ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
“ਵਿਗੜੇ” ਹੋਏ ਬੱਚੇ ਸੁਧਰ ਸਕਦੇ ਹਨ
ਸਿਡਨੀ ਮੌਰਨਿੰਗ ਹੈਰਲਡ ਅਖ਼ਬਾਰ ਵਿਚ ਰਿਪੋਰਟ ਦਿੱਤੀ ਗਈ ਸੀ ਕਿ “ਕਈ ਵਿਗੜੇ ਹੋਏ ਬੱਚੇ ਵੱਡੇ ਹੋ ਕੇ ਸੁਧਰ ਜਾਂਦੇ ਹਨ। ਉਹ ਵੱਡੇ ਹੋ ਕੇ ਸਮਝਦਾਰ ਬਣ ਜਾਂਦੇ ਹਨ।” ਆਸਟ੍ਰੇਲੀਆ ਵਿਚ ਪਰਿਵਾਰਾਂ ਦਾ ਅਧਿਐਨ ਕਰਨ ਵਾਲੀ ਇਕ ਸੰਸਥਾ ਨੇ 11 ਜਾਂ 12 ਸਾਲਾਂ ਦੀ ਉਮਰ ਦੇ 178 ਬੱਚਿਆਂ ਦਾ ਅਧਿਐਨ ਕੀਤਾ। ਇਨ੍ਹਾਂ ਬੱਚਿਆਂ ਵਿੱਚੋਂ ਕੁਝ “ਲੜਾਕੇ ਸਨ, ਕਈ ਹਮੇਸ਼ਾ ਆਪਣੀ ਮਨ-ਮਰਜ਼ੀ ਕਰਨਾ ਚਾਹੁੰਦੇ ਸਨ, ਦੂਸਰੇ ਕਿਸੇ ਦਾ ਕਹਿਣਾ ਮੰਨਣ ਲਈ ਤਿਆਰ ਨਹੀਂ ਸਨ, ਕੁਝ ਝੱਟ ਭੜਕ ਉੱਠਦੇ ਸਨ ਅਤੇ ਹੋਰਾਂ ਲਈ ਧਿਆਨ ਲਾ ਕੇ ਕੋਈ ਕੰਮ ਕਰਨਾ ਬਹੁਤ ਮੁਸ਼ਕਲ ਸੀ।” ਪਰ ਛੇ ਸਾਲਾਂ ਬਾਅਦ ਦੇਖਿਆ ਗਿਆ ਸੀ ਕਿ 178 ਵਿੱਚੋਂ 100 ਬੱਚੇ “ਬਿਲਕੁਲ ਬਦਲ ਗਏ ਅਤੇ ਇਕ ਦੂਸਰੇ ਬੱਚਿਆਂ ਦੇ ਗਰੁੱਪ ਵਰਗੇ ਬਣ ਗਏ ਜਿਸ ਵਿਚ ਬੱਚੇ ਬੀਬੇ ਤੇ ਚੰਗੇ ਸੁਭਾਅ ਵਾਲੇ ਸਨ।” ਉਨ੍ਹਾਂ ਨੂੰ ਬਦਲਣ ਵਿਚ ਕਿਹੜੀ ਚੀਜ਼ ਨੇ ਮਦਦ ਕੀਤੀ? ਰਿਪੋਰਟ ਵਿਚ ਦੱਸਿਆ ਗਿਆ ਸੀ ਕਿ “ਜਿਹੜੇ ਬੱਚੇ ਸੁਧਰ ਕੇ ਖ਼ੁਸ਼ ਮਿਜ਼ਾਜ ਵਾਲੇ ਬਣੇ ਉਨ੍ਹਾਂ ਨੇ ਵਿਗੜੇ ਬੱਚਿਆਂ ਨਾਲ ਸੰਗਤ ਕਰਨੀ ਛੱਡ ਦਿੱਤੀ ਸੀ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਦੀ ਨਿਗਰਾਨੀ ਕੀਤੀ ਹੋਵੇਗੀ।” (g05 8/8)
ਤਮਾਖੂ ਪੂਰੇ ਸਰੀਰ ਤੇ ਨੁਕਸਾਨ ਕਰਦਾ
ਨਿਊ ਸਾਇੰਟਿਸਟ ਰਸਾਲੇ ਨੇ ਰਿਪੋਰਟ ਕੀਤਾ ਕਿ “ਸਿਗਰਟ ਪੀਣ ਵਾਲੇ ਲੋਕ ਸਿਰਫ਼ ਆਪਣੇ ਫੇਫੜਿਆਂ ਅਤੇ ਲਹੂ ਦੀਆਂ ਨਾੜੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਪੂਰੇ ਦੇ ਪੂਰੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।” ਅਮਰੀਕਾ ਦੇ ਮੈਡੀਕਲ ਅਫ਼ਸਰ ਡਾਕਟਰ ਰਿਚਰਡ ਕਾਰਮੋਨਾ ਨੇ ਕਈ ਬੀਮਾਰੀਆਂ ਬਾਰੇ ਦੱਸਿਆ ਜੋ ਸਿਗਰਟ ਪੀਣ ਕਰਕੇ ਹੁੰਦੀਆਂ ਹਨ ਜਿਵੇਂ ਕਿ ਨਮੂਨੀਆ, ਲੂਕੀਮੀਆ, ਮੋਤੀਆਬਿੰਦ ਅਤੇ ਬੁੱਟਾਂ ਦੀ ਬੀਮਾਰੀ। ਇਸ ਦੇ ਨਾਲ-ਨਾਲ ਗੁਰਦਿਆਂ, ਬੱਚੇਦਾਨੀ ਦੀ ਧੌਣ, ਪੇਟ ਅਤੇ ਪੈਨਕ੍ਰੀਅਸ ਦਾ ਕੈਂਸਰ ਵੀ ਹੋ ਸਕਦਾ ਹੈ। ਡਾ. ਕਾਰਮੋਨਾ ਕਹਿੰਦਾ ਹੈ: ‘ਸਾਨੂੰ ਕਈ ਸਾਲਾਂ ਤੋਂ ਪਤਾ ਸੀ ਕਿ ਤਮਾਖੂ ਸਿਹਤ ਲਈ ਹਾਨੀਕਾਰਕ ਹੈ, ਪਰ ਇਸ ਰਿਪੋਰਟ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਿਹਤ ਲਈ ਸਾਡੀਆਂ ਸੋਚਾਂ ਨਾਲੋਂ ਬਹੁਤ ਜ਼ਿਆਦਾ ਖ਼ਤਰਨਾਕ ਹੈ। ਸਿਗਰਟਾਂ ਦਾ ਜ਼ਹਿਰੀਲਾ ਧੂੰਆਂ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ, ਜਿੱਥੇ ਵੀ ਖ਼ੂਨ ਵਹਿੰਦਾ ਹੈ ਉੱਥੇ ਤਕ ਧੂੰਆਂ ਚਲੇ ਜਾਂਦਾ ਹੈ।’ ਕਈ ਸੋਚਦੇ ਹਨ ਕਿ ਲੋਅ ਟਾਰ ਤੇ ਲੋਅ ਨਿਕੋਟੀਨ ਵਾਲੀਆਂ ਸਿਗਰਟਾਂ ਪੀਣ ਨਾਲ ਸਰੀਰ ਤੇ ਨੁਕਸਾਨ ਨਹੀਂ ਪਹੁੰਚੇਗਾ। ਪਰ ਕਾਰਮੋਨਾ ਇਸ ਬਾਰੇ ਕਹਿੰਦਾ ਹੈ ਕਿ ਡੱਬੀ ਤੇ ‘ਭਾਵੇਂ ਜੋ ਮਰਜ਼ੀ ਲਿਖਿਆ ਹੋਵੇ, ਪਰ ਅਜਿਹੀ ਕੋਈ ਸਿਗਰਟ ਨਹੀਂ ਬਣੀ ਜੋ ਸਰੀਰ ਤੇ ਨੁਕਸਾਨ ਨਹੀਂ ਪਹੁੰਚਾਉਂਦੀ।’ ਸਿਗਰਟ ਪੀਣ ਵਾਲੇ ਲੋਕ, ਨਾ ਪੀਣ ਵਾਲੇ ਲੋਕਾਂ ਤੋਂ 13-14 ਸਾਲ ਪਹਿਲਾਂ ਮਰ ਜਾਂਦੇ ਹਨ। ਨਿਊਯਾਰਕ ਟਾਈਮਜ਼ ਵਿਚ ਕਾਰਮੋਨਾ ਨੇ ਕਿਹਾ: ‘ਭਾਵੇਂ ਤੁਸੀਂ ਬੁੱਢੇ ਹੋ ਜਾਂ ਨੌਜਵਾਨ, ਸਿਗਰਟ ਪੀਣ ਰਾਹੀਂ ਪੂਰੇ ਸਰੀਰ ਵਿਚ ਬੀਮਾਰੀ ਲੱਗ ਜਾਂਦੀ ਹੈ।’ (g05 9/22)
ਵਿਆਹ ਦਾ ਧੋਖਾ
ਜੋਹਾਨਸਬਰਗ ਦੀ ਇਕ ਅਖ਼ਬਾਰ ਨੇ ਕਿਹਾ ਕਿ 3,000 ਤੋਂ ਜ਼ਿਆਦਾ ਅਫ਼ਰੀਕੀ ਔਰਤਾਂ ਦਾ ਧੋਖੇ ਨਾਲ ਵਿਆਹ ਕਰਾਇਆ ਗਿਆ ਹੈ। ਕਈ ਔਰਤਾਂ ਅਣਜਾਣੇ ਵਿਚ ਵਿਆਹ ਦੇ ਸਰਟੀਫਿਕੇਟ ਉੱਤੇ ਦਸਤਖਤ ਕਰ ਬੈਠੀਆਂ ਜਦ ਕਿ ਉਨ੍ਹਾਂ ਨੇ ਸੋਚਿਆ ਕਿ ਉਹ ਨੌਕਰੀ ਦੇ ਪੇਪਰਾਂ ਤੇ ਆਪਣਾ ਨਾਂ ਸਾਈਨ ਕਰ ਰਹੀਆਂ ਸਨ। ਇਹ ਸਰਟੀਫਿਕੇਟ ਦੇ ਜ਼ਰੀਏ ਵਿਦੇਸ਼ੀ “ਦੁਲ੍ਹੇ” ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ। ਔਰਤ ਨੂੰ ਇਸ ਧੋਖੇਬਾਜ਼ੀ ਬਾਰੇ ਸ਼ਾਇਦ ਉਦੋਂ ਹੀ ਪਤਾ ਲੱਗੇ ਜਦੋਂ ਉਹ ਆਪਣੇ ਗੁਆਚੇ ਹੋਏ ਆਈ. ਡੀ. ਕਾਰਡ ਜਾਂ ਕਿਸੇ ਦਸਤਾਵੇਜ਼ ਲਈ ਦੁਬਾਰਾ ਅਪਲਾਈ ਕਰੇ, ਤਾਂ ਦਸਤਾਵੇਜ਼ ਵਾਪਸ ਮਿਲਣ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਗੋਤ ਬਦਲ ਗਿਆ ਹੈ। ਜਾਂ ਸ਼ਾਇਦ ਉਸ ਨੂੰ ਉਦੋਂ ਪਤਾ ਲੱਗੇ ਜਦੋਂ ਉਹ ਖ਼ੁਦ ਵਿਆਹ ਕਰਵਾਉਣ ਵੇਲੇ ਰਜਿਸਟਰ ਕਰਨ ਜਾਂਦੀ ਹੈ, ਤਾਂ ਉਸ ਦਾ ਨਾਂ ਪਹਿਲਾਂ ਹੀ ਰਜਿਸਟਰ ਕੀਤਾ ਗਿਆ ਹੈ। ਰਜਿਸਟਰ ਮੁਤਾਬਕ ਉਸ ਦਾ ਵਿਆਹ ਹੋ ਚੁੱਕਾ ਹੈ! ਪਹਿਲੇ “ਵਿਆਹ” ਨੂੰ ਨਾਜਾਇਜ਼ ਕਰਾਰ ਦੇਣ ਕੋਈ ਸੌਖੀ ਗੱਲ ਨਹੀਂ ਹੁੰਦੀ। ਪਰ ਫਿਰ ਵੀ ਤਕਰੀਬਨ 2,000 ਔਰਤਾਂ ਇਸ ਹਾਲਤ ਤੋਂ ਨਿਕਲਣ ਵਿਚ ਸਫ਼ਲ ਹੋਈਆਂ ਹਨ। ਇਸ ਤਰ੍ਹਾਂ ਦੀ ਧੋਖੇਬਾਜ਼ੀ ਤੋਂ ਬਚਣ ਲਈ ਇਕ ਨਵਾਂ ਕਾਨੂੰਨ ਬਣਾਇਆ ਗਿਆ ਹੈ ਜਿੱਥੇ ਵਿਦੇਸ਼ੀ ਪਤੀਆਂ ਨੂੰ ਪੱਕੇ ਹੋਣ ਲਈ ਅਪਲਾਈ ਕਰਨ ਤੋਂ ਪਹਿਲਾਂ ਪੰਜ ਸਾਲ ਦੀ ਉਡੀਕ ਕਰਨੀ ਪੈਂਦੀ ਹੈ। (g05 5/22)
ਮੰਨ ਪਰਚਾਵੇ ਲਈ ਪੜ੍ਹੋ ਤੇ ਚੰਗੇ ਨੰਬਰ ਹਾਸਲ ਕਰੋ
ਮੈਕਸੀਕੋ ਸ਼ਹਿਰ ਦੇ ਅਖ਼ਬਾਰ ਵਿਚ ਦੱਸਿਆ ਗਿਆ ਸੀ ਕਿ ਚੰਗੇ ਨੰਬਰ ਹਾਸਲ ਕਰਨ ਲਈ “ਅਧਿਐਨ ਵਿਚ ਲਗਾਏ ਗਏ ਕਈ ਘੰਟਿਆਂ ਨਾਲੋਂ, ਮਾਪੇ ਦੀ ਪੜ੍ਹਾਈ-ਲਿਖਾਈ ਨਾਲੋਂ, ਕਲਾਸ ਵਿਚ ਲਿਖੇ ਹੋਏ ਨੋਟਸ ਨੂੰ ਇਸਤੇਮਾਲ ਕਰਨ ਜਾਂ ਕੰਪਿਊਟਰ ਤੇ ਲਗਾਏ ਗਏ ਸਮੇਂ ਨਾਲੋਂ,” ਮਨ-ਪਰਚਾਵੇ ਲਈ ਪੜ੍ਹਨ ਰਾਹੀਂ ਜ਼ਿਆਦਾ ਚੰਗੇ ਨੰਬਰ ਮਿਲ ਸਕਦੇ ਹਨ। ਵਿਦਿਆਰਥੀਆਂ ਨੂੰ ਹਾਈ ਸਕੂਲ ਵਿਚ ਜਾਣ ਲਈ ਪੇਪਰ ਦੇਣੇ ਪੈਂਦੇ ਹਨ। ਹਜ਼ਾਰਾਂ ਪੇਪਰਾਂ ਦੇ ਇਕ ਅਧਿਐਨ ਤੋਂ ਜ਼ਾਹਰ ਹੋਇਆ ਕਿ ਜਿਹੜੇ ਵਿਦਿਆਰਥੀ ਆਪਣਾ ਸਮਾਂ ਸਕੂਲ ਦੀ ਪੜ੍ਹਾਈ ਅਤੇ ਮਨ-ਪਰਚਾਵੇ ਲਈ ਪੜ੍ਹਨ ਵਿਚ ਲਾਉਂਦੇ ਹਨ ਉਹ ਸਕੂਲ ਵਿਚ ਜ਼ਿਆਦਾ ਤਰੱਕੀ ਕਰਦੇ ਹਨ। ਜਿਹੜੀਆਂ ਕਿਤਾਬਾਂ ਵਿਦਿਆਰਥੀ ਪੜ੍ਹਨ ਲਈ ਚੁਣਦੇ ਹਨ ਸਿਰਫ਼ ਸਕੂਲ ਵਾਲੀਆਂ ਕਿਤਾਬਾਂ ਹੋਣ ਦੀ ਬਜਾਇ ਹੋਰ ਵਿਸ਼ਿਆਂ ਉੱਤੇ ਵੀ ਹੋ ਸਕਦੀਆਂ ਹਨ ਜਿਵੇਂ ਕਿ ਜੀਵਨ ਕਹਾਣੀਆਂ, ਕਵਿਤਾਵਾਂ ਅਤੇ ਸਾਇੰਸ ਦੀਆਂ ਕਿਤਾਬਾਂ। ਇਸ ਅਧਿਐਨ ਤੋਂ ਅੱਗੇ ਪਤਾ ਲੱਗਦਾ ਹੈ ਕਿ ਜਿਹੜੇ ਵਿਦਿਆਰਥੀ ਪੜ੍ਹਨ ਦੀ ਬਜਾਇ ਕਈ ਘੰਟਿਆਂ ਲਈ ਟੀ.ਵੀ. ਸਾਮ੍ਹਣੇ ਬੈਠੇ ਰਹਿੰਦੇ ਹਨ ਉਨ੍ਹਾਂ ਦੇ ਨੰਬਰ ਅਕਸਰ ਘੱਟ ਹੁੰਦੇ ਹਨ। (g05 8/8)
ਭੂਟਾਨ ਦੇਸ਼ ਵਿਚ ਤਮਾਖੂ ਦੀ ਵਿਕਰੀ ਤੇ ਪਾਬੰਦੀ
ਹਿਮਾਲੀਆ ਪਰਬਤਾਂ ਅਤੇ ਚੀਨ ਵਿਚਕਾਰ ਭੂਟਾਨ ਦੇਸ਼ ਨੇ ਤਮਾਖੂ ਵੇਚਣ ਤੇ ਪਾਬੰਦੀ ਲਾ ਦਿੱਤੀ ਹੈ। ਪਰ ਇਹ ਪਾਬੰਦੀ ਵਿਦੇਸ਼ੀ ਡਿਪਲੋਮੈਟਾਂ, ਸੈਲਾਨੀਆਂ ਜਾਂ ਗ਼ੈਰ-ਸਰਕਾਰੀ ਸੰਗਠਨਾਂ ਵਿਚ ਕੰਮ ਕਰਨ ਵਾਲੇ ਲੋਕਾਂ ਤੇ ਨਹੀਂ ਲਾਗੂ ਹੁੰਦੀ। ਪੂਰੀ ਦੁਨੀਆਂ ਵਿਚ ਭੂਟਾਨ ਪਹਿਲਾ ਦੇਸ਼ ਹੈ ਜਿਸ ਨੇ ਅਜਿਹਾ ਕਦਮ ਉਠਾਇਆ ਹੈ। ਜਨਤਕ ਥਾਵਾਂ ਵਿਚ ਵੀ ਸਿਗਰਟਾਂ ਪੀਣੀਆਂ ਮਨ੍ਹਾ ਹੈ। ਬੀ. ਬੀ. ਸੀ. ਨਿਊਜ਼ ਵਿਚ ਦੱਸਿਆ ਗਿਆ ਸੀ ਕਿ ‘ਭੂਟਾਨ ਦੀ ਸਰਕਾਰ ਚਾਹੁੰਦੀ ਹੈ ਕਿ ਉੱਥੇ ਦੇ ਲੋਕ ਸਿਗਰਟ ਨਾ ਪੀਣ।’ (g05 8/22)
ਸੌਂ ਕੇ ਮਸਲੇ ਦਾ ਹੱਲ ਲੱਭਣਾ
“ਕਈਆਂ ਲੋਕਾਂ ਨੇ ਦੇਖਿਆ ਹੈ ਕਿ ਸਵੇਰ ਨੂੰ ਮਸਲਾ ਸੁਲਝਾਉਣਾ ਇੰਨਾ ਔਖਾ ਨਹੀਂ ਲੱਗਦਾ ਜਿੰਨਾ ਉਹ ਸੌਣ ਤੋਂ ਪਹਿਲਾਂ ਲੱਗਦਾ ਸੀ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸੁੱਤਿਆਂ ਹੀ ਸਾਡਾ ਦਿਮਾਗ਼ ਮਸਲੇ ਨੂੰ ਸੁਲਝਾਉਣ ਵਿਚ ਲੱਗਾ ਰਹਿੰਦਾ ਹੈ,” ਲੰਡਨ ਦਾ ਦ ਟਾਈਮਜ਼ ਅਖ਼ਬਾਰ ਦੱਸਦਾ ਹੈ। ਜਰਮਨੀ ਦੇ ਸਾਇੰਸਦਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਸਬੂਤ ਹੈ ਕਿ ਇਹ ਗੱਲ ਸੱਚ ਹੈ। ਉਨ੍ਹਾਂ ਨੇ ਆਪਣੀ ਜਾਣਕਾਰੀ ਇਕ ਰਸਾਲੇ ਵਿਚ ਛਾਪੀ ਹੈ ਜਿਸ ਦਾ ਨਾ ਨੈਚਰ ਹੈ। ਉਨ੍ਹਾਂ ਨੇ 66 ਲੋਕਾਂ ਨੂੰ ਗਣਿਤ ਦਾ ਮਸਲਾ ਸੁਲਝਾਉਣ ਲਈ ਦੋ ਜ਼ਰੂਰੀ ਗੱਲਾਂ ਦੱਸੀਆਂ ਪਰ ਤੀਜੀ ਗੱਲ ਨਹੀਂ ਦੱਸੀ ਕਿਉਂਕਿ ਇਸ ਤੀਜੀ ਗੱਲ ਰਾਹੀਂ ਉਹ ਉਸ ਮਸਲੇ ਨੂੰ ਸੌਖਿਆਂ ਹੀ ਸੁਲਝਾ ਸਕਦੇ ਸਨ। ਉਨ੍ਹਾਂ 66 ਲੋਕਾਂ ਵਿੱਚੋਂ ਕਈਆਂ ਨੂੰ ਸੌਣ ਦਿੱਤਾ ਗਿਆ ਸੀ ਜਦ ਕਿ ਦੂਜਿਆਂ ਨੂੰ ਪੂਰਾ ਦਿਨ ਜਾਂ ਰਾਤ ਜਾਗਦੇ ਰੱਖਿਆ। ਇਸੇ ਖੋਜ ਬਾਰੇ ਲੰਡਨ ਦੇ ਡੇਲੀ ਟੈਲੀਗ੍ਰਾਫ਼ ਅਖ਼ਬਾਰ ਨੇ ਕਿਹਾ ਕਿ “ਸੌਣ ਰਾਹੀਂ ਵਧੀਆ ਨਤੀਜਾ ਨਿਕਲਿਆ।” ਜਿਹੜੇ ਲੋਕ ਸੌਂਏ ਸੀ “ਉਹ ਜਾਗਦੇ ਵਿਅਕਤੀਆਂ ਨਾਲੋਂ ਜ਼ਿਆਦਾ ਚੁਸਤ ਸੀ। ਉਨ੍ਹਾਂ ਨੇ ਉਸ ਤੀਜੀ ਗੱਲ ਨੂੰ ਛੇਤੀ ਹੀ ਜਾਣ ਲਿਆ ਸੀ ਜਿਸ ਰਾਹੀਂ ਉਹ ਮਸਲੇ ਨੂੰ ਸੁਲਝਾ ਸਕਦੇ ਸੀ।” ਪਰ ਹੋ ਸਕਦਾ ਸੀ ਕਿ ਇਨ੍ਹਾਂ ਨੇ ਮਸਲੇ ਦਾ ਹੱਲ ਇਸ ਲਈ ਛੇਤੀ ਹੀ ਲੱਭ ਲਿਆ ਕਿਉਂਕਿ ਉਨ੍ਹਾਂ ਨੇ ਆਰਾਮ ਕੀਤਾ ਸੀ। ਇਸ ਸ਼ੱਕ ਨੂੰ ਦੂਰ ਕਰਨ ਲਈ ਸਾਇੰਸਦਾਨਾਂ ਨੇ ਇਕ ਹੋਰ ਟੈੱਸਟ ਕੀਤਾ। ਇਨ੍ਹਾਂ ਦੋ ਗਰੁੱਪਾਂ ਨੂੰ ਇਕ ਹੋਰ ਮਸਲਾ ਸੁਲਝਾਉਣ ਲਈ ਦਿੱਤਾ ਗਿਆ ਸੀ, ਪਰ ਇਹ ਮਸਲਾ ਜਾਂ ਤਾਂ ਸਵੇਰ ਨੂੰ, ਦਿੱਤਾ ਗਿਆ ਸੀ ਜਾਂ ਸ਼ਾਮ ਨੂੰ, ਦਿੱਤਾ ਗਿਆ ਸੀ। ਪਰ ਇਸ ਟੈੱਸਟ ਵਿਚ ਦੋਵਾਂ ਗਰੁੱਪਾਂ ਵਿਚ ਕੋਈ ਫ਼ਰਕ ਨਹੀਂ ਸੀ। ਦ ਟਾਈਮਜ਼ ਅਖ਼ਬਾਰ ਮੁਤਾਬਕ ਇਸ ਤੋਂ ਜ਼ਾਹਰ ਹੋਇਆ ਕਿ ਆਰਾਮ ਕਰਨ ਤੋਂ ਬਾਅਦ ਨਹੀਂ ਪਰ ਸੌਣ ਵੇਲੇ ਦਿਮਾਗ਼ ਕੰਮ ਕਰਦਾ ਹੈ। ਡਾਕਟਰ ਉਲਰਿਖ਼ ਵੈਗਨਰ ਨੇ ਕਿਹਾ ਕਿ ‘ਜਦੋਂ ਅਸੀਂ ਸੁੱਤੇ ਹੁੰਦੇ ਹਾਂ, ਤਾਂ ਸਾਡਾ ਦਿਮਾਗ਼ ਚੱਲਦਾ ਅਤੇ ਸਿੱਖਦਾ ਰਹਿੰਦਾ ਹੈ।’ (g05 9/8)
ਤਲਵਾਰਾਂ ਨੂੰ ਕੁੱਟ ਕੇ ਖੇਡਾਂ ਬਣਾਉਣੀਆਂ
ਬ੍ਰਾਜ਼ੀਲ ਵਿਚ ਹਥਿਆਰਾਂ ਨੂੰ ਘਟਾਉਣ ਲਈ ਇਕ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਸੀ। ਲੋਕਾਂ ਨੂੰ ਆਪਣੇ ਇਕ ਹਥਿਆਰ ਦੇ ਬਦਲੇ 30 ਤੋਂ ਲੈ ਕੇ 100 ਡਾਲਰ ਤਕ ਮਿਲ ਸਕਦੇ ਸਨ। ਇਕ ਰਿਪੋਰਟ ਦੇ ਮੁਤਾਬਕ ਸਾਲ 2004 ਵਿਚ ਜੁਲਾਈ ਤੋਂ ਦਸੰਬਰ ਤਕ 2,00,000 ਤੋਂ ਜ਼ਿਆਦਾ ਹਥਿਆਰ ਇਕੱਠੇ ਕੀਤੇ ਗਏ ਸਨ। ਸਾਓ ਪੌਲੋ ਸ਼ਹਿਰ ਵਿਚ ਇਕੱਠੇ ਕੀਤੇ ਹਥਿਆਰਾਂ ਨੂੰ ਪਿਘਲਾ ਕੇ ਲੋਹੇ ਤੋਂ ਪੀਂਘਾਂ ਵਗੈਰਾ ਬਣਾਈਆਂ ਗਈਆਂ ਸਨ ਜੋ ਸ਼ਹਿਰ ਦੀ ਪਾਰਕ ਵਿਚ ਲਾਈਆਂ ਗਈਆਂ ਸਨ। ਹੁਣ ਪਾਰਕ ਵਿਚ ਬੱਚਿਆਂ ਦੇ ਖੇਡਣ ਲਈ ਉਨ੍ਹਾਂ ਹਥਿਆਰਾਂ ਤੋਂ ਬਣਾਏ ਗਏ ਤਰ੍ਹਾਂ-ਤਰ੍ਹਾਂ ਦੇ ਝੂਟੇ ਹਨ। ਉੱਥੇ ਦੇ ਇਕ ਮੰਤਰੀ ਨੇ ਕਿਹਾ “ਪ੍ਰੋਗ੍ਰਾਮ ਦਾ ਇਕ ਖ਼ਾਸ ਮਕਸਦ ਇਹ ਹੈ ਕਿ ਹਥਿਆਰ ਨੂੰ ਬਣਾਉਣ ਦੀ ਬਜਾਇ ਇਕ ਸ਼ਾਂਤੀ ਦਾ ਮਾਹੌਲ ਬਣਾਇਆ ਜਾਵੇ।” (g05 9/22)