Skip to content

Skip to table of contents

“ਇਹ ਹੈ ਯਹੋਵਾਹ ਦੀ ਸੰਸਥਾ”

“ਇਹ ਹੈ ਯਹੋਵਾਹ ਦੀ ਸੰਸਥਾ”

“ਇਹ ਹੈ ਯਹੋਵਾਹ ਦੀ ਸੰਸਥਾ”

ਫਿਨਲੈਂਡ ਵਿਚ ਇਕ ਪਰਿਵਾਰ ਕੁਝ ਸਮੇਂ ਤੋਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਿਹਾ ਸੀ ਅਤੇ ਮਾਤਾ-ਪਿਤਾ ਜਲਦੀ ਹੀ ਬਪਤਿਸਮਾ ਲੈਣ ਵਾਲੇ ਸਨ। ਨਤੀਜੇ ਵਜੋਂ ਉਨ੍ਹਾਂ ਨੂੰ ਲੋਕਾਂ ਦੀਆਂ ਕਾਫ਼ੀ ਗੱਲਾਂ ਸੁਣਨੀਆਂ ਪਈਆਂ। ਗਵਾਹਾਂ ਬਾਰੇ ਕਈਆਂ ਨੇ ਕਿਹਾ: “ਉਹ ਤੁਹਾਡਾ ਪੈਸਾ-ਧੇਲਾ ਖਾ ਜਾਣਗੇ।” ਕੁਝ ਹੋਰਾਂ ਨੇ ਕਿਹਾ: “ਤੁਸੀਂ ਆਪਣੇ ਘਰ ਤੋਂ ਹੱਥ ਧੋ ਬੈਠੋਗੇ।” ਇਕ ਰਾਤ ਉਨ੍ਹਾਂ ਦੇ ਘਰ ਦੇ ਉਸ ਹਿੱਸੇ ਵਿਚ ਅੱਗ ਲੱਗ ਗਈ ਜਿੱਥੇ ਘਰ ਨੂੰ ਗਰਮ ਰੱਖਣ ਵਾਲਾ ਉਨ੍ਹਾਂ ਦਾ ਹੀਟਿੰਗ ਸਿਸਟਮ ਸੀ। ਇਸ ਕਰਕੇ ਸਰਦੀਆਂ ਦੇ ਮੌਸਮ ਵਿਚ ਉਨ੍ਹਾਂ ਨੂੰ ਬਹੁਤ ਮੁਸ਼ਕਲ ਹੋਣੀ ਸੀ।

ਦੁੱਖ ਦੀ ਗੱਲ ਹੈ ਕਿ ਇਸ ਪਰਿਵਾਰ ਨੂੰ ਬੀਮਾ ਕੰਪਨੀ ਤੋਂ ਜਿੰਨਾ ਮੁਆਵਜ਼ਾ ਮਿਲਿਆ, ਉਹ ਘਰ ਦੀ ਮੁਰੰਮਤ ਕਰਨ ਲਈ ਕਾਫ਼ੀ ਨਹੀਂ ਸੀ। ਪਤੀ-ਪਤਨੀ ਨੂੰ ਲੱਗਾ ਜਿਵੇਂ ਲੋਕਾਂ ਦੀਆਂ ਕਹੀਆਂ ਗੱਲਾਂ ਸੱਚ ਹੋ ਰਹੀਆਂ ਸਨ। ਪਿਤਾ ਠੰਢਾ ਸਾਹ ਭਰਦਿਆਂ ਉਸ ਵਕਤ ਨੂੰ ਯਾਦ ਕਰ ਕੇ ਕਹਿੰਦਾ ਹੈ: “ਅਸੀਂ ਤਾਂ ਦਿਲ ਹੀ ਛੱਡ ਬੈਠੇ ਸਾਂ।” ਇਸ ਦੇ ਬਾਵਜੂਦ ਉਸ ਨੇ ਤੇ ਉਸ ਦੀ ਪਤਨੀ ਨੇ ਤਿੰਨ ਹਫ਼ਤਿਆਂ ਬਾਅਦ ਬਪਤਿਸਮਾ ਲੈਣ ਦਾ ਆਪਣਾ ਇਰਾਦਾ ਨਹੀਂ ਬਦਲਿਆ।

ਉਨ੍ਹਾਂ ਦੀ ਕਲੀਸਿਯਾ ਉਨ੍ਹਾਂ ਦੀ ਮਦਦ ਕਰਨ ਵਾਸਤੇ ਅੱਗੇ ਆਈ। ਉਨ੍ਹਾਂ ਨੇ ਬਾਈਬਲ ਦੀ ਇਹ ਸਲਾਹ ਲਾਗੂ ਕੀਤੀ: “ਹੇ ਬੱਚਿਓ, ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।” (1 ਯੂਹੰਨਾ 3:18) ਭੈਣਾਂ-ਭਰਾਵਾਂ ਨੇ ਘਰ ਦੀ ਮੁਰੰਮਤ ਕਰਨ ਦੀ ਯੋਜਨਾ ਬਣਾਈ। ਫਿਨਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੀ ਬ੍ਰਾਂਚ ਆਫ਼ਿਸ ਨੇ ਭੈਣਾਂ-ਭਰਾਵਾਂ ਨੂੰ ਉਸਾਰੀ ਸੰਬੰਧੀ ਵਧੀਆ ਸਲਾਹ ਦਿੱਤੀ। ਨਵੇਂ ਘਰ ਦੇ ਨਕਸ਼ੇ ਤਿਆਰ ਕੀਤੇ ਗਏ ਅਤੇ ਭਰਾਵਾਂ ਨੇ ਉਸਾਰੀ ਕਰਨ ਦੇ ਪਰਮਿਟ ਹਾਸਲ ਕੀਤੇ ਅਤੇ ਲੋੜੀਂਦਾ ਸਾਮਾਨ ਖ਼ਰੀਦਿਆ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਲਾਗਲੀਆਂ ਕਲੀਸਿਯਾਵਾਂ ਤੋਂ ਵਲੰਟੀਅਰ ਵੀ ਮੰਗੇ।

ਅੱਗ ਲੱਗਣ ਤੋਂ ਇਕ ਮਹੀਨਾ ਬਾਅਦ, ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ। ਬੁੱਧਵਾਰ ਨੂੰ ਗਵਾਹਾਂ ਨੇ ਸੜ ਚੁੱਕੇ ਘਰ ਦਾ ਰਹਿੰਦਾ-ਖੂੰਹਦਾ ਹਿੱਸਾ ਢਾਹ ਦਿੱਤਾ। ਸ਼ੁੱਕਰਵਾਰ ਤਕ ਹੋਰ ਕਲੀਸਿਯਾਵਾਂ ਤੋਂ ਆਏ ਭੈਣਾਂ-ਭਰਾਵਾਂ ਦੀ ਮਦਦ ਨਾਲ ਪੁਰਾਣੇ ਘਰ ਦੀ ਥਾਂ ਨਵੇਂ ਘਰ ਦਾ ਢਾਂਚਾ ਨਜ਼ਰ ਆਉਣ ਲੱਗਾ। ਪਿਤਾ ਜਦ ਸ਼ਹਿਰ ਨੂੰ ਗਿਆ, ਤਾਂ ਉੱਥੇ ਉਸ ਨੂੰ ਇਕ ਸਰਕਾਰੀ ਅਫ਼ਸਰ ਮਿਲਿਆ। ਅਫ਼ਸਰ ਨੇ ਪੁੱਛਿਆ ਕਿ ‘ਮੀਂਹ ਤੋਂ ਬਚਾਅ ਲਈ ਘਰ ਦੀ ਛੱਤ ਤੇ ਤਰਪਾਲਾਂ ਪਾਈਆਂ ਕਿ ਨਹੀਂ।’ ਪਿਤਾ ਨੇ ਫ਼ਖ਼ਰ ਨਾਲ ਜਵਾਬ ਦਿੱਤਾ: “ਨਹੀਂ, ਛੱਤ ਤੇ ਤਰਪਾਲਾਂ ਤਾਂ ਨਹੀਂ ਹਨ, ਪਰ 30 ਆਦਮੀ ਨਵੀਂ ਛੱਤ ਪਾਉਣ ਵਿਚ ਜ਼ਰੂਰ ਜੁਟੇ ਹੋਏ ਹਨ!”

ਸ਼ਨੀਵਾਰ ਨੂੰ ਲਗਭਗ 50 ਮਿਹਨਤੀ ਭੈਣ-ਭਰਾ ਉਸਾਰੀ ਦੇ ਕੰਮ ਵਿਚ ਹੱਥ ਵਟਾਉਣ ਲਈ ਆਏ ਹੋਏ ਸਨ। ਇਕ ਗੁਆਂਢੀ, ਜਿਸ ਨੇ ਕੰਮ ਵਿਚ ਮਦਦ ਕੀਤੀ ਸੀ, ਨੇ ਕਿਹਾ: “ਕੱਲ੍ਹ ਰਾਤੀਂ ਮੈਂ ਸੋਚ ਰਿਹਾ ਸੀ ਕਿ ਤੁਸੀਂ ਕਿੰਨੇ ਚੰਗੇ ਲੋਕ ਹੋ! ਸੱਚ-ਮੁੱਚ ਤੁਸੀਂ ਇਕ-ਦੂਜੇ ਦੀ ਪਰਵਾਹ ਕਰਦੇ ਹੋ ਤੇ ਮਦਦ ਵੀ ਕਰਦੇ ਹੋ।”

ਉਸੇ ਸ਼ਾਮ ਸਾਰਾ ਕੰਮ ਖ਼ਤਮ ਹੋ ਗਿਆ ਅਤੇ ਨਵਾਂ ਘਰ ਬਣ ਕੇ ਤਿਆਰ ਹੋ ਗਿਆ। ਇਹ ਪਰਿਵਾਰ ਸਾਫ਼ ਦੇਖ ਸਕਦਾ ਸੀ ਕਿ ਯਹੋਵਾਹ ਦੇ ਗਵਾਹਾਂ ਬਾਰੇ ਕਹੀਆਂ ਲੋਕਾਂ ਦੀਆਂ ਗੱਲਾਂ ਸਰਾਸਰ ਝੂਠ ਸਨ। ਨਵੇਂ ਘਰ ਨੂੰ ਦੇਖਦੇ ਹੋਏ ਕਲੀਸਿਯਾ ਦੇ ਇਕ ਬਜ਼ੁਰਗ ਨੇ ਪਿਤਾ ਦੇ ਮੋਢੇ ਤੇ ਆਪਣੀ ਬਾਂਹ ਰੱਖ ਕੇ ਕਿਹਾ, “ਇਹ ਹੈ ਯਹੋਵਾਹ ਦੀ ਸੰਸਥਾ।” (g05 12/8)

[ਸਫ਼ਾ 31 ਉੱਤੇ ਤਸਵੀਰ]

ਅੱਗ ਨਾਲ ਤਬਾਹ ਹੋਈ ਇਮਾਰਤ

[ਸਫ਼ਾ 31 ਉੱਤੇ ਤਸਵੀਰ]

ਮੁਰੰਮਤ ਦੌਰਾਨ