Skip to content

Skip to table of contents

ਇਕ ਅਰਬ ਲੋਕਾਂ ਦਾ ਢਿੱਡ ਭਰਨ ਦੇ ਜਤਨ

ਇਕ ਅਰਬ ਲੋਕਾਂ ਦਾ ਢਿੱਡ ਭਰਨ ਦੇ ਜਤਨ

ਇਕ ਅਰਬ ਲੋਕਾਂ ਦਾ ਢਿੱਡ ਭਰਨ ਦੇ ਜਤਨ

ਰੋਜ਼ਾਨਾ ਇਕ ਅਰਬ ਲੋਕ ਭੁੱਖੇ ਪੇਟ ਸੌਂਦੇ ਹਨ। ਲੇਕਿਨ ਸੰਯੁਕਤ ਰਾਸ਼ਟਰ-ਸੰਘ ਦੇ ਅਨੁਸਾਰ ਇਹੋ ਜਿਹੀ ਭੈੜੀ ਸਥਿਤੀ ਹੋਣੀ ਹੀ ਨਹੀਂ ਚਾਹੀਦੀ।

“ਤੁਸੀਂ ਕਹਿੰਦੇ ਹੋ ਕਿ ਘੋਰ ਗ਼ਰੀਬੀ ਨੂੰ ਖ਼ਤਮ ਕਰਨਾ ਤੁਹਾਡਾ ਮੁੱਖ ਟੀਚਾ ਹੈ,” ਯੂ. ਐੱਨ. ਦੇ ਸੈਕਟਰੀ-ਜਨਰਲ ਕੋਫੀ ਆਨਾਨ ਨੇ ਸੰਯੁਕਤ ਰਾਸ਼ਟਰ-ਸੰਘ ਦੇ ਇਕ ਸੰਮੇਲਨ (Millennium Summit) ਵਿਚ ਇਕੱਠੇ ਹੋਏ ਦੁਨੀਆਂ ਦੇ ਵੱਡੇ-ਵੱਡੇ ਸਿਆਸਤਦਾਨਾਂ ਨੂੰ ਕਿਹਾ। ਸਤੰਬਰ 8, 2000 ਨੂੰ ਹੋਏ ਇਸ ਭਾਰੇ ਇਕੱਠ ਵਿਚ ਕਈ ਨੇਤਾਵਾਂ ਨੇ ਗ਼ਰੀਬਾਂ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਜ਼ਾਹਰ ਕੀਤੀ। ਮਿਸਾਲ ਲਈ, ਬ੍ਰਾਜ਼ੀਲ ਦੇ ਉਪ-ਰਾਸ਼ਟਰਪਤੀ ਨੇ ਕਿਹਾ: “ਘੋਰ ਗ਼ਰੀਬੀ ਇਨਸਾਨੀਅਤ ਦੇ ਨਾਂ ਤੇ ਇਕ ਧੱਬਾ ਹੈ।” ਇਸੇ ਤਰ੍ਹਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ: “ਅਫ਼ਰੀਕਾ ਵਿੱਚੋਂ ਗ਼ਰੀਬੀ ਮਿਟਾਉਣ ਬਾਰੇ ਅਮੀਰ ਦੇਸ਼ਾਂ ਨੇ ਕੁਝ ਨਹੀਂ ਕੀਤਾ; ਅਸੀਂ ਆਪਣੀ ਇਸ ਅਸਫ਼ਲਤਾ ਤੇ ਸ਼ਰਮਸਾਰ ਹਾਂ।”

ਇਨ੍ਹਾਂ ਸਿਆਸਤਦਾਨਾਂ ਦੀਆਂ ਗੱਲਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਮੀਰ ਦੇਸ਼ਾਂ ਨੇ ਭੁੱਖ ਨਾਲ ਮਰ ਰਹੇ ਲੋਕਾਂ ਲਈ ਕੁਝ ਨਾ ਕਰ ਕੇ ਆਪਣੇ ਲਈ ਬਦਨਾਮੀ ਖੱਟੀ ਹੈ। ਗ਼ਰੀਬ ਲੋਕਾਂ ਦੇ ਹਾਲਾਤ ਬਿਹਤਰ ਬਣਾਉਣ ਦੀ ਆਪਣੀ ਇੱਛਾ ਦਾ ਸਬੂਤ ਦਿੰਦਿਆਂ ਸੰਮੇਲਨ ਵਿਚ ਆਏ ਸਾਰੇ ਨੇਤਾਵਾਂ ਨੇ ਅੱਠ ਭਾਗਾਂ ਵਾਲੇ ਇਕ ਮਤੇ ਤੇ ਚੱਲਣ ਦਾ ਪ੍ਰਣ ਕੀਤਾ। ਇਸ ਮਤੇ ਦੀਆਂ ਕੁਝ ਗੱਲਾਂ ਇਹ ਸਨ: “ਅਸੀਂ ਗ਼ਰੀਬ ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਇਸ ਤਰਸਯੋਗ ਹਾਲਤ ਵਿੱਚੋਂ ਕੱਢਣ ਵਿਚ ਕੋਈ ਕਸਰ ਨਹੀਂ ਛੱਡਾਂਗੇ। ਅਣਮਨੁੱਖੀ ਜ਼ਿੰਦਗੀ ਜੀ ਰਹੇ ਇਨ੍ਹਾਂ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਘੋਰ ਗ਼ਰੀਬੀ ਦੀ ਕੈਦ ਵਿੱਚੋਂ ਛੁਡਾਉਣ ਲਈ ਅਸੀਂ ਆਪਣੀ ਪੂਰੀ ਵਾਹ ਲਾ ਦੇਵਾਂਗੇ। . . . ਅਸੀਂ ਇਹ ਵੀ ਪ੍ਰਣ ਕਰਦੇ ਹਾਂ ਕਿ ਸਾਲ 2015 ਤਕ ਅਸੀਂ ਦੁਨੀਆਂ ਦੇ ਉਨ੍ਹਾਂ ਲੋਕਾਂ ਦੀ ਅੱਧੀ ਗਿਣਤੀ ਦਾ ਜੀਵਨ ਪੱਧਰ ਉੱਚਾ ਕਰ ਦਿਆਂਗੇ ਜਿਨ੍ਹਾਂ ਦੀ ਰੋਜ਼ਾਨਾ ਆਮਦਨ ਇਕ ਡਾਲਰ ਤੋਂ ਘੱਟ ਹੈ ਤੇ ਜੋ ਭੁੱਖ ਨਾਲ ਲੜ ਰਹੇ ਹਨ।”

ਸਤੰਬਰ 2000 ਤੋਂ ਲੈ ਕੇ ਹੁਣ ਤਕ ਕੀ ਇਸ ਟੀਚੇ ਤਕ ਪਹੁੰਚਣ ਵਿਚ ਕੋਈ ਤਰੱਕੀ ਹੋਈ ਹੈ?

ਕਹਿਣਾ ਸੌਖਾ, ਕਰਨਾ ਔਖਾ

ਸਾਲ 2003 ਵਿਚ ਇਕ ਸੰਗਠਨ (Global Governance Initiative of the World Economic Forum) ਨੇ ਜਾਇਜ਼ਾ ਲੈਣਾ ਸ਼ੁਰੂ ਕੀਤਾ ਕਿ ਸੰਯੁਕਤ ਰਾਸ਼ਟਰ-ਸੰਘ ਦੀ ਮਿਲੇਨੀਅਮ ਘੋਸ਼ਣਾ ਅਨੁਸਾਰ ਰੱਖੇ ਟੀਚਿਆਂ ਤਕ ਪਹੁੰਚਣ ਵਿਚ ਕਿੰਨੀ ਕੁ ਤਰੱਕੀ ਹੋਈ ਸੀ। ਜਨਵਰੀ 15, 2004 ਨੂੰ ਜਾਰੀ ਕੀਤੀ ਗਈ ਰਿਪੋਰਟ ਨੇ ਕਿਹਾ: “ਇਨ੍ਹਾਂ ਅਹਿਮ ਟੀਚਿਆਂ ਨੂੰ ਪੂਰਾ ਕਰਨ ਲਈ ਸਰਕਾਰਾਂ ਲੋੜੀਂਦੇ ਜਤਨ ਕਰਨ ਵਿਚ ਨਾਕਾਮਯਾਬ ਰਹੀਆਂ ਹਨ।” ਭੁੱਖ ਦੇ ਸੰਬੰਧ ਵਿਚ ਇਸ ਰਿਪੋਰਟ ਨੇ ਕਿਹਾ: “ਸਮੱਸਿਆ ਅੰਨ ਦੀ ਕਮੀ ਨਹੀਂ ਹੈ, ਦੁਨੀਆਂ ਵਿਚ ਸਾਰਿਆਂ ਲਈ ਚੋਖਾ ਅੰਨ ਹੈ। ਪਰ ਸਮੱਸਿਆ ਇਹ ਹੈ ਕਿ ਅੰਨ ਉਨ੍ਹਾਂ ਲੋਕਾਂ ਤਕ ਪਹੁੰਚਦਾ ਨਹੀਂ ਹੈ ਜੋ ਪੈਸਾ ਨਾ ਹੋਣ ਕਰਕੇ ਖਾਣਾ ਖ਼ਰੀਦਣ ਦੀ ਹੈਸੀਅਤ ਨਹੀਂ ਰੱਖਦੇ।”

ਗ਼ਰੀਬੀ ਦੀ ਸਮੱਸਿਆ ਬਾਰੇ ਇਸ ਰਿਪੋਰਟ ਨੇ ਕਿਹਾ: “ਕਸੂਰ ਅਮੀਰ ਤੇ ਗ਼ਰੀਬ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਹੈ ਜਿਨ੍ਹਾਂ ਨੇ ਕਦਮ ਚੁੱਕਣ ਵਿਚ ਢਿੱਲ ਕੀਤੀ ਹੈ। ਅਮੀਰ ਲੋਕਾਂ ਦੁਆਰਾ ਬਣਾਈ ਦੁਨੀਆਂ ਦੀ ਆਰਥਿਕ ਪ੍ਰਣਾਲੀ ਤੋਂ ਗ਼ਰੀਬਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਅਮੀਰ ਦੇਸ਼ ਦਿਖਾਵੇ ਲਈ ਤਾਂ ਬਹੁਤ ਕੁਝ ਕਹਿੰਦੇ ਹਨ, ਪਰ ਉਹ ਨਾ ਤਾਂ ਇਸ ਪ੍ਰਣਾਲੀ ਨੂੰ ਬਦਲਣ ਵਾਲੇ ਹਨ ਤੇ ਨਾ ਹੀ ਉਹ ਗ਼ਰੀਬਾਂ ਲਈ ਕੋਈ ਅਜਿਹਾ ਪ੍ਰਬੰਧ ਕਰਨ ਵਾਲੇ ਹਨ ਜਿਸ ਨਾਲ ਉਨ੍ਹਾਂ ਦੀ ਮਦਦ ਹੋ ਸਕੇ।” ਇਹੋ ਜਿਹੀਆਂ ਗੱਲਾਂ ਸੁਣਨ ਦੇ ਬਾਵਜੂਦ, ਨੀਤੀਵਾਨ ਕੁਝ ਕਰਨ ਦੀ ਬਜਾਇ ਵਾਦ-ਵਿਵਾਦ ਕਰਦੇ ਰਹਿੰਦੇ ਹਨ ਅਤੇ ਸਰਕਾਰਾਂ ਆਪੋ-ਆਪਣੇ ਲਾਭ ਲਈ ਚਾਲਾਂ ਚੱਲਦੀਆਂ ਰਹਿੰਦੀਆਂ ਹਨ। ਇਸ ਦੌਰਾਨ ਦੁਨੀਆਂ ਦੇ ਗ਼ਰੀਬ ਲੋਕ ਭੁੱਖ ਨਾਲ ਤੜਫ਼ਦੇ ਰਹਿੰਦੇ ਹਨ।

ਉੱਪਰ ਜ਼ਿਕਰ ਕੀਤੇ ਸੰਗਠਨ ਦੀ ਇਕ ਰਿਪੋਰਟ ਨੇ ਇਹ ਚੇਤਾਵਨੀ ਦਿੱਤੀ: “ਜੇ ਅੰਤਰਰਾਸ਼ਟਰੀ ਵਪਾਰ ਦੀਆਂ ਨੀਤੀਆਂ ਨਾ ਬਦਲੀਆਂ ਗਈਆਂ, ਜੇ ਗ਼ਰੀਬਾਂ ਨੂੰ ਅੰਨ ਮੁਹੱਈਆ ਕਰਾਉਣ ਦੇ ਮਕਸਦ ਨਾਲ ਰਾਸ਼ਟਰੀ ਨੀਤੀਆਂ ਨਾ ਬਣਾਈਆਂ ਗਈਆਂ ਅਤੇ ਰਾਜਕੀ ਪੱਧਰ ਤੇ ਹੋਰ ਜ਼ਿਆਦਾ ਜਤਨ ਨਾ ਕੀਤੇ ਗਏ, ਤਾਂ ਲੱਖਾਂ-ਕਰੋੜਾਂ ਲੋਕ ਕਾਲ ਦੇ ਸ਼ਿਕਾਰ ਹੋ ਜਾਣਗੇ।” ਕਿਨ੍ਹਾਂ ਨੂੰ ਬਿਹਤਰ ਨੀਤੀਆਂ ਬਣਾਉਣ ਤੇ “ਹੋਰ ਜ਼ਿਆਦਾ ਜਤਨ” ਕਰਨ ਦੀ ਲੋੜ ਹੈ? ਉਨ੍ਹਾਂ ਹੀ ਸਰਕਾਰਾਂ ਨੂੰ ਜਿਨ੍ਹਾਂ ਨੇ ਸਾਲ 2000 ਵਿਚ ਸਾਰਿਆਂ ਸਾਮ੍ਹਣੇ ਗ਼ਰੀਬਾਂ ਦੇ ਹਾਲਾਤ ਬਿਹਤਰ ਬਣਾਉਣ ਦਾ ਐਲਾਨ ਕੀਤਾ ਸੀ।

ਇਕ ਵਾਅਦਾ ਪੂਰਾ ਨਾ ਹੋਣ ਤੇ ਇਨਸਾਨ ਨਿਰਾਸ਼ ਹੋ ਜਾਂਦਾ ਹੈ, ਲੇਕਿਨ ਅਨੇਕ ਵਾਅਦੇ ਤੋੜ ਦਿੱਤੇ ਜਾਣ ਤੇ ਇਨਸਾਨ ਦਾ ਦੂਸਰਿਆਂ ਤੋਂ ਬਿਲਕੁਲ ਭਰੋਸਾ ਉੱਠ ਜਾਂਦਾ ਹੈ। ਸਰਕਾਰਾਂ ਤੋਂ ਗ਼ਰੀਬਾਂ ਦਾ ਭਰੋਸਾ ਉੱਠ ਚੁੱਕਾ ਹੈ ਕਿਉਂਕਿ ਸਰਕਾਰਾਂ ਨੇ ਬਾਰ-ਬਾਰ ਫੋਕੇ ਵਾਅਦੇ ਕਰ ਕੇ ਉਨ੍ਹਾਂ ਦਾ ਦਿਲ ਚਕਨਾਚੂਰ ਕੀਤਾ ਹੈ। ਇਕ ਕੈਰੀਬੀਅਨ ਦੇਸ਼ ਵਿਚ ਪੰਜ ਨਿਆਣਿਆਂ ਦੀ ਮਾਂ ਆਪਣੇ ਪਰਿਵਾਰ ਨੂੰ ਸਿਰਫ਼ ਇਕ ਡੰਗ ਹੀ ਰੋਟੀ ਖਵਾ ਸਕਦੀ ਹੈ। ਉਸ ਨੇ ਕਿਹਾ: “ਮੈਨੂੰ ਸਿਰਫ਼ ਇਹੀ ਚਿੰਤਾ ਰਹਿੰਦੀ ਹੈ ਕਿ ਅਸੀਂ ਆਪਣੀ ਭੁੱਖ ਕਿਵੇਂ ਮਿਟਾਵਾਂਗੇ। ਸਾਨੂੰ ਇਸ ਦੀ ਕੋਈ ਪਰਵਾਹ ਨਹੀਂ ਕਿ ਕੌਣ ਰਾਜ ਕਰ ਰਿਹਾ ਹੈ ਤੇ ਕੌਣ ਨਹੀਂ। ਆਖ਼ਰ ਇਨ੍ਹਾਂ ਗੱਦੀਆਂ ਵਾਲਿਆਂ ਨੇ ਸਾਨੂੰ ਦਿੱਤਾ ਕੀ ਹੈ? ਕੁਝ ਵੀ ਨਹੀਂ।”

ਬਾਈਬਲ ਦੇ ਇਕ ਲਿਖਾਰੀ ਯਿਰਮਿਯਾਹ ਨੇ ਕਿਹਾ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਦੁਨੀਆਂ ਦੀਆਂ ਸਰਕਾਰਾਂ ਦਾ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਨਾ ਹੱਲ ਕਰ ਪਾਉਣਾ ਬਾਈਬਲ ਦੇ ਇਨ੍ਹਾਂ ਸ਼ਬਦਾਂ ਨੂੰ ਸੱਚ ਸਾਬਤ ਕਰਦਾ ਹੈ।

ਪਰ ਇਕ ਅਜਿਹਾ ਹਾਕਮ ਹੈ ਜਿਸ ਕੋਲ ਮਨੁੱਖਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਸ਼ਕਤੀ ਹੈ ਅਤੇ ਉਹ ਇੱਦਾਂ ਕਰਨ ਦੀ ਗਹਿਰੀ ਇੱਛਾ ਵੀ ਰੱਖਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਇਹ ਹਾਕਮ ਧਰਤੀ ਉੱਤੇ ਹਕੂਮਤ ਦੀ ਵਾਗਡੋਰ ਸੰਭਾਲੇਗਾ, ਉਦੋਂ ਕਿਸੇ ਨੂੰ ਭੁੱਖ ਦੀ ਮਾਰ ਨਹੀਂ ਸਹਿਣੀ ਪਵੇਗੀ।

ਉਮੀਦ ਦੀ ਕਿਰਨ

“ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈਂ।” (ਜ਼ਬੂਰਾਂ ਦੀ ਪੋਥੀ 145:15) ਉਹ ਕੌਣ ਹੈ ਜੋ ਮਨੁੱਖ ਦੇ ਆਹਾਰ ਦਾ ਖ਼ਿਆਲ ਰੱਖਦਾ ਹੈ? ਉਹ ਹੈ ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ। ਭਾਵੇਂ ਇਨਸਾਨ ਹਜ਼ਾਰਾਂ ਸਾਲਾਂ ਤੋਂ ਭੁੱਖ ਅਤੇ ਹੋਰ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਆਏ ਹਨ, ਪਰ ਯਹੋਵਾਹ ਪਰਮੇਸ਼ੁਰ ਹਮੇਸ਼ਾ ਤੋਂ ਉਨ੍ਹਾਂ ਦਾ ਭਲਾ ਚਾਹੁੰਦਾ ਆਇਆ ਹੈ। ਉਸ ਨੇ ਮਨੁੱਖੀ ਸਰਕਾਰਾਂ ਦੀਆਂ ਨਾਕਾਮਯਾਬੀਆਂ ਨੂੰ ਦੇਖਿਆ ਹੈ ਅਤੇ ਉਹ ਆਪਣੇ ਬਚਨ ਬਾਈਬਲ ਵਿਚ ਦੱਸਦਾ ਹੈ ਕਿ ਜਲਦੀ ਹੀ ਉਹ ਇਨ੍ਹਾਂ ਸਰਕਾਰਾਂ ਦੀ ਥਾਂ ਆਪਣੀ ਸਰਕਾਰ ਖੜ੍ਹੀ ਕਰੇਗਾ।

ਯਹੋਵਾਹ ਨੇ ਕਿਹਾ ਕਿ “ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ।” (ਜ਼ਬੂਰਾਂ ਦੀ ਪੋਥੀ 2:6) ਵਿਸ਼ਵ ਦੇ ਸਰਬਸ਼ਕਤੀਮਾਨ ਪਾਤਸ਼ਾਹ ਦੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਆਸ਼ਾ ਮਿਲਦੀ ਹੈ। ਮਨੁੱਖੀ ਹਾਕਮ ਲੋਕਾਂ ਦੀ ਮਦਦ ਕਰਨ ਵਿਚ ਅਕਸਰ ਅਸਫ਼ਲ ਰਹੇ ਹਨ, ਪਰ ਪਰਮੇਸ਼ੁਰ ਦਾ ਨਿਯੁਕਤ ਕੀਤਾ ਗਿਆ ਹਾਕਮ ਯਿਸੂ ਮਸੀਹ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰੇਗਾ। ਉਹ ਲੋਕਾਂ ਤੇ ਬਰਕਤਾਂ ਹੀ ਬਰਕਤਾਂ ਵਰਸਾ ਦੇਵੇਗਾ।

ਯਿਸੂ ਦੇ ਰਾਹੀਂ ਯਹੋਵਾਹ ਸਾਰੇ ਭੁੱਖੇ ਲੋਕਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰੇਗਾ। ਬਾਈਬਲ ਕਹਿੰਦੀ ਹੈ: “ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ।” (ਯਸਾਯਾਹ 25:6) ਭਾਵੇਂ ਲੋਕ ਜਿੱਥੇ ਮਰਜ਼ੀ ਰਹਿੰਦੇ ਹੋਣ, ਪਰਮੇਸ਼ੁਰ ਦੇ ਰਾਜ ਅਧੀਨ ਹਰ ਕਿਸੇ ਨੂੰ ਪੇਟ ਭਰ ਕੇ ਖਾਣ ਨੂੰ ਮਿਲੇਗਾ। ਬਾਈਬਲ ਯਹੋਵਾਹ ਪਰਮੇਸ਼ੁਰ ਬਾਰੇ ਕਹਿੰਦੀ ਹੈ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।”—ਜ਼ਬੂਰਾਂ ਦੀ ਪੋਥੀ 145:16. (g05 7/22)

[ਸਫ਼ਾ 13 ਉੱਤੇ ਸੁਰਖੀ]

“ਅਫ਼ਰੀਕਾ ਵਿੱਚੋਂ ਗ਼ਰੀਬੀ ਮਿਟਾਉਣ ਬਾਰੇ ਅਮੀਰ ਦੇਸ਼ਾਂ ਨੇ ਕੁਝ ਨਹੀਂ ਕੀਤਾ; ਅਸੀਂ ਆਪਣੀ ਇਸ ਅਸਫ਼ਲਤਾ ਤੇ ਸ਼ਰਮਸਾਰ ਹਾਂ।”—ਬਰਤਾਨੀਆ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ

[ਸਫ਼ਾ 12 ਉੱਤੇ ਤਸਵੀਰ]

ਇਥੋਪੀਆ: ਇਸ ਦੇਸ਼ ਦੇ 1.3 ਕਰੋੜ ਭੁੱਖੇ ਲੋਕ ਦੂਸਰੇ ਦੇਸ਼ਾਂ ਦੀ ਸਹਾਇਤਾ ਤੇ ਨਿਰਭਰ ਹਨ। ਇਹ ਬੱਚਾ ਉਨ੍ਹਾਂ ਵਿੱਚੋਂ ਇਕ ਹੈ

[ਸਫ਼ਾ 12 ਉੱਤੇ ਤਸਵੀਰ]

ਭਾਰਤ: ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲੇ ਖਾਣਾ ਮਿਲਦਾ ਹੈ

[ਸਫ਼ਾ 12 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

ਉੱਪਰ: © Sven Torfinn/Panos Pictures; ਹੇਠਾਂ: © Sean Sprague/Panos Pictures