Skip to content

Skip to table of contents

ਕੀ ਕਾਮਯਾਬ ਬਣਨ ਲਈ ਜੋਤਸ਼-ਵਿੱਦਿਆ ਸਾਡੀ ਮਦਦ ਕਰ ਸਕਦੀ ਹੈ?

ਕੀ ਕਾਮਯਾਬ ਬਣਨ ਲਈ ਜੋਤਸ਼-ਵਿੱਦਿਆ ਸਾਡੀ ਮਦਦ ਕਰ ਸਕਦੀ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਕਾਮਯਾਬ ਬਣਨ ਲਈ ਜੋਤਸ਼-ਵਿੱਦਿਆ ਸਾਡੀ ਮਦਦ ਕਰ ਸਕਦੀ ਹੈ?

ਅਸੀਂ ਜ਼ਿੰਦਗੀ ਵਿਚ ਪੈਸਾ, ਪਿਆਰ ਤੇ ਸਫ਼ਲਤਾ ਕਿਵੇਂ ਪਾ ਸਕਦੇ ਹਾਂ? ਕਈ ਲੋਕ ਜੋਤਸ਼-ਵਿੱਦਿਆ ਦਾ ਸਹਾਰਾ ਲੈਂਦੇ ਹਨ। ਆਪਣੇ ਹਾਲਾਤ ਸੁਧਾਰਨ ਦੀ ਆਸ ਵਿਚ ਹਰ ਰੋਜ਼ ਲੱਖਾਂ-ਕਰੋੜਾਂ ਲੋਕ ਅਖ਼ਬਾਰਾਂ ਵਿਚ ਰਾਸ਼ੀ-ਫ਼ਲ ਦੇਖਦੇ ਹਨ। ਕਈ ਦੇਸ਼ਾਂ ਵਿਚ ਨੇਤਾ ਅਹਿਮ ਫ਼ੈਸਲੇ ਕਰਨ ਵੇਲੇ ਜੋਤਸ਼ੀਆਂ ਦੀ ਸਲਾਹ ਪੁੱਛਦੇ ਹਨ।

ਕੀ ਜੋਤਸ਼-ਵਿੱਦਿਆ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ? ਜੋਤਸ਼ੀ ਕਿਸ ਆਧਾਰ ਤੇ ਭਵਿੱਖ ਬਾਰੇ ਜਾਣਕਾਰੀ ਦਿੰਦੇ ਹਨ? ਕੀ ਸੱਚੇ ਮਸੀਹੀਆਂ ਨੂੰ ਰਾਸ਼ੀ-ਫ਼ਲ ਦੇਖ ਕੇ ਜ਼ਿੰਦਗੀ ਜੀਣੀ ਚਾਹੀਦੀ ਹੈ?

ਜੋਤਸ਼-ਵਿੱਦਿਆ ਕੀ ਹੈ?

ਦ ਵਰਲਡ ਬੁੱਕ ਐਨਸਾਈਕਲੋਪੀਡੀਆ ਮੁਤਾਬਕ, ਜੋਤਸ਼-ਵਿੱਦਿਆ “ਇਸ ਵਿਸ਼ਵਾਸ ਉੱਤੇ ਆਧਾਰਿਤ ਹੈ ਕਿ ਆਕਾਸ਼ੀ ਪਿੰਡਾਂ ਦੀਆਂ ਵੱਖ-ਵੱਖ ਸਥਿਤੀਆਂ ਤੋਂ ਇਨਸਾਨ ਦਾ ਸੁਭਾਅ ਜਾਂ ਭਵਿੱਖ ਜਾਣਿਆ ਜਾ ਸਕਦਾ ਹੈ।” ਜੋਤਸ਼ੀਆਂ ਦਾ ਦਾਅਵਾ ਹੈ ਕਿ ਕਿਸੇ ਵਿਅਕਤੀ ਦੇ ਜਨਮ ਦੇ ਵੇਲੇ ਗ੍ਰਹਿਆਂ ਦੀ ਸਥਿਤੀ ਅਤੇ ਰਾਸ਼ੀ-ਚਿੰਨ੍ਹ ਇਹ ਨਿਰਧਾਰਿਤ ਕਰਦੇ ਹਨ ਕਿ ਉਸ ਦਾ ਜੀਵਨ ਕਿਹੋ ਜਿਹਾ ਹੋਵੇਗਾ। * ਕਿਸੇ ਵੀ ਸਮੇਂ ਤੇ ਆਕਾਸ਼ੀ ਪਿੰਡਾਂ ਦੀ ਜੋ ਸਥਿਤੀ ਹੁੰਦੀ ਹੈ, ਉਸ ਨੂੰ ਰਾਸ਼ੀ ਕਹਿੰਦੇ ਹਨ।

ਇਨਸਾਨ ਸਦੀਆਂ ਤੋਂ ਜੋਤਸ਼-ਵਿੱਦਿਆ ਵਿਚ ਵਿਸ਼ਵਾਸ ਕਰਦਾ ਆਇਆ ਹੈ। ਸੂਰਜ, ਚੰਨ ਤੇ ਪੰਜ ਮੁੱਖ ਗ੍ਰਹਿਆਂ ਦੀ ਮਦਦ ਨਾਲ ਅਗੰਮ-ਵਾਕ ਕਰਨ ਦੀ ਰੀਤ ਤਕਰੀਬਨ ਚਾਰ ਹਜ਼ਾਰ ਸਾਲ ਪਹਿਲਾਂ ਬਾਬਲ ਦੇ ਲੋਕਾਂ ਨੇ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਨ੍ਹਾਂ ਆਕਾਸ਼ੀ ਪਿੰਡਾਂ ਦਾ ਮਨੁੱਖੀ ਸੁਭਾਅ ਉੱਤੇ ਅਸਰ ਪੈਂਦਾ ਹੈ। ਸਮਾਂ ਪਾ ਕੇ ਉਨ੍ਹਾਂ ਨੇ ਰਾਸ਼ੀ-ਚਿੰਨ੍ਹਾਂ ਨੂੰ ਈਜਾਦ ਕੀਤਾ ਤੇ ਉਨ੍ਹਾਂ ਨੂੰ ਵਰਤ ਕੇ ਭਵਿੱਖ ਦੱਸਣਾ ਸ਼ੁਰੂ ਕਰ ਦਿੱਤਾ।

ਭਵਿੱਖ ਬਾਰੇ ਦੱਸਣ ਵਿਚ ਨਾਕਾਮ

ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਾਬਲ ਦੇਸ਼ ਦਾ ਜੋਤਸ਼-ਵਿੱਦਿਆ ਨਾਲ ਗੂੜ੍ਹਾ ਸੰਬੰਧ ਸੀ। ਬਾਈਬਲ ਵਿਚ ਕਈ ਵਾਰ ਬਾਬਲ ਦੇ ਜੋਤਸ਼ੀਆਂ ਦਾ ਜ਼ਿਕਰ ਆਉਂਦਾ ਹੈ। (ਦਾਨੀਏਲ 4:7; 5:7, 11) ਦਾਨੀਏਲ ਨਬੀ ਦੇ ਦਿਨਾਂ ਵਿਚ ਕਸਦੀਆ ਦੇਸ਼ (ਬਾਬਲ) ਵਿਚ ਜੋਤਸ਼-ਵਿੱਦਿਆ ਦਾ ਇੰਨਾ ਬੋਲਬਾਲਾ ਸੀ ਕਿ ਜੋਤਸ਼ੀਆਂ ਦਾ ਦੂਜਾ ਨਾਂ ਹੀ “ਕਸਦੀ” ਪੈ ਗਿਆ ਸੀ।

ਦਾਨੀਏਲ ਨਬੀ ਨੇ ਦੇਖਿਆ ਕਿ ਬਾਬਲ ਵਿਚ ਜੋਤਸ਼-ਵਿੱਦਿਆ ਦਾ ਡੂੰਘਾ ਪ੍ਰਭਾਵ ਸੀ। ਪਰ ਨਾਲ ਹੀ ਉਸ ਨੇ ਇਹ ਵੀ ਦੇਖਿਆ ਕਿ ਉੱਥੇ ਦੇ ਜੋਤਸ਼ੀ ਬਾਬਲ ਸ਼ਹਿਰ ਦੇ ਪਤਨ ਦਾ ਅਨੁਮਾਨ ਲਗਾਉਣ ਵਿਚ ਨਾਕਾਮ ਰਹੇ ਸਨ। (ਦਾਨੀਏਲ 2:27) ਗੌਰ ਕਰੋ ਕਿ ਦਾਨੀਏਲ ਦੇ ਸਮੇਂ ਤੋਂ ਦੋ ਸਦੀਆਂ ਪਹਿਲਾਂ ਯਸਾਯਾਹ ਨਬੀ ਨੇ ਬਾਬਲ ਦੇ ਜੋਤਸ਼ੀਆਂ ਬਾਰੇ ਸਹੀ-ਸਹੀ ਲਿਖਿਆ ਸੀ: ‘ਅਕਾਸ਼ ਦੇ ਵੰਡਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ, ਓਹ ਖਲੋ ਜਾਣ ਅਤੇ ਤੈਨੂੰ ਬਚਾਉਣ, ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੇਰੇ ਉੱਤੇ ਬੀਤਣਗੀਆਂ! ਓਹ ਆਪਣੇ ਆਪ ਨੂੰ ਨਹੀਂ ਛੁਡਾ ਸੱਕਣਗੇ।’—ਯਸਾਯਾਹ 47:13, 14.

ਦੇਖਿਆ ਜਾਵੇ ਤਾਂ ਬਾਬਲ ਦੇ ਪਤਨ ਤੋਂ ਕੁਝ ਘੰਟੇ ਪਹਿਲਾਂ ਵੀ ਜੋਤਸ਼ੀ ਇਸ ਪਤਨ ਬਾਰੇ ਪੂਰੀ ਤਰ੍ਹਾਂ ਅਣਜਾਣ ਸਨ। ਜਦੋਂ ਰਾਜਾ ਬੇਲਸ਼ੱਸਰ ਦੇ ਮਹਿਲ ਦੀ ਦੀਵਾਰ ਤੇ ਪਰਮੇਸ਼ੁਰ ਦਾ ਨਿਆਂ ਲਿਖਤੀ ਰੂਪ ਵਿਚ ਪਰਗਟ ਹੋਇਆ ਸੀ, ਤਦ ਵੀ ਜੋਤਸ਼ੀ ਉਸ ਦਾ ਮਤਲਬ ਨਹੀਂ ਸਮਝ ਸਕੇ ਸਨ।—ਦਾਨੀਏਲ 5:7, 8.

ਪੁਰਾਣੇ ਜ਼ਮਾਨੇ ਵਾਂਗ ਅੱਜ ਵੀ ਜੋਤਸ਼ੀ ਅਹਿਮ ਘਟਨਾਵਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਣ ਵਿਚ ਅਸਮਰਥ ਸਾਬਤ ਹੋਏ ਹਨ। ਵਿਗਿਆਨਕ ਖੋਜਕਾਰ ਆਰ. ਕਲਵਰ ਅਤੇ ਫਿਲਿੱਪ ਆਇਆਨਾ ਨੇ ਜੋਤਸ਼ੀਆਂ ਦੁਆਰਾ ਲਗਾਏ ਗਏ 3,000 ਤੋਂ ਵੱਧ ਅਨੁਮਾਨਾਂ ਦੀ ਜਾਂਚ ਕੀਤੀ। ਇਸ ਅਧਿਐਨ ਤੋਂ ਉਨ੍ਹਾਂ ਨੇ ਦੇਖਿਆ ਕਿ ਸਿਰਫ਼ 10 ਪ੍ਰਤਿਸ਼ਤ ਅਨੁਮਾਨ ਹੀ ਸਹੀ ਸਾਬਤ ਹੋਏ। ਇਸ ਤਰ੍ਹਾਂ ਦੇ ਅਨੁਮਾਨ ਤਾਂ ਕੋਈ ਵੀ ਸੂਝਵਾਨ ਵਿਅਕਤੀ ਦੁਨੀਆਂ ਦੇ ਰੁਝਾਨਾਂ ਨੂੰ ਦੇਖ ਕੇ ਸੌਖਿਆਂ ਹੀ ਲਾ ਸਕਦਾ ਸੀ।

ਬਾਈਬਲ ਜੋਤਸ਼-ਵਿੱਦਿਆ ਦਾ ਖੰਡਨ ਕਰਦੀ ਹੈ

ਯਹੂਦੀ ਨਬੀਆਂ ਨੇ ਨਾ ਸਿਰਫ਼ ਜੋਤਸ਼-ਵਿੱਦਿਆ ਨੂੰ ਇਸ ਦੀ ਅਸਫ਼ਲਤਾ ਕਰਕੇ ਨਕਾਰਿਆ, ਸਗੋਂ ਇਸ ਲਈ ਵੀ ਨਕਾਰਿਆ ਕਿਉਂਕਿ ਪਰਮੇਸ਼ੁਰ ਦੀ ਬਿਵਸਥਾ ਵਿਚ ਇਸ ਦੀ ਸਾਫ਼ ਨਿਖੇਧੀ ਕੀਤੀ ਗਈ ਸੀ। ਯਹੂਦੀਆਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ: ‘ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਫਾਲ ਪਾਉਣ ਵਾਲਾ ਜਾਂ ਮਹੂਰਤ ਵੇਖਣ ਵਾਲਾ ਹੋਵੇ ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।’—ਬਿਵਸਥਾ ਸਾਰ 18:10, 12.

ਹਾਲਾਂਕਿ ਇਨ੍ਹਾਂ ਆਇਤਾਂ ਵਿਚ ਜੋਤਸ਼-ਵਿੱਦਿਆ ਦਾ ਜ਼ਿਕਰ ਨਹੀਂ ਆਉਂਦਾ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੂਦੀਆਂ ਲਈ ਜੋਤਸ਼-ਵਿੱਦਿਆ ਵੀ ਮਨ੍ਹਾ ਸੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ, ਜੋਤਸ਼-ਵਿੱਦਿਆ “ਫਾਲ ਪਾਉਣ ਦਾ ਹੀ ਇਕ ਰੂਪ ਹੈ ਜਿਸ ਵਿਚ ਸੂਰਜ, ਚੰਨ, ਤਾਰਿਆਂ ਤੇ ਗ੍ਰਹਿਆਂ ਦੀ ਮਦਦ ਨਾਲ ਧਰਤੀ ਉੱਤੇ ਮਨੁੱਖੀ ਜ਼ਿੰਦਗੀ ਨਾਲ ਸੰਬੰਧਿਤ ਘਟਨਾਵਾਂ ਦਾ ਅਨੁਮਾਨ ਲਗਾਇਆ ਜਾਂਦਾ ਹੈ।” ਤਾਰਿਆਂ ਰਾਹੀਂ ਜਾਂ ਹੋਰ ਚੀਜ਼ਾਂ ਰਾਹੀਂ ਫਾਲ ਪਾਉਣਾ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਹੈ। ਇਹ ਅਸੀਂ ਕਿਉਂ ਕਹਿੰਦੇ ਹਾਂ? ਆਓ ਆਪਾਂ ਇਸ ਦੇ ਇਕ ਕਾਰਨ ਵੱਲ ਗੌਰ ਕਰੀਏ।

ਬਾਈਬਲ ਮੁਤਾਬਕ ਸਾਡੀਆਂ ਕਾਮਯਾਬੀਆਂ ਤੇ ਨਾਕਾਮਯਾਬੀਆਂ ਦਾ ਤਾਰਿਆਂ ਨਾਲ ਕੋਈ ਸੰਬੰਧ ਨਹੀਂ ਹੈ, ਸਗੋਂ “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਦਿਮਾਗ਼ ਦਿੱਤਾ ਹੈ ਤਾਂਕਿ ਅਸੀਂ ਆਪਣੇ ਫ਼ੈਸਲੇ ਸੋਚ-ਸਮਝ ਕੇ ਕਰ ਸਕੀਏ। ਇਸ ਲਈ ਅਸੀਂ ਜੋ ਕੁਝ ਕਰਨ ਦਾ ਫ਼ੈਸਲਾ ਕਰਦੇ ਹਾਂ, ਉਸ ਲਈ ਅਸੀਂ ਆਪ ਜ਼ਿੰਮੇਵਾਰ ਹੁੰਦੇ ਹਾਂ। (ਬਿਵਸਥਾ ਸਾਰ 30:19, 20; ਰੋਮੀਆਂ 14:12) ਇਹ ਸੱਚ ਹੈ ਕਿ ਅਸੀਂ ਕਦੇ-ਕਦਾਈਂ ਕਿਸੇ ਹਾਦਸੇ ਜਾਂ ਬੀਮਾਰੀ ਦੇ ਸ਼ਿਕਾਰ ਹੋ ਜਾਂਦੇ ਹਾਂ। ਪਰ ਬਾਈਬਲ ਦੱਸਦੀ ਹੈ ਕਿ ਬੁਰੀਆਂ ਘਟਨਾਵਾਂ ਸਾਡੀਆਂ ਰਾਸ਼ੀਆਂ ਕਰਕੇ ਨਹੀਂ ਹੁੰਦੀਆਂ, ਸਗੋਂ “ਹਰ ਕਿਸੇ ਉੱਤੇ ਬੁਰਾ ਸਮਾਂ” ਆ ਸਕਦਾ ਹੈ।—ਉਪਦੇਸ਼ਕ ਦੀ ਪੋਥੀ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਜਿੱਥੋਂ ਤਕ ਦੂਸਰਿਆਂ ਨਾਲ ਚੰਗੇ ਸੰਬੰਧ ਬਣਾਈ ਰੱਖਣ ਦੀ ਗੱਲ ਆਉਂਦੀ ਹੈ, ਉੱਥੇ ਬਾਈਬਲ ਸਾਨੂੰ ਰਹਿਮ-ਦਿਲੀ, ਦਿਆਲਗੀ, ਅਧੀਨਗੀ, ਨਰਮਾਈ, ਧੀਰਜ ਤੇ ਪਿਆਰ ਵਰਗੇ ਗੁਣ ਪੈਦਾ ਕਰਨ ਦੀ ਤਾਕੀਦ ਕਰਦੀ ਹੈ। (ਕੁਲੁੱਸੀਆਂ 3:12-14) ਵਿਆਹ ਦੇ ਬੰਧਨ ਅਤੇ ਹੋਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਇਹ ਸਾਰੇ ਗੁਣ ਬਹੁਤ ਜ਼ਰੂਰੀ ਹਨ। ਜੀਵਨ-ਸਾਥੀ ਚੁਣਨ ਲਈ ਜਨਮ-ਕੁੰਡਲੀਆਂ ਉੱਤੇ ਭਰੋਸਾ ਨਾ ਕਰੋ। ਮਨੋਵਿਗਿਆਨੀ ਬਰਨਾਰਡ ਸਿਲਵਰਮਨ ਨੇ ਤਕਰੀਬਨ 3,500 ਜੋੜਿਆਂ ਦੀਆਂ ਜਨਮ-ਕੁੰਡਲੀਆਂ ਦਾ ਅਧਿਐਨ ਕੀਤਾ, ਜਿਨ੍ਹਾਂ ਵਿੱਚੋਂ 17 ਪ੍ਰਤਿਸ਼ਤ ਜੋੜਿਆਂ ਦਾ ਆਖ਼ਰਕਾਰ ਤਲਾਕ ਹੋ ਗਿਆ। ਉਸ ਨੇ ਦੇਖਿਆ ਕਿ ਜਿਨ੍ਹਾਂ ਜੋੜਿਆਂ ਦੀਆਂ ਜਨਮ-ਕੁੰਡਲੀਆਂ ਮਿਲਦੀਆਂ ਸਨ ਉਨ੍ਹਾਂ ਵਿਚ ਤਲਾਕ ਦਰ ਦੂਸਰਿਆਂ ਨਾਲੋਂ ਕੋਈ ਘੱਟ ਨਹੀਂ ਸੀ।

ਤਾਂ ਫਿਰ ਅਸੀਂ ਸਾਫ਼ ਦੇਖਦੇ ਹਾਂ ਕਿ ਜੋਤਸ਼-ਵਿੱਦਿਆ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਦੇ ਧੋਖੇ ਵਿਚ ਆ ਕੇ ਅਸੀਂ ਆਪਣੀਆਂ ਗ਼ਲਤੀਆਂ ਨੂੰ ਕਬੂਲ ਕਰਨ ਅਤੇ ਆਪਣੇ ਆਪ ਨੂੰ ਸੁਧਾਰਨ ਦੀ ਬਜਾਇ ਆਪਣੀਆਂ ਰਾਸ਼ੀਆਂ ਨੂੰ ਦੋਸ਼ ਦਿੰਦੇ ਹਾਂ। ਪਰ ਜੋਤਸ਼-ਵਿੱਦਿਆ ਤੋਂ ਦੂਰ ਰਹਿਣ ਦਾ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਪਰਮੇਸ਼ੁਰ ਦਾ ਬਚਨ ਇਸ ਦੀ ਨਿੰਦਿਆ ਕਰਦਾ ਹੈ। (g05 8/8)

[ਫੁਟਨੋਟ]

^ ਪੈਰਾ 6 ਰਾਸ਼ੀ-ਚਿੰਨ੍ਹ 12 ਤਾਰਾ-ਮੰਡਲ ਜਾਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਜੋਤਸ਼ੀ ਭਵਿੱਖ ਦੱਸਣ ਲਈ ਵਰਤਦੇ ਹਨ।