ਹਰ ਕਿਸੇ ਨੂੰ ਸਿਰ ਢਕਣ ਲਈ ਥਾਂ ਚਾਹੀਦੀ ਹੈ
ਹਰ ਕਿਸੇ ਨੂੰ ਸਿਰ ਢਕਣ ਲਈ ਥਾਂ ਚਾਹੀਦੀ ਹੈ
“ਹਰ ਕਿਸੇ ਦਾ ਇਹ ਹੱਕ ਹੈ ਕਿ ਉਸ ਕੋਲ ਸਿਰ ਛੁਪਾਉਣ ਲਈ ਅਜਿਹੀ ਜਗ੍ਹਾ ਹੋਵੇ ਜੋ ਸਾਰੇ ਪਰਿਵਾਰ ਦੀ ਸਿਹਤ ਲਈ ਚੰਗੀ ਹੋਵੇ। ਇਸ ਤਰ੍ਹਾਂ ਦਾ ਘਰ ਜਿੱਥੇ ਪਰਿਵਾਰ ਫ਼ਖ਼ਰ ਨਾਲ ਸਿਰ ਉਠਾ ਕੇ ਜੀ ਸਕੇ।”—ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ, ਲੇਖ 25.
ਖੇਤੀ-ਬਾੜੀ ਕਰਨ ਵਾਲੇ ਮਜ਼ਦੂਰਾਂ ਦੀ ਵੱਡੀ ਗਿਣਤੀ ਕੰਮ ਦੀ ਤਲਾਸ਼ ਵਿਚ ਸਹਿਜੇ-ਸਹਿਜੇ ਇਕ ਥਾਂ ਤੋਂ ਕਿਸੇ ਦੂਸਰੀ ਥਾਂ ਤੇ ਜਾ ਕੇ ਵੱਸ ਗਈ। ਸੈਂਕੜੇ ਪਰਿਵਾਰ ਉੱਥੇ ਘੱਟ ਕਿਰਾਏ ਦੇ ਟ੍ਰੇਲਰ ਕੈਂਪਾਂ ਵਿਚ ਰਹਿੰਦੇ ਹਨ। ਇੱਥੇ ਲੋਕਾਂ ਦੀ ਸਹੂਲਤ ਲਈ ਨਾ ਤਾਂ ਪੀਣ ਨੂੰ ਸਾਫ਼ ਪਾਣੀ ਅਤੇ ਨਾ ਹੀ ਗੰਦੇ ਪਾਣੀ ਤੇ ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਦਾ ਕੋਈ ਪ੍ਰਬੰਧ ਹੈ। ਇਕ ਰਿਪੋਰਟਰ ਨੇ ਇਸ ਜਗ੍ਹਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਇਹ ਅਜਿਹੀ “ਥਾਂ ਹੈ ਜਿੱਥੇ ਗ਼ਰੀਬ ਮਜ਼ਦੂਰ ਰਹਿਣ ਦਾ ਕੋਈ ਹੀਲਾ ਕਰ ਸਕਦੇ ਹਨ।”
ਤਿੰਨ ਸਾਲ ਪਹਿਲਾਂ ਜਦੋਂ ਸਰਕਾਰੀ ਅਫ਼ਸਰਾਂ ਨੇ ਇਨ੍ਹਾਂ ਥਾਵਾਂ ਨੂੰ ਬੰਦ ਕਰਨਾ ਸ਼ੁਰੂ ਕੀਤਾ, ਤਾਂ ਕਈ ਪਰਿਵਾਰ ਆਪਣੇ ਟ੍ਰੇਲਰ ਵੇਚ ਕੇ ਸ਼ਹਿਰ ਵਿਚ ਜਾ ਵਸੇ। ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮਕਾਨਾਂ, ਅਪਾਰਟਮੈਂਟਾਂ ਅਤੇ ਗਰਾਜਾਂ ਵਿਚ ਰਹਿਣਾ ਪਿਆ ਜਿੱਥੇ ਪਹਿਲਾਂ ਤੋਂ ਹੀ ਇੰਨੇ ਲੋਕ ਰਹਿ ਰਹੇ ਸਨ ਕਿ ਉੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਬਾਕੀ ਦੇ ਲੋਕ ਆਪਣਾ ਸਾਮਾਨ ਸਮੇਟ ਕੇ ਕਿਸੇ ਹੋਰ ਥਾਂ ਦੀ ਤਲਾਸ਼ ਵਿਚ ਨਿਕਲ ਤੁਰੇ ਤਾਂਕਿ ਵਾਢੀ ਤੋਂ ਬਾਅਦ ਇਸ ਥਾਂ ਤੇ ਵਾਪਸ ਆ ਸਕਣ ਜਿਸ ਨੂੰ ਉਹ ਆਪਣਾ ਘਰ ਕਹਿ ਸਕਣ।
ਸ਼ਾਇਦ ਤੁਸੀਂ ਆਪਣੇ ਮਨ ਵਿਚ ਦੱਖਣੀ ਜਾਂ ਕੇਂਦਰੀ ਅਮਰੀਕਾ ਦੀ ਕਲਪਨਾ ਕਰ ਰਹੇ ਹੋਵੋਗੇ, ਪਰ ਇੱਥੇ ਇਨ੍ਹਾਂ ਥਾਵਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਇਸ ਤਰ੍ਹਾਂ ਦੇ ਟ੍ਰੇਲਰ ਕੈਂਪ ਤਾਂ ਤੁਸੀਂ ਅਮਰੀਕਾ ਵਿਚ ਦੱਖਣੀ ਕੈਲੇਫ਼ੋਰਨੀਆ ਦੇ ਮੱਕਾ ਸ਼ਹਿਰ ਦੇ ਨੇੜੇ ਵੀ ਦੇਖ ਸਕਦੇ ਹੋ। ਇਹ ਸ਼ਹਿਰ ਪਾਮ ਸਪ੍ਰਿੰਗਸ ਨਾਂ ਦੇ ਅਮੀਰ ਸ਼ਹਿਰ ਤੋਂ ਤਕਰੀਬਨ ਇਕ ਘੰਟੇ ਦੀ ਦੂਰੀ ਤੇ ਹੈ। ਭਾਵੇਂ ਕਿਹਾ ਜਾਂਦਾ ਹੈ ਕਿ ਅਮਰੀਕਾ ਵਿਚ ਅੱਗੇ ਨਾਲੋਂ ਕੀਤੇ ਜ਼ਿਆਦਾ ਲੋਕਾਂ ਕੋਲ ਆਪਣੇ ਘਰ ਹਨ ਅਤੇ ਇੱਥੇ ਦੇ ਆਮ ਪਰਿਵਾਰਾਂ ਦੀ ਆਮਦਨੀ 2002 ਵਿਚ ਤਕਰੀਬਨ 42,000 ਡਾਲਰ ਸੀ, ਪਰ ਫਿਰ ਵੀ ਅੰਦਾਜ਼ਾ ਲਾਇਆ ਗਿਆ ਹੈ ਕਿ ਅਮਰੀਕਾ ਵਿਚ 50 ਲੱਖ ਤੋਂ ਜ਼ਿਆਦਾ ਪਰਿਵਾਰਾਂ ਕੋਲ ਚੰਗੀ ਰਿਹਾਇਸ਼ ਨਹੀਂ ਹੈ।
ਗ਼ਰੀਬ ਦੇਸ਼ਾਂ ਦੀ ਹਾਲਤ ਇਸ ਤੋਂ ਵੀ ਖ਼ਰਾਬ ਹੈ। ਰਾਜਨੀਤਿਕ, ਸਮਾਜਕ ਅਤੇ ਧਾਰਮਿਕ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਦੁਨੀਆਂ ਭਰ ਵਿਚ ਘਰਾਂ ਦੀ ਕਮੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ।
ਦੁਨੀਆਂ ਭਰ ਵਿਚ ਸਮੱਸਿਆ
ਅੰਦਾਜ਼ਾ ਲਾਇਆ ਜਾਂਦਾ ਹੈ ਕਿ ਦੁਨੀਆਂ ਭਰ ਵਿਚ ਇਕ ਅਰਬ ਤੋਂ ਜ਼ਿਆਦਾ ਲੋਕ ਝੌਂਪੜ-ਪੱਟੀਆਂ ਵਿਚ ਰਹਿੰਦੇ ਹਨ। ਬ੍ਰਾਜ਼ੀਲ ਵਿਚ ਸ਼ਹਿਰੀਕਰਨ ਦੇ ਕਈ ਮਾਹਰਾਂ ਨੂੰ ਡਰ ਹੈ ਕਿ ਦੇਸ਼ ਵਿਚ “ਇਨ੍ਹਾਂ ਝੌਂਪੜ-ਪੱਟੀਆਂ ਦੀ ਵਸੋਂ ਸ਼ਹਿਰਾਂ ਦੀ ਵਸੋਂ ਨਾਲੋਂ ਵੀ ਵਧ ਜਾਵੇਗੀ।” ਨਾਈਜੀਰੀਆ ਦੇ ਕਈ ਸ਼ਹਿਰਾਂ ਦੀ 80 ਪ੍ਰਤਿਸ਼ਤ ਤੋਂ ਜ਼ਿਆਦਾ ਆਬਾਦੀ ਗੰਦੀਆਂ ਬਸਤੀਆਂ ਅਤੇ ਨਾਜਾਇਜ਼ ਤੌਰ ਤੇ ਕਬਜ਼ੇ ਵਿਚ ਕੀਤੀਆਂ ਥਾਵਾਂ ਤੇ ਰਹਿੰਦੀ ਹੈ। ਸਾਲ 2003 ਵਿਚ ਯੂ. ਐੱਨ. ਦੇ ਸੈਕਟਰੀ-ਜਨਰਲ ਕੋਫੀ ਆਨਾਨ ਨੇ ਕਿਹਾ, “ਜੇ ਕੋਈ ਠੋਸ ਕਦਮ ਨਾ ਚੁੱਕਿਆ ਗਿਆ, ਤਾਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਆਉਂਦੇ 30 ਸਾਲਾਂ ਵਿਚ ਗੰਦੀਆਂ ਬਸਤੀਆਂ ਵਿਚ ਰਹਿਣ ਵਾਲਿਆਂ ਦੀ ਗਿਣਤੀ 2 ਅਰਬ ਤੋਂ ਜ਼ਿਆਦਾ ਹੋ ਜਾਵੇਗੀ।”
ਇਸ ਤਰ੍ਹਾਂ ਦੇ ਅੰਕੜਿਆਂ ਤੋਂ ਅਸੀਂ ਦੁਨੀਆਂ ਦੇ ਗ਼ਰੀਬਾਂ, ਜੋ ਇਸ ਤਰ੍ਹਾਂ ਦੇ ਹਾਲਾਤਾਂ ਅਧੀਨ ਰਹਿੰਦੇ ਹਨ, ਦੇ ਦਿਲਾਂ ਤੇ ਜੋ ਬੀਤਦੀ ਹੈ ਉਸ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸੰਯੁਕਤ ਰਾਸ਼ਟਰ-ਸੰਘ ਦੇ ਮੁਤਾਬਕ ਗ਼ਰੀਬ ਦੇਸ਼ਾਂ ਦੀ ਅੱਧੀਓਂ ਜ਼ਿਆਦਾ ਆਬਾਦੀ ਨੂੰ ਜ਼ਿੰਦਗੀ ਦੀਆਂ ਆਮ ਸਹੂਲਤਾਂ ਨਹੀਂ ਮਿਲਦੀਆਂ। ਇਕ ਤਿਹਾਈ ਹਿੱਸੇ ਕੋਲ ਪੀਣ ਨੂੰ ਸਾਫ਼ ਪਾਣੀ ਤਕ ਨਹੀਂ ਹੈ। ਇਕ ਚੌਥਾਈ ਹਿੱਸੇ ਕੋਲ ਰਹਿਣ ਲਈ ਚੰਗਾ ਘਰ ਨਹੀਂ ਅਤੇ ਪੰਜਵੇਂ ਹਿੱਸੇ ਨੂੰ ਅੱਜ-ਕੱਲ੍ਹ ਦੀਆਂ ਡਾਕਟਰੀ ਸੇਵਾਵਾਂ ਨਹੀਂ ਮਿਲਦੀਆਂ। ਆਮ ਤੌਰ ਤੇ ਅਮੀਰ ਦੇਸ਼ਾਂ ਦੇ ਲੋਕ ਆਪਣੇ ਕੁੱਤੇ-ਬਿੱਲੀਆਂ ਨੂੰ ਵੀ ਇਸ ਤਰ੍ਹਾਂ ਦੇ ਹਾਲਤਾਂ ਅਧੀਨ ਨਹੀਂ ਰੱਖਣਗੇ।
ਸਾਰਿਆਂ ਦਾ ਹੱਕ
ਰਹਿਣ ਨੂੰ ਚੰਗੀ ਜਗ੍ਹਾ ਆਮ ਤੌਰ ਤੇ ਇਨਸਾਨ ਦੀ ਬੁਨਿਆਦੀ ਜ਼ਰੂਰਤ ਸਮਝੀ ਜਾਂਦੀ ਹੈ। ਸਾਲ 1948 ਵਿਚ ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਜੋ ਸੰਯੁਕਤ ਰਾਸ਼ਟਰ-ਸੰਘ ਨੇ ਅਪਣਾਇਆ ਸੀ ਕਹਿੰਦਾ ਹੈ, ਇਨਸਾਨ ਦਾ ਇਹ ਹੱਕ ਹੈ ਕਿ ਉਸ ਕੋਲ ਚੰਗੀ ਰਿਹਾਇਸ਼ ਹੋਵੇ। ਜੀ ਹਾਂ, ਹਰ ਕਿਸੇ ਦੀ ਇਹੋ ਇੱਛਾ ਹੈ ਕਿ ਉਸ ਦਾ ਇਕ ਸੋਹਣਾ ਘਰ ਹੋਵੇ।
ਸਾਲ 1996 ਵਿਚ ਕਈ ਦੇਸ਼ਾਂ ਨੇ ਯੂ.ਐੱਨ. ਦੇ ਰਿਹਾਇਸ਼ ਸੰਬੰਧੀ ਇਕ ਪ੍ਰੋਗ੍ਰਾਮ ਦੇ ਦਸਤਾਵੇਜ਼ ਨੂੰ ਅਪਣਾਇਆ ਸੀ। ਇਸ ਦਸਤਾਵੇਜ਼ ਵਿਚ ਕਈ ਵਾਅਦਿਆਂ ਬਾਰੇ ਦੱਸਿਆ ਗਿਆ ਸੀ ਕਿ ਸਾਰਿਆਂ ਨੂੰ ਚੰਗੀ ਰਿਹਾਇਸ਼ ਮੁਹੱਈਆ ਕਰਾਈ ਜਾਵੇਗੀ। ਇਸ ਤੋਂ ਬਾਅਦ 1 ਜਨਵਰੀ 2002 ਵਿਚ ਯੂ.ਐਨ. ਨੇ ਆਪਣੇ ਇਸ ਇਰਾਦੇ ਨੂੰ ਹੋਰ ਵੀ ਮਜ਼ਬੂਤ ਕੀਤਾ ਅਤੇ ਇਸ ਨੂੰ ਯੂ.ਐਨ. ਦਾ ਇਕ ਖ਼ਾਸ ਪ੍ਰੋਗ੍ਰਾਮ ਬਣਾ ਲਿਆ।
ਕਿੰਨੀ ਅਜੀਬ ਗੱਲ ਹੈ ਕਿ ਅਮੀਰ ਦੇਸ਼ਾਂ ਦੇ ਲੋਕ ਮੰਗਲ ਗ੍ਰਹਿ ਦੀ ਜਾਂਚ-ਪੜਤਾਲ ਕਰਨ ਲਈ ਚੰਨ ਤੇ ਬਸਤੀਆਂ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ, ਜਦ ਕਿ ਧਰਤੀ ਉੱਤੇ ਗ਼ਰੀਬ ਲੋਕਾਂ ਕੋਲ ਸਿਰ ਢਕਣ ਲਈ ਛੱਤ ਤਕ ਨਹੀਂ। ਚੰਗੇ ਘਰਾਂ ਦੀ ਕਮੀ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ? ਕੀ ਕੋਈ ਆਸ ਹੈ ਕਿ ਇਕ ਦਿਨ ਸਾਰਿਆਂ ਕੋਲ ਰਹਿਣ ਲਈ ਚੰਗਾ ਘਰ ਹੋਵੇਗਾ? (g05 9/22)
[ਸਫ਼ੇ 4 ਉੱਤੇ ਸੁਰਖੀ]
ਕਈ ਕੌਮਾਂ ਚੰਨ ਤੇ ਬਸਤੀਆਂ ਬਣਾਉਣ ਦੀਆਂ ਗੱਲਾਂ ਕਰ ਰਹੀਆਂ ਹਨ, ਪਰ ਉਨ੍ਹਾਂ ਦੇ ਕਈ ਨਾਗਰਿਕਾਂ ਕੋਲ ਧਰਤੀ ਤੇ ਰਹਿਣ ਲਈ ਚੰਗਾ ਘਰ ਤਕ ਨਹੀਂ ਹੈ
[ਸਫ਼ੇ 2, 3 ਉੱਤੇ ਤਸਵੀਰ]
ਏਸ਼ੀਆ ਦਾ ਇਕ ਸ਼ਰਨਾਰਥੀ ਪਰਿਵਾਰ।
ਇਕ ਸ਼ਹਿਰ ਵਿਚ, 3,500 ਪਰਿਵਾਰ ਤੰਬੂਆਂ ਵਿਚ ਰਹਿੰਦੇ ਹਨ ਜਿਨ੍ਹਾਂ ਨੂੰ ਪਾਣੀ ਅਤੇ ਸਾਫ਼-ਸਫ਼ਾਈ ਦੇ ਇੰਤਜ਼ਾਮ ਵਰਗੀਆਂ ਆਮ ਸਹੂਲਤਾਂ ਦੀ ਸਖ਼ਤ ਜ਼ਰੂਰਤ ਹੈ
[ਕ੍ਰੈਡਿਟ ਲਾਈਨ]
© Tim Dirven/Panos Pictures
[ਸਫ਼ੇ 4 ਉੱਤੇ ਤਸਵੀਰ]
ਉੱਤਰੀ ਅਮਰੀਕਾ