Skip to content

Skip to table of contents

ਕੀ ਕੁਦਰਤੀ ਆਫ਼ਤਾਂ ਅੱਗੇ ਨਾਲੋਂ ਵਧ ਗਈਆਂ ਹਨ?

ਕੀ ਕੁਦਰਤੀ ਆਫ਼ਤਾਂ ਅੱਗੇ ਨਾਲੋਂ ਵਧ ਗਈਆਂ ਹਨ?

ਕੀ ਕੁਦਰਤੀ ਆਫ਼ਤਾਂ ਅੱਗੇ ਨਾਲੋਂ ਵਧ ਗਈਆਂ ਹਨ?

‘ਮੌਸਮ ਵਿਚ ਆ ਰਹੀਆਂ ਭਿਆਨਕ ਤਬਦੀਲੀਆਂ ਸਾਡੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਸ ਲਈ ਸਾਨੂੰ ਬਦਲਦੇ ਮੌਸਮ ਕਰਕੇ ਭਵਿੱਖ ਵਿਚ ਹੋਣ ਵਾਲੀਆਂ ਤਬਾਹੀਆਂ ਅਤੇ ਜਾਨ-ਮਾਲ ਦੇ ਵੱਡੇ ਨੁਕਸਾਨ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਨ੍ਹਾਂ ਤਬਾਹੀਆਂ ਲਈ ਪਹਿਲਾਂ ਤੋਂ ਬੰਦੋਬਸਤ ਕਰਨ ਵਿਚ ਹੀ ਸਾਡੀ ਭਲਾਈ ਹੈ।’—“ਟੌਪਿਕਸ ਜੀਓ—ਐਨਯੁਲ ਰਿਵਿਊ: ਨੈਚ੍ਰਲ ਕਟਾਸਟ੍ਰਫ਼ੀਜ਼ 2003.”

ਸਾਲ 2003 ਵਿਚ ਯੂਰਪ ਵਿਚ ਗਰਮੀ ਸਾਰੀਆਂ ਹੱਦਾਂ ਪਾਰ ਕਰ ਗਈ। ਗਰਮੀ ਦੇ ਕਹਿਰ ਨੇ ਇਟਲੀ, ਸਪੇਨ, ਨੀਦਰਲੈਂਡਜ਼, ਪੁਰਤਗਾਲ, ਫਰਾਂਸ, ਬਰਤਾਨੀਆ ਤੇ ਬੈਲਜੀਅਮ ਵਿਚ ਤਕਰੀਬਨ 30,000 ਲੋਕਾਂ ਦੀ ਜਾਨ ਲਈ। ਬੰਗਲਾਦੇਸ਼, ਭਾਰਤ ਤੇ ਪਾਕਿਸਤਾਨ ਵਿਚ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਵਗੀ ਲੂਅ ਨੇ 1,500 ਲੋਕਾਂ ਦੀਆਂ ਜਾਨਾਂ ਲਈਆਂ। ਆਸਟ੍ਰੇਲੀਆ ਵਿਚ ਰਿਕਾਰਡ-ਤੋੜ ਗਰਮੀ ਅਤੇ ਸੋਕੇ ਕਰਕੇ ਅੱਗ ਲੱਗਣ ਨਾਲ 70 ਲੱਖ ਏਕੜ ਜੰਗਲੀ ਇਲਾਕਾ ਸੜ ਕੇ ਸੁਆਹ ਹੋ ਗਿਆ।

ਸੰਯੁਕਤ ਰਾਸ਼ਟਰ-ਸੰਘ ਦੀ ਮੌਸਮ ਏਜੰਸੀ (World Meteorological Organization) ਅਨੁਸਾਰ ‘ਸਾਲ 2003 ਵਿਚ ਤੂਫ਼ਾਨੀ ਮੌਸਮ ਦੌਰਾਨ ਅੰਧ ਮਹਾਂਸਾਗਰ ਦੇ ਇਲਾਕੇ ਵਿਚ 16 ਪ੍ਰਚੰਡ ਤੂਫ਼ਾਨ ਆਏ। ਇਹ ਗਿਣਤੀ 1944-1996 ਵਿਚ ਆਏ ਤੂਫਾਨਾਂ ਦੀ 9.8 ਸਾਲਾਨਾ ਔਸਤਨ ਦਰ ਨਾਲੋਂ ਕਿਤੇ ਹੀ ਵਧੀਕ ਸੀ। ਪਰ ਇਹ 1995 ਤੋਂ ਗਰਮ ਦੇਸ਼ਾਂ ਵਿਚ ਵਧ ਰਹੇ ਤੂਫਾਨਾਂ ਦੀ ਸਾਲਾਨਾ ਦਰ ਦੇ ਬਰਾਬਰ ਹੈ।’ ਸਾਲ 2004 ਵਿਚ ਵੀ ਤੂਫਾਨਾਂ ਨੇ ਕੈਰੀਬੀਅਨ ਅਤੇ ਮੈਕਸੀਕੋ ਦੀ ਖਾੜੀ ਤੇ ਧਾਵਾ ਬੋਲਿਆ ਤੇ 2,000 ਜਾਨਾਂ ਲੈ ਲਈਆਂ ਅਤੇ ਹੋਰ ਬਹੁਤ ਸਾਰਾ ਨੁਕਸਾਨ ਹੋਇਆ।

ਸਾਲ 2003 ਵਿਚ ਸ੍ਰੀ ਲੰਕਾ ਵਿਚ ਇਕ ਝੱਖੜ ਝੁੱਲਿਆ ਜਿਸ ਕਾਰਨ ਹੜ੍ਹ ਆਏ ਤੇ ਘੱਟ ਤੋਂ ਘੱਟ 250 ਲੋਕ ਮਾਰੇ ਗਏ। ਸਾਲ 2004 ਵਿਚ ਪੱਛਮੀ ਸ਼ਾਂਤ ਮਹਾਂਸਾਗਰ ਵਿਚ ਘੱਟ ਤੋਂ ਘੱਟ 23 ਤੂਫਾਨ ਆਏ। ਇਨ੍ਹਾਂ ਵਿੱਚੋਂ ਦਸ ਤੂਫ਼ਾਨ ਜਪਾਨ ਵਿਚ ਆਏ ਜਿੱਥੇ ਉਨ੍ਹਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਤੇ 170 ਤੋਂ ਜ਼ਿਆਦਾ ਲੋਕ ਮਾਰੇ ਗਏ। ਮੌਨਸੂਨ ਦੌਰਾਨ ਭਾਰੀ ਵਰਖਾ ਹੋਣ ਕਾਰਨ ਦੱਖਣੀ ਏਸ਼ੀਆ, ਖ਼ਾਸ ਕਰਕੇ ਬੰਗਲਾਦੇਸ਼ ਵਿਚ ਤਕਰੀਬਨ ਤਿੰਨ ਕਰੋੜ ਲੋਕ ਪ੍ਰਭਾਵਿਤ ਹੋਏ। ਲੱਖਾਂ ਹੀ ਲੋਕ ਬੇਘਰ ਹੋ ਗਏ। ਤਕਰੀਬਨ 30 ਲੱਖ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਤੇ 1,300 ਤੋਂ ਜ਼ਿਆਦਾ ਲੋਕ ਮਾਰੇ ਗਏ।

ਸਾਲ 2003 ਵਿਚ ਕਈ ਸ਼ਕਤੀਸ਼ਾਲੀ ਭੁਚਾਲ ਆਏ। ਅਲਜੀਰੀਆ ਦੇ ਐਲਜੀਅਰਸ ਸ਼ਹਿਰ ਵਿਚ 21 ਮਈ ਨੂੰ ਆਏ ਭੁਚਾਲ ਕਾਰਨ 10,000 ਲੋਕ ਜ਼ਖ਼ਮੀ ਤੇ 2,00,000 ਲੋਕ ਬੇਘਰ ਹੋ ਗਏ। ਫਿਰ 26 ਦਸੰਬਰ ਸਵੇਰੇ 5 ਵੱਜ ਕੇ 26 ਮਿੰਟਾਂ ਤੇ ਈਰਾਨ ਵਿਚ ਬੈਮ ਸ਼ਹਿਰ ਤੋਂ ਅੱਠ ਕੁ ਕਿਲੋਮੀਟਰ ਦੂਰ ਦੱਖਣ ਵੱਲ ਜ਼ਬਰਦਸਤ ਭੁਚਾਲ ਆਇਆ। ਰਿਕਟਰ ਪੈਮਾਨੇ ਤੇ ਇਸ ਭੁਚਾਲ ਦੀ ਗਤੀ 6.5 ਸੀ ਤੇ ਸ਼ਹਿਰ ਦਾ 70 ਫੀ ਸਦੀ ਹਿੱਸਾ ਢਹਿ-ਢੇਰੀ ਹੋ ਗਿਆ। ਇਸ ਭੁਚਾਲ ਵਿਚ 40,000 ਜਾਨਾਂ ਗਈਆਂ ਅਤੇ 1,00,000 ਲੋਕ ਬੇਘਰ ਹੋ ਗਏ। ਉਸ ਸਾਲ ਆਈਆਂ ਆਫ਼ਤਾਂ ਵਿਚ ਇਹ ਸਭ ਤੋਂ ਘਾਤਕ ਕੁਦਰਤੀ ਆਫ਼ਤ ਸੀ। ਇਸ ਭੁਚਾਲ ਨੇ ਬੈਮ ਸ਼ਹਿਰ ਦੇ 2,000 ਸਾਲ ਪੁਰਾਣੇ ਆਰਗੇ-ਬੈਮ ਨਾਂ ਦੇ ਕਿਲੇ ਨੂੰ ਵੀ ਢਹਿ-ਢੇਰੀ ਕਰ ਕੇ ਮਲਬੇ ਦਾ ਰੂਪ ਦੇ ਦਿੱਤਾ। ਇਹ ਕਿਲਾ ਸੈਲਾਨੀਆਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਸੀ ਜਿਸ ਦੇ ਢਹਿ-ਢੇਰੀ ਹੋਣ ਨਾਲ ਟੂਰਿਜ਼ਮ ਤੇ ਬੁਰਾ ਅਸਰ ਪਿਆ।

ਇਸ ਤੋਂ ਐਨ ਇਕ ਸਾਲ ਬਾਅਦ, ਇੰਡੋਨੇਸ਼ੀਆ ਵਿਚ ਉੱਤਰੀ ਸੁਮਾਟਰਾ ਦੇ ਪੱਛਮੀ ਤਟ ਤੇ 9.0 ਦੀ ਤੀਬਰਤਾ ਨਾਲ ਭੁਚਾਲ ਆਇਆ ਜਿਸ ਨੇ ਇੰਨੀਆਂ ਉੱਚੀਆਂ ਜਾਨ-ਲੇਵਾ ਸੁਨਾਮੀ ਲਹਿਰਾਂ ਪੈਦਾ ਕੀਤੀਆਂ ਜਿਨ੍ਹਾਂ ਦੀ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਹੈ। ਇਹ ਤਬਾਹਕੁਨ ਸਮੁੰਦਰੀ ਲਹਿਰਾਂ 2,00,000 ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਰੋੜ ਕੇ ਲੈ ਗਈਆਂ ਅਤੇ ਇਸ ਤੋਂ ਵੀ ਜ਼ਿਆਦਾ ਗਿਣਤੀ ਵਿਚ ਲੋਕ ਜ਼ਖ਼ਮੀ ਤੇ ਬੇਘਰ ਹੋਏ। ਅਫ਼ਰੀਕਾ ਦਾ ਪੂਰਬੀ ਤਟ ਵੀ ਸੁਨਾਮੀ ਲਹਿਰਾਂ ਦੀ ਲਪੇਟ ਵਿਚ ਆਉਣ ਤੋਂ ਨਹੀਂ ਬਚਿਆ ਜੋ ਭੁਚਾਲ ਦੇ ਕੇਂਦਰ ਤੋਂ ਘੱਟੋ-ਘੱਟ 4,500 ਕਿਲੋਮੀਟਰ ਦੂਰ ਹੈ।

ਕੀ ਭਵਿੱਖ ਵਿਚ ਹੋਰ ਆਫ਼ਤਾਂ ਆਉਣਗੀਆਂ?

ਕੀ ਅਜਿਹੀਆਂ ਘਟਨਾਵਾਂ ਭਵਿੱਖ ਵਿਚ ਹੋਣ ਵਾਲੀ ਬਰਬਾਦੀ ਦਾ ਸੰਕੇਤ ਦੇ ਰਹੀਆਂ ਹਨ? ਮੌਸਮ ਦੇ ਬਦਲਦੇ ਮਿਜਾਜ਼ ਕਰਕੇ ਆ ਰਹੀਆਂ ਆਫ਼ਤਾਂ ਬਾਰੇ ਕਈ ਸਾਇੰਸਦਾਨਾਂ ਦਾ ਖ਼ਿਆਲ ਹੈ ਕਿ ਇਨ੍ਹਾਂ ਲਈ ਇਨਸਾਨ ਆਪ ਜ਼ਿੰਮੇਵਾਰ ਹੈ। ਮਨੁੱਖਾਂ ਦੇ ਕੰਮਾਂ ਨੇ ਵਾਯੂਮੰਡਲ ਦੇ ਸੰਤੁਲਨ ਨੂੰ ਵਿਗਾੜ ਦਿੱਤਾ ਹੈ ਜਿਸ ਕਾਰਨ ਮੌਸਮ ਬਹੁਤ ਵਿਗੜ ਗਿਆ ਹੈ। ਜੇ ਇਹ ਗੱਲ ਸੱਚ ਹੈ, ਤਾਂ ਇਹ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਕ ਹੋਰ ਚਿੰਤਾ ਦੀ ਗੱਲ ਇਹ ਹੈ ਕਿ ਆਫ਼ਤਾਂ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਸ਼ਾਇਦ ਉਨ੍ਹਾਂ ਨੇ ਆਪ ਉੱਥੇ ਰਹਿਣ ਦਾ ਫ਼ੈਸਲਾ ਕੀਤਾ ਹੈ ਜਾਂ ਫਿਰ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।

ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਕੁਦਰਤੀ ਆਫ਼ਤਾਂ ਕਰਕੇ ਹੋਣ ਵਾਲੀਆਂ 95 ਫੀ ਸਦੀ ਮੌਤਾਂ ਗ਼ਰੀਬ ਦੇਸ਼ਾਂ ਵਿਚ ਹੀ ਹੁੰਦੀਆਂ ਹਨ। ਦੂਸਰੇ ਪਾਸੇ, ਅਮੀਰ ਦੇਸ਼ਾਂ ਵਿਚ ਆਉਂਦੀਆਂ ਆਫ਼ਤਾਂ ਵਿਚ ਭਾਵੇਂ ਘੱਟ ਲੋਕ ਮਰਦੇ ਹਨ, ਪਰ ਉੱਥੇ 75 ਫੀ ਸਦੀ ਆਰਥਿਕ ਨੁਕਸਾਨ ਹੁੰਦਾ ਹੈ। ਕਈ ਬੀਮਾ ਕੰਪਨੀਆਂ ਨੂੰ ਚਿੰਤਾ ਹੈ ਕਿ ਕੁਦਰਤੀ ਆਫ਼ਤਾਂ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਮੁਆਵਜ਼ਾ ਦਿੰਦੇ-ਦਿੰਦੇ ਉਨ੍ਹਾਂ ਦਾ ਦਿਵਾਲੀਆ ਹੀ ਨਾ ਨਿਕਲ ਜਾਵੇ।

ਅਗਲੇ ਲੇਖ ਵਿਚ ਅਸੀਂ ਉਨ੍ਹਾਂ ਕੁਝ ਕੁਦਰਤੀ ਪ੍ਰਕ੍ਰਿਆਵਾਂ ਬਾਰੇ ਪੜ੍ਹਾਂਗੇ ਜੋ ਤਬਾਹੀਆਂ ਮਚਾਉਂਦੀਆਂ ਹਨ ਅਤੇ ਇਹ ਵੀ ਦੇਖਾਂਗੇ ਕਿ ਇਨਸਾਨ ਇਨ੍ਹਾਂ ਆਫ਼ਤਾਂ ਦੇ ਵਧਣ ਵਿਚ ਕਿਨ੍ਹਾਂ ਤਰੀਕਿਆਂ ਨਾਲ ਯੋਗਦਾਨ ਪਾਉਂਦੇ ਹਨ। ਅਸੀਂ ਇਹ ਵੀ ਚਰਚਾ ਕਰਾਂਗੇ ਕਿ ਕੀ ਇਨਸਾਨ ਕੋਲ ਅਗਲੀਆਂ ਪੀੜ੍ਹੀਆਂ ਲਈ ਇਸ ਧਰਤੀ ਨੂੰ ਸੁਰੱਖਿਅਤ ਰੱਖਣ ਦੀ ਸ਼ਕਤੀ ਹੈ ਤੇ ਕੀ ਉਹ ਇਸ ਵਾਸਤੇ ਜ਼ਰੂਰੀ ਤਬਦੀਲੀਆਂ ਕਰਨ ਲਈ ਤਿਆਰ ਹੈ। (g05 7/22)

[ਸਫ਼ਾ 3 ਉੱਤੇ ਤਸਵੀਰ]

ਫਰਾਂਸ 2003: ਯੂਰਪ ਵਿਚ ਤਾਪਮਾਨ ਵਧਣ ਕਾਰਨ 30,000 ਲੋਕ ਮਾਰੇ ਗਏ; ਸਪੇਨ ਵਿਚ ਤਾਪਮਾਨ 44.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ

[ਕ੍ਰੈਡਿਟ ਲਾਈਨ]

Alfred/EPA/Sipa Press

[ਸਫ਼ੇ 4, 5 ਉੱਤੇ ਤਸਵੀਰਾਂ]

ਈਰਾਨ 2003: ਬੈਮ ਸ਼ਹਿਰ ਵਿਚ ਭੁਚਾਲ ਨੇ 40,000 ਲੋਕਾਂ ਦੀਆਂ ਜਾਨਾਂ ਲਈਆਂ; ਇਕ ਕਬਰ ਤੇ ਸੋਗ ਕਰ ਰਹੀਆਂ ਔਰਤਾਂ ਜਿਸ ਵਿਚ ਬਹੁਤ ਸਾਰੀਆਂ ਲਾਸ਼ਾਂ ਨੂੰ ਇਕੱਠਾ ਕਰ ਕੇ ਦਫ਼ਨਾਇਆ ਗਿਆ

[ਕ੍ਰੈਡਿਟ ਲਾਈਨ]

ਪਿੱਠ-ਭੂਮੀ ਅਤੇ ਔਰਤਾਂ: © Tim Dirven/Panos Pictures