Skip to content

Skip to table of contents

ਜਾਗਰੂਕ ਬਣੋ! ਦੇ ਅਹਿਸਾਨਮੰਦ

ਜਾਗਰੂਕ ਬਣੋ! ਦੇ ਅਹਿਸਾਨਮੰਦ

ਜਾਗਰੂਕ ਬਣੋ! ਦੇ ਅਹਿਸਾਨਮੰਦ

ਜਾਗਰੂਕ ਬਣੋ! ਰਸਾਲਾ ਪੜ੍ਹਨ ਵਾਲੇ ਉਸ ਵਿਚ ਛਾਪੇ ਗਏ ਲੇਖਾਂ ਦੀ ਅਹਿਮੀਅਤ ਸਮਝਦੇ ਹਨ। ਪਿਛਲੇ ਦਸੰਬਰ ਜਰਮਨ ਦੇ ਰਹਿਣ ਵਾਲੇ ਇਕ ਪਤੀ-ਪਤਨੀ ਲਈ ਜਾਗਰੂਕ ਬਣੋ! ਵਿਚ ਪਾਈ ਗਈ ਜਾਣਕਾਰੀ ਬਹੁਤ ਫ਼ਾਇਦੇਮੰਦ ਸਾਬਤ ਹੋਈ। ਉਹ ਦੋਵੇਂ ਥਾਈਲੈਂਡ ਦੇ ਖਾਓ ਲਾਕ ਇਲਾਕੇ ਵਿਚ ਸੈਰ ਕਰਨ ਗਏ ਹੋਏ ਸਨ। ਜਾਗਰੂਕ ਬਣੋ! ਦੇ 8 ਫਰਵਰੀ 2001 ਦੇ ਰਸਾਲੇ ਵਿਚ ਸੁਨਾਮੀ ਲਹਿਰਾਂ ਬਾਰੇ ਲੇਖ ਨੇ ਉਨ੍ਹਾਂ ਦੀ ਜਾਨ ਬਚਾਈ।

ਜਰਮਨ ਦੇ ਫ਼ਰਾਂਕਨਪੋਸਟ ਅਖ਼ਬਾਰ ਨੇ ਇਸ ਜੋੜੇ ਦੇ ਤਜਰਬੇ ਬਾਰੇ ਇਹ ਰਿਪੋਰਟ ਦਿੱਤੀ: “ਰੋਸਵੀਤਾ ਦੱਸਦੀ ਹੈ: ‘ਅਸੀਂ ਸਮੁੰਦਰ ਵਿਚ ਤੈਰਨ ਗਏ ਸੀ।’ ਫਿਰ ਬਾਅਦ ਵਿਚ ਦੋਵੇਂ ਕੱਪੜੇ ਬਦਲਣ ਲਈ ਆਪਣੇ ਹੋਟਲ ਵਾਪਸ ਚੱਲੇ ਗਏ। ਰੋਸਵੀਤਾ ਦਾ ਪਤੀ ਰਾਈਨਾ ਉਸ ਡਰਾਉਣੇ ਨਜ਼ਾਰੇ ਬਾਰੇ ਦੱਸਦਾ ਹੈ ਜਦੋਂ ਉਹ ਵਾਪਸ ਸਮੁੰਦਰ ਦੇ ਕੰਢੇ ਗਏ: ‘ਜਦੋਂ ਅਸੀਂ ਦਸਾਂ ਮਿੰਟਾਂ ਬਾਅਦ ਸਮੁੰਦਰ ਦੇ ਕੰਢੇ ਪਹੁੰਚੇ, ਤਾਂ ਸਮੁੰਦਰ ਉੱਥੇ ਹੈ ਹੀ ਨਹੀਂ ਸੀ।’ ਸਮੁੰਦਰੀ ਕੰਢੇ ਤੋਂ ਲਗਭਗ ਸੱਤ ਕਿਲੋਮੀਟਰ ਦੀ ਦੂਰੀ ਤਕ ਸਿਰਫ਼ ਰੇਤਾ ਹੀ ਰੇਤਾ ਨਜ਼ਰ ਆਉਂਦਾ ਸੀ। ‘ਜਿਹੜੇ ਲੋਕੀ ਪਾਣੀ ਵਿਚ ਤੈਰ ਰਹੇ ਸਨ ਉਹ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ ਵਿਚ ਆ ਗਏ ਸਨ।’ ਜਾਗਰੂਕ ਬਣੋ! ਦੇ ਲੇਖ ਕਰਕੇ ਪਤੀ-ਪਤਨੀ ਦੀਆਂ ਜਾਨਾਂ ਬਚੀਆਂ।” ਉਸ ਲੇਖ ਵਿਚ ਸਮਝਾਇਆ ਗਿਆ ਸੀ ਕਿ ਸੁਨਾਮੀ ਲਹਿਰਾਂ ਆਉਣ ਤੋਂ ਪਹਿਲਾਂ ਅਕਸਰ ਪਾਣੀ ਕੰਢੇ ਤੋਂ ਦੂਰ ਚਲਾ ਜਾਂਦਾ ਹੈ।

“ਜਦੋਂ ਰੋਸਵੀਤਾ ਅਤੇ ਰਾਈਨਾ ਨੇ ਦੂਰੋਂ ਵੱਡੀ ਲਹਿਰ ਦੇਖੀ, ਤਾਂ ਉਹ ਦੌੜਨ ਲੱਗ ਪਏ। ਰਾਈਨਾ ਨੂੰ ਯਾਦ ਹੈ ਕਿ ਉਹ ਲਹਿਰ 40 ਤੋਂ 50 ਫੁੱਟ ਉਚਾਈ ਤਕ ਲੱਗਦੀ ਸੀ। ਉਸ ਨੂੰ ਇਹ ਗੱਲ ਨਹੀਂ ਭੁੱਲਦੀ ਕਿ ਸਮੁੰਦਰ ਕੰਢੇ ਦੂਸਰੇ ਸੈਲਾਨੀ ਮੂੰਹ ਅੱਡ ਕੇ ਲਹਿਰ ਨੂੰ ਦੇਖਦੇ ਰਹੇ। ‘ਉਹ ਬੁੱਤਾਂ ਵਾਂਗ ਉੱਥੇ ਹੀ ਖੜ੍ਹੇ ਰਹੇ। ਮੈਂ ਲੋਕਾਂ ਨੂੰ ਭੱਜ ਕੇ ਆਪਣੀਆਂ ਜਾਨਾਂ ਬਚਾਉਣ ਲਈ ਕਿਹਾ ਪਰ ਕੋਈ ਨਹੀਂ ਹਿੱਲਿਆ।’ ਉਨ੍ਹਾਂ ਵਿੱਚੋਂ ਥੋੜ੍ਹੇ ਹੀ ਬਚੇ।”

ਅਖ਼ਬਾਰ ਨੇ ਰਾਈਨਾ ਅਤੇ ਰੋਸਵੀਤਾ ਬਾਰੇ ਅੱਗੇ ਕਿਹਾ: “ਯਹੋਵਾਹ ਦੇ ਗਵਾਹ ਹੋਣ ਕਰਕੇ ਉਹ ਖਾਓ ਲਾਕ ਦੀ ਕਲੀਸਿਯਾ ਦੀਆਂ ਮੀਟਿੰਗਾਂ ਨੂੰ ਜਾਂਦੇ ਸੀ ਜੋ 140 ਕਿਲੋਮੀਟਰ ਦੂਰ ਸੀ। ਜਦੋਂ ਕਲੀਸਿਯਾ ਦੇ ਮੈਂਬਰਾਂ ਨੂੰ ਇਸ ਭਿਆਨਕ ਘਟਨਾ ਬਾਰੇ ਪਤਾ ਲੱਗਾ ਤਾਂ ਪੂਰੀ ਕਲੀਸਿਯਾ ਉਨ੍ਹਾਂ ਨੂੰ ਲੱਭਣ ਲਈ ਖਾਓ ਲਾਕ ਨੂੰ ਗਈ।”

ਹੁਣ ਉਹ ਪਤੀ-ਪਤਨੀ ਜਰਮਨੀ ਵਿਚ ਸਹੀ-ਸਲਾਮਤ ਹਨ ਅਤੇ ਜਾਗਰੂਕ ਬਣੋ! ਵਿਚ ਪਾਈ ਗਈ ਜਾਣਕਾਰੀ ਦੇ ਅਹਿਸਾਨਮੰਦ ਹਨ। ਉਹ ਥਾਈਲੈਂਡ ਦੇ ਲੋਕਾਂ ਦਾ ਖ਼ਾਸ ਕਰਕੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਪਿਆਰ ਨਾਲ ਮਦਦ ਕੀਤੀ! (g05 7/22)