Skip to content

Skip to table of contents

ਜੰਤਰ ਮੰਤਰ—ਆਕਾਸ਼ ਅੰਦਰ ਝਾਤੀ ਮਾਰਨ ਦੀ ਚਾਹਤ

ਜੰਤਰ ਮੰਤਰ—ਆਕਾਸ਼ ਅੰਦਰ ਝਾਤੀ ਮਾਰਨ ਦੀ ਚਾਹਤ

ਜੰਤਰ ਮੰਤਰ​—ਆਕਾਸ਼ ਅੰਦਰ ਝਾਤੀ ਮਾਰਨ ਦੀ ਚਾਹਤ

ਭਾਰਤ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਭਾਰਤ ਦੇ ਸ਼ਹਿਰ ਨਵੀਂ ਦਿੱਲੀ ਵਿਚ ਜੰਤਰ ਮੰਤਰ ਨਾਮਕ ਜਗ੍ਹਾ ਦੇਖਣ ਆਏ ਲੋਕ ਇਸ ਨੂੰ ਦੇਖ ਕੇ ਸ਼ਾਇਦ ਹੈਰਾਨ ਹੋਣ ਤੇ ਪੁੱਛਣ: ‘ਕੀ ਇਨ੍ਹਾਂ ਯੰਤਰਾਂ ਨਾਲ ਸੱਚ-ਮੁੱਚ ਆਕਾਸ਼-ਮੰਡਲ ਦੀ ਸਮਝ ਹਾਸਲ ਕੀਤੀ ਜਾ ਸਕਦੀ ਹੈ?’ ਜਿਨ੍ਹਾਂ ਲੋਕਾਂ ਨੇ ਟੈਲੀਸਕੋਪ ਤੇ ਹੋਰ ਆਧੁਨਿਕ ਯੰਤਰ ਦੇਖੇ ਹਨ, ਉਨ੍ਹਾਂ ਲਈ ਚੂਨੇ ਤੇ ਇੱਟਾਂ ਦੇ ਬਣੇ ਯੰਤਰਾਂ ਵਾਲੀ ਇਹ ਪਾਰਕ ਸ਼ਾਇਦ ਹੀ ਪ੍ਰੇਖਣਸ਼ਾਲਾ ਲੱਗੇ। ਪਰ 18ਵੀਂ ਸਦੀ ਵਿਚ ਜੰਤਰ ਮੰਤਰ ਇਸੇ ਲਈ ਉਸਾਰਿਆ ਗਿਆ ਸੀ। ਉਸ ਸਮੇਂ ਯੂਰਪ ਵਿਚ ਟੈਲੀਸਕੋਪਾਂ ਤੇ ਹੋਰ ਦੂਸਰੇ ਯੰਤਰਾਂ ਦੀਆਂ ਕਾਢਾਂ ਕੱਢੀਆਂ ਜਾ ਰਹੀਆਂ ਸਨ। ਮਾਅਰਕੇ ਦੀ ਗੱਲ ਹੈ ਕਿ ਇਨ੍ਹਾਂ ਸਾਰੇ ਯੰਤਰਾਂ ਤੋਂ ਬਿਨਾਂ ਹੀ ਜੰਤਰ ਮੰਤਰ ਨੇ ਸੂਰਜ, ਚੰਦ ਤੇ ਤਾਰਿਆਂ ਬਾਰੇ ਕਾਫ਼ੀ ਹੱਦ ਤਕ ਸਹੀ ਜਾਣਕਾਰੀ ਦਿੱਤੀ।

ਰਾਜਪੂਤ ਮਹਾਰਾਜਾ ਸਵਾਏ ਜੈ ਸਿੰਘ ਨੇ ਅਜਿਹੀਆਂ ਪੰਜ ਪ੍ਰੇਖਣਸ਼ਾਲਾਵਾਂ ਬਣਾਈਆਂ ਸਨ। ਇਨ੍ਹਾਂ ਵਿੱਚੋਂ ਤਿੰਨਾਂ ਨੂੰ ਇੱਕੋ ਨਾਂ ਜੰਤਰ ਮੰਤਰ ਨਾਲ ਜਾਣਿਆ ਜਾਂਦਾ ਹੈ। “ਜੰਤਰ” ਸੰਸਕ੍ਰਿਤ ਦੇ ਸ਼ਬਦ “ਯੰਤਰਾ” ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਔਜ਼ਾਰ।” ਇਸੇ ਤਰ੍ਹਾਂ “ਮੰਤਰ” ਸ਼ਬਦ “ਮੰਤਰਾ” ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਸੂਤਰ।” ਇਨ੍ਹਾਂ ਦੋਵਾਂ ਦੀ ਤੁਕਬੰਦੀ ਕਰਨ ਨਾਲ ਨਾਂ ਜੰਤਰ ਮੰਤਰ ਬਣ ਗਿਆ।

ਸੰਨ 1910 ਵਿਚ ਨਵੀਂ ਦਿੱਲੀ ਦੇ ਜੰਤਰ ਮੰਤਰ ਦੇ ਇਕ ਯੰਤਰ ਉੱਤੇ ਇਕ ਤਖ਼ਤੀ ਲਾਈ ਗਈ ਜਿਸ ਤੇ ਲਿਖਿਆ ਹੋਇਆ ਸੀ ਕਿ ਇਸ ਪ੍ਰੇਖਣਸ਼ਾਲਾ ਦੀ ਉਸਾਰੀ 1710 ਵਿਚ ਪੂਰੀ ਹੋਈ ਸੀ। ਪਰ ਬਾਅਦ ਦੀਆਂ ਖੋਜਾਂ ਤੋਂ ਪਤਾ ਲੱਗਿਆ ਕਿ ਉਸਾਰੀ 1724 ਵਿਚ ਪੂਰੀ ਹੋਈ ਸੀ। ਜਿਵੇਂ ਅਸੀਂ ਅੱਗੇ ਦੇਖਾਂਗੇ, ਮਹਾਰਾਜਾ ਜੈ ਸਿੰਘ ਦੀ ਜੀਵਨੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਪਰ ਪਹਿਲਾਂ ਆਓ ਆਪਾਂ ਇਨ੍ਹਾਂ ਯੰਤਰਾਂ ਤੇ ਇਕ ਨਜ਼ਰ ਮਾਰੀਏ ਜੋ ਕਿ ਦੁਨੀਆਂ ਵਿਚ ਆਪਣੀ ਕਿਸਮ ਦੇ ਸਭ ਤੋਂ ਪੁਰਾਣੇ ਯੰਤਰ ਹਨ।

ਇੱਟਾਂ ਤੇ ਚੂਨੇ ਦੇ ਔਜ਼ਾਰ

ਇਸ ਪ੍ਰੇਖਣਸ਼ਾਲਾ ਵਿਚ ਚੂਨੇ ਤੇ ਇੱਟਾਂ ਦੇ ਬਣੇ ਚਾਰ ਵੱਖ-ਵੱਖ ਕਿਸਮ ਦੇ ਯੰਤਰ ਹਨ। ਇਨ੍ਹਾਂ ਵਿੱਚੋਂ ਮੁੱਖ ਹੈ ਸਮਰਾਟ ਯੰਤਰ ਜੋ “ਅਸਲ ਵਿਚ ਸਮਾਨ ਘੰਟਿਆਂ ਵਿਚ ਵੰਡੀ ਹੋਈ ਧੁੱਪ-ਘੜੀ ਹੈ।” ਇਹ ਜੈ ਸਿੰਘ ਦੀ ਸਭ ਤੋਂ ਮਹੱਤਵਪੂਰਣ ਕਾਢ ਸੀ। ਇਸ ਦਾ ਆਕਾਰ ਤਿਕੋਣਾ ਹੈ ਅਤੇ ਇਸ ਦੀ ਉਚਾਈ 70 ਫੁੱਟ, ਆਧਾਰ 114 ਫੁੱਟ ਅਤੇ ਚੁੜਾਈ 10 ਫੁੱਟ ਹੈ। ਇਸ ਤਿਕੋਣ ਦੀ 128 ਫੁੱਟ ਲੰਬੀ ਕਰਣ-ਰੇਖਾ ਧਰਤੀ ਦੇ ਧੁਰੇ ਦੇ ਸਮਾਨਾਂਤਰ ਹੈ ਅਤੇ ਉੱਤਰੀ ਧਰੁਵ ਵੱਲ ਇਸ਼ਾਰਾ ਕਰਦੀ ਹੈ। ਇਸ ਧੁੱਪ-ਘੜੀ ਦੇ ਦੋਵੇਂ ਪਾਸੇ ਵ੍ਰਿਤਪਾਦ (quadrant) ਲੱਗੇ ਹੋਏ ਹਨ। ਇਨ੍ਹਾਂ ਵ੍ਰਿਤਪਾਦਾਂ ਉੱਤੇ ਘੰਟੇ, ਮਿੰਟ ਤੇ ਸਕਿੰਟ ਦਿਖਾਉਣ ਲਈ ਨਿਸ਼ਾਨ ਲੱਗੇ ਹੋਏ ਹਨ। ਭਾਵੇਂ ਕਿ ਸਦੀਆਂ ਤੋਂ ਸਾਧਾਰਣ ਧੁੱਪ-ਘੜੀਆਂ ਵਰਤੀਆਂ ਜਾਂਦੀਆਂ ਰਹੀਆਂ ਸਨ, ਪਰ ਜੈ ਸਿੰਘ ਨੇ ਇਸ ਸਾਧਾਰਣ ਯੰਤਰ ਨੂੰ ਆਕਾਸ਼ ਵਿਚ ਹੋ ਰਹੀਆਂ ਗਤੀਵਿਧੀਆਂ ਨੂੰ ਸਹੀ-ਸਹੀ ਮਾਪਣ ਦੇ ਯੰਤਰ ਵਿਚ ਬਦਲ ਦਿੱਤਾ।

ਪ੍ਰੇਖਣਸ਼ਾਲਾ ਦੇ ਹੋਰ ਤਿੰਨ ਯੰਤਰ ਹਨ ਰਾਮ ਯੰਤਰ, ਜੈਪ੍ਰਕਾਸ਼ ਯੰਤਰ ਅਤੇ ਮਿਸ਼ਰਾ ਯੰਤਰ। ਇਹ ਸਾਰੇ ਯੰਤਰ ਸੂਰਜ ਤੇ ਤਾਰਿਆਂ ਦਾ ਦਿਸ਼ਾ-ਪਾਤ (declination), ਉਚਾਈ ਤੇ ਖਿਤਿਜ-ਚਾਪ (azimuth) ਮਾਪਣ ਲਈ ਬੜੇ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਮਿਸ਼ਰਾ ਯੰਤਰ ਦੀ ਮਦਦ ਨਾਲ ਪਤਾ ਲਗਾਇਆ ਜਾ ਸਕਦਾ ਸੀ ਕਿ ਦੁਨੀਆਂ ਦੇ ਕਿਹੜੇ-ਕਿਹੜੇ ਸ਼ਹਿਰਾਂ ਵਿਚ ਦੁਪਹਿਰ ਦੇ ਬਾਰਾਂ ਵਜੇ ਸਨ।

ਮਿਸ਼ਰਾ ਯੰਤਰ ਨੂੰ ਛੱਡ ਬਾਕੀ ਸਾਰੇ ਯੰਤਰਾਂ ਦੀ ਖੋਜ ਜੈ ਸਿੰਘ ਨੇ ਹੀ ਕੀਤੀ ਸੀ। ਇਹ ਯੰਤਰ ਉਸ ਵੇਲੇ ਭਾਰਤ ਵਿਚ ਪਾਏ ਜਾਂਦੇ ਦੂਸਰੇ ਯੰਤਰਾਂ ਨਾਲੋਂ ਕਿਤੇ ਜ਼ਿਆਦਾ ਸਹੀ ਤੇ ਫ਼ਾਇਦੇਮੰਦ ਸਨ। ਇਨ੍ਹਾਂ ਦੀ ਮਦਦ ਨਾਲ ਸਹੀ-ਸਹੀ ਜੰਤਰੀਆਂ ਅਤੇ ਖਗੋਲੀ ਪਿੰਡਾਂ ਦੀਆਂ ਗਤੀਵਿਧੀਆਂ ਦੀਆਂ ਸੂਚੀਆਂ ਬਣਾਈਆਂ ਗਈਆਂ। ਇਨ੍ਹਾਂ ਯੰਤਰਾਂ ਦਾ ਡੀਜ਼ਾਈਨ ਬਹੁਤ ਮਨਮੋਹਕ ਸੀ ਤੇ ਇਹ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਸਨ। ਟੈਲੀਸਕੋਪਾਂ ਵਰਗੀਆਂ ਹੋਰ ਚੀਜ਼ਾਂ ਦੀ ਕਾਢ ਤੋਂ ਪਹਿਲਾਂ ਇਨ੍ਹਾਂ ਯੰਤਰਾਂ ਨੇ ਆਕਾਸ਼-ਮੰਡਲ ਬਾਰੇ ਬਹੁਤ ਸਾਰੀ ਕੀਮਤੀ ਜਾਣਕਾਰੀ ਦਿੱਤੀ। ਪਰ ਜੈ ਸਿੰਘ ਵਰਗੇ ਸੂਝਵਾਨ ਤੇ ਗਿਆਨੀ ਆਦਮੀ ਨੇ ਬ੍ਰਹਿਮੰਡ ਦਾ ਅਧਿਐਨ ਕਰਨ ਲਈ ਯੂਰਪ ਦੀਆਂ ਆਪਟਿਕ ਟੈਲੀਸਕੋਪਾਂ ਤੇ ਹੋਰ ਯੰਤਰ ਕਿਉਂ ਨਹੀਂ ਵਰਤੇ? ਇਸ ਦਾ ਜਵਾਬ ਮਹਾਰਾਜਾ ਜੈ ਸਿੰਘ ਦੇ ਪਿਛੋਕੜ ਅਤੇ ਉਸ ਸਮੇਂ ਦੇ ਇਤਿਹਾਸ ਤੋਂ ਮਿਲਦਾ ਹੈ।

“ਖਗੋਲ-ਵਿਗਿਆਨ ਨੂੰ ਸਮਰਪਿਤ”

ਜੈ ਸਿੰਘ ਦਾ ਜਨਮ ਸਾਲ 1688 ਵਿਚ ਭਾਰਤ ਦੇ ਰਾਜਸਥਾਨ ਸੂਬੇ ਵਿਚ ਹੋਇਆ ਸੀ। ਉਸ ਦਾ ਪਿਤਾ ਰਾਜਪੂਤਾਂ ਦੇ ਕਛਾਵਾਹਾ ਖ਼ਾਨਦਾਨ ਦੇ ਰਾਜ ਦੀ ਰਾਜਧਾਨੀ ਅੰਬਰ ਵਿਚ ਮਹਾਰਾਜਾ ਸੀ ਤੇ ਉਹ ਦਿੱਲੀ ਵਿਚ ਮੁਗਲ ਹਕੂਮਤ ਦੇ ਅਧੀਨ ਸੀ। ਰਾਜਕੁਮਾਰ ਜੈ ਸਿੰਘ ਨੂੰ ਹਿੰਦੀ, ਸੰਸਕ੍ਰਿਤ, ਫ਼ਾਰਸੀ ਤੇ ਅਰਬੀ ਭਾਸ਼ਾਵਾਂ ਦੀ ਤਾਲੀਮ ਦਿੱਤੀ ਗਈ। ਉਸ ਨੂੰ ਗਣਿਤ, ਖਗੋਲ-ਵਿਗਿਆਨ ਅਤੇ ਯੁੱਧ ਕਲਾ ਦੀ ਵਿਦਿਆ ਵੀ ਦਿੱਤੀ ਗਈ। ਪਰ ਖਗੋਲ-ਵਿਗਿਆਨ ਉਸ ਦਾ ਮਨ-ਪਸੰਦ ਵਿਸ਼ਾ ਸੀ। ਉਸ ਬਾਰੇ ਇਕ ਕਿਤਾਬ ਵਿਚ ਕਿਹਾ ਗਿਆ ਹੈ: “ਸਵਾਏ ਜੈ ਸਿੰਘ ਨੇ ਜਦੋਂ ਤੋਂ ਹੋਸ਼ ਸੰਭਾਲਿਆ ਅਤੇ ਆਪਣੀ ਤਰਕ-ਸ਼ਕਤੀ ਇਸਤੇਮਾਲ ਕਰਨੀ ਸ਼ੁਰੂ ਕੀਤੀ, ਉਦੋਂ ਤੋਂ ਹੀ ਉਸ ਨੇ ਆਪਣੇ ਆਪ ਨੂੰ ਖਗੋਲ-ਵਿਗਿਆਨ ਨੂੰ ਸਮਰਪਿਤ ਕਰ ਦਿੱਤਾ।”

ਸੰਨ 1700 ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ 11 ਸਾਲ ਦੀ ਉਮਰ ਤੇ ਜੈ ਸਿੰਘ ਅੰਬਰ ਦੇ ਸਿੰਘਾਸਣ ਤੇ ਬੈਠਾ। ਜਲਦੀ ਹੀ ਉਸ ਨੂੰ ਦੱਖਣੀ ਭਾਰਤ ਵਿਚ ਮੁਗਲ ਸਮਰਾਟ ਦੇ ਦਰਬਾਰ ਵਿਚ ਬੁਲਾਇਆ ਗਿਆ। ਉੱਥੇ ਉਹ ਗਣਿਤ ਤੇ ਖਗੋਲ-ਵਿਗਿਆਨ ਦੇ ਗਿਆਨੀ ਜਗਨਨਾਥ ਨੂੰ ਮਿਲਿਆ। ਇਹ ਆਦਮੀ ਬਾਅਦ ਵਿਚ ਜੈ ਸਿੰਘ ਦਾ ਮੁੱਖ ਸਲਾਹਕਾਰ ਬਣਿਆ। ਸੰਨ 1719 ਵਿਚ ਮੁਹੰਮਦ ਸ਼ਾਹ ਦੀ ਹਕੂਮਤ ਸ਼ੁਰੂ ਹੋਣ ਤਕ ਜੈ ਸਿੰਘ ਦੀ ਰਾਜਨੀਤਿਕ ਸਥਿਤੀ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹੇ। ਫਿਰ ਜੈ ਸਿੰਘ ਨੂੰ ਰਾਜਧਾਨੀ ਦਿੱਲੀ ਵਿਚ ਨਵੇਂ ਮੁਗਲ ਸ਼ਾਸਕ ਮੁਹੰਮਦ ਸ਼ਾਹ ਸਾਮ੍ਹਣੇ ਪੇਸ਼ ਹੋਣ ਦਾ ਹੁਕਮ ਮਿਲਿਆ। ਉਹ ਨਵੰਬਰ 1720 ਵਿਚ ਮੁਹੰਮਦ ਸ਼ਾਹ ਸਾਮ੍ਹਣੇ ਪੇਸ਼ ਹੋਇਆ ਅਤੇ ਸ਼ਾਇਦ ਉਸੇ ਸਮੇਂ ਉਸ ਨੇ ਪ੍ਰੇਖਣਸ਼ਾਲਾ ਦੇ ਨਿਰਮਾਣ ਦੀ ਪੇਸ਼ਕਸ਼ ਰੱਖੀ ਸੀ। ਸੰਨ 1724 ਵਿਚ ਉਸ ਦੀ ਪੇਸ਼ਕਸ਼ ਹਕੀਕਤ ਵਿਚ ਬਦਲ ਗਈ।

ਕਿਹੜੀ ਗੱਲ ਨੇ ਮਹਾਰਾਜਾ ਜੈ ਸਿੰਘ ਨੂੰ ਪ੍ਰੇਖਣਸ਼ਾਲਾ ਬਣਾਉਣ ਲਈ ਪ੍ਰੇਰਿਆ ਸੀ? ਜੈ ਸਿੰਘ ਨੇ ਦੇਖਿਆ ਕਿ ਭਾਰਤ ਵਿਚ ਉਪਲਬਧ ਜੰਤਰੀਆਂ ਤੇ ਖਗੋਲੀ ਚਾਰਟ ਬਹੁਤ ਹੀ ਗ਼ਲਤ ਸਨ ਅਤੇ ਖਗੋਲ-ਵਿਗਿਆਨ ਦੇ ਖੇਤਰ ਵਿਚ ਬਹੁਤੀ ਤਰੱਕੀ ਨਹੀਂ ਹੋ ਰਹੀ ਸੀ। ਇਸ ਲਈ ਉਸ ਨੇ ਦਿੱਸਣ ਵਾਲੇ ਖਗੋਲੀ ਪਿੰਡਾਂ ਦੇ ਆਧਾਰ ਤੇ ਨਵੇਂ ਚਾਰਟ ਬਣਾਉਣ ਦਾ ਫ਼ੈਸਲਾ ਕੀਤਾ। ਉਸ ਦੀ ਇਹ ਵੀ ਇੱਛਾ ਸੀ ਕਿ ਆਕਾਸ਼ੀ ਪਿੰਡਾਂ ਦਾ ਅਧਿਐਨ ਕਰਨ ਲਈ ਯੰਤਰ ਬਣਾਏ ਜਾਣ ਜਿਨ੍ਹਾਂ ਨੂੰ ਖਗੋਲ-ਵਿਗਿਆਨੀ ਵਰਤ ਸਕਣ। ਇਸ ਲਈ ਜੈ ਸਿੰਘ ਨੇ ਫਰਾਂਸ, ਇੰਗਲੈਂਡ, ਪੁਰਤਗਾਲ ਤੇ ਜਰਮਨੀ ਤੋਂ ਬਹੁਤ ਸਾਰੀਆਂ ਕਿਤਾਬਾਂ ਮੰਗਵਾਈਆਂ। ਉਸ ਨੇ ਹਿੰਦੂ, ਮੁਸਲਮਾਨ ਤੇ ਯੂਰਪੀ ਖਗੋਲ-ਵਿਗਿਆਨੀਆਂ ਨੂੰ ਆਪਣੇ ਦਰਬਾਰ ਵਿਚ ਸੱਦਿਆ। ਖਗੋਲ-ਵਿਗਿਆਨ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਉਸ ਨੇ ਇਕ ਦਲ ਯੂਰਪ ਨੂੰ ਘੱਲਿਆ ਅਤੇ ਉਨ੍ਹਾਂ ਨੂੰ ਕਿਤਾਬਾਂ ਤੇ ਯੰਤਰ ਇਕੱਠੇ ਕਰ ਕੇ ਲਿਆਉਣ ਦਾ ਹੁਕਮ ਦਿੱਤਾ।

ਪੂਰਬ ਤੇ ਪੱਛਮ ਨਹੀਂ ਮਿਲ ਸਕੇ

ਜੈ ਸਿੰਘ ਨੇ ਇੱਟਾਂ ਤੇ ਚੂਨੇ ਦੇ ਢਾਂਚੇ ਕਿਉਂ ਉਸਾਰੇ, ਜਦ ਕਿ ਯੂਰਪ ਵਿਚ ਟੈਲੀਸਕੋਪ, ਮਾਈਕ੍ਰੋਮੀਟਰ ਅਤੇ ਵਰਨੀਅਰ ਵਰਗੇ ਯੰਤਰ ਇਸਤੇਮਾਲ ਕੀਤੇ ਜਾ ਰਹੇ ਸਨ? ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਉਸ ਨੂੰ ਕੋਪਰਨਿਕਸ ਅਤੇ ਗਲੀਲੀਓ ਦੇ ਸੂਰਜ-ਕੇਂਦਰੀ ਸਿਧਾਂਤ (ਧਰਤੀ ਦਾ ਸੂਰਜ ਦੁਆਲੇ ਘੁੰਮਣ ਦਾ ਸਿਧਾਂਤ) ਬਾਰੇ ਨਹੀਂ ਪਤਾ ਸੀ?

ਪੂਰਬ ਤੇ ਪੱਛਮ ਵਿਚ ਜਾਣਕਾਰੀ ਦਾ ਜ਼ਿਆਦਾ ਆਦਾਨ-ਪ੍ਰਦਾਨ ਨਾ ਹੋਣਾ ਇਸ ਦਾ ਇਕ ਕਾਰਨ ਸੀ। ਪਰ ਉਸ ਵੇਲੇ ਦਾ ਧਾਰਮਿਕ ਮਾਹੌਲ ਵੀ ਜ਼ਿੰਮੇਵਾਰ ਸੀ। ਬ੍ਰਾਹਮਣ ਵਿਦਵਾਨਾਂ ਨੇ ਇਸ ਕਰਕੇ ਯੂਰਪ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਸਮੁੰਦਰ ਪਾਰ ਕਰਨ ਨਾਲ ਉਨ੍ਹਾਂ ਦਾ ਧਰਮ ਭ੍ਰਿਸ਼ਟ ਹੋ ਜਾਵੇਗਾ। ਜਾਣਕਾਰੀ ਇਕੱਠੀ ਕਰਨ ਵਿਚ ਜੈ ਸਿੰਘ ਦੀ ਮਦਦ ਕਰ ਰਹੇ ਵਿਦਵਾਨ ਮੁੱਖ ਤੌਰ ਤੇ ਯਸੂਹੀ ਈਸਾਈ ਸਨ। ਜੈ ਸਿੰਘ ਦੀ ਜੀਵਨੀ ਲਿਖਣ ਵਾਲੇ ਵੀ. ਐੱਨ. ਸ਼ਰਮਾ ਅਨੁਸਾਰ ਯਸੂਹੀ ਤੇ ਆਮ ਕੈਥੋਲਿਕ ਲੋਕਾਂ ਨੂੰ ਕੈਥੋਲਿਕ ਚਰਚ ਦੀ ਧਾਰਮਿਕ ਅਦਾਲਤ ਦਾ ਡਰਾਵਾ ਦੇ ਕੇ ਗਲੀਲੀਓ ਤੇ ਹੋਰ ਸਾਇੰਸਦਾਨਾਂ ਦੇ ਸੂਰਜ-ਕੇਂਦਰੀ ਸਿਧਾਂਤ ਨੂੰ ਮੰਨਣ ਤੋਂ ਵਰਜਿਆ ਗਿਆ ਸੀ। ਚਰਚ ਦੀ ਨਜ਼ਰ ਵਿਚ ਇਸ ਸਿਧਾਂਤ ਨੂੰ ਮੰਨਣਾ ਆਪਣੇ ਧਰਮ ਨੂੰ ਛੱਡਣ ਦੇ ਬਰਾਬਰ ਸੀ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਜੈ ਸਿੰਘ ਵੱਲੋਂ ਯੂਰਪ ਭੇਜੇ ਗਏ ਵਿਦਵਾਨਾਂ ਨੇ ਕੋਪਰਨਿਕਸ ਤੇ ਗਲੀਲੀਓ ਦੀਆਂ ਕਿਤਾਬਾਂ ਅਤੇ ਸੂਰਜ-ਕੇਂਦਰੀ ਸਿਧਾਂਤ ਦਾ ਸਮਰਥਨ ਕਰਨ ਵਾਲੇ ਨਵੇਂ ਯੰਤਰ ਨਹੀਂ ਲਿਆਂਦੇ।

ਨਾ ਮੁੱਕਣ ਵਾਲੀ ਤਲਾਸ਼

ਜੈ ਸਿੰਘ ਦੇ ਜ਼ਮਾਨੇ ਦਾ ਧਾਰਮਿਕ ਮਾਹੌਲ ਬੜਾ ਕੱਟੜਪੰਥੀ ਸੀ। ਉਸ ਨੇ ਇਨ੍ਹਾਂ ਵਧੀਆ ਯੰਤਰਾਂ ਦੀ ਖੋਜ ਕਰ ਕੇ ਆਕਾਸ਼ੀ ਪਿੰਡਾਂ ਬਾਰੇ ਨਵੀਂ ਜਾਣਕਾਰੀ ਦੇਣ ਵਿਚ ਯੋਗਦਾਨ ਪਾਇਆ। ਪਰ ਇਸ ਦੇ ਬਾਵਜੂਦ ਭਾਰਤ ਵਿਚ ਕਈ ਦਹਾਕਿਆਂ ਤਕ ਇਸ ਖੇਤਰ ਵਿਚ ਕੋਈ ਤਰੱਕੀ ਨਹੀਂ ਹੋਈ। ਪਰ ਜੰਤਰ ਮੰਤਰ ਇਸ ਗੱਲ ਦਾ ਸਬੂਤ ਹੈ ਕਿ ਇਨਸਾਨ ਅੰਦਰ ਗਿਆਨ ਦੀ ਭੁੱਖ ਹੈ।

ਜੈ ਸਿੰਘ ਤੋਂ ਸਦੀਆਂ ਪਹਿਲਾਂ ਹੋਰ ਕਈ ਸੂਝਵਾਨ ਲੋਕ ਬ੍ਰਹਿਮੰਡ ਦੇ ਅਜੂਬਿਆਂ ਨੂੰ ਸਮਝਣ ਲਈ ਆਕਾਸ਼ ਵੱਲ ਤੱਕਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਗਾਹਾਂ ਨੂੰ ਵੀ ਇਨਸਾਨ ‘ਆਪਣੀਆਂ ਅੱਖਾਂ ਉਤਾਹਾਂ ਚੁੱਕ ਕੇ’ ਪਰਮੇਸ਼ੁਰ ਦੇ ਹੱਥਾਂ ਦੀ ਕਾਰੀਗਰੀ ਦਾ ਗਿਆਨ ਲੈਣ ਦੀ ਕੋਸ਼ਿਸ਼ ਕਰਦਾ ਰਹੇਗਾ।—ਯਸਾਯਾਹ 40:26; ਜ਼ਬੂਰਾਂ ਦੀ ਪੋਥੀ 19:1. (g05 7/8)

[ਸਫ਼ੇ 18 ਉੱਤੇ ਡਾਇਆਗ੍ਰਾਮ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸਮਰਾਟ ਯੰਤਰ ਸਹੀ-ਸਹੀ ਸਮਾਂ ਦੱਸਣ ਵਾਲੀ ਧੁੱਪ-ਘੜੀ ਸੀ। ਵੱਡੇ ਤਿਕੋਣ ਦਾ ਪਰਛਾਵਾਂ ਵ੍ਰਿਤਪਾਦਾਂ (ਚਿੱਟਾ ਗੋਲਾ ਦੇਖੋ) ਉੱਤੇ ਪੈਂਦਾ ਸੀ ਜਿਨ੍ਹਾਂ ਉੱਤੇ ਘੰਟੇ, ਮਿੰਟ ਤੇ ਸਕਿੰਟ ਦੱਸਣ ਲਈ ਨਿਸ਼ਾਨ ਲੱਗੇ ਹੋਏ ਸਨ

[ਸਫ਼ੇ 18 ਉੱਤੇ ਡਾਇਆਗ੍ਰਾਮ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਜੈਪ੍ਰਕਾਸ਼ ਯੰਤਰ ਵਿਚ ਅਰਧਗੋਲੇ ਹਨ ਅਤੇ ਇਨ੍ਹਾਂ ਦੀ ਗੋਲ ਸਤਹ ਉੱਤੇ ਨਿਸ਼ਾਨ ਲੱਗੇ ਹੋਏ ਹਨ। ਇਨ੍ਹਾਂ ਅਰਧਗੋਲਿਆਂ ਦੇ ਛੱਲੇ ਉੱਤੇ ਨਿਸ਼ਾਨ ਅਤੇ ਆਰ-ਪਾਰ ਤਾਰਾਂ ਲੱਗੀਆਂ ਹੋਈਆਂ ਸਨ

ਰਾਮ ਯੰਤਰ ਦੇ ਅੰਦਰ ਖੜ੍ਹ ਕੇ ਇਕ ਵਿਅਕਤੀ ਵੱਖੋ-ਵੱਖਰੇ ਨਿਸ਼ਾਨਾਂ ਜਾਂ ਬਾਰੀ ਦੇ ਕਿਨਾਰੇ ਦੀ ਮਦਦ ਨਾਲ ਕਿਸੇ ਵੀ ਤਾਰੇ ਦੀ ਸਥਿਤੀ ਜਾਣ ਸਕਦਾ ਸੀ

[ਸਫ਼ੇ 18 ਉੱਤੇ ਡਾਇਆਗ੍ਰਾਮ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਮਿਸ਼ਰਾ ਯੰਤਰ ਦੀ ਮਦਦ ਨਾਲ ਪਤਾ ਲਗਾਇਆ ਜਾ ਸਕਦਾ ਸੀ ਕਿ ਦੁਨੀਆਂ ਦੇ ਕਿਹੜੇ-ਕਿਹੜੇ ਸ਼ਹਿਰਾਂ ਵਿਚ ਦੁਪਹਿਰ ਦੇ ਬਾਰਾਂ ਵਜੇ ਸਨ

[ਸਫ਼ੇ 19 ਉੱਤੇ ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਨਜ਼ਰ-ਦੀ-ਸੇਧ ਵਿਚ ਤਾਰਿਆਂ ਨੂੰ ਦੇਖਣ ਦਾ ਤਰੀਕਾ ਖਗੋਲ-ਵਿਗਿਆਨ ਦਾ ਸਭ ਤੋਂ ਪੁਰਾਣਾ ਤਰੀਕਾ ਹੈ ਜਿਸ ਵਿਚ ਜੈ ਸਿੰਘ ਨੇ ਬਹੁਤ ਸੁਧਾਰ ਕੀਤਾ

ਕਿਸੇ ਤਾਰੇ ਦੀ ਸਥਿਤੀ ਦਾ ਪਤਾ ਲਗਾਉਣ ਲਈ ਤੁਹਾਨੂੰ ਉਸ ਦੀ ਉਚਾਈ (ਇਹ ਆਕਾਸ਼ ਵਿਚ ਕਿੰਨਾ ਕੁ ਉੱਚਾ ਹੈ) ਅਤੇ ਇਸ ਦੀ ਖਿਤਿਜ-ਚਾਪ (ਇਹ ਭੂਗੋਲਕ ਉੱਤਰ ਤੋਂ ਕਿੰਨਾ ਪੂਰਬ ਵੱਲ ਹੈ) ਪਤਾ ਹੋਣੀ ਚਾਹੀਦੀ ਹੈ

ਸਮਰਾਟ ਯੰਤਰ ਦੀ ਮਦਦ ਨਾਲ ਦੋ ਜਣੇ ਕਿਸੇ ਤਾਰੇ ਦੀ ਸਥਿਤੀ ਦਾ ਪਤਾ ਲਗਾ ਸਕਦੇ ਸਨ

[ਕ੍ਰੈਡਿਟ ਲਾਈਨ]

ਥੱਲੇ: Reproduced from the book SAWAI JAI SINGH AND HIS ASTRONOMY, published by Motilal Banarsidass Publishers (P) Ltd., Jawahar Nagar Delhi, India

[ਸਫ਼ੇ 19 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਭਾਰਤ

ਨਵੀਂ ਦਿੱਲੀ

ਮਥੁਰਾ

ਜੈਪੁਰ

ਵਾਰਾਨਸੀ

ਉਜੈਨ

ਜੈ ਸਿੰਘ ਨੇ ਪੰਜ ਪ੍ਰੇਖਣਸ਼ਾਲਾਵਾਂ ਦੀ ਉਸਾਰੀ ਕਰਵਾਈ, ਜਿਨ੍ਹਾਂ ਵਿੱਚੋਂ ਇਕ ਨਵੀਂ ਦਿੱਲੀ ਵਿਚ ਹੈ

[ਸਫ਼ੇ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਚਿੱਤਰ: Courtesy Roop Kishore Goyal