ਸਾਰਿਆਂ ਕੋਲ ਚੰਗੇ ਘਰ ਹੋਣਗੇ!
ਸਾਰਿਆਂ ਕੋਲ ਚੰਗੇ ਘਰ ਹੋਣਗੇ!
ਕੀਨੀਆ ਦੇ ਨੈਰੋਬੀ ਸ਼ਹਿਰ ਦੇ ਠੀਕ ਬਾਹਰ 140 ਕਿੱਲੇ ਜ਼ਮੀਨ ਉੱਪਰ ਸੰਯੁਕਤ ਰਾਸ਼ਟਰ-ਸੰਘ ਦੀਆਂ ਕਈ ਖੂਬਸੂਰਤ ਇਮਾਰਤਾਂ ਹਨ। ਇਸ ਜਗ੍ਹਾ ਨੂੰ ਗੀਗੀਰੀ ਕੰਪਲੈਕਸ ਕਿਹਾ ਜਾਂਦਾ ਹੈ। ਇੱਥੇ ਹੀ ਯੂ. ਐੱਨ. ਦੇ ਰਿਹਾਇਸ਼ ਪ੍ਰੋਗ੍ਰਾਮ ਦਾ ਹੈੱਡ-ਕੁਆਰਟਰ (UN-HABITAT) ਸਥਾਪਿਤ ਹੈ। ਇਹ ਜਗ੍ਹਾ ਦੁਨੀਆਂ ਦੇ ਇਸ ਵਾਅਦੇ ਦੀ ਨਿਸ਼ਾਨੀ ਹੈ ਕਿ ਰਿਹਾਇਸ਼ ਦੀਆਂ ਮੁਸ਼ਕਲਾਂ ਨੂੰ ਜ਼ਰੂਰ ਹੱਲ ਕੀਤਾ ਜਾਵੇਗਾ। ਇਹ ਜ਼ਮੀਨ ਪਹਿਲਾਂ ਵਿਰਾਨ ਹੁੰਦੀ ਸੀ ਜਿੱਥੇ ਕੂੜਾ-ਕਰਕਟ ਸੁੱਟਿਆ ਜਾਂਦਾ ਸੀ। ਪਰ ਅੱਜ ਜੇ ਤੁਸੀਂ ਇਸ ਕੰਪਲੈਕਸ ਦੇ ਆਲੇ-ਦੁਆਲੇ ਟਹਿਲਣ ਲਈ ਨਿਕਲੋ, ਤਾਂ ਤੁਹਾਨੂੰ ਦਿਲਕਸ਼ ਕੁਦਰਤੀ ਨਜ਼ਾਰੇ ਦੇਖਣ ਨੂੰ
ਮਿਲਣਗੇ। ਇਹ ਇਨ੍ਹਾਂ ਇਮਾਰਤਾਂ ਵਿਚ ਕੰਮ ਕਰ ਰਹੇ ਸਟਾਫ਼ ਅਤੇ ਆਉਣ ਵਾਲੇ ਮਹਿਮਾਨਾਂ ਨੂੰ ਤਰੋਤਾਜ਼ਾ ਕਰ ਦਿੰਦੇ ਹਨ। ਇਹ ਇਸ ਗੱਲ ਦਾ ਜ਼ਬਰਦਸਤ ਸਬੂਤ ਹੈ ਕਿ ਮਿਲ ਕੇ ਜਤਨ ਕਰਨ ਅਤੇ ਢੇਰ ਸਾਰਾ ਪੈਸਾ ਹੋਣ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ।ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਕੁਝ ਹੀ ਕਿਲੋਮੀਟਰਾਂ ਦੀ ਦੂਰੀ ਤੇ ਝੌਂਪੜ-ਪੱਟੀਆਂ ਦੀ ਗਿਣਤੀ ਸਹਿਜੇ-ਸਹਿਜੇ ਵਧਦੀ ਜਾ ਰਹੀ ਹੈ। ਇਸ ਤਰਸਯੋਗ ਹਾਲਤ ਤੋਂ ਜ਼ਾਹਰ ਹੁੰਦਾ ਹੈ ਕਿ ਚੰਗੇ ਘਰਾਂ ਦੀ ਘਾਟ ਨੂੰ ਪੂਰਾ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇਹ ਝੌਂਪੜ-ਪੱਟੀਆਂ 16 ਵਰਗ ਮੀਟਰ ਦੀ ਜਗ੍ਹਾ ਤੇ ਗਾਰੇ, ਸੋਟੀਆਂ ਅਤੇ ਟੀਨ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ ਦੇ ਵਿਚਕਾਰੋਂ ਦੀ ਲੰਘਦੇ ਨਾਲ਼ੇ ਵਿੱਚੋਂ ਗੰਦੀ ਬਦਬੂ ਆਉਂਦੀ ਹੈ। ਇੱਥੇ ਦੇ ਵਸਨੀਕ ਅਮਰੀਕਾ ਦੇ ਆਮ ਵਸਨੀਕਾਂ ਨਾਲੋਂ ਪਾਣੀ ਦਾ 5 ਗੁਣਾ ਜ਼ਿਆਦਾ ਬਿਲ ਭਰਦੇ ਹਨ। ਇੱਥੇ ਰਹਿਣ ਵਾਲੇ 40,000 ਲੋਕਾਂ ਦੀ ਉਮਰ ਤਕਰੀਬਨ 20 ਤੋਂ 40 ਸਾਲ ਦੇ ਵਿਚਕਾਰ ਹੈ। ਇਹ ਲੋਕ ਆਲਸੀ ਜਾਂ ਕੰਮ-ਚੋਰ ਨਹੀਂ ਹਨ। ਇਹ ਸਾਰੇ ਇੱਥੇ ਨਾਲ ਲੱਗਦੇ ਸ਼ਹਿਰ ਨੈਰੋਬੀ ਵਿਚ ਨੌਕਰੀ ਦੀ ਤਲਾਸ਼ ਲਈ ਆਏ ਸਨ।
ਕਿੰਨੀ ਅਜੀਬ ਗੱਲ ਹੈ ਕਿ ਦੁਨੀਆਂ ਦੇ ਆਗੂ ਇੱਥੇ ਸੋਹਣੀ, ਸਾਫ਼ ਅਤੇ ਆਰਾਮਦੇਹ ਗੀਗੀਰੀ ਇਮਾਰਤ ਵਿਚ ਬੈਠ ਕੇ ਨਾਲ ਲੱਗਦੀਆਂ ਝੌਂਪੜ-ਪੱਟੀਆਂ ਵਿਚ ਰਹਿ ਰਹੇ ਆਦਮੀਆਂ, ਔਰਤਾਂ ਅਤੇ ਬੱਚਿਆਂ ਵਰਗੇ ਲੋਕਾਂ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ। ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਸ਼੍ਰੀ ਆਨਾਨ ਮੁਤਾਬਕ ਸੱਚੀ ਗੱਲ ਤਾਂ ਇਹ ਹੈ ਕਿ ਝੌਂਪੜ-ਪੱਟੀਆਂ ਵਿਚ ਰਹਿਣ ਵਾਲੇ ਇਨਸਾਨਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰਨ ਲਈ “ਦੁਨੀਆਂ ਕੋਲ ਸਾਧਨ ਅਤੇ ਸ਼ਕਤੀ” ਹੈ। ਤਾਂ ਫਿਰ ਕੀ ਕਰਨ ਦੀ ਜ਼ਰੂਰਤ ਹੈ? ਸ਼੍ਰੀ ਆਨਾਨ ਨੇ ਆਖ਼ਰ ਵਿਚ ਕਿਹਾ ਕਿ “ਮੈਨੂੰ ਆਸ ਹੈ ਕਿ . . ਜੇ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਜੁਟੇ ਹੋਏ ਸਾਰੇ ਲੋਕ ਪੂਰੇ ਦਿਲੋਂ ਕੋਸ਼ਿਸ਼ ਕਰਨ ਅਤੇ ਸਰਕਾਰਾਂ ਆਪਣੇ ਇਰਾਦੇ ਨੂੰ ਮਜ਼ਬੂਤ ਕਰਨ, ਤਾਂ ਗ਼ਰੀਬਾਂ ਦੀ ਹਾਲਤ ਸੁਧਾਰੀ ਜਾ ਸਕਦੀ ਹੈ।”
ਇਹ ਆਸ ਕਿੰਨੀ ਕੁ ਭਰੋਸੇਯੋਗ ਹੈ? ਕੀ ਕਦੇ ਸਾਰੇ ਸਿਆਸੀ ਆਗੂ ਆਪਣੇ ਫ਼ਾਇਦਿਆਂ ਬਾਰੇ ਸੋਚਣ ਦੀ ਬਜਾਇ ਦੁਨੀਆਂ ਦੀ ਭਲਾਈ ਬਾਰੇ ਕੁਝ ਸੋਚਣਗੇ? ਕੀ ਕੋਈ ਹੈ ਜੋ ਚੰਗੇ ਘਰਾਂ ਦੀ ਥੁੜ੍ਹ ਨੂੰ ਪੂਰਾ ਕਰ ਸਕਦਾ ਹੈ? ਹਾਂ, ਇਕ ਅਜਿਹੀ ਹਸਤੀ ਹੈ ਜਿਸ ਕੋਲ ਲੋਕਾਂ ਨੂੰ ਇਸ ਸੰਕਟ ਤੋਂ ਛੁਟਕਾਰਾ ਦਿਵਾਉਣ ਲਈ ਸਾਧਨ, ਸ਼ਕਤੀ ਅਤੇ ਯੋਗਤਾ ਹੈ। ਇਸ ਤੋਂ ਵੀ ਵੱਧ, ਉਸ ਨੂੰ ਲੋਕਾਂ ਨਾਲ ਹਮਦਰਦੀ ਹੈ ਅਤੇ ਉਹ ਲੋਕਾਂ ਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਅਸਲ ਵਿਚ ਉਸ ਦੀ ਸਰਕਾਰ ਨੇ ਇਸ ਤਰ੍ਹਾਂ ਦਾ ਪ੍ਰੋਗ੍ਰਾਮ ਬਣਾਇਆ ਹੈ ਜਿਸ ਜ਼ਰੀਏ ਦੁਨੀਆਂ ਵਿੱਚੋਂ ਰਿਹਾਇਸ਼ ਦੀ ਸਮੱਸਿਆ ਨੂੰ ਹਮੇਸ਼ਾ ਲਈ ਹੱਲ ਕੀਤਾ ਜਾਵੇਗਾ।
ਇਕ ਨਵਾਂ ਰਿਹਾਇਸ਼ ਪ੍ਰੋਗ੍ਰਾਮ
ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨੇ ਆਪਣੇ ਮਕਸਦ ਨੂੰ ਬਾਈਬਲ ਵਿਚ ਜ਼ਾਹਰ ਕੀਤਾ ਹੈ। ਉਹ ਵਾਅਦਾ ਕਰਦਾ ਹੈ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ।” (ਯਸਾਯਾਹ 65:17) ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਭਵਿੱਖ ਵਿਚ ਬਹੁਤ ਵੱਡੀਆਂ ਤਬਦੀਲੀਆਂ ਆਉਣਗੀਆਂ। “ਅਕਾਸ਼” ਯਾਨੀ ਪਰਮੇਸ਼ੁਰ ਦੀ ਨਵੀਂ ਸਰਕਾਰ ਉਹ ਸਭ ਕੁਝ ਕਰ ਦਿਖਾਵੇਗੀ ਜੋ ਇਨਸਾਨਾਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ। ਪਰਮੇਸ਼ੁਰ ਇਹ ਗਾਰੰਟੀ ਦਿੰਦਾ ਹੈ ਕਿ ਇਸ ਨਵੀਂ ਧਰਤੀ ਤੇ ਜੋ ਲੋਕ ਰਹਿਣਗੇ ਉਹ ਚੰਗੀ ਸਿਹਤ ਦਾ ਲੁਤਫ਼ ਉਠਾਉਣਗੇ, ਸੁਰੱਖਿਅਤ ਹੋਣਗੇ ਅਤੇ ਇੱਜ਼ਤ ਦੀ ਜ਼ਿੰਦਗੀ ਜੀਣਗੇ। ਬਹੁਤ ਚਿਰ ਪਹਿਲਾਂ ਯਸਾਯਾਹ ਨਬੀ ਨੂੰ ਦੱਸਿਆ ਗਿਆ ਸੀ ਕਿ ਜੋ ਲੋਕ ਇਸ ਨਵੀਂ ਧਰਤੀ ਉੱਤੇ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ “ਆਖਰੀ ਦਿਨਾਂ ਦੇ ਵਿੱਚ” ਇਕੱਠਾ ਕੀਤਾ ਜਾਵੇਗਾ। (ਯਸਾਯਾਹ 2:1-4) ਇਸ ਦਾ ਮਤਲਬ ਹੈ ਕਿ ਇਹ ਤਬਦੀਲੀਆਂ ਬਹੁਤ ਹੀ ਜਲਦ ਹੋਣ ਵਾਲੀਆਂ ਹਨ।—ਮੱਤੀ 24:3-14; 2 ਤਿਮੋਥਿਉਸ 3:1-5.
ਪਰਮੇਸ਼ੁਰ ਦੇ ਜੋ ਸ਼ਬਦ ਯਸਾਯਾਹ ਦੀ ਕਿਤਾਬ ਦੇ 65ਵੇਂ ਅਧਿਆਇ ਵਿਚ ਦਰਜ ਹਨ, ਉਨ੍ਹਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਨਵੀਂ ਧਰਤੀ ਤੇ ਹਰ ਕਿਸੇ ਕੋਲ ਆਪਣਾ ਘਰ ਹੋਵੇਗਾ। ਪਰਮੇਸ਼ੁਰ ਕਹਿੰਦਾ ਹੈ ਕਿ “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, . . . ਓਹ ਨਾ ਬਣਾਉਣਗੇ ਭਈ ਦੂਜਾ ਵੱਸੇ।” (ਯਸਾਯਾਹ 65:21, 22) ਜ਼ਰਾ ਸੋਚੋ, ਨਵੀਂ ਦੁਨੀਆਂ ਵਿਚ ਤੁਹਾਡਾ ਆਪਣਾ ਸੋਹਣਾ ਘਰ ਹੋਵੇਗਾ, ਤੁਸੀਂ ਸਾਫ਼-ਸੁਥਰੇ ਮਾਹੌਲ ਦਾ ਆਨੰਦ ਲਵੋਗੇ ਅਤੇ ਤੁਹਾਨੂੰ ਕਿਸੇ ਦਾ ਡਰ ਨਹੀਂ ਹੋਵੇਗਾ! ਕੌਣ ਨਹੀਂ ਚਾਹੇਗਾ ਇਸ ਤਰ੍ਹਾਂ ਦੇ ਮਾਹੌਲ ਵਿਚ ਜੀਣਾ? ਪਰ ਤੁਸੀਂ ਪਰਮੇਸ਼ੁਰ ਦੇ ਇਸ ਵਾਅਦੇ ਤੇ ਕਿਵੇਂ ਭਰੋਸਾ ਕਰ ਸਕਦੇ ਹੋ?
ਭਰੋਸੇਯੋਗ ਵਾਅਦਾ
ਜਦੋਂ ਪਰਮੇਸ਼ੁਰ ਨੇ ਪਹਿਲੇ ਜੋੜੇ ਆਦਮ ਅਤੇ ਹੱਵਾਹ ਨੂੰ ਬਣਾਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਸੇ ਵਿਰਾਨ ਜਗ੍ਹਾ ਤੇ ਜੀਣ ਲਈ ਨਹੀਂ ਛੱਡਿਆ ਸੀ। ਉਸ ਨੇ ਉਨ੍ਹਾਂ ਨੂੰ ਅਦਨ ਦੇ ਸੋਹਣੇ ਬਾਗ਼ ਵਿਚ ਰੱਖਿਆ ਸੀ ਜਿੱਥੇ ਦੀ ਹਵਾ ਤੇ ਪਾਣੀ ਸਾਫ਼ ਸੀ ਅਤੇ ਖਾਣ ਲਈ ਭਾਂਤ-ਭਾਂਤ ਦੀਆਂ ਚੀਜ਼ਾਂ ਸਨ। (ਉਤਪਤ 2:8-15) ਆਦਮ ਨੂੰ ਕਿਹਾ ਗਿਆ ਸੀ ਕਿ ਉਹ ‘ਧਰਤੀ ਨੂੰ ਭਰ ਦੇਵੇ’ ਨਾ ਕਿ ਧਰਤੀ ਉੱਤੇ ਭੀੜ-ਭੜੱਕਾ ਪਾ ਦੇਵੇ। (ਉਤਪਤ 1:28) ਸ਼ੁਰੂ ਤੋਂ ਹੀ ਪਰਮੇਸ਼ੁਰ ਦਾ ਇਹ ਮਕਸਦ ਸੀ ਕਿ ਹਰ ਕੋਈ ਖ਼ੁਸ਼ੀ ਨਾਲ ਰਹੇ ਅਤੇ ਹਰ ਚੰਗੀ ਚੀਜ਼ ਦਾ ਆਨੰਦ ਮਾਣੇ।
ਬਾਅਦ ਵਿਚ, ਨੂਹ ਦੇ ਦਿਨਾਂ ਵਿਚ ਧਰਤੀ ਦੇ ਹਰ ਕੋਨੇ ਵਿਚ ਹਿੰਸਾ ਅਤੇ ਬਦਚਲਣੀ ਫੈਲ ਗਈ ਜਿਸ ਕਰਕੇ “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ।” (ਉਤਪਤ 6:11, 12) ਕੀ ਇਹ ਸਭ ਕੁਝ ਦੇਖ ਕੇ ਪਰਮੇਸ਼ੁਰ ਨੇ ਅੱਖਾਂ ਮੀਟ ਲਈਆਂ ਸਨ? ਨਹੀਂ। ਉਸ ਨੇ ਫ਼ੌਰਨ ਕਦਮ ਉਠਾਇਆ। ਆਪਣੇ ਨਾਂ ਅਤੇ ਧਰਮੀ ਮਨੁੱਖ ਨੂਹ ਅਤੇ ਉਸ ਦੇ ਪਰਿਵਾਰ ਦੀ ਖ਼ਾਤਰ ਉਸ ਨੇ ਜਲ-ਪਰਲੋ ਰਾਹੀਂ ਧਰਤੀ ਉੱਤੋਂ ਬੁਰਾਈ ਨੂੰ ਖ਼ਤਮ ਕੀਤਾ। ਜਦ ਨੂਹ ਨੇ ਕਿਸ਼ਤੀ ਵਿੱਚੋਂ ਬਾਹਰ ਨਿਕਲ ਕੇ ਆਪਣੇ ਨਵੇਂ ਘਰ ਵਿਚ ਪੈਰ ਰੱਖਿਆ, ਤਾਂ ਪਰਮੇਸ਼ੁਰ ਨੇ ਇਕ ਵਾਰ ਫਿਰ ਕਿਹਾ ਕਿ “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।”—ਉਤਪਤ 9:1.
ਕੁਝ ਸਮੇਂ ਬਾਅਦ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਉਹ ਵਿਰਾਸਤ ਵੀ ਦਿੱਤੀ ਜਿਸ ਦਾ ਵਾਅਦਾ ਉਸ ਨੇ ਉਨ੍ਹਾਂ ਦੇ ਵੱਡ-ਵਡੇਰੇ ਅਬਰਾਹਾਮ ਨਾਲ ਕੀਤਾ ਸੀ। ਵਾਅਦਾ ਕੀਤੇ ਹੋਏ ਉਸ ਦੇਸ਼ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ ਇਕ “ਅੱਛੀ ਅਤੇ ਮੋਕਲੀ ਧਰਤੀ” ਸੀ “ਜਿੱਥੇ ਦੁੱਧ ਅਰ ਸ਼ਹਿਤ ਵੱਗਦਾ” ਸੀ। (ਕੂਚ 3:8) ਪਰ ਇਸਰਾਏਲੀਆਂ ਨੇ ਪਰਮੇਸ਼ੁਰ ਦੇ ਅਸੂਲਾਂ ਦੀ ਉਲੰਘਣਾ ਕੀਤੀ, ਇਸ ਲਈ ਉਨ੍ਹਾਂ ਨੂੰ 40 ਸਾਲ ਬੇਘਰ ਹੋ ਕੇ ਉਜਾੜ ਵਿਚ ਧੱਕੇ ਖਾਣੇ ਪਏ। ਫਿਰ ਵੀ ਆਪਣੇ ਵਾਅਦੇ ਅਨੁਸਾਰ ਯਹੋਵਾਹ ਨੇ ਅਖ਼ੀਰ ਵਿਚ ਉਨ੍ਹਾਂ ਨੂੰ ਰਹਿਣ ਲਈ ਦੇਸ਼ ਦਿੱਤਾ। ਬਾਈਬਲ ਦੱਸਦੀ ਹੈ: “ਯਹੋਵਾਹ ਨੇ ਉਨ੍ਹਾਂ ਨੂੰ ਆਲਿਓਂ ਦੁਆਲਿਓਂ ਸੁਖ ਦਿੱਤਾ . . . ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।”—ਯਹੋਸ਼ੁਆ 21:43-45.
ਆਪੋ-ਆਪਣਾ ਘਰ
ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੋ ਸ਼ਬਦ ਯਹੋਵਾਹ ਨੇ ਯਸਾਯਾਹ ਦੇ 65ਵੇਂ ਅਧਿਆਇ ਵਿਚ ਲਿਖਵਾਏ ਹਨ, ਉਹ ਫੋਕੇ ਵਾਅਦੇ ਨਹੀਂ ਹਨ। ਸਾਰੇ ਜਹਾਨ ਦੇ ਮਾਲਕ ਕੋਲ ਇਸ ਧਰਤੀ ਨੂੰ ਸਾਫ਼ ਕਰਨ ਅਤੇ ਆਪਣੇ ਮੁਢਲੇ ਮਕਸਦ ਨੂੰ ਸਿਰੇ ਚਾੜ੍ਹਨ ਦੀ ਤਾਕਤ ਹੈ। (ਯਸਾਯਾਹ 40:26, 28; 55:10, 11) ਬਾਈਬਲ ਸਾਨੂੰ ਗਾਰੰਟੀ ਦਿੰਦੀ ਹੈ ਕਿ ਉਹ ਇਸ ਤਰ੍ਹਾਂ ਕਰਨਾ ਵੀ ਚਾਹੁੰਦਾ ਹੈ। (ਜ਼ਬੂਰਾਂ ਦੀ ਪੋਥੀ 72:12, 13) ਉਸ ਨੇ ਪਹਿਲੇ ਸਮਿਆਂ ਵਿਚ ਧਰਮੀ ਇਨਸਾਨਾਂ ਨੂੰ ਸਿਰ ਢਕਣ ਲਈ ਛੱਤ ਦਿੱਤੀ ਸੀ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਭਗਤਾਂ ਲਈ ਇਸ ਤਰ੍ਹਾਂ ਕਰੇਗਾ।
ਜਦ ਯਹੋਵਾਹ ਦਾ ਪੁੱਤਰ ਯਿਸੂ ਮਸੀਹ ਧਰਤੀ ਤੇ ਆਇਆ ਸੀ, ਉਸ ਨੇ ਆਪਣੇ ਸੇਵਕਾਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ: ‘ਪਰਮੇਸ਼ੁਰ ਦੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।’ (ਮੱਤੀ 6:10) ਯਿਸੂ ਨੇ ਸਿਖਾਇਆ ਕਿ ਧਰਤੀ ਨੂੰ ਇਕ ਸੁੰਦਰ ਬਾਗ਼ ਵਾਂਗ ਬਣਾ ਦਿੱਤਾ ਜਾਵੇਗਾ। ਜ਼ਰਾ ਸੋਚੋ, ਕਿਸੇ ਨੂੰ ਵੀ ਗੰਦੀਆਂ ਬਸਤੀਆਂ, ਝੌਂਪੜ-ਪੱਟੀਆਂ ਅਤੇ ਗਲੀਆਂ ਵਿਚ ਸੌਣਾ ਨਹੀਂ ਪਵੇਗਾ। ਨਾ ਹੀ ਕਿਸੇ ਨੂੰ ਉਸ ਦੇ ਖ਼ੁਦ ਦੇ ਘਰੋਂ ਧੱਕੇ ਮਾਰ ਕੇ ਕੱਢਿਆ ਜਾਵੇਗਾ। ਵਾਕਈ, ਉਹ ਬਹੁਤ ਹੀ ਵਧੀਆ ਸਮਾਂ ਹੋਵੇਗਾ! ਪਰਮੇਸ਼ੁਰ ਦੇ ਰਾਜ ਅਧੀਨ ਸਾਰੇ ਲੋਕਾਂ ਕੋਲ ਆਪਣਾ-ਆਪਣਾ ਘਰ ਹੋਵੇਗਾ ਜਿੱਥੇ ਉਹ ਹਮੇਸ਼ਾ-ਹਮੇਸ਼ਾ ਲਈ ਰਹਿ ਸਕਣਗੇ! (g05 9/22)
[ਸਫ਼ੇ 10 ਉੱਤੇ ਡੱਬੀ/ਤਸਵੀਰ]
ਪ੍ਰਾਚੀਨ ਇਸਰਾਏਲੀ ਘਰ
ਕਨਾਨੀਆਂ ਵਾਂਗ ਇਸਰਾਏਲੀ ਵੀ ਪੱਥਰਾਂ ਦੇ ਬਣੇ ਘਰ ਪਸੰਦ ਕਰਦੇ ਸਨ ਕਿਉਂਕਿ ਇਕ ਤਾਂ ਇਹ ਘਰ ਮਜ਼ਬੂਤ ਹੁੰਦੇ ਸਨ, ਦੂਜੇ ਪਾਸੇ ਚੋਰਾਂ ਲਈ ਘਰ ਅੰਦਰ ਵੜਨਾ ਕੋਈ ਆਸਾਨ ਗੱਲ ਨਹੀਂ ਸੀ। (ਯਸਾਯਾਹ 9:10; ਆਮੋਸ 5:11) ਪਰ ਨੀਵੀਆਂ ਥਾਵਾਂ ਤੇ ਛੱਤੇ ਮਕਾਨਾਂ ਦੀਆਂ ਕੰਧਾਂ ਧੁੱਪ ਵਿਚ ਸੁਕਾਈਆਂ ਜਾਂ ਭੱਠੇ ਵਿਚ ਪਕਾਈਆਂ ਗਾਰੇ ਦੀਆਂ ਇੱਟਾਂ ਨਾਲ ਬਣਾਈਆਂ ਜਾਂਦੀਆਂ ਸਨ। ਆਮ ਤੌਰ ਤੇ ਘਰ ਦੀਆਂ ਛੱਤਾਂ ਚਪਟੀਆਂ ਹੁੰਦੀਆਂ ਸਨ ਜਿਨ੍ਹਾਂ ਉੱਪਰ ਚੁਬਾਰੇ ਪਾਏ ਹੁੰਦੇ ਸਨ। ਅਕਸਰ ਘਰ ਦੇ ਵਿਹੜੇ ਵਿਚ ਚੁੱਲ੍ਹਾ ਹੁੰਦਾ ਸੀ ਅਤੇ ਕਦੀ-ਕਦੀ ਖੂਹ ਜਾਂ ਟੈਂਕੀ ਵੀ ਹੁੰਦੀ ਸੀ।—2 ਸਮੂਏਲ 17:18.
ਮੂਸਾ ਦੀ ਬਿਵਸਥਾ ਵਿਚ ਰਿਹਾਇਸ਼ ਬਾਰੇ ਕਈ ਨਿਯਮ ਸਨ ਜਿਨ੍ਹਾਂ ਵਿੱਚੋਂ ਇਕ ਹੈ ਸੁਰੱਖਿਆ ਬਾਰੇ ਨਿਯਮ। ਇਸ ਨੂੰ ਕਾਫ਼ੀ ਅਹਿਮੀਅਤ ਦਿੱਤੀ ਗਈ ਸੀ। ਬਿਵਸਥਾ ਅਨੁਸਾਰ ਚਪਟੀ ਛੱਤ ਤੇ ਬਨੇਰਾ ਬਣਾਉਣਾ ਜ਼ਰੂਰੀ ਸੀ ਤਾਂਕਿ ਕੋਈ ਛੱਤ ਤੋਂ ਡਿਗ ਨਾ ਪਵੇ। ਮੂਸਾ ਦੀ ਬਿਵਸਥਾ ਦੇ ਦਸਵੇਂ ਹੁਕਮ ਵਿਚ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ ਗੁਆਂਢੀਆਂ ਦੇ ਘਰ ਦਾ ਲਾਲਚ ਨਾ ਕਰਨ। ਇਸ ਦੇ ਨਾਲ-ਨਾਲ, ਜੇ ਕਿਸੇ ਨੂੰ ਆਪਣਾ ਘਰ ਵੇਚਣਾ ਪੈਂਦਾ ਸੀ, ਤਾਂ ਉਹ ਕੁਝ ਸਮੇਂ ਦੇ ਅੰਦਰ-ਅੰਦਰ ਉਸ ਨੂੰ ਵਾਪਸ ਖ਼ਰੀਦ ਸਕਦਾ ਸੀ।—ਕੂਚ 20:17; ਲੇਵੀਆਂ 25:29-33; ਬਿਵਸਥਾ ਸਾਰ 22:8.
ਇਸਰਾਏਲ ਵਿਚ ਘਰ ਰੂਹਾਨੀ ਹਿਦਾਇਤ ਦੇਣ ਲਈ ਵੀ ਵਰਤਿਆ ਜਾਂਦਾ ਸੀ। ਖ਼ਾਸਕਰ ਪਰਮੇਸ਼ੁਰ ਨੇ ਪਿਤਾਵਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਬੈਠ ਕੇ ਪਰਮੇਸ਼ੁਰ ਦੇ ਹੁਕਮਾਂ ਬਾਰੇ ਸਿਖਲਾਈ ਦੇਣ ਅਤੇ ਘਰ ਵਿਚ ਮੂਰਤੀ-ਪੂਜਾ ਨਾਲ ਸੰਬੰਧ ਰੱਖਣ ਵਾਲੀ ਕੋਈ ਵੀ ਚੀਜ਼ ਨਹੀਂ ਪਾਈ ਜਾਣੀ ਚਾਹੀਦੀ ਸੀ।—ਬਿਵਸਥਾ ਸਾਰ 6:6, 7; 7:26.
[ਤਸਵੀਰ]
ਪ੍ਰਾਚੀਨ ਇਸਰਾਏਲ ਵਿਚ ਘਰ ਰੂਹਾਨੀ ਕੰਮਾਂ ਲਈ ਵੀ ਵਰਤੇ ਜਾਂਦੇ ਸਨ, ਜਿਵੇਂ ਕਿ ਡੇਰਿਆਂ ਦਾ ਪਰਬ ਮਨਾਉਣ ਲਈ
[ਸਫ਼ੇ 12 ਉੱਤੇ ਡੱਬੀ/ਤਸਵੀਰ]
ਸਭ ਤੋਂ ਪੁਰਾਣੇ ਘਰ
ਬਾਈਬਲ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਜਿਸ ਤੋਂ ਇਹ ਪਤਾ ਲੱਗੇ ਕਿ ਪਹਿਲਾ ਆਦਮੀ ਆਦਮ ਇਕ ਘਰ ਵਿਚ ਰਹਿੰਦਾ ਸੀ। ਪਰ ਉਤਪਤ 4:17 ਵਿਚ ਲਿਖਿਆ ਹੈ ਕਿ ਉਸ ਦੇ ਪੁੱਤਰ ਕਇਨ ਨੇ “ਇੱਕ ਨਗਰ ਬਣਾਇਆ ਅਰ ਉਸ ਨੇ ਉਸ ਨਗਰ ਦੇ ਨਾਉਂ ਨੂੰ ਆਪਣੇ ਪੁੱਤ੍ਰ ਦੇ ਨਾਉਂ ਉੱਤੇ ਹਨੋਕ ਰੱਖਿਆ।” ਇਸ ਨਗਰ ਦੀ ਤੁਲਨਾ ਅੱਜ ਦੇ ਪਿੰਡਾਂ ਨਾਲ ਕੀਤੀ ਜਾ ਸਕਦੀ ਹੈ। ਇਸ ਹਵਾਲੇ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦੀ ਰਿਹਾਇਸ਼ ਕਿਸ ਤਰ੍ਹਾਂ ਦੀ ਸੀ। ਹੋ ਸਕਦਾ ਹੈ ਕਿ ਨਗਰ ਵਿਚ ਕੇਵਲ ਕਇਨ ਦੇ ਪਰਿਵਾਰ ਦੇ ਜੀਅ ਹੀ ਰਹਿ ਰਹੇ ਹੋਣ।
ਪਹਿਲਿਆਂ ਸਮਿਆਂ ਵਿਚ ਆਮ ਤੌਰ ਤੇ ਲੋਕ ਤੰਬੂਆਂ ਵਿਚ ਰਹਿੰਦੇ ਸਨ। ਕਇਨ ਦੀ ਵੰਸ਼ ਵਿੱਚੋਂ ਯਾਬਲ ਬਾਰੇ ਬਾਈਬਲ ਕਹਿੰਦੀ ਹੈ: “ਉਹ ਉਨ੍ਹਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਰ ਪਸੂ ਪਾਲਦੇ ਸਨ।” (ਉਤਪਤ 4:20) ਤੰਬੂਆਂ ਨੂੰ ਇਕ ਥਾਂ ਤੋਂ ਉਖੇੜ ਕੇ ਦੂਜੇ ਥਾਂ ਆਸਾਨੀ ਨਾਲ ਲਾਇਆ ਜਾ ਸਕਦਾ ਸੀ।
ਸਮੇਂ ਦੇ ਬੀਤਣ ਨਾਲ ਕਈ ਸਭਿਅਤਾਵਾਂ ਦੇ ਲੋਕਾਂ ਨੇ ਅਜਿਹੇ ਨਗਰ ਬਣਾਏ ਜਿਨ੍ਹਾਂ ਵਿਚ ਵੱਡੇ-ਵੱਡੇ ਘਰ ਸਨ। ਮਿਸਾਲ ਲਈ ਊਰ ਸ਼ਹਿਰ, ਜਿੱਥੇ ਕਦੀ ਅਬਰਾਮ (ਅਬਰਾਹਾਮ) ਰਿਹਾ ਕਰਦਾ ਸੀ, ਦੇ ਖੰਡਰਾਂ ਤੋਂ ਪਤਾ ਚੱਲਦਾ ਹੈ ਕਿ ਕਈ ਲੋਕ ਲਿੱਪੇ-ਪੋਚੇ ਅਤੇ ਸਫ਼ੈਦੀ ਕੀਤੇ ਹੋਏ 13 ਜਾਂ 14 ਕਮਰਿਆਂ ਵਾਲੇ ਘਰਾਂ ਵਿਚ ਰਹਿੰਦੇ ਸਨ। ਸ਼ਾਇਦ ਉਸ ਜ਼ਮਾਨੇ ਦੇ ਕਈ ਲੋਕ ਇਸ ਤਰ੍ਹਾਂ ਦੇ ਘਰਾਂ ਵਿਚ ਰਹਿਣਾ ਪਸੰਦ ਕਰਦੇ ਸਨ।
[ਸਫ਼ੇ 8, 9 ਉੱਤੇ ਤਸਵੀਰ]
ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਧਰਮੀ ਲੋਕਾਂ ਦੇ ਆਪਣੇ ਘਰ ਹੋਣਗੇ