ਸ਼ਹਿਦ ਮਧੂ-ਮੱਖੀ ਦਾ ਇਨਸਾਨ ਨੂੰ ਬੇਸ਼ਕੀਮਤੀ ਨਜ਼ਰਾਨਾ
ਸ਼ਹਿਦ ਮਧੂ-ਮੱਖੀ ਦਾ ਇਨਸਾਨ ਨੂੰ ਬੇਸ਼ਕੀਮਤੀ ਨਜ਼ਰਾਨਾ
ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਜੰਗਲ ਵਿਚ ਥੱਕ ਕੇ ਚੂਰ ਹੋਏ ਇਕ ਇਸਰਾਏਲੀ ਫ਼ੌਜੀ ਨੂੰ ਮਧੂ-ਮੱਖੀਆਂ ਦਾ ਸ਼ਹਿਦ ਨਾਲ ਚੋਂਦਾ ਛੱਤਾ ਦਿਖਾਈ ਦਿੱਤਾ। ਉਸ ਨੇ ਆਪਣੀ ਸੋਟੀ ਨਾਲ ਛੱਤੇ ਤੋਂ ਸ਼ਹਿਦ ਲੈ ਕੇ ਖਾਧਾ। ਸ਼ਹਿਦ ਖਾਂਦਿਆਂ ਸਾਰ ਹੀ “ਉਹ ਦੀਆਂ ਅੱਖੀਆਂ ਉੱਘੜ ਆਈਆਂ” ਤੇ ਉਸ ਵਿਚ ਜਾਨ ਆ ਗਈ। (1 ਸਮੂਏਲ 14:25-30) ਬਾਈਬਲ ਦੇ ਇਸ ਬਿਰਤਾਂਤ ਤੋਂ ਪਤਾ ਚੱਲਦਾ ਹੈ ਕਿ ਇਨਸਾਨ ਨੂੰ ਸ਼ਹਿਦ ਤੋਂ ਕਿੰਨਾ ਫ਼ਾਇਦਾ ਹੁੰਦਾ ਹੈ। ਸ਼ਹਿਦ ਤੋਂ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ ਕਿਉਂਕਿ ਇਸ ਵਿਚ ਮੁੱਖ ਤੌਰ ਤੇ ਕਾਰਬੋਹਾਈਡ੍ਰੇਟਜ਼ ਹੁੰਦੇ ਹਨ, ਤਕਰੀਬਨ 82 ਪ੍ਰਤਿਸ਼ਤ। ਦਿਲਚਸਪੀ ਦੀ ਗੱਲ ਹੈ ਕਿ 30 ਗ੍ਰਾਮ ਸ਼ਹਿਦ ਤੋਂ ਮਿਲੀ ਊਰਜਾ ਨਾਲ ਇਕ ਮਧੂ-ਮੱਖੀ ਦੁਨੀਆਂ ਦਾ ਗੇੜਾ ਕੱਢ ਸਕਦੀ ਹੈ!
ਕੀ ਮਧੂ-ਮੱਖੀਆਂ ਇਨਸਾਨਾਂ ਦੇ ਖਾਣ ਲਈ ਹੀ ਸ਼ਹਿਦ ਬਣਾਉਂਦੀਆਂ ਹਨ? ਨਹੀਂ, ਸ਼ਹਿਦ ਉਨ੍ਹਾਂ ਦਾ ਭੋਜਨ ਹੈ। ਸਰਦੀਆਂ ਕੱਟਣ ਲਈ ਮਧੂ-ਮੱਖੀਆਂ ਨੂੰ 10 ਤੋਂ 15 ਕਿਲੋ ਸ਼ਹਿਦ ਦੀ ਲੋੜ ਪੈਂਦੀ ਹੈ। ਪਰ ਚੰਗੇ ਮੌਸਮ ਵਿਚ ਮਧੂ-ਮੱਖੀਆਂ ਆਪਣੇ ਛੱਤੇ ਵਿਚ 25 ਕਿਲੋ ਸ਼ਹਿਦ ਵੀ ਇਕੱਠਾ ਕਰ ਲੈਂਦੀਆਂ ਹਨ। ਸੋ ਵਾਧੂ ਸ਼ਹਿਦ ਦਾ ਮਜ਼ਾ ਇਨਸਾਨ ਅਤੇ ਨਾਲ ਹੀ ਭਾਲੂ ਤੇ ਰਾਕੂਨ ਵਰਗੇ ਜਾਨਵਰ ਵੀ ਲੈਂਦੇ ਹਨ।
ਮਧੂ-ਮੱਖੀਆਂ ਸ਼ਹਿਦ ਕਿਵੇਂ ਬਣਾਉਂਦੀਆਂ ਹਨ? ਉਹ ਆਪਣੀਆਂ ਪਾਈਪ ਵਰਗੀਆਂ ਜੀਭਾਂ ਨਾਲ ਫੁੱਲਾਂ ਦਾ ਰਸ ਚੂਸਦੀਆਂ ਹਨ ਅਤੇ ਇਸ ਨੂੰ ਆਪਣੇ ਸਰੀਰ ਵਿਚ ਬਣੀ * ਜਦੋਂ ਸ਼ਹਿਦ ਵਿਚ ਪਾਣੀ ਦੀ ਮਾਤਰਾ 18 ਪ੍ਰਤਿਸ਼ਤ ਤੋਂ ਵੀ ਘੱਟ ਰਹਿ ਜਾਂਦੀ ਹੈ, ਤਾਂ ਖਾਨਿਆਂ ਨੂੰ ਮੋਮ ਦੀ ਇਕ ਪਤਲੀ ਪਰਤ ਨਾਲ ਬੰਦ ਕਰ ਦਿੱਤਾ ਜਾਂਦਾ ਹੈ। ਖਾਨਿਆਂ ਵਿਚ ਬੰਦ ਹੋਇਆ ਸ਼ਹਿਦ ਅਨਿਸ਼ਚਿਤ ਸਮੇਂ ਤਕ ਰਹਿ ਸਕਦਾ ਹੈ। ਕਿਹਾ ਗਿਆ ਹੈ ਕਿ ਮਿਸਰ ਦੇ ਫ਼ਿਰਾਊਨਾਂ ਦੀਆਂ ਲਗਭਗ 3,000 ਸਾਲ ਪੁਰਾਣੀਆਂ ਕਬਰਾਂ ਵਿੱਚੋਂ ਜੋ ਸ਼ਹਿਦ ਮਿਲਿਆ ਹੈ, ਉਹ ਅੱਜ ਵੀ ਖਾਣ ਦੇ ਯੋਗ ਹੈ।
ਸ਼ਹਿਦ ਥੈਲੀ ਵਿਚ ਰੱਖ ਕੇ ਛੱਤੇ ਵਿਚ ਲੈ ਆਉਂਦੀਆਂ ਹਨ। ਫਿਰ ਉਹ ਇਹ ਰਸ ਦੂਸਰੀਆਂ ਮਧੂ-ਮੱਖੀਆਂ ਨੂੰ ਦੇ ਦਿੰਦੀਆਂ ਹਨ ਜੋ ਇਸ ਨੂੰ ਤਕਰੀਬਨ ਅੱਧੇ ਘੰਟੇ ਤਕ “ਚਬਾਉਂਦੀਆਂ” ਹਨ। ਮਧੂ-ਮੱਖੀ ਦੇ ਮੂੰਹ ਦੀਆਂ ਗ੍ਰੰਥੀਆਂ ਵਿਚ ਐਨਜ਼ਾਈਮ (ਰਸਾਇਣਕ ਖ਼ਮੀਰ) ਹੁੰਦੇ ਹਨ ਜੋ ਕਿ ਚਬਾਉਂਦੇ ਵੇਲੇ ਰਸ ਵਿਚ ਮਿਲ ਜਾਂਦੇ ਹਨ। ਫਿਰ ਉਹ ਇਸ ਨੂੰ ਛੱਤੇ ਦੇ ਛੇਕੋਣੇ ਆਕਾਰ ਦੇ ਖਾਨਿਆਂ ਵਿਚ ਰੱਖ ਦਿੰਦੀਆਂ ਹਨ ਅਤੇ ਆਪਣੇ ਪਰਾਂ ਨਾਲ ਹਵਾ ਝੱਲ ਕੇ ਇਸ ਨੂੰ ਸੁਕਾਉਂਦੀਆਂ ਹਨ।ਸ਼ਹਿਦ ਨਾਲ ਇਲਾਜ
ਸ਼ਹਿਦ ਕਈ ਕਿਸਮਾਂ ਦੇ ਵਿਟਾਮਿਨ ਬੀ, ਖਣਿਜ ਪਦਾਰਥਾਂ ਅਤੇ ਐਂਟੀਆਕਸੀਡੈਂਟਾਂ ਨਾਲ ਭਰਪੂਰ ਹੁੰਦਾ ਹੈ। * ਪਰ ਖਾਣ ਦੇ ਨਾਲ-ਨਾਲ ਸਦੀਆਂ ਤੋਂ ਇਲਾਜ ਵਿਚ ਵੀ ਇਸ ਦੀ ਵਰਤੋਂ ਹੁੰਦੀ ਰਹੀ ਹੈ। ਅਮਰੀਕਾ ਵਿਚ ਇਲੀਨਾਇ ਯੂਨੀਵਰਸਿਟੀ ਵਿਚ ਕੀਟ-ਵਿਗਿਆਨੀ ਡਾਕਟਰ ਮੇ ਬਰਨਬਾਉਮ ਕਹਿੰਦੀ ਹੈ: “ਸਦੀਆਂ ਤੋਂ ਸੱਟਾਂ, ਜਲੇ ਦੇ ਜ਼ਖ਼ਮਾਂ, ਮੋਤੀਆਬਿੰਦ, ਫੋੜਿਆਂ, ਰਗੜਾਂ ਤੇ ਹੋਰ ਬੀਮਾਰੀਆਂ ਦੇ ਇਲਾਜ ਵਿਚ ਸ਼ਹਿਦ ਨੂੰ ਵਰਤਿਆ ਜਾਂਦਾ ਰਿਹਾ ਹੈ।”
ਸ਼ਹਿਦ ਦੇ ਔਸ਼ਧੀ ਗੁਣਾਂ ਵਿਚ ਵਧਦੀ ਦਿਲਚਸਪੀ ਉੱਤੇ ਟਿੱਪਣੀ ਕਰਦੇ ਹੋਏ ਸੀ. ਐੱਨ. ਐੱਨ. ਨਿਊਜ਼ ਚੈਨਲ ਨੇ ਕਿਹਾ: “ਦੂਸਰੇ ਵਿਸ਼ਵ ਯੁੱਧ ਦੌਰਾਨ ਰੋਗਾਣੂਨਾਸ਼ਕ ਦਵਾਈਆਂ ਦੀ ਖੋਜ ਹੋਣ ਨਾਲ ਜ਼ਖ਼ਮਾਂ ਤੇ ਪੱਟੀਆਂ ਕਰਨ ਲਈ ਸ਼ਹਿਦ ਦੀ ਵਰਤੋਂ ਘੱਟ ਗਈ। ਪਰ ਜਦੋਂ ਕਈ ਰੋਗਾਣੂਆਂ ਉੱਤੇ ਇਨ੍ਹਾਂ ਰੋਗਾਣੂਨਾਸ਼ਕ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਗਿਆ, ਤਾਂ ਹੁਣ ਸ਼ਹਿਦ ਨੂੰ ਦੁਬਾਰਾ ਇਸ ਕੰਮ ਲਈ ਵਰਤਿਆ ਜਾਣ ਲੱਗਾ ਹੈ। ਨਵੀਆਂ ਖੋਜਾਂ ਨੇ ਵੀ ਸ਼ਹਿਦ ਦੇ ਔਸ਼ਧੀ ਗੁਣਾਂ ਦੀ ਪੁਸ਼ਟੀ ਕੀਤੀ ਹੈ।” ਉਦਾਹਰਣ ਲਈ, ਜਲੇ ਦੇ ਜ਼ਖ਼ਮਾਂ ਦੇ ਇਲਾਜ ਵਿਚ ਸ਼ਹਿਦ ਨੂੰ ਵਰਤਿਆ ਜਾ ਰਿਹਾ ਹੈ। ਇਹ ਦੇਖਿਆ ਗਿਆ ਕਿ ਜਦੋਂ ਸ਼ਹਿਦ ਦੀਆਂ ਪੱਟੀਆਂ ਕੀਤੀਆਂ ਗਈਆਂ, ਤਾਂ ਮਰੀਜ਼ ਜਲਦੀ ਠੀਕ ਹੋ ਗਏ, ਉਨ੍ਹਾਂ ਨੂੰ ਦਰਦ ਵੀ ਘੱਟ ਹੋਇਆ ਤੇ ਜਲੇ ਦੇ ਦਾਗ਼ ਵੀ ਘੱਟ ਪਏ।
ਵਿਗਿਆਨੀਆਂ ਨੇ ਦੇਖਿਆ ਹੈ ਕਿ ਮਧੂ-ਮੱਖੀਆਂ ਫੁੱਲਾਂ ਦੇ ਰਸ ਵਿਚ ਇਕ ਐਨਜ਼ਾਈਮ ਮਿਲਾਉਂਦੀਆਂ ਹਨ ਜਿਸ ਕਰਕੇ ਸ਼ਹਿਦ ਵਿਚ ਰੋਗਾਣੂਆਂ ਨਾਲ ਲੜਨ ਦੀ ਥੋੜ੍ਹੀ-ਬਹੁਤ ਸ਼ਕਤੀ ਹੁੰਦੀ ਹੈ। ਇਹ ਐਨਜ਼ਾਈਮ ਹਾਈਡ੍ਰੋਜਨ ਪਰਆਕਸਾਈਡ ਬਣਾਉਂਦਾ ਹੈ ਜੋ ਕਿ ਹਾਨੀਕਾਰਕ ਰੋਗਾਣੂਆਂ ਨੂੰ ਮਾਰਦਾ ਹੈ। * ਇਸ ਤੋਂ ਇਲਾਵਾ ਸੱਟ ਉੱਤੇ ਸ਼ਹਿਦ ਲਾਉਣ ਨਾਲ ਸੋਜ ਘੱਟਦੀ ਹੈ ਅਤੇ ਤੰਦਰੁਸਤ ਟਿਸ਼ੂ ਬਣਦੇ ਹਨ। ਇਸ ਲਈ ਨਿਊਜ਼ੀਲੈਂਡ ਦੇ ਬਾਇਓਕੈਮਿਸਟ ਡਾਕਟਰ ਪੀਟਰ ਮੋਲਨ ਨੇ ਕਿਹਾ: “ਡਾਕਟਰ ਅੱਜ-ਕੱਲ੍ਹ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਲਈ ਸ਼ਹਿਦ ਦੀ ਜ਼ਿਆਦਾ ਵਰਤੋਂ ਕਰਨ ਲੱਗ ਪਏ ਹਨ।” ਅਸਲ ਵਿਚ ਆਸਟ੍ਰੇਲੀਅਨ ਥੈਰਾਪਿਊਟਿਕ ਗੁਡਜ਼ ਐਡਮਨਿਸਟ੍ਰੇਸ਼ਨ ਨੇ ਸ਼ਹਿਦ ਨੂੰ ਦਵਾਈ ਦੇ ਤੌਰ ਤੇ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਆਸਟ੍ਰੇਲੀਆ ਵਿਚ ਜ਼ਖ਼ਮਾਂ ਤੇ ਪੱਟੀ ਕਰਨ ਲਈ ਔਸ਼ਧੀ ਗੁਣਾਂ ਵਾਲਾ ਸ਼ਹਿਦ ਬਾਜ਼ਾਰ ਵਿਚ ਵੇਚਿਆ ਜਾ ਰਿਹਾ ਹੈ।
ਤੁਸੀਂ ਹੋਰ ਕਿੰਨੀਆਂ ਕੁ ਖਾਣ ਵਾਲੀਆਂ ਚੀਜ਼ਾਂ ਜਾਣਦੇ ਹੋ ਜੋ ਪੌਸ਼ਟਿਕ ਤੇ ਸੁਆਦੀ ਹੋਣ ਦੇ ਨਾਲ-ਨਾਲ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹਨ? ਇਸੇ ਕਰਕੇ ਪੁਰਾਣੇ ਜ਼ਮਾਨੇ ਵਿਚ ਮਧੂ-ਮੱਖੀਆਂ ਅਤੇ ਇਨ੍ਹਾਂ ਨੂੰ ਪਾਲਣ ਵਾਲਿਆਂ ਦੀ ਸੁਰੱਖਿਆ ਲਈ ਖ਼ਾਸ ਕਾਨੂੰਨ ਬਣਾਏ ਗਏ ਸਨ। ਜਿਸ ਦਰਖ਼ਤ ਤੇ ਛੱਤਾ ਲੱਗਾ ਹੁੰਦਾ ਸੀ, ਉਸ ਨੂੰ ਜਾਂ ਛੱਤੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਭਾਰੀ ਜੁਰਮਾਨਾ ਹੋ ਸਕਦਾ ਸੀ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਸੀ। ਜੀ ਹਾਂ, ਸ਼ਹਿਦ ਸੱਚ-ਮੁੱਚ ਮਧੂ-ਮੱਖੀ ਦਾ ਇਨਸਾਨ ਨੂੰ ਬੇਸ਼ਕੀਮਤੀ ਨਜ਼ਰਾਨਾ ਹੈ। ਇਸ ਦਾ ਸਿਹਰਾ ਸਿਰਜਣਹਾਰ ਨੂੰ ਜਾਂਦਾ ਹੈ। (g05 8/8)
[ਫੁਟਨੋਟ]
^ ਪੈਰਾ 5 ਜਿਸ ਮੋਮ ਨਾਲ ਮਧੂ-ਮੱਖੀਆਂ ਆਪਣਾ ਛੱਤਾ ਬਣਾਉਂਦੀਆਂ ਹਨ, ਉਹ ਮੋਮ ਮਧੂ-ਮੱਖੀ ਦੇ ਸਰੀਰ ਦੀਆਂ ਖ਼ਾਸ ਗ੍ਰੰਥੀਆਂ ਵਿਚ ਬਣਦਾ ਹੈ। ਖਾਨੇ ਦੀਆਂ ਕੰਧਾਂ ਦੀ ਮੋਟਾਈ ਬਹੁਤ ਘੱਟ ਹੁੰਦੀ ਹੈ, ਤਕਰੀਬਨ ਇਕ ਇੰਚ ਦਾ ਅੱਸੀਵਾਂ ਹਿੱਸਾ। ਖਾਨੇ ਦੇ ਛੇਕੋਣੇ ਆਕਾਰ ਕਰਕੇ ਇਹ ਆਪਣੇ ਭਾਰ ਨਾਲੋਂ 30 ਗੁਣਾਂ ਜ਼ਿਆਦਾ ਭਾਰ ਸਹਾਰ ਸਕਦਾ ਹੈ। ਸੱਚ-ਮੁੱਚ ਇਹ ਇੰਜੀਨੀਅਰੀ ਦਾ ਬੇਮਿਸਾਲ ਨਮੂਨਾ ਹੈ।
^ ਪੈਰਾ 7 ਨਿਆਣਿਆਂ ਨੂੰ ਸ਼ਹਿਦ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ ਨੂੰ ਸ਼ਹਿਦ ਨਾਲ ਇੰਨਫੈਂਟ ਬਾਟੁਲਿਜ਼ਮ ਨਾਂ ਦਾ ਰੋਗ ਹੋਣ ਦਾ ਖ਼ਤਰਾ ਹੁੰਦਾ ਹੈ।
^ ਪੈਰਾ 9 ਸ਼ਹਿਦ ਨੂੰ ਗਰਮ ਕਰਨ ਤੇ ਅਤੇ ਰੌਸ਼ਨੀ ਲੱਗਣ ਤੇ ਇਹ ਐਨਜ਼ਾਈਮ ਨਸ਼ਟ ਹੋ ਜਾਂਦਾ ਹੈ, ਇਸ ਲਈ ਬਿਨਾਂ ਨਿਰਜੀਵੀਕਰਣ (unpasteurized) ਕੀਤਾ ਸ਼ਹਿਦ ਹੀ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ।
[ਡੱਬੀ/ਸਫ਼ੇ 22 ਉੱਤੇ ਤਸਵੀਰ]
ਖਾਣੇ ਵਿਚ ਸ਼ਹਿਦ ਦੀ ਵਰਤੋਂ
ਸ਼ਹਿਦ ਖੰਡ ਨਾਲੋਂ ਮਿੱਠਾ ਹੁੰਦਾ ਹੈ। ਇਸ ਲਈ, ਕੁਝ ਬਣਾਉਂਦੇ ਵੇਲੇ ਜੇ ਤੁਸੀਂ ਸ਼ਹਿਦ ਵਰਤੋਗੇ, ਤਾਂ ਖੰਡ ਨਾਲੋਂ ਅੱਧੀ ਮਾਤਰਾ ਵਿਚ ਸ਼ਹਿਦ ਵਰਤੋ। ਸ਼ਹਿਦ ਵਿਚ ਤਕਰੀਬਨ 18 ਪ੍ਰਤਿਸ਼ਤ ਪਾਣੀ ਹੋਣ ਕਰਕੇ ਤੁਸੀਂ ਹੋਰ ਤਰਲ ਪਦਾਰਥਾਂ ਦੀ ਮਾਤਰਾ ਘਟਾ ਸਕਦੇ ਹੋ। ਜੇ ਤੁਸੀਂ ਕੋਈ ਤਰਲ ਪਦਾਰਥ ਨਹੀਂ ਵਰਤ ਰਹੇ, ਤਾਂ ਇਕ ਕੱਪ ਸ਼ਹਿਦ ਵਿਚ ਮੈਦੇ ਦੇ ਦੋ ਵੱਡੇ ਚਮਚੇ ਪਾਓ। ਭੁੰਨਣ ਵਾਲੀਆਂ ਚੀਜ਼ਾਂ ਵਿਚ ਇਕ ਕੱਪ ਸ਼ਹਿਦ ਦੇ ਹਿਸਾਬ ਨਾਲ ਅੱਧਾ ਛੋਟਾ ਚਮਚਾ ਮਿੱਠਾ ਸੋਡਾ ਪਾਓ ਤੇ ਓਵਨ ਦਾ ਤਾਪਮਾਨ 15 ਡਿਗਰੀ ਸੈਲਸੀਅਸ ਘਟਾ ਦਿਓ।
[ਕ੍ਰੈਡਿਟ ਲਾਈਨ]
National Honey Board
[ਸਫ਼ੇ 22 ਉੱਤੇ ਤਸਵੀਰ]
ਫੁੱਲਾਂ ਦਾ ਰਸ ਚੂਸ ਰਹੀ ਮਧੂ-ਮੱਖੀ
[ਸਫ਼ੇ 22, 23 ਉੱਤੇ ਤਸਵੀਰ]
ਛੱਤਾ
[ਸਫ਼ੇ 23 ਉੱਤੇ ਤਸਵੀਰ]
ਮਧੂ-ਮੱਖੀਆਂ ਦਾ ਮਖ਼ੀਰ
[ਸਫ਼ੇ 23 ਉੱਤੇ ਤਸਵੀਰ]
ਮਧੂ-ਮੱਖੀਆਂ ਪਾਲਣ ਵਾਲਾ ਵਿਅਕਤੀ ਫਰੇਮ ਦਾ ਮੁਆਇਨਾ ਕਰਦਾ ਹੋਇਆ