Skip to content

Skip to table of contents

ਗ਼ਲਤ ਕਿਸਮ ਦੇ ਲੋਕਾਂ ਨਾਲ ਦੋਸਤੀ ਕਰਨ ਤੋਂ ਕਿਵੇਂ ਬਚੀਏ?

ਗ਼ਲਤ ਕਿਸਮ ਦੇ ਲੋਕਾਂ ਨਾਲ ਦੋਸਤੀ ਕਰਨ ਤੋਂ ਕਿਵੇਂ ਬਚੀਏ?

ਨੌਜਵਾਨ ਪੁੱਛਦੇ ਹਨ . . .

ਗ਼ਲਤ ਕਿਸਮ ਦੇ ਲੋਕਾਂ ਨਾਲ ਦੋਸਤੀ ਕਰਨ ਤੋਂ ਕਿਵੇਂ ਬਚੀਏ?

“ਸਕੂਲ ਵਿਚ ਇਕ ਕੁੜੀ ਨਾਲ ਮੇਰੀ ਦੋਸਤੀ ਹੋ ਗਈ। . . . ਉਹ ਨਾ ਤਾਂ ਨਸ਼ੇ ਕਰਦੀ ਸੀ, ਨਾ ਉਸ ਨੂੰ ਪਾਰਟੀਆਂ ਵਿਚ ਜਾਣ ਦਾ ਕੋਈ ਸ਼ੌਕ ਸੀ ਤੇ ਨਾ ਹੀ ਉਸ ਦਾ ਆਚਰਣ ਭੈੜਾ ਸੀ। ਉਹ ਗਾਲਾਂ ਵੀ ਨਹੀਂ ਕੱਢਦੀ ਸੀ ਤੇ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਪਰ ਉਹ ਮੇਰੇ ਲਈ ਬੁਰੀ ਸੰਗਤ ਸਾਬਤ ਹੋਈ।”—ਬੈਵਰਲੀ। *

ਬੈਵਰਲੀ ਨੇ ਆਪਣੀ ਸਹੇਲੀ ਨੂੰ ਬੁਰੀ ਸੰਗਤ ਕਿਉਂ ਕਿਹਾ? ਅੱਜ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਸ ਕੁੜੀ ਨਾਲ ਉੱਠਣ-ਬੈਠਣ ਕਰਕੇ ਉਹ ਵੀ ਗ਼ਲਤ ਕੰਮਾਂ ਵਿਚ ਪੈ ਗਈ ਸੀ। ਬੈਵਰਲੀ ਦੱਸਦੀ ਹੈ: ‘ਉਸ ਦੀ ਸੰਗਤ ਵਿਚ ਪੈ ਕੇ ਮੈਂ ਵੀ ਉਸ ਵਾਂਗ ਜਾਦੂ-ਟੂਣਿਆਂ ਤੇ ਪ੍ਰੇਤਵਾਦ ਦੀਆਂ ਕਿਤਾਬਾਂ ਪੜ੍ਹਨ ਲੱਗ ਪਈ ਸੀ, ਇੱਥੋਂ ਤਕ ਕਿ ਮੈਂ ਪ੍ਰੇਤਵਾਦ ਨਾਲ ਜੁੜੀ ਇਕ ਕਹਾਣੀ ਵੀ ਲਿਖੀ।’

ਬੁਰੀ ਸੰਗਤ ਵਿਚ ਪੈ ਕੇ ਮੈਲਾਨੀ ਨਾਂ ਦੀ ਕੁੜੀ ਵੀ ਗ਼ਲਤ ਕੰਮ ਕਰਨ ਲੱਗ ਪਈ ਸੀ। ਪਰ ਉਸ ਨੂੰ ਕੁਰਾਹੇ ਪਾਉਣ ਵਾਲਾ ਕੋਈ ਹੋਰ ਨਹੀਂ, ਮਸੀਹੀ ਕਲੀਸਿਯਾ ਦਾ ਹੀ ਮੈਂਬਰ ਸੀ! ਲੇਕਿਨ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਕੌਣ ਚੰਗਾ ਦੋਸਤ ਹੈ ਤੇ ਕੌਣ ਨਹੀਂ? ਜਿਹੜੇ ਨੌਜਵਾਨ ਯਹੋਵਾਹ ਦੇ ਗਵਾਹ ਨਹੀਂ ਹਨ, ਕੀ ਉਨ੍ਹਾਂ ਨਾਲ ਦੋਸਤੀ ਕਰਨੀ ਹਮੇਸ਼ਾ ਖ਼ਤਰਨਾਕ ਹੁੰਦੀ ਹੈ? ਕੀ ਅਸੀਂ ਮਸੀਹੀ ਕਲੀਸਿਯਾ ਦੇ ਕਿਸੇ ਵੀ ਮੈਂਬਰ ਨਾਲ ਅੱਖਾਂ ਮੀਟ ਕੇ ਦੋਸਤੀ ਕਰ ਸਕਦੇ ਹਾਂ?

ਖ਼ਾਸਕਰ ਜੀਵਨ-ਸਾਥੀ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਨ੍ਹਾਂ ਨਾਲ ਦੋਸਤੀ ਕਰਦੇ ਹਨ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਕੋਈ ਮੁੰਡਾ ਜਾਂ ਕੁੜੀ ਸਹੀ ਜੀਵਨ-ਸਾਥੀ ਸਿੱਧ ਹੋਵੇਗੀ ਜਾਂ ਨਹੀਂ? ਆਓ ਆਪਾਂ ਦੇਖੀਏ ਕਿ ਇਸ ਸੰਬੰਧ ਵਿਚ ਬਾਈਬਲ ਦੇ ਕਿਹੜੇ ਸਿਧਾਂਤ ਸਾਡੀ ਮਦਦ ਕਰ ਸਕਦੇ ਹਨ।

ਕਿਨ੍ਹਾਂ ਨਾਲ ਦੋਸਤੀ ਕਰੀਏ

ਬੈਵਰਲੀ ਨੇ ਜਿਸ ਕੁੜੀ ਨਾਲ ਦੋਸਤੀ ਕੀਤੀ, ਉਹ ਸੱਚੇ ਪਰਮੇਸ਼ੁਰ ਨੂੰ ਨਹੀਂ ਮੰਨਦੀ ਸੀ। ਕੀ ਉਸ ਨਾਲ ਦੋਸਤੀ ਕਰਨ ਤੋਂ ਪਹਿਲਾਂ ਬੈਵਰਲੀ ਨੂੰ ਇਸ ਬਾਰੇ ਸੋਚਣਾ ਨਹੀਂ ਚਾਹੀਦਾ ਸੀ? ਇਹ ਸੱਚ ਹੈ ਕਿ ਯਹੋਵਾਹ ਦੀ ਸੇਵਾ ਨਾ ਕਰਨ ਵਾਲੇ ਸਾਰੇ ਲੋਕ ਬੁਰੇ ਜਾਂ ਬਦਚਲਣ ਨਹੀਂ ਹੁੰਦੇ। ਤਾਂ ਵੀ ਸਾਨੂੰ ਉਨ੍ਹਾਂ ਨਾਲ ਦੋਸਤੀ ਕਰਨ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਪਹਿਲੀ ਸਦੀ ਦੀ ਕੁਰਿੰਥੁਸ ਕਲੀਸਿਯਾ ਨੂੰ ਖ਼ਬਰਦਾਰ ਕੀਤਾ ਸੀ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਉਸ ਨੇ ਇੱਦਾਂ ਕਿਉਂ ਕਿਹਾ ਸੀ?

ਇਹ ਸੰਭਵ ਹੈ ਕਿ ਕੁਰਿੰਥੁਸ ਕਲੀਸਿਯਾ ਦੇ ਕੁਝ ਮਸੀਹੀ ਭੈਣ-ਭਰਾ ਐਪੀਕਿਉਰਸ ਦੇ ਪੈਰੋਕਾਰਾਂ ਨਾਲ ਮਿਲ-ਗਿਲ ਰਹੇ ਸਨ। ਐਪੀਕਿਉਰਸ ਇਕ ਯੂਨਾਨੀ ਫ਼ਿਲਾਸਫ਼ਰ ਸੀ ਜੋ ਆਪਣੇ ਪੈਰੋਕਾਰਾਂ ਨੂੰ ਅਕਲਮੰਦੀ, ਹਿੰਮਤ, ਸੰਜਮ ਤੇ ਈਮਾਨਦਾਰੀ ਨਾਲ ਜੀਵਨ ਬਤੀਤ ਕਰਨ ਦੀ ਮੱਤ ਦਿੰਦਾ ਸੀ। ਉਹ ਉਨ੍ਹਾਂ ਨੂੰ ਲੁਕ-ਛਿਪ ਕੇ ਗ਼ਲਤ ਕੰਮ ਕਰਨ ਤੋਂ ਵੀ ਵਰਜਦਾ ਸੀ। ਤਾਂ ਫਿਰ ਪੌਲੁਸ ਨੇ ਐਪੀਕਿਉਰੀਆਂ ਨੂੰ ਅਤੇ ਉਨ੍ਹਾਂ ਵਾਂਗ ਸੋਚਣ ਵਾਲੇ ਮਸੀਹੀਆਂ ਨੂੰ “ਬੁਰੀਆਂ ਸੰਗਤਾਂ” ਕਿਉਂ ਕਿਹਾ?

ਪਹਿਲੀ ਗੱਲ ਤਾਂ ਇਹ ਹੈ ਕਿ ਐਪੀਕਿਉਰੀ ਸੱਚੇ ਪਰਮੇਸ਼ੁਰ ਨੂੰ ਨਹੀਂ ਮੰਨਦੇ ਸਨ। ਉਹ ਮਰੇ ਹੋਇਆਂ ਦੇ ਜੀ ਉੱਠਣ ਦੀ ਸਿੱਖਿਆ ਵਿਚ ਵਿਸ਼ਵਾਸ ਨਹੀਂ ਕਰਦੇ ਸਨ ਜਿਸ ਕਰਕੇ ਉਨ੍ਹਾਂ ਦਾ ਪੂਰਾ ਧਿਆਨ ਮੌਜ-ਮਸਤੀ ਕਰਨ ਅਤੇ ਜ਼ਿੰਦਗੀ ਦਾ ਪੂਰਾ ਲੁਤਫ਼ ਉਠਾਉਣ ਵੱਲ ਲੱਗਾ ਰਹਿੰਦਾ ਸੀ। (ਰਸੂਲਾਂ ਦੇ ਕਰਤੱਬ 17:18, 19, 32) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਲੋਕਾਂ ਦੀ ਸੰਗਤ ਵਿਚ ਰਹਿ ਕੇ ਕੁਝ ਕੁਰਿੰਥੀ ਭੈਣ-ਭਰਾ ਵੀ ਮਰਿਆਂ ਦੇ ਜੀ ਉੱਠਣ ਦੀ ਉਮੀਦ ਉੱਤੇ ਸ਼ੱਕ ਕਰਨ ਲੱਗ ਪਏ ਸਨ। ਇਸੇ ਕਰਕੇ 1 ਕੁਰਿੰਥੀਆਂ ਦੇ 15ਵੇਂ ਅਧਿਆਇ ਵਿਚ ਪੌਲੁਸ ਨੇ ਉਨ੍ਹਾਂ ਨੂੰ ਬੁਰੀ ਸੰਗਤ ਤੋਂ ਸਾਵਧਾਨ ਕੀਤਾ। ਇਸ ਤੋਂ ਇਲਾਵਾ, ਉਸ ਨੇ ਮਰਿਆਂ ਦੇ ਜੀ ਉੱਠਣ ਦੀ ਉਮੀਦ ਵਿਚ ਭਰਾਵਾਂ ਦੀ ਨਿਹਚਾ ਪੱਕੀ ਕਰਨ ਲਈ ਜ਼ਬਰਦਸਤ ਦਲੀਲਾਂ ਵੀ ਪੇਸ਼ ਕੀਤੀਆਂ।

ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਇਹੋ ਕਿ ਯਹੋਵਾਹ ਨੂੰ ਨਾ ਮੰਨਣ ਵਾਲੇ ਲੋਕਾਂ ਵਿਚ ਵੀ ਚੰਗੇ ਗੁਣ ਹੋ ਸਕਦੇ ਹਨ। ਪਰੰਤੂ ਜੇ ਤੁਸੀਂ ਉਨ੍ਹਾਂ ਦੇ ਦੋਸਤ ਬਣ ਕੇ ਉਨ੍ਹਾਂ ਨਾਲ ਬਹੁਤਾ ਸਮਾਂ ਬਿਤਾਓਗੇ, ਤਾਂ ਹੌਲੀ-ਹੌਲੀ ਉਨ੍ਹਾਂ ਦੇ ਵਿਚਾਰ ਤੁਹਾਡੀ ਸੋਚ, ਵਿਸ਼ਵਾਸ ਅਤੇ ਆਚਰਣ ਨੂੰ ਵੀ ਵਿਗਾੜ ਸਕਦੇ ਹਨ। ਤਾਹੀਓਂ ਪੌਲੁਸ ਨੇ ਆਪਣੀ ਦੂਸਰੀ ਚਿੱਠੀ ਵਿਚ ਕੁਰਿੰਥੀਆਂ ਨੂੰ ਲਿਖਿਆ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ।”—2 ਕੁਰਿੰਥੀਆਂ 6:14-18.

ਸੋਲਾਂ ਸਾਲ ਦੇ ਫਰੈੱਡ ਨੇ ਆਪਣੇ ਖ਼ੁਦ ਦੇ ਤਜਰਬੇ ਤੋਂ ਸਿੱਖਿਆ ਕਿ ਪੌਲੁਸ ਦੀ ਗੱਲ ਸੋਲਾ ਆਨੇ ਸੱਚ ਸੀ। ਇਕ ਵਾਰ ਉਸ ਦੇ ਸਕੂਲ ਨੇ ਕਿਸੇ ਗ਼ਰੀਬ ਦੇਸ਼ ਜਾ ਕੇ ਉੱਥੇ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਯੋਜਨਾ ਬਣਾਈ ਸੀ। ਫਰੈੱਡ ਵੀ ਇਸ ਪ੍ਰਾਜੈਕਟ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਿਆ। ਪਰ ਜਦੋਂ ਉਹ ਤੇ ਉਸ ਦੇ ਸਾਥੀ ਇਸ ਪ੍ਰਾਜੈਕਟ ਦੀ ਤਿਆਰੀ ਕਰ ਰਹੇ ਸਨ, ਤਾਂ ਫਰੈੱਡ ਨੇ ਉਨ੍ਹਾਂ ਨਾਲ ਜਾਣ ਦਾ ਆਪਣਾ ਫ਼ੈਸਲਾ ਬਦਲ ਲਿਆ। ਕਿਉਂ? ਉਸ ਨੇ ਕਿਹਾ: “ਮੈਂ ਦੇਖਿਆ ਕਿ ਉਨ੍ਹਾਂ ਨਾਲ ਇੰਨਾ ਸਮਾਂ ਬਿਤਾਉਣਾ ਮੇਰੀ ਅਧਿਆਤਮਿਕ ਸਿਹਤ ਲਈ ਨੁਕਸਾਨਦੇਹ ਸੀ।” ਇਸ ਲਈ ਫਰੈੱਡ ਨੇ ਇਸ ਸਫ਼ਰ ਤੇ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਹੋਰ ਤਰੀਕਿਆਂ ਨਾਲ ਗ਼ਰੀਬਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।

ਮਸੀਹੀ ਭੈਣ-ਭਰਾਵਾਂ ਨਾਲ ਦੋਸਤੀ

ਲੇਕਿਨ ਮਸੀਹੀ ਕਲੀਸਿਯਾ ਦੇ ਅੰਦਰ ਦੋਸਤੀ ਕਰਨ ਬਾਰੇ ਕੀ? ਜਵਾਨ ਤਿਮੋਥਿਉਸ ਨੂੰ ਲਿਖਦੇ ਸਮੇਂ ਪੌਲੁਸ ਨੇ ਉਸ ਨੂੰ ਇਹ ਕਹਿ ਕੇ ਸਾਵਧਾਨ ਕੀਤਾ ਸੀ: “ਵੱਡੇ ਘਰ ਵਿੱਚ ਨਿਰੇ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਭੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ। ਸੋ ਜੇ ਕੋਈ ਆਪਣੇ ਆਪ ਨੂੰ ਇਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਕ ਦੇ ਵਰਤਣ ਜੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ।” (2 ਤਿਮੋਥਿਉਸ 2:20, 21) ਪੌਲੁਸ ਨੇ ਸੱਚੀ ਗੱਲ ਲੁਕੋਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਜਾਣਦਾ ਸੀ ਕਿ ਮਸੀਹੀ ਕਲੀਸਿਯਾ ਵਿਚ ਵੀ ਕੁਝ ਲੋਕ ਹੋ ਸਕਦੇ ਹਨ ਜੋ ਆਦਰ ਦੇ ਕੰਮ ਨਹੀਂ ਕਰਦੇ। ਇਸ ਲਈ ਉਸ ਨੇ ਤਿਮੋਥਿਉਸ ਨੂੰ ਸਾਫ਼-ਸਾਫ਼ ਕਿਹਾ ਕਿ ਉਹ ਆਪਣੇ ਆਪ ਨੂੰ ਅਜਿਹਿਆਂ ਲੋਕਾਂ ਤੋਂ ਸ਼ੁੱਧ ਕਰੇ ਯਾਨੀ ਉਨ੍ਹਾਂ ਤੋਂ ਦੂਰ ਰਹੇ।

ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਕਲੀਸਿਯਾ ਵਿਚ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਚਾਹੀਦਾ? ਨਹੀਂ, ਪਰ ਤੁਹਾਨੂੰ ਆਪਣੇ ਦੋਸਤਾਂ ਤੋਂ ਹਰ ਗੱਲ ਵਿਚ ਮਿਸਾਲੀ ਹੋਣ ਦੀ ਆਸ ਵੀ ਨਹੀਂ ਰੱਖਣੀ ਚਾਹੀਦੀ। (ਉਪਦੇਸ਼ਕ ਦੀ ਪੋਥੀ 7:16-18) ਦੂਜੇ ਪਾਸੇ, ਜ਼ਰੂਰੀ ਨਹੀਂ ਕਿ ਹਰ ਨੌਜਵਾਨ ਜੋ ਮਸੀਹੀ ਸਭਾਵਾਂ ਵਿਚ ਆਉਂਦਾ ਹੈ ਜਾਂ ਜਿਸ ਦੇ ਮਾਪੇ ਪ੍ਰਚਾਰ ਦੇ ਕੰਮ ਵਿਚ ਬਹੁਤ ਸਰਗਰਮ ਹਨ, ਉਹ ਚੰਗੇ ਦੋਸਤ ਸਾਬਤ ਹੋਣਗੇ।

ਕਹਾਉਤਾਂ 20:11 ਕਹਿੰਦਾ ਹੈ: “ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਈ ਉਹ ਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ।” ਇਸ ਕਰਕੇ ਤੁਹਾਨੂੰ ਇਨ੍ਹਾਂ ਕੁਝ ਗੱਲਾਂ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ: ਕੀ ਉਹ ਨੌਜਵਾਨ ਯਹੋਵਾਹ ਦੀ ਸੇਵਾ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦਾ ਹੈ? ਜਾਂ ਕੀ ਉਸ ਦੀ ਸੋਚ ਤੇ ਰਵੱਈਏ ਤੋਂ ਇਸ “ਜਗਤ ਦਾ ਆਤਮਾ” ਝਲਕਦਾ ਹੈ? (1 ਕੁਰਿੰਥੀਆਂ 2:12; ਅਫ਼ਸੀਆਂ 2:2) ਕੀ ਉਹ ਤੁਹਾਨੂੰ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ?

ਉਹ ਦੋਸਤ ਚੁਣੋ ਜੋ ਯਹੋਵਾਹ ਨਾਲ ਬਹੁਤ ਪਿਆਰ ਕਰਦੇ ਹਨ ਤੇ ਉਸ ਦੀ ਸੇਵਾ ਨੂੰ ਪਹਿਲ ਦਿੰਦੇ ਹਨ। ਅਜਿਹੇ ਦੋਸਤ ਬਣਾਉਣ ਨਾਲ ਨਾ ਕੇਵਲ ਤੁਸੀਂ ਸਮੱਸਿਆਵਾਂ ਤੋਂ ਬਚੇ ਰਹੋਗੇ, ਸਗੋਂ ਉਹ ਯਹੋਵਾਹ ਦੀ ਸੇਵਾ ਕਰਨ ਲਈ ਤੁਹਾਡਾ ਹੌਸਲਾ ਵੀ ਵਧਾਉਣਗੇ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ: ‘ਜਿਹੜੇ ਸਾਫ਼ ਦਿਲ ਤੋਂ ਪ੍ਰਭੁ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਨਿਹਚਾ, ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗਾ ਰਹੁ।’—2 ਤਿਮੋਥਿਉਸ 2:22.

ਰੋਮਾਂਟਿਕ ਰਿਸ਼ਤੇ

ਜੇ ਤੁਹਾਡੀ ਵਿਆਹ ਕਰਨ ਦੀ ਉਮਰ ਹੋ ਗਈ ਹੈ ਤੇ ਤੁਸੀਂ ਜੀਵਨ-ਸਾਥੀ ਲੱਭ ਰਹੇ ਹੋ, ਤਾਂ ਉੱਪਰ ਦੱਸੇ ਸਿਧਾਂਤਾਂ ਨੂੰ ਧਿਆਨ ਵਿਚ ਰੱਖਣਾ ਚੰਗੀ ਗੱਲ ਹੋਵੇਗੀ। ਤੁਸੀਂ ਸ਼ਾਇਦ ਕਈ ਕਾਰਨਾਂ ਕਰਕੇ ਕਿਸੇ ਵੱਲ ਖਿੱਚੇ ਜਾਓ। ਪਰ ਜਿਹੜੀ ਗੱਲ ਇਕ ਵਿਅਕਤੀ ਨੂੰ ਚੰਗਾ ਜੀਵਨ-ਸਾਥੀ ਬਣਾਉਂਦੀ ਹੈ, ਉਹ ਹੈ ਉਸ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ।

ਬਾਈਬਲ ਵਾਰ-ਵਾਰ ਸਾਨੂੰ ਉਨ੍ਹਾਂ ਲੋਕਾਂ ਨਾਲ ਵਿਆਹ ਕਰਨ ਤੋਂ ਵਰਜਦੀ ਹੈ ਜੋ “ਪ੍ਰਭੁ ਵਿੱਚ” ਨਹੀਂ ਹਨ। (1 ਕੁਰਿੰਥੀਆਂ 7:39; ਬਿਵਸਥਾ ਸਾਰ 7:3, 4; ਨਹਮਯਾਹ 13:25) ਇਹ ਸੱਚ ਹੈ ਕਿ ਯਹੋਵਾਹ ਨੂੰ ਨਾ ਮੰਨਣ ਵਾਲੇ ਲੋਕ ਵੀ ਜ਼ਿੰਮੇਵਾਰ, ਸਾਊ ਤੇ ਸ਼ੀਲ ਸੁਭਾਅ ਦੇ ਹੋ ਸਕਦੇ ਹਨ। ਪਰ ਯਹੋਵਾਹ ਦੇ ਉੱਚੇ ਮਿਆਰਾਂ ਨੂੰ ਨਾ ਮੰਨਣ ਕਰਕੇ ਉਹ ਸ਼ਾਇਦ ਇਨ੍ਹਾਂ ਗੁਣਾਂ ਨੂੰ ਨਿਖਾਰਨ ਅਤੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਦੀ ਜ਼ਰੂਰਤ ਮਹਿਸੂਸ ਨਾ ਕਰਨ।

ਪਰ ਜਿਹੜਾ ਵਿਅਕਤੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਹੈ, ਉਹ ਮਸੀਹੀ ਗੁਣ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਜੀਵਨ-ਸਾਥੀ ਦਾ ਹਰ ਕਦਮ ਤੇ ਸਾਥ ਦਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। (ਅਫ਼ਸੀਆਂ 5:28, 33; 1 ਪਤਰਸ 3:7) ਸੋ ਜਦੋਂ ਪਤੀ-ਪਤਨੀ ਦੋਨੋਂ ਯਹੋਵਾਹ ਨੂੰ ਪਿਆਰ ਕਰਨ ਵਾਲੇ ਹੋਣ, ਤਾਂ ਉਹ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ ਦਾ ਪੂਰਾ ਜਤਨ ਕਰਦੇ ਹਨ।

ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਵਿਆਹੁਤਾ ਜੀਵਨ ਵਿਚ ਹਮੇਸ਼ਾ ਸੁਖ ਹੁੰਦਾ ਹੈ? ਨਹੀਂ। ਮਿਸਾਲ ਲਈ, ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰਾਉਂਦੇ ਹੋ ਜਿਸ ਨੂੰ ਅਧਿਆਤਮਿਕ ਗੱਲਾਂ ਵਿਚ ਜ਼ਿਆਦਾ ਰੁਚੀ ਨਹੀਂ, ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਇਸ ਦਾ ਨਤੀਜਾ ਕੀ ਹੋ ਸਕਦਾ ਹੈ। ਅਧਿਆਤਮਿਕ ਤੌਰ ਤੇ ਕਮਜ਼ੋਰ ਹੋਣ ਕਰਕੇ ਉਹ ਦੁਨੀਆਂ ਦੇ ਦਬਾਵਾਂ ਦਾ ਡਟ ਕੇ ਮੁਕਾਬਲਾ ਨਹੀਂ ਕਰ ਸਕੇਗਾ ਤੇ ਉਹ ਸ਼ਾਇਦ ਹੌਲੀ-ਹੌਲੀ ਮਸੀਹੀ ਕਲੀਸਿਯਾ ਤੋਂ ਦੂਰ ਹੋ ਜਾਵੇ। (ਫ਼ਿਲਿੱਪੀਆਂ 3:18; 1 ਯੂਹੰਨਾ 2:19) ਜ਼ਰਾ ਸੋਚੋ ਕਿ ਉਸ ਵੇਲੇ ਕਿਸੇ ਮਸੀਹੀ ਦੇ ਦਿਲ ਨੂੰ ਕਿੰਨੀ ਠੇਸ ਪਹੁੰਚ ਸਕਦੀ ਹੈ ਜੇ ਉਸ ਦਾ ਜੀਵਨ-ਸਾਥੀ ਮੁੜ ਇਸ “ਸੰਸਾਰ ਦੇ ਗੰਦ ਮੰਦ” ਵਿਚ ਵਾਪਸ ਚਲਾ ਜਾਂਦਾ ਹੈ। (2 ਪਤਰਸ 2:20) ਨਤੀਜੇ ਵਜੋਂ ਵਿਆਹ ਟੁੱਟਣ ਦੀ ਨੌਬਤ ਵੀ ਆ ਸਕਦੀ ਹੈ।

ਕਿਸੇ ਨਾਲ ਵਿਆਹ ਕਰਨ ਬਾਰੇ ਸੋਚਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਤੇ ਗੌਰ ਕਰੋ: ਕੀ ਉਸ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਹੈ? ਕੀ ਉਹ ਮਸੀਹੀ ਮਿਆਰਾਂ ਉੱਤੇ ਚੱਲਦਾ ਹੈ? ਕੀ ਉਹ ਨਿਹਚਾ ਵਿਚ ਪੱਕਾ ਹੈ ਜਾਂ ਉਸ ਨੂੰ ਹੋਰ ਤਰੱਕੀ ਕਰਨ ਲਈ ਸਮੇਂ ਦੀ ਲੋੜ ਹੈ? ਕੀ ਤੁਹਾਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਜੋ ਵੀ ਕਰਦਾ ਹੈ ਯਹੋਵਾਹ ਦੇ ਪਿਆਰ ਦੀ ਖ਼ਾਤਰ ਕਰਦਾ ਹੈ? ਇਹ ਜਾਣਨਾ ਚੰਗੀ ਗੱਲ ਹੋਵੇਗੀ ਕਿ ਕਿਸੇ ਮੁੰਡੇ ਜਾਂ ਕੁੜੀ ਦੀ ਕਲੀਸਿਯਾ ਵਿਚ ਨੇਕਨਾਮੀ ਹੈ ਜਾਂ ਨਹੀਂ। ਪਰ ਤੁਹਾਨੂੰ ਆਪ ਨੂੰ ਵੀ ਇਹ ਪੱਕਾ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਵਾਕਈ ਯਹੋਵਾਹ ਦੀ ਸੇਵਾ ਨੂੰ ਜ਼ਿੰਦਗੀ ਵਿਚ ਪਹਿਲ ਦਿੰਦਾ ਹੈ ਤੇ ਤੁਹਾਡੇ ਲਈ ਚੰਗਾ ਜੀਵਨ-ਸਾਥੀ ਸਿੱਧ ਹੋਵੇਗਾ।

ਅਕਸਰ ਇਹ ਦੇਖਿਆ ਗਿਆ ਹੈ ਕਿ ਜਿਹੜੇ ਲੋਕ “ਗ਼ਲਤ ਕਿਸਮ ਦੇ ਲੋਕਾਂ” ਵੱਲ ਖਿੱਚੇ ਜਾਂਦੇ ਹਨ, ਉਹ ਪਹਿਲਾਂ ਗ਼ਲਤ ਕੰਮਾਂ ਜਾਂ ਮਨੋਰੰਜਨਾਂ ਵੱਲ ਆਕਰਸ਼ਿਤ ਹੋਏ ਹਨ। ਜਿਹੜੇ ਨੌਜਵਾਨ ਨਿਹਚਾ ਵਿਚ ਪੱਕੇ ਹਨ, ਉਹ ਇਨ੍ਹਾਂ ਕੰਮਾਂ ਵਿਚ ਹਰਗਿਜ਼ ਤੁਹਾਡਾ ਸਾਥ ਨਹੀਂ ਦੇਣਗੇ। ਇਸ ਲਈ ਤੁਹਾਨੂੰ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ।

ਜੇ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਆਪਣੇ ਦਿਲ ਨੂੰ ਬਦਲਣ ਦੀ ਲੋੜ ਹੈ, ਤਾਂ ਹੌਸਲਾ ਨਾ ਹਾਰੋ। ਆਪਣੇ ਦਿਲ ਤੇ ਮਨ ਨੂੰ ਸਹੀ ਸਿੱਖਿਆ ਵੱਲ ਲਾਉਣਾ ਸੰਭਵ ਹੈ। (ਕਹਾਉਤਾਂ 23:12) ਪਰ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਪਹਿਲਾਂ ਇਹ ਫ਼ੈਸਲਾ ਕਰਨ ਦੀ ਲੋੜ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਦਿਲ ਚਾਹੁੰਦੇ ਹੋ? ਕੀ ਤੁਸੀਂ ਚੰਗੇ ਕੰਮ ਤੇ ਸਹੀ ਕਿਸਮ ਦੇ ਲੋਕਾਂ ਵੱਲ ਖਿੱਚੇ ਜਾਣਾ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਦੀ ਮਦਦ ਨਾਲ ਤੁਸੀਂ ਇਸ ਵਿਚ ਜ਼ਰੂਰ ਕਾਮਯਾਬ ਹੋਵੋਗੇ। (ਜ਼ਬੂਰਾਂ ਦੀ ਪੋਥੀ 97:10) ਜਿਉਂ-ਜਿਉਂ ਤੁਸੀਂ ਸਹੀ ਤੇ ਗ਼ਲਤ ਦੀ ਪਛਾਣ ਕਰਨੀ ਸਿੱਖੋਗੇ, ਤਾਂ ਤੁਸੀਂ ਝੱਟ ਪਛਾਣ ਜਾਓਗੇ ਕਿ ਕੌਣ ਚੰਗੇ ਦੋਸਤ ਸਾਬਤ ਹੋਣਗੇ ਤੇ ਕੌਣ ਨਹੀਂ।—ਇਬਰਾਨੀਆਂ 5:14. (g05 8/22)

[ਫੁਟਨੋਟ]

^ ਪੈਰਾ 3 ਸਾਰੇ ਨਾਂ ਬਦਲੇ ਗਏ ਹਨ।

[ਸਫ਼ੇ 14 ਉੱਤੇ ਤਸਵੀਰ]

ਚੰਗੇ ਦੋਸਤ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਦੇਣਗੇ