Skip to content

Skip to table of contents

ਸੋਨੇ ਦੀ ਕਦੀ ਨਾ ਮੁੱਕਣ ਵਾਲੀ ਖਿੱਚ

ਸੋਨੇ ਦੀ ਕਦੀ ਨਾ ਮੁੱਕਣ ਵਾਲੀ ਖਿੱਚ

ਸੋਨੇ ਦੀ ਕਦੀ ਨਾ ਮੁੱਕਣ ਵਾਲੀ ਖਿੱਚ

ਆਸਟ੍ਰੇਲੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਆਸਟ੍ਰੇਲੀਆ ਦੇ ਬੀਆਬਾਨ ਇਲਾਕੇ ਵਿਚ ਸੋਨੇ ਦੀ ਖੋਜ ਕਰਦਾ ਹੋਇਆ ਇਕ ਆਦਮੀ ਸੁੱਕੀ ਹੋਈ ਨਦੀ ਦੇ ਤਲ ਤੇ ਤੁਰ ਰਿਹਾ ਹੈ। ਸਿਖਰ ਦੁਪਹਿਰੇ ਸੂਰਜ ਉਸ ਦੀ ਢੂਈ ਨੂੰ ਲੂ ਰਿਹਾ ਹੈ। ਉਸ ਦੀ ਗਰਦ ਨਾਲ ਭਰੀ ਕਮੀਜ਼ ਪਸੀਨੇ ਨਾਲ ਗੜੁੱਚ ਹੈ। ਫਿਰ ਵੀ ਹਿੰਮਤ ਕਰਦੇ ਹੋਏ ਉਹ ਹੱਥ ਵਿਚ ਇਕ ਬਹੁਤ ਹੀ ਵਧੀਆ ਮੈਟਲ ਡਿਟੈਕਟਰ ਫੜੀ ਸੋਨੇ ਦੀ ਭਾਲ ਕਰ ਰਿਹਾ ਹੈ। ਉਹ ਮੈਟਲ ਡਿਟੈਕਟਰ ਨੂੰ ਇੱਧਰ-ਉੱਧਰ ਜ਼ਮੀਨ ਉੱਪਰ ਫੇਰਦਾ ਹੈ। ਮੈਟਲ ਡਿਟੈਕਟਰ ਦਾ ਚੁੰਬਕੀ ਖੇਤਰ ਪਥਰੀਲੀ ਜ਼ਮੀਨ ਵਿਚ ਤਿੰਨ ਫੁੱਟ ਤਕ ਅਸਰ ਕਰ ਸਕਦਾ ਹੈ। ਕੰਨਾਂ ਨੂੰ ਲਾਏ ਹੈੱਡ-ਫੋਨ ਨਾਲ ਉਹ ਲਗਾਤਾਰ ਵੱਜ ਰਹੇ ਸਿਗਨਲ ਦੀ ਆਵਾਜ਼ ਸੁਣਦਾ ਹੈ।

ਅਚਾਨਕ ਸਿਗਨਲ ਦੀ ਆਵਾਜ਼ ਬਦਲਦੀ ਸੁਣ ਕੇ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਮੈਟਲ ਡਿਟੈਕਟਰ ਕੜਿੱਕ-ਕੜਿੱਕ ਕਰਨ ਲੱਗ ਪੈਂਦਾ ਹੈ ਜਿਸ ਦਾ ਮਤਲਬ ਹੈ ਕਿ ਜ਼ਮੀਨ ਵਿਚ ਧਾਤ ਦੀ ਕੋਈ ਚੀਜ਼ ਦੱਬੀ ਹੋਈ ਹੈ। ਉਹ ਗੋਡਿਆਂ ਭਾਰ ਬਹਿ ਕੇ ਗੈਂਤੀ ਨਾਲ ਫਟਾਫਟ ਮਿੱਟੀ ਪੁੱਟਣੀ ਸ਼ੁਰੂ ਕਰਦਾ ਹੈ। ਇਹ ਚੀਜ਼ ਜੰਗਾਲੀ ਮੇਖ ਵੀ ਹੋ ਸਕਦੀ ਹੈ ਜਾਂ ਪੁਰਾਣਾ ਸਿੱਕਾ ਵੀ ਹੋ ਸਕਦਾ ਹੈ। ਪਰ ਜਿੱਦਾਂ-ਜਿੱਦਾਂ ਟੋਆ ਡੂੰਘਾ ਹੁੰਦਾ ਜਾਂਦਾ ਹੈ, ਉਸ ਦੀਆਂ ਅੱਖਾਂ ਸੋਨੇ ਦੀ ਝਲਕ ਪਾਉਣ ਲਈ ਤਰਸ ਰਹੀਆਂ ਹਨ।

ਸੋਨੇ ਦੀ ਤਲਾਸ਼ ਅਜੇ ਵੀ ਜਾਰੀ ਹੈ

ਭਾਵੇਂ ਸੋਨਾ ਲੱਭਣ ਦੇ ਤਰੀਕੇ ਬਦਲ ਗਏ ਹਨ, ਪਰ ਸਦੀਆਂ ਤੋਂ ਲੋਕ ਸੋਨੇ ਦੀ ਭਾਲ ਕਰਦੇ ਆਏ ਹਨ। ਅਸਲ ਵਿਚ ਵਰਲਡ ਗੋਲਡ ਕੌਂਸਲ ਅਨੁਸਾਰ ਪਿਛਲੇ 6,000 ਸਾਲਾਂ ਵਿਚ 1,25,000 ਟਨ ਤੋਂ ਜ਼ਿਆਦਾ ਸੋਨੇ ਦੀ ਭਾਲ ਕੀਤੀ ਜਾ ਚੁੱਕੀ ਹੈ। * ਮਿਸਰ, ਓਫ਼ੀਰ ਅਤੇ ਦੱਖਣੀ ਅਮਰੀਕਾ ਦੀਆਂ ਪ੍ਰਾਚੀਨ ਸਭਿਅਤਾਵਾਂ ਕੋਲ ਸੋਨੇ ਦੇ ਭੰਡਾਰ ਸਨ, ਪਰ ਹੁਣ ਤਕ ਭਾਲੇ ਜਾ ਚੁੱਕੇ ਸੋਨੇ ਦਾ 90 ਪ੍ਰਤਿਸ਼ਤ ਹਿੱਸਾ ਪਿਛਲੇ 150 ਸਾਲਾਂ ਦੌਰਾਨ ਲੱਭਿਆ ਗਿਆ ਹੈ।—1 ਰਾਜਿਆਂ 9:28.

ਸੋਨੇ ਦੀ ਭਾਲ ਵਿਚ ਤੇਜ਼ੀ 1848 ਵਿਚ ਆਈ ਜਦੋਂ ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਵਿਚ ਅਮੈਰੀਕਨ ਨਦੀ ਉੱਤੇ ਸਟਰਸ ਮਿੱਲ ਨਾਂ ਦੀ ਜਗ੍ਹਾ ਤੇ ਸੋਨਾ ਮਿਲਿਆ। ਸੋਨਾ ਮਿਲਣ ਦੀ ਆਸ ਵਿਚ ਭੀੜਾਂ ਦੀਆਂ ਭੀੜਾਂ ਇਸ ਇਲਾਕੇ ਨੂੰ ਭੱਜੀਆਂ। ਲੋਕ ਆਪਣੀਆਂ ਅੱਖਾਂ ਵਿਚ ਅਮੀਰ ਬਣਨ ਦੇ ਸੁਪਨੇ ਲੈ ਕੇ ਕੈਲੇਫ਼ੋਰਨੀਆ ਆਏ। ਬਹੁਤਿਆਂ ਦੇ ਹੱਥ ਨਿਰਾਸ਼ਾ ਲੱਗੀ, ਪਰ ਕਈ ਮਾਲਾਮਾਲ ਹੋ ਗਏ। ਸੰਨ 1851 ਵਿਚ ਹੀ ਕੈਲੇਫ਼ੋਰਨੀਆ ਦੀਆਂ ਖਾਣਾਂ ਵਿੱਚੋਂ 77 ਟਨ ਸੋਨਾ ਕੱਢਿਆ ਗਿਆ।

ਤਕਰੀਬਨ ਇਸੇ ਸਮੇਂ ਦੌਰਾਨ ਦੁਨੀਆਂ ਦੇ ਦੂਜੇ ਬੰਨੇ, ਆਸਟ੍ਰੇਲੀਆ ਵਿਚ ਵੀ ਸੋਨਾ ਮਿਲਿਆ। ਐਡਵਰਡ ਹਾਗ੍ਰੇਵਜ਼ ਨਾਂ ਦੇ ਖੋਜਕਾਰ ਨੂੰ ਕੈਲੇਫ਼ੋਰਨੀਆ ਦੀਆਂ ਸੋਨੇ ਦੀਆਂ ਖਾਣਾਂ ਵਿਚ ਕੰਮ ਕਰਨ ਦਾ ਕਾਫ਼ੀ ਤਜਰਬਾ ਸੀ। ਜਦ ਉਹ ਆਸਟ੍ਰੇਲੀਆ ਆਇਆ, ਤਾਂ ਉਸ ਨੂੰ ਨਿਊ ਸਾਉਥ ਵੇਲਜ਼ ਸੂਬੇ ਦੇ ਛੋਟੇ ਜਿਹੇ ਕਸਬੇ ਬਾਥਰਸਟ ਲਾਗੇ ਨਦੀ ਵਿੱਚੋਂ ਸੋਨਾ ਮਿਲਿਆ। ਸੰਨ 1851 ਵਿਚ ਵਿਕਟੋਰੀਆ ਰਾਜ ਦੇ ਬਾਲਾਰੈਟ ਅਤੇ ਬੈਨਡਿਗੋ ਸ਼ਹਿਰਾਂ ਵਿਚ ਵੀ ਸੋਨੇ ਦੇ ਵੱਡੇ ਭੰਡਾਰ ਮਿਲੇ। ਜਦੋਂ ਇਸ ਦੀਆਂ ਖ਼ਬਰਾਂ ਚਾਰੇ ਪਾਸੇ ਫੈਲ ਗਈਆਂ, ਤਾਂ ਭੀੜਾਂ ਨੇ ਆਪਣੇ ਮੂੰਹ ਉੱਧਰ ਨੂੰ ਕਰ ਲਏ। ਕੁਝ ਲੋਕਾਂ ਨੂੰ ਖਾਣਾਂ ਵਿਚ ਕੰਮ ਕਰਨ ਦਾ ਤਜਰਬਾ ਸੀ। ਪਰ ਜ਼ਿਆਦਾਤਰ ਲੋਕ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਜਾਂ ਦਫ਼ਤਰਾਂ ਦੇ ਬਾਬੂ ਸਨ ਜਿਨ੍ਹਾਂ ਨੇ ਪਹਿਲਾਂ ਕਦੇ ਖਾਣ ਵਿਚ ਕੰਮ ਨਹੀਂ ਕੀਤਾ ਸੀ। ਇਕ ਸ਼ਹਿਰ ਦੀ ਹਾਲਤ ਬਾਰੇ ਦੱਸਦੇ ਹੋਏ ਇਕ ਸਥਾਨਕ ਅਖ਼ਬਾਰ ਨੇ ਲਿਖਿਆ: “ਬਾਥਰਸਟ ਦੇ ਲੋਕ ਦੁਬਾਰਾ ਪਾਗਲ ਹੋ ਗਏ ਹਨ। ਸੋਨੇ ਦਾ ਬੁਖ਼ਾਰ ਲੋਕਾਂ ਦੇ ਸਿਰਾਂ ਨੂੰ ਚੜ੍ਹ ਗਿਆ ਹੈ। ਲੋਕ ਇਕੱਠੇ ਹੁੰਦੇ ਹਨ, ਇਕ-ਦੂਜੇ ਵੱਲ ਬੇਵਕੂਫ਼ਾਂ ਵਾਂਗ ਘੂਰਦੇ ਹਨ, ਊਟ-ਪਟਾਂਗ ਗੱਲਾਂ ਕਰਦੇ ਹਨ ਅਤੇ ਸੋਚਦੇ ਹਨ ਕਿ ਅੱਗੇ ਕੀ ਹੋਵੇਗਾ।”

ਸੋਨਾ ਮਿਲਣ ਕਰਕੇ ਆਸਟ੍ਰੇਲੀਆ ਦੀ ਆਬਾਦੀ ਵਿਚ ਇਕਦਮ ਵਾਧਾ ਹੋ ਗਿਆ। ਸੋਨੇ ਦੀ ਆਸ ਵਿਚ ਦੁਨੀਆਂ ਦੇ ਚਾਰੇ ਕੋਨਿਆਂ ਤੋਂ ਲੋਕ ਆਸਟ੍ਰੇਲੀਆ ਆ ਕੇ ਰਹਿਣ ਲੱਗ ਪਏ। ਇਸ ਕਰਕੇ ਸੰਨ 1851 ਤੋਂ ਬਾਅਦ ਦਸਾਂ ਸਾਲਾਂ ਦੇ ਅੰਦਰ-ਅੰਦਰ ਆਸਟ੍ਰੇਲੀਆ ਦੀ ਆਬਾਦੀ ਦੁਗਣੀ ਹੋ ਗਈ। ਆਸਟ੍ਰੇਲੀਆ ਦੀਆਂ ਖਾਣਾਂ ਵਿਚ ਸੋਨੇ ਦੇ ਭੰਡਾਰ ਦੀ ਮਾਤਰਾ ਵੱਖਰੀ-ਵੱਖਰੀ ਸੀ। ਜਦੋਂ ਇਕ ਜਗ੍ਹਾ ਸੋਨਾ ਮੁੱਕ ਜਾਂਦਾ, ਤਾਂ ਲੋਕ ਕਿਤੇ ਹੋਰ ਚਲੇ ਜਾਂਦੇ ਸਨ। ਸੰਨ 1856 ਵਿਚ ਹੀ ਆਸਟ੍ਰੇਲੀਆ ਦੀਆਂ ਖਾਣਾਂ ਵਿੱਚੋਂ 95 ਟਨ ਸੋਨਾ ਕੱਢਿਆ ਗਿਆ। ਫਿਰ ਸੰਨ 1893 ਵਿਚ ਪੱਛਮੀ ਆਸਟ੍ਰੇਲੀਆ ਵਿਚ ਕਾਲਗੂਰਲੀ-ਬੋਲਡਰ ਕਸਬੇ ਲਾਗੇ ਖਾਣਾਂ ਵਿੱਚੋਂ ਸੋਨਾ ਕੱਢਿਆ ਜਾਣ ਲੱਗਾ। ਉਦੋਂ ਤੋਂ ਲੈ ਕੇ ਹੁਣ ਤਕ ਉਸ ਖਾਣ ਵਿੱਚੋਂ 1,300 ਟਨ ਸੋਨਾ ਕੱਢਿਆ ਜਾ ਚੁੱਕਾ ਹੈ। ਇਸ ਖਾਣ ਦੇ “2.5 ਵਰਗ ਕਿਲੋਮੀਟਰ ਇਲਾਕੇ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ।” ਇਸ ਇਲਾਕੇ ਵਿੱਚੋਂ ਅਜੇ ਵੀ ਸੋਨਾ ਮਿਲ ਰਿਹਾ ਹੈ ਅਤੇ ਹੁਣ ਇੱਥੇ ਇਨਸਾਨ ਦੇ ਹੱਥਾਂ ਨਾਲ ਖੋਦੀ ਸਭ ਤੋਂ ਵੱਡੀ ਖੱਡ ਹੈ। ਇਸ ਖੱਡ ਦੀ ਲੰਬਾਈ ਤਿੰਨ ਕਿਲੋਮੀਟਰ, ਚੌੜਾਈ ਦੋ ਕਿਲੋਮੀਟਰ ਅਤੇ ਡੂੰਘਾਈ 400 ਮੀਟਰ ਹੈ।

ਅੱਜ ਸੋਨੇ ਦੇ ਉਤਪਾਦਨ ਵਿਚ ਆਸਟ੍ਰੇਲੀਆ ਤੀਜੇ ਨੰਬਰ ਤੇ ਹੈ। ਇਸ ਉਦਯੋਗ ਵਿਚ 60,000 ਲੋਕ ਕੰਮ ਕਰਦੇ ਹਨ ਅਤੇ ਹਰ ਸਾਲ ਤਕਰੀਬਨ 300 ਟਨ ਸੋਨਾ ਕੱਢਿਆ ਜਾਂਦਾ ਹੈ ਜਿਸ ਦੀ ਕੀਮਤ ਪੰਜ ਅਰਬ ਆਸਟ੍ਰੇਲੀਆਈ ਡਾਲਰ ਬਣਦੀ ਹੈ। ਸੋਨੇ ਦੇ ਉਤਪਾਦਨ ਵਿਚ ਅਮਰੀਕਾ ਦੂਜੇ ਨੰਬਰ ਤੇ ਹੈ। ਸੌ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਦੱਖਣੀ ਅਫ਼ਰੀਕਾ ਸੋਨੇ ਦੇ ਉਤਪਾਦਨ ਵਿਚ ਮੋਹਰੀ ਰਿਹਾ ਹੈ। ਹੁਣ ਤਕ ਜਿੰਨਾ ਸੋਨਾ ਕੱਢਿਆ ਗਿਆ ਹੈ, ਉਸ ਦਾ 40 ਪ੍ਰਤਿਸ਼ਤ ਹਿੱਸਾ ਦੱਖਣੀ ਅਫ਼ਰੀਕਾ ਵਿਚ ਮਿਲਿਆ ਹੈ। ਪੂਰੀ ਦੁਨੀਆਂ ਵਿਚ ਹਰ ਸਾਲ 2,000 ਟਨ ਸੋਨਾ ਕੱਢਿਆ ਜਾਂਦਾ ਹੈ। ਇਸ ਸਾਰੇ ਸੋਨੇ ਦਾ ਕੀ ਕੀਤਾ ਜਾਂਦਾ ਹੈ?

ਦੌਲਤ ਅਤੇ ਸੁੰਦਰਤਾ ਦਾ ਮੇਲ

ਕੁਝ ਸੋਨਾ ਅਜੇ ਵੀ ਸਿੱਕੇ ਬਣਾਉਣ ਲਈ ਵਰਤਿਆ ਜਾਂਦਾ ਹੈ। ਪੱਛਮੀ ਆਸਟ੍ਰੇਲੀਆ ਵਿਚ ਪਰਥ ਦੀ ਟਕਸਾਲ ਦੁਨੀਆਂ ਦੀਆਂ ਮੁੱਖ ਟਕਸਾਲਾਂ ਵਿੱਚੋਂ ਹੈ ਜਿੱਥੇ ਅਜਿਹੇ ਸਿੱਕੇ ਬਣਾਏ ਜਾਂਦੇ ਹਨ। ਇਹ ਸਿੱਕੇ ਆਮ ਲੋਕ ਨਹੀਂ ਵਰਤਦੇ ਸਗੋਂ ਸਿੱਕੇ ਇਕੱਠੇ ਕਰਨ ਵਾਲੇ ਲੋਕ ਇਨ੍ਹਾਂ ਨੂੰ ਜਮ੍ਹਾ ਕਰਦੇ ਹਨ। ਇਸ ਤੋਂ ਇਲਾਵਾ, ਹੁਣ ਤਕ ਕੱਢੇ ਗਏ ਪੂਰੇ ਸੋਨੇ ਵਿੱਚੋਂ ਇਕ-ਚੌਥਾਈ ਸੋਨੇ ਦੀਆਂ ਇੱਟਾਂ ਬਣਾ ਕੇ ਬੈਂਕਾਂ ਦੀਆਂ ਤਿਜੌਰੀਆਂ ਵਿਚ ਰੱਖ ਦਿੱਤੀਆਂ ਜਾਂਦੀਆਂ ਹਨ। ਅਮਰੀਕਾ ਕੋਲ ਇਸ ਵੇਲੇ ਸਭ ਤੋਂ ਜ਼ਿਆਦਾ ਸੋਨੇ ਦੀਆਂ ਇੱਟਾਂ ਹਨ।

ਹਰ ਸਾਲ ਖਾਣਾਂ ਵਿੱਚੋਂ ਕੱਢੇ ਗਏ ਸੋਨੇ ਦਾ 80 ਪ੍ਰਤਿਸ਼ਤ ਹਿੱਸਾ ਯਾਨੀ 1,600 ਟਨ ਸੋਨਾ ਗਹਿਣੇ ਬਣਾਉਣ ਲਈ ਵਰਤਿਆ ਜਾਂਦਾ ਹੈ। ਭਾਵੇਂ ਅਮਰੀਕਾ ਦੀਆਂ ਬੈਂਕਾਂ ਵਿਚ ਸਾਰਿਆਂ ਤੋਂ ਜ਼ਿਆਦਾ ਸੋਨਾ ਪਿਆ ਹੈ, ਪਰ ਜਿੱਥੋਂ ਤਕ ਸੋਨੇ ਦੇ ਗਹਿਣਿਆਂ ਦਾ ਸਵਾਲ ਹੈ, ਭਾਰਤ ਕੋਲ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਸੋਨਾ ਹੈ। ਬਹੁਮੁੱਲਾ ਤੇ ਸੁੰਦਰ ਹੋਣ ਦੇ ਨਾਲ-ਨਾਲ ਸੋਨੇ ਨੂੰ ਕਈ ਹੋਰ ਚੀਜ਼ਾਂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।

ਪੁਰਾਣੀ ਚੀਜ਼, ਨਵੇਂ ਉਪਯੋਗ

ਪ੍ਰਾਚੀਨ ਮਿਸਰ ਦੇ ਫ਼ਿਰਊਨਾਂ ਨੂੰ ਪਤਾ ਲੱਗ ਗਿਆ ਸੀ ਕਿ ਸੋਨੇ ਨੂੰ ਜੰਗਾਲ ਨਹੀਂ ਲੱਗਦਾ ਜਿਸ ਕਰਕੇ ਇਸ ਨੂੰ ਮੁਰਦਿਆਂ ਦੇ ਨਕਾਬ ਬਣਾਉਣ ਲਈ ਵਰਤਿਆ ਜਾਂਦਾ ਸੀ। ਇਸ ਗੱਲ ਦੀ ਪੁਸ਼ਟੀ ਫ਼ਿਰਊਨ ਟੂਟੰਕਾਮਨ ਦੀ ਲਾਸ਼ ਦੇ ਮੂੰਹ ਤੇ ਲੱਗੇ ਨਕਾਬ ਤੋਂ ਹੋਈ। ਪੁਰਾਤੱਤਵ-ਵਿਗਿਆਨੀਆਂ ਨੇ ਦੇਖਿਆ ਕਿ ਹਜ਼ਾਰਾਂ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਸੋਨੇ ਦੇ ਨਕਾਬ ਦੀ ਚਮਕ ਪੂਰੀ ਤਰ੍ਹਾਂ ਬਰਕਰਾਰ ਸੀ ਤੇ ਇਹ ਬਿਲਕੁਲ ਬੇਦਾਗ਼ ਸੀ।

ਪਾਣੀ ਤੇ ਹਵਾ ਲੋਹੇ ਅਤੇ ਹੋਰ ਧਾਤਾਂ ਨੂੰ ਬਰਬਾਦ ਕਰ ਦਿੰਦੇ ਹਨ। ਪਰ ਸੋਨੇ ਉੱਤੇ ਪਾਣੀ ਤੇ ਹਵਾ ਦਾ ਕੋਈ ਅਸਰ ਨਹੀਂ ਹੁੰਦਾ ਜਿਸ ਕਰਕੇ ਇਸ ਦੀ ਚਮਕ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਸੋਨੇ ਵਿੱਚੋਂ ਬਿਜਲੀ ਵੀ ਲੰਘ ਸਕਦੀ ਹੈ, ਇਸ ਲਈ ਇਸ ਨੂੰ ਇਲੈਕਟ੍ਰਾਨਿਕ ਚੀਜ਼ਾਂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਹਰ ਸਾਲ ਤਕਰੀਬਨ 200 ਟਨ ਸੋਨਾ ਟੀ. ਵੀ., ਵੀ. ਸੀ. ਆਰ, ਮੋਬਾਇਲ ਫੋਨ ਤੇ ਲਗਭਗ ਪੰਜ ਕਰੋੜ ਕੰਪਿਊਟਰਾਂ ਦੇ ਪੁਰਜੇ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ, ਵਧੀਆ ਕਿਸਮ ਦੀ ਸੀ. ਡੀ. ਵਿਚ ਸੋਨੇ ਦੀ ਪਤਲੀ ਪਰਤ ਹੁੰਦੀ ਹੈ ਜਿਸ ਕਰਕੇ ਸੀ. ਡੀ. ਜਲਦੀ ਖ਼ਰਾਬ ਨਹੀਂ ਹੁੰਦੀ।

ਸੋਨੇ ਦੀ ਪਤਲੀ ਪਰਤ ਕਾਫ਼ੀ ਕੰਮ ਦੀ ਹੈ। ਧਿਆਨ ਦਿਓ ਕਿ ਰੌਸ਼ਨੀ ਦਾ ਸੋਨੇ ਤੇ ਕੀ ਅਸਰ ਪੈਂਦਾ ਹੈ। ਸੋਨੇ ਦੀ ਬਹੁਤ ਹੀ ਪਤਲੀ ਪਰਤ ਵਿੱਚੋਂ ਰੌਸ਼ਨੀ ਲੰਘ ਸਕਦੀ ਹੈ। ਇੰਨੀ ਪਤਲੀ ਪਰਤ ਵਿੱਚੋਂ ਹਰੇ ਰੰਗ ਦੀ ਰੌਸ਼ਨੀ ਦੀਆਂ ਤਰੰਗਾਂ ਲੰਘ ਸਕਦੀਆਂ ਹਨ, ਜਦ ਕਿ ਇਨਫਰਾ-ਰੈੱਡ ਰੌਸ਼ਨੀ ਨਹੀਂ ਲੰਘ ਸਕਦੀ। ਜਿਨ੍ਹਾਂ ਖਿੜਕੀਆਂ ਉੱਤੇ ਸੋਨੇ ਦੀ ਪਾਰਦਰਸ਼ੀ ਪਰਤ ਚੜ੍ਹਾਈ ਹੁੰਦੀ ਹੈ, ਉਨ੍ਹਾਂ ਵਿੱਚੋਂ ਰੌਸ਼ਨੀ ਲੰਘ ਸਕਦੀ ਹੈ, ਪਰ ਗਰਮੀ ਨਹੀਂ। ਇਸ ਕਰਕੇ ਅੱਜ-ਕੱਲ੍ਹ ਹਵਾਈ ਜਹਾਜ਼ਾਂ ਵਿਚ ਪਾਇਲਟ ਦੇ ਕਮਰੇ ਦੀਆਂ ਖਿੜਕੀਆਂ ਉੱਤੇ ਅਤੇ ਨਵੀਆਂ ਇਮਾਰਤਾਂ ਵਿਚ ਆਫ਼ਿਸਾਂ ਦੀਆਂ ਖਿੜਕੀਆਂ ਉੱਤੇ ਸੋਨੇ ਦੀਆਂ ਪਰਤਾਂ ਚੜ੍ਹਾਈਆਂ ਜਾਂਦੀਆਂ ਹਨ। ਪੁਲਾੜੀ ਜਹਾਜ਼ਾਂ ਦੇ ਨਾਜ਼ੁਕ ਪੁਰਜਿਆਂ ਨੂੰ ਭਾਰੀ ਰੇਡੀਏਸ਼ਨ ਅਤੇ ਉੱਚੇ ਤਾਪਮਾਨ ਤੋਂ ਬਚਾਉਣ ਲਈ ਇਨ੍ਹਾਂ ਉੱਤੇ ਸੋਨੇ ਦੀਆਂ ਮੋਟੀਆਂ ਪਰਤਾਂ ਚੜ੍ਹਾਈਆਂ ਜਾਂਦੀਆਂ ਹਨ।

ਸੋਨੇ ਉੱਤੇ ਬੈਕਟੀਰੀਆ ਦਾ ਵੀ ਅਸਰ ਨਹੀਂ ਹੁੰਦਾ। ਇਸ ਲਈ ਦੰਦਾਂ ਦੇ ਡਾਕਟਰ ਖ਼ਰਾਬ ਦੰਦਾਂ ਦੀਆਂ ਖੋੜਾਂ ਭਰਨ ਲਈ ਸੋਨਾ ਵਰਤਦੇ ਹਨ ਜਾਂ ਫਿਰ ਇਨ੍ਹਾਂ ਦੀ ਜਗ੍ਹਾ ਸੋਨੇ ਦੇ ਦੰਦ ਲਾਉਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਸੋਨੇ ਦੇ ਬਣੇ ਪੁਰਜੇ ਮਨੁੱਖੀ ਸਰੀਰ ਵਿਚ ਵੀ ਵਰਤੇ ਜਾ ਰਹੇ ਹਨ। ਮਿਸਾਲ ਲਈ, ਨੁਕਸਾਨੀਆਂ ਹੋਈਆਂ ਨਾੜੀਆਂ ਜਾਂ ਧਮਨੀਆਂ ਵਿਚ ਲਹੂ ਦਾ ਵਹਾਅ ਬਣਾਈ ਰੱਖਣ ਲਈ ਉਨ੍ਹਾਂ ਵਿਚ ਸੋਨੇ ਦੀਆਂ ਤਾਰਾਂ ਦੀਆਂ ਬਣੀਆਂ ਛੋਟੀਆਂ ਟਿਊਬਾਂ ਪਾਈਆਂ ਜਾਂਦੀਆਂ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੁੰਦਰ ਤੇ ਕੀਮਤੀ ਧਾਤ ਸੋਨੇ ਵਿਚ ਕਈ ਅਨੋਖੇ ਗੁਣ ਹੋਣ ਕਰਕੇ ਲੋਕ ਇਸ ਦੀ ਤਲਾਸ਼ ਵਿਚ ਧਰਤੀ ਦਾ ਸੀਨਾ ਫਰੋਲਦੇ ਰਹਿਣਗੇ। (g05 9/22)

[ਫੁਟਨੋਟ]

^ ਪੈਰਾ 6 ਸੋਨਾ ਇੰਨਾ ਸੰਘਣਾ ਹੁੰਦਾ ਹੈ ਕਿ ਸੋਨੇ ਦੀ 15 ਇੰਚ ਲੰਬੀ, ਚੌੜੀ ਤੇ ਉੱਚੀ ਇੱਟ ਦਾ ਭਾਰ ਇਕ ਟਨ ਹੋ ਸਕਦਾ ਹੈ।

[ਸਫ਼ੇ 25 ਉੱਤੇ ਡੱਬੀ]

ਸੋਨਾ ਕਿੱਥੇ ਪਾਇਆ ਜਾਂਦਾ ਹੈ?

ਪੱਥਰ: ਮੈਗਮਾ ਪੱਥਰਾਂ ਵਿਚ ਥੋੜ੍ਹੀ ਮਾਤਰਾ ਵਿਚ ਸੋਨਾ ਪਾਇਆ ਜਾਂਦਾ ਹੈ। ਕੁਝ ਪੱਥਰਾਂ ਵਿਚ ਸੋਨਾ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ ਜਿਸ ਕਰਕੇ ਕੰਪਨੀਆਂ ਪੱਥਰਾਂ ਵਿੱਚੋਂ ਸੋਨਾ ਕੱਢਣ ਲਈ ਪੈਸਾ ਲਾਉਂਦੀਆਂ ਹਨ। ਅਜਿਹੇ ਇਕ ਟਨ ਪੱਥਰ ਵਿਚ ਸਿਰਫ਼ 30 ਗ੍ਰਾਮ ਸੋਨਾ ਹੁੰਦਾ ਹੈ।

ਸਮੁੰਦਰੀ ਚਟਾਨਾਂ: ਕਦੇ-ਕਦਾਈਂ ਬਲੌਰੀ ਚਟਾਨਾਂ ਦੀਆਂ ਤਹਿਆਂ ਵਿਚਕਾਰ ਸੋਨਾ ਪਾਇਆ ਜਾਂਦਾ ਹੈ ਜਾਂ ਦਰਾੜਾਂ ਵਿਚ ਸੋਨਾ ਭਰਿਆ ਹੋ ਸਕਦਾ ਹੈ।

ਨਦੀਆਂ: ਹੌਲੀ-ਹੌਲੀ ਚਟਾਨਾਂ ਧੁੱਪ, ਮੀਂਹ ਤੇ ਹਵਾ ਨਾਲ ਟੁੱਟਦੀਆਂ ਰਹਿੰਦੀਆਂ ਹਨ। ਇਸ ਨਾਲ ਚਟਾਨਾਂ ਵਿਚਲਾ ਸੋਨਾ ਨਿਕਲ ਕੇ ਨਦੀਆਂ ਵਿਚ ਛੋਟੇ-ਛੋਟੇ ਕਿਣਕਿਆਂ ਦੇ ਰੂਪ ਵਿਚ ਜਮ੍ਹਾ ਹੋ ਜਾਂਦਾ ਹੈ।

ਜ਼ਮੀਨ ਉੱਤੇ: ਧਰਤੀ ਦੇ ਧਰਾਤਲ ਵਿਚ ਸੋਨੇ ਦੇ ਡਲੇ ਵੀ ਪਾਏ ਜਾਂਦੇ ਹਨ। ਕਈ ਡਲੇ ਬਹੁਤ ਵੱਡੇ ਹੁੰਦੇ ਹਨ। ਹੁਣ ਤਕ ਸਭ ਤੋਂ ਵੱਡਾ ਡਲਾ ਜੋ ਮਿਲਿਆ ਹੈ ਉਸ ਦਾ ਨਾਂ ਹੈ ਦ ਵੈੱਲਕਮ ਸਟ੍ਰੇਂਜਰ ਤੇ ਇਸ ਦਾ ਭਾਰ 70 ਕਿਲੋ ਤੋਂ ਜ਼ਿਆਦਾ ਸੀ। ਇਹ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਸੰਨ 1969 ਵਿਚ ਮਿਲਿਆ ਸੀ। ਆਸਟ੍ਰੇਲੀਆ ਵਿਚ ਸੋਨੇ ਦੇ ਕਾਫ਼ੀ ਡਲੇ ਮਿਲੇ ਹਨ। ਹੁਣ ਤਕ ਸੰਸਾਰ ਭਰ ਵਿਚ ਮਿਲੇ 25 ਸਭ ਤੋਂ ਵੱਡੇ ਡਲਿਆਂ ਵਿੱਚੋਂ 23 ਡਲੇ ਆਸਟ੍ਰੇਲੀਆ ਵਿਚ ਮਿਲੇ ਸਨ। ਅੱਜ ਸੋਨੇ ਦੇ ਡਲੇ, ਜਿਨ੍ਹਾਂ ਦਾ ਆਕਾਰ ਮਾਚਿਸ ਦੀ ਤੀਲੀ ਦੇ ਸਿਰੇ ਜਿੰਨਾ ਹੋ ਸਕਦਾ ਹੈ, ਕੀਮਤੀ ਹੀਰਿਆਂ ਨਾਲੋਂ ਵੀ ਬਹੁਤ ਘੱਟ ਮਾਤਰਾ ਵਿਚ ਪਾਏ ਜਾਂਦੇ ਹਨ।

[ਡੱਬੀ/ਸਫ਼ੇ 27 ਉੱਤੇ ਤਸਵੀਰ]

ਮੈਟਲ ਡਿਟੈਕਟਰ ਕਿਵੇਂ ਕੰਮ ਕਰਦਾ ਹੈ?

ਮੈਟਲ ਡਿਟੈਕਟਰ ਵਿਚ ਮੁੱਖ ਤੌਰ ਤੇ ਦੋ ਕੁੰਡਲਦਾਰ ਤਾਰਾਂ ਹੁੰਦੀਆਂ ਹਨ। ਜਦੋਂ ਇਕ ਵਿੱਚੋਂ ਬਿਜਲੀ ਲੰਘਦੀ ਹੈ, ਤਾਂ ਇਸ ਨਾਲ ਚੁੰਬਕੀ ਖੇਤਰ ਪੈਦਾ ਹੁੰਦਾ ਹੈ। ਜੇ ਮੈਟਲ ਡਿਟੈਕਟਰ ਕਿਸੇ ਧਾਤ ਜਿਵੇਂ ਸੋਨੇ ਦੀ ਡਲੀ ਉੱਪਰੋਂ ਲੰਘਦਾ ਹੈ, ਤਾਂ ਇਹ ਉਸ ਧਾਤ ਵਿਚ ਵੀ ਕਮਜ਼ੋਰ ਚੁੰਬਕੀ ਖੇਤਰ ਪੈਦਾ ਕਰ ਦਿੰਦਾ ਹੈ। ਦੂਸਰੀ ਤਾਰ ਇਸ ਕਮਜ਼ੋਰ ਚੁੰਬਕੀ ਖੇਤਰ ਦਾ ਪਤਾ ਲਗਾ ਲੈਂਦੀ ਹੈ ਅਤੇ ਫਿਰ ਇਹ ਲਾਈਟ, ਮਾਪਕ ਜਾਂ ਆਵਾਜ਼ ਰਾਹੀਂ ਧਾਤ ਦਾ ਸੰਕੇਤ ਦਿੰਦੀ ਹੈ।

[ਸਫ਼ੇ 25 ਉੱਤੇ ਤਸਵੀਰਾਂ]

19ਵੀਂ ਸਦੀ ਦੇ ਮੱਧ ਵਿਚ ਸੋਨੇ ਦੀ ਤਲਾਸ਼:

1. ਸਟਰਸ ਮਿੱਲ, ਕੈਲੇਫ਼ੋਰਨੀਆ, ਯੂ. ਐੱਸ. ਏ.

2. ਬੈਨਡਿਗੋ ਕਰੀਕ, ਵਿਕਟੋਰੀਆ, ਆਸਟ੍ਰੇਲੀਆ

3. ਗੋਲਡਨ ਪਾਇੰਟ, ਬਾਲਾਰੈਟ, ਵਿਕਟੋਰੀਆ, ਆਸਟ੍ਰੇਲੀਆ

[ਕ੍ਰੈਡਿਟ ਲਾਈਨਾਂ]

1: Library of Congress; 2: Gold Museum, Ballarat; 3: La Trobe Picture Collection, State Library of Victoria

[ਸਫ਼ੇ 26 ਉੱਤੇ ਤਸਵੀਰਾਂ]

ਅੱਜ ਸੋਨੇ ਦੇ ਉਪਯੋਗ

ਵਧੀਆ ਕਿਸਮ ਦੀ ਸੀ. ਡੀ. ਵਿਚ ਸੋਨੇ ਦੀ ਪਤਲੀ ਪਰਤ ਹੁੰਦੀ ਹੈ

ਪੁਲਾੜੀ ਜਹਾਜ਼ਾਂ ਵਿਚ ਸੋਨੇ ਦੀ ਮੋਟੀ ਪਰਤ ਵਰਤੀ ਜਾਂਦੀ ਹੈ

ਮਾਈਕ੍ਰੋਚਿੱਪਾਂ ਵਿਚ ਸੋਨਾ ਵਰਤਿਆ ਜਾਂਦਾ ਹੈ

ਸੋਨੇ ਦੀ ਝਾਲ ਚੜ੍ਹੀਆਂ ਤਾਰਾਂ ਵਿੱਚੋਂ ਦੀ ਬਿਜਲੀ ਆਸਾਨੀ ਨਾਲ ਲੰਘ ਸਕਦੀ ਹੈ

[ਕ੍ਰੈਡਿਟ ਲਾਈਨਾਂ]

NASA photo

Carita Stubbe

Courtesy Tanaka Denshi Kogyo

[ਸਫ਼ੇ 26 ਉੱਤੇ ਤਸਵੀਰ]

ਪੱਛਮੀ ਆਸਟ੍ਰੇਲੀਆ ਦੇ ਕਾਲਗੂਰਲੀ-ਬੋਲਡਰ ਇਲਾਕੇ ਵਿਚ ਦੁਨੀਆਂ ਦੀ ਸਭ ਤੋਂ ਡੂੰਘੀ ਸੋਨੇ ਦੀ ਖਾਣ

[ਕ੍ਰੈਡਿਟ ਲਾਈਨ]

Courtesy Newmont Mining Corporation

[ਸਫ਼ੇ 24 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Brasil Gemas, Ouro Preto, MG