੀਆਂ ਜੋੜੀ ਰੱਖਦੀਆਂ ਹਨ। ਇਸ ਦੀ ਛੱਤ ਜੰਗਾਲ ਨਾਲ ਖਾਧੇ ਲੋਹੇ ਦੇ ਪੱਤਰਿਆਂ, ਟੀਨ ਅਤੇ ਤਰਪਾਲ ਦੀ ਬਣੀ ਹੈ। ਛੱਤ ਤੇ ਉਸ ਨੇ ਪੱਥਰ, ਲੱਕੜ ਅਤੇ ਰੱਦੀ ਧਾਤ ਦੀਆਂ ਟੁੱਟੀਆਂ-ਫੁੱਟੀਆਂ ਪਲੇਟਾਂ ਰੱਖੀਆਂ ਹਨ ਤਾਂਕਿ ਛੱਤ ਹਨੇਰੀ-ਝੱਖੜ ਕਾਰਨ ਉੱਡ ਨਾ ਜਾਏ। ਉਸ ਦੇ ਘਰ ਦਾ “ਦਰਵਾਜ਼ਾ” ਅਤੇ “ਤਾਕੀਆਂ” ਫਟੇ-ਪੁਰਾਣੇ ਬੋਰਿਆਂ ਦੀਆਂ ਬਣੀਆਂ ਹੋਈਆਂ ਹਨ। ਇਹ ਨਾ ਤਾਂ ਉਸ ਨੂੰ ਹਨੇਰੀ-ਝੱਖੜ ਤੋਂ ਬਚਾ ਸਕਦੀਆਂ ਹਨ ਅਤੇ ਨਾ ਹੀ ਚੋਰਾਂ ਤੋਂ।

ਇਸ ਗ਼ਰੀਬਖ਼ਾਨੇ ਤੇ ਵੀ ਉਸ ਦਾ ਕੋਈ ਹੱਕ ਨਹੀਂ। ਜੋਸਫੀਨ ਅਤੇ ਉਸ ਦੇ ਬੱਚੇ ਅਕਸਰ ਇਸੇ ਡਰ ਵਿਚ ਰਹਿੰਦੇ ਹਨ ਕਿ ਕਿਤੇ ਕੋਈ ਉਨ੍ਹਾਂ ਨੂੰ ਇੱਥੋਂ ਕੱਢ ਨਾ ਦੇਵੇ। ਜਿਸ ਥਾਂ ਤੇ ਉਨ੍ਹਾਂ ਦਾ ਇਹ ਮਾਮੂਲੀ ਜਿਹਾ ਘਰ ਖੜ੍ਹਾ ਹੈ, ਉਸ ਦੇ ਨਾਲ ਲੱਗਦੀ ਸੜਕ ਨੂੰ ਚੌੜਾ ਕਰਨ ਲਈ ਇਹ ਥਾਂ ਵਰਤੀ ਜਾਵੇਗੀ। ਦੁੱਖ ਦੀ ਗੱਲ ਹੈ ਕਿ ਦੁਨੀਆਂ ਭਰ ਵਿਚ ਕਈ ਲੋਕ ਇਹੋ ਜਿਹੇ ਹਾਲਾਤਾਂ ਵਿਚ ਰਹਿੰਦੇ ਹਨ।

ਜਾਨਲੇਵਾ ਘਰ

ਰਿਹਾਇਸ਼ ਪ੍ਰੋਗ੍ਰਾਮ ਦੇ ਸੀਨੀਅਰ ਅਫ਼ਸਰ ਰੌਬਿਨ ਸ਼ੈਲ ਦਾ ਕਹਿਣਾ ਹੈ ਕਿ “ਗ਼ਰੀਬ ਘਰਾਂ ਦੇ ਬੱਚਿਆਂ ਦਾ ਸ਼ਰਮ ਦੇ ਮਾਰੇ ਸਿਰ ਝੁੱਕ ਜਾਂਦਾ ਹੈ, . . . ਬੀਮਾਰੀ ਉਨ੍ਹਾਂ ਦਾ ਖਹਿੜਾ ਨਹੀਂ ਛੱਡਦੀ, . . . ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਕਦੋਂ ਕੋਈ ਸਰਕਾਰੀ ਅਫ਼ਸਰ ਜਾਂ ਜ਼ਮੀਂਦਾਰ ਆਵੇਗਾ ਅਤੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਦੇਵੇਗਾ।”

ਇਸ ਤਰ੍ਹਾਂ ਦੀਆਂ ਮੁਸ਼ਕਲਾਂ ਵਿਚ ਰਹਿ ਰਹੇ ਮਾਪਿਆਂ ਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਸਿਹਤ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਫ਼ਿਕਰ ਲੱਗਾ ਰਹਿੰਦਾ ਹੈ। ਆਪਣੀ ਸਥਿਤੀ ਨੂੰ ਸੁਧਾਰਨ ਲਈ ਕੰਮ ਕਰਨ ਦੀ ਬਜਾਇ ਅਕਸਰ ਉਹ ਆਪਣੇ ਬੱਚਿਆਂ ਦੀਆਂ ਆਮ ਜ਼ਰੂਰਤਾਂ ਪੂਰੀਆਂ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਜਿਵੇਂ ਰੋਟੀ, ਆਰਾਮ ਤੇ ਮਕਾਨ ਆਦਿ।

ਜਿਸ ਨੇ ਆਪ ਗ਼ਰੀਬੀ ਦਾ ਸਾਮ੍ਹਣਾ ਨਹੀਂ ਕੀਤਾ, ਉਸ ਲਈ ਇਹ ਕਹਿਣਾ ਆਸਾਨ ਹੈ ਕਿ ਗ਼ਰੀਬ ਲੋਕ ਆਪਣੀ ਹਾਲਤ ਸੁਧਾਰ ਸਕਦੇ ਹਨ ਜੇ ਉਹ ਹੋਰ ਮਿਹਨਤ ਕਰਨ। ਪਰ ਸਿਰਫ਼ ਇਹ ਕਹਿਣ ਨਾਲ ਕੁਝ ਨਹੀਂ ਹੋਵੇਗਾ ਕਿ ਜੇ ਉਹ ਆਪ ਕੁਝ ਕਰਨ-ਕਤਰਨ, ਤਾਂ ਉਹ ਗ਼ਰੀਬੀ ਤੋਂ ਪਿੱਛਾ ਛੁਡਾ ਸਕਦੇ ਹਨ। ਉਨ੍ਹਾਂ ਕੋਲ ਸਿਰ ਢਕਣ ਲਈ ਥਾਂ ਨਾ ਹੋਣ ਦੇ ਕੁਝ ਅਜਿਹੇ ਜ਼ਬਰਦਸਤ ਕਾਰਨ ਹਨ ਜਿਨ੍ਹਾਂ ਉੱਤੇ ਕਿਸੇ ਦਾ ਵੱਸ ਨਹੀਂ ਚੱਲਦਾ। ਖੋਜਕਾਰ ਦੱਸਦੇ ਹਨ ਕਿ ਆਬਾਦੀ ਦਾ ਵਧਣਾ, ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ, ਕੁਦਰਤੀ ਆਫ਼ਤਾਂ, ਰਾਜਨੀਤਿਕ ਉਥਲ-ਪੁਥਲ ਤੇ ਗ਼ਰੀਬੀ ਤੋਂ ਪਿੱਛਾ ਨਾ ਛੁੱਟਣਾ ਆਦਿ ਮੁੱਖ ਗੱਲਾਂ ਇਸ ਸਮੱਸਿਆ ਲਈ ਜ਼ਿੰਮੇਵਾਰ ਹਨ। ਇਨ੍ਹਾਂ ਪੰਜਾਂ ਗੱਲਾਂ ਨੇ ਦੁਨੀਆਂ ਭਰ ਵਿਚ ਰਹਿੰਦੇ ਬਹੁਤ ਸਾਰੇ ਗ਼ਰੀਬਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ।

ਵਧਦੀ ਆਬਾਦੀ

ਅੰਦਾਜ਼ਾ ਲਾਇਆ ਜਾਂਦਾ ਹੈ ਕਿ ਦੁਨੀਆਂ ਭਰ ਵਿਚ ਹਰ ਸਾਲ 6.8 ਤੋਂ 8 ਕਰੋੜ ਦੇ ਵਿਚਕਾਰ ਲੋਕਾਂ ਨੂੰ ਘਰਾਂ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਆਬਾਦੀ ਫ਼ੰਡ ਦੇ ਮੁਤਾਬਕ, 2001 ਵਿਚ ਦੁਨੀਆਂ ਭਰ ਦੀ ਆਬਾਦੀ 6.1 ਅਰਬ ਤੋਂ ਜ਼ਿਆਦਾ ਸੀ। ਇਸੇ ਸੰਸਥਾ ਦਾ ਕਹਿਣਾ ਹੈ ਕਿ 2050 ਤਕ ਦੁਨੀਆਂ ਦੀ ਆਬਾਦੀ ਤਕਰੀਬਨ 7.9 ਅਤੇ 10.9 ਅਰਬ ਦੇ ਵਿਚਕਾਰ ਪਹੁੰਚ ਜਾਵੇਗੀ। ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਅਗਲੇ 20 ਸਾਲਾਂ ਵਿਚ 98 ਫੀ ਸਦੀ ਵਾਧਾ ਗ਼ਰੀਬ ਦੇਸ਼ਾਂ ਵਿਚ ਹੋਵੇਗਾ। ਇਨ੍ਹਾਂ ਅੰਦਾਜ਼ਿਆਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਰਿਹਾਇਸ਼ ਦੀ ਸਮੱਸਿਆ ਹੋਰ ਵੱਧ ਜਾਵੇਗੀ। ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰ ਰਹੀ ਹੈ ਕਿਉਂਕਿ ਜ਼ਿਆਦਾਤਰ ਆਬਾਦੀ ਉਨ੍ਹਾਂ ਸ਼ਹਿਰਾਂ ਵਿਚ ਵਧ ਰਹੀ ਹੈ ਜੋ ਪਹਿਲਾਂ ਹੀ ਭਰੇ ਪਏ ਹਨ।

ਸ਼ਹਿਰਾਂ ਵਿਚ ਜਾਣ ਦੀ ਲੱਗੀ ਦੌੜ

ਨਿਊਯਾਰਕ, ਲੰਡਨ ਅਤੇ ਟੋਕੀਓ ਜਿਹੇ ਵੱਡੇ-ਵੱਡੇ ਸ਼ਹਿਰਾਂ ਨੂੰ ਦੇਸ਼ ਦੀ ਅਮੀਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਨਤੀਜੇ ਵਜੋਂ, ਇਨ੍ਹਾਂ ਸ਼ਹਿਰਾਂ ਦੀ ਚਮਕ-ਦਮਕ ਦੇਖ ਕੇ ਹਰ ਸਾਲ ਹਜ਼ਾਰਾਂ ਲੋਕ ਪੜ੍ਹਨ ਤੇ ਨੌਕਰੀ ਦੀ ਭਾਲ ਵਿਚ ਇਨ੍ਹਾਂ ਸ਼ਹਿਰਾਂ ਵੱਲ ਭੱਜਦੇ ਹਨ। ਜਾਂ ਇਵੇਂ ਕਹਿ ਲਓ ਕਿ ਉਨ੍ਹਾਂ ਨੂੰ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ।

ਮਿਸਾਲ ਲਈ ਚੀਨ ਦੀ ਆਰਥਿਕ ਹਾਲਤ ਵਿਚ ਬਹੁਤ ਹੀ ਸੁਧਾਰ ਹੋਇਆ ਹੈ। ਇਸ ਦੇ ਨਤੀਜੇ ਵਜੋਂ ਇਕ ਰਿਪੋਰਟ ਨੇ ਅਨੁਮਾਨ ਲਗਾਇਆ ਕਿ ਅਗਲੇ ਕੁਝ ਦਹਾਕਿਆਂ ਦੌਰਾਨ ਕੇਵਲ ਸ਼ਹਿਰਾਂ ਵਿਚ ਹੀ 20 ਕਰੋੜ ਤੋਂ ਜ਼ਿਆਦਾ ਘਰਾਂ ਦੀ ਜ਼ਰੂਰਤ ਪਵੇਗੀ। ਪੂਰੇ ਅਮਰੀਕਾ ਵਿਚ ਬਣੇ ਮਕਾਨਾਂ ਦੇ ਹਿਸਾਬ ਨਾਲ ਇਹ ਗਿਣਤੀ ਤਕਰੀਬਨ ਦੁਗਣੀ ਹੈ। ਕਿਸ ਤਰ੍ਹਾਂ ਦਾ ਪ੍ਰੋਗ੍ਰਾਮ ਇਸ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ?

ਵਰਲਡ ਬੈਂਕ ਦੇ ਹਿਸਾਬ ਨਾਲ “ਹਰ ਸਾਲ ਗ਼ਰੀਬ ਦੇਸ਼ਾਂ ਵਿਚ 1.2 ਤੋਂ 1.5 ਕਰੋੜ ਨਵੇਂ ਪਰਿਵਾਰਾਂ ਨੂੰ ਰਿਹਾਇਸ਼ ਦੀ ਲੋੜ ਹੈ।” ਘਰਾਂ ਦੀ ਕੀਮਤ ਉਨ੍ਹਾਂ ਦੀ ਹੈਸੀਅਤ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਨੂੰ ਮਜਬੂਰਨ ਅਜਿਹੀਆਂ ਥਾਵਾਂ ਤੇ ਪਨਾਹ ਲੈਣੀ ਪੈਂਦੀ ਹੈ ਜਿੱਥੇ ਹੋਰ ਕੋਈ ਰਹਿਣਾ ਨਹੀਂ ਚਾਹੁੰਦਾ।

ਕੁਦਰਤੀ ਆਫ਼ਤ ਅਤੇ ਰਾਜਨੀਤਿਕ ਉਥਲ-ਪੁਥਲ

ਗ਼ਰੀਬੀ ਦੀ ਮਾਰ ਹੇਠ ਆਏ ਕਈ ਲੋਕਾਂ ਨੂੰ ਮਜਬੂਰਨ ਇਹੋ ਜਿਹੀਆਂ ਥਾਵਾਂ ਤੇ ਰਹਿਣਾ ਪੈਂਦਾ ਹੈ ਜਿੱਥੇ ਹੜ੍ਹ, ਚਿੱਕੜ ਹੜ੍ਹ ਅਤੇ ਭੁਚਾਲ ਆਮ ਆਉਂਦੇ ਰਹਿੰਦੇ ਹਨ। ਮਿਸਾਲ ਲਈ, ਅਨੁਮਾਨ ਲਾਇਆ ਜਾਂਦਾ ਹੈ ਕਿ ਵੈਨੇਜ਼ੁਏਲਾ ਦੇ ਕਰਾਕਸ ਸ਼ਹਿਰ ਵਿਚ ਪੰਜ ਲੱਖ ਤੋਂ ਜ਼ਿਆਦਾ ਲੋਕ “ਅਜਿਹੀਆਂ ਢਲਾਣਾਂ ਤੇ ਘਰ ਬਣਾ ਕੇ ਰਹਿੰਦੇ ਹਨ ਜਿੱਥੇ ਆਏ ਦਿਨ ਚਿੱਕੜ ਹੜ੍ਹ ਆਉਂਦੇ ਰਹਿੰਦੇ ਹਨ।” ਸ਼ਾਇਦ ਤੁਹਾਨੂੰ 1984 ਵਿਚ ਭਾਰਤ ਦੇ ਭੋਪਾਲ ਸ਼ਹਿਰ ਵਿਚ ਹੋਏ ਹਾਦਸੇ ਬਾਰੇ ਯਾਦ ਹੋਵੇ। ਇਹ ਹਾਦਸਾ ਉੱਥੇ ਦੀ ਇਕ ਫੈਕਟਰੀ ਵਿਚ ਵਾਪਰਿਆ ਸੀ ਜਿਸ ਵਿਚ ਹਜ਼ਾਰਾਂ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਅਤੇ ਕਈ ਹੋਰ ਜ਼ਖ਼ਮੀ ਹੋਏ। ਇੰਨੇ ਜ਼ਿਆਦਾ ਲੋਕ ਮਰੇ ਅਤੇ ਜ਼ਖ਼ਮੀ ਕਿਉਂ ਹੋਏ? ਸਭ ਤੋਂ ਵੱਡਾ ਕਾਰਨ ਇਹ ਸੀ ਕਿ ਫੈਕਟਰੀ ਤੋਂ ਸਿਰਫ਼ 5 ਮੀਟਰ ਦੀ ਦੂਰੀ ਤੇ ਇਨ੍ਹਾਂ ਲੋਕਾਂ ਦੀ ਝੌਂਪੜ-ਪੱਟੀ ਸੀ।

ਘਰੇਲੂ ਜੰਗ ਜਾਂ ਹੋਰ ਸਿਆਸੀ ਮਾਮਲਿਆਂ ਕਰਕੇ ਫੈਲੀ ਤਬਾਹੀ ਵੀ ਲੋਕਾਂ ਲਈ ਚੰਗੀ ਰਿਹਾਇਸ਼ ਨਾ ਹੋਣ ਲਈ ਜ਼ਿੰਮੇਵਾਰ ਹੈ। ਮਨੁੱਖੀ ਅਧਿਕਾਰਾਂ ਦੇ ਸਮੂਹ ਦੁਆਰਾ 2002 ਵਿਚ ਛਾਪੀ ਗਈ ਇਕ ਰਿਪੋਰਟ ਦੇ ਮੁਤਾਬਕ 1984 ਅਤੇ 1999 ਦੌਰਾਨ ਹੋਈ ਦੱਖਣ-ਪੂਰਬੀ ਤੁਰਕੀ ਵਿਚ ਘਰੇਲੂ ਜੰਗ ਵਿਚ 15 ਲੱਖ ਲੋਕਾਂ ਨੂੰ ਘਰੋਂ ਬੇਘਰ ਕੀਤਾ ਗਿਆ। ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਜਬੂਰਨ ਆਪਣੇ ਘਰਾਂ ਨੂੰ ਛੱਡ ਕੇ ਕਿਤੇ ਹੋਰ ਟਿਕਾਣਾ ਭਾਲਣਾ ਪਿਆ। ਕਈ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੀਆਂ ਝੌਂਪੜੀਆਂ ਵਿਚ ਜਾ ਵਸੇ ਜਿੱਥੇ ਪਹਿਲਾਂ ਹੀ ਰਹਿਣ ਨੂੰ ਜਗ੍ਹਾ ਨਹੀਂ ਸੀ। ਹੋਰਾਂ ਨੇ ਆਪਣਾ ਟਿਕਾਣਾ ਕਰਾਏ ਦੇ ਮਕਾਨਾਂ, ਫਾਰਮਾਂ ਅਤੇ ਬਣ ਰਹੀਆਂ ਇਮਾਰਤਾਂ ਨੂੰ ਬਣਾ ਲਿਆ। ਇਕ ਰਿਪੋਰਟ ਅਨੁਸਾਰ ਪਰਿਵਾਰਾਂ ਦਾ ਇਕ ਟੋਲਾ ਤਬੇਲਿਆਂ ਵਿਚ ਰਹਿ ਰਿਹਾ ਸੀ। ਕਈ ਵਾਰ 13 ਜਾਂ ਇਸ ਤੋਂ ਵੀ ਜ਼ਿਆਦਾ ਜਣੇ ਇਕ ਕਮਰੇ ਵਿਚ ਰਹਿ ਰਹੇ ਸਨ। ਇਨ੍ਹਾਂ ਸਾਰੇ ਲੋਕਾਂ ਵਾਸਤੇ ਇਕ ਹੀ ਟਾਇਲਟ ਸੀ ਅਤੇ ਵਿਹੜੇ ਵਿਚ ਇਕ ਹੀ ਟੂਟੀ ਸੀ ਜਿੱਥੋਂ ਸਾਰੇ ਪਾਣੀ ਲੈ ਸਕਦੇ ਸਨ। ਇਕ ਸ਼ਰਨਾਰਥੀ ਨੇ ਕਿਹਾ ਕਿ “ਸਾਨੂੰ ਪਸ਼ੂਆਂ ਲਈ ਬਣਾਈ ਗਈ ਜਗ੍ਹਾ ਤੇ ਜੀਣਾ ਪੈ ਰਿਹਾ ਹੈ। ਕਦ ਸਾਨੂੰ ਇਸ ਦਲਿੱਦਰ ਤੋਂ ਛੁਟਕਾਰਾ ਮਿਲੇਗਾ”

ਪੈਸੇ ਦੀ ਤੰਗੀ

ਰਿਹਾਇਸ਼ ਅਤੇ ਗ਼ਰੀਬਾਂ ਦੀ ਆਰਥਿਕ ਹਾਲਤ ਵਿਚਕਾਰ ਬਹੁਤ ਹੀ ਗਹਿਰਾ ਰਿਸ਼ਤਾ ਹੈ। ਪਹਿਲਾਂ ਜ਼ਿਕਰ ਕੀਤੀ ਗਈ ਵਰਲਡ ਬੈਂਕ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ 1988 ਵਿਚ ਜੋ ਲੋਕ ਗ਼ਰੀਬ ਦੇਸ਼ਾਂ ਦੇ ਸ਼ਹਿਰਾਂ ਵਿਚ ਰਹਿ ਰਹੇ ਸਨ, ਉਨ੍ਹਾਂ ਵਿੱਚੋਂ 33 ਕਰੋੜ ਲੋਕ ਬਹੁਤ ਬੁਰੇ ਹਾਲ ਵਿਚ ਸਨ। ਰਿਪੋਰਟ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਇਨ੍ਹਾਂ ਦੀ ਸਥਿਤੀ ਵਿਚ ਕੋਈ ਸੁਧਾਰ ਆਉਣ ਦੀ ਗੁੰਜਾਇਸ਼ ਨਹੀਂ ਸੀ। ਜਦੋਂ ਲੋਕ ਇੰਨੇ ਗ਼ਰੀਬ ਹੁੰਦੇ ਹਨ ਕਿ ਉਨ੍ਹਾਂ ਕੋਲ ਰੋਟੀ ਤੇ ਕੱਪੜੇ ਜੋਗੇ ਪੈਸੇ ਵੀ ਨਹੀਂ ਹੁੰਦੇ, ਉਦੋਂ ਉਹ ਘਰ ਖ਼ਰੀਦਣ ਜਾਂ ਕਿਰਾਏ ਤੇ ਘਰ ਲੈਣ ਦੀ ਕਿਵੇਂ ਸੋਚ ਸਕਦੇ ਹਨ?

ਵਿਆਜ ਦਰ ਅਤੇ ਵਧਦੀ ਮਹਿੰਗਾਈ ਕਰਕੇ ਕਈਆਂ ਪਰਿਵਾਰਾਂ ਕੋਲੋਂ ਮਸਾਂ ਆਪਣੇ ਬਿਜਲੀ-ਪਾਣੀ ਦੇ ਬਿਲ ਦੇ ਹੁੰਦੇ ਹਨ, ਬੈਂਕ ਦੀਆਂ ਕਿਸ਼ਤਾਂ ਦੇਣੀਆਂ ਤਾਂ ਦੂਰ ਦੀ ਗੱਲ ਹੈ। ਕਈ ਦੇਸ਼ਾਂ ਵਿਚ 20 ਪ੍ਰਤਿਸ਼ਤ ਤੋਂ ਜ਼ਿਆਦਾ ਲੋਕ ਬੇਰੋਜ਼ਗਾਰ ਹਨ ਜਿਸ ਕਰਕੇ ਉਨ੍ਹਾਂ ਲਈ ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਹੋ ਜਾਂਦੀਆਂ ਹਨ।

ਇਨ੍ਹਾਂ ਅਤੇ ਕਈ ਹੋਰ ਕਾਰਨਾਂ ਕਰਕੇ ਧਰਤੀ ਤੇ ਕਰੋੜਾਂ ਲੋਕਾਂ ਨੂੰ ਮਾੜੇ ਹਾਲਾਤਾਂ ਅਧੀਨ ਜੀਣਾ ਪੈਂਦਾ ਹੈ। ਲੋਕਾਂ ਨੂੰ ਟੁੱਟੀਆਂ-ਪੁਰਾਣੀਆਂ ਬੱਸਾਂ, ਮਾਲ ਗੱਡੀ ਦੇ ਡੱਬਿਆਂ ਅਤੇ ਗੱਤੇ ਦੇ ਡੱਬਿਆਂ ਵਿਚ ਰਹਿਣਾ ਪੈਂਦਾ ਹੈ। ਕਈ ਆਪਣਾ ਗੁਜ਼ਾਰਾ ਪੌੜੀਆਂ ਤੇ ਤਰਪਾਲ ਥੱਲੇ ਅਤੇ ਕਬਾੜਖ਼ਾਨੇ ਵਿਚ ਕਰਦੇ ਹਨ। ਕਈ ਤਾਂ ਇਹੋ ਜਿਹੀ ਥਾਂ ਨੂੰ ਆਪਣਾ ਘਰ ਬਣਾ ਚੁੱਕੇ ਹਨ ਜੋ ਇਕ ਸਮੇਂ ਤੇ ਫੈਕਟਰੀ ਹੋਇਆ ਕਰਦੀ ਸੀ, ਪਰ ਅੱਜ-ਕੱਲ੍ਹ ਇਹ ਜਗ੍ਹਾ ਵਿਰਾਨ ਪਈ ਹੈ।

ਹਾਲਤ ਸੁਧਾਰਨ ਲਈ ਕੀ ਕੀਤਾ ਜਾ ਰਿਹਾ ਹੈ?

ਕਈ ਵਿਅਕਤੀਆਂ, ਸੰਸਥਾਵਾਂ ਅਤੇ ਸਰਕਾਰਾਂ ਨੇ ਇਸ ਸਥਿਤੀ ਨੂੰ ਸੁਧਾਰਨ ਲਈ ਕਾਫ਼ੀ ਹੱਥ-ਪੈਰ ਮਾਰੇ ਹਨ। ਜਪਾਨ ਵਿਚ ਕਈ ਏਜੰਸੀਆਂ ਨੇ ਸਸਤੇ ਘਰ ਬਣਾਉਣ ਦਾ ਉਪਰਾਲਾ ਕੀਤਾ ਹੈ। ਸੰਨ 1994 ਵਿਚ ਦੱਖਣੀ ਅਫ਼ਰੀਕਾ ਵਿਚ ਘਰ ਬਣਾਉਣ ਦਾ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਜ਼ਰੀਏ ਚਾਰ-ਚਾਰ ਕਮਰਿਆਂ ਵਾਲੇ ਦੱਸ ਲੱਖ ਘਰ ਬਣਾਏ ਗਏ। ਕੀਨੀਆ ਵਿਚ ਘਰ ਬਣਾਉਣ ਦੀ ਇਕ ਪਾਲਸੀ ਸ਼ੁਰੂ ਹੋਈ ਜਿਸ ਅਨੁਸਾਰ ਸ਼ਹਿਰ ਵਿਚ 1,50,000 ਅਤੇ ਪਿੰਡਾਂ ਵਿਚ ਇਸ ਤੋਂ ਵੀ ਦੁਗਣੇ ਘਰ ਬਣਾਉਣ ਦਾ ਟੀਚਾ ਹੈ। ਹੋਰ ਦੇਸ਼ ਜਿਵੇਂ ਕਿ ਮੈਡਾਗਾਸਕਰ, ਇਸ ਤਰ੍ਹਾਂ ਦੀ ਤਰਕੀਬ ਲੱਭਣ ਵਿਚ ਲੱਗੇ ਹੋਏ ਹਨ ਜਿਸ ਜ਼ਰੀਏ ਘੱਟ ਕੀਮਤਾਂ ਤੇ ਘਰ ਬਣਾਏ ਜਾ ਸਕਣ।

ਅੰਤਰਰਾਸ਼ਟਰੀ ਸੰਸਥਾਵਾਂ (ਜਿਵੇਂ ਕਿ UN-HABITAT), ਦੁਨੀਆਂ ਦੇ ਇਰਾਦੇ ਨੂੰ ਜ਼ਾਹਰ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਹਨ ਕਿ “ਉਹ ਸ਼ਹਿਰਾਂ ਦੀ ਆਬਾਦੀ ਵਧਣ ਨਾਲ ਖੜ੍ਹੀਆਂ ਹੋਈਆਂ ਮੁਸ਼ਕਲਾਂ ਨੂੰ ਸੁਧਾਰਨਾ ਅਤੇ ਖ਼ਤਮ ਕਰਨਾ” ਚਾਹੁੰਦੀਆਂ ਹਨ। ਗ਼ੈਰ-ਮੁਨਾਫ਼ਾ ਸੰਗਠਨਾਂ ਅਤੇ ਅਜਿਹੀਆਂ ਸੰਸਥਾਵਾਂ ਜਿਨ੍ਹਾਂ ਦਾ ਸਰਕਾਰ ਨਾਲ ਕੋਈ ਲੈਣ-ਦੇਣ ਨਹੀਂ ਹੈ, ਉਹ ਵੀ ਇਨ੍ਹਾਂ ਮੁਸ਼ਕਲਾਂ ਨੂੰ ਸੁਧਾਰਨ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ। ਇਕ ਗ਼ੈਰ-ਮੁਨਾਫ਼ਾ ਸੰਗਠਨ ਨੇ ਵੱਖਰੇ-ਵੱਖਰੇ ਦੇਸ਼ਾਂ ਵਿਚ 1,50,000 ਗ਼ਰੀਬ ਪਰਿਵਾਰਾਂ ਦੀ ਹਾਲਤ ਸੁਧਾਰਨ ਵਿਚ ਮਦਦ ਕੀਤੀ ਹੈ। ਇਸ ਸੰਸਥਾ ਦੇ ਅਨੁਮਾਨ ਅਨੁਸਾਰ 2005 ਤਕ ਇਹ 10 ਲੱਖ ਪਰਿਵਾਰਾਂ ਦੀ ਸਾਧਾਰਣ, ਚੰਗਾ ਅਤੇ ਉਨ੍ਹਾਂ ਦੀ ਹੈਸੀਅਤ ਦੇ ਮੁਤਾਬਕ ਘਰ ਲੱਭਣ ਵਿਚ ਮਦਦ ਕਰ ਚੁੱਕੀ ਹੋਵੇਗੀ।

ਜੋ ਲੋਕ ਝੌਂਪੜ-ਪੱਟੀਆਂ ਵਿਚ ਰਹਿ ਰਹੇ ਹਨ, ਉਨ੍ਹਾਂ ਦੀ ਮਦਦ ਲਈ ਕਈ ਸੰਸਥਾਵਾਂ ਨੇ ਇਹੋ ਜਿਹੀ ਜਾਣਕਾਰੀ ਉਪਲਬਧ ਕੀਤੀ ਹੈ ਜਿਸ ਤੇ ਚੱਲ ਕੇ ਕਿਸੇ ਹੱਦ ਤਕ ਲੋਕ ਆਪਣੇ ਹਾਲਾਤਾਂ ਨੂੰ ਸੁਧਾਰ ਸਕਦੇ ਹਨ। ਇਸ ਲਈ ਜੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ ਤਾਂ ਤੁਸੀਂ ਇਸ ਸਹਾਇਤਾ ਦਾ ਪੂਰਾ-ਪੂਰਾ ਲਾਭ ਉਠਾ ਸਕਦੇ ਹੋ। ਇਸ ਤੋਂ ਇਲਾਵਾ, ਹੋਰ ਵੀ ਕਈ ਇਹੋ ਜਿਹੀਆਂ ਸਾਧਾਰਣ ਗੱਲਾਂ ਹਨ ਜਿਨ੍ਹਾਂ ਤੇ ਚੱਲ ਕੇ ਤੁਸੀਂ ਆਪਣੀ ਮਦਦ ਖ਼ੁਦ ਕਰ ਸਕਦੇ ਹੋ।—ਸਫ਼ੇ 7 ਉੱਤੇ “ਤੁਹਾਡਾ ਘਰ ਅਤੇ ਸਿਹਤ” ਨਾਮਕ ਡੱਬੀ ਦੇਖੋ।

ਭਾਵੇਂ ਤੁਸੀਂ ਆਪਣੇ ਨਿੱਜੀ ਹਾਲਾਤ ਨੂੰ ਸੁਧਾਰ ਲਵੋ, ਪਰ ਦੁਨੀਆਂ ਭਰ ਦੀ ਇਸ ਮੁਸ਼ਕਲ ਤੋਂ ਲੋਕਾਂ ਨੂੰ ਕੋਈ ਇਕ ਇਨਸਾਨ ਜਾਂ ਸੰਗਠਨ ਛੁਟਕਾਰਾ ਨਹੀਂ ਦਿਵਾ ਸਕਦਾ। ਇਕ ਪਾਸੇ ਗ਼ਰੀਬ ਦੇਸ਼ ਆਪਣੀ ਆਰਥਿਕ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ ਇਹੀ ਦੇਸ਼ ਦੁਨੀਆਂ ਅੱਗੇ ਮਦਦ ਲਈ ਹੱਥ ਫੈਲਾ ਰਹੇ ਹਨ। ਪਰ ਇਨ੍ਹਾਂ ਮੁਸ਼ਕਲਾਂ ਨੂੰ ਸੁਲਝਾਉਣਾ ਸੰਯੁਕਤ ਰਾਸ਼ਟਰਾਂ ਦੇ ਵੀ ਵੱਸੋਂ ਬਾਹਰ ਹੈ। ਹਰ ਸਾਲ ਲੱਖਾਂ ਹੀ ਬੱਚੇ ਇਸ ਵਧਦੀ ਜਾ ਰਹੀ ਗ਼ਰੀਬੀ ਦੀ ਮਾਰ ਹੇਠ ਪੈਦਾ ਹੁੰਦੇ ਹਨ। ਕੀ ਕੋਈ ਆਸ ਹੈ ਕਿ ਲੋਕ ਹਮੇਸ਼ਾ ਲਈ ਇਸ ਮੁਸ਼ਕਲ ਤੋਂ ਛੁਟਕਾਰਾ ਪਾਉਣਗੇ? (g05 9/22)

[ਸਫ਼ੇ 7 ਉੱਤੇ ਡੱਬੀ]

ਤੁਹਾਡਾ ਘਰ ਅਤੇ ਸਿਹਤ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਆਮ ਤੌਰ ਤੇ ਚੰਗੀ ਸਿਹਤ ਲਈ ਘਰ ਵਿਚ ਥੱਲੇ ਦੱਸੀਆਂ ਕੁਝ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ:

◼ ਮੀਂਹ ਤੋਂ ਬਚਣ ਲਈ ਚੰਗੀ ਛੱਤ

▪ ਘਰ ਨੂੰ ਖ਼ਰਾਬ ਮੌਸਮ ਅਤੇ ਜਾਨਵਰਾਂ ਤੋਂ ਸੁਰੱਖਿਅਤ ਰੱਖਣ ਲਈ ਮਜ਼ਬੂਤ ਕੰਧਾਂ ਅਤੇ ਦਰਵਾਜ਼ੇ

▪ ਕੀੜੇ-ਮਕੌੜੇ ਅਤੇ ਖ਼ਾਸਕਰ ਮੱਛਰਾਂ ਤੋਂ ਬਚਣ ਲਈ ਤਾਕੀਆਂ ਅਤੇ ਦਰਵਾਜ਼ੇ ਉੱਤੇ ਜਾਲੀ

▪ ਗਰਮੀਆਂ ਵਿਚ ਕੰਧਾਂ ਨੂੰ ਧੁੱਪ ਤੋਂ ਬਚਾਉਣ ਲਈ ਪਰਦੇ

[ਸਫ਼ਾ 8 ਉੱਤੇ ਡੱਬੀ/ਤਸਵੀਰਾਂ]

ਅਫ਼ਰੀਕਾ ਵਿਚ ਰਵਾਇਤੀ ਢੰਗਾਂ ਦੇ ਘਰ

ਕਈ ਸਾਲਾਂ ਤੋਂ ਅਫ਼ਰੀਕਾ ਵਿਚ ਰਵਾਇਤੀ ਘਰ ਦੇਖਣ ਨੂੰ ਆਮ ਮਿਲਦੇ ਸਨ। ਇਹ ਵੱਖੋ-ਵੱਖਰੇ ਆਕਾਰ ਅਤੇ ਪ੍ਰਕਾਰ ਦੇ ਹੁੰਦੇ ਸਨ। ਕਈ ਕਬੀਲੇ ਜਿਵੇਂ ਕਿ ਕੀਨੀਆ ਦੇ ਕਿਕੂਯੂ ਅਤੇ ਲੂਓ ਲੋਕ, ਗੋਲ ਕੰਧਾਂ ਅਤੇ ਸਰਵਾੜ ਨਾਲ ਬਣੇ ਕੁੱਪ ਵਰਗੀ ਸ਼ਕਲ ਦੇ ਘਰ ਪਸੰਦ ਕਰਦੇ ਸਨ। ਪਰ ਕੀਨੀਆ ਅਤੇ ਤਨਜ਼ਾਨੀਆ ਦੇ ਮਸਾਈ ਲੋਕ ਆਇਤਾਕਾਰ ਸ਼ਕਲ ਦੇ ਘਰ ਪਸੰਦ ਕਰਦੇ ਸਨ। ਪੂਰਬੀ ਅਫ਼ਰੀਕਾ ਦੇ ਸਮੁੰਦਰ ਕਿਨਾਰੇ ਕੁਝ ਅਜਿਹੇ ਘਰ ਹਨ ਜਿਨ੍ਹਾਂ ਦੀਆਂ ਛੱਤਾਂ ਸਰਵਾੜ ਦੀਆਂ ਹਨ ਅਤੇ ਇਨ੍ਹਾਂ ਛੱਤਾਂ ਦੇ ਸਰਵਾੜ ਧਰਤੀ ਨੂੰ ਚੁੰਮਦੇ ਹਨ। ਇਹ ਦੇਖਣ ਨੂੰ ਮਖਿਆਲ ਵਰਗੇ ਲੱਗਦੇ ਹਨ।

ਇਸ ਤਰ੍ਹਾਂ ਦੇ ਘਰ ਬਣਾਉਣ ਲਈ ਜੋ ਸਾਮਾਨ ਚਾਹੀਦਾ ਹੁੰਦਾ ਸੀ, ਉਹ ਆਸਾਨੀ ਨਾਲ ਮਿਲ ਜਾਂਦਾ ਸੀ ਜਿਸ ਕਰਕੇ ਘਰ ਬਣਾਉਣ ਵਿਚ ਕੋਈ ਦਿੱਕਤ ਨਹੀਂ ਆਉਂਦੀ ਸੀ। ਮਿੱਟੀ ਅਤੇ ਪਾਣੀ ਨੂੰ ਮਿਲਾ ਕੇ ਗਾਰਾ ਬਣ ਜਾਂਦਾ ਸੀ। ਲੱਕੜ, ਘਾਹ, ਕਾਨੇ ਅਤੇ ਬਾਂਸ ਦੇ ਪੱਤੇ ਆਸਾਨੀ ਨਾਲ ਨੇੜਲੇ ਜੰਗਲ ਤੋਂ ਮਿਲ ਜਾਂਦੇ ਸਨ। ਇਸ ਲਈ ਘਰ ਬਣਾਉਣ ਲਈ ਅਮੀਰ ਜਾਂ ਗ਼ਰੀਬ ਹੋਣਾ ਕੋਈ ਮਾਅਨੇ ਨਹੀਂ ਰੱਖਦਾ ਸੀ ਕਿਉਂਕਿ ਹਰ ਕੋਈ ਆਪਣਾ ਘਰ ਆਪ ਬਣਾ ਸਕਦਾ ਸੀ।

ਪਰ ਇਸ ਤਰ੍ਹਾਂ ਦੇ ਘਰ ਖ਼ਤਰੇ ਤੋਂ ਖਾਲੀ ਨਹੀਂ ਹੁੰਦੇ ਸਨ। ਇਕ ਖ਼ਤਰਾ ਇਹ ਸੀ ਕਿ ਜ਼ਿਆਦਾਤਰ ਘਰਾਂ ਦੀਆਂ ਛੱਤਾਂ ਘਾਹ-ਫੂਸ ਨਾਲ ਬਣਾਈਆਂ ਜਾਣ ਕਰਕੇ ਇਨ੍ਹਾਂ ਨੂੰ ਅੱਗ ਲੱਗਣ ਦਾ ਡਰ ਸੀ। ਚੋਰਾਂ ਲਈ ਵੀ ਘਰ ਦੇ ਅੰਦਰ ਵੜਨਾ ਕੋਈ ਮੁਸ਼ਕਲ ਕੰਮ ਨਹੀਂ ਸੀ, ਉਨ੍ਹਾਂ ਨੂੰ ਸਿਰਫ਼ ਗਾਰੇ ਦੀ ਬਣੀ ਕੰਧ ਵਿਚ ਇਕ ਮੋਰਾ ਕਰਨ ਦੀ ਜ਼ਰੂਰਤ ਸੀ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ-ਕੱਲ੍ਹ ਅਫ਼ਰੀਕਾ ਦੇ ਰਵਾਇਤੀ ਘਰਾਂ ਦੀ ਜਗ੍ਹਾ ਹੁਣ ਜ਼ਿਆਦਾ ਪੱਕੇ ਘਰ ਬਣ ਰਹੇ ਹਨ।

[ਕ੍ਰੈਡਿਟ ਲਾਈਨਾਂ]

Source: African Traditional Architecture

Huts: Courtesy Bomas of Kenya Ltd - A Cultural, Conference, and Entertainment Center

[ਸਫ਼ੇ 5 ਉੱਤੇ ਤਸਵੀਰ]

ਯੂਰਪ

[ਕ੍ਰੈਡਿਟ ਲਾਈਨ]

© Tim Dirven/Panos Pictures

[ਸਫ਼ੇ 6 ਉੱਤੇ ਤਸਵੀਰ]

ਅਫ਼ਰੀਕਾ

[ਸਫ਼ੇ 6 ਉੱਤੇ ਤਸਵੀਰ]

ਦੱਖਣੀ ਅਮਰੀਕਾ

[ਸਫ਼ੇ 7 ਉੱਤੇ ਤਸਵੀਰ]

ਦੱਖਣੀ ਅਮਰੀਕਾ

[ਸਫ਼ੇ 7 ਉੱਤੇ ਤਸਵੀਰ]

ਏਸ਼ੀਆ

[ਸਫ਼ੇ 6 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Teun Voeten/Panos Pictures; J.R. Ripper/BrazilPhotos

[ਸਫ਼ੇ 7 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

JORGE UZON/AFP/Getty Images; © Frits Meyst/Panos Pictures